ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਦੀ ਕਾਵਿ ਸ਼ਾਮ ਦਾ ਵਿਲੱਖਣ ਅੰਦਾਜ਼ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਦਸੂਹਾ ਸਾਹਤਿ ਸਭਾ ਦੀ ਮਾਸਕਿ ਇਕੱਤਰਤਾ ਹੋਈ / ਸਾਹਿਤ ਸਭਾ ਦਸੂਹਾ
  •    ਪੰਜਾਬੀ ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    'ਦਸ ਦਰਵਾਜ਼ੇ' ਦੀ ਘੁੰਡ ਚੁਕਾਈ ਤੇ ਹਰਜੀਤ ਅਟਵਾਲ ਦਾ ਸਨਮਾਨ / ਸਾਹਿਤ ਸਭਾ ਮੋਗਾ
  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਚੇਤਿਆਂ ਦੀ ਚਿਲਮਨ - ਕਿਸ਼ਤ 9 (ਸਵੈ ਜੀਵਨੀ )

    ਜਰਨੈਲ ਸਿੰਘ ਸੇਖਾ    

    Email: Jarnailsinghsekha34@gmail.com
    Phone: +1 778 246 1087
    Address: 7242 130 A Street
    Surrey British Columbia Canada V3W 6E9
    ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    17
    ਔਤ ਦਾ ਧੱਕਾ
     'ਗਰੀਬ ਦੀ ਤਾਂ ਕੰਨੀ 'ਤੇ ਚਰਦੀ ਹੈ', ਪੰਜਾਬੀ ਦੀ ਇਕ ਅਖਾਉਤ ਹੈ. ਇਹ ਅਖਾਉਤ ਸਾਡੀ ਗੁਆਂਢਣ ਬੁੜ੍ਹੀ, ਜਿਸ ਨੂੰ ਅਸੀਂ ਅੰਮਾਂ ਜੁਆਲੀ ਕਹਿ ਕੇ ਬੁਲਾਉਂਦੇ ਸੀ, ਨੇ ਉਦੋਂ ਵਰਤੀ ਸੀ ਜਦੋਂ ਸਾਡੀ ਸੱਜਰ ਸੂਈ ਮੁਰਾ ਨਸਲ ਦੀ, ਕੁੰਢੇ ਸਿੰਗਾਂ ਵਾਲੀ, ਕਾਲ਼ੀ ਮੱਝ ਖੁਰਲੀ 'ਤੇ ਖੜ੍ਹੀ ਖੜ੍ਹੀ ਡਿੱਗ ਕੇ ਪਰਾਣ ਤਿਆਗ ਗਈ ਸੀ.
       ਮੋਈ ਹੋਈ ਮੱਝ ਨੂੰ ਵਗਾਰੀ ਧੂਹ ਘਸੀਟ ਕੇ ਘਰ 'ਚੋਂ ਬਾਹਰ ਲੈ ਜਾ ਰਹੇ ਸਨ ਅਤੇ ਮੇਰੀ ਮਾਂ ਖੁਰਲੀ 'ਤੇ ਬੈਠੀ ਧਾਹਾਂ ਮਾਰ ਮਾਰ ਰੋਂਦੀ ਹੋਈ ਵੈਣ ਪਾ ਰਹੀ ਸੀ, "ਪਤਾ ਨਈਂ ਕਿਹੜੇ ਚੰਦਰੇ ਦੀਆਂ ਨਜਰਾਂ ਨੇ ਖਾ ਲਿਆ ਮੇਰੀਆਂ ਹਥਨੀਆਂ ਵਰਗੀਆਂ ਮਹੀਆਂ ਨੂੰ।"
       ਅੰਮਾ ਜੁਆਲੀ ਨੂੰ ਉਸ ਦੀ ਨੂੰਹ ਨੇ ਸਾਡੀ ਮੱਝ ਦੇ ਮਰ ਜਾਣੇ ਬਾਰੇ ਦੱਸ ਦਿੱਤਾ ਸੀ ਤੇ ਉਹ ਸਾਡੇ ਘਰ ਆ ਕੇ ਮਾਂ ਨੂੰ ਦਿਲਾਸਾ ਦਿੰਦੀ ਹੋਈ ਕਹਿ ਰਹੀ ਸੀ, "ਪਰਤਾਪੀ, ਗਰੀਬ ਦੀ ਤਾਂ ਕੰਨੀ 'ਤੇ ਚਰਦੀ ਹੁੰਦੀ ਐ. ਉਹ ਡਾਢਾ ਵੀ ਗਰੀਬਾਂ ਦੇ ਈ ਇਨਤਿਹਾਨ ਲੈਂਦੈ. ਤੂੰ ਉਹਦਾ ਭਾਣਾ ਮੰਨ।" 
    "ਅੰਮਾਂ ਜੀ, ਤਿੰਨਾਂ ਮੀਨ੍ਹਿਆਂ 'ਚ ਸਾਡੀ ਤਾਂ ਦੂਜੀ ਵਾਰ ਖੁਰਲੀ ਖਾਲੀ ਹੋ ਗੀ. ਅਜੇ ਤਾਂ ਮੈਨੂੰ ਪੰਜ ਕਲਿਆਣੀ ਨਹੀਂ ਸੀ ਭੁੱਲੀ, ਉੱਤੋਂ ਇਹ ਭਾਣਾ ਵਰਤ ਗਿਆ. ਜੁਆਕਾਂ ਦੇ ਮੂੰਹਾਂ 'ਚੋਂ ਦੁੱਧ ਦੀ ਛਿੱਟ ਖੋਹ ਲਈ ਕਿਸੇ ਦੋਖੀ ਨੇ।"
       ਤਿੰਨ ਕੁ ਮਹੀਨੇ ਪਹਿਲਾਂ ਵੀ ਸਾਡੀ ਇਕ ਮੱਝ ਮਰ ਗਈ ਸੀ. ਉਸ ਦਾ ਰੰਗ ਕਾਲ਼ਾ ਤੇ ਸਿੰਗ ਦਾਤੀ ਵਾਂਗ ਮੁੜੇ ਹੋਏ ਸਨ. ਮੱਥਾ ਤੇ ਚਾਰੇ ਪੈਰ ਸਫੇਦ ਹੋਣ ਕਰਕੇ ਉਸ ਨੂੰ ਪੰਜ ਕਲਿਆਣੀ ਕਹਿੰਦੇ ਸਨ. ਦੋਹਾਂ ਮੱਝਾਂ ਦੀ ਮੌਤ ਇਕੋ ਢੰਗ ਨਾਲ ਹੋਈ ਸੀ. ਦੋ ਮੱਝਾਂ ਦਾ ਅੱਗੜ ਪਿੱਛਾੜੀ ਮਰ ਜਾਣਾ ਮੇਰੇ ਬਾਪ ਕੋਲੋਂ ਵੀ ਬਰਦਾਸ਼ਤ ਨਹੀਂ ਸੀ ਹੋ ਰਿਹਾ. ਉਹ ਵੀ ਪਰ੍ਹਾਂ ਨਲਕੇ ਕੋਲ ਮੰਜੀ ਤੇ ਮੂੰਹ ਲਟਕਾਈ ਬੈਠਾ ਸੀ. ਮੂੰਹ ਸਾਡੇ ਸਾਰੇ ਬੱਚਿਆਂ ਦੇ ਵੀ ਲਟਕੇ ਹੋਏ ਸਨ ਕਿਉਂਕਿ ਜਿਹੜਾ ਹੁਣ ਤਾਈਂ ਸਾਨੂੰ ਦੁੱਧ ਦਾ ਇਕ ਇਕ ਪਲ਼ਾ ਮਿਲਦਾ ਸੀ, ਉਹ ਨਹੀਂ ਸੀ ਮਿਲਿਆ ਕਰਨਾ. ਵਗਾਰੀਆਂ ਦੇ ਮੱਝ ਨੂੰ ਘਰੋਂ ਲੈ ਜਾਣ ਮਗਰੋਂ ਮੇਰਾ ਬਾਪ ਤਾਂ ਦਾਤੀ ਲੈ ਕੇ ਖੇਤ ਨੂੰ ਚਲਾ ਗਿਆ ਸੀ ਪਰ ਅਸੀਂ ਮਸੋਸੇ ਜਿਹੇ ਮੰਜਿਆਂ ਉਪਰ ਬੈਠੇ ਆਪਣੀ ਮਾਂ ਵੱਲ ਦੇਖੀ ਜਾ ਰਹੇ ਸੀ. ਹੁਣ ਅੰਮਾਂ ਜੁਆਲੀ ਮਾਂ ਨੂੰ ਕਹਿ ਰਹੀ ਸੀ, "ਭਾਈ, ਏਥੋਂ ਦੀ ਉੱਗੂ ਨੰਘਿਆ ਹੋਊ, ਜੀਹਦਾ ਪਰਛਾਵਾਂ ਥੋਡੀ ਮੈਂਹਿ ਉੱਤੇ ਪੈ ਗਿਆ ਹੋਣੈ!" 
