ਖ਼ਬਰਸਾਰ

  •    ਪਰਸ਼ੋਤਮ ਲਾਲ ਸਰੋਏ ਦੀ ਪੁਸਤਕ 'ਮਾਲਾ ਦੇ ਮਣਕੇ' ਰਿਲੀਜ਼ / ਪੰਜਾਬੀ ਲਿਖਾਰੀ ਸਭਾ (ਰਜਿ:), ਜਲੰਧਰ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਵੱਲੋਂ ਸੈਮੀਨਾਰ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਟਰਾਂਟੋ ਵਿੱਚ ਤਿੰਨ ਦਿਨਾਂ ਗ਼ਦਰ ਸ਼ਤਾਬਦੀ ਸਮਾਗਮ / ਪੰਜਾਬੀਮਾਂ ਬਿਓਰੋ
  •    ‘ਕੁੜੀਆਂ ਤੇ ਕਵਿਤਾਵਾਂ’ ਪੁਸਤਕ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਤਨਦੀਪ ਤਮੰਨਾ ਦਾ ਕਾਵਿ-ਸੰਗ੍ਰਹਿ 'ਇਕ ਦੀਵਾ ਇਕ ਦਰਿਆ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਬੀ ਸੀ ਕਲਚਰਲ ਫਾਊਂਡੇਸ਼ਨ ਵੱਲੋਂ ਪੁਸਤਕ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਇਕ ਰੰਗਲੀ ਕਾਵਿ-ਸ਼ਾਮ / ਪੰਜਾਬੀਮਾਂ ਬਿਓਰੋ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਿਰਜਣਧਾਰਾ ਵੱਲੋਂ ਦੋ ਸਮਾਗਮਾਂ ਵਿਚ ਪੁਸਤਕਾਂ ਲੋਕ ਅਰਪਣ / ਸਿਰਜਣਧਾਰਾ
  •    ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸੱਤਵੀਂ ਵਰ੍ਹੇ-ਗੰਢ ਮਨਾਈ / ਪੰਜਾਬੀ ਸਾਹਿਤ ਅਕੈਡਮੀ,ਨਿਊਯਾਰਕ
  • ਚੇਤਿਆਂ ਦੀ ਚਿਲਮਨ - ਕਿਸ਼ਤ 8 (ਸਵੈ ਜੀਵਨੀ )

    ਜਰਨੈਲ ਸਿੰਘ ਸੇਖਾ    

    Email: Jarnailsinghsekha34@gmail.com
    Phone: +1 778 246 1087
    Address: 7242 130 A Street
    Surrey British Columbia Canada V3W 6E9
    ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    15
    ਵਰਦੀ ਇਨਾਮ ਉਡੀਕਦੀ ਰਹੀ
    ਸੰਨ 1947 ਤੋਂ ਪਹਿਲਾਂ ਅਣਵੰਡੇ ਪੰਜਾਬ ਵਿਚ ਕਿਸੇ ਵੀ ਸਰਕਾਰੀ, ਡਿਸਟਟਰਿਕਟ ਬੋਰਡ ਜਾਂ ਪਰਾਈਵੇਟ ਸਕੂਲ ਵਿਚ ਪੰਜਾਬੀ ਨਹੀਂ ਸੀ ਪੜ੍ਹਾਈ ਜਾਂਦੀ. ਜੇ ਪੜ੍ਹਾਈ ਜਾਂਦੀ ਸੀ ਤਾਂ ਅਖਤਿਆਰੀ ਮਜ਼ਮੂਨ ਦੇ ਤੌਰ 'ਤੇ. ਗੁਰਮੁਖੀ ਅੱਖਰਾਂ ਵਿਚ ਪੰਜਾਬੀ ਪੜ੍ਹਨ ਦਾ ਇਕੋ ਇਕ ਵਸੀਲਾ ਸਿੱਖ ਵਿਦਿਅਕ ਸੰਸਥਾਵਾਂ ਜਾਂ ਗੁਰਦਵਾਰੇ ਹੀ ਸਨ. ਸਿੱਖ ਵਿਦਿਅਕ ਸੰਸਥਾਵਾਂ ਨੂੰ ਵੀ ਪੰਜਾਬ ਸਰਕਾਰ ਦੀ ਵਿਦਿਅਕ ਨੀਤੀ ਅਨੁਸਾਰ ਹੀ ਆਪਣੀ ਪੜ੍ਹਾਈ ਦਾ ਸਲੇਬਸ ਰੱਖਣਾ ਪੈਂਦਾ ਸੀ. ਜੀ।ਟੀ।ਬੀ। ਗੜ੍ਹ ਖਾਲਸਾ ਹਾਈ ਸਕੂਲ ਹੋਣ ਕਰਕੇ ਇੱਥੇ ਪੰਜਵੀਂ ਤੋਂ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਸੀ ਪਰ ਪਰਾਇਮਰੀ ਸਕੂਲਾਂ ਵਿਚੋਂ ਪੰਜਾਬੀ ਤੋਂ ਕੋਰੇ ਆਏ ਹੋਣ ਕਰਕੇ ਪਾੜ੍ਹਿਆਂ ਨੂੰ ਪੰਜਾਬੀ ਪਹਿਲੀ ਦੇ ਕਇਦੇ ਤੋਂ ਹੀ ਸ਼ੁਰੂ ਕਰਨੀ ਪੈਂਦੀ ਸੀ. ਕਿਉਂਕਿ ਗੁਰਦਵਾਰਿਆਂ ਵਿਚ ਪੜ੍ਹਨ ਵਾਲੇ ਮੁੰਡੇ ਪਾਠੀ ਬਣਨ ਲਈ ਪੜ੍ਹਦੇ ਸਨ ਜਾਂ ਚਿੱਠੀ ਪੱਤਰ ਪੜ੍ਹਨ ਲਿਖਣ ਲਈ, ਉਹਨਾਂ ਵਿਚੋਂ ਸਕੂਲਾਂ ਵਿਚ ਕੋਈ ਕੋਈ ਹੀ ਪੜ੍ਹਨ ਲਗਦਾ ਸੀ. ਗੁਰਦਵਾਰੇ ਪੜ੍ਹਨ ਵਾਲਿਆਂ 'ਕੋਈ, ਕੋਈ' ਵਿਚੋਂ ਇਕ ਮੈਂ ਵੀ ਸਾਂ, ਜਿਹੜਾ ਖਾਲਸਾ ਹਾਈ ਸਕੂਲ ਜੀ।ਟੀ।ਬੀ। ਗੜ੍ਹ ਵਿਚ ਦਾਖਲ ਹੋਇਆ ਸੀ. 
       ਸਾਡੇ ਪਿੰਡ, ਠੱਠੀ ਭਾਈ ਪਿੰਡ ਵਾਲੇ ਰਾਸਤੇ 'ਤੇ, ਸੂਏ ਦੇ ਪੁਲ਼ ਦੀ ਢਲਕ ਤੋਂ ਲਹਿੰਦਿਆਂ ਹੀ ਖੱਬੇ ਪਾਸੇ ਇਕ ਵਿਸ਼ਾਲ ਬੋਹੜ ਦਾ ਬ੍ਰਿਛ ਹੁੰਦਾ ਸੀ, ਜਿਸ ਨੂੰ ਮੁੱਛਲਾਂ ਦਾ ਬੋਹੜ ਕਹਿੰਦੇ ਸਨ. ਇਹ ਕੋਈ ਚਾਰ ਕਨਾਲ ਵਿਚ ਫੈਲਿਆ ਹੋਇਆ ਸੀ ਤੇ ਉਸ ਦੀ ਦਾਹੜੀ ਦੇ ਮੋਟੇ ਮੋਟੇ ਤਣੇ ਬਣ ਗਏ ਹੋਏ ਸਨ. ਬੋਹੜ ਦੇ ਪਾਸਿਆਂ ਨੂੰ ਫੈਲਦੇ ਹੋਏ ਬਹੁਤ ਸਾਰੇ ਹੋਰ ਡਾਹਣੇ ਆਪਣੀ ਦਾਹੜੀ ਨੂੰ ਧਰਤੀ ਨਾਲ ਲਾ ਕੇ ਤਣੇ ਬਣਾ ਰਹੇ ਸਨ. ਬੋਹੜ ਦੇ ਆਲੇ ਦੁਆਲੇ ਥੜ੍ਹਾ ਬਣਾਇਆ ਹੋਇਆ ਸੀ. ਇੱਥੇ ਗਰਮੀਆਂ ਵਿਚ ਪਿੰਡ ਦੇ ਲੋਕਾਂ ਦੀਆਂ ਢਾਣੀਆਂ ਤਾਸ਼ ਖੇਡਣ ਤੇ ਅਰਾਮ ਕਰਨ ਲਈ ਬੈਠੀਆਂ ਰਹਿੰਦੀਆਂ. ਕਈ ਵਾਰ ਇਸ ਬੋਹੜ ਹੇਠ ਕਵੀਸ਼ਰਾਂ ਤੇ ਨਚਾਰਾਂ ਦੇ ਅਖਾੜੇ ਲਗਦੇ. ਸੰਨ ਸਤਵੰਜ੍ਹਾ ਵਿਚ ਮੈਂ ਵੀ ਆਪਣੇ ਪਿੰਡਦੇ ਇਸੇ ਬੋਹੜ ਹੇਠ ਇਕ ਕਵੀ ਦਰਬਾਰ ਕਰਵਾਇਆ ਸੀ। ਪਿੰਡ ਦੇ ਲੋਕ ਗਰਮੀਆਂ ਵਿਚ ਇਸ ਦੀ ਛਾਂ ਨੂੰ ਮਾਣਦੇ. ਇਹ ਬੋਹੜ ਪਿੰਡ ਦੀ ਸ਼ਾਨ ਤੇ ਇਮਾਨ ਸੀ. ਪਰ ਅਫਸੋਸ ਕਿ ਹਜ਼ਾਰਾਂ ਸਾਲ ਪੁਰਾਣਾ ਇਹ ਬੋਹੜ ਮੁਰੱਬਾ-ਬੰਦੀ ਹੋਣ ਮਗਰੋਂ ਸੱਠਵਿਆਂ ਵਿਚ ਪੁੱਟ ਦਿੱਤਾ ਗਿਆ। ਉਸ ਬੋਹੜ ਦੇ ਸਾਹਮਣੇ ਰਾਹ ਦੇ ਸੱਜੇ ਪਾਸੇ ਵੀ ਇਕ ਬੋਹੜ ਤੇ ਇਕ ਪਿੱਪਲ ਦਾ ਰੁੱਖ ਸੀ. ਇਸ ਪਿੱਪਲ ਤੇ ਬੋਹੜ ਦੇ ਨਾਲ ਇਕ ਛੱਪੜ ਹੁੰਦਾ ਸੀ ਜਿਸ ਨੂੰ ਕਹਿੰਦੇ ਤਾਂ ਤਲਾਅ ਸਨ ਪਰ ਇਸ ਵਿਚ ਲੋਕ ਪਸ਼ੂਆਂ ਨੂੰ ਪਾਣੀ ਪਿਆਉਂਦੇ ਤੇ ਗਰਮੀਆਂ ਵਿਚ ਮੱਝਾਂ ਇਸ ਵਿਚ ਬੈਠੀਆਂ ਰਹਿੰਦੀਆਂ. ਅਤੇ ਮੁੰਡੇ ਤਾਰੀਆਂ ਲਾਉਂਦੇ। ਕਹਿੰਦੇ ਹਨ ਕਿ ਭਾਈ ਰੂਪੇ ਨੂੰ ਜਾਂਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਬੋਹੜਾਂ ਹੇਠ ਅਰਾਮ ਕਰਨ ਲਈ ਕੁਝ ਚਿਰ ਠਹਿਰੇ ਸਨ. ਪਿੰਡ ਵਾਲਿਆਂ ਇਸ ਜਗਾਹ, ਸੱਜੇ ਪਾਸੇ ਵਾਲੇ ਬੋਹੜ ਤੇ ਪਿੱਪਲ ਦੇ ਵਿਚਕਾਰ, ੨੪ਣ੨੦ ਫੁੱਟ ਦਾ ਇਕ ਕੱਚਾ ਕੋਠਾ ਬਣਾ ਕੇ ਉਸ ਵਿਚ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ, ਉਸ ਨੂੰ ਗੁਰਦਵਾਰਾ ਹਰਗੋਬਿੰਦ ਸਾਹਿਬ ਦਾ ਨਾਮ ਦੇ ਦਿੱਤਾ. ਪਹਿਲੇ ਸਮਿਆਂ ਵਿਚ ਪਿੰਡ ਦਾ ਇਹੋ ਇਕੋ ਇਕ ਗੁਰਦਵਾਰਾ ਸੀ. ਗੁਰਦਵਾਰੇ ਦੀ ਨਵੀਂ ਇਮਾਰਤ ਬਣਾਉਣ ਸਮੇਂ ਇਹ ਬੋਹੜ ਤੇ ਪਿੱਪਲ ਵੀ ਪੁੱਟ ਦਿੱਤੇ ਗਏ ਸਨ. ਅੱਜ ਓਥੇ ਗੁਰਦਵਾਰਾ ਸਾਹਿਬ ਦੀ ਵਿਸ਼ਾਲ ਇਮਾਰਤ ਤਾਂ ਹੈ ਤੇ ਪਿੰਡ ਵਿਚ ਤਿੰਨ ਹੋਰ ਗੁਰਦਵਾਰੇ ਵੀ ਬਣ ਗਏ ਹਨ ਪਰ ਗੁਰੂ ਸਾਹਿਬ ਦੇ ਸਮੇਂ ਵਾਲੀਆਂ ਉਹ ਨਿਸ਼ਾਨੀਆਂ ਨਹੀਂ ਹਨ. 
