ਕਾਂਡ 17
ਦੇਬੀ ਕੋਲ ਹਰ ਪਲ ਇੱਕ ਨਰਸ ਦੀ ਡਿਊਟੀ ਸੀ, ਉਸ ਨੂੰ ਕਿਸੇ ਵੀ ਆਈ ਪੀ ਵਾਂਗ ਦੇਖਿਆ ਜਾ ਰਿਹਾ ਸੀ, ਸੁਰਿੰਦਰ ਸਿੰਘ ਖੁਦ ਦੇਖਭਾਲ ਕਰ ਰਿਹਾ ਸੀ, ਭੂਆ ਨੂੰ ਸਭ ਨੇ ਮਿੰਨਤ ਤਰਲੇ ਕਰ ਕੇ ਘਰ ਜਾਂਣ ਲਈ ਮਨਾ ਲਿਆ ਸੀ, ਦੇਬੀ ਦੀ ਹਾਲਤ ਹੁਣ ਸੁਧਰ ਰਹੀ ਸੀ, ਸੋਜ ਘਟ ਗਈ ਸੀ, ਟੁੱਟੀਆ ਤੇ ਹਿੱਲੀਆ ਹੋਈਆ ਹੱਡੀਆ ਜਿਵੇ ਗੋਡਾ ਅਤੇ ਗੁੱਟ ਇਹ ਸਭ ਗੁਪਤੇ ਵੱਲੋ ਸਹੀ ਤਰੀਕੇ ਨਾਲ ਠੀਕ ਕਰਕੇ ਪਲਸਤਰ ਲਗਾ ਦਿੱਤਾ ਗਿਆ ਸੀ, ਜਿਹੜੇ ਲੋਕ ਕਾਕੇ ਦੀ ਲਾਸ਼ ਨਾਲ ਕਬਰਾਂ ਵਿੱਚ ਗਏ ਸਨ ਉਹਨਾ ਵਿੱਚੋ ਬਹੁਤੇ ਦੇਬੀ ਨੂੰ ਦੇਖਣ ਜਾਣ ਲਈ ਕਾਹਲੇ ਸਨ, ਸਰਪੰਚ ਵੱਲੋ ਕਿਹਾ ਗਿਆ ਸੀ ਕਿ ਹਾਲੇ ਕੋਈ ਨਾਂ ਜਾਵੇ, ਦੇਬੀ ਨੂੰ ਹੋਸ਼ ਆ ਜਾਵੇ, ਬੇਹਤਰ ਤਾਂ ਇਹ ਹੋਵੇਗਾ ਕਿ ਦੂਜੇ ਦਿਨ ਉਹਨੂੰ ਮਿਲਿਆ ਜਾਵੇ, ਸਾਰੇ ਪਿੰਡ ਦੇ ਹਰ ਜੀਅ ਦਾ ਹੌਸਲਾ ਟੁੱਟ ਜਿਹਾ ਗਿਆ ਸੀ, ਜੇ ਦਿਨ ਦੀਵੀ ਐਸੀਆ ਘਟਨਾਵਾਂ ਵਾਪਰਨਗੀਆ ਤਾਂ ਕੀ ਬਣੇਗਾ ਇਸ ਦੁਨੀਆ ਦਾ ? ਕੋਈ ਲਾਅ ਐਂਡ ਆਰਡਰ ਨਹੀ ਰਹਿ ਗਿਆ, ਕੋਈ ਅਪਣਾ ਫਰਜ ਪੂਰਾ ਨਹੀ ਕਰ ਰਿਹਾ … ।
ਦੇਬੀ ਨੂੰ ਪੂਰਾ ਦਿਨ ਤੇ ਅਗਲੀ ਰਾਤ ਨਕਲੀ ਨੀਂਦ ਵਿੱਚ ਰੱਖਿਆ ਗਿਆ ਸੀ, ਏਨੀਆ ਸੱਟਾਂ ਦੀ ਪੀੜ ਸਹਾਰਨੀ ਮੁਸ਼ਕਿਲ ਸੀ, ਡਾਕਟਰ ਗੁਪਤਾ ਸੁਰਿੰਦਰ ਸਿੰਘ ਨੂੰ ਕਹਿ ਰਿਹਾ ਸੀ, … ।
"ਇਸ ਗੱਭਰੂ ਨੂੰ ਜਿਊਦਾ ਨਾਂ ਸਮਝੋ, ਇਹ ਇੱਕ ਵਾਰੀ ਜਰੂਰ ਮਰ ਚੁੱਕਾ ਆ, ਏਹਦਾ ਜੀਵਨ ਰੱਬ ਵੱਲੋ ਕਿਸੇ ਬੋਨਸ ਵਿੱਚ ਮਿਲਿਆ ਲਗਦਾ, ਹੱਡੀਆ ਦੀਆ ਸੱਟਾਂ ਤਾ ਸਮੇ ਨਾਲ ਠੀਕ ਹੋ ਜਾਂਣਗੀਆ, ਜਵਾਂਨ ਹੈ ਸਰੀਰ ਛੇਤੀ ਕਵਰ ਕਰ ਲਵੇਗਾ ਪਰ ਅੰਦਰੂਨੀ ਸੱਟਾਂ ਦੇ ਕੀ ਅਫੈਕਟ ਹੋਣਗੇ ਹਾਲੇ ਕੁੱਝ ਨਹੀ ਕਿਹਾ ਜਾ ਸਕਦਾ"।
ਜਿੱਥੇ ਸੁਰਿੰਦਰ ਸਿੰਘ ਨੂੰ ਅਪਣੀ ਮੋਈ ਭੈਣ ਦੀ ਯਾਦ ਆ ਰਹੀ ਸੀ ਉਥੇ ਉਸ ਨੂੰ ਕਰਤਾਰ ਦੇ ਅੰਨੇ ਕਰੋਧ ਤੇ ਗੈਰਜਿੰਮੇਦਾਰੀ ਤੇ ਗੁੱਸਾ ਆ ਰਿਹਾ ਸੀ ਜਿਸਨੇ ਇੱਕ ਛੋਟੀ ਜਿਹੀ ਗੱਲ ਨੂੰ ਕਿਸੇ ਜਿੰਮੇਵਾਰ ਅਫਸਰ ਦੀ ਤਰਾਂ ਨਹੀ ਨਜਿੱਠਿਆ ਸਗੋ ਅਪਣੀ ਪੁਲੀਸ ਦੀ ਵਰਦੀ ਦੀ ਭਿਆਨਕ ਦੁਰਵਰਤੋ ਕੀਤੀ ਸੀ ਅਤੇ ਇੱਕ ਮਸੂਮ ਦੀ ਜਾਨ ਗਈ, ਦੂਜੇ ਦਾ ਸਰੀਰ ਨਿਕੰਮਾ ਹੋ ਗਿਆ ਤੇ ਉਹ ਵੀ ਉਨਾ ਦਾ ਅਪਣਾ ਸਕਾ ਭਾਣਜਾ, ਸੁਰੰਦਿਰ ਸਿੰਘ ਨੂੰ ਇਹ ਵੀ ਅਫਸੋਸ ਸੀ ਕਿ ਉਨਾਂ ਨੇ ਸਰੂਪ ਸਿੰਘ ਤੋ ਤੰਗ ਆ ਕੇ ਅਪਣੇ ਭਾਣਜੇ ਤੇ ਭਾਣਜੀ ਦੀ ਖਬਰ ਕਿਓ ਨਾ ਲਈ, ਘੱਟੋ ਘੱਟ ਉਨਾ ਬਾਰੇ ਜਾਣਕਾਰੀ ਤਾਂ ਰੱਖਦੇ, ਸੁਰਿੰਦਰ ਜੱਜ ਸੀ ਤੇ ਬਹੁਤ ਜਟਿਲ ਮਸਲੇ ਉਸ ਨੇ ਹੁਣ ਤੱਕ ਹੱਲ ਕੀਤੇ ਸੀ ਪਰ ਇਹ ਮਸਲਾ ਜਿਸ ਵਿੱਚ ਸਕਾ ਭਰਾ ਦੋਸ਼ੀ ਤੇ ਵਿਰੋਧੀ ਪਾਰਟੀ ਸਕਾ ਭਾਣਜਾ, ਕਿਸਦੇ ਹੱਕ ਵਿੱਚ ਕੋਸ਼ਿਸ਼ ਕਰੇ ਤੇ ਕਿਸ ਦੇ ਵਿਰੋਧ ਵਿੱਚ ? ਐਸੀ ਗੁੰਝਲ ਉਹਦੇ ਸੁਪਨੇ ਵਿੱਚ ਵੀ ਕਦੇ ਨਹੀ ਸੀ ਆਈ, ਹੁਣ ਤੱਕ ਖਬਰ ਉਸਦੇ ਘਰ ਵੀ ਪਹੁੰਚ ਗਈ ਸੀ, ਤੇ ਕਰਤਾਰ ਦੇ ਘਰ ਵੀ ਪਤਾ ਲੱਗਣਾ ਹੀ ਸੀ, ਕਰਤਾਰ ਦਾ ਤੇ ਸੁਰਿੰਦਰ ਦਾ ਪਰਵਾਰ ਪਤਾ ਲਗਦੇ ਹੀ ਹਸਪਤਾਲ ਆ ਢੁੱਕਿਆ, ਇਸ ਰਿਸ਼ਤੇਦਾਰ ਦੇ ਲੱਭਣ ਦੀ ਜਿਹੜੀ ਖੁਸ਼ੀ ਸੀ ਉਹ ਇਸ ਦੁਰਘਟਨਾ ਨੇ ਸੋਗ ਵਿੱਚ ਬਦਲ ਦਿੱਤੀ ਸੀ, ਕਰਤਾਰ ਦੇ ਪਰਵਾਰ ਨੇ ਕਦੇ ਐਸਾ ਸੋਚਿਆ ਨਹੀ ਸੀ ਕਿ ਉਹ ਇੱਕ ਨਿਰਦੋਸ਼ ਨੋਜਵਾਨ ਨੂੰ ਮਾਰਨ ਤੱਕ ਦਾ ਹੁਕਮ ਦੇ ਸਕਦਾ ਆ।
