ਭਾਰਤ: ਭ੍ਰਸ਼ਟਾਚਾਰ ਦਾ ਸੱਭਿਆਚਾਰ
(ਕਵਿਤਾ)
ਆਦਮ ਅਤੇ ਹੱਵਾ ਨੇ ਤੋਰੀ,
ਵਰਜਤ ਫਲ ਖਾਵਣ ਦੀ ਰੀਤ।
ਬੀਜੋ ਬੀਜ ਤੁਰੀ ਇਹ ਵਿਥਿਆ,
ਧਰਮ, ਕਰਮ, ਵਿਸ਼ਵਾਸ ਪਲੀਤ।
ਪਾਂਡੋ ਪੰਜ ਤੇ ਇਕ ਦਰੋਪਦੀ,
ਇਕ ਦੇਹ ਵਿਚ ਪੰਜ ਦੇਹਾਂ ਲੱਥੀਆਂ।
ਕਾਮ-ਕਹਾਣੀ, ਨਵ-ਅੱਧਿਆਇ,
ਮਿਲਿਆ ਦਿਲ, ਨਾਂ ਲੜੀਆਂ ਅੱਖੀਆਂ।
ਜ਼ੋਰ, ਜਬਰ ਵਿਚ ਰੰਗਿਆ ਕਾਮ,
ਰਿਸ਼ਤੇ ਸਾਰੇ ਤੋੜ ਬਿਖਾਰੇ।
ਗੋਤ-ਗਮਨ ਤੇ ਰੇਪ ਦਾ ਯੁੱਗ ਹੈ",
ਕਹਿੰਦੇ ਪਏ ਚਿੰਤਨ ਅੰਧਿਆਰੇ।
ਬੱਚੇ ਬਣੇ ਨੇ ਕਾਮ-ਖਿਡੌਣੇ,
ਪੁਲਸ, ਖੇਤ ਨੂੰ ਖਾਂਦੀ ਵਾੜ।
ਨਿਆਂ, ਨੌਕਰੀ, ਵਿੱਦਿਆ, ਕਿੱਤੇ,
ਸਭ ਵਿਕਦੇ ਨੇ ਏਸ ਬਾਜ਼ਾਰ।
ਤਨ ਦਾ ਖੂਨ ਅੱਖਾਂ ਵਿਚ ਲੱਥਾ,
ਸੂਹੇ ਹੋ ਗਏ ਪਿੰਡ, ਬ੍ਰਹਮੰਡ।
ਉਲਝ ਗਿਆ ਗੁੰਝਲਾਂ ਵਿਚ ਮਾਨਵ,
ਮਨ-ਰੋਗਾਂ ਦੀ ਰੁੱਤ ਪਰਚੰਡ।
ਜੰਗਾਂ ਵਿਚ ਇਤਿਹਾਸ ਹੈ ਰੰਗਿਆ
ਰੱਤ, ਹਿੰਸਾ ਵਿਚ ਸੱਭਿਆਚਾਰ।
ਲੁੱਟ ਖੋਹ ਦਾ ਬਾਜ਼ਾਰ ਗਰਮ ਹੈ,
ਸਿਖਰ 'ਤੇ ਪੁੱਜਾ ਭ੍ਰਸ਼ਟਾਚਾਰ।
----------------------------------------