       ਅਸੀਂ ਨਿੱਕੇ ਹੁੰਦੇ, ਗਰਮੀਆਂ ਦੇ ਮੌਸਮ ਵਿਚ, ਇਹਨਾਂ ਬੋਹੜਾਂ ਪਿੱਪਲਾਂ ਹੇਠ ਹੀ ਖੇਡਿਆ ਕਰਦੇ ਤੇ ਤਲਾਅ ਵਿਚ ਤਾਰੀਆਂ ਲਾਇਆ ਕਰਦੇ ਸੀ. ਗੁਰਦਵਾਰੇ ਦੇ ਭਾਈ ਕੋਲੋਂ ਪੰਜਾਬੀ ਪੜ੍ਹਨੀ ਲਿਖਣੀ ਸਿੱਖਣ ਦਾ ਸਬੱਬ ਵੀ ਓਦੋਂ ਹੀ ਬਣਿਆ ਸੀ. ਗੁਰਦਵਾਰੇ ਦੇ ਭਾਈ ਦਾ ਨਾਮ ਬੱਗਾ ਸਿੰਘ ਸੀ. ਉਹ ਇਕ ਕੱਚੀ ਕੋਠੜੀ ਵਿਚ ਰਹਿੰਦਾ ਸੀ ਜਿਹੜੀ ਕਿ ਉਸ ਦੇ ਰਹਿਣ ਲਈ ਹੀ ਗੁਰਦਵਾਰੇ ਵਾਲੇ ਕੱਚੇ ਕੋਠੇ ਤੋਂ ਥੋੜ੍ਹੀ ਹਟ ਕੇ ਬਣਾਈ ਹੋਈ ਸੀ. ਭਾਈ ਬੱਗਾ ਸਿੰਘ ਦੁਪਹਿਰ ਮਗਰੋਂ ਬੱਚਿਆਂ ਨੂੰ ਪੜ੍ਹਨ ਲਈ ਸੱਦਿਆ ਕਰਦਾ ਸੀ. ਅਸੀਂ ਗੁਰਦਵਾਰੇ ਵਾਲੇ ਬੋਹੜ ਹੇਠ, ਚਾਰ ਕੁ ਮੁਰੱਬਾ ਫੁੱਟ ਧਰਤੀ ਉਪਰ ਸੁਆਹ ਖਿਲਾਰ ਲੈਂਦੇ। ਸਾਡੇ ਸਾਹਮਣੇ ਖਿਲਾਰੀ ਹੋਈ ਸੁਆਹ ਸਾਡੀਆਂ ਫੱਟੀਆਂ ਹੁੰਦੀਆਂ ਸਨ। ਰੀਠਿਆਂ ਵਿਚ ਗਲ਼ੀਆਂ ਕੱਢ ਕੇ ਉਹਨਾਂ ਵਿਚ ਪਾਏ ਡੱਕੇ ਸਾਡੀਆਂ ਕਲਮਾਂ ਸਨ. ਅਸੀਂ ਰੀਠਿਆਂ ਨਾਲ ਸੁਆਹ ਉਪਰ ਊੜਾ ਐੜਾ ਲਿਖਦੇ. ਫਿਰ ਉੱਚੀ ਅਵਾਜ਼ ਵਿਚ ਇਕੱਠੇ ਹੋ ਮੁਹਾਰਨੀ ਬੋਲਦੇ, ਜਿਵੇਂ ਅਸੀਂ ਸਕੂਲ ਵਿਚ ਪਹਾੜੇ ਬੋਲਦੇ ਸੀ. ਫਿਰ ਕੋਈ ਪੰਜ ਗ੍ਰੰਥੀ ਵਿਚੋਂ ਜਪਜੀ ਸਾਹਿਬ ਦੀ ਸੰਥਿਆ ਲੈ ਰਿਹਾ ਹੁੰਦਾ ਤੇ ਕੋਈ ਸੁਖਮਣੀ ਸਾਹਿਬ ਦੀ. ਮੁੰਡੇ ਹੀ ਇਕ ਦੂਜੇ ਨੂੰ ਸੰਥਿਆ ਦਿੰਦੇ. ਭਾਈ ਬੱਗਾ ਸਿੰਘ ਪੜ੍ਹਦੇ ਲਿਖਦੇ ਮੁੰਡਿਆਂ ਦੀ ਨਿਗਰਾਨੀ ਹੀ ਕਰਦਾ ਹੁੰਦਾ ਸੀ.
        ਮੈਂ ਜਲਦੀ ਹੀ ਊੜਾ ਐੜਾ ਸਿੱਖ ਕੇ ਪੰਜਾਂ ਬਾਣੀਆਂ ਦਾ ਪਾਠ ਕਰਨ ਲੱਗ ਪਿਆ ਸੀ. ਗੁਰਦਵਾਰੇ ਵਿਚ ਸਿੱਖੀ ਹੋਈ ਗੁਰਮੁਖੀ ਲਿੱਪੀ ਤੇ ਕੰਠ ਕੀਤੀ ਹੋਈ ਬਾਣੀ ਅਗਾਂਹ ਸਕੂਲ ਵਿਚ ਮੇਰੇ ਕੰਮ ਆਈ ਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਵਜ਼ੀਫਾ ਪ੍ਰਾਪਤ ਕਰਨ ਦਾ ਸਬੱਬ ਵੀ ਬਣੀ. 
       ਮੈਂ ਹੋਰ ਮਜ਼ਮੂਨਾਂ ਵਿਚ ਤਾਂ ਦਰਮਿਆਨਾ ਵਿਦਿਆਰਥੀ ਸਾਂ ਪਰ ਪੰਜਾਬੀ ਵਿਚੋਂ ਹਰ ਸਾਲ ਪਹਿਲੇ ਨੰਬਰ 'ਤੇ ਆਉਂਦਾ. ਸੰਨ ੧੯੫੦ ਵਿਚ ਮੈਂ ਸੱਤਵੀ ਪਾਸ ਕਰ ਲਈ ਤੇ ਅੱਠਵੀਂ ਜਮਾਤ ਦੀ ਫੀਸ ਤੇ ਕਿਤਾਬਾਂ ਵਾਸਤੇ ਪੈਸੇ ਲੈਣ ਲਈ ਕਈ ਦਿਨ ਘਰਦਿਆਂ ਕੋਲੋਂ ਪੈਸਿਆਂ ਦਾ ਪ੍ਰਬੰਧ ਨਾ ਹੋ ਸਕਿਆ. ਅਖੀਰ ਉਹਨਾਂ ਨੇ ਹੱਟੀ 'ਤੇ ਸਰੋਂ੍ਹ ਵੇਚ ਕੇ ਮੈਨੂੰ ਛੇ ਰੁਪਏ ਦੇ ਦਿੱਤੇ ਤੇ ਨਾਲ ਹੀ ਤਾੜਨਾ ਕਰ ਦਿੱਤੀ ਕਿ ਹੁਣ ਜਿੰਨਾ ਚਿਰ ਹਾੜੀ ਨਹੀਂ ਕੱਢ ਲਈ ਜਾਂਦੀ, ਹੋਰ ਕੋਈ ਪੈਸਾ ਨਹੀਂ ਮਿਲੇਗਾ. ਮੈਂ ਪਹਿਲਾਂ ਹੀ ਅਰਜ਼ੀ ਦੇ ਕੇ ਅੱਧੀ ਫੀਸ ਮੁਆਫ ਕਰਵਾ ਲਈ ਹੋਈ ਸੀ. ਫੀਸ ਦੇ ਕੇ ਬਚਦੇ ਪੈਸਿਆਂ ਦੀਆਂ ਕੁਝ ਕਾਪੀਆਂ ਤੇ ਅੱਧੋਰਾਣੀਆਂ ਕਿਤਾਬਾਂ ਲੈ ਲਈਆਂ. ਦੋ ਕਿਤਾਬਾਂ ਅਜੇ ਵੀ ਲੈਣ ਵਾਲੀਆਂ ਰਹਿ ਗਈਆਂ ਸਨ ਪਰ ਉਹਨਾਂ ਦਾ ਫਿਕਰ ਨਹੀਂ ਸੀ, ਮੈਂ ਆਪਣੇ ਬੈਂਚ ਸਾਥੀ ਦੀ ਕਿਤਾਬ ਤੋਂ ਪੜ੍ਹ ਸਕਦਾ ਸੀ. 