ਅਗਲੇ ਦਿਨ ਪਿੰਡ ਦੇ ਅੱਧੇ ਲੋਕ ਹਸਪਤਾਲ ਆ ਪਹੁੰਚੇ ਸਨ, ਦੇਬੀ ਨੂੰ ਇੱਕ ਵਾਰ ਕੁੱਝ ਹੋਸ਼ ਆਈ ਸੀ ਪਰ ਉਹਦੀ ਹਾਲਤ ਦੇਖ ਕੇ ਡਾਕਟਰਾਂ ਨੇ ਫਿਰ ਮੈਡੀਸਨ ਨਾਲ ਉਸ ਨੂੰ ਦਰਦ ਮੁਕਤ ਕਰ ਦਿੱਤਾ ਸੀ, ਜਿਹੜਾ ਵੀ ਖਿੜਕੀ ਰਾਹੀ ਉਸ ਨੂੰ ਦੇਖਦਾ ਉਹਦਾ ਤਰਾਹ ਨਿਕਲ ਜਾਂਦਾ, ਪਰੀਤੀ, ਪੰਮੀ ਘੁਦੇ ਦੀ ਮਾਂ ਤੇ ਹੋਰ ਕਈਆ ਤੀਵੀਆਂ ਵੀ ਨਾਲ ਆਈਆ ਸਨ, ਪਰੀਤੀ ਨੇ ਜਦ ਦੇਬੀ ਦੀ ਹਾਲਤ ਦੇਖੀ ਤਾਂ ਉਹ ਚੀਕਾ ਮਾਰਦੀ ਬਾਹਰ ਨੂੰ ਭੱਜ ਗਈ, ਅਪਣੇ ਦੇਵਤੇ ਵਰਗੇ ਵੀਰ ਦੀ ਇਹ ਹਾਲਤ, ਓ ਨੋ, ਇਹ ਕਿਵੇ ਸੰਭਵ ਹੈ, ਇਹ ਕੋਈ ਡਰਾਉਣਾ ਸੁਪਨਾ ਹੈ।
ਇਸ ਖਾਸ ਮਰੀਜ ਦੀ ਖਬਰ ਜੰਗਲ ਦੀ ਅੱਗ ਬਣ ਗਈ ਸੀ, ਪੁਲੀਸ ਦਾ ਬਹੁਤ ਡਰ ਸੀ ਫਿਰ ਵੀ ਲੋਕ ਮਹਿਕਮੇ ਦੀ ਧੱਕੇਸ਼ਾਹੀ ਦੀ ਨਿਖੇਧੀ ਕਰ ਰਹੇ ਸਨ, ਕਈ ਪੱਤਰਕਾਰ ਆ ਜੁੜੇ ਸਨ, ਦੇਬੀ ਦੇ ਫੋਟੋ ਪੰਜਾਬ ਦੀ ਹਰ ਅਖਬਾਰ ਵਿੱਚ ਛਪੇ ਸਨ, ਲੋਕਾ ਵਿੱਚ ਰੋਹ ਬਹੁਤ ਵਧਦਾ ਜੇ ਕਰਤਾਰ ਅਪਣਾ ਜੁਰਮ ਕਬੂਲ ਨਾ ਕਰਦਾ, ਜੇ ਪੁਲੀਸ ਹਮੇਸ਼ਾ ਦੀ ਤਰਾ ਅਪਣੇ ਹੱਥਕੰਡੇ ਵਰਤਦੀ ਤਾ ਲੋਕਾਂ ਦਾ ਵਿਦਰੋਹ ਸ਼ੜਕ ਤੇ ਆ ਜਾਣਾ ਸੀ, ਫਿਲਹਾਲ ਸਭ ਦੇਬੀ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਸਨ।
ਤੀਜੇ ਦਿਨ ਤੋ ਬਾਅਦ ਦੇਬੀ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਸੀ, ਪੱਤਰਕਾਰ ਤੇ ਪੁਲੀਸ ਉਸਦੇ ਹੋਸ਼ ਵਿੱਚ ਆਉਣ ਦੀ ਇੰਤਜਾਰ ਕਰ ਰਹੇ ਸਨ, ਸਾਰਾ ਪਿੰਡ ਤੇ ਹੌਲੀ ਹੌਲੀ ਇਲਾਕਾ ਵੀ ਦੇਬੀ ਨਾਲ ਹਮਦਰਦੀ ਦਿਖਾ ਰਿਹਾ ਸੀ, ਕਈ ਸੰਸਥਾਵਾ ਦੇ ਲੋਕ ਆ ਕੇ ਖਬਰ ਰੱਖ ਰਹੇ ਸਨ, ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਜੱਦੋਜਹਿਦ ਕਰਨ ਵਾਲੇ ਇਸ ਮਾਮਲੇ ਵਿੱਚ ਬਹੁਤ ਦਿਲਚਸਪੀ ਲੈ ਰਹੇ ਸਨ, ਸਰਪੰਚ ਦੇ ਕਹਿਣ ਤੇ ਇਸ ਦੁਰਘਟਨਾ ਦੀ ਖਬਰ ਜਰਮਨ ਨਹੀ ਭੇਜੀ ਗਈ ਸੀ, ਦੇਬੀ ਜਰਮਨ ਨਾਗਰਿਕ ਸੀ ਇਸਲਈ ਜਰਮਨ ਐਮਬੈਸੀ ਵੀ ਇਸ ਕੇਸ ਵਿੱਚ ਸ਼ਾਮਿਲ ਹੋਣੀ ਸੀ।
ਦੀਪੀ ਦਾ ਉਸ ਵਕਤ ਦਾ ਹੀ ਖਾਣਾ ਪੀਣਾ ਭੁੱਲਿਆ ਹੋਇਆ ਸੀ ਤੇ ਬੱਸ ਗੁਰੂ ਨਾਨਕ ਦੀ ਤਸਵੀਰ ਅੱਗੇ ਬਹੁਤਾ ਸਮਾਂ ਬੀਤਦਾ ਸੀ, ਉਸ ਦਾ ਅਪਣਾ ਪੈਰ ਵੀ ਹੁਣ ਠੀਕ ਹੋ ਰਿਹਾ ਸੀ, ਜਲਦ ਤੋ ਜਲਦ ਉਹ ਦੇਬੀ ਨਾਲ ਜੁਬਾਨ ਸਾਂਝੀ ਕਰਨੀ ਚਾਹੁੰਦੀ ਸੀ, ਤਿੰਨ ਦਿਨ ਬਾਅਦ ਦੇਬੀ ਨੂੰ ਹੋਸ਼ ਵਿੱਚ ਲਿਆਦਾ ਗਿਆ, ਹੁਣ ਉਹ ਸਮਝ ਰਿਹਾ ਸੀ ਕਿ ਉਹ ਕਿੱਥੇ ਹੈ, ਹਿਲਜੁੱਲ ਨਹੀ ਸੀ ਸਕਦਾ, ਤਿੰਨ ਦਿਨ ਪਏ ਰਹਿਣ ਨਾਲ ਸੱਟਾਂ ਤੋ ਇਲਾਵਾ ਜੋ ਸਰੀਰ ਦਾ ਅਕੜੇਵਾਂ ਸੀ ਉਹ ਵੱਖਰੀ ਮੁਸ਼ਕਿਲ ਬਣਿਆ ਪਿਆ ਸੀ, ਨਰਸਾਂ ਤੇ ਡਾਕਟਰ ਉਸ ਨੂੰ ਸਾਵਧਾਨੀ ਨਾਲ ਥੋੜਾ ਬਹੁਤ ਹਿਲਾਉਦੇ, ਉਸਦੇ ਖਾਂਣ ਪੀਣ ਵਾਲੀਆ ਚੀਜਾ ਤਰਲ ਪਦਾਰਥ ਦੇ ਰੂਪ ਵਿੱਚ ਸਰੀਰ ਵਿੱਚ ਜਾ ਰਹੀਆ ਸਨ ਤੇ ਸਰੀਰ ਵਿੱਚੋ ਬਾਹਰ ਆਉਣ ਵਾਲੀਆ ਚੀਜਾ ਦਾ ਵੀ ਮੈਡੀਕਲੀ ਇੰਤਜਾਮ ਕੀਤਾ ਹੋਇਆ ਸੀ।
"ਦੀ ਪੋ"। ਪਹਿਲਾ ਸ਼ਬਦ ਨਿਕਲਿਆ ਉਸ ਦੇ ਮੂਹੋ, ਨੇੜੇ ਖੜੀ ਨਰਸ ਦੇ ਮੂੰਹ ਤੇ ਵੀ ਰੌਣਕ ਆ ਗਈ, ਭਾਵੇ ਡਾਕਟਰੀ ਪੇਸ਼ੇ ਵਾਲੇ ਲੋਕ ਮਰੀਜ ਦੇ ਦੁੱਖ ਦੀ ਬਹੁਤੀ ਪਰਵਾਹ ਨਹੀ ਕਰ ਸਕਦੇ ਕਿਉਕਿ ਹਰ ਰੋਜ ਰਹਿੰਦੇ ਹੀ ਐਸੇ ਮਹੋਲ ਵਿੱਚ ਹਨ ਪਰ ਦੇਬੀ ਨਾਲ ਹੋਏ ਜੁਲਮ ਬਾਰੇ ਸਭ ਜਾਂਣ ਗਏ ਸਨ ਇਸ ਲਈ ਹਸਪਤਾਲ ਦੇ ਸਾਰੇ ਅਮਲੇ ਦੀ ਹਮਦਰਦੀ ਦਾ ਪਾਤਰ ਬਣ ਗਿਆ ਸੀ ਦੇਬੀ, ਨਰਸ ਨੇ ਫਟਾਫਟ ਡਾਕਟਰ ਨੂੰ ਸੱਦਿਆ, ਡਾਕਟਰ ਗੁਪਤੇ ਨੇ ਬੜੇ ਅਰਾਂਮ ਨਾਲ ਦੇਬੀ ਨੂੰ ਕੁੱਝ ਪੁੱਛਿਆ ਕਿ ਉਹ ਕੈਸਾ ਮਹਿਸੂਸ ਕਰਦਾ ਹੈ,
"ਦਰਦ ਹੈ ਡਾ …ਕਟਰ।"
ਸ਼ਰਾਬੀ ਵਾਗ ਬੋਲ ਰਿਹਾ ਸੀ ਦੇਬੀ, ਡਾਕਟਰ ਲਈ ਇਹ ਹੀ ਇੱਕ ਜੰਗ ਜਿੱਤਣ ਤੋ ਵੱਧ ਸੀ ਕਿ ਉਹ ਕੁੱਝ ਬੋਲਿਆ ਤਾਂ ਸਹੀ।
"ਕਿੱਥੇ ਦਰਦ ਹੋ ਰਿਹਾ ?"
ਗੁਪਤਾ ਜਿਆਦਾ ਜਾਨਣਾ ਚਾਹੁੰਦਾ ਸੀ।
"ਹਰ ਥਾਂ ਹੋ ਰਿਹਾ, ਮੈ ਤਾਂ … ਮਰ ਗਿਆ ਸੀ, ਕੀ ਮੈ ਜਿਊਦਾ ਹਾਂ ?"
