ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਚੇਤਿਆਂ ਦੀ ਚਿਲਮਨ - ਕਿਸ਼ਤ 11 (ਸਵੈ ਜੀਵਨੀ )

    ਜਰਨੈਲ ਸਿੰਘ ਸੇਖਾ    

    Email: Jarnailsinghsekha34@gmail.com
    Phone: +1 778 246 1087
    Address: 7242 130 A Street
    Surrey British Columbia Canada V3W 6E9
    ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    20
    ਗੁਰਦਾਣਾ ਢਾਬ
    ਸਾਡੇ ਪਿੰਡ, ਸੇਖਾ ਕਲਾਂ ਦੀ ਜੂਹ ਵਿਚ ਇਕ ਸਥਾਨ ਗੁਰਦਾਣਾ ਹੈ, ਜਿੱਥੇ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਹੈ. ਇਸ ਸਥਾਨ ਦਾ ਸਬੰਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੋੜਿਆ ਜਾਂਦਾ ਹੈ. ਕਹਿੰਦੇ ਹਨ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਭਾਈ ਤੋਂ ਭਾਈ ਰੂਪੇ ਨੂੰ ਗਏ ਸਨ ਤਾਂ ਇਸ ਸਥਾਨ 'ਤੇ ਠਹਿਰਾਓ ਕੀਤਾ ਸੀ ਅਤੇ ਆਪਣੇ ਘੋੜਿਆਂ ਨੂੰ ਦਾਣਾ ਵੀ ਚਾਰਿਆ ਸੀ. ਲੋਕ ਤਾਂ ਇਸ ਨੂੰ ਪੰਜਾਬੀ ਦੀ ਦੰਦ ਕਥਾ 'ਘੋੜਾ ਪਿਆਉਣਾ ਜਾਂ ਨਹਾਉਣਾ' ਨਾਲ ਵੀ ਜੋੜਦੇ ਹੋਏ ਕਹਿੰਦੇ ਹਨ ਕਿ ਡਰੋਲੀ ਭਾਈ ਤੋਂ ਆਉਂਦਿਆਂ ਪਹਿਲਾਂ ਗੁਰੂ ਜੀ ਨੇ ਪਿੰਡ ਸਾਹੋ ਕੇ ਵਿਚ ਪੜਾਓ ਕੀਤਾ ਸੀ. ਉੱਥੇ ਜਦੋਂ ਉਹਨਾਂ ਪਿੰਡ ਦੇ ਮੁੰਡਿਆਂ ਨੂੰ ਘੋੜੇ ਨਹਾਉਣ ਲਈ ਕਿਹਾ ਤਾਂ ਪਿੰਡ ਦੇ ਕੁਝ ਗਭਰੂ ਘੋੜਿਆਂ ਨੂੰ ਢਾਬ ਉਪਰ ਲੈ ਗਏ. ਵਿਚੋਂ ਹੀ ਕਿਸੇ ਇਕ ਜਣੇ ਨੇ ਕਹਿ ਦਿੱਤਾ, "ਗੁਰੁ ਜੀ ਨੇ ਘੋੜੇ ਨਹਾਉਣ ਲਈ ਹੁਕਮ ਦਿੱਤਾ ਸੀ. ਜੇ ਇਨ੍ਹਾ ਪਾਣੀ ਪੀ ਲਿਆ ਤਾਂ ਹੁਕਮ ਅਦੂਲੀ ਹੋ ਜਾਊ!"
    "ਹੁਣ ਕੀ ਕਰੀਏ? ਘੋੜੇ ਨ੍ਹਾਉਣਗੇ ਤਾਂ ਪਾਣੀ ਵੀ ਪੀਣਗੇ।"
    "ਫੇਰ ਆਪਾਂ ਇਹਨਾਂ ਦੇ ਮੂੰਹ ਨਾ ਬੰਨ੍ਹ ਦੇਈਏ?" ਵਿਚੋਂ ਇਕ ਜਣੇ ਨੇ ਕਿਹਾ.
    "ਹਾਂ! ਇਹ ਠੀਕ ਐ। ਗੁਰੂ ਜੀ ਨੇ ਜਿਵੇਂ ਕਿਹੈ, ਆਪਾਂ ਨੂੰ ਉਵੇਂ ਈ ਕਰਨਾ ਚਾਹੀਦੈ।" ਨਾਲ ਦੇ ਨੇ ਵੀ ਹਾਮੀ ਭਰੀ. 
       ਸਾਰੇ ਇਕ ਰਾਇ ਹੋ, ਘੋੜਿਆਂ ਦੇ ਮੂੰਹ ਬੰਨ੍ਹ ਕੇ ਢਾਬ ਵਿਚ ਲੈ ਗਏ. ਉਹਨਾਂ ਘੋੜਿਆਂ ਨੂੰ ਮਲ਼ ਮਲ਼ ਕੇ ਨੁਹਾਇਆ ਪਰ ਪਾਣੀ ਨੂੰ ਮੂਹ ਨਹੀਂ ਲਾਉਣ ਦਿੱਤਾ। ਕਿਸੇ ਨੇ ਚੁਗਲੀ ਕਰ ਦਿੱਤੀ ਕਿ ਸਾਹੋ ਕਿਆਂ ਦੇ ਲੋਕਾਂ ਨੇ ਜਾਣ ਕੇ ਘੋੜਿਆ ਦੇ ਮੂੰਹ ਬੰਨ੍ਹੇ ਹਨ. ਕਹਿੰਦੇ ਨੇ ਕਿ ਗੁਰੂ ਜੀ ਉਹਨਾਂ ਨਾਲ ਗੁੱਸੇ ਹੋ ਕੇ ਉੱਥੋਂ ਚਲੇ ਆਏ ਅਤੇ ਗੁਰਦਾਣੇ ਦੀ ਢਾਬ 'ਤੇ ਆ ਕੇ ਬਿਸਰਾਮ ਕੀਤਾ. ਇੱਥੇ ਉਹਨਾਂ ਘੋੜਿਆਂ ਨੂੰ ਦਾਣਾ ਵੀ ਚਾਰਿਆ. ਇਸੇ ਕਰਕੇ ਇਸ ਸਥਾਨ ਦਾ ਨਾਮ ਗੁਰਦਾਣਾ ਪੈ ਗਿਆ. ਪਰ 'ਘੋੜੇ ਪਿਆਉਣ, ਨਹਾਉਣ' ਵਾਲੀ ਗੱਲ ਵਿਚ ਕੋਈ ਸਚਾਈ ਨਹੀਂ ਲਗਦੀ. ਕਿਉਂਕਿ ਸਾਹੋ ਕਿਆਂ ਤੋਂ ਗੁਰਦਾਣੇ ਦੀ ਢਾਬ ਦਾ ਫਾਸਲਾ ਚਾਰ ਮੀਲ ਤੋਂ ਵੀ ਘੱਟ ਹੋਵੇਗਾ. ਡਰੋਲੀ ਭਾਈ ਦੇ ਰਾਹ ਤੋਂ ਸਾਹੋ ਕਾ ਪਿੰਡ ਕੁਝ ਪਾਸੇ ਰਹਿ ਜਾਂਦਾ ਹੈ. ਪਰ ਇਸ ਗੱਲ ਵਿਚ ਜਰੂਰ ਸਚਾਈ ਹੋ ਸਕਦੀ ਹੈ ਕਿ ਗੁਰੂ ਜੀ ਨੇ ਡਰੋਲੀ ਭਾਈ ਤੋਂ ਭਾਈ ਰੂਪੇ ਨੂੰ ਜਾਂਦਿਆਂ ਗੁਰਦਾਣੇ ਵਾਲੀ ਢਾਬ ਉਪਰ ਬਿਸਰਾਮ ਕੀਤਾ ਹੋਵੇ. ਕਿਉਂਕਿ ਡਰੋਲੀ ਭਾਈ ਤੋਂ ਭਾਈ ਰੂਪੇ ਨੂੰ ਸਿੱਧੇ ਰਾਹ ਜਾਂਦਿਆਂ ਸੇਖਾ ਰਾਹ ਵਿਚ ਪੈਂਦਾ ਹੈ ਅਤੇ ਸੇਖੇ ਤੋਂ ਡਰੋਲੀ ਭਾਈ ਦਾ ਫਾਸਲਾ ਵੀ ਵੀਹ ਪੰਝੀ ਮੀਲ ਦਾ ਹੈ. ਹੈ ਇਹ ਮਿੱਥ. ਇਤਿਹਾਸਿਕ ਸਬੂਤ ਕੋਈ ਨਹੀਂ.
       ਗੁਰਦਾਣੇ ਦੀ ਢਾਬ ਚਾਰ ਪਿੰਡਾਂ, ਸੇਖਾ ਕਲਾਂ, ਠੱਠੀ ਭਾਈ, ਮੌੜ ਨੌ ਅਬਾਦ ਅਤੇ ਮਾੜੀ ਮੁਸਤਫਾ ਦੇ ਵਿਚਕਾਰ ਪੈਂਦੀ ਹੈ. ਪਰ ਇਹ ਢਾਬ ਹੈ ਪਿੰਡ ਸੇਖਾ ਕਲਾਂ ਦੀ ਜੂਹ ਵਿਚ. ਪਹਿਲਾਂ ਇਸ ਥਾਂ ਉਪਰ ਬਹੁਤ ਸੰਘਣਾ ਜੰਗਲ ਹੁੰਦਾ ਸੀ, ਜਿਹੜਾ ਕਈ ਮੀਲਾਂ ਦੇ ਰਕਬੇ ਵਿਚ ਫੈਲਿਆ ਹੋਇਆ ਸੀ. ਜੰਗਲ ਦੇ ਵਿਚਕਾਰ ਇਕ ਬਹੁਤ ਵੱਡੀ ਢਾਬ ਹੁੰਦੀ ਸੀ. ਢਾਬ ਦੇ ਉੱਤਰ ਪੂਰਬ ਵੱਲ ਕੋਈ ਇਕ ਘੁਮਾਂ ਵਿਚ ਫੈਲਿਆ ਹੋਇਆ ਇਕ ਬੋਹੜ ਦਾ ਬ੍ਰਿਛ ਹੁੰਦਾ ਸੀ.
       ਕਿਸੇ ਸਮੇਂ ਇਹ ਜਗਾਹ ਡਾਕੂ, ਲੁਟੇਰਿਆਂ ਦੀ ਛੁਪਣਗਾਹ ਵੀ ਰਹੀ ਹੈ. ਫਿਰ ਇੱਥੇ ਇਕ ਸਾਧੂ ਕਾਨਿਆਂ ਦੀ ਝੁੱਗੀ ਪਾ ਕੇ ਰਹਿਣ ਲੱਗ ਪਿਆ. ਕੁਝ ਸਮਾਂ ਉਹ ਉੱਥੇ ਰਿਹਾ ਫਿਰ ਪਤਾ ਨਹੀਂ ਕਿਧਰ ਚਲਾ ਗਿਆ. ਉਸ ਸਾਧ ਬਾਰੇ ਪਿੰਡ ਦੇ ਕਿਸੇ ਪੁਰਾਣੇ ਬਜ਼ੁਰਗ ਨੂੰ ਕੋਈ ਜਾਣਕਾਰੀ ਨਹੀਂ. ਪਰ ਉਸ ਤੋਂ ਮਗਰੋਂ ਜਿਸ ਸਾਧ, ਬਾਬਾ ਰੂਖੜ ਦਾਸ ਨੇ ਇੱਥੇ ਡੇਰਾ ਲਾਇਆ, ਉਸ ਬਾਰੇ ਪਿੰਡ ਦਾ ਬੱਚਾ ਬੱਚਾ ਜਾਣਦਾ ਹੈ. ਭਾਵੇਂ ਕਿ ਉਸ ਨੂੰ ਇਹ ਸੰਸਾਰ ਤਿਆਗਿਆਂ ਵੀ ਸਦੀ ਬੀਤ ਗਈ ਹੈ. 
       ਉਸ ਸਾਧ ਦੀ ਸ਼ਖਸੀਅਤ ਨਾਲ ਲੋਕਾਂ ਨੇ ਕਈ ਚਮਤਕਾਰ ਜੋੜ ਦਿੱਤੇ ਹੋਏ ਹਨ. ਕਿਸੇ ਦਾ ਕਹਿਣਾ ਹੈ ਕਿ ਉਸ ਨੇ ਭੂਤਾਂ ਵੱਸ ਕੀਤੀਆਂ ਹੋਈਆਂ ਸਨ ਤੇ ਰਾਤ ਨੂੰ ਉਹ ਉਹਨਾਂ ਨਾਲ ਖੇਡਦਾ ਰਹਿੰਦਾ ਸੀ. ਉਸ ਦੇ ਬਾਰੇ ਇਹ ਗੱਲ ਵੀ ਮਸ਼ਹੂਰ ਕੀਤੀ ਹੋਈ ਸੀ ਕਿ ਉਹ ਰਾਤ ਨੂੰ ਆਪਣੇ ਸਾਰੇ ਅੰਗ ਬੋਹੜ ਦੇ ਆਲੇ ਦੁਆਲੇ ਖਿਲਾਰ ਦਿੰਦਾ ਸੀ ਅਤੇ ਉਸ ਦੀ ਰੂਹ ਬੋਹੜ ਦੀ ਟੀਸੀ ਉਪਰ ਬੈਠ ਕੇ ਭਜਨ ਕਰਦੀ ਸੀ. ਸਵੇਰ ਵੇਲੇ ਕੁੱਕੜ ਦੀ ਬਾਂਗ ਨਾਲ ਉਹ ਫੇਰ ਸਾਰੇ ਅੰਗ ਇਕੱਠੇ ਕਰਕੇ ਸਮਾਧੀ ਲਾ ਕੇ ਬੈਠ ਜਾਂਦਾ ਸੀ. ਉਸ ਬਾਰੇ ਇਹ ਗੱਲ ਵੀ ਧੁੰਮਾਈ ਹੋਈ ਸੀ ਕਿ ਉਹ ਦੇਹ ਪਲਟ ਕੇ ਕਦੀ ਸੱਪ ਬਣ ਜਾਂਦਾ ਸੀ, ਕਦੀ ਕੁੱਤਾ ਅਤੇ ਕਦੀ ਝੋਟਾ. ਉਸ ਦੇ ਮੂਹੋਂ ਨਿਕਲੀ ਹਰ ਗੱਲ ਪੂਰੀ ਹੋ ਜਾਂਦੀ ਸੀ. ਉਹਦੇ ਬਚਨਾਂ ਨਾਲ ਸੋਕੇ ਸਮੇਂ ਵੀ ਮੀਂਹ ਪੈ ਜਾਂਦਾ ਸੀ. ਉਸ ਨੇ ਗੜੇ ਬੰਨ੍ਹੇ ਹੋਏ ਸਨ. ਇਹੋ ਜਿਹੀਆਂ ਹੋਰ ਵੀ ਕਈ ਅਨੇਕ ਕਹਾਣੀਆਂ ਤੇ ਕਰਾਮਾਤਾਂ ਉਸ ਨਾਲ ਜੋੜੀਆਂ ਹੋਈਆਂ ਸਨ. ਪਰ, ਜਿਹੜੀ ਗੱਲ ਨਿੱਕੇ ਹੁੰਦਿਆਂ ਅਸੀਂ ਠੁੱæਲੀ ਬੁੜ੍ਹੇ ਤੋਂ ਸੁਣੀ ਸੀ, ਉਹ ਵੱਖਰੀ ਹੀ ਕਹਾਣੀ ਪੇਸ਼ ਕਰਦੀ ਸੀ. ਬਹੁਤੇ ਲੋਕ ਤਾਂ ਠੁੱਲੀ ਬੁੜ੍ਹੇ ਦੀ ਗੱਲ ਨੂੰ ਅਮਲੀ ਦਾ ਫੜਫੂਲਾ ਕਹਿ ਕੇ ਹਾਸੇ ਵਿਚ ਉਡਾ ਦਿੰਦੇ ਸਨ. ਕਿਉਂਕਿ ਲੋਕ ਉਸਦੀਆਂ ਗੱਲਾਂ ਨੂੰ ਨਿਰੀਆਂ ਗੱਪਾਂ ਹੀ ਸਮਝਦੇ ਸੀ. 