       ਇਕ ਦਿਨ ਗਿਆਨੀ ਜਰਨੈਲ ਸਿੰਘ ਦੇ ਪੀਰੀਅੜ ਵਿਚ ਚਪੜਾਸੀ ਸੋਹਣ ਸਿੰਘ ਚਿਟ ਲੈ ਕੇ ਆ ਗਿਆ. ਚਿਟ ਪੜ੍ਹ ਕੇ ਗਿਆਨੀ ਜੀ ਨੇ ਮੇਜਰ, ਓਮ ਪ੍ਰਕਾਸ਼, ਗੁਰਬਖਸ਼ ਤੇ ਮੇਰਾ ਨਾਂ ਬੋਲ ਕੇ ਕਿਹਾ ਕਿ ਤੁਹਾਨੂੰ ਦਫਤਰ ਵਿਚ ਬੁਲਾਇਆ ਹੈ. ਹੈਡਮਾਸਟਰ ਕਰਤਾਰ ਸਿੰਘ ਦਾ ਬਹੁਤ ਹੀ ਰੋਅਬ ਹੁੰਦਾ ਸੀ. ਪਾੜ੍ਹੇ ਉਹਨਾਂ ਕੋਲੋਂ ਬਹੁਤ ਡਰਦੇ ਸਨ. ਅਸੀਂ ਤਾਂ ਦਫਤਰ ਕੋਲੋਂ ਦੀ ਲੰਘਣ ਲੱਗੇ ਵੀ ਡਰਦੇ ਸੀ ਤੇ ਹੁਣ ਸਾਨੂੰ ਦਫਤਰ ਵਿਚ ਬੁਲਾਇਆ ਗਿਆ ਸੀ, ਖੈਰ ਹੋਵੇ. ਅਸੀਂ ਡਰਦੇ ਡਰਦੇ ਦਫਤਰ ਵੱਲ ਚਲੇ ਗਏ. ਅੱਗੇ ਦੂਸਰੀਆਂ ਜਮਾਤਾਂ ਦੇ ਕੁਝ ਮੁੰਡੇ ਦਫਤਰ ਦੇ ਬਾਹਰ ਬਰਾਂਡੇ ਵਿਚ ਬੈਠੇ ਸਨ. ਓਥੇ ਜਾ ਕੇ ਪਤਾ ਲੱਗਾ ਕਿ ਸਾਰੀਆਂ ਜਮਾਤਾ ਦੇ ਉਹਨਾਂ ਮੁੰਡਿਆਂ ਨੂੰ ਸੱਦਿਆ ਗਿਆ ਹੈ, ਜਿਨ੍ਹਾਂ ਨੇ ਜਮਾਤਾਂ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਲਈਆਂ ਹਨ ਜਾਂ ਕਿਸੇ ਮਜ਼ਮੂਨ ਵਿਚੋਂ ਪਹਿਲੇ ਨੰਬਰ ''ਤੇ ਆਏ ਹਨ. ਸਾਡੀ ਜਮਾਤ ਦੇ ਤਿੰਨ ਮੁੰਡੇ ਤਾਂ ਇਮਤਿਹਾਨ ਵਿਚੋਂ ਪਹਿਲੇ ਦੂਸਰੇ ਤੇ ਤੀਸਰੇ ਨੰਬਰ 'ਤੇ ਆਏ ਸਨ. ਉਹਨਾਂ ਵਿਚੋਂ ਹੀ ਦੂਸਰੇ ਮਜ਼ਮੂਨਾਂ ਵਿਚੋਂ ਵੀ ਪਹਿਲੇ ਨੰਬਰ 'ਤੇ ਸਨ. ਇਕ ਮੈਂ ਹੀ ਸਾਂ ਜਿਹੜਾ ਪੰਜਾਬੀ ਵਿਚੋਂ ਪਹਿਲੇ ਨੰਬਰ 'ਤੇ ਆਇਆ ਸੀ. ਅਸੀਂ ਸਾਰੇ ਵਰਾਂਡੇ ਵਿਚ ਹੀ ਕਤਾਰਾਂ ਬਣਾ ਕੇ ਬੈਠ ਗਏ.
       ਕੁਝ ਦੇਰ ਮਗਰੋਂ ਹੈਡਮਾਸਟਰ ਨੇ ਦਫਤਰ ਤੋਂ ਬਾਹਰ ਆ ਕੇ ਸਾਰੇ ਮੁੰਡਿਆਂ ਨੂੰ ਚੰਗੇ ਨੰਬਰ ਲੈ ਕੇ ਪਾਸ ਹੋਣ ਦੀ ਵਧਾਈ ਦੇਣ ਦੇ ਨਾਲ ਇਕ ਛੋਟਾ ਜਿਹਾ ਭਾਸ਼ਨ ਵੀ ਦਿੱਤਾ ਤੇ ਫਿਰ ਕਿਹਾ, "ਸਕੂਲ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਸਾਲ ਤੋਂ ਸਾਰੀਆਂ ਜਮਾਤਾਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਹਰ ਮਜ਼ਮੂਨ ਵਿਚੋਂ ਪਹਿਲੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀ ਨੂੰ ਸਕੂਲ ਵੱਲੋਂ ਇਨਾਮ ਦਿੱਤਾ ਜਾਇਆ ਕਰੇਗਾ. ਇਸ ਵਾਰ ਦਾ ਇਨਾਮ ਜਨਰਲ ਮੋਹਣ ਸਿੰਘ ਦੇ ਹੱਥੋਂ ਦਵਾਇਆ ਜਾਣਾ ਹੈ. ਬਿਹਤਰ ਹੋਵੇਗਾ ਕਿ ਇਨਾਮ ਲੈਣ ਵਾਲੇ ਸਾਰੇ ਮੁੰਡੇ ਇਕੋ ਜਿਹੀ ਵਰਦੀ ਵਿਚ ਹੋਣ. ਸਾਡਾ ਵਿਚਾਰ ਹੈ ਕਿ ਸਾਰੀਆਂ ਵਰਦੀਆਂ ਇਕੋ ਦਰਜੀ ਕੋਲੋਂ ਸਵਾ ਲਈਆਂ ਜਾਣ ਤੇ ਉਸ ਨੂੰ ਵਰਦੀ ਦੇ ਪੈਸੇ ਦੇ ਦਿੱਤੇ ਜਾਣ. ਕੱਲ੍ਹ ਨੂੰ ਦਰਜੀ ਆਵੇਗਾ ਤੇ ਉਹ ਤੁਹਾਡਾ ਮੇਚਾ ਵੀ ਲੈ ਜਾਵੇਗਾ ਤੇ ਪੈਸੇ ਵੀ ਦੱਸ ਦੇਵੇਗਾ."
       ਮੈਂ ਦੂਜੇ ਮੁੰਡਿਆਂ ਨਾਲ ਹੀ ਤਾੜੀਆਂ ਮਾਰਦਾ ਖੁਸ਼ੀ ਖੁਸ਼ੀ ਜਮਾਤ ਵਿਚ ਆ ਤਾਂ ਗਿਆ ਪਰ ਮੇਰੇ ਅੰਦਰ ਇਕ ਧੁੜਕੂ ਵੀ ਪੈਦਾ ਹੋ ਗਿਆ ਕਿ ਮੈਨੂੰ ਘਰਦਿਆਂ ਨੇ ਵਰਦੀ ਵਾਸਤੇ ਪੈਸੇ ਨਹੀਂ ਦੇਣੇ. ਸਕੂਲੋਂ ਘਰ ਤਕ ਮੈਂ ਇਹੋ ਸੋਚਦਾ ਆਇਆ ਕਿ ਘਰਦਿਆਂ ਕੋਲੋਂ ਪੈਸੇ ਕਿਵੇਂ ਮੰਗਾਂ! ਉਹਨਾਂ ਤਾਂ ਸਾਫ ਕਹਿ ਦਿੱਤਾ ਸੀ ਕਿ 'ਹਾੜੀ ਕੱਢਣ ਤਾਈਂ ਕੋਈ ਪੈਸਾ ਨਹੀਂ ਮਿਲੇਗਾ." ਪਰ ਅਜੇ ਤਾਂ ਕਣਕ ਦੀ ਗਹਾਈ ਹੀ ਚੱਲ ਰਹੀ ਸੀ. ਮੈਂ ਬਿਨਾਂ ਕਿਸੇ ਨਾਲ ਕੋਈ ਗੱਲ ਕੀਤਿਆਂ ਘਰ ਜਾ ਕੇ ਛਾਬੇ 'ਚੋਂ ਰੋਟੀ ਚੁੱਕ ਕੇ ਖਾਣ ਲੱਗ ਪਿਆ, ਜਿਹੜੀ ਮੇਰੇ ਲਈ ਹੀ ਪੋਣੇ ਵਿਚ ਲਪੇਟ ਕੇ ਰੱਖੀ ਹੋਈ ਸੀ. ਰੋਟੀ ਖਾਂਦੇ ਨੂੰ ਮਾਂ ਦੀ ਅਵਾਜ਼ ਸੁਣੀ, "ਰੋਟੀ ਖਾ ਕੇ ਪਿੜਾਂ ਨੂੰ ਚਲਿਆ ਜਾਈਂ, ਓਥੇ ਤੇਰਾ ਪਿਉ 'ਕੱਲਾ ਐ." ਮੈਂ ਬਿਨਾਂ ਕੋਈ ਉਜਰ ਕੀਤੇ ਨਿਆਈਂ ਵਿਚ ਪਾਏ ਪਿੜਾਂ ਵਿਚ ਜਾ ਕੇ ਫਲ੍ਹੇ ਮਗਰ ਲੱਗ ਗਿਆ ਤੇ ਮੇਰਾ ਬਾਪ ਪੈਰੀ ਵਲ਼ਣ ਲੱਗ ਪਿਆ. (ਫਲ੍ਹੇ ਤੋਂ ਪਾਸੇ ਚਲੇ ਗਏ ਨਾੜ ਨੂੰ ਤੰਗਲੀ ਨਾਲ ਫਲ੍ਹੇ ਹੇਠ ਕਰਨ ਨੂੰ ਪੈਰੀ ਵਲ਼ਣਾ ਕਹਿੰਦੇ ਸਨ) ਅਤੇ ( ਉਸ ਸਮੇਂ ਦੋ ਬਲਦਾਂ ਵਾਲੇ ਫਲ੍ਹੇ ਨੂੰ ਦੋਖੜਾ ਤੇ ਚਾਰ ਬਲਦਾਂ ਨਾਲ ਚੱਲਣ ਵਾਲੇ ਫਲ੍ਹੇ ਨੂੰ ਚੌਖੜਾ ਕਿਹਾ ਜਾਂਦਾ ਸੀ ਅਤੇ ਸਾਰੀ ਗਹਾਈ ਇਹਨਾਂ ਨਾਲ ਹੀ ਕੀਤੀ ਜਾਂਦੀ ਸੀ.) ਮੈਂ ਹੌਸਲਾ ਕਰਕੇ ਕਹਿ ਨਾਂ ਸਕਿਆ ਕਿ ਮੈਨੂੰ ਇਨਾਮ ਮਿਲਣਾ ਹੈ ਤੇ ਇਨਾਮ ਲੈਣ ਲਈ ਵਰਦੀ ਚਾਹੀਦੀ ਹੈ. 
       ਅਗਲੇ ਦਿਨ ਸਮਾਲਸਰ ਤੋਂ ਦਰਜੀ ਪ੍ਰੀਤਮ ਸਿੰਘ ਸਕੂਲ ਵਿਚ ਆ ਗਿਆ. ਪ੍ਰਾਥਨਾ ਸਮੇਂ ਹੀ ਦੱਸ ਦਿੱਤਾ ਗਿਆ ਕਿ ਕੱਲ੍ਹ ਜਿਨ੍ਹਾਂ ਮੁੰਡਿਆਂ ਨੂੰ ਇਨਾਮ ਮਿਲਣ ਬਾਰੇ ਦੱਸਿਆ ਗਿਆ ਸੀ ਉਹ ਜਮਾਤਵਾਰ ਵਾਰੀ ਵਾਰੀ ਉਸ ਕੋਲ ਜਾ ਕੇ ਵਰਦੀ ਲਈ ਮੇਚਾ ਦੇ ਦੇਣ ਅਤੇ ਆਪਣੇ ਘਰਾਂ ਤੋਂ ਇਸ ਹਫਤੇ ਵਿਚ ਸਾਢੇ ਅੱਠ ਰੁਪਏ ਆਪਣੇ ਇਨਚਾਰਜ ਕੋਲ ਜਮ੍ਹਾਂ ਕਰਵਾ ਦੇਣ. ਵੱਡੀਆਂ ਜਮਾਤਾਂ ਤੋਂ ਸ਼ੁਰੂ ਹੋ ਕੇ ਮੁੰਡੇ ਉਸ ਕੋਲ ਜਾ ਕੇ ਮੇਚਾ ਦੇ ਕੇ ਆਪਣੀ ਜਮਾਤ ਵਿਚ ਜਾ ਬੈਠਦੇ ਤੇ ਫਿਰ ਦੂਜੀ ਜਮਾਤ ਦੇ ਮੁੰਡੇ ਚਲੇ ਜਾਂਦੇ. ਸਾਡੀ ਵਾਰੀ ਆਈ ਤਾਂ ਅਸੀਂ ਵੀ ਉਸ ਕੋਲ ਚਲੇ ਗਏ. ਉਸ ਦੇ ਕੋਲ ਖਾਕੀ ਜੀਨ ਤੇ ਬਰੀਕ ਖਾਕੀ ਲੱਠੇ ਦੇ ਦੋ ਟੁਕੜੇ ਪਏ ਸਨ. ਉਸ ਨੇ ਟੁਕੜਿਆਂ ਵੱਲ ਉਂਗਲ ਕਰਕੇ ਦੱਸਿਆ ਕਿ ਇਹੋ ਜਿਹੇ ਕਪੜੇ ਦਾ ਬੁਸ਼ਰਟ ਤੇ ਪੈਂਟਕਾਟ ਪਾਜਾਮਾ ਬਣੇਗਾ ਅਤੇ ਐਸ ਕਪੜੇ ਦੀ ਪਗੜੀ. ਉਸ ਨੇ ਸਾਡੇ ਮੇਚੇ ਲੈ ਕੇ ਕਾਪੀ ਉੱਪਰ ਲਿਖ ਲਏ. 