ਦੇਬੀ ਨੇ ਮੌਤ ਅੱਖਾਂ ਸਾਹਮਣੇ ਦੇਖੀ ਸੀ, ਫਿਰ ਉਹ ਜੀ ਕਿਵੇ ਰਿਹਾ ? ਇਹ ਡਾਕਟਰ ਇਹ ਹਸਪਤਾਲ ਕੀ ਇਹ ਸਭ ਅਸਲੀਅਤ ਹੈ ? ਦੇਬੀ ਦੀ ਸੋਚ ਸ਼ਕਤੀ ਹੌਲੀ ਹੌਲੀ ਵਾਪਿਸ ਮੁੜ ਰਹੀ ਸੀ।
"ਤੁਸੀ, ਜਿਊਦੇ ਹੋ ਯੰਗ ਮੈਨ, ਬਹੁਤ ਲੱਕੀ ਹੋ ਤੁਸੀ ਜੋ ਮੌਤ ਦੇ ਮੂੰਹ ਵਿੱਚੋ ਬਾਹਰ ਆ ਗਏ ਹੋ, ਤੁਸੀ ਬਹੁਤਾ ਬੋਲੋ ਨਾਂ ਅਰਾਮ ਕਰੋ, ਬੱਸ ਹੁਣ ਹਰ ਪਲ ਤੁਹਾਡੀ ਹਾਲਤ ਸੁਧਰ ਰਹੀ ਆ"। ਡਾਕਟਰ ਗੁਪਤਾ ਅਪਣੀ ਸਫਲਤਾ ਤੇ ਖੁਸ਼ ਸੀ, ਦੇਬੀ ਦੀ ਨਾੜ ਵਿੱਚ ਲੱਗੇ ਗੁਲੂਕੋਜ ਵਿੱਚ ਦੋ ਟੀਕੇ ਹੋਰ ਲਗਾ ਦਿੱਤੇ ਗਏ, ਸਾਰੇ ਹਸਪਤਾਲ ਨੂੰ ਪਤਾ ਲੱਗ ਗਿਆ ਸੀ ਬਈ, ਐਮਰਜੈਸੀ ਵਾਲਾ ਮਰੀਜ ਹੋਸ਼ ਵਿੱਚ ਆ ਗਿਆ ਹੈ, ਉਡੀਕ ਕਰਦੇ ਪੱਤਰਕਾਰ ਅਤੇ ਪਿੰਡ ਵਾਲੇ ਮਿਲਣਾ ਚਾਹੁੰਦੇ ਸਨ, ਏ ਐਸ ਆਈ ਜੋ ਦੇਬੀ ਦੇ ਬਿਆਂਨ ਲੈਂਣ ਲਈ ਬੈਠਾ ਸੀ ਉਹ ਵੀ ਕਾਹਲੀ ਕਰ ਰਿਹਾ ਸੀ, ਪਰ ਡਾਕਟਰ ਗੁਪਤਾ ਨੇ ਕਿਹਾ …
"ਅੱਜ ਮਰੀਜ ਨੂੰ ਕੋਈ ਨਹੀ ਮਿਲ ਸਕਦਾ, ਜਿਸ ਨੇ ਵੀ ਮਿਲਣਾ ਜਾਂ ਕੋਈ ਬਿਆਨ ਆਦਿ ਲੈਣਾ ਹੈ ਉਹ ਕੱਲ ਗਿਆਰਾਂ ਵਜੇ ਪਹੁੰਚੇ"।
ਤੇ ਨਾਲ ਹੀ ਉਸਨੇ ਸਭ ਨੂੰ ਜਾਂਣ ਲਈ ਕਿਹਾ।
"ਮੈ ਪੀੜਤ ਦੇ ਬਿਆਨ ਲੈਣੇ ਹਨ ਗੁਪਤਾ ਜੀ"। ਏ ਐਸ ਆਈ ਨੇ ਇੱਕ ਕੋਸ਼ਿਸ਼ ਕੀਤੀ।
"ਮਰੀਜ ਹਾਲੇ ਇਸ ਹਾਲਤ ਵਿੱਚ ਨਹੀ, ਤੁਸੀ ਕੱਲ ਦਸ ਵਜੇ ਆ ਕੇ ਸਭ ਤੋ ਪਹਿਲਾਂ ਉਸਦੇ ਬਿਆਂਨ ਲੈ ਸਕਦੇ ਹੋ, ਉਸ ਤੋ ਪਹਿਲਾਂ ਨਹੀ"।
ਗੁਪਤੇ ਨੇ ਕੋਰਾ ਜਵਾਬ ਦਿੱਤਾ, ਏ ਐਸ ਆਈ ਅਪਣੀ ਕੱਛ ਵਿੱਚ ਦੱਬੀ ਫਾਈਲ ਲੈ ਕੇ ਤੁਰਦਾ ਬਣਿਆ, ਦੋ ਕੁ ਪੱਤਰਕਾਰ ਗੁਪਤੇ ਦਾ ਬਿਆਂਨ ਲੈਂਣ ਲਈ ਕਾਹਲੇ ਸਨ ਪਰ ਗੁਪਤਾ ਜੀ ਨੇ ਅੱਜ ਕੁੱਝ ਵੀ ਕਹਿਣੋ ਨਾਂਹ ਕਰ ਦਿੱਤੀ ਸਿਰਫ ਇਹੀ ਕਿਹਾ ਕਿ ਮਰੀਜ ਹੁਣ ਖਤਰੇ ਤੋ ਬਾਹਰ ਹੈ। ਭੂਆ ਨੂੰ ਫੋਨ ਤੇ ਦੱਸਿਆ ਗਿਆ ਕਿ ਦੇਬੀ ਨੂੰ ਹੋਸ਼ ਆ ਗਈ ਹੈ, ਭੂਆ ਨੇ ਪਤਾ ਨਹੀ ਕੀ ਕੀ ਸੁੱਖਣਾ ਸੁੱਖੀਆ ਹੋਣਗੀਆ ਪਿਛਲੇ ਦੋ ਦਿਨਾ ਵਿੱਚ, ਉਹਦੇ ਘਰ ਮਸਾਂ ਰੌਣਕ ਆਈ ਸੀ ਤੇ ਜਾਣ ਦੇ ਇਸ਼ਾਰੇ ਕਰ ਰਹੀ ਸੀ।
ਅਗਲੇ ਦਿਨ ਤੱਕ ਦੇਬੀ ਦੀ ਹਾਲਤ ਕਾਫੀ ਸੁਧਰ ਗਈ ਸੀ ਤੇ ਹੁਣ ਉਹ ਹੋਸ਼ ਵਿੱਚ ਵੀ ਸੀ, ਹੁਣ ਉਸ ਨੂੰ ਸਭ ਕੁੱਝ ਯਾਦ ਆ ਰਿਹਾ ਸੀ, ਕਾਕੇ ਦਾ ਡਿਗਣਾ, ਹਸਪਤਾਲ, ਡਾਕਟਰ ਨਾਲ ਝਗੜਾ, ਪੁਲੀਸ, ਕਹਿਰਾਂ ਦੀ ਕੁੱਟ, ਅਤੇ ਆਖਰ ਵਿੱਚ ਰਿਵਾਲਵਰ ਤਾਣੀ ਖੜਾ ਬਲਵਿੰਦਰ ਹਵਾਲਦਾਰ, ਪਰ ਉਹ ਤਾ ਸਮਝਦਾ ਸੀ ਕਿ ਖੇਲ ਖਤਮ ਹੋ ਚੁੱਕਾ ਫਿਰ ਉਹ ਬਚ ਕਿਵੇ ਗਿਆ ? ਇਹ ਕਿਹੜੀ ਕਰਾਮਾਤ ਸੀ ਜਿਸਨੇ ਉਸ ਨੂੰ ਨਵਾਂ ਜੀਵਨ ਦਾਂਨ ਦਿੱਤਾ ਸੀ ?
ਬਹੁਤ ਸਾਰੇ ਸਵਾਲ ਉਹਦੇ ਸਿਰ ਵਿੱਚ ਚਕਰਾ ਰਹੇ ਸਨ, ਥੋੜਾ ਬਹੁਤ ਹਿੱਲ ਜੁਲ ਵੀ ਸਕਦਾ ਸੀ ਪਰ ਪੀੜ ਹੋਣ ਕਰਕੇ ਕੋਸ਼ਿਸ਼ ਘੱਟ ਹੀ ਕਰਦਾ ਸੀ, ਡਾਕਟਰ ਸੰਧੂ ਅਤੇ ਡਾਕਟਰ ਢਿੱਲੋ ਦੀ ਜਮਾਨਤ ਹੋ ਚੁੱਕੀ ਸੀ, ਕੇਸ ਅਦਾਲਤ ਵਿੱਚ ਹਾਲੇ ਚੱਲਣਾ ਸੀ, ਡਾਕਟਰ ਦਾ ਸਿੱਧੇ ਰੂਪ ਵਿੱਚ ਕਿਸੇ ਮੌਤ ਨਾਲ ਕੋਈ ਸਬੰਧ ਨਹੀ ਸੀ, ਉਨਾ ਨੂੰ ਸਿਰਫ ਅਪਣੇ ਫਰਜ ਵਿੱਚ ਕੋਤਾਹੀ ਕਰਨ ਲਈ ਜਵਾਬਦੇਹ ਹੋਣਾ ਪੈਣਾ ਸੀ, ਚੀਮੇ ਦੀ ਜਮਾਨਤ ਉਸ ਦੇ ਭਰਾ ਸੁਰਿੰਦਰ ਨੇ ਦਿੱਤੀ ਸੀ, ਉਸ ਦੇ ਫਰਾਰ ਆਦਿ ਹੋਣ ਦਾ ਕੋਈ ਖਤਰਾ ਨਹੀ ਸੀ, ਜੱਜ ਨੇ ਉਸ ਨੂੰ ਕਿਹਾ ਸੀ ਕਿ ਕੇਸ ਦੇ ਫੈਸਲੇ ਤੱਕ ਉਹ ਪੰਜਾਬ ਤੋ ਬਾਹਰ ਨਹੀ ਜਾ ਸਕਦਾ, ਕਿਰਪਾਲ ਤੇ ਮਾਣਕ ਚੰਦ ਤੇ ਬਲਵਿੰਦਰ ਵੀ ਜਮਾਨਤ ਤੇ ਬਾਹਰ ਆ ਗਏ ਸਨ।
ਦੇਬੀ ਨੂੰ ਪਤਾ ਨਹੀ ਸੀ ਕਿ ਪਿੰਡ ਵਾਲਿਆ ਕੋਲ ਕੀ ਖਬਰ ਹੈ, ਉਸ ਨੇ ਨਰਸ ਨੂੰ ਪੁੱਛਿਆ …
"ਸਿਸਟਰ, ਮੇਰੇ ਪਿੰਡੋ ਕੋਈ ਆਇਆ ਨਹੀ ? ਕੀ ਕਿਸੇ ਨੂੰ ਪਤਾ ਹੈ ਕਿ ਮੈ ਇਥੇ ਹਾਂ ?"