       ਨਿੱਕੇ ਹੁੰਦੇ ਅਸੀਂ, ਗਰਮੀ ਦੀਆਂ ਛੁੱਟੀਆਂ ਵਿਚ ਮੱਝਾਂ ਚਰਾਉਣ ਲਈ ਗੁਰਦਾਣੇ ਵੱਲ ਹੀ ਜਾਂਦੇ ਸਾਂ. ਉਹਨਾਂ ਵੇਲਿਆਂ ਵਿਚ ਜੰਗਲ ਦਾ ਬਹੁਤਾ ਹਿਸਾ ਵਾਹੀ ਹੇਠ ਆ ਗਿਆ ਸੀ. ਫਿਰ ਵੀ 'ਮੋਲ੍ਹਾ' ਤੇ 'ਗੁਰਦਾਣਾ' ਦੋ ਝੰਗੀਆਂ ਰਹਿ ਗਈਆਂ ਸਨ ਜਿਹੜੀਆਂ ਅਜੇ ਵੀ ਮੀਲ ਮੀਲ ਦੇ ਰਕਬੇ ਵਿਚ ਫੈਲੀਆਂ ਹੋਈਆਂ ਸਨ. (ਮੁਰੱਬੇਬੰਦੀ ਹੋਣ ਮਗਰੋਂ ਇਨ੍ਹਾਂ ਝੰਗੀਆਂ ਵਾਲੀ ਜ਼ਮੀਨ ਵੀ ਵਾਹੀ ਹੇਠ ਆ ਗਈ.) ਓਥੇ ਸਾਉਣ ਦੀਆਂ ਝੜੀਆਂ ਵਿਚ ਹਰਾ ਹਰਾ ਧਾਮਣ (ਘਾਹ ਦੀ ਕਿਸਮ) ਜੰਮ ਜਾਂਦਾ. ਦੁਪਹਿਰ ਤਕ ਧਾਮਣ ਨਾਲ ਰੱਜ ਕੇ ਮੱਝਾਂ ਢਾਬ ਵਿਚ ਬੈਠੀਆਂ ਜੁਗਾਲੀ ਕਰੀ ਜਾਂਦੀਆਂ ਅਤੇ ਅਸੀਂ ਇਸ ਬੋਹੜ 'ਤੇ ਖੜਕਾਨਾ ਅਤੇ ਛੁਪਨ ਛੁਪਾਈ ਖੇਡਦੇ ਰਹਿੰਦੇ ਜਾਂ ਢਾਬ ਵਿਚ ਤਾਰੀਆਂ ਲਾਉਣ ਲੱਗ ਜਾਂਦੇ. 
      ਆਪਣਾ ਬੱਕਰੀਆਂ ਦਾ ਇੱਜੜ ਲੈ ਕੇ ਬਾਬਾ ਠੁੱਲੀ ਵੀ ਆਪਣੇ ਆਜੜੀ ਸਾਥੀਆਂ ਨਾਲ ਕਈ ਵਾਰ ਉਸ ਬੋਹੜ ਹੇਠ ਆ ਬੈਠਦਾ ਤੇ ਆਪਣੀਆਂ ਕਹਾਣੀਆਂ ਸੁਣਾਉਣ ਲੱਗ ਜਾਂਦਾ. ਕਦੀ ਦਸਦਾ, "ਮੇਰੇ ਕੋਲ ਇਕ ਸ਼ਿਕਾਰੀ ਕੁੱਤੀ ਹੁੰਦੀ ਸੀ, ਬਹੁਤੇ ਈ ਪਤਲੇ ਲੱਕ ਵਾਲੀ. ਮੈਂ ਉਹਦਾ ਨਾਂ ਵੀ ਪਤਲੋ ਰੱਖਿਆ ਹੋਇਆ ਸੀ. ਉਹ ਸਹੇ ਨੂੰ ਚਾਰ ਘੁਮਾਂ ਨਹੀਂ ਸੀ ਜਾਣ ਦਿੰਦੀ. ਝਟ ਦਬੋਚ ਕੇ ਜਿਉਂਦੇ ਨੂੰ ਮੇਰੇ ਕੋਲ ਲੈ ਆਉਂਦੀ. ਜ੍ਹਾ ਖਾਂ ਭੋਰਾ ਵੀ ਆਪਣੇ ਦੰਦ ਉਹਦੀ ਚਮੜੀ ਨੂੰ ਲੱਗਣ ਦੇਵੇ।" ਇਕ ਵਾਰ ਉਸ ਨੇ ਇਕ ਕਹਾਣੀ ਜਿਸ ਨੂੰ ਨਾਲ ਦਿਆਂ ਗੱਪ ਆਖਿਆ, "ਇਕ ਵਾਰ ਐਸ ਰੱਖ ਵਿਚ ਅਸੀਂ ਸ਼ਿਕਾਰ ਖੇਡਦੇ ਸੀ. ਸਾਡੇ ਕੁੱਤੇ ਤਾਂ ਭਾਈ, ਭੌਂਕਦੇ ਹੋਏ ਭੱਜੇ ਜਾਣ. ਅਸੀਂ ਵੀ ਉਹਨਾਂ ਮਗਰ ਛੁਟਾਂ ਵਟ ਲਈਆਂ. ਮੇਰੀ ਨਿਗਾਹ ਦਰਖਤ ਦੀ ਛਾਵੇਂ ਬੈਠੇ ਇਕ ਬਾਰਾਂਸਿੰਗੇ 'ਤੇ ਪਈ. ਉਹ ਗਰਮੀ ਨਾਲ ਗਿੱਠ ਜੀਭ ਕੱਢੀ ਹੌਂਕੀ ਜਾਵੇ. ਮੈਂ ਸੋਚਿਆ, 'ਲੈ ਬਈ, ਬਣ ਗਿਆ ਕੰਮ ਆਪਣਾ ਤਾਂ!' ਇੰਨੇ ਨੂੰ ਸਾਡੇ ਕੁੱਤੇ ਉਹਦੇ 'ਤੇ ਜਾ ਚੜ੍ਹੇ. ਉਸ ਨੇ ਛਾਲ ਮਾਰ ਕੇ ਇਕ ਕੁੱਤੇ ਨੂੰ ਆਪਣੇ ਸਿੰਗਾਂ ਉਪਰ ਦੱਬੋਚ ਲਿਆ. ਪਰ ਅਸ਼ਕੇ ਜਾਈਏ ਮੇਰੀ ਪਤਲੋ ਦੇ, ਉਹਨੇ ਪਿੱਛੋਂ ਦੀ ਉਹਦੇ ਪਤਾਲੂਆਂ ਦਾ ਬੁਰਕ ਭਰ ਲਿਆ. ਉਹ ਘੁੰਮੀ ਜਾਵੇ ਤੇ ਪਤਲੋ ਛੱਡੇ ਨਾ. ਮੈਂ ਉਹਦੀ ਵੱਖੀ ਵਿਚ ਜਾ ਸੇਲਾ ਖੋਭਿਆ. ਇੰਨੇ ਨੂੰ ਦੂਜੇ ਸਿਕਾਰੀ ਵੀ ਆ ਗਏ. ਬਸ, ਡਾਂਗਾਂ ਨਾਲ ਸਿਰ ਫੇਹ ਦਿੱਤਾ. ਉਹਦਾ ਮਾਸ ਅਸੀਂ ਏਥੇ ਈ ਭੁੰਨ ਕੇ ਖਾਧਾ ਤੇ ਖੱਲ ਅਸੀਂ ਰੂਖੜ ਦਾਸ ਨੂੰ ਦੇ ਦਿੱਤੀ ਪਰ ਉਹਨੇ ਚਲਾ ਕੇ ਢਾਬ ਵਿਚ ਮਾਰੀ. ਫੇਰ ਉਹ ਖੱਲ ਅਸੀਂ ਝਿੜੀ ਵਾਲੇ ਸੰਤਾਂ ਨੂੰ ਦੇ ਦਿੱਤੀ ਸੀ।" 
    "ਬਾਬੇ ਰੂਖੜ ਦਾਸ ਨੇ ਆਪਣੀ ਕਰਾਮਾਤ ਨਾਲ ਬਾਰਾਂ ਸਿੰਗੇ  ਨੂੰ ਅੰਨ੍ਹਾ ਕਰ'ਤਾ ਹੋਣੈ, ਤਾਂ ਹੀ ਉਹ ਮਰ ਗਿਆ ਹੋਊ। ਨਈਂ ਤਾਂ ਬਾਰਾਂ ਸਿੰਗਾ ਸੌ ਕੁੱਤਿਆਂ ਨੂੰ ਵੀ ਲਾਗੇ ਨਈ ਲੱਗਣ ਦਿੰਦਾ।" ਵਿਚੋਂ ਹੀ ਇਕ ਮੁੰਡਾ ਬੋਲ ਪਿਆ. 
    ਮੁੰਡੇ ਵੱਲੋਂ ਬਾਬੇ ਰੂਖੜ ਦਾਸ ਦੀ ਕਰਾਮਾਤ ਦੀ ਗੱਲ ਸੁਣ ਕੇ ਉਸ ਨੂੰ ਗੱਲ ਕਰਨ ਲਈ ਇਕ ਹੋਰ ਕਹਾਣੀ ਮਿਲ ਗਈ, "ਕਿਹੜੀ ਕਰਾਮਾਤ ਦੀ ਗੱਲ ਕਰਦੈਂ ਤੂੰ! ਕੋਈ ਕਰਾਮਾਤ ਨਈ ਸੀ ਉਹਦੇ ਵਿਚ. ਐਵੇਂ ਲੋਕ ਭਕਾਈ ਮਾਰਦੇ ਐ. ਮੇਰਾ ਤਾਂ ਸਮਝੋ ਉਹ ਲੰਗੋਟੀਆ ਯਾਰ ਸੀ।"
    "ਬਾਬਾ, ਮੈਂ ਤਾਂ ਸੁਣਿਐ, ਉਹ ਲੰਗੋਟ ਪਾਉਂਦਾ ਈ ਨਹੀਂ ਸੀ, ਨੰਗਾ ਈ ਰਹਿੰਦਾ ਸੀ।" ਵਿਚੋਂ ਹੀ ਕਿਸੇ ਹੋਰ ਸ਼ਰਾਰਤੀ ਨੇ ਕਹਿ ਦਿੱਤਾ। 
    "ਭਕਾਈ ਨਾ ਮਾਰ, ਮੇਰੀ ਗੱਲ ਸੁਣ ਧਿਆਨ ਨਾਲ।" ਉਹ ਫੇਰ ਸ਼ੁਰੂ ਹੋ ਗਿਆ, "ਉਹ ਮੋਨਧਾਰੀ ਬਣਿਆ ਹੋਇਆ ਸੀ ਪਰ ਮੇਰੇ ਨਾਲ ਗੱਲਾਂ ਕਰਦਾ ਸੀ, ਕਿਸੇ ਹੋਰ ਨਾਲ ਨਹੀਂ. ਮੇਰੇ ਨਾਲ ਤਾਂ ਉਹ ਦਾਰੂ ਵੀ ਪੀ ਲੈਂਦਾ ਸੀ. ਮੈਨੂੰ ਓਹਦੇ ਸਾਰੇ ਭੇਤਾਂ ਦਾ ਪਤੈ. ਉਹਦਾ ਨਾਂ ਵੀ ਰੂਖੜ ਦਾਸ ਨਈ ਸੀ. ਇਹ ਨਾਂ ਤਾਂ ਉਹਨੇ ਸਾਧ ਬਣਨ ਮਗਰੋਂ ਰੱਖਿਆ ਸੀ. ਪਹਿਲਾਂ ਉਹ ਇਕ ਨਾਮੀ ਡਾਕੂ ਹੁੰਦਾ ਸੀ, ਡਾਕੂਆਂ ਦੇ ਟੋਲੇ ਦਾ ਸਰਦਾਰ. ਉਹਨਾਂ ਦਾ ਟੋਲਾ, ਡਾਕਾ ਮਾਰਨ ਮਗਰੋਂ ਇਸ ਥਾਂ ਆ ਕੇ ਠਹਿਰਦਾ ਹੁੰਦਾ ਸੀ।" ਚਿਲਮ ਦਾ ਸੂਟਾ ਲਾ ਕੇ ਉਸ ਅਗਾਂਹ ਗੱਲ ਤੋਰੀ, "ਇਕ ਵਾਰ ਉਹਨਾਂ ਨੇ ਕਿਸੇ ਸਾਹੂਕਾਰ ਦੇ ਘਰ ਡਾਕਾ ਮਾਰਿਆ. ਜਦੋਂ ਸਾਹੂਕਾਰ ਆਪਣੀ ਜਾਨ ਬਚਾਉਣ ਲਈ ਲੁਕਣ ਲੱਗਾ ਤਾਂ ਉਸ ਨੇ ਆਪਣੀ ਦੁਨਾਲੀ ਦਾ ਘੋੜਾ ਦੱਬ ਦਿੱਤਾ. ਉਹਦੇ ਸ਼ਰਲੇ ਮਰਲੇ ਥਾਂ 'ਚ ਖਿੱਲਰ ਗਏ, ਜਿਹੜੇ ਸਾਹੂਕਾਰ ਦੇ ਨਾਲ ਨਾਲ ਉਹਨਾਂ ਦੀ ਨਿੱਕੀ ਜਿਹੀ ਕੁੜੀ ਦੇ ਵੀ ਵੱਜ ਗਏ. ਦੋਵੇਂ ਉੱਥੇ ਹੀ ਮੂਧੇ ਮੂੰਹ ਡਿੱਗ ਕੇ ਤੜਫਣ ਲੱਗੇ. ਕੁੜੀ ਦੀ ਮਾਂ ਜਿਹੜੀ ਡਾਕੂਆਂ ਨੂੰ ਕੰਧ ਟਪਦਿਆਂ ਦੇਖ ਕੇ ਹੀ ਲੁਕ ਗਈ ਸੀ, ਆਪਣੀ ਲੁਕਣ ਵਾਲੀ ਥਾਂ ਤੋਂ ਭੱਜ ਕੇ ਬਾਹਰ ਆਈ ਤੇ ਉਸ ਦੇ ਸਾਹਮਣੇ ਆ ਕੇ ਚੀਕਦੀ ਹੋਈ ਬੋਲੀ, 'ਕੰਜਕ ਨੂੰ ਮਾਰਨ ਵਾਲਿਆ ਦੁਸ਼ਟਾ! ਤੇਰਾ ਕਿਸ ਜੁਗ ਭਲਾ ਹੋਊਗਾ!! ਲੈ ਮਾਰ ਮੇਰੇ ਵੀ ਗੋਲ਼ੀ ਤੇ ਪਾਰ ਬਲਾ ਸਾਰੇ ਟੱਬਰ ਨੂੰ। ਹੁਣ ਮੈਂ ਵੀ ਜਿਉਂ ਕੇ ਕੀ ਕਰਨੈ.' ਏਨਾ ਕਹਿ ਉਹ ਓਥੇ ਈ ਗਸ਼ ਖਾ ਡਿੱਗ ਪਈ. ਉਹ ਬਿਨਾਂ ਕੋਈ ਨਕਦੀ ਗਹਿਣਾ ਲੁੱਟੇ, ਆਪਣੇ ਡਾਕੂਆਂ ਨੂੰ ਘਰੋਂ ਬਾਹਰ ਲੈ ਆਇਆ. ਉਸ ਦਿਨ ਤੋਂ ਮਗਰੋਂ ਉਸ ਨੇ ਡਾਕੇ ਮਾਰਨੇ ਛੱਡ ਦਿੱਤੇ ਤੇ ਸਾਧ ਬਣ ਗਿਆ. ਉਹ ਆਪ ਤਾਂ ਸਾਧ ਬਣ ਗਿਆ ਸੀ ਪਰ ਫੇਰ ਵੀ ਉਸ ਦੇ ਪੁਰਾਣੇ ਸਾਥੀ ਕਦੇ ਕਦਾਈਂ ਉਸ ਕੋਲ ਰਾਤ ਕੱਟ ਜਾਂਦੇ ਸੀ. ਏਸੇ ਕਰਕੇ ਉਹ ਕਿਸੇ ਨੂੰ ਆਪਣੇ ਕੋਲ ਰਹਿਣ ਨਹੀਂ ਸੀ ਦਿੰਦਾ।" ਉਸ ਦੀ ਇਹ ਗੱਲ ਸੁਣ ਕੇ ਮੁੰਡੇ ਖਿੜ ਖਿੜ ਕਰਕੇ ਹੱਸਣ ਲੱਗੇ. ਕਿਸੇ ਨੇ ਵੀ ਉਸ ਦੀ ਗੱਲ ਦਾ ਇਤਬਾਰ ਨਹੀਂ ਸੀ ਕੀਤਾ. 