       ('ਉੱਗੂ' ਇਕ ਕਲਪਤ ਪੰਛੀ ਹੈ, ਜਿਸ ਨੂੰ ਕਿਸੇ ਨੇ ਕਦੀ ਨਹੀਂ ਦੇਖਿਆ ਪਰ ਡੰਗਰਾਂ ਦੀਆਂ ਬਿਮਾਰੀਆਂ ਤੋਂ ਅਣਜਾਣ ਲੋਕਾਂ ਵਿਚ ਵਹਿਮ ਸੀ ਕਿ ਜਿਸ ਪਸ਼ੂ ਉਪਰੋਂ ਦੀ ਉਹ ਉੱਡ ਕੇ ਲੰਘ ਜਾਵੇ ਤਾਂ ਉਸ ਦੀ ਉਸੇ ਵਕਤ ਹੀ ਮੌਤ ਹੋ ਜਾਂਦੀ ਹੈ.)
       ਜਾਪਦਾ ਇਹ ਸੀ ਜਿਵੇਂ ਮੇਰੀ ਮਾਂ ਦੇ ਮਨ ਵਿਚ ਉੱਗੂ ਦੇ ਵਹਿਮ ਨਾਲੋਂ ਇਹ ਵਹਿਮ ਬਹੁਤਾ ਘਰ ਕਰ ਗਿਆ ਹੋਵੇ ਕਿ ਕਿਸੇ ਦੋਖੀ ਦੀ ਬੁਰੀ ਨਜ਼ਰ ਲੱਗ ਜਾਣ ਕਾਰਨ ਮੱਝਾਂ ਦੀ ਮੌਤ ਹੋਈ ਹੈ. ਤੇ ਉਸ ਨੇ ਅੰਮਾਂ ਜੁਆਲੀ ਅੱਗੇ ਆਪਣਾ ਸ਼ੱਕ ਵੀ ਪ੍ਰਗਟ ਕਰ ਦਿੱਤਾ ਸੀ, "ਅੰਮਾਂ ਜੀ, ਅੱਜ ਸਵੇਰੇ ਜਦੋਂ ਮੁੰਡਾ ਸੂਏ ਤੋਂ ਪਾਣੀ ਪਿਆ ਕੇ ਘਰ ਨੂੰ ਆਉਂਦਾ ਸੀ ਤਾਂ ਬਖਤਾ ਪੱਤੀ ਵਾਲਾ ਆਂਡਲ ਮੰਹਿ ਵੱਲ ਝਾਕ ਕੇ ਨੰਘਿਆ ਸੀ. ਮੈਨੂੰ ਤਾਂ ਲਗਦੈ ਬਸ ਉਸੇ ਦੀ ਨਜ਼ਰ ਲੱਗੀ ਹੋਣੀ ਐ।" 
    "ਜਦੋਂ ਤੈਨੂੰ ਪਤਾ ਲੱਗ ਗਿਆ ਸੀ ਤਾਂ ਫੇਰ ਤੂੰ ਓਸੇ ਵੇਲ਼ੇ ਓਸ ਦੇ ਪੈਰਾਂ ਦੀ ਮਿੱਟੀ ਚੱਕ ਕੇ ਚੁੱਲ੍ਹੇ ਵਿਚ ਕਿਉਂ ਨਾ ਸਿੱਟੀ!" ਅੰਮਾਂ ਜੁਆਲੀ ਨੇ ਮਾਂ ਨੂੰ ਸਮਝੌਤੀ ਵਜੋਂ ਕਿਹਾ. 
    "ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਈ ਕੋਈ ਉਪਾ ਕਰਦੀ. ਇਹ ਤਾਂ ਹੁਣੇ ਤੇਰੀ ਨੂੰਹ ਦੱਸ ਕੇ ਗਈ ਐ, ਉਹਨੇ ਕੂੜਾ ਸਿੱਟ ਕੇ ਮੁੜੀ ਆਉਂਦੀ ਨੇ ਓਸ ਨੂੰ ਦੇਖਿਆ ਸੀ।" ਮੇਰੀ ਮਾਂ ਨੇ ਆਪਣੇ ਸ਼ੱਕ ਦਾ ਕਾਰਨ ਵੀ ਦੱਸ ਦਿੱਤਾ.
    "ਫੇਰ ਭਾਈ, ਤੁਸੀਂ ਕਿਸੇ ਸਿਆਣੇ ਕੋਲੋਂ ਪੁੱਛ ਪੁਆ ਕੇ ਇਹਦਾ ਕੋਈ ਉਪਾ ਕਰੋ. ਆਂਡਲ ਨੇ ਤਾਂ ਏਥੋਂ ਦੀ ਨਿੱਤ ਨੰਘਣੈ. ਅਸੀਂ ਤਾਂ ਸਿਆਣੇ ਕੋਲੋਂ ਤਵੀਤ ਕਰਾ ਕੇ ਬਾਰ ਵਿਚ ਬੰਨ੍ਹਿਆ ਹੋਇਐ।" ਅੰਮਾ ਜੁਆਲੀ ਨੇ ਮਾਂ ਨੂੰ ਭੇਤ ਦੀ ਗੱਲ ਦੱਸੀ.
       ਉਹ ਮੇਰੀ ਮਾਂ ਨੂੰ ਧਰਵਾਸ ਤੇ ਸਿੱਖਿਆ ਦੇ ਕੇ ਆਪਣੇ ਘਰ ਚਲੀ ਗਈ ਅਤੇ ਮੇਰੀ ਮਾਂ ਸਿਆਣਿਆਂ ਦੇ ਚੱਕਰਾਂ ਵਿਚ ਪੈ ਗਈ. ਹੋਰ ਤਾਂ ਪਤਾ ਨਹੀਂ ਉਸ ਨੇ, ਘਰ ਵਿਚ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾ ਲਈ, ਕੀ ਕੀ ਉਪਾ ਕੀਤੇ. ਕੋਈ ਉਪਾ ਕੀਤਾ ਵੀ ਜਾਂ ਨਹੀਂ ਪਰ ਇਕ ਉਪਾ ਦਾ ਮੈਂ ਚਸ਼ਮਦੀਦ ਗਵਾਹ ਹਾਂ.
       ਇਕ ਦਿਨ ਪਿੰਡ ਦੇ ਦੂਜੇ ਅਗਵਾੜ ਵਿਚੋਂ ਇਕ ਤੀਵੀਂ ਸਾਡੇ ਘਰ ਆਈ. ਮੈਂ ਤਾਂ ਉਸ ਨੂੰ ਜਾਣਦਾ ਨਹੀਂ ਸੀ. ਮਾਂ ਨੇ ਹੀ ਦੱਸਿਆ ਸੀ ਕਿ ਉਹ ਮੇਰੀ ਚਾਚੀਆਂ ਦੇ ਥਾਂ ਲਗਦੀ ਹੈ. ਉਸ ਗੱਲਾਂ ਗੱਲਾ ਵਿਚ ਮੇਰੀ ਮਾਂ ਨੂੰ ਦੱਸਿਆ ਸੀ, "ਰਾਜੇਆਣੇ ਇਕ ਮਾਈ ਪੁੱਛਾਂ ਦਿੰਦੀ ਐੈ. ਉਹ ਤਾਂ ਅਗਮਾਂ ਦੇ ਭੇਤ ਕੱਢ ਲਿਆਉਂਦੀ ਐ. ਉਹ ਵੀਰਵਾਰ ਨੂੰ ਚੌਂਕੀ ਲਾਉਂਦੀ ਐ ਤੇ ਉਪਾ ਵੀ ਕਰਕੇ ਦਿੰਦੀ ਐ. ਲੈਂਦੀ ਵੀ ਕੁਸ਼ ਨਈਂ, ਮੁਫਤ ਸੇਵਾ ਕਰਦੀ ਐ. ਮੈਂ ਤੈਨੂੰ ਨਾਲ ਲੈ ਚੱਲੂੰ ਓਥੇ, ਅਗਲੇ ਵੀਰਵਾਰ. ਓਥੇ ਮੇਰੀ ਭੈਣ ਵਿਆਹੀ ਹੋਈ ਐ।" 
       ਉਹ ਚਾਚੀ ਵੀਰਵਾਰ ਤੋਂ ਦੋ ਦਿਨ ਪਹਿਲਾਂ ਸਾਡੇ ਘਰ ਫੇਰ ਆਈ ਅਤੇ ਮੇਰੀ ਮਾਂ ਨਾਲ ਕੁਝ ਚਿਰ ਗੱਲਾਂ ਕਰ ਕੇ ਚਲੀ ਗਈ. ਜਦੋਂ ਅਗਲੇ ਦਿਨ ਮੈਂ ਸਕੂਲੋਂ ਘਰ ਆਇਆ ਤਾਂ ਮੇਰੀ ਮਾਂ ਨੇ ਮੈਨੂੰ ਕਿਹਾ, "ਜਰਨੈਲ, ਸਵੇਰੇ ਆਪਾਂ ਰਾਜੇਆਣੇ ਜਾਣੈ, ਤੂੰ ਰੋਟੀ ਖਾ ਕੇ ਬਲਦੇਵ ਨੂੰ ਛੁੱਟੀ ਦੀ ਅਰਜ਼ੀ ਫੜਾ ਆਈਂ. ਤੇਰੀ ਚਾਚੀ ਨੂੰ ਤਾਂ ਅੱਜ ਈ ਰਾਜੇਆਣੇ ਜਾਣਾ ਪੈ ਗਿਆ ।" 
       ਉਦੋਂ ਮੈਂ ਛੇਵੀਂ ਵਿਚ ਪੜ੍ਹਦਾ ਸੀ ਤੇ ਸਮਾਲਸਰ ਤੋਂ ਬਿਨਾਂ ਕਿਸੇ ਹੋਰ ਪਿੰਡ ਨਹੀਂ ਸੀ ਗਿਆ. ਸਮਾਲਸਰ ਵੀ ਤਾਂ ਹੀ ਦੇਖ ਸਕਿਆ ਸੀ ਕਿਉਂਕਿ ਸਾਡੇ ਸਕੂਲ ਨੂੰ ਇਕ ਰਾਹ ਇਸ ਪਿੰਡ ਵਿਚਦੀ ਵੀ ਜਾਂਦਾ ਸੀ. ਰਾਜੇਆਣਾ ਪਿੰਡ ਦੇਖਣ ਦੇ ਚਾਅ ਵਿਚ ਮੈਂ ਝਟ ਅਰਜ਼ੀ ਲਿਖੀ ਤੇ ਉਸ aੁੱਤੇ ਮਾਂ ਦਾ ਅੰਗੂਠਾ ਲੁਆ ਕੇ ਆਪਣੇ ਚਚੇਰੇ ਭਰਾ, ਬਲਦੇਵ ਨੂੰ ਫੜਾ ਆਇਆ. 