       ਮੈਂ ਆਪਣਾ ਮੇਚਾ ਤਾਂ ਦੇ ਆਇਆ ਸੀ ਪਰ ਘਰੋਂ ਪੈਸੇ ਮੰਗਣ ਦੀ ਸਮੱਸਿਆ ਤਾਂ ਓਵੇਂ ਹੀ ਖੜ੍ਹੀ ਸੀ ਕਿ ਪੈਸੇ ਮੰਗਣ 'ਤੇ ਉਹ ਦੇਣਗੇ ਵੀ ਕਿ ਨਹੀਂ. ਇਸੇ ਦੁਬਿਧਾ ਵਿਚ ਘਰ ਜਾ ਕੇ ਮੈਂ ਆਪਣੀ ਮਾਂ ਨੂੰ ਕਿਹਾ, "ਮੈਂ ਪੜ੍ਹਾਈ 'ਚੋਂ ਫਸਟ ਆਇਆਂ ਤੇ ਮੈਨੂੰ ਇਨਾਮ ਮਿਲਣੈ." ਮੈਂ ਇਹ ਨਹੀਂ ਸੀ ਦੱਸਿਆ ਕਿ ਫਸਟ ਪੰਜਾਬੀ ਵਿਚੋਂ ਹੀ ਆਇਆਂ. 
       ਮੇਰੇ ਫਸਟ ਆਉਣ ਦੀ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ ਤੇ ਸਾਂਝੀ ਨਿੱਕੀ ਕੰਧ ਉੱਤੋਂ ਅਵਾਜ਼ ਦੇ ਕੇ ਅੰਮਾਂ ਜੁਆਲੀ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ. ਅੰਮਾਂ ਜੁਆਲੀ ਨੇ ਅੱਗੋਂ ਕਿਹਾ, "ਭਲੀ ਗੱਲ ਐ, ਮੇਰਾ ਬਲਵੀਰ ਵੀ ਖੇਡਾਂ 'ਚੋਂ 'ਨਾਮ ਲੈ ਕੇ ਆਉਂਦਾ ਹੁੰਦਾ ਸੀ." 
       ਜਦੋਂ ਮੈਂ ਦੱਸਿਆ ਕਿ ਇਨਾਮ ਜਰਨਲ ਮੋਹਣ ਸਿੰਘ ਨੇ ਵੰਡਣੇ ਐ ਤੇ ਇਨਾਮ ਲੈਣ ਵਾਸਤੇ ਵਰਦੀ ਵੀ ਸੁਆਉਣੀ ਪੈਣੀ ਐ ਤਾਂ ਮਾਂ ਦੀ ਖਸ਼ੀ ਜਿਵੇਂ ਕਾਫੂਰ ਹੋ ਗਈ ਹੋਵੇ, ਉਸ ਪੁੱਛਿਆ, "ਕਿਹੋ ਜਿਹੀ ਵਰਦੀ ਸਿਉਣੀ ਐ?"
    "ਵਰਦੀਆਂ ਤਾਂ ਸਮਾਲਸਰ ਵਾਲੇ ਪ੍ਰੀਤਮ ਦਰਜੀ ਨੇ ਸਿਉਣੀਆਂ ਐ, ਸਾਢੇ ਅੱਠ ਰੁਪਈਏ ਦੇਣੇ ਐ." ਮੈਂ ਢਿੱਲੇ ਜਿਹੇ ਮੂੰਹ ਨਾਲ ਕਿਹਾ.
    "ਸਾਢੇ ਅੱਠ! ਏਨੇ ਪੈਸਿਆਂ ਨਾਲ ਤਾਂ ਸਾਰੇ ਟੱਬਰ ਦੇ ਲੀੜੇ ਆ ਜਾਣਗੇ." ਮਾਂ ਨੇ ਹੈਰਾਨੀ ਪ੍ਰਗਟ ਕੀਤੀ.
    "ਖਾਖੀ ਜੀਨ ਐ ਤੇ ਨਾਲ ਬ੍ਰੀਕ ਲੱਠੇ ਦੀ ਖਾਖੀ ਪੱਗ ਵੀ ਐ." ਮੈਂ ਕੱਪੜੇ ਦੀ ਵਿਸੇæਸ਼ਤਾ ਬਾਰੇ ਦੱਸਿਆ.
    "ਮੇਰੇ ਕੋਲ ਨਈਂ ਏਨੇ ਪੈਸੇ ਹੈਗੇ, ਆਵਦੇ ਪਿਉ ਕੋਲੋਂ ਜਾ ਕੇ ਮੰਗ ਤੇ ਨਾਲੇ ਤੈਨੂੰ ਪਿੜਾਂ 'ਚ ਫਲ੍ਹੇ ਹੱਕਣ ਲਈ ਸੱਦਿਐ." ਮਾਂ ਨੇ ਹੁਕਮ ਸੁਣਾ ਦਿੱਤਾ.
    "ਮੈਂ ਨਈਂ ਬਾਈ ਨੂੰ ਕਹਿਣਾ, ਤੂੰ ਈ ਕਹੀਂ." ਇਹ ਕਹਿ ਕੇ ਮੈਂ ਪਿੜਾਂ ਵੱਲ ਚਲਾ ਗਿਆ.
       ਨਿਆਈਆਂ ਵਿਚ ਕਿਸੇ ਪਾਸੇ ਕਣਕਾਂ ਗਾਹੀਆਂ ਜਾ ਰਹੀਆਂ ਸਨ. ਕਿਸੇ ਪਾਸੇ ਕਣਕ ਗਾਹ ਕੇ ਉਸ ਦੀਆਂ ਧੜਾਂ ਲਾਈਆਂ ਹੋਈਆਂ ਸਨ ਤੇ ਕੋਈ ਤਰੰਗਲੀਆਂ ਨਾਲ ਧੜ ਉਡਾ ਰਿਹਾ ਸੀ ਤੇ ਕੋਈ ਕੋਈ ਉਡਾਈ ਹੋਈ ਧੜ ਦਾ ਸੈਂਡ ਗਾਹ ਰਿਹਾ ਸੀ. ਸਾਡੀ ਪੈਰੀ ਧੜ ਲੱਗਣ ਦੇ ਨੇੜ ਆਈ ਹੋਈ ਸੀ. ਸਾਡੇ ਪਿੜ ਦੇ ਨਾਲ ਹੀ ਚਾਚੇ ਮਿਹਰ ਸਿੰਘ ਕਵੀਸ਼ਰ ਦਾ ਪਿੜ ਵੀ ਸੀ. ਉਹ ਵੀ ਫਲ੍ਹੇ ਮਗਰ ਲੱਗਾ ਹੋਇਆ ਸੀ ਤੇ ਉਹਨਾਂ ਦਾ ਸੀਰੀ ਪੈਰੀ ਵਲ਼ ਰਿਹਾ ਸੀ. ਮੈਂ ਚਾਚੇ ਕੋਲੋਂ ਛੰਦ ਲਿਖਵਾ ਕੇ ਗੁਰਦਵਾਰੇ ਵਿਚ ਗਾ ਦਿੰਦਾ ਹੁੰਦਾ ਸੀ. ਇਸ ਕਰਕੇ ਚਾਚੇ ਨਾਲ ਮੈਂ ਖੁਲ੍ਹ ਕੇ ਗੱਲ ਵੀ ਕਰ ਲੈਂਦਾ ਸੀ ਪਰ ਆਪਣੇ ਬਾਪ ਨਾਲ ਗੱਲ ਕਰਦਿਆਂ ਸਦਾ ਇਕ ਝਿਜਕ ਜਿਹੀ ਬਣੀ  ਰਹਿੰਦੀ ਸੀ. ਸੋ ਮੈਂ ਚਾਚੇ ਨਾਲ ਗੱਲ ਕਰਨ ਬਾਰੇ ਸੋਚਿਆ, "ਚਾਚਾ, ਮੈਂ ਪੜ੍ਹਾਈ 'ਚੋਂ ਫਸਟ ਆਇਆਂ ਤੇ ਮੈਨੂੰ ਇਨਾਮ ਮਿਲਣੈ."
    "ਹਈ ਸ਼ਾਵਾ! ਆਹ ਤਾਂ ਪਾੜ੍ਹਿਆ ਤੂੰ ਕਮਾਲ ਕਰਤੀ. ਬਲਦੇਵ (ਮੇਰੇ ਦੂਸਰੇ ਚਾਚੇ ਦਾ ਲੜਕਾ) ਨੂੰ ਵੀ ਅਨਾਮ ਮਿਲਣੈ?" ਚਾਚੇ ਨੇ ਖੁਸ਼ੀ ਪ੍ਰਗਟਾਉਂਦਿਆਂ ਪੁੱਛਿਆ.
    "ਨਹੀਂ, ਆਪਣੇ ਪਿੰਡ 'ਚੋਂ ਤਾਂ ਮੈਨੂੰ ਈ ਮਿਲਣੈ ਤੇ ਮਿਲਣਾ ਵੀ ਜਰਨਲ ਮੋਹਣ ਸਿਉਂ ਦੇ ਹੱਥੋਂ ਐ ਪਰ ਓਸ ਵਾਸਤੇ ਵਰਦੀ ਵੀ ਸੁਆਉਣੀ ਪੈਣੀ ਐ." ਮੈਂ ਆਪਣੇ ਮਤਲਬ ਦੀ ਗੱਲ ਵੀ ਦੱਸ ਦਿੱਤੀ.
    'ਚੰਗੀ ਗੱਲ ਐ, ਚੰਗੀ ਗੱਲ ਐ' ਆਖ ਚਾਚਾ ਥੋੜੇ ਜਿਹੇ ਤੂੜੀ ਦੇ ਡੱਕੇ ਚੁੱਕ ਕੇ ਹੇਠਲੇ ਬਲਦ ਦਾ ਫੋਸ ਫੜ੍ਹਨ ਲੱਗਾ ਕਹਿੰਦਾ , "ਬੇ ਧਿਆਨੇ ਬਲਦ ਨੇ ਪੈਰੀ ਵਿਚ ਈ ਸੈਅ ਕਰ ਦੇਣੀ ਸੀ." 
    "ਵਰਦੀ ਕਦੋਂ ਸੁਆਉਣੀ ਐ?" ਪੈਰੀ ਵਲ਼ਣੀ ਛੱਡ ਕੇ ਤੰਗਲੀ ਨੂੰ ਆਪਣੇ ਮੋਢੇ 'ਤੇ ਰੱਖਦਿਆਂ ਮੇਰੇ ਬਾਪ ਨੇ ਮੈਥੋਂ ਪੁੱਛਿਆ. ਇਨਾਮ ਮਿਲਣਾ ਸੁਣ ਕੇ ਉਹ ਵੀ ਖੁਸ਼ ਹੋ ਗਿਆ ਜਾਪਦਾ ਸੀ. 
    "ਭਲਕੇ, ਪਰਸੋਂ ਤਾਈਂ ਸਾਢੇ ਅੱਠ ਰੁਪੱਈਏ ਸਕੂਲ ਵਿਚ ਈ ਦੇਣੇ ਐ ਤੇ ਸਾਰੀਆਂ ਵਰਦੀਆਂ ਸਮਾਲਸਰ ਵਾਲੇ ਪ੍ਰੀਤਮ ਦਰਜੀ ਨੇ ਈ ਸਿਉਣੀਐਂ." ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਗਿਆ ਸੀ. 