"ਤੁਹਾਡਾ ਅੱਧਾ ਪਿੰਡ ਬਾਹਰ ਖੜਾ ਉਡੀਕ ਰਿਹਾ ਕਿ ਕਦੋ ਤੁਹਾਨੂੰ ਮਿਲ ਸਕੇ, ਥੋੜੀ ਦੇਰ ਤੱਕ ਤੁਹਾਡੇ ਬਿਆਂਨ ਹੋਣਗੇ ਤੇ ਫਿਰ ਬਾਕੀ ਤੁਹਾਨੂੰ ਮਿਲ ਸਕਣਗੇ"। ਨਰਸ ਨੇ ਦੱਸਿਆ, ਦਸ ਕੁ ਮਿੰਟ ਬਾਅਦ ਏ ਐਸ ਆਈ ਤੇ ਡਾਕਟਰ ਗੁਪਤਾ ਆ ਗਏ, ਏ ਐਸ ਆਈ ਨੂੰ ਦੇਖਦੇ ਦੇਬੀ ਦੇ ਮੱਥੇ ਤੇ ਵਲ ਪੈ ਗਏ … ।
"ਇਹ ਪੁਲੀਸ ਇਥੇ ਕਿਓ ਹੈ ?"
ਦੇਬੀ ਨੇ ਪੁੱਛਿਆ।
"ਤੇਰੇ ਬਿਆਂਨ ਲੈਣੇ ਆ ਕਾਕਾ"।
ਏ ਐਸ ਆਈ ਨੇ ਕਿਹਾ।
"ਮੈਂ ਕਿਸੇ ਨੂੰ ਕੋਈ ਬਿਆਨ ਨਹੀ ਦੇਣੇ"।
ਦੇਬੀ ਨੂੰ ਵਰਦੀਧਾਰੀ ਦੀ ਮੌਜੂਦਗੀ ਅਪਣੀ ਗਿੱਦੜ ਕੁੱਟ ਯਾਦ ਕਰਾ ਰਹੀ ਸੀ।
"ਬਿਆਨ ਤਾਂ ਕਾਕਾ ਦੇਣੇ ਹੀ ਪੈਣੇ ਆ"।
ਏ ਐਸ ਆਈ ਨੂੰ ਹੁਣ ਤੱਕ ਕਦੇ ਕਿਸੇ ਨੇ ਐਸਾ ਜਵਾਬ ਨਹੀ ਸੀ ਦਿੱਤਾ।
"ਕੋਈ ਮਜਬੂਰੀ ਆ ? ਨਹੀ ਦੇਵਾਂਗਾ ਤਾ ਟਾਰਚਰ ਕਰੋਗੇ ? ਐਨਕਾਉਟਰ ਕਰੋਗੇ ?"
ਦੇਬੀ ਨੂੰ ਸਾਰੇ ਵਰਦੀ ਵਾਲੇ ਬੁੱਚੜ ਲਗਦੇ ਸਨ।
"ਯੰਗਮੈਨ ਸ਼ੁਕਰ ਕਰੋ ਬਚ ਗਏ ਹੋ, ਇਹ ਪੁਲੀਸ ਨੂੰ ਬਿਆਂਨ ਦੇਣੇ ਇਸ ਲਈ ਜਰੂਰੀ ਆ ਤਾਂ ਕਿ ਦੋਸ਼ੀਆ ਦੀ ਪਹਿਚਾਂਣ ਹੋ ਸਕੇ ਤੇ ਉਨਾ ਨੂੰ ਅਪਣੀ ਸਜਾ ਮਿਲ ਸਕੇ"।
ਡਾਕਟਰ ਗੁਪਤਾ ਨੇ ਦੇਬੀ ਨੂੰ ਸਮਝਾਇਆ।
"ਇਹ ਵਰਦੀ ਧਾਰੀ ਇਤਬਾਰ ਯੋਗ ਨਹੀ ਹਨ, ਸਾਰੇ ਦੇ ਸਾਰੇ ਟਾਰਚਰ ਸ਼ਪੈਸ਼ਲਿਸ਼ਟ ਹਨ, ਕਿਸੇ ਹੋਰ ਡਿਊਟੀ ਬਾਰੇ ਇਹ ਨਹੀ ਜਾਣਦੇ, ਇਹ ਕਿਵੇ ਹੋ ਸਕਦਾ ਕਿ ਪੂਰੇ ਦਾ ਪੂਰਾ ਪੁਲੀਸ ਸ਼ਟੇਸ਼ਨ ਇੱਕ ਨਿਰਦੋਸ਼ ਨੂੰ ਦੇਖਦੇ ਹੀ ਟਾਰਚਰ ਕਰਨਾ ਸ਼ੁਰੂ ਕਰ ਦੇਵੇ ? ਤੇ ਗਾਲ ਤੋ ਬਿਨਾ ਬੋਲੇ ਨਾਂ ?" ਦੇਬੀ ਕਿਸੇ ਹਾਲਤ ਵਿੱਚ ਪੁਲੀਸ ਵਾਲੇ ਨੂੰ ਰੈਸਪੈਕਟ ਨਹੀ ਸੀ ਦੇ ਰਿਹਾ।
"ਸਾਰੇ ਹਰ ਵੇਲੇ ਟਾਰਚਰ ਹੀ ਨਹੀ ਕਰਦੇ, ਮੈਨੂੰ ਅਫਸੋਸ ਆ ਕਿ ਤੇਰੇ ਨਾਲ ਮਾੜਾ ਹੋਇਆ ਪਰ ਜੇ ਤੂੰ ਉਨਾ ਬਾਰੇ ਦੱਸੇਗਾ ਨਹੀ ਤਾ ਤੈਨੂੰ ਇਨਸਾਫ ਕਿਵੇ ਮਿਲੂ ?"
ਏ ਐਸ ਆਈ ਭਾਵੇ ਸ਼ਾਂਤ ਜਿਹਾ ਲਗਦਾ ਸੀ ਪਰ ਅੰਦਰੋ ਅੰਦਰੀ ਉਹ ਤਾਅ ਖਾ ਗਿਆ ਸੀ।
"ਤੁਸੀ ਇਨਸਾਫ ਦਿਵਾਓਗੇ ? ਇਨਸਾਫ ਨੂੰ ਤਾਂ ਤੁਸੀ ਲੋਕਾਂ ਨੇ ਦੇਸ਼ ਨਿਕਾਲਾ ਦੇ ਰੱਖਿਆ, ਕਿਸੇ ਇਨਸਾਫ ਦੀ ਲੋੜ ਨਹੀ, ਮੈ ਅਪਣੇ ਵਕੀਲ ਨਾਲ ਗੱਲ ਕਰਨ ਤੋ ਪਹਿਲਾ ਕੁੱਝ ਨਹੀ ਕਹਿਣ ਲੱਗਾ, ਤੇ ਡਾਕਟਰ ਸਾਹਿਬ ਜੇ ਇਹ ਪੁਲੀਸ ਆਫੀਸਰ ਇਨਸਾਫ ਦੀ ਗੱਲ ਕਰ ਰਿਹਾ ਹੈ ਤਾਂ ਪਹਿਲਾ ਮੈ ਅਪਣੇ ਪਰਵਾਰ ਨੂੰ ਮਿਲਣਾ ਚਾਹੁੰਦਾ ਹਾਂ, ਫਿਰ ਜਦੋ ਬਿਆਨ ਦੇਣੇ ਹਨ ਮੈ ਖੁਦ ਹਾਜਰ ਹੋਵਾਗਾ"। ਦੇਬੀ ਨੇ ਮੁੱਕਦੀ ਗੱਲ ਕੀਤੀ।
ਡਾਕਟਰ ਗੁਪਤਾ ਨੇ ਕਿਹਾ ਕਿ ਮਰੀਜ ਨੂੰ ਮਜਬੂਰ ਕਰਨਾ ਠੀਕ ਨਹੀ, ਬਿਆਨ ਬਾਅਦ ਵਿੱਚ ਹੋਣਗੇ, ਏ ਐਸ ਆਈ ਨਾ ਚਾਹੁੰਦਾ ਵੀ ਖਾਲੀ ਮੁੜ ਗਿਆ, ਇੱਕ ਪਾਸੇ ਉਸ ਨੂੰ ਲਗਦਾ ਸੀ ਕਿ ਮੁੰਡੇ ਦਾ ਗੁੱਸਾ ਵਾਜਿਬ ਹੈ ਪਰ ਐਸੀਆ ਗੱਲਾ ਦੀ ਪੰਜਾਬ ਵਿੱਚ ਕੌਣ ਪਰਵਾਹ ਕਰਦਾ, ਹੁਣ ਘਰਦਿਆ ਦੀ ਵਾਰੀ ਸੀ ਦੇਬੀ ਨੂੰ ਮਿਲਣ ਲਈ, ਸਭ ਤੋ ਪਹਿਲਾਂ ਸਰਪੰਚ, ਭੂਆ, ਘੁੱਦਾ, ਨਿਰਮਲ ਤੇ ਪੰਮੀ ਅੰਦਰ ਆਏ, ਪੰਮੀ ਨੂੰ ਦੀਪੀ ਨੇ ਜਿਦ ਕਰਕੇ ਨਾਲ ਭੇਜਿਆ ਸੀ, ਖੁਦ ਉਹ ਹਾਲੇ ਏਨੀ ਹਿੰਮਤ ਨਹੀ ਸੀ ਜੁਟਾ ਪਾਈ ਕਿ ਜਖਮੀ ਦੇਬੀ ਨੂੰ ਖੁਦ ਦੇਖ ਸਕੇ।
ਭੂਆ ਦੇ ਪੈਰ ਕਾਹਲੀ ਨਾਲ ਕਮਰੇ ਵੱਲ ਵਧ ਰਹੇ ਸਨ, ਅੱਜ ਦੇਬੀ ਦੇ ਚਿਹਰੇ ਦੀ ਸੋਜ ਬਹੁਤ ਉਤਰ ਚੁੱਕੀ ਸੀ, ਹੁਣ ਉਸ ਨੂੰ ਪਹਿਚਾਣਿਆ ਜਾ ਸਕਦਾ ਸੀ, ਭੂਆ ਅੰਦਰੋ ਭਰੀ ਪਈ ਸੀ ਦੇਬੀ ਨੂੰ ਦੇਖ ਕੇ ਫੇਰ ਉਹਦੀ ਭੁੱਬ ਨਿਕਲ ਗਈ, ਸਰਪੰਚ ਨੇ ਉਹਨੂੰ ਸਹਾਰਾ ਦਿੱਤਾ ਹੋਇਆ ਸੀ … ।।
"ਇਹ ਕੀ ਭਾਣਾ ਵਰਤ ਗਿਆ ਪੁੱਤਾ ?"