    "ਹੱਸ ਲੋ ਹੱਸ ਲੋ, ਥੋਡੇ ਹੱਸਣ ਦਾ ਵੇਲੈ. ਜੇ ਉਹ ਜਿਉਂਦਾ ਹੁੰਦਾ ਤਾਂ ਥੋਡੇ ਸਾਹਮਣੇ ਲਿਆ ਕੇ ਪੁੱਛਵਾ ਦਿੰਦਾ ਮੈਂ ਥੋਨੂੰ, ਹਾਂ!" ਇਹ ਕਹਿ ਕੇ ਉਸ ਨੇ ਰੀਠੇ ਜਿੰਨੀ ਅਫੀਮ ਆਪਣੇ ਮੂੰਹ ਵਿਚ ਪਾ ਲਈ.
       ਉਂਜ ਤਾਂ 'ਜਿੰਨੇ ਮੂੰਹ ਓਨੀਆਂ ਗੱਲਾਂ' ਵਾਲੀ ਗੱਲ ਸੀ. ਪਰ ਇਨ੍ਹਾਂ ਗੱਲਾਂ ਬਾਰੇ ਦੋ ਰਾਵਾਂ ਨਹੀਂ ਸਨ ਕਿ ਉਹ ਦਿਨੇ ਬੋਹੜ ਦੇ ਹੇਠ ਪਿਆ ਰਹਿੰਦਾ. ਮੀਂਹ, ਹਨੇਰੀ ਵੇਲ਼ੇ ਉਹ ਆਪਣੀ ਛੰਨ ਵਿਚ ਘੱਟ ਹੀ ਜਾਂਦਾ. ਉਹ ਸਿਆਲ਼ ਵਿਚ ਹੀ ਛੰਨ ਅੰਦਰ ਜਾਂਦਾ ਸੀ. ਉਹ ਕਿਸੇ ਨਾਲ ਘੱਟ ਹੀ ਗੱਲ ਕਰਦਾ ਸੀ. ਆਥਣ ਨੂੰ ਆਪਣੇ ਲੱਕ ਦੁਆਲ਼ੇ ਬੋਰਾ ਲਪੇਟਦਾ ਤੇ ਚਿੱਪੀ ਫੜ ਕੇ ਕਦੇ ਮਾੜੀ ਮੁਸਤਫਾ, ਕਦੀ ਸੇਖੇ ਚਲਿਆ ਜਾਂਦਾ. (ਉਸ ਸਮੇਂ ਮਾੜੀ ਮੁਸਤਫਾ ਅਤੇ ਸੇਖਾ ਕਲਾਂ ਵਿਚ ਹੀ ਸ਼ਰਾਬ ਦਾ ਠੇਕਾ ਹੁੰਦਾ ਸੀ.) ਠੇਕਦਾਰ ਉਸ ਦੀ ਚਿੱਪੀ ਵਿਚ ਇਕ ਬੋਤਲ ਸ਼ਰਾਬ ਦੀ ਉਲੱਦ ਦਿੰਦਾ. ਉਹ ਉੱਥੇ ਖੜ੍ਹਾ ਖੜ੍ਹੋਤਾ ਹੀ ਚਿੱਘੀ ਲਾ ਕੇ ਚਿੱਪੀ ਖਾਲੀ ਕਰ ਦਿੰਦਾ ਤੇ ਵਾਪਸ ਆਪਣੇ ਟਿਕਾਣੇ 'ਤੇ ਆ ਜਾਂਦਾ. ਜੇ ਉਸ ਨੂੰ ਰੋਟੀ ਮਿਲ ਜਾਂਦੀ ਤਾਂ ਖਾ ਲੈਂਦਾ, ਨਹੀਂ ਤਾਂ ਜੰਗਲੀ ਫਲ਼ ਫੁੱਲ ਤੇ ਜੜੀ ਬੂਟੀ ਖਾ ਕੇ ਗੁਜ਼ਾਰਾ ਕਰ ਲੈਂਦਾ. ਬਖਤਾ ਪੱਤੀ ਦਾ ਇਕ ਜੱਟ, ਜਿਸ ਦੀ ਪੈਲ਼ੀ ਗੁਰਦਾਣਾ ਢਾਬ ਦੇ ਨੇੜ ਸੀ, ਕਦੇ ਕਦਾਈਂ ਉਸ ਦੀ ਰੋਟੀ ਲੈ ਜਾਣ ਲੱਗ ਪਿਆ. ਉਸ ਦੀ ਦੇਖਾ ਦੇਖੀ ਇਕ ਹੋਰ ਬੰਦਾ ਵੀ ਰੋਟੀ ਲੈ ਜਾਂਦਾ. ਹੌਲ਼ੀ ਹੌਲ਼ੀ ਲੋਕਾਂ ਵਿਚ ਉਸ ਦੀ ਮਾਨਤਾ ਹੋਣ ਲੱਗੀ ਅਤੇ ਲੋਕ ਸ਼ਰਾਬ ਤੇ ਰੋਟੀ ਉੱਥੇ ਹੀ ਪੁਜਦੀ ਕਰਨ ਲੱਗ ਪਏ. ਜਿਹੜਾ ਪਹਿਲਾਂ ਰੋਟੀ ਲੈ ਜਾਂਦਾ ਉਹ ਉਸ ਦੀ ਰੋਟੀ ਖਾ ਲੈਂਦਾ ਤੇ ਬਾਕੀ ਪਸ਼ੂ ਪੰਛੀ ਛਕ ਜਾਂਦੇ.  
       ਜਦੋਂ ਉਸ ਦੀ ਮੌਤ ਹੋਈ ਤਾਂ ਪਿੰਡ ਵਾਲਿਆਂ ਨੇ ਉਸ ਦੀ ਝੁੱਗੀ ਕੋਲ ਸਸਕਾਰ ਕਰਕੇ ਉੱਥੇ ਉਹਦੀ ਮਟੀ ਬਣਾ ਦਿੱਤੀ. ਉਸ ਥਾਂ ਹੋਰ ਕੋਈ ਸਾਧ ਆ ਕੇ ਤਾਂ ਨਾ ਠਹਿਰਿਆ. ਪਰ ਕੋਈ ਨਾ ਕੋਈ ਸ਼ਰਧਾਲੂ ਮਟੀ 'ਤੇ ਸ਼ਰਾਬ ਦਾ ਚੜ੍ਹਾਵਾ ਜਰੂਰ ਚੜ੍ਹਾ ਜਾਂਦਾ.
       ਸੰਨ ੪੭ ਮਗਰੋਂ ਉਸ ਥਾਂ ਉਪਰ ਸੰਤ ਨਰਾਇਣ ਸਿੰਘ ਨੇ ਆ ਡੇਰਾ ਲਾਇਆ. ਉਸ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਉੱਥੇ ਸ਼ਰਾਬ ਚੜ੍ਹਾਉਣ ਤੋਂ ਰੋਕਿਆ. ਫਿਰ ਉਸ ਉੱਥੇ ਇਕ ਕਮਰਾ ਪਵਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਦਿੱਤਾ ਅਤੇ ਨਿਸ਼ਾਨ ਸਾਹਬ ਵੀ ਗੱਡ ਦਿੱਤਾ. ਉਸ ਗੁਰਦਵਾਰੇ ਦਾ ਨਾਮ ਰੱਖ ਦਿੱਤਾ 'ਗੁਰਦਵਾਰਾ ਹਰਿਗੋਬਿੰਦ ਸਾਹਿਬ, ਗੁਰਦਾਣਾ।' ਉਸ ਨੇ ਹੌਲ਼ੀ ਹੌਲ਼ੀ ਪੁੰਨਿਆ ਦਾ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ. ਪੁੰਨਿਆਂ ਵਾਲੇ ਦਿਨ ਉੱਥੇ ਚੰਗੀ ਰੌਣਕ ਹੋਣ ਲੱਗ ਪਈ. ਉਹ ਸੰਤ ਕੁਝ ਸ਼ੇਖੀ ਖੋਰਾ ਸੀ. ਆਈ ਸੰਗਤ ਨੂੰ ਕਹਿ ਛੱਡਦਾ, "ਏਥੇ ਬਥੇਰੇ ਸਾਹੂਕਾਰ ਗੁਪਤ ਦਾਨ ਦੇ ਕੇ ਜਾਂਦੇ ਐ। ਮੈਂ ਏਥੇ ਬਹੁਤ ਵੱਡਾ ਗੁਰਦਵਾਰਾ ਬਣਾ ਦੇਣਾ ਹੈ। ਜੰਗਲ ਵਿਚ ਮੰਗਲ ਲੱਗ ਜਾਊਗਾ।" 
       ਪਤਾ ਨਹੀਂ ਉਸ ਦੀ ਗੁਪਤ ਦਾਨ ਵਾਲੀ ਕਹੀ ਗੱਲ ਦਾ ਹੀ ਅਸਰ ਸੀ ਜਾਂ ਕੋਈ ਕੋਈ ਹੋਰ ਦੁਸ਼ਮਣੀ ਦਾ ਕਾਰਨ ਸੀ. ਉਸ ਜਗਾਹ ਉਪਰ ਸਮਾਲਸਰ ਤੋਂ ਆਏੇ ਇਕ ਸੇਠ ਦਾ ਕਤਲ ਹੋ ਗਿਆ. ਪੁਲੀਸ ਨੇ ਕਤਲ ਦੇ ਸ਼ੱਕ ਵਿਚ ਪਹਿਲਾਂ ਉਸ ਸੰਤ ਨੂੰ ਹੀ ਫੜਿਆ. ਉਸ ਉਪਰ ਬਹੁਤ ਤਸ਼ਦਦ ਕੀਤਾ ਪਰ ਉਸ ਕੋਲੋਂ ਕਤਲ ਬਾਰੇ ਕੋਈ ਸੁਰਾਗ ਨਾ ਮਿਲ ਸਕਿਆ. ਪਲੀਸ ਦੀ ਕੁੱਟ ਨਾਲ ਉਹ ਸੰਤ ਆਰ੍ਹੀ ਜਰੂਰ ਹੋ ਗਿਆ. ਫਿਰ ਪੁਲੀਸ ਨੇ ਇਹ ਕਤਲ ਕੱਢਣ ਲਈ ਆਪਣੇ ਮੁਖਬਰਾਂ ਦਾ ਜਾਲ਼ ਵਿਛਾ ਦਿੱਤਾ. ਉਹਨਾਂ ਦੀ ਸੂਹ 'ਤੇ ਪੁਲੀਸ ਨੇ ਸੇਖਾ ਕਲਾਂ ਦੇ ਇਕ ਮਜ਼੍ਹਬੀ ਸਿੱਖ ਨੂੰ ਫੜ ਲਿਆ. ਉਸ ਕੋਲੋਂ ਜੁਰਮ ਦਾ ਇਕਬਾਲ ਵੀ ਕਰਵਾ ਲਿਆ. ਪਰ ਝੂਠੇ ਗਵਾਹ ਭੁਗਤਾਏ ਜਾਣ ਕਾਰਨ ਮੁਕਦਮੇ ਵਿਚੋਂ ਬਰੀ ਹੋ ਗਿਆ.
      ਪਲੀਸ ਦੀ ਕੁੱਟ ਨਾਲ ਆਰ੍ਹੀ ਹੋਇਆ ਸੰਤ ਛੇਤੀ ਮਗਰੋਂ ਹੀ ਚਲਾਣਾ ਕਰ ਗਿਆ. ਉਸ ਤੋਂ ਮਗਰੋਂ ਸੇਖਾ ਕਲਾਂ ਦੇ ਨਿਰਮਲੇ ਸੰਤਾਂ ਨੇ ਉਸ ਗੁਰਦਵਾਰੇ ਵਿਚ ਧੂਫ ਬੱਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੇ ਸ਼ਰਾਬ ਦੇ ਚੜ੍ਹਾਵੇ ਵਾਲਿਆਂ ਨੂੰ ਆਉਣੋ ਨਾ ਰੋਕਿਆ. ਕਿਉਂਕਿ ਸੁੱਖਾਂ ਲਾਹੁਣ ਵਾਲੇ ਗੁਰਦਵਾਰੇ ਵਿਚ ਮੱਥਾ ਵੀ ਟੇਕਦੇ ਸਨ. ਤੇ ਗੁਰਦਵਾਰੇ ਨੂੰ ਆਮਦਨ ਹੁੰਦੀ ਸੀ. ਹੌਲ਼ੀ ਹੌਲ਼ੀ ਉਸ ਸਥਾਨ ਦੀ ਮਾਨਤਾ ਵਧਦੀ ਗਈ ਅਤੇ ਲੋਕ ਦੂਰੋਂ ਦੂਰੋਂ ਸੁੱਖਾਂ ਸੁੱਖਣ ਆਉਂਣ ਲੱਗ ਪਏ. ਉਹ ਸੁੱਖ ਸੁੱਖਣ ਆਉਂਦੇ ਹੋਏ ਵੀ ਸ਼ਰਾਬ ਦੀ ਬੋਤਲ ਲੈ ਕੇ ਆਉਂਦੇ ਅਤੇ ਜੇ ਸੁੱਖ ਪੂਰੀ ਹੋ ਜਾਂਦੀ ਤਾਂ ਫਿਰ ਸ਼ਰਾਬ ਚੜ੍ਹਾਉਣ ਆ ਜਾਂਦੇ ਅਤੇ ਨਾਲ ਆਪਣੇ ਦੋਸਤਾਂ ਮਿੱਤਰਾਂ ਨੂੰ ਲੈ ਕੇ ਆਉਂਦੇ. ਸ਼ਰਧਾਲੂ ਤਾਂ ਸ਼ਰਧਾ ਵਸ ਹੀ ਦਾਰੂ ਪੀਂਦੇ ਪਰ ਜਿਹੜੇ ਮੁਫਤ ਦੇ ਪਿਆਕੜ ਉੱਥੇ ਇਕੱਠੇ ਹੁੰਦੇ, ਉਹ ਪੀ ਕੇ ਖਰਮਸਤੀਆਂ ਕਰਦੇ ਤੇ ਲੜਦੇ ਝਗੜਦੇ. ਸ਼ਰਾਬ ਦੇ ਨਾਲ ਪੈਸੇ ਦਾ ਚੜ੍ਹਾਵਾ ਵੀ ਚੜ੍ਹਨ ਲੱਗਾ ਤਾਂ ਉਸ ਜਗਾਹ 'ਤੇ ਇਕ ਬੰਦਾ ਪੁਜਾਰੀ ਬਣ ਬੈਠਾ. ਉਸ ਮਟੀ ਵਾਲੀ ਥਾਂ ਬਾਬੇ ਰੂਖੜ ਦਾਸ ਦਾ ਇਕ 'ਚੌਕੜੀ ਮਾਰੀ ਬੈਠਾ' ਬੁੱਤ ਲਾ ਦਿੱਤਾ. ਆਮ ਲੋਕ ਤਾਂ ਕਹਿੰਦੇ ਸਨ ਕਿ ਰੂਖੜ ਦਾਸ ਨੰਗੇ ਪਿੰਡੇ ਰਹਿੰਦਾ ਸੀ ਪਰ ਬੁੱਤ ਦਾਹੜੀ ਨੀਲੇ ਪਹਿਰਾਵੇ ਤੇ ਕਾਲੀ ਪਗੜੀ ਵਾਲਾ ਬਣਾਇਆ ਹੋਇਆ ਹੈ. ਇਸ ਨਾਲ ਚੜ੍ਹਾਵਾ ਹੋਰ ਚੜ੍ਹਨ ਲੱਗਾ. ਪੈਸੇ ਤੇ ਸ਼ਰਾਬ ਦੀ ਬਹੁਲਤਾ ਨੇ ਲੜਾਈ ਝਗੜਿਆਂ ਨੂੰ ਜਨਮ ਦੇ ਦਿੱਤਾ. ਫਿਰ ਪਿੰਡ ਦੀ ਪੰਚਾਇਤ ਨੇ ਉੱਥੋਂ ਦਾ ਪ੍ਰਬੰਧ ਇਕ ਕਮੇਟੀ ਦੇ ਹਵਾਲੇ ਕਰ ਦਿੱਤਾ.