    "ਸਾਢੇ ਅੱਠ ਰੁਪਈਏ!" ਮੇਰਾ ਬਾਪ ਵਰਦੀ ਦੀ ਕੀਮਤ ਸੁਣ ਕੇ ਹੈਰਾਨ ਹੋਇਆ.
    "ਤੇ ਹੋਰ ਕਿਤੇ ਬਰਦੀਆਂ ਐਵੇਂ ਈਂ ਬਣ ਜਾਂਦੀਆਂ. ਸਾਡੇ ਬਲਵੀਰ ਨੇ ਵੀ ਖੇਡਾਂ 'ਚ ਇਨਾਮ ਲੈਣ ਵੇਲੇ ਬਰਦੀ ਸੁਆਈ ਸੀ ਤੇ ਦਸ ਰੁਪਈਏ ਲੈ ਕੇ ਗਿਆ ਸੀ. ਜਦੋਂ ਜੁਆਕ ਪੜ੍ਹਾਉਣੇ ਐਂ ਤਾਂ ਪੈਸੇ ਤਾਂ ਖਰਚਣੇ ਈ ਪੈਣਗੇ, ਮੰਦਰ ਸਿਆਂ." ਬਾਬਾ ਸ਼ਾਮ ਸਿਉਂ ਕੋਲੋਂ ਬੋਲ ਪਿਆ, ਜਿਹੜਾ ਦੋ ਮੰਜੇ ਜੋੜ ਕੇ ਬਣਾਈ ਝੁੱਗੀ ਵਿਚ ਰੱਖੇ ਘੜਿਆਂ ਵਿਚੋਂ ਪਾਣੀ ਪੀਣ ਆਇਆ, ਕੁਝ ਚਿਰ ਲਈ ਓਥੇ ਹੀ ਬੈਠ ਗਿਆ ਸੀ. ਮੇਰਾ ਬਾਪ ਫਿਰ ਕੁਝ ਨਹੀਂ ਸੀ ਬੋਲਆ ਪਰ ਤੀਜੇ ਦਿਨ ਮੈਨੂੰ ਵਰਦੀ ਲਈ ਸਾਢੇ ਅੱਠ ਰੁਪਏ ਮਿਲ ਗਏ ਸਨ ਅਤੇ ਅਗਾਂਹ ਮੈਂ ਉਹ ਆਪਣੇ ਇਨਚਾਰਜ ਕੋਲ ਜਮ੍ਹਾਂ ਕਰਵਾ ਦਿੱਤੇ ਸਨ. 
       ਦਸਾਂ ਕੁ ਦਿਨਾਂ ਬਾਅਦ ਵਰਦੀਆਂ ਸਿਉਂ ਕੇ ਸਾਡੇ ਹੱਥ ਫੜਾ ਦਿੱਤੀਆਂ ਗਈਆਂ. ਇਨਾਮ ਵੰਡ ਸਮਾਰੋਹ ਦਾ ਦਿਨ ਵੀ ਮਿਥ ਲਿਆ ਗਿਆ. ਇਨਾਮ ਵੰਡ ਸਮਾਰੋਹ ਤੋਂ ਕੁਝ ਦਿਨ ਪਹਿਲਾਂ ਸਾਨੂੰ ਵਰਦੀਆਂ ਪੁਆ ਕੇ ਰੀਹਰਸਲ ਵੀ ਕਰਵਾਈ ਗਈ ਕਿ ਇਨਾਮ ਕਿਵੇਂ ਪ੍ਰਾਪਤ ਕਰਨੇ ਹਨ. ਰੀਹਰਸਲ ਤੋਂ ਅਗਲੇ ਦਿਨ ਹੀ ਸਕੂਲ ਦੇ ਨੋਟਸ ਬੋਰਡ ਉਪਰ ਕਾਗਜ਼ ਚਿਪਕ ਗਿਆ ਕਿ ਉਸ ਦਿਨ ਜਨਰਲ ਮੋਹਣ ਸਿੰਘ ਦੇ ਕਿਸੇ ਖਾਸ ਰੁਝੇਵੇਂ ਕਾਰਨ ਇਨਾਮ ਵੰਡ ਸਮਾਰੋਹ ਇਕ ਮਹੀਨਾ ਅੱਗੇ ਪਾਇਆ ਜਾਂਦਾ ਹੈ. ਇਹ ਸੂਚਨਾ ਸਾਰੀਆਂ ਜਮਾਤਾਂ ਵਿਚ ਵੀ ਸੁਣਾ ਦਿੱਤੀ ਗਈ. 
       ਇਨਾਮ ਵੰਡ ਸਮਾਰੋਹ ਲਈ ਨਵੇਂ ਸਿਰੇ ਤੋਂ ਮਿਥਿਆ ਦਿਨ ਵੀ ਨੇੜੇ ਆ ਗਿਆ. ਦੂਸਰੀ ਵਾਰ ਫੇਰ ਰੀਹਰਸਲ ਕਰਵਾਈ ਗਈ ਪਰ ਇਨਾਮ ਉਸ ਦਿਨ ਵੀ ਨਹੀਂ ਮਿਲ ਸਕੇ ਕਿਉਂਕਿ ਉਸ ਦਿਨ ਵੀ ਜਨਰਲ ਮੋਹਣ ਸਿੰਘ ਨਹੀਂ ਸੀ ਆ ਸਕੇ. ਘਰਦੇ ਬਾਰ ਬਾਰ ਪੁੱਛਦੇ ਕਿ ਇਨਾਮ ਕਦੋਂ ਮਿਲੂਗਾ? ਪਰ ਮੈਂ ਕੀ ਦਸ ਸਕਦਾ ਸੀ! ਫਿਰ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਤੇ ਬੇਬੇ ਨੇ ਵਰਦੀ ਨੂੰ ਆਪਣੇ ਸੰਦੂਕ ਵਿਚ ਸੰਭਾਲ ਕੇ ਰੱਖ ਦਿੱਤਾ. ਇਨਾਮ ਮਿਲਣ ਦਾ ਚਾਅ ਮੱਠਾ ਪੈ ਗਿਆ ਤੇ ਘਰਦਿਆਂ ਨੂੰ ਵਰਦੀ ਲਈ ਖਰਚੇ ਸਾਢੇ ਅੱਠ ਰੁਪਏ ਚੁਭਣ ਲੱਗੇ ਪਏ ਸਨ. 
       ਗਰਮੀਆਂ ਦੀ ਛੱਟੀਆਂ ਖਤਮ ਹੋਣ 'ਤੇ ਇਨਾਮ ਮਿਲਣ ਬਾਰੇ ਕੋਈ ਪਤਾ ਨਹੀਂ ਸੀ ਲੱਗਾ ਤੇ ਬੇਬੇ ਦੇ ਸੰਦੂਕ ਵਿਚ ਪਈ ਵਰਦੀ ਇਨਾਮ ਉਡੀਕ ਰਹੀ ਸੀ. ਪਰ ਅਖੀਰ ਵਰਦੀ ਨੂੰ ਇਨਾਮ ਮਿਲਣ ਦੀ ਸੈਂਤ ਆ ਹੀ ਗਈ. ਸਤੰਬਰ ਦਾ ਅਖੀਰਲਾ ਹਫਤਾ ਚੱਲ ਰਿਹਾ ਸੀ ਕਿ ਇਨਾਮ ਵੰਡ ਸਮਾਰੋਹ ਦਾ ਦਿਨ ਮੁੜ ਨਿਸ਼ਚਿਤ ਹੋ ਗਿਆ. ਇਸ ਵਾਰ ਦੱਸਿਆ ਗਿਆ ਕਿ ਉਸ ਦਿਨ ਇਨਾਮ ਹਰ ਹਾਲਤ ਵਿਚ ਤਕਸੀਮ ਕਰ ਦਿੱਤੇ ਜਾਣਗੇ. ਮਾਸਟਰ ਨਿਰੰਜਨ ਸਿੰਘ ਨੇ ਹਾਸੇ ਨਾਲ ਕਿਹਾ, "ਮੁੰਡਿਓ, ਏਸ ਵਾਰ ਇਨਾਮ ਵੰਡਣ ਲਈ ਜਰਨੈਲ ਸਾਹਿਬ ਨਹੀਂ ਆ ਰਹੇ. ਥੋਨੂੰ ਇਨਾਮ ਜਰੂਰ ਮਿਲ ਜਾਣਗੇ."
      ਇਨਾਮ ਵੰਡ ਸਮਾਰੋਹ ਤੋਂ ਇਕ ਦਿਨ ਪਹਿਲਾਂ ਸਕੂਲ ਦੀ ਸਫਾਈ ਕਰਵਾਈ ਗਈ. ਸਾਰੇ ਵਿਦਿਆਰਥੀਆਂ ਨੂੰ ਸਾਫ ਕਪੜੇ ਪਾ ਕੇ ਆਉਣ ਲਈ ਕਿਹਾ ਗਿਆ. ਇਨਾਮਯਾਫਤਾ ਪਾੜ੍ਹਿਆਂ ਲਈ ਵਰਦੀਆਂ ਪਾ ਕੇ ਆਉਣ ਦੀ ਤਾਕੀਦ ਕੀਤੀ ਗਈ. ਇਹ ਵੀ ਤਾੜਨਾ ਕਰ ਦਿੱਤੀ ਗਈ ਕਿ ਵਰਦੀ ਤੋਂ ਬਿਨਾਂ ਕਿਸੇ ਨੂੰ ਇਨਾਮ ਨਹੀਂ ਮਿਲੇਗਾ.
       ਬੋਰਡਿੰਗ ਹਾਊਸ ਦੇ ਵੱਡੇ ਕਮਰੇ ਵਿਚ, ਜਿੱਥੇ ਇਨਾਮ ਵੰਡਣ ਦੀ ਕਾਰਵਾਈ ਹੋਣੀ ਸੀ, ਪੂਰੀ ਚਹਿਲ ਪਹਿਲ ਸੀ. ਸਾਨੂੰ ਮੂਹਰਲੀਆਂ ਕਤਾਰਾਂ ਵਿਚ ਬਿਠਾਇਆ ਗਿਆ ਸੀ ਤੇ ਬਾਕੀ ਸਕੂਲ ਦੇ ਮੁੰਡੇ ਸਾਡੇ ਪਿੱਛੇ ਬੈਠੇ ਸਨ. ਸਾਰੇ ਅਧਿਆਪਕ ਪਾਸੀਂ ਕੁਰਸੀਆਂ 'ਤੇ ਬੈਠੇ ਸਨ. ਸਟੇਜ ਉੱਪਰ ਸਕੂਲ ਕਮੇਟੀ ਦੇ ਪ੍ਰਧਾਨ ਡਿਪਟੀ ਅਨੋਖ ਸਿੰਘ, ਹੈਡਮਾਸਟਰ ਕਰਤਾਰ ਸਿੰਘ, ਦੋ ਕੋਈ ਹੋਰ ਅਫਸਰ ਅਤੇ ਇਕ ਉਧੇੜ ਉਮਰ ਦੀ ਔਰਤ ਬੈਠੀ ਸੀ. ਕਹਿੰਦੇ ਸਨ ਕਿ ਇਹ ਕਿਸੇ ਵੱਡੇ ਫੌਜੀ ਅਫਸਰ ਦੇ ਘਰ ਵਾਲੀ ਹੈ. ਸ਼ਾਇਦ ਉਹ ਜਨਰਲ ਮੋਹਣ ਸਿੰਘ ਦੀ ਬੀਵੀ ਹੀ ਹੋਵੇ. 