ਭੂਆ ਦੇਬੀ ਦੇ ਸਿਰ ਤੇ ਹੱਥ ਫੇਰਨਾ ਚਾਹੁੰਦੀ ਸੀ ਪਰ ਗੁਪਤੇ ਨੇ ਰੋਕ ਦਿੱਤਾ ਸੀ ਕਿ ਸਿਰਫ ਗੱਲ ਕਰਨੀ ਹੈ ਹੱਥ ਨਹੀ ਲਾਉਣਾ।
"ਭੂਆ, ਰੋ ਨਾਂ, ਗੁਰੂ ਦਾ ਸ਼ੁਕਰ ਕਰ"। ਦੇਬੀ ਨੇ ਭੂਆ ਨੂੰ ਹੌਸਲਾ ਦਿੱਤਾ।
"ਦਿਲ ਟਿਕਦਾ ਨਹੀ ਪੁੱਤ, ਸਬਰ ਨਹੀ ਹੁੰਦਾ"।
ਭੂਆ ਨੇ ਐਸਾ ਘਟਨਾ ਚੱਕਰ ਕਦੇ ਦੇਖਿਆ, ਸੋਚਿਆ ਨਹੀ ਸੀ।
ਘੁੱਦੇ ਨੇ ਭੂਆ ਨੂੰ ਨਾਲ ਪਈ ਕੁਰਸੀ ਤੇ ਬਿਠਾ ਦਿੱਤਾ, ਸਭ ਦੇ ਦਿਲ ਧੱਕ ਧੱਕ ਕਰ ਰਹੇ ਸਨ, ਇਹ ਸੋਚ ਕੇ ਕਿ ਉਹ ਪੂਰੀ ਤਰਾਂ ਠੀਕ ਵੀ ਹੋ ਜਾਵੇਗਾ ? ਸਰਪੰਚ ਨੇ ਉਸ ਨੂੰ ਸਾਰੀ ਕਹਾਂਣੀ ਦੱਸੀ ਕਿ ਕਿਵੇ ਉਹ ਥਾਣੇ ਪਹੁੰਚੇ ਤੇ ਕਿਵੇ ਚੀਮੇ ਨੇ ਉਹਦਾ ਐਨਕਾਉਟਰ ਦਾ ਹੁਕਮ ਵਾਪਿਸ ਲਿਆ ਤੇ ਕਿਓ, ਸਾਰੀ ਗਾਥਾ ਸੁਣ ਕੇ ਦੇਬੀ ਹੈਰਾਂਨ ਰਹਿ ਗਿਆ ਤੇ ਮੁਸਕਰਾਉਦਾ ਹੋਇਆ ਬੋਲਿਆ … ।।
"ਵਾਹ ਮਾਮਾਂ, ਜੇ ਮਿਲਿਆ ਤਾਂ ਉਹ ਵੀ ਕੰਸ ਬਣਕੇ"
"ਪੁੱਤਰ ਏਹ ਕੇਸ ਹੁਣ ਬਹੁਤ ਗੁੰਝਲਦਾਰ ਹੈ, ਤੇਰਾ ਮੁਲਜਮ ਤੇਰਾ ਅਪਣਾਂ ਮਾਮਾ ਹੈ, ਕੇਸ ਨੂੰ ਸੋਚ ਵਿਚਾਰ ਕੇ ਕਰਨਾ ਹੋਵੇਗਾ ਅਤੇ ਇਹ ਵੀ ਨਾਂ ਭੁੱਲੀ ਕਿ ਜੇ ਉਹ ਪਤਾ ਲੱਗਣ ਤੋ ਬਾਅਦ ਤੇਰੇ ਲਈ ਇਨੀ ਦੌੜ ਭੱਜ ਨਾਂ ਕਰਦਾ ਤਾਂ ਤੇਰਾ ਬਚਣ ਦਾ ਕੋਈ ਚੱਜ ਲਗਦਾ ਨਹੀ ਸੀ"। ਸਰਪੰਚ ਨੇ ਤਸਵੀਰ ਦਾ ਦੂਜਾ ਪਾਸਾ ਵੀ ਦਿਖਾਇਆ, ਦੇਬੀ ਸਮਝ ਰਿਹਾ ਸੀ ਕਿ ਉਹ ਵਾਕਿਆ ਹੀ ਰਿਸ਼ਤਿਆ ਦੀ ਗੁੰਝਲ ਵਿੱਚ ਫਸ ਗਿਆ ਸੀ, ਐਹੋ ਜਿਹੀਆ ਸਥਿਤੀਆਂ ਜੀਵਨ ਨੂੰ ਮੁੱਡੋਂ ਹੀ ਬਦਲ ਦਿੰਦੀਆ ਹਨ, ਉਹ ਇਹ ਨਹੀ ਸੀ ਜਾਣਦਾ ਕਿ ਇਸ ਦੇਸ਼ ਵਿੱਚ ਜੇ ਕੋਈ ਡੀ ਐਸ ਪੀ ਕਿਸੇ ਦਾ ਜੀਵਨ ਖਰਾਬ ਕਰਨਾਂ ਚਾਹੇ ਤਾਂ ਇਹ ਕੋਈ ਬਹੁਤੀ ਮੁਸ਼ਕਿਲ ਗੱਲ ਨਹੀ, ਝੂਠੇ ਕੇਸ ਪਾ ਕੇ ਐਸੇ ਚੱਕਰਵਿਊ ਵਿੱਚ ਫਸਾਉਦੇ ਬਈ ਨਾਨੀ ਯਾਦ ਕਰਾ ਦਿੰਦੇ ਆ, ਇਹ ਤਾ ਦੇਬੀ ਦੀ ਕਿਸਮਤ ਚੰਗੀ ਸੀ ਕਿ ਦੁਸ਼ਮਣ ਘਰਦਾ ਬੰਦਾ ਨਿਕਲਿਆ ਨਹੀ ਤਾਂ ਇੱਕ ਵਾਰੀ ਜਾਹ ਜਾਂਦੀ ਹੋ ਗਈ ਸੀ, ਦੇਬੀ ਲਈ ਸਰਪੰਚ ਵੀ ਦੇਵਤਾ ਬਣ ਕੇ ਬਹੁੜਿਆ ਸੀ, ਜੇ ਉਹ ਥੋੜੀ ਬਹੁਤ ਲਾਪਰਵਾਹੀ ਕਰ ਜਾਂਦਾ ਤਾਂ ਮਿੰਟਾਂ ਦੀ ਦੇਰ ਨੇ ਹਨੇਰ ਪਾ ਦੇਣਾ ਸੀ ਬਹੁਤੇ ਘਰਾਂ ਵਿੱਚ।
"ਮੇਰਾ ਜੀਵਨ ਤੁਹਾਡੀ ਅਮਾਨਤ ਆ ਬਯੁਰਗੋ, ਜਦੋ ਮਰਜੀ ਮੰਗ ਲਿਓ"।
ਦੇਬੀ ਨੇ ਸਰਪੰਚ ਨੂੰ ਕਿਹਾ।
ਹੁਣ ਵਾਰੀ ਵਾਰੀ ਸਾਰੇ ਦੇਬੀ ਦੇ ਦਰਸ਼ਨ ਕਰਨ ਇਓ ਆ ਰਹੇ ਸੀ ਜਿਵੇ ਦੇਬੀ ਕਿਸੇ ਡੇਰੇ ਦਾ ਸੰਤ ਹੋਵੇ, ਤਾਇਆ ਨੰਬਰਦਾਰ ਦੇਬੀ ਦੀ ਹਾਲਤ ਦੇਖ ਅੱਖਾਂ ਪੂੰਝਣ ਲੱਗ ਪਿਆ ਜਾਪਦਾ ਸੀ ਉਸ ਨੂੰ ਕੁੱਝ ਬਹੁਤਾ ਹੀ ਅਫਸੋਸ ਸੀ, ਹੌਲੀ ਹੌਲੀ ਸਾਰੇ ਦੇਬੀ ਨੂੰ ਦੇਖ ਗਏ, ਗੁਪਤਾ ਜੀ ਨੇ ਦੇਬੀ ਨੂੰ ਬਹੁਤਾ ਬੋਲਣ ਤੋ ਵਰਜਿਆ ਹੋਇਆ ਸੀ … ।
ਸਰਪੰਚ ਸਭ ਨੂੰ ਛੇਤੀ ਵਾਪਿਸ ਤੋਰੀ ਜਾ ਰਿਹਾ ਸੀ, ਉਹ ਨਹੀ ਸੀ ਚਾਹੁੰਦਾ ਕਿ ਦੇਬੀ ਦਾ ਮਾਨਸਿਕ ਸੰਤੁਲਨ ਕਿਸੇ ਭਾਵਕ ਗੱਲ ਕਰ ਕੇ ਵਿਗੜੇ, ਹੁਣ ਘੁੱਦਾ, ਪੰਮੀ ਤੇ ਸਰਪੰਚ ਅੰਦਰ ਰਹਿ ਗਏ ਸਨ …
"ਪੰਮੋ ਜੇਹੜੇ ਨਹੀ ਆ ਸਕੇ ਉਨਾ ਨੂੰ ਕਹਿ ਦੇਈ ਕਿ ਉਨਾ ਦੇ ਪਿਆਰ ਸਦਕਾ ਮੈਂ ਬਚ ਗਿਆ ਹਾ ਤੇ ਫਿਕਰ ਨਾਂ ਕਰਨ"।
ਦੇਬੀ ਨੇ ਪੰਮੀ ਨੂੰ ਅਪਣੇ ਵੱਲੋ ਗੁਪਤ ਭਾਸ਼ਾ ਵਿੱਚ ਕਿਹਾ, ਉਹ ਦੀਪੀ ਨੂੰ ਸੁਨੇਹਾ ਪਹੁੰਚਾਉਣਾ ਚਾਹੁੰਦਾ ਸੀ।
"ਪੁੱਤ ਇਹ ਗੱਲ ਮੈ ਆਪ ਕਹਿ ਦੂ, ਪੰਮੋ ਨੂੰ ਖੇਚਲ ਨਾ ਦੇਹ, ਮੈਨੂੰ ਪਤਾ ਆ ਬਈ ਤੂੰ ਕਿਸ ਨੂੰ ਕਹਿਣਾ ਚਾਹੁੰਦਾ"।
ਸਰਪੰਚ ਨੇ ਜਦੋ ਇਹ ਕਿਹਾ ਤਾਂ ਦੇਬੀ ਦੇ ਚੇਹਰੇ ਦਾ ਰੰਗ ਉਡ ਗਿਆ, ਉਸਦੀਆ ਨਜਰਾਂ ਝੁਕ ਗਈਆ, ਉਸ ਨੂੰ ਲੱਗਿਆ ਜਿਵੇ ਉਹ ਚੋਰੀ ਕਰਦਾ ਫੜਿਆ ਗਿਆ ਹੋਵੇ, ਪੰਮੀ ਵੀ ਏਧਰ ਓਧਰ ਝਾਕਣ ਲੱਗ ਪਈ ਸੀ, ਉਹ ਦੋਵੇ ਸੋਚਦੇ ਸੀ ਕਿ ਸਰਪੰਚ ਨੂੰ ਪਤਾ ਕਿਵੇ ਲੱਗਿਆ, ਸਰਪੰਚ ਨੇ ਵੀ ਤਾੜ ਲਿਆ ਸੀ ਕਿ ਦੋਵਾਂ ਦੀ ਹਾਲਤ ਬੁਰੀ ਹੋ ਗਈ ਸੀ।