       ਇਕ ਵਾਰ ਕੁਝ ਸਿਆਣੇ ਬੰਦਿਆਂ ਨੇ ਸੁਝਾ ਦਿੱਤਾ ਸੀ ਕਿ ਇਸ ਪਵਿੱਤਰ ਸਥਾਨ 'ਤੇ ਸ਼ਰਾਬ ਚੜ੍ਹਾਉਣ ਤੋਂ ਲੋਕਾਂ ਨੂੰ ਰੋਕਿਆ ਜਾਵੇ ਪਰ ਮੇਲੇ ਵਿਚ ਚੱਕੀ ਰਾਹੇ ਦੀ ਕੌਣ ਸੁਣਦਾ ਹੈ. ਬਹੁਤੇ ਲੋਕਾਂ ਨੂੰ ਤਾਂ ਮੁਫਤ ਦੀ ਪੀਣ ਦਾ ਭੁਸ ਪੈ ਗਿਆ ਸੀ. ਉਹ ਇਹੋ ਜਿਹੇ ਵਰਤਾਰੇ ਨੂੰ ਕਦੋਂ ਰੁਕਣ ਦਿੰਦੇ ਐ!
       ਜਦੋਂ ਅਕਾਲ ਤਖਤ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਕਿ 'ਜਿਸ ਧਾਰਮਿਕ ਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ, ਉੱਥੇ ਸ਼ਰਾਬ ਦਾ ਚੜ੍ਹਾਵਾ ਨਹੀਂ ਚੜ੍ਹਨਾ ਚਾਹੀਦਾ.' ਉਹ ਬੜਾ ਸੁਹਣਾ ਮੌਕਾ ਸੀ ਜਦੋਂ ਪਿੰਡ ਦੇ ਪਤਵੰਤੇ ਇਸ ਹੁਕਮਨਾਮੇ ਦੀ ਆੜ ਵਿਚ ਸ਼ਰਾਬ ਦੇ ਕੋਹੜ ਨੂੰ ਖਤਮ ਕਰ ਸਕਦੇ ਸਨ ਪਰ ਹੋਇਆ ਬਿਲਕੁਲ ਉਲਟ. ਉਸ ਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਚੁੱਕ ਕੇ ਪਿੰਡ ਦੇ ਗੁਰਦਵਾਰੇ ਵਿਚ ਲੈ ਆਂਦਾ ਅਤੇ ਉਸ ਸਥਾਨ ਨੂੰ ਬਾਬੇ ਰੂਖੜ ਦਾਸ ਦਾ ਡੇਰਾ ਹੀ ਬਣਾ ਦਿੱਤਾ.
      ਪਿਛਲੇ ਸਾਲ ਜਦੋਂ ਮੈਂ ਆਪਣੇ ਪੱਤਰਕਾਰ ਦੋਸਤ ਹਰਬੀਰ ਸਿੰਘ ਭੰਵਰ ਨਾਲ ਉਸ ਸਥਾਨ 'ਤੇ ਗਿਆ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਸਥਾਨ ਦਾ ਨਕਸ਼ਾ ਹੀ ਬਦਲਿਆ ਹੋਇਆ ਸੀ. ਕੰਪਲੈਕਸ ਵਿਚ ਦਾਖਲ ਹੁੰਦੇ ਹੀ ਸੱਜੇ ਪਾਸੇ ਇਕ ਤਲਾਈ ਬਣੀ ਹੋਈ ਸੀ, ਜਿਸ ਦੁਆਲ਼ੇ ਲੋਹੇ ਦੀ ਜਾਲ਼ੀ ਨਾਲ ਵਾੜ ਕਰਕੇ ਬਾਹਰ ਪ੍ਰਕਰਮਾ ਬਣਾ ਦਿੱਤੀ ਗਈ ਸੀ. ਖੱਬੇ ਹੱਥ ਇਕ ਪਾਰਕ ਸੀ, ਜਿਸ ਵਿਚ ਫੁੱਲ ਬੂਟੇ ਲੱਗੇ ਹੋਏ ਸਨ. ਗੁਰਦਾਵਰੇ ਦਾ ਭੁਲੇਖਾ ਪਾਉਂਦੀ ਇਮਾਰਤ (ਬਾਬਾ ਰੂਖੜ ਦਾਸ ਦਾ ਟਿੱਲਾ) ਦੇ ਗੁੰਬਦ ਉਪਰ ਨੀਲੇ ਰੰਗ ਦਾ ਤਿਕੋਨਾ ਪਰਚਮ ਝੂਲ ਰਿਹਾ ਸੀ. ਬਾਹਰੀ ਦੀਵਾਰਾਂ ਉਪਰ ਗੁਰਬਾਣੀ ਦੀਆ ਤੁਕਾਂ, 'ਸੁਣਿਐ ਸਿਧ ਪੀਰ ਸੁਰ ਨਾਥ ।। ਸੁਣਿਐ ਧਰਤ ਧਵਲ ਅਕਾਸ਼ ।।।। ਆਦਿਕ ਲਿਖੀਆਂ ਹੋਈਆਂ ਸਨ. ਚਾਰ ਮੰਜ਼ਲੀ ਇਮਾਰਤ ਬਹੁਤ ਸੁਹਣੀ ਬਣੀ ਹੋਈ ਹੈ. ਹੇਠਲੇ ਕਮਰੇ ਵਿਚ ਬਾਬਾ ਰੂਖੜ ਦਾਸ ਦੀ ਇਕ ਮੂਰਤੀ ਬਣੀ ਹੋਈ ਹੈ ਜਿਸ ਦੇ ਅੱਗੇ ਰੱਖੀ ਗੋਲਕ ਉਪਰ ਲਿਖਿਆ ਹੋਇਆ ਹੈ, 'ਮਾਇਆ ਗੋਲਕ ਵਿਚ ਪਾਓ ਜੀ'. ਇਸ ਦੇ ਦੋਹੀਂ ਪਾਸੀਂ ਖੰਡੇ ਬਣੇ ਹੋਏ ਹਨ. ਸ਼ਰਧਾਲੂ ਇੱਥੇ ਹੀ ਸ਼ਰਾਬ ਦਾ ਚੜ੍ਹਾਵਾ ਚੜ੍ਹਾ ਕੇ ਮੱਥਾ ਟੇਕਦੇ ਹਨ. ਚੜ੍ਹਾਵੇ ਲਈ ਲਿਆਂਦੀ ਸ਼ਰਾਬ ਦੀ ਇਕ ਬੋਤਲ ਖੋਲ੍ਹ ਕੇ ਥੋੜ੍ਹੀ ਜਿਹੀ ਸ਼ਰਾਬ ਇਕ ਕੌਲੀ ਵਿਚ ਪਾ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਉੱਥੇ ਬੋਤਲ ਰੱਖ ਕੇ ਕਮਰੇ ਦਾ ਬੂਹਾ ਢੋ ਦਿੱਤਾ ਜਾਂਦਾ ਹੈ. ਕੁਝ ਚਿਰ ਮਗਰੋਂ ਉਹੋ ਬੋਤਲ ਉੱਥੋਂ ਚੁੱਕ ਕੇ ਪ੍ਰਸਾਦਿ ਦੇ ਰੂਪ ਵਿਚ ਸਾਰਿਆਂ ਵਿਚ ਵੰਡ ਦਿੱਤੀ ਜਾਂਦੀ ਹੈ. ਬਾਕੀ ਸ਼ਰਾਬ ਪ੍ਰਬੰਧਕ ਆਪਣੇ ਸਟੋਰ ਵਿਚ ਸੰਭਾਲ ਲੈਂਦੇ ਹਨ.
       ਇਸ ਟਿੱਲੇ ਦੇ  ਸਾਹਮਣੇ ਪੁਰਾਣਾ ਗੁਰਦਾਵਰਾ ਹੈ ਜਿਸ ਨੂੰ ਗੇਟ ਲਾ ਕੇ ਬੰਦ ਕੀਤਾ ਹੋਇਆ ਹੈ ਅਤੇ ਉਸ ਦੇ ਨਾਲ ਲੰਗਰ ਹਾਲ ਬਣਾ ਦਿੱਤਾ ਗਿਆ ਹੈ. ਉਸ ਥਾਂ ਬਾਰੇ ਦੂਰ ਦੂਰ ਤਕ ਇਸ ਤਰ੍ਹਾਂ ਪਰਚਾਰ ਕੀਤਾ ਗਿਆ ਕਿ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਮੱਥਾ ਟੇਕਣ ਆਉਣ ਲੱਗੇ. ਪੂਰਨਮਾਸ਼ੀ ਨੂੰ ਬਹੁਤ ਭਾਰੀ ਇਕੱਠ ਹੁੰਦਾ ਹੈ. ਜਦੋਂ ਮੈਂ ਇਕ ਪ੍ਰਬੰਧਕ ਤੋਂ ਪੁੱਛਿਆ ਕਿ ਇਸ ਬਿਲਡਿੰਗ ਤੇ ਤਲਾਈ ਵਾਸਤੇ ਇੰਨਾ ਪੈਸਾ ਕਿੱਥੋਂ ਆ ਗਿਆ? ਤਾਂ ਉਸ ਦੱਸਿਆ, "ਬਾਈ ਜੀ, ਬਾਬਾ ਰੂਖੜ ਦਾਸ ਦੀ ਕ੍ਰਿਪਾ ਨਾਲ! ਚੜ੍ਹਾਵੇ ਦੀਆਂ ਬੋਤਲਾਂ ਵੇਚ ਕੇ ਮਹੀਨੇ ਦੀ ਲੱਖ ਕੁ ਆਮਦਨ ਹੋ ਹੀ ਜਾਂਦੀ ਐ ਤੇ ਮਾਇਆ ਦਾ ਚੜ੍ਹਾਵਾ ਵੱਖਰਾ. ਪਹਿਲੀ ਅੱਸੂ ਨੂੰ ਸਲਾਨਾ ਭੰਡਾਰਾ ਹੁੰਦਾ ਹੈ. ਉਸ ਦਿਨ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਹਨ. ਟੂਰਨਾਮਿੰਟ ਕਰਵਾਏ ਜਾਂਦੇ ਹਨ. ਉਸ ਇਕ ਦਿਨ ਦੀ ਆਮਦਨ ਹੀ ਪੰਜਾਹ ਹਜ਼ਾਰ ਤਾਈਂ ਪਹੁੰਚ ਜਾਂਦੀ ਐ।"
       ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਪਿੰਡ ਦੀ ਤਰੱਕੀ ਵਾਸਤੇ ਵੀ ਇੱਥੋਂ ਕੁਝ ਮਾਇਆ ਦਿੱਤੀ ਜਾਦੀ ਹੈ ਤਾਂ ਉਹ ਕਹਿੰਦਾ , "ਅਜੇ ਤਾਂ ਇਸ ਸਥਾਨ ਦੀ ਉਸਾਰੀ ਉਪਰ ਹੀ ਸਾਰੀ ਮਾਇਆ ਖਰਚ ਹੋ ਰਹੀ ਹੈ।"
       ਸਾਡੇ ਸਾਹਮਣੇ ਹੀ ਇਕ ਨਵ-ਵਿਵਾਹਤ ਜੋੜਾ, ਆਪਣੇ ਪਰਵਾਰ ਤੇ ਸਾਕ ਸਬੰਧੀਆਂ ਨਾਲ ਜ਼ੀਰੇ ਦੇ ਲਾਗਲੇ ਪਿੰਡ ਤੋਂ ਇੱਥੇ ਮੱਥਾ ਟੇਕਣ ਆਇਆ ਹੋਇਆ ਸੀ." ਮੈਂ ਪੁੱਛ ਕੇ ਉਹਨਾਂ ਦੀਆਂ ਕੁਝ ਫੋਟੋ ਵੀ ਖਿੱਚ ਲਈਆ. ਅਸੀਂ ਵਾਪਸ ਮੁੜ ਰਹੇ ਸੀ ਤਾਂ ਇਕ ਜੀਪ ਵਿਚੋਂ ਸ਼ਰਾਬ ਦੀਆਂ ਪੇਟੀਆਂ ਲਾਹੀਆਂ ਜਾ ਰਹੀਆਂ ਸਨ ਅਤੇ ਦੋ ਕਾਰਾਂ ਹੋਰ ਵੀ ਉੱਥੇ ਆ ਕੇ ਖੜ੍ਹ ਗਈਆਂ ਸਨ. ਖੁਦਾ ਖ਼ੈਰ ਕਰੇ. 
       ਇਹ ਹੈ ਮੇਰੇ ਪਿੰਡ ਦੇ ਲੋਕਾਂ ਦਾ ਹਾਲ, ਜਿਸ ਦੇ ਸਕੂਲ ਦੀਆਂ ਛੱਤਾਂ ਤਾਂ ਡਿੱਗ ਰਹੀਆਂ ਹਨ ਅਤੇ ਇਸ ਤਰ੍ਹਾਂ ਦੇ  ਧਾਰਮਿਕ ਅਸਥਾਨ ਉਸਰ ਰਹੇ ਹਨ. 



    21
    ਹਾਈ ਸਕੂਲ ਨੂੰ ਅਲਵਿਦਾ 
        ਜਦੋਂ ਮੈਂ ਹਾਈ ਸਕੂਲ ਵਿਚ ਦਾਖਲ ਹੋਇਆ ਤਾਂ ਉਸ ਸਮੇਂ ਮੋਗਾ ਤੋਂ ਕੋਟ ਕਪੂਰਾ ਜਾਣ ਵਾਲੀ ਸੜਕ 'ਤੇ, ਪਿੰਡ ਰਾਜਿਆਣਾ ਤੋਂ ਅੱਗੇ, ਉਜਾੜ ਵਿਚ, ਇਹੀ ਇਕੋ ਇਕ ਸਕੂਲ ਹੁੰਦਾ ਸੀ. ਹੁਣ ਤਾਂ ਇਥੇ ਇਕ ਪਿੰਡ ਵਸਿਆ ਹੋਇਆ ਦਿਸਦਾ ਹੈ. ਇੱਥੇ ਹੁਣ ਪ੍ਰਾਇਮਰੀ ਸਕੂਲ, ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕਾਲਜ ਅਤੇ ਪਾਲੀਟੈਕਨਿਕ ਅਦਾਰੇ ਦੇ ਨਾਲ ਨਾਲ ਡਾਕਖਾਨਾ ਤੇ ਬੈਂਕ ਵੀ ਹਨ. ਸਕੂਲ ਬਣਨ ਤੋਂ ਪਹਿਲਾਂ ਇਹ ਥਾਂ ਉਜਾੜ, ਬੀਆਬਾਨ ਹੋਇਆ ਕਰਦੀ ਸੀ. ਇਥੇ ਇਕ ਥੇਹ ਸੀ ਤੇ ਥੇਹ ਉਪਰ ਇਕ ਇਤਹਾਸਿਕ ਬੁਰਜ ਹੁੰਦਾ ਸੀ, ਜਿਹੜਾ ਹੁਣ ਨਹੀਂ ਰਿਹਾ. ਥੇਹ ਤੋਂ ਥੋੜਾ ਹਟਵਾਂ ਇਕ ਛੱਪੜ ਹੁੰਦਾ ਸੀ, ਜਿਸ ਦੇ ਦੁਆਲੇ ਜੰਡ, ਕਰੀਰ, ਵਣ, ਮਲ੍ਹੇ ਤੇ ਬੇਰੀਆਂ ਦਾ ਸੰਘਣਾ ਝੁੰਡ ਹੁੰਦਾ ਸੀ. ਇਸ ਜਗਾਹ ਦਾ ਨਾਂ ਘੁੰਨਣਵਾਲ ਸੀ, ਜਿੱਥੇ ਹਰ ਸਮੇਂ ਜੰਗਲੀ ਜਾਨਵਰ ਚੀਕਦੇ, ਚੰਘਾੜਦੇ ਰਹਿੰਦੇ. ਇਸ ਝੁੰਡ ਦੇ ਕੋਲ ਦੀ ਇਹ ਪੱਕੀ ਸੜਕ ਲੰਘਦੀ ਸੀ, ਜਿਸ ਉਤੋਂ ਦੀ ਟਾਂਗਿਆਂ ਵਾਲੇ ਡਰ ਡਰ ਕੇ ਲੰਘਦੇ. 