       ਸਾਰੇ ਇਨਾਮ ਯਾਫਤਾ ਪਾੜ੍ਹਿਆਂ ਨੂੰ ਵਾਰੀ ਵਾਰੀ ਉਸ ਔਰਤ ਹੱਥੋਂ ਇਨਾਮ ਦੁਆਏ ਗਏ. ਹੁਣ ਕੁਝ ਉਹਨਾਂ ਪਾੜ੍ਹਿਆਂ ਨੂੰ ਵੀ ਇਨਾਮ ਦਿੱਤੇ ਗਏ ਜਿਹੜੇ ਧਾਰਮਿਕ ਤੇ ਖੇਡਾਂ ਵਿਚ ਮੋਹਰੀ ਸਨ. ਮੈਂ ਵੀ ਧਾਰਮਿਕ ਵਿਚੋਂ ਪਹਿਲੇ ਦਰਜੇ ਵਿਚ ਆਉਂਦਾ ਸਾਂ ਪਰ ਮੇਰਾ ਨਾਂ ਧਾਰਮਿਕ ਵਾਲਿਆਂ ਵਿਚ ਨਹੀਂ ਸੀ. ਮੈਂ ਆਪਣੀ ਵਾਰੀ 'ਤੇ ਵਰਦੀ ਪਾਈ ਨੰਗੇ ਪੈਰੀਂ ਇਨਾਮ ਲੈਣ ਗਿਆ. ਕਿਸੇ ਦਾ ਮੇਰੇ ਧੂੜ ਅੱਟੇ ਪੈਰਾਂ ਵੱਲ ਧਿਆਨ ਹੀ ਨਹੀਂ ਸੀ ਗਿਆ ਸ਼ਾਇਦ. ਅਖੀਰ ਵਿਚ ਬੋਰਡਿੰਗ ਹਾਊਸ ਦੇ ਸੁਪਰਡੈਂਟ ਤੇ ਅੱਠਵੀਂ ਦੇ ਇਨਚਾਰਜ ਅਧਿਆਪਕ ਮਾਸਟਰ ਨਿਰੰਜਣ ਸਿੰਘ, ਜਿਨ੍ਹਾਂ ਨੂੰ ਅੰਗ੍ਰੇਜ਼ ਸਰਕਾਰ ਨਾਲ ਆਡ੍ਹਾ ਲਾਉਣ ਬਦਲੇ ਡੀ।ਬੀ। ਮਿਡਲ ਸਕੂਲ ਬਾਘਾ ਪੁਰਾਣਾ ਵਿਚੋਂ ਡਿਸਮਿਸ ਕਰ ਦਿੱਤਾ ਜਾਣ ਕਰਕੇ ਉਸ ਨੂੰ ਜਿੰੰਦਾ ਸ਼ਹੀਦ ਕਿਹਾ ਜਾਂਦਾ ਸੀ, ਨੂੰ ਵੀ ਇਨਾਮ ਦਿੱਤਾ ਗਿਆ. ਪਾਸੇ ਬੈਠੇ ਮਾਸਟਰਾਂ ਨੇ ਇਕ ਅਵਾਜ਼ ਵਿਚ ਕਿਹਾ ਕਿ ਉਹ ਆਪਣਾ ਇਨਾਮ ਸਾਰਿਆਂ ਨੂੰ ਖੋਲ੍ਹ ਕੁ ਦਿਖਾਉਣ. ਮਾਸਟਰ ਨਿਰੰਜਨ ਸਿੰਘ ਨੇ ਗੁੱਡੀ ਕਾਗਜ਼ ਲਾਹ ਕੇ ਜਦੋਂ ਡੱਬਾ ਖੋਲ੍ਹਿਆ ਤਾਂ ਉਸ ਵਿਚੋਂ ਇਕ ਚਿੜੀ ਫੁੱਰਰ ਕਰਕੇ ਉਡਾਰੀ ਮਾਰ ਗਈ ਅਤੇ ਸਾਰੇ ਪਾਸੇ ਹਾਸੜ ਮੱਚ ਗਈ. ਜਦੋਂ ਮੈਂ ਆਪਣੇ ਇਨਾਮ ਵਾਲਾ ਡੱਬਾ ਖੋਲ੍ਹਿਅ ਤਾਂ ਉਸ ਵਿਚੋਂ ਦੋ ਪੁਸਤਕਾਂ, ਇਕ ਭਾਈ ਵੀਰ ਸਿੰਘ ਦਾ ਨਾਵਲ 'ਸੁੰਦਰੀ' ਅਤੇ ਇਕ ਪੁਸਤਕ 'ਜੀਵਨ ਕਥਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ' ਸੀ.
       ਸਰਦੀਆਂ ਲਈ ਮੋਟੇ ਮਲੇਸ਼ੀਏ ਦੇ ਕੁਰਤੇ ਪਜਾਮੇ ਸਵਾਉਣ ਦਾ ਮੌਸਮ ਆ ਗਿਆ ਸੀ. ਬੇਬੇ ਕਹਿਣ ਲੱਗੀ, "ਜਰਨੈਲ, ਏਸ ਵਾਰ ਤੈਨੂੰ ਕੋਈ ਲੀੜਾ ਨਈ ਸੰਵਾ ਕੇ ਦੇਣਾ. ਤੂੰ ਆਵਦੀ ਵਰਦੀ ਨਾਲ ਹੀ ਸਿਆਲ ਕੱਢੀਂ." ਮਾਂ ਦਾ ਹੁਕਮ ਸਿਰ ਮੱਥੇ ਮੰਨ ਮੈਂ ਚੁੱਪ ਰਿਹਾ ਤੇ ਸਾਰਾ ਸਿਆਲ ਉਹ ਵਰਦੀ ਪਾ ਕੇ ਅਤੇ ਉਪਰ ਖੇਸ ਦੀ ਬੱਕਲ਼ ਮਾਰ ਕੇ ਸਕੂਲ ਜਾਂਦਾ ਰਿਹਾ. 

    16
    ਰੋਡਿਆਂ ਵਾਲੇ ਕਵੀਸ਼ਰ ਮੋਹਣ ਸਿੰਘ ਦਾ ਡੀਠੀਆ ਵਰਨ ਛੰਦ 

    ਆਪਣੇ ਬਚਪਨ ਦੀਆਂ ਉਹ ਯਾਦਾਂ ਜਿਹੜੀਆਂ ਅਜੇ ਵੀ ਚੇਤਿਆਂ ਦੀ ਸਲੇਟ 'ਤੇ ਉਕਰੀਆਂ ਹੋਈਆਂ ਹਨ, ਇਸ ਤੋਂ ਪਹਿਲਾਂ ਕਿ ਜ਼ਿੰਦਗੀ ਦੇ ਇਸ ਆਖਰੀ ਪੜਾ 'ਤੇ ਇਹ ਚੇਤਿਆਂ ਦੀ ਸਲੇਟ ਤੋਂ ਮਿਟ ਜਾਣ, ਮੈਂ ਸੋਚਿਆ ਕਿ ਕਿਉਂ ਨਾ ਇਨ੍ਹਾਂ ਨੂੰ ਕਲਮ-ਬੰਦ ਕਰ ਲਿਆ ਜਾਵੇ! ਸੋ ਮੈਂ ਆਪਣੇ ਮਨ ਨਾਲ ਫੈਸਲਾ ਕਰ ਕੇ ਲਿਖਣਾ ਆਰੰਭ ਦਿੱਤਾ. ਕੁਝ ਯਾਦਾਂ ਨੂੰ ਕਲਮ-ਬੰਦ ਕਰ ਵੀ ਲਿਆ. ਅਜ਼ਾਦ ਹਿੰਦ ਫੌਜ ਬਣਾਉਣ ਵਾਲੇ ਜਨਰਲ ਮੋਹਣ ਸਿੰਘ ਨਾਲ ਸਬੰਧਤ ਯਾਦ ਨੂੰ ਲਿਖਣ ਲਈ ਮੈਂ ਕੈਨੇਡਾ ਰਹਿੰਦੇ ਆਪਣੇ ਸਕੂਲੀ ਸਾਥੀਆਂ ਨਾਲ ਸੰਪਰਕ ਕੀਤਾ. ਇਸੇ ਸਬੰਧ ਵਿਚ ਅਜਮੇਰ ਰੋਡੇ, ਜਿਹੜਾ ਉਸੇ ਸਕੂਲ ਵਿਚ ਮੈਥੋਂ ਦੋ ਸਾਲ ਪਿੱਛੇ ਪੜ੍ਹਦਾ ਸੀ ਤੋਂ ਪੁੱਛਿਆ, "ਜਦੋਂ ਜਨਰਲ ਮੋਹਣ ਸਿੰਘ ਨੇ ਆਪਣੇ ਸਕੂਲ ਵਿਚ ਫੌਜੀ ਕੈਂਪ ਲਾਇਆ ਸੀ, ਉਸ ਬਾਰੇ ਕੁਝ ਯਾਦ ਹੈ?"
    "ਮੈਂ ਤਾਂ ਉਦੋਂ ਪਿੰਡ ਦੇ ਸਕੂਲ ਵਿਚ ਹੀ ਚੋਥੀ ਪੰਜਵੀਂ ਵਿਚ ਪੜ੍ਹਦਾ ਹੋਵਾਂਗਾ. ਮੈਨੂੰ ਉਸ ਬਾਰੇ ਨਹੀਂ ਯਾਦ. ਬੱਸ ਮੈਨੂੰ ਇੰਨਾ ਪਤਾ ਹੈ ਕਿ ਜਨਰਲ ਮੋਹਣ ਸਿੰਘ ਨੇ ਏਥੇ ਕੋਈ ਕੈਂਪ ਲਾਇਆ ਸੀ।" ਮੇਰੀ ਪੁੱਛ ਦਾ ਉੱਤਰ ਦੇਣ ਦੇ ਨਾਲ ਹੀ ਉਨ੍ਹਾਂ ਮੈਥੋਂ ਪੁੱਛ ਲਿਆ, "ਅਸੀਂ ਵੀ (ਦੋਵੇਂ ਭਰਾ, ਅਜਮੇਰ ਰੋਡੇ ਤੇ ਨਵਤੇਜ ਭਾਰਤੀ) ਆਪਣੇ ਪਿੰਡ ਵਾਲੇ ਮੋਹਣ ਸਿੰਘ ਕਵੀਸ਼ਰ ਦੇ ਜੀਵਨ ਬਾਰੇ ਲਿਖ ਰਹੇ ਹਾਂ. ਜੇ ਤੁਹਾਨੂੰ ਉਸ ਬਾਰੇ ਕੁਝ ਯਾਦ ਹੋਵੇ ਤਾਂ ਦੱਸੋ।"
       ਮੈਨੂੰ ਝਟ ਮੋਹਣ ਸਿੰਘ ਦੇ ਜੱਥੇ ਕੋਲੋਂ, ਆਪਣੇ ਬਚਪਨ ਵਿਚ ਸੁਣੀ ਕਵਿਸ਼ਰੀ ਦਾ ਕਿੱਸਾ ਯਾਦ ਆ ਗਿਆ. ਉਹਨਾਂ ਸਮਿਆਂ ਵਿਚ ਸਾਡੇ ਇਲਾਕੇ ਦੇ ਦੋ ਗਵੰਤਰੀ ਬੜੇ ਮਸ਼ਹੂਰ ਸਨ. ਇਕ ਸੀ ਸਿਬੀਆਂ ਸੋਢੀਆਂ ਦਾ ਕਰਮ ਸਿੰਘ ਜੋਗੀ. ਜਿਸ ਬਾਰੇ ਇਕ ਵਿਅੰਗ ਮਸ਼ਹੂਰ ਸੀ, "ਕੋਈ 'ਨੰਦ ਪੜ੍ਹਾ ਲਓ ਜੀ ਬੀਬੀਓ, ਆਇਆ ਕਰਮ ਸਿਉਂ ਜੋਗੀ." ਉਹ ਹਾਰਮੋਨੀਅਮ 'ਤੇ ਗਾਇਆ ਕਰਦੇ ਸਨ. ਉਂਜ ਉਹ ਬਹੁਤਾ ਕੀਰਤਨ ਹੀ ਕਰਿਆ ਕਰਦੇ ਸਨ. ਬਾਅਦ ਵਿਚ ਉਹਨਾਂ ਦਾ ਲੜਕਾ ਗੁਰਦੇਵ ਸਿੰਘ ਜੋਗੀ ਢੱਡ ਸਾਰੰਗੀ 'ਤੇ ਗਾਉਣ ਲੱਗਾ ਸੀ. ਦੂਜੇ ਗਵੱਈਏ ਸਨ ਰੋਡਿਆਂ ਵਾਲੇ ਮੋਹਣ ਸਿੰਘ ਕਵੀਸ਼ਰ. ਜੇ ਕਿਸੇ ਸਧਾਰਨ ਜਿਹੇ ਕਵੀਸ਼ਰੀ ਜੱਥੇ ਨੇ ਪਿੰਡ ਵਿਚ ਆ ਕੇ ਕਵੀਸ਼ਰੀ ਕਰਨੀ ਤਾਂ ਉਹਨਾਂ ਨੂੰ ਲੋਕਾਂ ਨੇ ਕਹਿਣਾ, "ਹੂੰਅ! ਪਿੰਗਲ ਦਾ ਪਤਾ ਨਈਂ ਤੇ ਰੀਸ ਕਰਦੇ ਐ ਰੋਡਿਆਂ ਆਲੇ ਮੋਹਣ ਸਿਉਂ ਕਵੀਸ਼ਰ ਦੀ।" ਜਾਂ ਜੇ ਕਿਸੇ ਨੇ ਬਹੁਤ ਚੰਗਾ ਗਾਉਣਾ ਤਾਂ ਕਹਿਣਾ। "ਬਈ, ਆਹ ਤਾਂ ਸਗਵਾਂ ਈ ਰੋਡਿਆਂ ਵਾਲੇ ਮੋਹਣ ਸਿਉਂ ਦਾ ਕਵੀਸ਼ਰੀ ਜੱਥਾ ਐ।" 
       ਮੈਂ ਉਹਨਾਂ ਦੋਹਾਂ ਬਾਰੇ ਸੁਣਿਆ ਹੀ ਸੀ. ਨਾ ਮੈਂ ਉਹਨਾਂ ਨੂੰ ਗਾਉਂਦਿਆਂ ਸੁਣਿਆ ਸੀ ਅਤੇ ਨਾ ਹੀ ਦੇਖਿਆ ਸੀ. ਉਦੋਂ ਤੀਜੀ ਚੌਥੀ ਵਿਚ ਪੜ੍ਹਦਾ ਹੋਵਾਂਗਾ, ਜਦੋਂ ਮੋਹਣ ਸਿੰਘ ਦੇ ਜੱਥੇ ਨੂੰ ਦੇਖਣ ਤੇ ਸੁਣਨ ਦਾ ਸਬੱਬ ਬਣਿਆ.