"ਘਬਰਾਓ ਨਾਂ ਦੋਵੇ, ਇਸ ਬਾਰੇ ਫੇਰ ਗੱਲ ਕਰਾਂਗੇ, ਹੁਣ ਆਪਾਂ ਚਲਦੇ ਆਂ ਪਿੰਡ ਕਈ ਉਡੀਕਦੇ ਹੋਣੇ ਆਂ"।
ਸਰਪੰਚ ਇੱਕ ਹੋਰ ਸਰਪਰਾਈਜ ਦੇ ਗਿਆ।
ਦੇਬੀ ਸੋਚਦਾ ਸੀ ਜਿਸ ਦਿਨ ਸਰਪੰਚ ਨੂੰ ਪਤਾ ਲੱਗਿਆ ਤੂਫਾਨ ਆਊ, ਪਰ ਕੁੱਝ ਵੀ ਨਹੀ ਹੋਇਆ, ਕੀ ਇਹ ਤੂਫਾਂਨ ਦੇ ਆਉਣ ਤੋ ਪਹਿਲਾਂ ਵਾਲੀ ਸ਼ਾਂਤੀ ਆ ? ਜਾਂ ਫਿਰ ਤੂਫਾਨ ਆਉਣਾ ਹੀ ਨਹੀ ? ਖੈਰ ਜੋ ਵੀ ਹੈ ਸਭ ਠੀਕ ਹੈ, ਜੇ ਇਸ ਹਾਲਤ ਵਿੱਚ ਪਤਾ ਲੱਗਿਆ ਹੈ ਤਾ ਸ਼ਾਇਦ ਜਖਮੀ ਸਮਝ ਕੇ ਕੁੱਝ ਰਿਆਇਤ ਹੋ ਸਕੇ, ਘੁੱਦੇ ਤੋ ਇਲਾਵਾ ਸਭ ਚਲੇ ਗਏ, ਦੇਬੀ ਦੀ ਗੈਰਹਾਜਰੀ ਵਿੱਚ ਦਲੀਪ ਦੇ ਸਿਰ ਤੇ ਸਾਂਝੀਵਾਲ ਦੀ ਜਿੰਮੇਦਾਰੀ ਸੀ, ਇਹ ਗੱਲ ਦੇਬੀ ਉਸ ਨੂੰ ਪਹਿਲਾ ਹੀ ਕਹਿ ਚੁੱਕਾ ਸੀ ਕਿ ਅਗਰ ਕਿਸੇ ਕਾਰਨ ਉਹ ਸਾਂਝੀਵਾਲ ਦੀ ਦੇਖ ਭਾਲ ਨਾਂ ਕਰ ਸਕੇ ਤਾਂ ਇਹ ਉਸ ਦੀ ਜਿੰਮੇਵਾਰੀ ਹੋਵੇਗੀ, ਦਲੀਪ ਭਾਵੇ ਵਿਹਲੜ ਤੇ ਅਯਾਸ਼ੀ ਕਰਨ ਵਾਲਾ ਬੰਦਾ ਸੀ ਪਰ ਵਾਅਦੇ ਦਾ ਪੱਕਾ ਤੇ ਇਮਾਨਦਾਰ ਸੀ, ਇਹ ਦੋ ਗੁਣ ਬਹੁਤ ਜਰੂਰੀ ਸਨ ਸਾਂਝੀਵਾਲ ਵਾਸਤੇ, ਦੇਬੀ ਮੁੜ ਮੁੜ ਆਉਦੀਆ ਚਸਕਾਂ ਵਿੱਚ ਘਿਰਿਆ ਦੀਪੀ ਦੀ ਰਾਹ ਵੱਲ ਤੁਰਿਆ ਹੀ ਸੀ ਕਿ ਇੱਕ ਖੂਬਸੂਰਤ ਮੁਟਿਆਰ ਤੇ ਦੋ ਗੱਭਰੂ ਦਰਵਾਜੇ ਤੇ ਨਾਕ ਕਰ ਰਹੇ ਸਨ।
"ਕੀ ਅਸੀ ਅੰਦਰ ਆ ਸਕਦੇ ਆਂ ?"
ਬਹੁਤ ਹੀ ਸਲੀਕੇ ਨਾਲ ਬੋਲੀ ਸੀ ਇੱਕ ਮੁਟਿਆਰ ਤੇ ਨਾਲ ਹੀ ਉਹ ਥੋੜਾ ਜਿਹਾ ਅੰਦਰ ਆ ਗਏ।
"ਪਲੀਜ ਮਰੀਜ ਨੂੰ ਹਾਲੇ ਅਰਾਂਮ ਦੀ ਲੋੜ ਆ, ਦੁਪਿਹਰ ਤੋ ਬਾਅਦ ਆ ਜਾਇਓ"।
ਨਰਸ ਨੇ ਹਾਲੇ ਕਿਹਾ ਹੀ ਸੀ ਕਿ ਦੇਬੀ ਨੇ ਅੰਦਰ ਆਉਣ ਲਈ ਕਹਿ ਦਿੱਤਾ ਤੇ ਧੰਨਵਾਦ ਕਰਦੇ ਉਹ ਤਿੰਨੇ ਅੰਦਰ ਆ ਗਏ, ਇਹ ਚਿਹਰੇ ਜੋ ਕਿਸੇ ਵੱਡੇ ਘਰਾਣੇ ਦੇ ਲਗਦੇ ਸਨ ਦੇਬੀ ਪਹਿਲੀ ਵਾਰ ਦੇਖ ਰਿਹਾ ਸੀ, ਕੌਣ ਹੋ ਸਕਦੇ ਆ ਇਹ ?
"ਜੇ ਮੈਂ ਇਹ ਪੁੱਛਾਂ ਕੀ ਤੁਸੀ ਠੀਕ ਹੋ ? ਤਾਂ ਇਹ ਬੇਹਤਰ ਨਹੀ ਹੋਵੇਗਾ, ਦੇਖਣ ਵਾਲਾ ਦੇਖ ਸਕਦਾ ਹੈ ਕਿ ਤੁਸੀ ਬਹੁਤ ਕਠਿਨ ਅਵਸਥਾ ਵਿੱਚ ਹੋ ਪਰ ਕੀ ਮੈ ਇਹ ਪੁੱਛ ਸਕਦੀ ਹਾਂ ਕਿ ਤੁਸੀ ਹੁਣ ਪਹਿਲਾਂ ਨਾਲੋ ਬੇਹਤਰ ਮਹਿਸੂਸ ਕਰ ਰਹੇ ਹੋ ?"
ਮੁਟਿਆਰ ਦੇ ਸੋਹਣੇ ਜਿਹੇ ਮੁੱਖੜੇ ਵਿਚੋ ਜਿਵੇ ਫੁੱਲ ਕਿਰਦੇ ਸਨ।
"ਕੀ ਮੈ ਇਹ ਪੁੱਛ ਸਕਦਾ ਹਾਂ ਕਿ ਇਹ ਸਵਾਲ ਪੁੱਛਣ ਵਾਲਾ ਕੌਣ ਹੈ ?"
ਦੇਬੀ ਬੁਝਾਰਤ ਹੱਲ ਕਰਨੀ ਚਾਹੁੰਦਾ ਸੀ।
"ਇਹ ਮੈ ਜਰੂਰ ਦੱਸਾਂਗੀ, ਪਰ ਫਿਲਹਾਲ ਇਹ ਜਾਣ ਲਓ ਕਿ ਅਸੀ ਕੱਲ ਤੁਹਾਡੇ ਪਿੰਡ ਗਏ ਸੀ, ਤੁਹਾਡੇ ਘਰ ਵੀ, ਸਰਪੰਚ ਸਾਹਿਬ ਦੇ ਘਰ ਵੀ ਤੇ ਦੋ ਤਿੰਨ ਹੋਰ ਥਾਵਾ ਤੇ ਵੀ, ਉਥੇ ਸਾਨੂੰ ਇਹ ਪਤਾ ਲੱਗਾ ਕਿ ਤੁਸੀ ਦੂਜਿਆ ਨੂੰ ਬਹੁਤ ਪਰੇਮ ਕਰਦੇ ਹੋ ਤੇ ਕਿਸੇ ਕੋਲੋ ਕੋਈ ਗਲਤੀ ਵੀ ਹੋ ਜਾਵੇ ਤਾਂ ਬਿਨਾ ਮਾਫੀ ਮੰਗੇ ਹੀ ਮਾਫ ਵੀ ਕਰ ਦਿੰਦੇ ਹੋ, ਅਸੀ ਇੱਕ ਦੋ ਐਸੇ ਮਨੁੱਖਾਂ ਨੂੰ ਵੀ ਮਿਲੇ ਹਾਂ ਜਿਨਾ ਅਨੁਸਾਰ ਤੁਸੀ ਕਿਸੇ ਦੇਵਤਾ ਤੋ ਘੱਟ ਨਹੀ, ਕੀ ਅਸੀ ਵੀ ਕੋਈ ਉਮੀਦ ਤੁਹਾਡੇ ਕੋਲੋ ਰੱਖ
ਸਕਦੇ ਹਾਂ ?" ਮੁਟਿਆਰ ਏਨੇ ਪਰੇਮ ਨਾਲ ਬੋਲ ਰਹੀ ਸੀ ਕਿ ਦੇਬੀ ਦਾ ਦਿਲ ਕਰਦਾ ਸੀ ਕਿ ਉਹ ਬੋਲੀ ਹੀ ਜਾਵੇ।
"ਮੇਰੇ ਬਾਰੇ ਏਨਾਂ ਕੁੱਝ ਜਾਨਣਾ ਸ਼ਾਇਦ ਕਿਸੇ ਅਖਬਾਰ ਦੇ ਪੱਤਰਕਾਰ ਲਈ ਜਰੂਰੀ ਹੋਵੇਗਾ"। ਦੇਬੀ ਨੇ ਅੰਦਾਜਾ ਲਾਇਆ।
"ਨਹੀ, ਤੁਸੀ ਜਿੰਨੇ ਚੰਗੇ ਓ, ਅੰਦਾਜੇ ਦੇ ਉਨੇ ਹੀ ਕੱਚੇ"।
ਮੁਟਿਆਰ ਦੀ ਮੁਸਕਾਂਨ ਵਿੱਚ ਕੋਈ ਨੂਰ ਸੀ ਜੋ ਦੇਬੀ ਅਨੁਭਵ ਕਰ ਰਿਹਾ ਸੀ।
"ਅਸੀ ਤੁਹਾਡੇ ਬਹੁਤ ਕਰੀਬੀ ਹਾਂ, ਪਰ ਬਹੁਤ ਦੂਰ ਰਹੇ ਹਾਂ, ਜੇ ਥੋੜਾ ਜਿਹਾ ਪਰੇਮ ਸਾਨੂੰ ਵੀ ਦੇਣ ਦਾ ਵਾਅਦਾ ਕਰੋ ਤਾਂ ਹੁਣ ਅਪਣੇ ਬਾਰੇ ਦੱਸ ਦਿਆਂਗੀ"।
ਕੁੜੀ ਦੇ ਚੇਹਰੇ ਦੀ ਸ਼ਾਂਤੀ ਘੱਟ ਨਹੀ ਸੀ ਹੋਈ, ਦੋਵੇ ਗੱਭਰੂ ਵੀ ਮੁਸਕਰਾਈ ਜਾ ਰਹੇ ਸਨ, ਕੌਣ ਹਨ ਇਹ ?