       ਸਵੇਰੇ ਮੈਂ ਸਕੂਲ ਜਾਣ ਦੇ ਸਮੇਂ ਹੀ ਉਠ ਖੜ੍ਹਾ ਸੀ. ਮੇਰੀ ਮਾਂ ਮੇਰੇ ਉਠਣ ਤੋਂ ਪਹਿਲਾਂ ਹੀ ਮੇਰੀਆਂ ਭੈਣਾਂ ਨਾਲ ਘਰ ਦੀ ਸੁੰਭਰ ਸੁੰਭਰਾਈ ਵਿਚ ਲੱਗੀ ਹੋਈ ਸੀ. ਗੋਹੇ ਕੂੜੇ ਦਾ ਕੰਮ ਨਿਪਟਾ ਕੇ ਮੇਰੀ ਭੈਣ ਤਾਂ ਹੱਥ ਮੂੰਹ ਧੋ ਕੇ ਰੋਟੀਆਂ ਪਕਾਉਣ ਲੱਗ ਗਈ ਤੇ ਮੇਰੀ ਮਾਂ ਨਲਕੇ ਦੇ ਦੁਆਲੇ ਦੋ ਮੰਜਿਆਂ ਦਾ ਉਹਲਾ ਕਰਕੇ ਨਹਾਉਣ ਲੱਗ ਪਈ. ਮੈਂ ਲਸਣ ਦੀ ਚਟਨੀ ਤੇ ਲੱਸੀ ਨਾਲ ਘੁੱਟੋ ਬਾਟੀ ਕਰਕੇ ਰੋਟੀ ਖਾ ਲਈ ਸੀ. ਨਹਾਉਣ ਮਗਰੋਂ ਮੇਰੀ ਮਾਂ ਨੇ ਵੀ ਛੇਤੀ ਛੇਤੀ ਲੱਸੀ ਨਾਲ ਦੋ ਰੋਟੀਆਂ ਖਾਧੀਆਂ. ਫਿਰ ਉਸ ਇਕ ਪੋਣੇ ਜਿਹੇ ਵਿਚ ਕਣਕ ਦੇ ਸੇਰ ਕੁ ਦਾਣੇ ਬੰਨ੍ਹ ਕੇ ਪਹਿਲਾਂ ਮਰੀ ਮੱਝ ਦੇ ਕਿੱਲੇ ਨਾਲ ਛੁਹਾਏ ਤੇ ਫਿਰ ਇਕ ਖੱਦਰ ਦੇ ਝੋਲ਼ੇ ਵਿਚ ਪਾ ਕੇ ਮੈਨੂੰ ਫੜਾ ਦਿੱਤੇ.
       ਮੈਂ ਝੋਲਾ ਆਪਣੇ ਮੋਢੇ ਨਾਲ ਲਟਕਾ ਲਿਆ ਤੇ ਦੋਵੇਂ ਮਾਂ ਪੁੱਤ ਰਾਜੇਆਣੇ ਦੇ ਰਾਹ ਪੈ ਗeੈ. ਇਹ ਉਹੋ ਹੀ ਰਾਹ ਸੀ ਜਿਸ ਰਾਹ ਤੁਰ ਕੇ ਅਸੀਂ ਹਰ ਰੋਜ਼ ਸਕੂਲ ਜਾਂਦੇ ਸਾਂ. ਮੈਂ ਤਾਂ ਪੈਰੋਂ ਨੰਗਾ ਹੀ ਸੀ, ਪਿੰਡੋ ਨਿਕਲਦਿਆਂ ਹੀ ਮੇਰੀ ਮਾਂ ਨੇ ਵੀ ਆਪਣੀ ਜੁੱਤੀ ਲਾਹ ਕੇ ਆਪਣੇ ਹੱਥਾਂ ਵਿਚ ਫੜ ਲਈ. ਉਸ ਸਮੇਂ ਤਾਂ ਮੈਂ ਇਹ ਗੱਲ ਨਹੀਂ ਸੀ ਸਮਝ ਸਕਿਆ ਕਿ ਉਹਨੇ ਆਪਣੀ ਜੁੱਤੀ ਕਿਉਂ ਲਾਹ ਲਈ ਸੀ. ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਾ ਕਿ ਮੇਰੀ ਮਾਂ ਕੋਲ ਬਹੁਤ ਦੇਰ ਤੋਂ ਇਹੋ ਇਕ ਜੁੱਤੀ ਸੀ ਜਿਹੜੀ ਉਹ ਕਿਤੇ ਬਾਹਰ ਅੰਦਰ ਆਉਣ ਜਾਣ ਵੇਲੇ ਹੀ ਪੇਰੀਂ ਪਾਉਂਦੀ ਤੇ ਫਿਰ ਸੰਭਾਲ ਕੇ ਰੱਖ ਦਿੰਦੀ ਸੀ.
       ਅੱਸੂ ਦਾ ਮਹੀਨਾ ਸੀ. ਨੰਗੇ ਪੈਰਾਂ ਨੂੰ ਨਾ ਠੰਡ ਲਗਦੀ ਸੀ ਨਾ ਗਰਮੀ. ਹਾਂ! ਚਰ੍ਹੀਆਂ, ਬਾਜਰਿਆਂ ਤੇ ਕਪਾਹਾਂ ਵਿਚਕਾਰ ਦੀ ਰਾਹ ਹੋਣ ਕਰਕੇ ਹੁੰਮਸ ਜਿਹਾ ਜਰੂਰ ਮਹਿਸੂਸ ਹੁੰਦਾ ਸੀ. ਅਸੀਂ ਸਾਰੇ ਰਾਹ ਕੋਈ ਗੱਲ ਨਹੀਂ ਕੀਤੀ ਤੇ ਚੁੱਪ ਕੀਤੇ ਤੁਰਦੇ ਗਏ. ਮਾਂ ਨੇ ਤਾਂ ਮੇਰੇ ਕੋਲੋਂ ਇਹ ਵੀ ਨਹੀਂ ਸੀ ਪੁੱਛਿਆ ਕਿ ਜੇਠ ਹਾੜ ਵਿਚ ਅਸੀਂ ਇਨ੍ਹਾਂ ਟਿੱਬਿਆਂ ਤੇ ਧੋੜਿਆਂ ਵਿਚ ਦੀ ਨੰਗੇ ਪੈਰੀਂ ਕਿਵੇਂ ਲੰਘਦੇ ਹੋਵਾਂਗੇ. ਨਹਿਰ ਤਕ ਅਸੀਂ ਉਸੇ ਰਾਹ ਹੀ ਗਏ, ਜਿਸ ਰਾਹ ਅਸੀਂ ਨਿੱਤ ਸਕੂਲ ਜਾਂਦੇ ਸੀ. ਨਹਿਰ ਤੋਂ ਰਾਜੇਆਣੇ ਨੂੰ ਟੇਢਾ ਰਾਹ ਹੋ ਜਾਂਦਾ ਸੀ. ਰਾਜੇਆਣੇ ਦੇ ਨੇੜ ਜਾ ਕੇ ਮਾਂ ਨੇ ਫੇਰ ਜੁੱਤੀ ਪੈਰੀਂ ਪਾ ਲਈ. ਉਸ ਸਮੇਂ ਸੂਰਜ ਸਿਖਰ ਆ ਗਿਆ ਸੀ. ਇਸ ਪਿੰਡ ਵਿਚ ਮੇਰੇ ਬਾਪ ਦੀ ਭੂਆ ਦੀਆਂ ਦੋ ਧੀਆਂ ਵਿਆਹੀਆਂ ਹੋਈਆਂ ਸਨ. ਜਿਨ੍ਹਾਂ ਨੂੰ ਅਸੀਂ ਭੂਆ ਕਹਿ ਕੇ ਬਲਾਉਂਦੇ ਸੀ. ਅਸੀਂ ਪਹਿਲਾਂ ਉਹਨਾਂ ਦੇ ਘਰ ਗਏ. ਸਾਨੂੰ ਦੇਖ ਕੇ ਮੇਰੀਆਂ ਦੋਹਾਂ ਭੂਆਂ ਨੂੰ ਜਿਵੇਂ ਚਾਅ ਜਿਹਾ ਚੜ੍ਹ ਗਿਆ ਹੋਵੇ. ਪਹਿਲਾਂ ਉਹਨਾਂ ਸਾਨੂੰ ਗੁੜ ਦਾ ਸ਼ਰਬਤ ਪਿਆਇਆ ਤੇ ਫਿਰ ਸਾਨੂੰ ਮੱਲੋ ਮੱਲੀ ਸੱਜਰੀ ਬਣਾ ਕੇ ਦਾਲ ਰੋਟੀ ਖੁਆਈ, ਭਾਵੇਂ ਕਿ ਅਸੀਂ ਘਰੋਂ ਰੋਟੀ ਖਾ ਕੇ ਤੁਰੇ ਸੀ. ਜਦੋਂ ਮੇਰੀ ਮਾਂ ਨੇ ਏਥੇ ਆਉਣ ਦਾ ਕਾਰਨ ਦੱਸਿਆ ਤਾਂ ਭੂਆ ਸ਼ਾਮੋ ਨੇ ਕਿਹਾ, "ਭਾਬੀ, ਉਸ ਨੂੰ ਤਾਂ ਏਥੇ ਕੋਈ ਜਾਣਦਾ ਵੀ ਨਹੀਂ. ਤੂੰ ਪਤਾ ਨਹੀਂ ਕੀਹਦੇ ਆਖੇ ਤੁਰ ਆਈ?"