       ਅੱਸੂ ਦਾ ਮਹੀਨਾ ਸੀ. ਸਾਡੇ ਅਗਵਾੜ ਦੀ ਧਰਮਸ਼ਾਲਾ ਵਿਚ ਜੰਝ ਦਾ ਉਤਾਰਾ ਹੋਣਾ ਸੀ. ਜੰਝ ਆਉਣ ਤੋਂ ਪਹਿਲਾਂ ਹੀ ਪਿੰਡ ਵਿਚ ਪਤਾ ਲੱਗ ਗਿਆ ਸੀ ਕਿ ਜੰਝ ਨਾਲ ਰੋਡਿਆਂ ਵਾਲੇ ਮੋਹਣ ਸਿੰਘ ਦਾ ਕਵੀਸ਼ਰੀ ਜੱਥਾ ਵੀ ਆਉਣਾ ਹੈ. ਜੰਝ ਆਉਣ ਤੋਂ ਪਹਿਲਾਂ ਹੀ ਮੁੰਡੀਰ ਧਰਮਸ਼ਾਲਾ ਦੇ ਸਾਹਮਣੇ ਖੂਹ ਕੋਲ ਇਕੱਠੀ ਹੋ ਗਈ, ਜਿਨ੍ਹਾਂ ਵਿਚ ਮੈਂ ਵੀ ਇਕ ਸੀ. ਜੰਝ ਘੋੜੀਆਂ, ਬੋਤਿਆਂ ਉੱਤੇ ਅਤੇ ਪੈਦਲ ਇਕੱਠੀ ਹੀ ਧਰਮਸ਼ਾਲਾ ਕੋਲ ਆਈ, ਨਾਲ ਇਕ ਰੱਥ ਵੀ ਸੀ. ਰੱਥ ਲੰਬਰਦਾਰ ਅਨੋਖ ਸਿੰਘ ਦੇ ਵਲਗਣੇ ਵਿਚ ਖੜ੍ਹਾ ਕਰ ਦਿੱਤਾ ਗਿਆ. ਕੁਝ ਜਾਂਝੀ ਅਰਾਮ ਨਾਲ ਬਿਸਤਰਿਆਂ ਉਪਰ ਬਿਰਾਜਮਾਨ ਹੋ ਗਏ ਅਤੇ ਕੁਝ ਆਪਣੇ ਘੋੜੇ ਘੋੜੀਆਂ, ਬੋਤੇ ਬੋਤੀਆਂ ਉਪਰ ਬੈਠੇ ਹੀ ਅਗਾਂਹ ਲੰਘ ਗਏ ਅਤੇ ਸਾਰੇ ਪਿੰਡ ਦਾ ਗੇੜਾ ਕੱਢ ਕੇ ਵਾਪਸ ਆਏ. ਇਸ ਰਸਮ ਨੂੰ 'ਪਿੰਡ ਵਲ਼ਣਾ' ਕਿਹਾ ਜਾਂਦਾ ਸੀ. ਅਗਵਾੜ ਦੇ ਕੁਝ ਬੰਦੇ ਜਾਂਝੀਆਂ ਦੇ ਪਸ਼ੂਆਂ ਨੂੰ ਫੜ ਕੇ ਆਪੋ ਆਪਣੇ ਘਰੀਂ ਲੈ ਗਏ. ਜਾਂਝੀ ਆਪਣੇ ਨਹਾਉਣ ਧੋਣ ਵਿਚ ਰੁੱਝ ਗਏ ਪਰ ਮੋਹਣ ਸਿੰਘ ਦਾ ਜੱਥਾ ਸਾਨੂੰ ਕਿਤੇ ਨਾ ਦਿਸਿਆ. ਪੁੱਛਣ 'ਤੇ ਪਤਾ ਲੱਗਾ ਕਿ ਉਹਨਾਂ ਨੇ ਕੱਲ੍ਹ ਨੂੰ ਦੁਪਹਿਰ ਦੀ ਰੋਟੀ ਤੋਂ ਮਗਰੋਂ ਦਿਵਾਨ ਲਾਉਣਾ ਹੈ. ਮਾਯੂਸ ਹੋ ਕੇ ਸਾਰੀ ਮੁੰਡੀਰ ਘਰੋ ਘਰੀਂ ਤੁਰ ਗਈ.
       ਅਗਲੇ ਦਿਨ ਜਦੋਂ ਸਾਰੀ ਛੁੱਟੀ ਮਗਰੋਂ ਅਸੀਂ ਸਕੂਲੋਂ ਘਰਾਂ ਨੂੰ ਆਏ ਤਾਂ ਕਵੀਸਰੀ ਜੱਥੇ ਦੇ ਬੋਲ ਸਾਡੇ ਕੰਨੀਂ ਪਏ. ਅਸੀਂ ਉੱਥੋਂ ਹੀ ਛਾਲਾਂ ਚੁੱਕ ਦਿੱਤੀਆਂ ਅਤੇ ਘਰੇ ਫੱਟੀ ਬਸਤਾ ਰੱਖ, ਬਿਨਾਂ ਕੁਝ ਖਾਧੇ ਪੀਤੇ ਹੀ ਧਰਮਸ਼ਾਲਾ ਆ ਗਏ. ਧਰਮਸ਼ਾਲਾ ਦੇ ਅੰਦਰ ਤੇ ਬਾਹਰ ਚੌਗਾਨ ਵਿਚ ਕਿਤੇ ਬੈਠਣ ਨੂੰ ਵੀ ਥਾਂ ਨਹੀਂ ਸੀ. ਬਹੁਤੇ ਲੋਕ ਬਾਹਰ ਖੂਹ ਦੇ ਕੋਲ ਬੈਠੇ ਕਵੀਸ਼ਰੀ ਸੁਣ ਰਹੇ ਸਨ. ਮੈਨੂੰ ਬਾਹਰੋਂ ਕੁਝ ਨਹੀਂ ਸੀ ਦਿਸ ਰਿਹਾ. ਮੈਂ ਤੇ ਇਕ ਹੋਰ ਮੁੰਡਾ ਧੁੱਸ ਦੇ ਕੇ ਧਰਮਸ਼ਾਲਾ ਅੰਦਰ ਚਲੇ ਗਏ. ਬਹੁਤ ਸਾਰੇ ਬੰਦੇ ਕੰਧ ਨਾਲ ਲੱਗੇ ਖੜ੍ਹੇ ਸਨ. ਅਸੀਂ ਵੀ ਉਹਨਾਂ ਦੇ ਕੋਲ ਖੜ੍ਹ ਗਏ. ਮੈਂ ਦੇਖਿਆ, ਸਾਰੇ ਮੰਜੇ ਧਰਮਸ਼ਾਲਾ ਦੇ ਕਮਰੇ ਅੰਦਰ ਰੱਖ ਦਿੱਤੇ ਗਏ ਸਨ. ਬਾਹਰ ਪੱਟੀਆਂ ਵਛਾਈਆਂ ਹੋਈਆਂ ਸਨ. ਮੂਹਰਲੀਆਂ ਪੱਟੀਆਂ ਉਪਰ ਖੱਦਰ ਦੀਆਂ ਚਾਦਰਾਂ ਵਿਛੀਆਂ ਹੋਈਆਂ ਸਨ, ਜਿਨ੍ਹਾਂ ਉਪਰ ਜਾਂਝੀ ਬੈਠੇ ਸਨ. ਉਹਨਾਂ ਦੇ ਪਿੱਛੇ ਬਹੁਤ ਸਾਰੇ ਪਿੰਡ ਦੇ ਲੋਕ ਬੈਠੇ ਸਨ. ਪਾਣੀ ਵਾਲਾ ਕੜਾਹਾ ਖੂੰਜੇ ਵਿਚ ਟੇਢਾ ਕਰ ਕਰੇ ਰੱਖ ਦਿੱਤਾ ਗਿਆ ਸੀ. ਸਾਹਮਣੀ ਕੰਧ ਕੋਲ ਇਕ ਛੋਟਾ ਜਿਹਾ ਮੇਜ਼ ਰੱਖਿਆ ਹੋਇਆ ਸੀ ਅਤੇ ਉਸ ਦੇ ਪਿੱਛੇ ਖੜ੍ਹੇ ਤਿੰਨ ਬੰਦੇ ਕਵੀਸ਼ਰੀ ਸੁਣਾ ਰਹੇ ਸਨ. ਇਕ ਥੋੜਾ ਜਿਹਾ ਭਾਰੇ ਸਰੀਰ ਦਾ, ਜਿਸ ਦੇ ਸਫੇਦ ਕਮੀਜ਼ ਪਜਾਮਾ ਪਾਇਆ ਹੋਇਆ ਸੀ ਤੇ ਨੀਲੀ ਪੱਗ ਬੰਨ੍ਹੀ ਹੋਈ ਸੀ. ਦਾਹੜੀ ਕਰੜ ਬਰੜੀ ਸੀ. ਦੂਸਰੇ ਦੋਵੇਂ ਪਤਲੇ ਸਰੀਰ ਦੇ, ਕਾਲੀਆਂ ਦਾਹੜੀਆਂ ਵਾਲੇ ਸਨ. ਕਪੜੇ ਉਹਨਾ ਦੇ ਵੀ ਸਫੇਦ ਤੇ ਪੱਗਾਂ ਨੀਲੀਆਂ ਸਨ. ਭਾਰੇ ਸਰੀਰ ਵਾਲਾ ਕੋਈ ਵਖਿਆਨ ਕਰ ਰਿਹਾ ਸੀ. ਉਹ ਸ਼ਾਹਣੀ ਕੌਲਾਂ ਦੀ ਹਾਲਤ ਬਾਰੇ ਕੁਝ ਕਹਿ ਰਿਹਾ ਸੀ. ਮੈਂ ਆਪਣੇ ਨਾਲ ਦੇ ਸਾਥੀ ਤੋਂ ਪੁੱਛ ਲਿਆ, "ਇਹਨਾਂ 'ਚੋਂ ਰੋਡਿਆਂ ਆਲਾ ਮੋਹਣ ਸਿਉਂ ਕਿਹੜੈ?"