         ਵੀਹਵੀਂ ਸਦੀ ਦੇ ਅਰੰਭ ਵਿਚ ਆਰੀਆ ਸਮਾਜ, ਸਿੰਘ ਸਭਾ ਤੇ ਚੀਫ ਖਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਨੇ ਲੋਕਾਂ ਵਿਚ ਵਿਦਿਅਕ ਜਾਗ੍ਰਿਤੀ ਲਿਆਉਣ ਲਈ ਬਹੁਤ ਸਾਰੇ ਸਕੂਲ ਕਾਲਜ ਖੋਲ੍ਹੇ ਪਰ ਉਹ ਬਹੁਤੇ ਸ਼ਹਿਰਾਂ ਵਿਚ ਸਨ. ਹੌਲ਼ੀ ਹੌਲ਼ੀ ਪਿੰਡਾਂ ਵਿਚ ਵੀ ਜਾਗ੍ਰਿਤੀ ਆਉਣ ਲੱਗੀ ਤਾਂ ਸਾਡੇ ਇਲਾਕੇ ਵਿਚ ਸਕੂਲ ਦੀ ਘਾਟ ਮਹਿਸੂਸ ਕਰਦਿਆਂ ਆਲ਼ੇ ਦੁਆਲ਼ੇ ਪਿੰਡਾਂ ਦੇ ਕੁਝ ਜਾਗਰੂਕ ਬੰਦਿਆਂ ਨੇ ਮਿਲ ਕੇ ਇਸ ਥੇਹ ਦੇ ਨਾਲ, ਸੜਕ ਨੇੜੇ, ਸਕੂਲ ਵਾਸਤੇ ਤਿੰਨ ਕੱਚੇ ਕੋਠੇ ਛੱਤ ਕੇ ਇਕ ਮਿਡਲ ਸਕੂਲ ਚਾਲੂ ਕਰ ਲਿਆ, ਜਿਸ ਦਾ ਨਾਮ ਰੱਖਿਆ 'ਗੁਰੂ ਨਾਨਕ ਦੇਵ ਮਾਲਵਾ ਖਾਲਸਾ ਮਿਡਲ ਸਕੂਲ, ਗੁਰੂ ਤੇਗ ਬਹਾਦਰ ਗੜ੍ਹ'. ਕੋਈ ਇਸ ਨੂੰ ਰੋਡਿਆਂ ਵਾਲਾ ਸਕੂਲ ਕਹਿੰਦਾ ਤੇ ਕੋਈ ਥੇਹ ਵਾਲਾ ਸਕੂਲ ਕਹਿੰਦਾ. ਉਸ ਸਮੇਂ ਇਲਾਕੇ ਵਿਚ ਸਿਰਫ ਇਹੋ ਮਿਡਲ ਸਕੂਲ ਬਣਿਆ ਸੀ, ਜਿਹੜਾ ੧੯੪੫ ਵਿਚ ਹਾਈ ਸਕੂਲ ਬਣ ਗਿਆ. ਹਾਈ ਸਕੂਲ ਬਣਨ ਤੋਂ ਪਹਿਲਾਂ ਪਿੰਡਾਂ ਵਿਚੋਂ ਉਗਰਾਹੀ ਕਰ ਕੇ ਬੋਰਡਿੰਗ ਹਾਊਸ ਦੀ ਇਮਾਰਤ ਇਕ ਪਾਸੇ ਬਣਾ ਦਿੱਤੀ ਗਈ ਸੀ ਅਤੇ ਚਾਰ ਵੱਡੇ ਪੱਕੇ ਕਮਰਿਆਂ ਦਾ ਇਕ ਬਲਾਕ ਅੱਡ ਤਿਆਰ ਕਰ ਦਿੱਤਾ ਗਿਆ, ਜਿਨ੍ਹਾਂ ਦੇ ਦੋਹੀਂ ਪਾਸੀਂ ਵਰਾਂਡਾ  ਸੀ. ਮਹਾਰਾਜਾ ਫਰੀਦ ਕੋਟ, ਸਰਦਾਰ ਬਹਾਦਰ ਹਰਿੰਦਰ ਸਿੰਘ ਨੇ ਵੀ ਸਕੂਲ ਦੀ ਇਮਾਰਤ ਲਈ ਇਕ ਬਲਾਕ ਬਣਾਉਣ ਦਾ ਵਾਹਦਾ ਕਰ ਕੇ ਆਪਣੇ ਕਰ ਕਮਲਾਂ ਨਾਲ ਉਸ ਬਲਾਕ ਦਾ ਨੀਂਹ ਪੱਥਰ ਵੀ ਲਾ ਦਿੱਤਾ ਸੀ. ਉਹ ਨੀਂਹ ਪੱਥਰ ਬਹੁਤ ਸਮਾਂ ਰਾਜੇ ਦੀ ਉਡੀਕ ਕਰਦਾ ਰਿਹਾ (ਉਂਜ ਹੁਣ ਰਾਜਾ ਰਿਹਾ ਵੀ ਨਹੀਂ ਸੀ) ਪਰ ਰਾਜੇ ਦਾ ਵਾਹਦਾ ਵਫਾ ਨਾ ਹੋਇਆ ਤੇ ਅਖੀਰ ਉਸ ਪੱਥਰ ਉਪਰ ਲਿਖ ਦਿੱਤਾ ਗਿਆ, 'ਇਕ ਸੀ ਰਾਜਾ'. ਫਿਰ ਹੈਡਮਾਸਟਰ ਕਰਤਾਰ ਸਿੰਘ ਦੀ ਹਿੰਮਤ ਨਾਲ ਇਹ ਬਲਾਕ ਵੀ ਬਣ ਗਿਆ ਸੀ. ਅਸੀਂ ਵੀ ਉਸ ਦੀ ਉਸਾਰੀ ਵਿਚ ਡਰਿਲ ਦੇ ਪੀਰੀਅੜ ਸਮੇਂ ਇੱਟਾਂ ਢੋ ਢੋ ਯੋਗਦਾਨ ਪਾਇਆ ਸੀ. 
          ਜਿਸ ਸਾਲ, ੧੯੪੭ ਮੈਂ ਹਾਈ ਸਕੂਲ ਵਿਚ ਦਾਖਲ ਹੋਇਆ, ਉਸੇ ਸਾਲ ਭਾਰਤ ਦੋ ਦੇਸ਼ਾਂ (ਭਾਰਤ ਤੇ ਪਾਕਿਸਤਾਨ) ਤੇ ਤਿੰਨ ਟੁਕੜਿਆਂ ਵਿਚ ਵੰਡਿਆ ਗਿਆ. (ਤੀਜਾ ਟੁਕੜਾ ਬਾਅਦ ਵਿਚ ਬੰਗਲਾ ਦੇਸ਼ ਬਣਿਆ). ਪੰਜਾਬ ਵੰਡ ਹੋਣ ਨਾਲ ਧਰਮ ਦੇ ਅਧਾਰ 'ਤੇ ਲੋਕਾਂ ਦਾ ਵੀ ਵੰਡ ਵੰਡਾਰਾ ਹੋਣ ਲੱਗ ਪਿਆ ਤੇ ਨਾਲ ਹੀ ਇਨਸਾਨੀ ਖੂਨ ਦੀ ਹੋਲੀ ਖੇਡੀ ਜਾਣ ਲੱਗੀ. ਜਿਸ ਕਾਰਨ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਹੋਏ ਸਕੂਲ ਕਈ ਮਹੀਨੇ ਨਾ ਖੁਲ੍ਹੇ. ਜਦੋਂ ਸਕੂਲ ਖੁਲ੍ਹੇ ਤਾਂ ਪਾਕਿਸਤਾਨ ਵਾਲੇ ਪਾਸਿਉਂ ਉੱਜੜ ਕੇ ਆਏ ਪਨਾਹਗੀਰਾਂ ਦੇ ਗੱਡਿਆਂ ਦੀਆਂ ਲਾਰਾਂ ਦੀਆਂ ਲਾਰਾਂ ਸੜਕ ਉੱਤੋਂ ਦੀ ਲੰਘਦੀਆਂ. ਮਰੀਅਲ ਜਿਹੇ ਬਲਦ ਮਸਾਂ ਹੀ ਪੈਰ ਪੁਟਦੇ. ਬੰਦਿਆਂ, ਬੁੜ੍ਹੀਆਂ ਤੇ ਬੱਚਿਆਂ ਦੇ ਜੁੱਸੇ ਲਿੱਸੇ ਤੇ ਚਿਹਰੇ ਮੁਰਝਾਏ ਹੋਏ, ਜਿਵੇਂ ਕਈ ਕਈ ਦਿਨ ਭੁੱਖੇ ਪਿਆਸੇ ਹੀ ਚਲਦੇ ਜਾ ਰਹੇ ਹੋਣ. ਪਨਾਹਗੀਰਾਂ ਦੀ ਇਹ ਹਾਲਤ ਦੇਖ ਕੇ ਮਾਸਟਰਾਂ ਨੇ ਸਾਰੇ ਪਾੜ੍ਹਿਆਂ ਨੂੰ ਕਹਿ ਦਿੱਤਾ ਕਿ ਉਹ ਸਕੂਲ ਆਉਂਦੇ ਹੋਏ ਆਪਣੇ ਘਰਾਂ ਤੋਂ ਜਿੰਨੀਆਂ ਵੀ ਰੋਟੀਆਂ ਪਕਾ ਕੇ ਲਿਆ ਸਕਦੇ ਹਨ ਲੈ ਕੇ ਆਇਆ ਕਰਨ, ਘੱਟ ਤੋਂ ਘੱਟ ਦਸ ਰੋਟੀਆਂ ਇਕ ਜਣੇ ਕੋਲ ਹੋਣੀਆਂ ਚਾਹੀਦੀਆਂ ਹਨ. ਭਾਵੇਂ ਕਿਸੇ ਦੇ ਘਰ ਰੋਟੀ ਪੱਕਾਉਣ ਲਈ ਆਟਾ ਨਾ ਵੀ ਹੁੰਦਾ, ਉਹ ਵੀ ਵੱਧ ਤੋਂ ਵੱਧ ਰੋਟੀਆਂ ਲੈ ਕੇ ਆਉਣ ਦੀ ਕੋਸ਼ਸ਼ ਕਰਦਾ. ਸਕੂਲ ਵਿਚ ਲੰਗਰ ਚਾਲੂ ਕਰ ਦੱਤਾ ਗਿਆ, ਜਿਹੜਾ ਕਈ ਮਹੀਨੇ ਚਲਦਾ ਰਿਹਾ. ਉਸ ਸਾਲ ਬਿਨਾਂ ਇਮਤਿਹਾਨ ਲਏ ਹੀ ਸਾਰੀਆਂ ਜਮਾਤਾਂ ਨੂੰ ਅਗਲੀਆਂ ਜਮਾਤਾਂ ਵਿਚ ਚੜ੍ਹਾ ਦਿੱਤਾ ਗਿਆ ਸੀ. 
        ਇਹ ਸਕੂਲ ਖੇਡਾਂ ਲਈ ਵੀ ਬਹੁਤ ਮਸ਼ਹੂਰ ਸੀ. ਇਥੇ ਹਰ ਸਾਲ, ਫੱਗਣ ਚੇਤ ਦੇ ਮਹੀਨੇ, ਖੇਡਾਂ ਹੁੰਦੀਆਂ. ਕਬੱਡੀ, ਹਾਕੀ, ਫੁੱਟਬਾਲ ਤੇ ਵਾਲੀਬਾਲ ਦੀਆਂ ਪੇਂਡੂ ਕਲੱਬਾਂ ਤੋਂ ਟੀਮਾਂ ਦੂਰੋਂ ਦੂਰੋਂ ਆਉਂਦੀਆਂ. ਬੜੇ ਸਖਤ ਮੁਕਾਬਲੇ ਹੁੰਦੇ. ਪੱਤੋ ਹੀਰਾ ਸਿੰਘ ਪਿੰਡ ਵਿਚ ਤਾਂ ਬਹੁਤ ਪਹਿਲਾਂ ਤੋਂ ਹੀ ਸਰਕਾਰੀ ਹਾਈ ਸਕੂਲ ਸੀ, ਕੁਝ ਸਮੇਂ ਬਾਅਦ ਜਦੋਂ ਮਾੜੀ ਮੁਸਤਫਾ, ਤਖਤੂ ਪੁਰਾ ਤੇ ਕਈ ਹੋਰ ਪਿੰਡਾਂ ਵਿਚ ਵੀ ਹਾਈ ਸਕੂਲ ਬਣ ਗਏ ਤਾਂ ਏਥੇ ਹਾਈ ਸਕੂਲਾਂ ਦੇ ਮੁਕਾਬਲੇ ਵੀ ਹੋਣ ਲੱਗੇ. ਬਾਅਦ ਵਿਚ ਤਾਂ ਵਿਦਿਆ ਵਿਭਾਗ ਵੱਲੋਂ ਵੀ ਤਹਿਸੀਲ ਤੋਂ ਜ਼ਿਲਾ ਤੇ ਪੰਜਾਬ ਪੱਧਰ ਦੇ ਮੁਕਾਬਲੇ ਵੀ ਕਰਵਾਏ ਜਾਣ ਲੱਗੇ ਸਨ. ਸਾਡੇ ਸਕੂਲ ਤੇ ਤਖਤੂ ਪੁਰੇ ਦੇ ਸਕੂਲ ਦੀਆਂ ਕੱਬਡੀ ਤੇ ਵਾਲੀਬਾਲ ਦੀਆਂ ਟੀਮਾਂ ਬਹੁਤ ਤਕੜੀਆਂ ਹੁੰਦੀਆਂ ਸਨ. ਸਾਡੇ ਸਕੂਲ ਦੀਆਂ ਕਬੱਡੀ ਤੇ ਵਾਲੀਬਾਲ ਦੀਆਂ ਟੀਮਾਂ ਕਈ ਵਾਰ ਜ਼ਿਲੇ ਵਿਚੋਂ ਪਹਿਲੇ ਨੰਬਰ 'ਤੇ ਆ, ਕੱਪ ਜਿੱਤ ਕੇ ਲਿਆਈਆਂ ਸੀ. ਦੋ ਵਾਰ ਤਾਂ ਅਸੀਂ ਪੰਜਾਬ ਪੱਧਰ ਦੀ ਕਬੱਡੀ ਤੇ ਵਾਲੀ ਬਾਲ ਵਿਚੋਂ ਵੀ ਪਹਿਲੇ ਨੰਬਰ ਦੀ ਟਰਾਫੀ ਜਿੱਤ ਕੇ ਲਿਆਏ ਸੀ. ਜਦੋਂ ਵੀ ਸਾਡੀ ਟੀਮ ਬਾਹਰੋਂ ਜਿੱਤ ਕੇ ਆਉਂਦੀ ਤਾਂ ਸਕੂਲ ਵਿਚ ਜਸ਼ਨ ਮਨਾਏ ਜਾਂਦੇ. ਉਂਜ ਤਾਂ ਸਕੂਲ ਵਿਚ ਮੈਂ ਵੀ ਕਬੱਡੀ ਖੇਡ ਲੈਂਦਾ ਸੀ ਪਰ ਤਹਿਸੀਲ ਤੇ ਜ਼ਿਲੇ ਵਿਚ ਜਾ ਕੇ ਤਾਂ ਅਸੀਂ ਲੀੜੇ ਸੰਭਾਲਣ ਤੇ ਪਾਣੀ ਪਿਆਉਣ ਵਾਲਿਆਂ ਵਿਚ ਹੀ ਹੁੰਦੇ.