       ਮੇਰੀ ਮਾਂ ਨੇ ਉਹਨਾਂ ਨੂੰ ਜਦੋਂ ਘਰ ਦੀ ਸਾਰੀ ਹਾਲਤ ਤੇ ਦੋ ਮੱਝਾਂ ਦੇ ਮਰਨ ਦੀ ਕਹਾਣੀ ਦੱਸ ਦਿੱਤੀ ਤਾਂ ਭੂਆ ਸੰਤੋ ਨੇ ਕਿਹਾ, "ਕੋਈ ਨੀ ਭੈਣ, ਪੁੱਛ ਲੈਣ ਦਾ ਤਾਂ ਕੋਈ ਹਰਜ ਨਈ. ਤੂੰ ਭਾਬੀ ਨਾਲ ਜਾ ਆ ।"
       ਮਾਈ ਨੇ ਤੀਜੇ ਪਹਿਰ ਚੌਕੀ ਲਾਉਣੀ ਸੀ. ਅਸੀਂ ਰੋਟੀ ਖਾਣ ਤੋਂ ਛੇਤੀ ਮਗਰੋਂ ਹੀ ਪੁੱਛਾਂ ਦੇਣ ਵਾਲੀ ਮਾਈ ਦੇ ਘਰ ਪਹੁੰਚ ਗਏ. ਉਸ ਕੱਚੇ ਘਰ ਦੇ ਵੱਡੇ ਸਾਰੇ ਵਿਹੜੇ ਵਿਚ ਕਾਹੀ ਦੀਆਂ ਸਫਾਂ ਵਛਾਈਆਂ ਹੋਈਆਂ ਸਨ. ਉਹਨਾਂ ਸਫਾਂ ਉਪਰ ਪਹਿਲਾਂ ਵੀ ਕਈ ਬੁੜ੍ਹੀਆਂ ਬੰਦੇ ਬੈਠੇ ਹੋਏ ਸਨ. ਅਸੀਂ ਵੀ ਇਕ ਪਾਸੇ ਪਾਟੀ ਜਿਹੀ ਸਫ ਉਪਰ ਬੈਠ ਗਏ. ਭੂਆ ਸ਼ਾਮੋ ਨੇ ਪਤਾ ਨਹੀਂ ਕਿਉਂ ਆਪਣਾ ਅੱਧਾ ਕੁ ਚਿਹਰਾ ਚੁੰਨੀ ਨਾਲ ਢਕ ਲਿਆ ਸੀ. ਸਾਡੇ ਉੱਥੇ ਬੈਠਣ ਮਗਰੋਂ ਛੇਤੀ ਹੀ ਸਾਡੇ ਪਿੰਡ ਵਾਲੀ ਚਾਚੀ ਸਾਡੇ ਕੋਲ ਆ ਕੇ ਬੈਠ ਗਈ ਤੇ ਪੁੱਛਿਆ, "ਕਣ ਢੇਰੀ ਕਰ ਦਿੱਤੇ?" 
    "ਨਹੀਂ. ਕਿੱਥੇ ਢੇਰੀ ਕਰਨੇ ਐ।" ਮੇਰੀ ਮਾਂ ਨੇ ਕਿਹਾ.
    "ਅਹੁ ਸਾਹਮਣੇ ਉੱਖਲੀ ਵਿਚ ਢੇਰੀ ਕਰ ਦਿਉ ਤੇ ਜਿਹੜੀ ਭਾਵਨਾ ਲੈ ਕੇ ਆਏ ਐਂ, ਉਹ ਮਨ 'ਚ ਧਿਆ ਲਿਉ।" 
     ਮੇਰੇ ਕੋਲੋਂ ਝੋਲ਼ਾ ਫੜ ਕੇ ਮਾਂ ਨੇ ਕਣਕ ਦੇ ਦਾਣਿਆਂ ਨੂੰ ਜਾ ਕੇ ਉੱਖਲੀ ਵਿਚ ਉਲੱਦ ਦਿੱਤਾ. ਅਜੇ ਉਹ ਮੇਰੇ ਕੋਲ ਆ ਕੇ ਬੈਠੀ ਹੀ ਸੀ ਕਿ ਸਾਡੇ ਸਾਹਮਣੇ ਦੋ ਤੀਵੀਆਂ ਥੋੜੇ ਜਿਹੇ ਥਾਂ ਉਪਰ ਪਾਣੀ ਦਾ ਛੜਕਾ ਕਰਨ ਲੱਗੀਆਂ. ਫਿਰ ਉਹਨਾਂ ਉਸ ਥਾਂ 'ਤੇ ਇਕ ਨਵੀਂ ਸਫ ਵਿਛਾ ਕੇ ਉਸ ਉਪਰ ਇਕ ਹੋਰ ਭਗਵਾਂ ਕਪੜਾ ਵਿਛਾ ਦਿੱਤਾ. ਕਪੜਾ ਵਿਛਾਉਣ ਮਗਰੋਂ ਉਹ ਮੁੜ ਅੰਦਰ ਚਲੀਆਂ ਗਈਆਂ.