    "ਅਹੁ ਜਿਹੜਾ ਬੋਲਦੈ।" ਮੇਰੇ ਨਾਲ ਖੜ੍ਹੇ ਬੰਦੇ ਨੇ ਕਿਹਾ. 
       ਵਖਿਆਨ ਕਰਨ ਮਗਰੋਂ ਉਸ ਨੇ ਤੋੜਾ ਝਾੜਿਆ, "ਦੱਸੀਂ ਖਾਂ ਪਾਰਸਾ, ਕੌਲਾਂ ਆਪਣੀ ਮਾਂ ਨੂੰ ਚਿੱਠੀ ਵਿਚ ਕੀ ਲਿਖਦੀ ਐ।" ਫਿਰ ਪਾਰਸ ਨੇ ਉੱਚੀ ਹੇਕ ਚੁੱਕ ਲਈ ਸੀ ਤੇ ਕੋਈ ਦੋਹਿਰਾ ਸੁਣਾਇਆ ਸੀ. ( ਬਹੁਤ ਚਿਰ ਮਗਰੋਂ ਮੈਨੂੰ ਪਤਾ ਲੱਗਾ ਕਿ ਇਹ ਪਾਰਸ, ਕਰਨੈਲ ਸਿੰਘ ਪਾਰਸ ਰਾਮੂਵਾਲੀਆਂ ਸੀ) ਫਿਰ ਉਹ ਕਵੀਸ਼ਰੀ ਗਾਉਣ ਲੱਗੇ ਸਨ. ਇਕ ਪਹਿਲਾਂ ਬੋਲਦਾ ਤੇ ਦੋ ਜਣੇ ਮਗਰੋਂ. ਉਹਨਾਂ ਦਾ ਗਾਉਣਾ ਤੇ ਬੋਲਣਾ ਚੰਗਾ ਚੰਗਾ ਲੱਗ ਰਿਹਾ ਸੀ. ਪਰ ਉਹਨਾਂ ਕੀ ਗਾਇਆ ਸੀ ਕੁਝ ਵੀ ਯਾਦ ਨਹੀਂ ਰਿਹਾ. ਹਾਂ, ਅਖੀਰ ਵਿਚ ਮੋਹਣ ਸਿੰਘ ਨੇ ਕਿਹਾ ਸੀ, "ਅਹਿ ਅਖੀਰਲਾ ਡੀਠੀਆ ਵਰਣ ਛੰਦ ਸੁਣਾ ਕੇ ਦਿਵਾਨ ਦੀ ਸਮਾਪਤੀ ਕਰਾਂਗੇ।"
       ਇਹ ਡੀਠੀਆ ਵਰਣ ਹੀ ਸੀ ਜਿਹੜਾ ਅੱਜ ਤੱਕ ਨਹੀਂ ਭੁੱਲਾਇਆ ਜਾ ਸਕਿਆ, ਭਾਵੇਂ ਕਿ ਉਹਨਾਂ ਦੀ ਕਵਿਤਾ ਦਾ ਇਕ ਵੀ ਬੋਲ ਯਾਦ ਨਹੀਂ. ਪਰ ਉਹਨਾਂ ਕਿਹਨੂੰ ਕੀ ਕਿਹਾ ਸੀ ਤੇ ਕੀ ਕੀ ਗਿਣਾਇਆ ਸੀ ਉਹਦੇ ਵਿਚੋਂ ਬਹੁਤ ਕੁਝ ਯਾਦ ਹੈ. ਮੋਹਣ ਸਿੰਘ ਤੇ ਪਾਰਸ ਹੀ ਗਾ ਰਹੇ ਸਨ, ਤੀਜਾ ਬੰਦਾ ਨਹੀਂ ਸੀ ਗਾ ਰਿਹਾ, ਉਹ ਉਹਨਾਂ ਕੋਲ ਇਕ ਪਾਸੇ ਖੜ੍ਹਾ ਰਿਹਾ ਸੀ. ਪਹਿਲਾਂ ਪਾਰਸ ਨੇ ਵਿਆਂਹਦੜ ਦੀ ਟੌਰੇ ਵਾਲੀ ਪੱਗ, ਕੈਂਠਾ ਤੇ ਚਾਦਰੇ ਦੇ ਰੰਗਾਂ ਨੂੰ ਸਲਾਹਿਆ ਤੇ ਫਿਰ ਮੋਹਣ ਸਿੰਘ ਨੇ ਉਸ ਦੇ ਬਾਪ ਦੇ ਕਪੜਿਆ ਦੇ ਰੰਗਾਂ ਦਾ ਵਰਨਣ ਕੀਤਾ. ਟੇਢੇ ਪਏ ਕੜਾਹੇ ਨੂੰ ਦੇਖ ਕੇ ਪਾਰਸ ਨੇ ਆਪਣੇ ਬੰਦ ਵਿਚ ਦੱਸਿਆ ਕਿ ਕੜਾਹਾ ਤਾਂ ਮੂਧਾ ਮਾਰਿਆ ਪਿਐ ਤੇ ਜਾਂਝੀ ਅੱਜ ਰਾਤ ਨੂੰ ਨਹਾਉਣ ਲਈ ਪਾਣੀ ਕਿੱਥੋਂ ਲੈਣਗੇ? ਮੋਹਣ ਸਿੰਘ ਨੇ ਕੰਧ ਉਪਰ ਬੈਠਿਆਂ ਨੂੰ ਠਿੱਠ ਕਰਦਾ ਬੰਦ ਸੁਣਾਇਆ ਤਾਂ ਸਾਰੇ ਕੰਧ ਤੋਂ ਛਾਲਾਂ ਮਾਰ ਕੇ ਥੱਲੇ ਉਤਰ ਗਏ. ਪਾਰਸ ਨੇ ਪਿੱਪਲ 'ਤੇ ਚੜ੍ਹੇ ਮੁੰਡਿਆਂ ਉਪਰ ਬੰਦ ਸੁਣਾ ਦਿੱਤਾ.
    ਮੋਹਣ ਸਿੰਘ ਨੂੰ ਇਕ ਤੀਵੀਂ ਖੂਹ ਤੋਂ ਪਾਣੀ ਦਾ ਘੜਾ ਲਈ ਜਾਂਦੀ ਦਿਸੀ ਤਾਂ ਉਸ ਨੇ ਬੰਦ ਜੋੜ ਲਿਆ ਕਿ ਪਤਾ ਨਹੀਂ ਇਹਨਾਂ ਦੇ ਘਰ ਕਿਹੜੀ ਔਕੜ ਆਈ ਹੈ ਜੋ ਇਹ ਐਨੇ ਇਕੱਠ ਵਿਚ ਵੀ ਪਾਣੀ ਭਰ ਕੇ ਲੈ ਜਾ ਰਹੀ ਹੈ. 
       ਉਸੇ ਵੇਲ਼ੇ ਇਕ ਕਿਸਾਨ ਰਾਹ ਵਿਚਦੀ ਹਲਨਾੜੀ ਲਈ ਜਾ ਰਿਹਾ ਸੀ. ਪਾਰਸ ਨੇ ਬੰਦ ਸੁਣਾ ਦਿੱਤਾ ਕਿ ਪਿੰਡ ਸਾਰਾ ਕਵੀਸ਼ਰੀ ਸੁਣਨ ਲਈ ਆਇਆ ਹੋਇਐ, ਪਤਾ ਨਹੀਂ ਇਹਦੀ ਕਿਹੜੀ ਵੱਤਰ ਸੁਕਦੀ ਸੀ ਜਿਹੜਾ ਇਹ ਹਲ਼ ਜੋੜ ਕੇ ਖੇਤਾਂ ਨੂੰ ਚਲਾ ਗਿਆ. ਜੇ ਕੋਲੋਂ ਦੀ ਕੋਈ ਗੱਡਾ ਲੰਘਦਾ ਦੇਖ ਲਿਆ ਤਾਂ ਉਸ 'ਤੇ ਸ਼ਿਅਰ ਜੋੜ ਲਿਆ, ਜੇ ਕੋਈ ਪੱਠਿਆਂ ਦੀ ਭਰੀ ਲੈ ਕੇ ਲੰਘਿਆ ਤਾਂ ਉਸ ਉਪਰ ਬੰਦ ਜੋੜ ਕੇ ਸੁਣਾ ਦਿੱਤਾ. ਜਾਂਝੀਆਂ ਵਿਚੋਂ ਕੋਈ ਚੋਰੀ ਸ਼ਰਾਬ ਪੀ ਰਿਹਾ ਦੇਖ ਲਿਆ ਤਾਂ ਉਸ ਉਪਰ ਸ਼ਿਅਰ ਬਣ ਗਿਆ. ਉਹ ਜਿਹੜੀ ਵੀ ਚੀਜ਼ ਨੂੰ ਦੇਖ ਲੈਂਦੇ ਉਸ ਉਪਰ ਮਿਸਰਾ ਜੋੜ ਲੈਂਦੇ. ਉਹਨਾਂ ਦੇ ਮਿਸਰਿਆਂ ਵਿਚ ਵਿਅੰਗ ਤੇ ਹਾਸੇ ਦੇ ਕਣ ਸਨ. ਸਭ ਹੱਸਦੇ ਰਹੇ ਕਿਸੇ ਗੁੱਸਾ ਨਹੀਂ ਮਨਾਇਆ. ਇਸ ਤਰ੍ਹਾਂ ਕੋਈ ਅੱਧਾ ਘੰਟਾ ਉਹ ਡੀਠ ਵਰਣ ਛੰਦ ਸੁਣਾਉਂਦੇ ਰਹੇ. ਕਿਸੇ ਥਾਂ 'ਤੇ ਉਹ ਅਟਕੇ ਨਹੀਂ, ਕਿਤੇ ਉਹਨਾਂ ਦੇ ਛੰਦਾਂ ਵਿਚ ਤੁਕਾਂ ਦੀ ਵਾਧ ਘਾਟ ਨਹੀਂ ਹੋਈ. ਇਸ ਤਰ੍ਹਾਂ ਜਾਪਦਾ ਸੀ ਜਿਵੇਂ ਇਹ ਬਹੁਤ ਪਹਿਲਾਂ ਲਿਖ ਕੇ ਰੱਟਾ ਲਾਇਆ ਹੋਵੇ ਪਰ ਇਹ ਸਹੀ ਨਹੀਂ ਸੀ. ਉਹ ਮੌਕੇ ਤੇ ਮਾਹੌਲ ਅਨੁਸਾਰ, ਉਸੇ ਵੇਲੇ ਜੋੜ ਕੇ ਸੁਣਾ ਰਹੇ ਸਨ. ਇਸ ਤਰ੍ਹਾਂ ਦਾ ਡੀਠ ਵਰਣ ਮੈਂ ਉਹਨਾਂ ਕੋਲੋਂ ਹੀ ਪਹਿਲੀ ਵਾਰ ਸੁਣਿਆ ਸੀ. ਉਸ ਮਗਰੋਂ ਕਿਸੇ ਸ਼ਾਇਰ ਜਾਂ ਕਵੀਸ਼ਰ ਕੋਲੋਂ ਫਿਰ ਨਹੀਂ ਸੁਣਿਆ. ਇਸੇ ਕਰਕੇ ਇਹ ਮੇਰੇ ਚੇਤੇ ਦੀ ਚੰਗੇਰ ਵਿਚੋਂ ਵਿਸਰਿਆ ਨਹੀਂ.