        ਖਾਲਸਾ ਸਕੂਲ ਹੋਣ ਕਰਕੇ ਸਵੇਰ ਦੀ ਸਭਾ ਸ਼ਬਦ ਗਾਇਨ ਨਾਲ ਸ਼ੁਰੂ ਹੁੰਦੀ. ਸਕੂਲ ਵਿਚ ਕੁਝ ਸਮਾਂ ਇਕ ਧਾਰਮਿਕ ਅਧਿਆਪਕ ਵੀ ਰਿਹਾ, ਜਿਹੜਾ ਜਮਾਤਾਂ ਵਿਚ ਇਕ ਪੀਰੀਅੜ ਗੁਰਬਾਣੀ ਦੀ ਸਿਖਿਆ ਦੇਣ ਲਈ ਲਾਉਂਦਾ ਸੀ. ਸਾਡੇ ਛੇਵੀਂ ਵਿਚ ਪੜ੍ਹਨ ਸਮੇਂ ਵਿਦਿਆਰਥੀਆਂ ਨੂੰ ਅਮ੍ਰਿਤਪਾਨ ਕਰਵਾਉਣ ਲਈ ਦੋ ਵਾਰ ਧਾਰਮਿਕ ਸਮਾਗਮ ਵੀ ਹੋਏ ਸਨ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਅਮ੍ਰਿਤਪਾਨ ਵੀ ਕੀਤਾ, ਜਿਨ੍ਹਾਂ ਵਿਚੋਂ ਮੈਂ ਵੀ ਇਕ ਸਾਂ. ਸਕੂਲ ਵਿਚ ਧਾਰਮਿਕ ਗਤੀਵਿਧੀਆਂ ਹੋਣ 'ਤੇ ਵੀ ਏੇਥੇ ਧਾਰਮਿਕਤਾ ਵਾਲਾ ਮਾਹੌਲ ਨਹੀਂ ਸੀ. ਧਾਰਮਿਕ ਗਤੀਵਿਧੀਆਂ ਵੀ ਪਹਿਲੇ ਤਿੰਨ ਕੁ ਸਾਲ ਹੀ ਰਹੀਆਂ, ਫਿਰ ਧਾਰਮਿਕ ਟੀਚਰ ਵੀ ਨਾ ਰਿਹਾ ਤੇ ਜਮਾਤਾਂ ਵਿਚ ਗੁਰਬਾਣੀ ਦੀ ਸਿਖਿਆ ਦੇਣ ਦਾ ਸਿਲਸਲਾ ਵੀ ਬੰਦ ਹੋ ਗਿਆ. ਹੈਡਮਾਸਟਰ ਕਰਤਾਰ ਸਿੰਘ ਭਾਵੇਂ ਡਸਿਪਲਨ ਪੱਖੋਂ ਬਹੁਤ ਸਖਤ ਸੀ ਪਰ ਧਾਰਮਿਕ ਪੱਖੋਂ ਉਹ ਬਹੁਤ ਹੀ ਉਦਾਰਚਿੱਤ ਸੀ. ਸਕੂਲ ਵਿਚ ਕਈ ਹਿੰਦੂ ਅਧਿਆਪਕ ਵੀ ਰੱਖੇ ਹੋਏ ਸਨ. ਮਾਸਟਰ ਲੇਖ ਰਾਜ, ਮਾਸਟਰ ਪਿਆਰੇ ਲਾਲ ਸਕੂਲ ਵਿਚ ਪੜ੍ਹਾਉਂਦੇ ਰਹੇ ਸਨ. ਪੰਡਤ ਬਿਹਾਰੀ ਲਾਲ ਪਹਿਲਾਂ ਸਕੂਲ ਦਾ ਕਲਰਕ ਹੁੰਦਾ ਸੀ ਤੇ ਹੈਡਮਾਸਟਰ ਦੀ ਹਲਸ਼ੇਰੀ ਨਾਲ ਬੀ।ਏ।, ਬੀ।ਟੀ। ਕਰ ਕੇ ਉਸੇ ਸਕੂਲ ਵਿਚ ਮਾਸਟਰ ਲੱਗ ਗਿਆ ਸੀ. ਬਹੁਤੇ ਅਧਿਆਪਕ ਧਾਰਮਿਕ ਵਿਚਾਰਧਾਰਾ ਦੇ ਧਾਰਨੀ ਨਹੀਂ ਸਨ. ਸਾਇੰਸ ਮਾਸਟਰ ਮਾਘ ਸਿੰਘ ਤੇ ਮਾਸਟਰ ਨਿਰੰਜਨ ਸਿੰਘ ਤਾਂ ਗੱਲੀਂ ਗੱਲੀਂ ਧਾਰਮਿਕ ਕੱਟੜਤਾ ਦਾ ਵਿਰੋਧ ਵੀ ਕਰ ਜਾਂਦੇ. ਮਾਸਟਰ ਮਾਘ ਸਿੰਘ ਤਰਕਵਾਦੀ ਸੋਚ ਦਾ ਧਾਰਨੀ ਸੀ ਤੇ ਉਸ ਨੇ ਵੈਰੋ ਕੇ ਪਿੰਡ ਦੇ ਇਕ ਘਰ ਵਿਚੋਂ ਭੂਤ ਭਜਾਏ ਸਨ ਤੇ ਉਸ ਘਰ ਦੀ ਮਾਨਸਿਕ ਰੋਗੀ ਬੀਬੀ ਦੀ ਸਮੱਸਿਆ ਨੂੰ ਹੱਲ ਵੀ ਕੀਤਾ ਸੀ. ਮਾਸਟਰ ਨਿਰੰਜਣ ਸਿੰਘ ਅੰਗ੍ਰੇਜ਼ ਸਰਕਾਰ ਸਮੇਂ ਸਕੂਲ ਅਧਿਆਪਕ ਸੀ ਪਰ ਅਜ਼ਾਦੀ ਦੇ ਘੋਲ ਵਿਚ ਵੀ ਸਰਗਰਮ ਰਿਹਾ. ਉਹ ਕਿਸੇ ਅਫਸਰ ਦੀ ਟੈਂ ਮੰਨਣ ਵਾਲਾ ਨਹੀਂ ਸੀ. ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਗਏ ਸਨ ਪਰ ਉਹ ਅਫਸਰਸ਼ਾਹੀ ਮੂਹਰੇ ਝੁਕਿਆ ਨਹੀਂ ਸੀ. ਇਸੇ ਕਰ ਕੇ ਉਸ ਨੂੰ ਜ਼ਿੰਦਾ ਸ਼ਹੀਦ ਕਿਹਾ ਜਾਂਦਾ ਸੀ. ਗਿਆਨੀ ਜਰਨੈਲ ਸਿੰਘ ਸਾਰੀਆਂ ਜਮਾਤਾਂ ਨੂੰ ਪੰਜਾਬੀ ਪੜ੍ਹਉਣ ਦੇ ਨਾਲ ਨਾਲ ਡਾਕਖਾਨੇ ਦਾ ਕੰਮ ਵੀ ਸੰਭਾਲਦੇ. ਉਹ ਸੱਤਵੀ ਅੱਠਵੀਂ ਵਿਚ ਸਾਡੇ ਇਨਚਾਰਜ ਰਹੇ ਸਨ. ਜੇ ਮੈਂ ਕਦੀ ਦਸ ਤ੍ਰੀਕ ਤੋਂ ਬਾਅਦ ਫੀਸ ਦੇਣੀ ਤਾਂ ਉਹ ਜੁਰਮਾਨਾ ਨਹੀਂ ਸੀ ਲੈਂਦੇ. ਇਸ ਦਾ ਮਤਲਬ ਇਹ ਸੀ ਕਿ ਉਹ ਮੇਰੀ ਫੀਸ ਆਪਣੇ ਕੋਲੋਂ ਪਾ ਦਿਆ ਕਰਦੇ ਸਨ. ਸੈਕੰਡ ਮਾਸਟਰ ਕਿਰਪਾਲ ਸਿੰਘ ਰੋਡੇ ਆਪਣੇ ਸਾਊ ਸੁਭਾਅ ਕਰਕੇ ਵਿਦਿਆਰਥੀਆਂ ਵਿਚ ਬਹੁਤ ਹਰਮਨ ਪਿਆਰੇ ਸਨ. ਸਰਵਣ ਸਿੰਘ ਲੰਡੇ ਜਿਨ੍ਹਾਂ ਛੇਵੀਂ ਵਿਚ ਸਾਨੂੰ ਅੰਗ੍ਰੇਜ਼ੀ ਪੜ੍ਹਾਈ ਸੀ, ਪਤਾ ਨਹੀਂ ਕਿਸ ਕਾਰਨ ਉਹਨਾਂ ਦਾ ਮਨੇਜਮਿੰਟ ਨਾਲ ਕੋਈ ਝਗੜਾ ਹੋ ਗਿਆ ਸੀ ਤੇ ਉਹ ਅਸਤੀਫਾ ਦੇ ਗਏ ਸਨ. ਫਿਰ ਉਹਨਾਂ ਨੇ ਮਾੜੀ ਮੁਸਤਫਾ ਪਿੰਡ ਦੀ ਪੰਚਾਇਤ ਨੂੰ ਪ੍ਰੇਰ ਕੇ ਉਥੇ ਹਾਈ ਸਕੂਲ ਚਾਲੂ ਕਰ ਲਿਆ ਤੇ ਉਥੋਂ ਦੇ ਹੈਡਮਾਸਟਰ ਬਣੇ. ਕਰਤਾਰ ਸਿੰਘ ਨਾਰਮਲ, ਜਿਹੜੇ ਹਿਸਾਬ ਦੇ ਮਾਹਰ ਸਨ ਪਰ ਜ਼ੁਬਾਨ ਦੇ ਕੁਝ ਕੌੜੇ. ਡਰਿਲ ਮਾਸਟਰ ਮਿਹਰ ਸਿੰਘ, ਸੁਭਾਅ ਦੇ ਗੁੱਸੇ ਖੋਰ ਪਰ ਦਿਲ ਦੇ ਬਹੁਤ ਨਰਮ ਸਨ. ਨਿਊ ਮਾਸਟਰ ਤੋਂ ਉਹਨਾਂ ਘਸੁੰਨ ਤਾਂ ਖਾ ਲਿਆ ਪਰ ਆਪ ਉਲਟ ਵਾਰ ਨਹੀਂ ਸੀ ਕੀਤਾ ਤੇ ਫਿਰ ਨਿਮੋਸ਼ੀ ਦੇ ਮਾਰੇ ਅਸਤੀਫਾ ਦੇ ਗਏ ਸਨ. ਬੈਂਡ ਮਾਸਟਰ ਬੰਤਾ ਸਿੰਘ, ਜਿਹੜੇ ਮੈਨੂੰ ਕਲਾਰਨਟ ਸਿਖਾਉਣ ਲਈ ਪੂਰਾ ਜ਼ੋਰ ਲਾਉਂਦੇ ਰਹੇ ਪਰ ਮੈਨੂੰ ਉਸ ਵਿਚ ਫੂਕ ਮਾਰਨੀ ਨਾ ਆਈ. ਦੂਜੇ ਮੁੰਡੇ ਵੀ ਉਹਨਾਂ ਕੋਲੋਂ ਕੁਝ ਨਾ ਸਿੱਖ ਸਕੇ ਤੇ ਉਹ ਮਾਯੂਸ ਹੋ ਕੇ ਸਕੂਲ ਛੱਡ ਗਏ. ਇਸ ਤਰ੍ਹਾਂ ਸਕੂਲ ਵਿਚ ਨਵੇਂ ਨਵੇਂ ਅਧਿਆਪਕ ਆਉਂਦੇ ਰਹੇ, ਜਾਂਦੇ ਰਹੇ ਪਰ ਜਿੰਨੀ ਦੇਰ ਵੀ ਸਕੂਲ ਵਿਚ ਪੜਾਉਂਦੇ, ਦਿਲ ਲਾ ਕੇ ਪੜ੍ਹਾਉਂਦੇ, ਇਸ ਲਈ ਸਕੂਲ ਦਾ ਨਤੀਜਾ ਕਦੀ ਮਾੜਾ ਨਹੀਂ ਸੀ ਆਉਂਦਾ.
        ਉਸ ਸਮੇਂ ਮੈਟ੍ਰਿਕ ਦੇ ਇਮਤਿਹਾਨ ਪੰਜਾਬ ਯੂਨੀਵਰਸਿਟੀ ਵੱਲੋਂ ਲਏ ਜਾਂਦੇ ਸਨ. ਪੰਜਾਬ ਯੂਨੀਵਰਸਿਟੀ ਸੋਲਨ ਹਿਲਜ਼ (ਸਿਮਲਾ) ਵਿਖੇ ਹੁੰਦੀ ਸੀ. ਜਦੋਂ ਸਾਡੇ ਮੈਟ੍ਰਿਕ ਦੇ ਇਮਤਿਹਾਨਾਂ ਨੇੜੇ ਆ ਗਏ ਤਾਂ ਬਿਨਾਂ ਕੋਈ ਵਾਧੂ ਫੀਸ ਲਿਆਂ, ਅਧਿਆਪਕਾਂ ਨੇ ਵਾਧੂ ਸਮੇਂ ਵਿਚ ਸਾਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ. ਅਸੀਂ ਦੂਰੋਂ ਆਉਂਦੇ ਹੋਣ ਕਾਰਨ, ਸਵੇਰੇ ਸਦੇਹਾਂ ਆ ਨਹੀਂ ਸੀ ਸਕਦੇ ਅਤੇ ਹਨੇਰੇ ਹੋਏ ਵਾਪਸ ਜਾਣਾ ਔਖਾ ਸੀ, ਇਸ ਲਈ ਸਾਨੂੰ ਪਿਛਲੇ ਦੋ ਮਹੀਨੇ, ਸਕੂਲ ਦੇ ਹੋਸਟਲ ਵਿਚ ਰਹਿਣਾ ਪਿਆ ਸੀ. ਸਾਡੇ ਪਿੰਡ ਦੇ ਕਈ ਮੁੰਡੇ ਪਹਿਲਾਂ ਹੀ ਹੋਸਟਲ ਵਿਚ ਰਹਿਣ ਲੱਗ ਪਏ ਸਨ. ਉਹਨਾਂ ਨੂੰ ਹੋਸਟਲ ਵਿਚ ਰਹਿੰਦਿਆਂ ਦੇਖ ਕੇ ਮੇਰੀ ਵੀ ਰੀਝ ਹੁੰਦੀ ਸੀ ਕਿ ਕਿਤੇ ਮੈਂ ਵੀ ਇਨ੍ਹਾਂ ਮੁੰਡਿਆਂ ਨਾਲ ਹੋਸਟਲ ਵਿਚ ਰਹਿ ਸਕਦਾ. ਜਨਵਰੀ ਫਰਵਰੀ ਦੇ ਦੋ ਮਹੀਨੇ ਹੋਸਟਲ ਵਿਚ ਰਹਿਣ ਨਾਲ ਮੇਰੀ ਇਹ ਰੀਝ ਵੀ ਪੂਰੀ ਹੋ ਗਈ ਸੀ.