       ਥੋੜੇ ਚਿਰ ਬਾਅਦ ਉਹੋ ਤੀਵੀਂਆਂ ਬਾਹਰ ਨਿਕਲੀਆਂ. ਇਕ ਦੇ ਹੱਥ ਉਪਰ ਧੂਫ ਤੇ ਹੋਰ ਸਮਗਰੀ ਵਾਲੀ ਮਿੱਟੀ ਦੀ ਕਨਾਲੀ ਸੀ ਤੇ ਦੂਜੀ ਦੇ ਹੱਥ ਵਿਚ ਇਕ ਢੋਲਕੀ ਸੀ. ਉਹਨਾਂ ਦੇ ਮਗਰ ਹੀ ਇਕ ਪੰਜਾਹ ਕੁ ਸਾਲ ਦੀ ਤੀਵੀਂ ਅੰਦਰੋਂ ਹੌਲ਼ੀ ਹੌਲ਼ੀ ਤੁਰਦੀ ਹੋਈ ਬਾਹਰ ਆਈ. ਉਸ ਦੇ ਭਗਵਾਂ ਜਿਹਾ ਚੋਲ਼ਾ ਪਾਇਆ ਹੋਇਆ ਸੀ. ਸਿਰ ਦੇ ਕਰੜ ਬਰੜੇ ਵਾਲ ਖੁਲ੍ਹੇ ਹੋਏ ਸਨ. ਮੱਥੇ ਉਪਰ ਵੱਡਾ ਸਾਰਾ ਸੰਧੂਰ ਦਾ ਟਿੱਕਾ ਲੱਗਾ ਹੋਇਆ ਸੀ. ਅੱਖਾਂ ਲਾਲ, ਜਿਵੇਂ ਕੋਈ ਨਸ਼ਾ ਕੀਤਾ ਹੋਇਆ ਹੋਵੇ. ਉਸ ਹੱਥ ਜੋੜ ਕੇ ਸਭਨਾਂ ਵੱਲ ਦੇਖਿਆ ਤੇ ਫਿਰ ਚੌਕੜੀ ਮਾਰ ਕੇ ਵਿਛਾਏ ਹੋਏ ਕਪੜੇ ਉਪਰ ਬੈਠ ਗਈ. ਬਹੁਤ ਸਾਰੀਆਂ ਬੁੜ੍ਹੀਆਂ ਨੇ ਉਠ ਕੇ ਉਸ ਦੇ ਪੈਰੀਂ ਹੱਥ ਲਾਏ. ਪੈਰੀਂ ਹੱਥ ਲਾਉਣ ਵਾਲੀਆਂ ਵਿਚ ਮੇਰੀ ਮਾਂ ਵੀ ਸੀ. ਥਾਲੀ ਵਾਲੀ ਨੇ ਮਘਦੀ ਧੂਫ ਉਪਰ ਹੋਰ ਸਮਗਰੀ ਪਾ ਦਿੱਤੀ ਅਤੇ ਢੋਲਕੀ ਵਾਲੀ ਨੇ ਉੱਖਲੀ ਵਿਚ ਪਏ ਦਾਣਿਆਂ ਨੂੰ ਪਹਿਲਾਂ ਆਪਣੇ ਹੱਥ ਨਾਲ ਰਲਾਇਆ, ਦਾਣਿਆਂ ਦੀ ਇਕ ਥਾਲ਼ੀ ਭਰ ਕੇ ਮਾਈ ਅੱਗੇ ਰੱਖੀ ਤੇ ਫਿਰ ਢੋਲਕੀ ਵਜਾਉਣ ਲੱਗ ਪਈ. ਢੋਲਕੀ ਦੇ ਤਾਲ ਨਾਲ ਕੁਝ ਤੀਵੀਆਂ ਗਾਉਣ ਲੱਗ ਪਈਆਂ. ਇਕ ਭੇਟਾ ਮੁੱਕੀ ਤਾਂ ਇਕ ਹੋਰ ਸ਼ੁਰੂ ਹੋ ਗਈ. ਢੋਲਕੀ ਦਾ ਤਾਲ ਹੋਰ ਉੱਚਾ ਹੋ ਗਿਆ ਤੇ ਫਿਰ ਭਗਵੇਂ ਚੋਲ਼ੇ ਵਾਲੀ ਮਾਈ ਸਿਰ ਹਿਲਾਉਣ ਲੱਗੀ. ਢੋਲਕੀ ਦੀ ਤੇਜ ਤਾਲ ਨਾਲ ਸਿਰ ਵੀ ਤੇਜ ਘੁੰਮਣ ਲੱਗਾ. ਫਿਰ ਮਾਈ ਨੇ ਸਿਰ ਘੁਮਾਉਂਦਿਆਂ ਹੋਇਆਂ ਦਾਣਿਆਂ ਦੀ ਇਕ ਮੁੱਠ ਭਰੀ ਤੇ ਉੱਚੀ ਅਵਾਜ਼ ਵਿਚ ਕਿਹਾ, "ਉਹ ਖੜ੍ਹੀ ਹੋ ਜਾਵੇ, ਜੀਹਦੇ ਮੁੰਡੇ ਦੀ ਲੱਤ ਸੁਕਦੀ ਜਾਂਦੀ ਐ।"
       ਉਸ ਵੱਲ ਦੇਖ ਕੇ ਮਾਈ ਉੱਚੀ ਉੱਚੀ ਹੱਸੀ ਤੇ ਕਿਹਾ, "ਕਿਉਂ! ਕਰਾ ਲਿਆ ਡਾਕਦਾਰ ਤੋਂ 'ਲਾਜ? ਡਾਕਦਾਰ ਦੇ 'ਲਾਜ ਨਾਲ ਤਾਂ ਮੁੰਡਾ ਦੁੜੰਗੇ ਮਾਰਨ ਲੱਗ ਪਿਆ ਹੋਣੈ? ਓਦੋਂ ਕਹਿੰਦੀ ਸੀ 'ਸਾਡਾ ਡਾਕਦਾਰ ਦਾ 'ਲਾਜ ਚਲਦੈ.' ਹੁਣ ਕਿਉਂ ਆਈ ਐਂ ਬਾਬਿਆਂ ਕੋਲ?"
    "ਬਾਬਾ ਜੀ, ਭੁੱਲ ਹੋ ਗਈ।" ਖੜ੍ਹੀ ਤੀਵੀਂ ਨੇ ਹੱਥ ਜੋੜੇ.
    "ਪੁੱਛੀਂ ਜਾ ਕੇ ਮੁੰਡੇ ਕੋਲੋਂ, ਉਹਨੇ ਸਿਖਰ ਦੁਪਹਿਰੇ ਜੰਡ ਦੇ ਮੁੱਢ 'ਚ ਲੱਤ ਚੱਕ ਕੇ ਮੂਤਿਆਂ ਸੀ ਕਿ ਨਹੀਂ?"
    "ਸੱਤ ਐ ਬਾਬਾ ਜੀ, ਗੱਲ ਤਾਂ ਏਵੇਂ ਹੋਈ ਸੀ."
    "ਓਥੇ ਸ਼ਹੀਦਾਂ ਦਾ ਪਹਿਰਾ ਸੀ. ਸ਼ਹੀਦ ਨੇ ਧੱਫਾ ਮਾਰਿਆ. ਤਾਂ ਹੀ ਤਾਂ ਉਹ ਤਾਪ ਨਾਲ ਸ਼ੂਕਦਾ ਘਰ ਆਇਆ ਸੀ ਤੇ ਫੇਰ ਲੱਤੋਂ ਆਰ੍ਹੀ ਹੋ ਗਿਆ ।"
    "ਨਿਆਣੇ ਨੂੰ ਪਤਾ ਨਈਂ ਸੀ ਬਈ ਓਥੇ ਸ਼ਹੀਦਾਂ ਦਾ ਪਹਿਰਾ ਐ. ਹੁਣ ਉਹਨੂੰ ਸ਼ਹੀਦਾਂ ਕੋਲੋਂ ਮਾਫੀ ਦੁਆ ਦਿਉ।" ਉਹ ਤੀਵੀਂ ਗਿੜ ਗਿੜਾਈ.
    "ਮਾਅਫੀ ਤਾਂ ਮਿਲਜੂ, ਊਂ ਦੇਖੀ ਐ ਸ਼ਹੀਦਾਂ ਦੀ ਸਖਤੀ? ਲੱਤ ਸੁੱਕ ਚੱਲੀ ਐ ਨਾਂ?"
    "ਹਾਂ, ਬਾਬਾ ਜੀ।"
    "ਹੁਣ ਤੈਨੂੰ ਸ਼ਹੀਦਾਂ ਦੇ ਨਾਂ 'ਤੇ ਬਾਬਿਆਂ ਦੀਆਂ ਸੱਤ ਚੌਕੀਆਂ ਭਰਨੀਆਂ ਪੈਣਗੀਆਂ ਤੇ ਸਵਾ ਮਹੀਨਾ ਓਸੇ ਜੰਡ ਹੇਠ ਤਿਲ਼ ਚੌਲ਼ੀ ਖਿਲਾਰਨੀ ਪਊ. ਤੇਰੇ ਮੁੰਡੇ ਦੀ ਲੱਤ ਅੱਜ ਤੋਂ ਈ ਸੁੱਕਣੀ ਬੰਦ ਤੇ ਸਵਾ ਮਹੀਨੇ ਵਿਚ ਨੌ ਬਰ ਨੌਂ ਹੋ ਜਾਊ. ਜਾਹ! ਬਾਬਿਆਂ ਦਾ ਬਚਨ ਹੋ ਗਿਆ।"
      ਉਹ ਤੀਵੀਂ 'ਸੱਤ ਬਚਨ' ਕਹਿ ਚਲੀ ਗਈ ਤਾਂ ਮਾਈ ਨੇ ਥਾਲ਼ੀ ਵਿਚੋਂ ਚਾਰ ਕੁ ਦਾਣੇ ਚੁੱਕ ਕੇ ਕਿਹਾ, "ਉਹ ਸੱਸ ਖੜ੍ਹੀ ਹੋਵੇ ਜਿਹੜੀ ਆਪਣੀ ਨੂੰਹ ਤੋਂ ਕਣ ਵਾਰ ਕੇ ਲਿਆਈ ਐ ।" 
       ਇਕ ਪੰਜਾਹ ਕੁ ਸਾਲ ਦੀ ਤੀਵੀਂ ਹੱਥ ਜੋੜ ਕੇ ਖੜ੍ਹੀ ਹੋ ਗਈ. ਉਸ ਦੇ ਸਾਦਾ ਜਿਹਾ ਧਾਰੀਦਾਰ ਸੂਟ ਪਾਇਆ ਹੋਇਆ ਸੀ. ਮਾਈ ਕੁਝ ਦੇਰ ਹਥੇਲੀ ਉਪਰਲੇ ਦਾਣਿਆਂ ਵੱਲ ਦੇਖਦੀ ਰਹੀ ਫਿਰ ਅੱਖਾਂ ਪਾੜ ਕੇ ਉਸ ਵੱਲ ਝਾਕੀ ਤੇ ਚੀਕਵੀਂ ਅਵਾਜ਼ ਵਿਚ ਕਿਹਾ, "ਆਪ ਤਾਂ ਆ ਗਈਆਂ ਨੂੰਹ ਦਾ ਦਿੱਤਾ ਬੋਸਕੀ ਦਾ ਸੂਟ ਪਾ ਕੇ. ਤੇ ਆਵਦੀ ਮੋਈ ਸੌਂਕਣ ਵਾਸਤੇ ਬਹੂ ਕੋਲੋਂ ਤਿਉਰ ਨਾ ਮੰਗਾਇਆ?"