"ਜਿੰਨੀਆ ਕੁ ਗੱਲਾ ਤੁਸੀ ਹੁਣ ਤੱਕ ਕੀਤੀਆ ਹਨ ਇਨਾ ਵਿੱਚੋ ਤੁਸੀ ਸਿਰਫ ਇਕੋ ਹੀ ਗਲਤੀ ਕੀਤੀ ਹੈ ਤੇ ਉਹ ਪਰੇਮ ਮੰਗਣ ਲੱਗਿਆਂ, ਜੇ ਪਰੇਮ ਮੰਗਿਆ ਤਾਂ ਸਿਰਫ ਪਰੇਮ ਮੰਗੋ, ਥੋੜਾ ਜਾਂ ਜਿਆਦਾ ਨਹੀ, ਮੈ ਪਰੇਮ ਕਿਸੇ ਦੁਕਾਂਨਦਾਰ ਵਾਂਗ ਤੋਲ ਕੇ ਨਹੀ ਕਰਦਾ, ਸੱਚ ਪੁੱਛੋ ਤਾਂ ਤੁਹਾਨੂੰ ਦੇਖਦੇ ਸਾਰ ਹੀ ਦਿਲ ਨੇ ਕਿਹਾ ਸੀ, "ਮੈ ਫਿਰ ਡੁੱਲਣ ਲੱਗਾਂ ਰੋਕੀ ਨਾਂ", ਹੁਣ ਪਰਦਾ ਉਠਾ ਦਿਓ"। ਦੇਬੀ ਹੋਰ ਸਸਪੈਂਸ ਨਹੀ ਸੀ ਚਾਹੁੰਦਾ।
"ਇਹ ਹਨ ਤੁਹਾਡੇ ਵੱਡੇ ਵੀਰ ਬਲਜਿੰਦਰ ਸਿੰਘ ਤੇ ਇਹ ਸ਼ਾਇਦ ਤੁਹਾਡੇ ਤੋ ਛੋਟੇ ਕਿ ਵੱਡੇ ਪੱਕਾ ਯਾਦ ਨਹੀ, ਇਹ ਹਨ ਅਮਰੀਕ ਸਿੰਘ ਤੇ ਮੈਂ ਹਾਂ ਤੁਹਾਡੀ ਤਿੰਨਾ ਦੀ ਲਾਡਲੀ ਭੈਣ ਸਤਿੰਦਰ, ਤੇ ਤੁਸੀ ਹੋ ਬਹੁਤ ਦੇਰ ਤੋ ਵਿਛੜੇ ਸਾਡੀ ਇਕੋ ਇੱਕ ਭੂਆ ਪਰਮਿੰਦਰ ਦੇ ਪੁੱਤਰ ਦਵਿੰਦਰ"।
ਇਹ ਕਹਿ ਕੇ ਕੁੜੀ ਦੇਬੀ ਦੇ ਚੇਹਰੇ ਨੂੰ ਦੇਖਣ ਲੱਗ ਪਈ, ਉਸਦੇ ਚੇਹਰੇ ਤੇ ਆਏ ਖੁਸ਼ੀ ਤੇ ਫਿਰ ਜਲਜਲੇ ਦੇ ਭਾਵ ਤੇ ਬਦਲਦੇ ਰੰਗ।
"ਮੇਰੇ ਪਰਵਾਰ ਵਿੱਚ ਐਨੇ ਸੋਹਣੇ ਮੈਂਬਰ ਹਨ ਤੇ ਮੈ ਅੱਜ ਇਨਾ ਨੂੰ ਦੇਖ ਰਿਹਾਂ, ਗੁਰੂ ਤੇਰਾ ਸ਼ੁਕਰ ਆ, ਮੈਂ ਨਹੀ ਲੱਭ ਸਕਿਆ ਏਨਾਂ ਨੇ ਲੱਭ ਲਿਆ, ਅੱਛਾ ਤੁਸੀ ਕੰਸ ਮਾਮੇ ਦੇ ਬੱਚੇ ਓ ਕਿ ਦੂਜੇ ਮਾਂਮੇ ਦੇ ?"
ਦੇਬੀ ਹੁਣ ਸਭ ਜਾਂਣ ਚੁੱਕਾ ਸੀ ਤੇ ਦਿਲ ਦੀ ਧੜਕਣ ਨੂੰ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਹਾਲਤ ਵਿੱਚ ਅਪਣੇ ਗੂੜੇ ਰਿਸਤੇਦਾਰਾਂ ਨਾਲ ਮੁਲਾਕਾਤ ਨਹੀ ਸੋਚ ਰੱਖੀ ਸੀ ਉਸ ਨੇ।
"ਮਾਮਾਂ ਭਾਵੇ ਕੰਸ ਹੋਵੇ ਜਾਂ ਕਰਿਸ਼ਨ, ਫਰਕ ਨਹੀ ਪੈਂਦਾ ਪਰ ਅਸੀ ਨਿਰੋਲ ਤੁਹਾਡੇ ਆਂ, ਸਵੀਕਾਰ ਕਰਦੇ ਹੋ ?"
ਇਹ ਕਹਿ ਕਿ ਸਤਿੰਦਰ ਦੇਬੀ ਦੇ ਬਿਲਕੁਲ ਨੇੜੇ ਆ ਗਈ, ਉਹਦੇ ਦੋਵੇ ਹੱਥ ਜੁੜੇ ਹੋਏ ਸੀ ਤੇ ਮੋਟੀਆ ਅੱਖਾਂ ਵਿੱਚ ਮੋਤੀ ਹੁਣ ਸਾਫ ਡਲਕ ਰਹੇ ਸਨ, ਦੋਵੇ ਗੱਭਰੂ ਵੀ ਨੇੜੇ ਆ ਗਏ ਸਨ, ਹੁਣ ਚੇਹਰੇ ਦੀ ਮੁਸਕਾਨ ਗਾਇਬ ਸੀ ਲਗਦਾ ਸੀ ਜਿਵੇ ਉਹ ਕਿਸੇ ਅਦਾਲਤੀ ਫੈਸਲੇ ਦਾ ਇੰਤਜਾਰ ਕਰ ਰਹੇ ਹੋਣ।
"ਪਹਿਲਾਂ ਅਪਣਾਂ ਮੱਥਾ ਮੇਰੇ ਨੇੜੇ ਕਰ ਮੈ ਇਸਤੋ ਕੁੱਝ ਪੜਨਾ ਆ"।
ਦੇਬੀ ਦੇ ਫੈਸਲੇ ਕਦੇ ਵੀ ਦਿਮਾਗ ਨਾਲ ਸੋਚ ਕੇ ਨਹੀ ਸੀ ਕੀਤੇ ਹੁੰਦੇ ਉਹ ਝੱਟ ਵਿੱਚ ਫੈਸਲਾ ਕਰਦਾ ਸੀ, ਜੋ ਦਿਲ ਨੇ ਕਿਹਾ ਉਹ ਮੰਨ ਲਿਆ, ਸਤਿੰਦਰ ਨੇ ਅਪਣਾਂ ਮੱਥਾ ਦੇਬੀ ਦੇ ਬਿਲਕੁਲ ਨੇੜੇ ਕਰ ਦਿੱਤਾ, ਹੁਣ ਜੋ ਹੋਇਆ ਉਸਦੀ ਆਸ ਨਹੀ ਸੀ ਤਿੰਨਾ ਨੂੰ, ਦੇਬੀ ਨੇ ਥੋੜਾ ਅੱਗੇ ਹੋ ਕੇ ਮੱਥਾ ਚੁੰਮ ਲਿਆ ਸਤਿੰਦਰ ਦਾ ਤੇ ਨਾਲ ਹੀ ਸਤਿੰਦਰ ਦੇ ਦੋ ਮੋਤੀ ਦੇਬੀ ਦੇ ਮੂੰਹ ਤੇ ਵਹਿ ਗਏ … ।।
"ਤੂੰ ਮੇਰਾ ਵੀਰ ਵਾਕਿਆ ਹੀ ਵੈਸਾ ਹੈਂ ਜੈਸਾ ਸੁਣਿਆ ਸੀ"।
ਕਹਿ ਕੇ ਸਤਿੰਦਰ ਨੇ ਵੀ ਦੇਬੀ ਦਾ ਮੂੰਹ ਚੁੰਮ ਲਿਆ, ਦੋਵੇ ਗੱਭਰੂ ਵੀ ਉਹਦੇ ਮੱਥੇ ਤੇ ਇੱਕ ਇਕ ਚੁੰਮਣ ਅੰਕਿਤ ਕਰ ਗਏ।
"ਤੇਰੇ ਜਿਹਾ ਵੀਰ ਹੋਵੇ ਤਾਂ ਕੋਈ ਹੋਰ ਮੰਗ ਬਾਕੀ ਨਹੀ ਰਹਿ ਜਾਂਦੀ, ਜਿਸ ਹਾਲਤ ਵਿੱਚ ਸਾਡੀ ਮੁਲਾਕਾਤ ਹੋਈ ਹੈ ਤਾਂ ਐਸਾ ਕਦੇ ਜਿਹਨ ਵਿੱਚ ਆ ਨਹੀ ਸਕਦਾ"।
ਬਲਜਿੰਦਰ ਨੇ ਪਹਿਲੀ ਵਾਰ ਕੁੱਝ ਕਿਹਾ ਸੀ, ਉਹ ਜਾਂਣ ਕੇ ਸਤਿੰਦਰ ਕੋਲੋ ਅਗਵਾਹੀ ਕਰਵਾ ਰਹੇ ਸਨ, ਸਤਿੰਦਰ ਦੀ ਅਪਣੀ ਕਲਾ ਸੀ, ਹਰ ਕਿਸੇ ਦੇ ਦਿਲ ਵਿੱਚ ਲਹਿ ਜਾਂਦੀ ਸੀ।
"ਪਾਪਾ ਬਹੁਤ ਸਾਲ ਪਹਿਲਾਂ ਅਕਸਰ ਤੁਹਾਨੂੰ ਤੇ ਭੂਆ ਜੀ ਨੂੰ ਯਾਦ ਕਰਿਆ ਕਰਦੇ ਸਨ ਤੇ ਫਿਰ ਅਪਣੇ ਹੰਝੂ ਲੁਕੋਣ ਲਈ ਉਠ ਕੇ ਚਲੇ ਜਾਇਆ ਕਰਦੇ ਸਨ, ਅਸੀ ਛੋਟੇ ਹੁੰਦੇ ਸੀ, ਪਰ ਤੂੰ ਸਾਡੇ ਘਰ ਆ ਕੇ ਸਾਡੇ ਨਾਲ ਖੇਡਿਆ ਕਰਦਾ ਸੀ, ਇਹ ਕੁੱਝ ਯਾਦ ਆ, ਮੈ ਤੇ ਅਮਰੀਕ ਤੇਰੇ ਹਾਣ ਦੇ ਸੀ ਤੇ ਬਲਜਿੰਦਰ ਵੀਰ ਜੀ ਸਾਡੇ ਤੋ ਵੱਡੇ ਸਨ"।
ਸਤਿੰਦਰ ਨੇ ਬਚਪਨ ਦੀ ਯਾਦ ਕਰਾਈ।
"ਇਹ ਕਿਹੜਾ ਮਾਮਾ ਸੀ, ਕੰਸ ਮਾਮਾ ਕਿ ਦੂਸਰਾ ?"