        ਸੰਨ ਸੰਤਾਲੀ ਵਿਚ ਸਾਡੇ ਇਲਾਕੇ ਵਿਚ ਇਕੋ ਇਕ ਇਹੋ ਹਾਈ ਸਕੂਲ ਸੀ ਪਰ ਸੰਨ ੫੩ ਵਿਚ ਸਾਡੇ ਦਸਵੀਂ ਕਰਨ ਤਾਈਂ ਮੋਗਾ ਤਸੀਲ ਵਿਚ ਕਈ ਹਾਈ ਸਕੂਲ ਬਣ ਗਏ ਸਨ. ਪਰ ਅਜੇ ਤੱਕ ਸਾਡੇ ਨੇੜੇ ਤੇੜੇ ਦੇ ਕਿਸੇ ਸਕੂਲ ਵਿਚ ਕੋਈ ਇਮਤਿਹਾਨੀ ਸੈਂਟਰ ਨਹੀਂ ਸੀ ਬਣਿਆ. ਜਿਹੜੇ ਵੀ ਇਕ ਦੋ ਸੈਂਟਰ ਸਨ, ਉਹ ਮੋਗਾ ਸ਼ਹਿਰ ਵਿਚ ਹੀ ਸਨ. ਸਾਡੇ ਸਕੂਲ ਦੇ ਮੁੰਡਿਆਂ ਨੂੰ ਮੋਗੇ ਇਮਤਿਹਾਨ ਦੇਣ ਜਾਣਾ ਪੈਂਦਾ ਸੀ. ਸਾਡਾ ਸੈਂਟਰ ਵੀ ਡੀ।ਐਮ। ਕਾਲਜ ਮੋਗਾ ਬਣਿਆ ਸੀ. ਮੋਗਾ ਸ਼ਹਿਰ ਮੇਰਾ ਦੇਖਿਆ ਹੋਇਆ ਸੀ ਪਰ ਹੁਣ ਜਦੋਂ ਮੋਗੇ ਇਮਤਿਹਾਨ ਦੇਣ ਜਾਣਾ ਸੀ ਤਾਂ ਇਕ ਸਹਿਮ ਤੇ ਝਿਜਕ ਮਨ ਵਿਚ ਸਮਾਈ ਹੋਈ ਸੀ. ਤਕਰੀਬਨ ਇਕ ਮਹੀਨਾ ਇਮਤਿਹਾਨ ਚੱਲਣੇ ਸਨ. ਮੇਰੀ ਵੱਡੀ ਭੈਣ ਮੋਗੇ ਵਿਆਹੀ ਹੋਣ ਕਰਕੇ ਮੈਂ ਤਾਂ ਉਸ ਕੋਲ ਰਹਿ ਸਕਦਾ ਸੀ ਪਰ ਉਹਨਾਂ ਦਾ ਘਰ ਕਾਲਜ ਤੋਂ ਬਹੁਤ ਦੂਰ, ਅਕਾਲ ਸਰ ਰੋਡ 'ਤੇ ਰੇਲਵੇ ਫਾਟਕਾਂ ਕੋਲ ਸੀ. ਸਾਡਾ ਵਿਚਾਰ ਸੀ ਕਿ ਕਾਲਜ ਦੇ ਨੇੜੇ ਰਹਿ ਕੇ ਪਰਚਿਆਂ ਦੀ ਤਿਆਰੀ ਚੰਗੀ ਹੋ ਸਕੇਗੀ. ਮੇਰਾ ਚਚੇਰਾ ਭਰਾ ਬਲਦੇਵ ਜਿਹੜਾ ਦਸਵੀਂ ਵਿਚੋਂ ਪਿਛਲੇ ਸਾਲ ਫੇਅਲ ਹੋ ਕੇ ਸਾਡੇ ਨਾਲ ਆ ਰਲਿਆ ਸੀ, ਉਹਦੇ ਜਮਾਤੀ ਦੋਸਤ, ਲਾਲ ਸਿੰਘ ਬਰਾੜ ਤੇ ਸੁਰਜੀਤ ਗਿੱਲ ਕਾਲਜ ਵਿਚ ਪੜ੍ਹਦੇ ਸਨ ਤੇ ਉਹਨਾਂ ਨੇ ਕਾਲਜ ਦੇ ਕੋਲ ਹੀ ਇਕ ਘਰ ਦਾ ਉਪਰਲਾ ਹਿਸਾ ਕਰਾਏ ਉਪਰ ਲਿਆ ਹੋਇਆ ਸੀ, ਜਿਸ ਵਿਚ ਦੋ ਕਮਰੇ, ਰਸੋਈ ਤੇ ਗੁਸਲਖਾਨਾ ਸੀ. ਅਸੀਂ ਤਿੰਨ ਜਣਿਆਂ ਨੇ ਉਹਨਾਂ ਕੋਲ ਡੇਰਾ ਲਾ ਲਿਆ. ਮੈਂ ਮੰਜਾ ਬਿਸਤਰਾ ਆਪਣੀ ਭੈਣ ਦੇ ਘਰੋਂ ਲੈ ਗਿਆ ਸੀ. ਮੰਜਾ ਬਿਸਤਰਾ ਕਾਲਜ ਕੋਲ ਲੈ ਜਾਣ ਦੇ ਰੇੜ੍ਹੀ ਵਾਲਾ ਬਾਰਾਂ ਆਨੇ ਮੰਗਦਾ ਸੀ ਪਰ ਮੈਂ ਮੰਜਾ ਬਿਸਤਰਾ ਆਪਣੇ ਸਿਰ ਉਪਰ ਚੁੱਕ ਕੇ ਦੋ ਕਿਲੋਮੀਟਰ ਦੂਰ, ਬਜ਼ਾਰਾਂ ਵਿਚ ਦੀ, ਬਿਨਾਂ ਸੰਗ ਝਿਜਕ ਤੋਂ ਲੈ ਗਿਆ ਤੇ ਬਾਰਾਂ ਆਨੇ ਬਚਾ ਲਏ. ਕੁਲਵੰਤ ਆਪਣੀ ਭੂਆ ਦੀ ਧੀ ਦੇ ਘਰੋਂ ਮੰਜਾ ਬਿਸਤਰਾ ਲੈ ਆਇਆ ਸੀ ਤੇ ਲਾਲ ਹੁਰਾਂ ਕੋਲ ਵਾਧੂ ਰੱਖਿਆ ਮੰਜਾ ਬਿਸਤਰਾ ਬਲਦੇਵ ਦੇ ਕੰਮ ਆ ਗਿਆ ਸੀ. ਆਟਾ ਦਾਲ ਅਸੀਂ ਘਰਾਂ ਤੋਂ ਲੈ ਗਏ ਸੀ. ਆਪ ਹੀ ਦਾਲ ਰੋਟੀ ਬਣਾ ਕੇ ਖਾਂਦੇ. ਇਸ ਤਰ੍ਹਾਂ ਅਸੀਂ ਪਹਿਲੀ ਵਾਰ ਅਜ਼ਾਦ ਫਿਜ਼ਾ ਵਿਚ ਬਸੇਰਾ ਕੀਤਾ ਸੀ.
        ਇਮਤਿਹਾਨ ਤੋਂ ਇਕ ਦਿਨ ਪਹਿਲਾਂ ਲਾਲ ਬਰਾੜ ਸਾਨੂੰ ਕਾਲਜ ਦਾ ਉਹ ਹਾਲ ਕਮਰਾ ਤੇ ਉਸ ਨਾਲ ਲਗਦੇ ਕਮਰੇ ਦਿਖਾ ਲਿਆਇਆ, ਜਿੱਥੇ ਬੈਠ ਕੇ ਅਸੀਂ ਪ੍ਰਖਿਆ ਦੇਣੀ ਸੀ. ਪਹਿਲੇ ਦਿਨ ਅੰਗ੍ਰੇਜ਼ੀ ਦਾ ਪਰਚਾ ਸੀ ਤੇ ਮੈਂ ਆਪਣੀ ਪੂਰੀ ਤਿਆਰੀ ਕਰ ਕੇ ਆਪਣੇ ਸਾਥੀਆਂ ਨਾਲ ਪਰਚਾ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਹਾਲ ਮੂਹਰੇ ਜਾ ਖੜ੍ਹਾ. ਉਥੇ ਕਈ ਹੋਰ ਸਕੂਲਾਂ ਦੇ ਮੁੰਡੇ ਵੀ ਆਏ ਹੋਏ ਸਨ. ਮੇਰੇ ਮਨ ਅੰਦਰ ਇਕ ਭੈਅ ਜਿਹਾ ਬਣਿਆ ਹੋਇਆ ਸੀ ਕਿ ਪਤਾ ਨਹੀਂ ਕਿੰਨੇ ਕੁ ਔਖੇ ਸਵਾਲ ਆਉਣਗੇ? ਸਮੇਂ ਤੋਂ ਪੰਦਰਾਂ ਮਿੰਟ ਪਹਿਲਾਂ ਹਾਲ ਦਾ ਬੂਹਾ ਖੁੱਲ੍ਹ ਗਿਆ ਤੇ ਅਸੀਂ ਹਾਲ ਅੰਦਰ ਦਾਖਲ ਹੋਏ. ਹਾਲ ਬਹੁਤ ਲੰਮਾ ਸੀ. ਸਾਡੇ ਰੋਲ ਨੰਬਰ ਹਾਲ ਕਮਰੇ ਵਿਚ ਹੀ ਸਨ. ਹਾਲ ਕਮਰੇ ਵਿਚ, ਇਕ ਸੀਟ ਵਾਲੇ, ਉੱਚੇ ਜਿਹੇ ਡੈਸਕ ਡੱਠੇ ਹੋਏ ਸਨ. ਹਰ ਡੈਸਕ ਉਪਰ ਰੋਲ ਨੰਬਰ ਲਿਖਿਆ ਹੋਇਆ ਸੀ. ਬਾਹਰ ਨੋਟਸ ਬੋਰਡ 'ਤੇ ਲੱਗੀ ਸੀਟਿੰਗ ਪਲੈਨ ਤੋਂ ਆਪਣਾ ਰੋਲ ਨੰਬਰ ਦੇਖ ਲਿਆ ਹੋਣ ਕਰਕੇ ਮੈਂ ਅਸਾਨੀ ਨਾਲ ਹੀ ਆਪਣੇ ਡੈਸਕ 'ਤੇ ਜਾ ਬੈਠਾ. ਪਰ ਕਈ ਪ੍ਰੀਖਿਅਰਥੀ ਆਪਣੇ ਰੋਲ ਨੰਬਰ ਵਾਲੇ ਡੈਸਕ ਭਾਲਦੇ ਇਧਰ ਉਧਰ ਫਿਰ ਰਹੇ ਸਨ. ਪ੍ਰੀਖਿਅਕਾਂ ਨੇ ਸਭ ਨੂੰ ਜਲਦੀ ਹੀ ਉਹਨਾਂ ਦੀਆਂ ਸੀਟਾਂ 'ਤੇ ਬਿਠਾ ਦਿੱਤਾ. ਪਰਚੇ ਵੰਡਣ ਤੋਂ ਪਹਿਲਾਂ ਸੁਪਰਡੈਂਟ ਨੇ ਆਪਣੇ ਅੰਗ੍ਰੇਜ਼ੀ ਵਿਚ ਦਿੱਤੇ ਭਾਸ਼ਣ ਵਿਚ ਤਾੜਨਾ ਕੀਤੀ ਕਿ ਜਿੰਨੀ ਦੇਰ ਪਰਚਾ ਲਿਖਣਾ ਹੈ ਕਿਸੇ ਦੀ ਨਿਗਾਹ ਪਰਚੇ ਤੋਂ ਉਤਾਂਹ ਨਹੀਂ ਉਠਣੀ ਚਾਹੀਦੀ. ਜੇ ਕੋਈ ਇਧਰ ਉਧਰ ਝਾਕਿਆ ਤਾਂ ਉਸ ਉਪਰ ਨਕਲ ਦਾ ਕੇਸ ਬਣਾ ਦਿੱਤਾ ਜਾਵੇਗਾ. 
      ਪਰਸ਼ਨ ਪੱਤਰ ਵੰਡੇ ਜਾਣ ਲੱਗੇ. ਪ੍ਰਸ਼ਨ ਪੱਤਰ ਪੜ੍ਹਦਿਆਂ ਹੀ ਮੈਨੂੰ ਮੁੜ੍ਹਕਾ ਆਉਣ ਲੱਗਾ ਭਾਵੇਂ ਕਿ ਸਾਡੇ ਸਿਰਾਂ ਉਪਰ ਬਿਜਲੀ ਵਾਲੇ ਪੱਖੇ ਚੱਲ ਰਹੇ ਸਨ. ਮੈਂ ਪ੍ਰਸ਼ਨ ਪੱਤਰ ਡੈਸਕ ਉਪਰ ਰੱਖ ਕੇ ਸਾਹਮਣੇ ਦੇਖਿਆ. ਸੁਪਰਡੈਂਟ ਸਾਹਮਣੇ ਖੜ੍ਹਾ ਸਾਰੇ ਪਾਸੇ ਘੂਰ ਘੂਰ ਦੇਖ ਰਿਹਾ ਸੀ. ਉਸ ਦੇ ਸਿਰ ਤੋਂ ਉਤਾਂਹ ਕੰਧ ਉਪਰ ਲੱਗੀ ਗਾਂਧੀ ਜੀ ਦੀ ਤਸਵੀਰ ਲੱਗੀ ਦਿਸ ਰਹੀ ਸੀ. ਮੈਨੂੰ ਉਹ ਤਸਵੀਰ ਘੁੰਮਦੀ ਹੋਈ ਦਿਸੀ. ਸੱਜੇ ਪਾਸੇ ਦੇਖਿਆ ਤਾਂ ਉਸ ਕੰਧ ਉਪਰ ਵਵੇਕਾ ਨੰਦ ਜੀ ਦੀ ਤਸਵੀਰ ਵੀ ਘੁੰਮ ਰਹੀ ਸੀ. ਮੈਨੂੰ ਸਾਰਾ ਹਾਲ ਹੀ ਘੁੰਮਦਾ ਹੋਇਆ ਪ੍ਰਤੀਤ ਹੋਇਆ ਤੇ ਮੈਂ ਡਰ ਕੇ ਨੀਵੀਂ ਪਾ ਲਈ. ਜੋ ਕੁਝ ਵੀ ਮੇਰੇ ਯਾਦ ਸੀ, ਸਭ ਭੁੱਲ ਭੁਲਾ ਗਿਆ. ਮੇਰੇ ਕੋਲ ਦੀ ਇਕ ਪ੍ਰੀਖਿਅਕ ਲੰਘਿਆ ਤੇ ਮੈਨੂੰ ਨੀਵੀਂ ਪਾਈ ਬੈਠਾ ਦੇਖ, ਮੇਰੀ ਪਿੱਠ ਥਪ ਥਪਾਉਂਦਾ ਹੌਲ਼ੀ ਜਿਹੀ ਬੋਲਿਆ, "ਪੁੱਤਰ, ਘਬਰਾ ਨਾ, ਦੂਜੀ ਵਾਰ ਪਰਚਾ ਪੜ੍ਹ ਤੇ ਜਿਹੜਾ ਸਵਾਲ ਤੈਨੂੰ ਸਭ ਤੋਂ ਸੌਖਾ ਲਗਦਾ ਹੈ, ਉਹ ਕਰਨਾ ਸ਼ੁਰੂ ਕਰ."