    "ਬਾਬਾ ਜੀ, ਉਹ ਤਾਂ ਮੁਕਲਾਵੇ ਵੀ ਨਹੀਂ ਸੀ ਆਈ, ਜਦੋਂ ਉਹਦੀ ਮੌਤ ਹੋ ਗਈ ਸੀ. ਅਸੀ ਸੋਚਿਆ ਸੀ ਫੇਰ ਨੂੰਹ ਕੋਲੋਂ ਉਹਦੇ ਲਈ ਤਿਉਰ ਕਾਹਨੂੰ ਮੰਗਾਉਣੈ ।"
    "ਜਦੋਂ ਤੂੰ ਵਿਆਹੀ ਆਈ ਸੀ ਤਾਂ ਫੇਰ ਤੂੰ ਕਿਉਂ ਉਹਦੇ ਨਾਂ ਦਾ ਸੌਂਕਣ ਮੋਹਰਾ ਲੈ ਕੇ ਆਈ ਸੀ?" ਇਹ ਗੱਲ ਸੁਣ ਕੇ ਓਥੇ ਬੈਠੀਆਂ ਸਾਰੀਆਂ ਬੁੜ੍ਹੀਆਂ ਦੇ ਮੂੰਹ ਅੱਡੇ ਰਹਿ ਗਏ ਸਨ ਜਦੋਂ ਮਾਈ ਨੇ ਪੱਚੀ ਸਾਲ ਪਹਿਲਾਂ ਦੀਆਂ ਹੋਈਆਂ ਬੀਤੀਆਂ ਵੀ ਦੱਸ ਦਿੱਤੀਆਂ ਸਨ. ਉਸ ਤੀਵੀਂ ਦੇ ਗਲ਼ ਵਿਚ ਅਜੇ ਵੀ ਉਹ ਪੱਚੀ ਸਾਲ ਪੁਰਾਣਾ ਸੌਕਣ ਦੇ ਨਾਮ ਉਪਰ ਲਿਆਂਦਾ ਸੋਨੇ ਦਾ ਤਵੀਤ ਪਾਇਆ ਹੋਇਆ ਸੀ.
    "ਬੰਦਾ ਭੁੱਲਣਹਾਰ ਐ ਬਾਬਾ ਜੀ, ਸਾਥੋਂ ਭੁੱਲ ਹੋ ਗਈ. ਹੁਣ ਕੋਈ ਉਪਾ ਦੱਸੋ ।"
    "ਅਗਲੀ ਚੌਂਕੀ 'ਤੇ ਬਹੂ ਨੂੰ ਨਾਲ ਲੈ ਕੇ ਆਈਂ. ਉਹਦੇ ਵਿਚੋਂ ਤੇਰੀ ਸੌਂਕਣ ਆਪੇ ਬੋਲੂ. ਫੇਰ ਉਹਦੇ ਕੋਲੋਂ ਹੀ ਪੁੱਛਾਂਗੇ ਕਿ ਉਹ ਕੀ ਮੰਗਦੀ ਐ? ਹੁਣ ਆਹ ਮੁੱਠ ਦਾਣਿਆਂ ਦੀ ਲੈ ਜਾ. ਇਹ ਆਪਣੀ ਨੂੰਹ ਦੇ ਸਰਹਾਣੇ ਰੱਖ ਦੇਵੀਂ. ਫੇਰ ਉਹਨੂੰ ਛਾਇਆ ਨਹੀਂ ਆਉਂਦੀ ।" 
     ਉਹ ਤੀਵੀਂ ਇਕ ਦਾਣਿਆਂ ਦੀ ਮੁੱਠੀ ਆਪਣੀ ਚੁੰਨੀ ਦੇ ਲੜ ਬੰਨ੍ਹਾ ਕੇ ਲੈ ਗਈ. ਫਿਰ ਇਕ ਹੋਰ ਤੀਵੀਂ ਨੂੰ ਅਵਾਜ਼ ਪਈ ਜਿਸ ਦੇ ਮੁੰਡੇ ਨੂੰ ਸੋਕੜੇ ਦੀ ਬਿਮਾਰੀ ਸੀ. ਉਸ ਨੂੰ ਮਾਈ ਨੇ ਦੱਸਿਆ ਕਿ ਉਸ ਦੇ ਮੁੰਡੇ ਨੂੰ ਖਾਧਾ ਪੀਤਾ ਨਹੀਂ ਲਗਦਾ ਕਿਉਂਕਿ ਉਸ ਮੁੰਡੇ ਉਪਰ ਕਚੀਲ ਦੀ ਛਾਇਆ ਹੈ ਤੇ ਸਾਰਾ ਖਾਧਾ ਪੀਤਾ ਕਚੀਲ ਹਜ਼ਮ ਕਰ ਜਾਂਦੀ ਐ. ਉਸ ਨੂੰ ਵੀ ਸੱਤ ਚੌਂਕੀਆਂ ਭਰਨ ਦੀ ਹਦਾਇਤ ਦੇ ਕੇ ਤੋਰ ਦਿੱਤਾ. 
       ਉਸ ਤੋਂ ਮਗਰੋਂ ਮਾਈ ਦੀ ਅਵਾਜ਼ ਆਈ, "ਉਹ ਖੜ੍ਹੀ ਹੋ ਜਾਵੇ ਜਿਹੜੀ ਆਪਣੀ ਮੰਹਿ ਦੇ ਕਿੱਲੇ 'ਤੋਂ ਦੀ ਕਣ ਵਾਰ ਕੇ ਲਿਆਈ ਐ।"
       ਇਹ ਬੋਲ ਸੁਣਦਿਆਂ ਹੀ ਮੇਰੀ ਮਾਂ ਉਠ ਕੇ ਖੜ੍ਹੀ ਹੋ ਗਈ. ਮਾਈ ਆਪਣੀ ਤਲੀ 'ਤੇ ਰੱਖੇ ਦਾਣਿਆਂ 'ਚ ਕੁਝ ਦੇਰ ਉਂਗਲ ਫੇਰਦੀ ਰਹੀ ਤੇ ਫਿਰ ਸਿਰ ਉਤਾਂਹ ਚੁੱਕ ਕੇ ਕੜਕੀ, "ਧੱਕਾ ਵੱਜਿਆ ਔਤ ਦਾ ਤੇ ਕਹਿੰਦੀ  'ਖਾ ਲਈ ਮੇਰੀ ਨਜਰਾਂ ਨੇ'। ਤੂੰ ਤਾਂ ਪੰਜ ਕਲਿਆਣੀ ਨੂੰ ਵੀ ਕਹਿੰਦੀ ਸੀ, ਨਜਰ ਲੱਗ ਕੇ ਮਰੀ ਐ. ਉਹ ਵੀ ਔਤ ਦੇ ਧੱਕੇ ਨਾਲ ਈ ਗਈ ਸੀ।"
    "ਬਾਬਾ ਜੀ, ਸਾਡੇ ਘਰ ਤਾਂ ਕਿਸੇ ਔਤ ਦੀ ਮੌਤ ਨਹੀਂ ਹੋਈ।" ਮਾਂ ਨੇ ਟੁਟਵੀਂ ਜਿਹੀ ਅਵਾਜ਼ ਵਿਚ ਕਿਹਾ.
    "ਕਿਉਂ! ਤੇਰਾ ਪਤਿਔਹਰਾ ਔਤ ਨਹੀਂ ਗਿਆ?"
    "ਮੇਰਾ ਸਹੁਰਾ ਦਸਦਾ ਹੁੰਦੈ, ਉਹ ਬਾਰਾਂ ਤੇਰਾਂ ਸਾਲ ਦਾ ਜੁਆਕ ਸੀ ਜਦੋਂ ਉਹਦੀ ਮੌਤ ਹੋਈ।"
    "ਆਹ ਮੇਰੇ ਸਾਹਮਣੇ ਖੜੈ. ਮੁੱਛ ਫੁਟ ਗੱਭਰੂ. ਪੁੱਛ ਲੈ ਇਹਨੂੰ! ਬਾਰਾਂ ਤੇਰਾਂ ਸਾਲ ਦੇ ਨੂੰ ਤੂੰ ਜੁਆਕ ਸਮਝਦੀ ਐਂ? ਏਸ ਉਮਰ ਵਿਚ ਤਾਂ ਮੁੰਡੇ ਕੁੜੀਆਂ ਵਿਆਹੇ ਜਾਂਦੇ ਐ।" ਮਾਈ ਨੇ ਥੋੜਾ ਗੁੱਸੇ ਵਿਚ ਕਿਹਾ.
       ਉਮਰ ਤਾਂ ਮੇਰੀ ਵੀ ਉਸ ਸਮੇਂ ਬਾਰਾਂ ਸਾਲ ਦੀ ਸੀ ਪਰ ਮੈਨੂੰ ਜ਼ਿੰਦਗੀ ਦੇ ਕਿਸੇ ਪੱਖ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ. ਮੈਂ ਮੁੱਛ ਫੁਟ ਗਭਰੂ ਦੇ ਸੰਕਲਪ ਬਾਰੇ ਤਾਂ ਕੀ ਜਣਾਨਾ ਸੀ.
    "ਕੀ ਚਾਹੁੰਦੈ ਇਹ ਸਾਡੇ ਕੋਲੋਂ?" ਮਾਂ ਮਾਈ ਕੋਲੋਂ ਪੁੱਛ ਰਹੀ ਸੀ.
    "ਚਾਹੁਣਾ ਕੀ ਐ! ਇਹ ਕਹਿੰਦੈ 'ਮੇਰੀ ਜਮੀਨ ਜੈਦਾਦ ਤਾਂ ਸਾਂਭ ਲਈ ਤੇ ਕਦੇ ਮੈਨੂੰ ਦੁੱਧ ਦੀ ਛਿੱਟ ਵੀ ਨਹੀਂ ਦਿੱਤੀ. ਨਾ ਕਦੇ ਇਹਨਾਂ ਕੋਲੋਂ ਮੇਰੇ ਵਾਸਤੇ ਕੰਘਾ ਸਾਫਾ ਈ ਸਰਿਐ' ।" ਮਾਈ ਨੇ ਸਾਰੀ ਤਫਸੀਲ ਦੱਸ ਦਿੱਤੀ.  
    "'ਕੱਲੇ ਵੱਡੇ ਭਤੀਜੇ ਨੇ ਤਾਂ ਨਈ ਇਹਦੀ ਜੈਦਾਤ ਸਾਂਭੀ, ਇਹ ਉਹਦੇ ਈ ਕਿਉਂ ਖੱਤ ਪੈ ਗਿਆ. ਅਜੇ ਉਹਦਾ ਭਰਾ ਜਿਉਂਦੈ. ਉਹਦੇ ਤਿੰਨ ਭਤੀਜੇ ਹੋਰ ਵੀ ਐ. ਉਹਨਾਂ ਨੂੰ ਕਿਉਂ ਨਹੀਂ ਕੁਸ਼ ਕਹਿੰਦਾ?" ਮਾਂ ਨੇ ਅੱਗੋਂ ਜਵਾਬ ਦਿੱਤਾ.
    "ਜਦੋਂ ਉਹਨਾਂ 'ਤੇ ਭੀੜ ਪਈ, ਉਹ ਵੀ ਆਪੇ ਭੱਜੇ ਆਉਣਗੇ. ਹੁਣ ਤਾਂ ਤੂੰ ਆਈ ਐਂ।" ਮਾਈ ਡਰਾਉਣੀਆਂ ਜਿਹੀਆ ਅੱਖਾਂ ਨਾਲ ਮਾਂ ਵੱਲ ਝਾਕੀ. 
    "ਫੇਰ ਤੁਸੀਂ ਇਹਨੂੰ ਪੁੱਛ ਕੇ ਦੱਸ ਦਿਓ, ਇਹਦੀ ਹੋਰ ਵੀ ਕੋਈ ਮੰਗ ਹੈਗੀ ਐ?" ਮਾਂ ਜਿਵੇਂ ਉਸ ਦੀ ਝਾਕਣੀ ਤੋਂ ਡਰ ਗਈ ਹੋਵੇ.
    "ਇਹ ਆਪਣੀ ਮਾਨਤਾ ਕਰਾਉਣੀ ਚਾਹੁੰਦੈ।"
    "ਮੈਂ ਤਾਂ ਦੋਹੀਂ ਹੱਥੀ ਮੱਨੂੰ ਪਰ ਦੂਜਿਆਂ ਬਾਰੇ ਨਈ ਮੈਂ ਕਹਿ ਸਕਦੀ. ਦੱਸੋ ਮਾਨਤਾ ਕਿਵੇਂ ਕਰਨੀ ਐ।" ਮਾਂ ਨੇ ਝਟ ਹਾਮੀ ਭਰ ਦਿੱਤੀ.
    "ਇਸ ਦੀ ਮਟੀ ਬਣਾਉਣੀ ਐ, ਜਿੱਥੇ ਪਹਿਲਾਂ ਥੋਡੇ ਵੱਡ ਵਡੇਰਿਆਂ ਦੀਆਂ ਮਟੀਆਂ ਬਣੀਆਂ ਹੋਈਐਂ. ਇੱਥੋਂ ਜਾਣ ਸਾਰ ਪਹਿਲਾਂ ਸੱਤ ਇੱਟਾਂ ਧੋ ਕੇ ਪਾਸੇ ਰੱਖ ਦੇਈਂ. ਇਹ ਹੋਰ ਕੀ ਚਾਹੁੰਦੈ, ਅਗਲੀ ਚੌਂਕੀ 'ਤੇ ਪਤਾ ਲੱਗ ਜਾਊ। ਆਹ ਲੈ ਦਾਣੇ. ਮੰਹਿ ਦਾ ਉਹ ਕਿੱਲਾ ਪੱਟ ਕੇ ਨਵੇਂ ਥਾਂ ਗੱਡ ਦੇਣਾ ਤੇ ਕਿੱਲੇ ਹੇਠਾਂ ਇਹ ਦਾਣੇ ਦੱਬ ਦੇਣੇ।" ਇੰਨਾ ਆਖ ਮਾਈ ਨੇ ਅਗਲੀ ਤੀਵੀਂ ਨੂੰ ਖੜ੍ਹੀ ਕਰ ਲਿਆ ਜਿਸ ਦੇ ਘਰ ਗਹਿਣਿਆਂ ਦੀ ਚੋਰੀ ਹੋਈ ਸੀ.. 
       ਅਸੀਂ ਉਸ ਤੀਵੀਂ ਦੀ ਵਿਥਿਆ ਸੁਣਨ ਤੋਂ ਪਹਿਲਾਂ ਹੀ ਉੱਥੋਂ ਉਠ ਕੇ ਸ਼ਾਮੋ ਭੂਆ ਦੇ ਘਰ ਆ ਗਏ. ਸ਼ਾਮੋ ਭੂਆ ਪੁੱਛਾਂ ਦੇਣ ਵਾਲੀ ਮਾਈ ਤੋਂ ਬਹੁਤ ਪ੍ਰਭਾਵਤ ਹੋਈ ਲਗਦੀ ਸੀ. "ਦੇਖ ਲੈ ਭਾਬੀ, ਮਾਮੇ ਮਰੇ ਨੂੰ ਜੁਗੜੇ ਹੋ ਗਏ, ਏਸ ਬੁੜ੍ਹੀ ਨੇ ਭੋਰਾ ਭੋਰਾ ਗੱਲ ਉਹਦੇ ਬਾਰੇ ਦੱਸ ਦਿੱਤੀ. ਸਾਡੇ ਬਾਬੇ ਦਾ ਮੋਇਆ ਭਰਾ, ਸ਼ਾਮੋ ਭੂਆ ਦਾ ਸਕਾ ਮਾਮਾ ਸੀ. 
       ਮੈਂ ਵੀ ਆਪਣੀ ਮਾਂ ਤੋਂ ਪੁੱਛ ਲਿਆ, "ਬੇਬੇ, ਉਹਨੂੰ ਸਾਡੇ ਘਰ ਬਾਰੇ ਕਿਵੇਂ ਸਾਰਾ ਪਤਾ ਲੱਗ ਗਿਆ?"
    "ਇਹਨਾਂ ਨੇ ਓਪਰੀ ਵਾਅ ਨੂੰ ਵੱਸ ਕੀਤਾ ਹੁੰਦੈ, ਜਿਹੜੀ ਉਹਨਾਂ ਨੂੰ ਸਾਰਾ ਕੁਸ਼ ਦੱਸ ਦਿੰਦੀ ਐ।" ਮੇਰੀ ਮਾਂ ਨੇ ਮੈਨੂੰ ਸਮਝਾਉਣਾ ਚਾਹਿਆ ਪਰ ਮੇਰੀ ਸਮਝ ਵਿਚ ਇਹ ਗੱਲ ਨਹੀਂ ਸੀ ਆਈ ਕਿ ਓਪਰੀ ਹਵਾ ਕਿਵੇਂ ਵੱਸ ਕੀਤੀ ਜਾ ਸਕਦੀ ਹੈ. ਉਸ ਸਮੇਂ ਮੈਨੂੰ ਉਸ ਨੂੰ ਸਾਰੀਆਂ ਗੱਲਾ ਦੀ ਜਾਣਕਾਰੀ ਹੋ ਜਾਣ ਬਾਰੇ ਵੀ ਸਮਝ ਵੀ ਨਹੀਂ ਸੀ ਆਈ ਕਿਉਂਕਿ ਸਕੂਲਾਂ ਵਿਚ ਵਹਿਮਾਂ ਭਰਮਾਂ ਦੇ ਖੰਡਣ ਬਾਰੇ ਬੱਚਿਆਂ ਨੂੰ ਕੁਝ ਵੀ ਨਹੀਂ ਸੀ ਦੱਸਿਆ ਜਾਂਦਾ. ਸੂਰਜ ਪੱਛਮ ਦੀ ਗੁੱਠ ਵੱਲ ਸਰਕ ਗਿਆ ਸੀ. ਅਸੀਂ ਭੂਆ ਦੇ ਘਰੋਂ ਪਾਣੀ ਪੀ ਕੇ ਹੀ ਤੁਰ ਪਏ. ਭਾਵੇਂ ਕਿ ਉਹਨਾਂ ਸਾਨੂੰ ਰਾਤ ਰਹਿਣ ਲਈ ਬਹੁਤ ਜੋਰ ਲਾਇਆ ਸੀ.