        ਮਾਸਟਰ ਨਿਰੰਜਣ ਸਿੰਘ ਨੇ ਵੀ ਇਹੋ ਨਸੀਹਤ ਕੀਤੀ ਸੀ ਕਿ 'ਜਿਹੜਾ ਸਵਾਲ ਤੁਹਾਨੂੰ ਸਭ ਤੋਂ ਵਧੀਆ ਯਾਦ ਹੋਵੇ, ਪਹਿਲਾਂ ਉਹ ਕਰਨਾ.' ਮੈਂ ਉਸ ਪ੍ਰੀਖਿਅਕ ਦੀ ਸ਼ਕਲ ਨਾ ਦੇਖ ਸਕਿਆ ਪਰ ਮੈਨੂੰ ਕੁਝ ਹੌਸਲਾ ਜਿਹਾ ਹੋ ਗਿਆ ਤੇ ਮੈਂ ਦੁਬਾਰਾ ਪ੍ਰਸ਼ਨ ਪੱਤਰ ਪੜ੍ਹਨਾ ਸ਼ੁਰੂ ਕੀਤਾ ਤੇ ਜਿਹੜਾ ਵੀ ਸਵਾਲ ਮੈਨੂੰ ਠੀਕ ਲੱਗਾ, ਮੈਂ ਉਹੋ ਲਿਖਣਾ ਸ਼ੁਰੂ ਕਰ ਦਿੱਤਾ. ਪਹਿਲਾ ਸਵਾਲ ਲਿਖ ਲੈਣ ਤੋਂ ਬਾਅਦ ਮੇਰੇ ਵਿਚ ਭਰੋਸਾ ਪੈਦਾ ਹੋ ਗਿਆ ਤੇ ਮੈਂ ਕੁਝ ਸਮਾਂ ਰਹਿੰਦੇ ਹੀ ਸਾਰੇ ਸਵਾਲਾਂ ਦੇ ਜਵਾਬ ਲਿਖ ਦਿੱਤੇ. ਅਗਲੇ ਦਿਨਾਂ ਵਿਚ ਪਰੀਖਿਆ ਦਿੰਦੇ ਸਮੇਂ ਮੈਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਈ. ਭਾਵੇਂ ਕਿ ਹਿਸਾਬ ਦੇ ਪਰਚੇ ਸਮੇਂ ਮੈਨੂੰ ਪਤਾ ਸੀ ਕਿ ਮੈਂ ਸਾਰੇ ਸਵਾਲਾਂ ਦੇ ਜਵਾਬ ਸਹੀ ਹੱਲ ਨਹੀਂ ਕਰ ਸਕਿਆ.
       ਉਂਜ ਤਾਂ ਅਸੀਂ ਪਰਚਿਆਂ ਦੀ ਤਿਆਰੀ ਕਰਨ ਵਾਸਤੇ ਹੀ ਕਾਲਜ ਦੇ ਨੇੜੇ ਰਹਿਣਾ ਸ਼ੁਰੂ ਕੀਤਾ ਸੀ ਪਰ ਬਹੁਤੀ ਵਾਰ ਆਥਣ ਵੇਲੇ, ਲਾਲ ਤੇ ਸੁਰਜੀਤ ਨਾਲ ਪੜ੍ਹਦੇ ਮੁੰਡੇ ਉਥੇ ਆ ਜਾਂਦੇ ਤੇ ਦੇਰ ਰਾਤ ਤੱਕ ਬੈਠੇ ਗੱਪਾਂ ਮਾਰਦੇ ਤੇ ਖੱਪ ਪਾਉਂਦੇ ਰਹਿੰਦੇ. ਕੁੜੀਆਂ ਦਾ ਕਾਲਜ ਮੁੰਡਿਆਂ ਵਾਲੇ ਕਾਲਜ ਨੇੜ ਹੀ ਸੀ ਤੇ ਦੋਵੇਂ ਕਾਲਜ ਇਕੋ ਮਨੇਜਮਿੰਟ ਦੇ ਅਧੀਨ ਸਨ. ਬਹੁਤੇ ਪ੍ਰਫੈਸਰ ਦੋਹਾਂ ਕਾਲਜਾਂ ਵਿਚ ਹੀ ਪੀਰੀਅੜ ਲੈਂਦੇ ਸਨ. ਮੁੰਡਿਆਂ ਦੀਆਂ ਬਹੁਤੀਆਂ ਗੱਲਾਂ ਕਾਲਜ ਪੜ੍ਹਦੀਆਂ ਕੁੜੀਆਂ ਦੇ ਪ੍ਰੋਫੈਸਰਾਂ ਨਾਲ ਮੁਆਸ਼ਕਿਆਂ ਦੀਆਂ ਹੁੰਦੀਆਂ. ਜਾਂ ਕੋਈ ਆਪਣੇ ਪਿਆਰ ਦੇ ਕਿੱਸੇ ਛੇੜ ਲੈਂਦਾ. ਇਕ ਸੁਨੱਖਾ ਜਿਹਾ ਮੁੰਡਾ ਉਹਨਾਂ ਕੋਲ ਆਉਂਦਾ ਸੀ ਜਿਹੜਾ ਬਹੁਤ ਸੁਹਣੇ ਗੀਤ ਗਾਉਂਦਾ ਸੀ, ਅਸੀਂ ਉਸ ਕੋਲੋਂ ਗੀਤ ਸੁਣਨ ਲੱਗ ਪੈਂਦੇ. ਪੜ੍ਹਾਈ ਦੀ ਥਾਂ ਸਾਡਾ ਸ਼ਾਮ ਦਾ ਸਮਾਂ ਇੰਜ ਹੀ ਬਰਬਾਦ ਹੋ ਜਾਂਦਾ ਪਰ ਸਾਨੂੰ ਕੋਈ ਬਹੁਤਾ ਫਿਕਰ ਨਾ ਹੁੰਦਾ ਕਿਉਂਕਿ ਸਾਨੂੰ ਵੀ ਉਹਨਾਂ ਦੀਆਂ ਗੱਲਾਂ ਸੁਣਨ ਦਾ ਚਸਕਾ ਪੈ ਗਿਆ ਸੀ.
       ਜਿੱਥੇ ਅਸੀਂ ਰਹਿੰਦੇ ਸੀ, ਉਸ ਤੋਂ ਅਗਾਂਹ ਖੇਤ ਹੀ ਖੇਤ ਸਨ. ਮੋਗਾ ਸ਼ਹਿਰ ਅਜੇ ਉਧਰ ਨੂੰ ਨਹੀਂ ਸੀ ਵਧਿਆ. ਉਧਰ ਨਾ ਹੀ ਅਜੇ ਅਜੋਕਾ ਮੰਦਰ ਬਣਿਆ ਸੀ ਤੇ ਨਾ ਹੀ ਕਸ਼ਮੀਰ ਪਾਰਕ ਦੀ ਕੋਈ ਹੋਂ ਸੀ. ਅਸੀਂ ਸੁਬ੍ਹਾ ਸਵੇਰੇ ਇਹਨਾਂ ਖੇਤਾਂ ਵੱਲ ਜੰਗਲ ਪਾਣੀ ਜਾਂਦੇ. ਪਤਾ ਨਹੀਂ ਇਹ ਕੋਈ ਰੀਤੀ ਰਵਾਜ਼ ਸੀ ਕਿ ਮੰਗਲ ਵਾਰ ਤੇ ਵੀਰ ਵਾਰ ਵਾਲੇ ਦਿਨ ਸਾਡੇ ਰਾਸਤੇ ਤੋਂ ਕੁਝ ਹਟਵਾਂ ਜਿਹੜੇ ਪਾਸੇ ਅਸੀਂ ਜਾਣਾ ਹੁੰਦਾ ਸੀ, ਕੁਝ ਮਿੱਟੀ ਦੀਆਂ ਢੇਰੀਆਂ ਬਣਾ ਕੇ ਉਹਨਾਂ ਉਪਰ ਮੋਰੀ ਵਾਲਾ ਜਾਂ ਵੱਡਾ (ਡੱਬਰ) ਪੈਸਾ ਰੱਖਿਆ ਹੁੰਦਾ. ਪਹਿਲੀਆਂ ਵਿਚ ਲਾਲ ਸਿੰਘ ਹੁਰੀਂ ਇਹਨਾਂ ਨੂੰ ਟੂਣੇ ਵਾਲੇ ਪੈਸੇ ਸਮਝ ਕੇ ਨਹੀਂ ਸੀ ਚੁਕਦੇ. ਜਦੋਂ ਮੈਂ ਢੇਰੀਆਂ ਉਪਰ ਪੈਸੇ ਪਏ ਦੇਖੇ ਤਾਂ ਬਿਨਾਂ ਝਿਜਕ ਚੁੱਕ ਲਏ. ਕਿਉਂਕਿ ਮਾਸਟਰ ਨਿਰੰਜਣ ਸਿੰਘ ਨੇ ਸਾਨੂੰ ਦੱਸਿਆ ਹੋਇਆ ਸੀ ਇਹਨਾਂ ਟੂਣੇ ਟਾਮਣਾ ਵਿਚ, ਸਵਾਏ ਮਨ ਦੇ ਵਹਿਮ ਤੋਂ, ਕੁਝ ਨਹੀਂ ਹੁੰਦਾ. ਇਕ ਵਾਰ ਉਹਨਾਂ ਚੁਰਸਤੇ ਵਿਚ ਪਏ ਲਲੇਰ ਨੂੰ ਚੁੱਕ ਕੇ ਭੰਨਿਆ ਤੇ ਫਿਰ ਉਹਨਾਂ ਆਪ ਵੀ ਖਾਧਾ ਤੇ ਸਾਨੂੰ ਵੀ ਖੁਆਇਆ ਸੀ. ਉਹ ਟੂਣੇ ਟਾਮਣਾ ਦੀ ਬਹੁਤ ਖਿੱਲੀ ਉਡਾਇਆ ਕਰਦੇ ਸਨ. ਮੇਰੇ ਉਪਰ ਮਾਸਟਰ ਨਿਰੰਜਣ ਸਿੰਘ ਦਾ ਕੁਝ ਪ੍ਰਭਾਵ ਸੀ, ਇਸੇ ਲਈ ਪੈਸੇ ਚੁੱਕਣ ਲੱਗਾ ਮੈਂ ਡਰਿਆ ਨਹੀਂ ਸੀ.  ਉਸ ਤੋਂ ਮਗਰੋਂ ਤਾਂ ਸਾਡੇ ਵਿਚੋਂ ਜਿਹੜਾ ਵੀ ਕੋਈ ਪੈਸਾ ਪਿਆ ਦੇਖਦਾ, ਝਟ ਚੁੱਕ ਲੈਂਦਾ. ਜਦੋਂ ਚਾਰ ਪੰਜ ਆਨੇ ਬਣ ਜਾਂਦੇ ਤਾਂ ਅਸੀਂ ਇਹਨਾਂ ਪੈਸਿਆਂ ਦੀ ਦਾਲ ਸਬਜ਼ੀ ਖਰੀਦ ਲੈਂਦੇ.  
       ਇਸ ਤਰ੍ਹਾਂ ਇਮਤਿਹਾਨਾਂ ਵਾਲੇ ਇਹ ਦਿਨ ਬਤੀਤ ਹੋ ਰਹੇ ਸਨ. ਇਕ ਦਿਨ ਐਤਵਾਰ ਨੂੰ, ਪੇਪਰਾਂ ਦੇ ਵਿਚਕਾਰ ਹੀ, ਅਸੀਂ ਸ਼ਾਮ ਨੂੰ ਸਿਨਮੇ ਵਿਚ ਪਿਕਚਰ ਦੇਖਣ ਦਾ ਪ੍ਰਗਰਾਮ ਬਣਾ ਲਿਆ. ਮੋਗੇ ਵਿਚ ਉਸ ਸਮੇਂ ਇਕੋ ਇਕ ਰੀਗਲ ਸਨੇਮਾ ਹੀ ਹੁੰਦਾ ਸੀ. (ਇਸੇ ਸਨੇਮੇ ਦੀਆਂ ਟਿਕਟਾਂ ਨੂੰ ਲੈ ਕੇ ੧੯੭੨ ਵਿਚ ਮੋਗਾ ਗੋਲੀ ਕਾਂਡ ਹੋਇਆ ਸੀ ਤੇ ਉਸ ਤੋਂ ਮਗਰੋਂ ਇਹ ਸਨੇਮਾ ਬੰਦ ਹੋ ਗਿਆ ਸੀ.) ਉਸ ਸਮੇਂ ਤੀਜੇ ਦਰਜੇ ਦੀ ਟਿਕਟ ਸ਼ਾਇਦ ਚਾਰ ਆਨੇ ਦੀ ਹੁੰਦੀ ਸੀ. ਜਦੋਂ ਅਸੀਂ ਤੀਜੇ ਦਰਜੇ ਦੀਆਂ ਟਿਕਟਾਂ ਲੈ ਕੇ ਸਨੇਮਾ ਹਾਲ ਵਿਚ ਪਹੁੰਚੇ ਤਾਂ ਸਾਰਾ ਹਾਲ ਭਰਿਆ ਹੋਇਆ ਸੀ. ਸਾਨੂੰ ਕੋਈ ਵੀ ਕੁਰਸੀ ਵਾਲੀ ਸੀਟ ਨਾ ਮਿਲੀ. ਅਸੀਂ ਉਹ ਪਿਕਚਰ ਮੂਹਰੇ ਫਰਸ਼ 'ਤੇ ਬੈਠ ਕੇ ਦੇਖੀ. ਪਿਕਚਰ ਦਾ ਨਾਂ 'ਸਪੱਈਆ' ਸੀ. ਮੈਂ ਪਹਿਲੀ ਵਾਰ ਪਿਕਚਰ ਦੇਖ ਰਿਹਾ ਸੀ. ਪਰਦੇ 'ਤੇ ਚਲਦੀਆਂ ਮੂਰਤਾਂ ਮੈਨੂੰ ਅਜੀਬ ਲੱਗ ਰਹੀਆਂ ਸਨ. ਬਹੁਤਾ ਨੇੜੇ ਬੈਠੇ ਹੋਣ ਕਕਰੇ ਵੀ ਵੱਡੀਆਂ ਵੱਡੀਆਂ ਲਗਦੀਆਂ. ਫਿਰ ਅਖੀਰਲੇ ਦਿਨ ਜਦੋਂ ਅਸੀਂ ਡਰਾਇੰਗ ਦਾ ਪਰਚਾ ਦੇ ਕੇ ਆਏ ਤਾਂ 'ਜੱਗੂ' ਪਿਕਚਰ ਦੇਖਣ ਚਲੇ ਗਏ ਸੀ. ਉਸ ਦਿਨ ਅਸੀਂ ਕੁਰਸੀਆਂ 'ਤੇ ਬੈਠ ਕੇ ਪਿਕਚਰ ਦੇਖੀ ਤੇ ਬੜਾ ਅਨੰਦ ਆਇਆ.
         ਮੈਂ ਦਸਵੀਂ ਦਾ ਇਮਤਿਹਾਨ ਦੇ ਕੇ ਸਕੂਲ ਨੂੰ ਅਲਵਿਦਾ ਕਹਿ ਦਿੱਤਾ. ਹੁਣ ਭਵਿਖਤ ਮੇਰੇ ਸਾਹਮਣੇ ਸੀ. ਉਹ ਨਾ ਡਰਾਉਣਾ ਸੀ ਨਾ ਹਨੇਰਾ ਪਰ ਧੁੰਦਲਾ ਜ਼ਰੂਰ ਸੀ. ਇਸ ਧੁੰਦ ਨੂੰ ਹਟਾਉਣ ਲਈ ਹੰਭਲਾ ਮਾਰਨਾ ਪੈਣਾ ਸੀ. ਅਗਲੇਰੇ ਜੀਵਨ ਪ੍ਰਤੀ ਜਦੋ ਜਹਿਦ ਕਰਨ ਲਈ ਤਿਆਰ ਹੋਣਾ ਸੀ ਤੇ ਮੈਂ ਇਸ ਤਿਆਰੀ ਵਿਚ ਜੁਟ ਗਿਆ.