       ਅਗਲੇ ਦਿਨ ਮੈਂ ਤਾਂ ਸਕੂਲ ਚਲਾ ਗਿਆ ਸੀ. ਪਿੱਛੋਂ ਮੇਰੀ ਮਾਂ ਨੇ ਪਤਾ ਨਹੀਂ ਕਿਸ ਘਰੋਂ ਨਵੀਂਆਂ ਸੱਤ ਇੱਟਾਂ ਲਿਆਂਦੀਆਂ. ਉਹਨਾਂ ਨੂੰ ਧੋ ਕੇ ਕੋਠੜੀ ਉਪਰ ਰੱਖ ਦਿੱਤਾ. ਉਸ ਦੀ ਸਲਾਹ ਸੀ ਕਿ ਅਗਲੀ ਚੌਂਕੀ ਤੋਂ ਆ ਕੇ ਮੈਰਕੇ ਵਿਚ ਬਾਬੇ ਦੀ ਨਿੱਕੀ ਜਿਹੀ ਮਟੀ ਬਣਾ ਦਿੱਤੀ ਜਾਊਗੀ, ਜਿੱਥੇ ਪਹਿਲਾਂ ਵੀ ਕਈ ਘਰਾਂ ਦੀਆਂ ਨਿੱਕੀਆਂ ਨਿੱਕੀਆਂ ਮਟੀਆਂ ਬਣੀਆਂ ਹੋਈਆਂ ਸਨ, ਜਿਨ੍ਹਾਂ ਨੂੰ ਬਖੂਹੇ ਕਿਹਾ ਜਾਂਦਾ ਸੀ. 
       ਕੁਦਰਤੀ, ਇੱਟਾਂ ਰੱਖਣ ਤੋਂ ਅਗਲੇ ਦਿਨ ਹੀ ਮੇਰਾ ਵੱਡਾ ਭਰਾ, ਮੱਲ ਸਿੰਘ ਜਿਹੜਾ ਫੌਜ ਵਿਚ ਨੌਕਰੀ ਕਰਦਾ ਸੀ, ਛੁੱਟੀ ਆ ਗਿਆ. ਉਸ ਨੂੰ ਮੱਝਾਂ ਦੇ ਮਰ ਜਾਣ ਬਾਰੇ ਤਾਂ ਘਰੋਂ ਗਈ ਚਿੱਠੀ ਰਾਹੀਂ ਪਤਾ ਲੱਗ ਗਿਆ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਲੱਗਾ ਕਿ ਬੇਬੇ ਕੋਈ ਪੁੱਛ ਪੁਆ ਕੇ ਵੀ ਆਈ ਹੈ.
       ਜਦੋਂ ਉਹ ਕਿਸੇ ਕੰਮ ਕੋਠੇ ਉਪਰ ਚੜ੍ਹਿਆ ਤਾਂ ਨਵੀਆਂ ਇੱਟਾਂ ਦੇਖ ਕੇ ਪੁੱਛਣ ਲੱਗਾ, "ਆਹ, ਇੱਟਾ ਐਥੇ ਕਿਵੇਂ ਪਈਆਂ?"
       ਉਸ ਦਿਨ ਕੋਈ ਛੁੱਟੀ ਹੋਣ ਕਰਕੇ ਮੈਂ ਸਕੂਲ ਨਹੀਂ ਸੀ ਗਿਆ. ਉਸ ਦੇ ਪੁੱਛਣ 'ਤੇ ਮੈਂ ਅਲਫ ਤੋਂ ਯੇ ਤਕ ਸਾਰੀ ਕਹਾਣੀ ਸੁਣਾ ਦਿੱਤੀ. ਮੈਂ ਇਹ ਵੀ ਦੱਸ ਦਿੱਤਾ ਕਿ ਚਾਚੀ ਪਹਿਲਾਂ ਵੀ ਦੋ ਵਾਰ ਆਪਣੇ ਘਰ ਆਈ ਸੀ ਤੇ ਕਿੰਨਾ ਕਿੰਨਾ ਚਿਰ ਬੈਠੀ ਬੇਬੇ ਨਾਲ ਗੱਲਾਂ ਕਰਦੀ ਰਹੀ ਸੀ ਤੇ ਫੇਰ ਉਹ ਰਾਜਿਆਣੇ ਪੁੱਛਾਂ ਦੇਣ ਵਾਲੀ ਮਾਈ ਦੇ ਘਰ ਹੀ ਸਾਨੂੰ ਮਿਲੀ ਸੀ। ਮੇਰੀ ਮਾਂ ਮੇਰੇ ਵੱਲ ਘੂਰ ਘੂਰ ਦੇਖ ਰਹੀ ਸੀ. ਮੱਲ ਸਿੰਘ ਨੇ ਸਾਰੀਆਂ ਇੱਟਾਂ ਕੋਠੇ ਉੱਤੋਂ ਦੀ ਚਲਾ ਕੇ ਨਿਆਈੰਂ ਦੀ ਗੰਦਗੀ ਵਿਚ ਸੁੱਟ ਦਿੱਤੀਆਂ ਤੇ ਥੱਲੇ ਆ ਕੇ ਅੱਗ ਬਗੂਲਾ ਹੁੰਦਾ ਬੋਲਿਆ, "ਉਸ ਦੱਲੀ ਨੇ ਘਰੋਂ ਸਾਰੀ ਗੱਲ ਦਾ ਭੇਤ ਲੈ ਕੇ ਓਸ ਕੰਜਰੀ ਨੂੰ ਜਾ ਦੱਸਿਆ, ਹੋਰ ਉਹਨੂੰ ਕਿੱਥੋਂ ਅਕਾਸ਼ ਬਾਣੀ ਹੋ ਗਈ! ਇਹੋ ਜਿਹੀਆਂ ਮਾਈਆਂ ਦੀਆਂ ਬਥੇਰੀਆਂ ਦਲਾਲ ਰੱਖੀਆਂ ਹੁੰਦੀਆਂ।"
       ਫਿਰ ਉਸ ਨੇ ਡਰਾਵਾ ਦਿੱਤਾ, "ਜੇ ਮੇਰੇ ਜਾਣ ਮਗਰੋਂ ਵੀ ਮਟੀ ਮੁਟੀ ਬਣਾਈ ਤਾਂ ਮੈਂ ਮੁੜ ਕੇ ਪਿੰਡ ਹੀ ਨਹੀਂ ਆਉਣਾ।" 
       ਮੱਲ ਸਿੰਘ ਦਾ ਡਰਾਵਾ ਕੰਮ ਕਰ ਗਿਆ ਕਿਉਂਕਿ ਪਹਿਲੀਆਂ ਵਿਚ ਬਿਨਾਂ ਘਰੇ ਦੱਸਿਆਂ ਹੀ ਉਹ ਬੱਚਾ ਕੰਪਨੀ ਵਿਚ ਭਰਤੀ ਹੋ ਗਿਆ ਸੀ ਤੇ ਦੋ ਸਾਲ ਮਗਰੋਂ ਪਿੰਡ ਆਇਆ ਸੀ. ਉਸ ਤੋਂ ਮਗਰੋਂ ਭਾਵੇਂ ਉਹ ਸਾਲ ਬਾਅਦ ਛੁੱਟੀ ਆਉਣ ਲੱਗ ਪਿਆ ਸੀ. ਫੇਰ ਵੀ ਇਹ ਡਰ ਬਣਿਆ ਹੋਇਆ ਸੀ ਕਿ ਜੇ ਉਹ ਗੁੱਸੇ ਹੋ ਕੇ ਚਲਾ ਗਿਆ ਤਾਂ ਉਸ ਨੇ ਸੱਚੀਂ ਹੀ ਮੁੜ ਕੇ ਨਹੀਂ ਆਉਣਾ. ਉਸ ਤੋਂ ਮਗਰੋਂ ਮਾਂ ਨੇ ਨਾ ਕਿਸੇ ਔਤ ਦੀ ਮਟੀ ਬਣਾਈ ਅਤੇ ਨਾ ਹੀ ਮੁੜ ਕੇ ਮਾਈ ਦੀ ਚੌਂਕੀ ਭਰਨ ਗਈ. ਸ਼ਾਇਦ ਉਸ ਨੂੰ ਔਤ ਦੇ ਧੱਕੇ ਦੀ ਅਸਲੀਅਤ ਦਾ ਪਤਾ ਲੱਗ ਗਿਆ ਸੀ.