ਦੇਬੀ ਨੇ ਫਿਰ ਪੁੱਛਿਆ।
"ਇਹ ਤੁਹਾਡਾ ਕੰਸ ਮਾਮਾ ਹੀ ਸੀ"।
ਸਤਿੰਦਰ ਨੇ ਬਿਨਾ ਝਿਝਕ ਦੱਸਿਆ।
"ਤੇ ਫਿਰ ਤੂੰ ਮੇਰੇ ਕੰਸ ਮਾਮੇ ਦੀ ਦੇਵੀ ਧੀ ਹੈ"।
ਦੇਬੀ ਨੂੰ ਪਤਾ ਲੱਗ ਗਿਆ ਸੀ ਕਿ ਉਹਦੇ ਸਾਹਮਣੇ ਕੌਣ ਖੜਾ ਹੈ।
"ਤੇ ਮੈ ਤੁਹਾਡੇ ਕੰਸ ਮਾਮੇ ਦਾ ਪੁੱਤਰ ਹਾਂ"।
ਅਮਰੀਕ ਹੱਥ ਜੋੜੀ ਖੜਾ ਸੀ।
"ਤੇ ਤੁਸੀ ਸਾਰੇ ਚਾਹੁੰਦੇ ਹੋ ਕਿ ਮੈਂ ਕੰਸ ਮਾਮੇ ਤੇ ਕੇਸ ਨਾਂ ਕਰਾਂ ?"
ਦੇਬੀ ਉਨਾਂ ਦੇ ਮਨ ਦੀ ਭਾਵਨਾ ਪੜ ਰਿਹਾ ਸੀ।
"ਇਹ ਗੱਲ ਤਾਂ ਵੀਰੇ ਅਪਣੇ ਕੰਸ ਮਾਮੇ ਨਾਲ ਖੁਦ ਕਰ ਲਵੀ, ਅਸੀ ਪਾਪਾ ਦੇ ਵਕੀਲ ਨਹੀ, ਉਹ ਅਪਣੇ ਮਸਲੇ ਆਪ ਨਜਿੱਠਣ, ਸਾਡੀ ਉਡੀਕ ਅੱਜ ਪੂਰੀ ਹੋਈ ਤੇ ਸਾਡਾ ਵਿਛੜਿਆ ਵੀਰ ਮਿਲ ਪਿਆ, ਹੁਣ ਅਸੀ ਛੋਟੇ ਭੈਣ ਭਰਾਵਾਂ ਨੂੰ ਵੀ ਦੇਖ ਸਕਾਂਗੇ, ਪਰ ਇਸ ਤੋ ਪਹਿਲਾਂ ਕਿ ਮੈ ਉਨਾ ਬਾਰੇ ਪੁੱਛਾਂ ਤੁਹਾਨੂੰ ਕੋਈ ਹੋਰ ਵੀ ਮਿਲਣ ਆਇਆ ਪਰ ਜੇ ਡਾਕਟਰ ਮਨਾ ਕਰਦੇ ਹਨ ਤਾ ਅਸੀ ਦੁਪਿਹਰ ਤੋ ਬਾਅਦ ਫਿਰ ਆ ਜਾਵਾਂਗੇ"। ਸਤਿੰਦਰ ਨੇ ਕਿਹਾ।
"ਨਹੀ, ਹੁਣ ਮੇਰੇ ਕੋਲ ਹੋਰ ਸਰਪਰਾਈਜ ਉਡੀਕ ਨਹੀ ਹੋਣੇ, ਤੁਹਾਡੇ ਆਉਣ ਨਾਲ ਮੈਨੂੰ ਕੁੱਝ ਰਾਹਤ ਮਿਲ ਰਹੀ ਆ, ਜਿਹੜਾ ਵੀ ਬਾਹਰ ਖੜਾ ਹੈ ਬੁਲਾਓ"।
ਦੇਬੀ ਨੇ ਨੇੜੇ ਬੈਠੀ ਨਰਸ ਵੱਲ ਦੇਖਦਿਆ ਉਨਾ ਨੂੰ ਕਿਹਾ, ਨਰਸ ਦੀ ਪੱਕੀ ਡਿਊਟੀ ਦੇਬੀ ਕੋਲ ਸੀ, ਉਹ ਵੀ ਇਸ ਅਦਭੁੱਤ ਮਿਲਣੀ ਨੂੰ ਕਿਸੇ ਫਿਲਮ ਦੇ ਸੀਨ ਵਾਂਗ ਦੇਖ ਰਹੀ ਸੀ, ਐਸਾ ਅਸਲੀ ਜਿੰਦਗੀ ਵਿੱਚ ਹੋ ਜਾਦਾ ਹੈ ਇਹ ਉਸ ਨੂੰ ਪਹਿਲੀ ਵਾਰ ਅਨੁਭਵ ਹੋਇਆ ਸੀ, ਅਮਰੀਕ ਬਾਹਰ ਗਿਆ ਤੇ ਇੱਕ ਮਿੰਟ ਵਿੱਚ ਹੀ ਮੁੜ ਆਇਆ, ਉਹਦੇ ਪਿੱਛੇ ਦੋ ਅਧਖੜ ਉਮਰ ਦੀਆਂ ਪ੍ਰਭਾਵਸ਼ਾਲੀ ਔਰਤਾਂ ਸਨ, ਪਹਿਰਾਵਾ ਤੇ ਚਾਲ ਢਾਲ ਦੱਸਦੇ ਸਨ ਕਿ ਇਹ ਕਿਸੇ ਐਰੇ ਗੈਰੇ ਨੱਥੂ ਖੈਰੇ ਦੀਆ ਧੀਆ ਨਹੀ ਹੋਣਗੀਆ, ਉਹ ਵੀ ਮੁਸਕਰਾਉਦੀਆ ਹੋਈਆ ਦੇਬੀ ਦੇ ਕੋਲ ਆ ਗਈਆ, ਇਸ ਪਰਵਾਰ ਦੇ ਸਾਰੇ ਮੈਂਬਰ ਐਸੀ ਮੁਸਕਰਾਹਟ ਚੇਹਰੇ ਤੇ ਕਿਓ ਰੱਖ ਰਹੇ ਸਨ, ਕੀ ਇਹ ਅਸਲੀ ਸੀ, ਮਿਲਣ ਦੀ ਖੁਸ਼ੀ ਕਿ ਕੁੱਝ ਹੋਰ ?
"ਮਾਮੀ ਜੀ, ਉਠ ਕੇ ਪੈਰ ਛੂਹ ਨਹੀ ਸਕਦਾ, ਤੁਸੀ ਖੁਦ ਹੀ ਮੇਰੇ ਸਿਰ ਤੇ ਹੱਥ ਰੱਖ ਦੇਵੋ, ਜੇ ਹੋ ਸਕੇ ਤਾਂ ਮੇਰੀ ਮਾ ਦੇ ਹਿੱਸੇ ਦਾ ਮੇਰਾ ਮੂੰਹ ਵੀ ਚੁੰਮ ਲੈਣਾ, ਉਹਦਾ ਨਿੱਘ ਹੁਣ ਮੈ ਭੁੱਲ ਹੀ ਗਿਆ ਹਾਂ"।
ਕਿਸੇ ਹੋਰ ਦੇ ਕੁੱਝ ਬੋਲਣ ਤੋ ਪਹਿਲਾਂ ਹੀ ਦੇਬੀ ਕਹਿ ਉਠਿਆ, ਉਹ ਕੰਸ ਮਾਮੇ ਨੂੰ ਭੁੱਲ ਗਿਆ ਸੀ, ਸਾਹਮਣੇ ਖੜੇ ਮਨੁੱਖ ਉਹਦੇ ਦਿਲ ਵਿੱਚ ਘਰ ਕਰ ਗਏ ਸੀ, ਬਚਪਨ ਵਿੱਚ ਮਾਮੀਆ ਵੱਲੋ ਖਾਣ ਪੀਣ ਦੀਆ ਚੀਜਾ ਦਾ ਮਿਲਣਾ ਉਸ ਨੂੰ ਹਾਲੇ ਯਾਦ ਸੀ, ਮਾਮੇ ਦੀ ਗਲਤੀ ਦੀ ਸਜਾ ਉਹ ਦੂਜਿਆ ਨੂੰ ਕਿਵੇ ਦੇ ਸਕਦਾ ਸੀ ? ਦੇਬੀ ਦੀਆ ਅੱਖਾ ਵਿੱਚ ਹੁਣ ਜੋ ਹੰਝੂ ਸਨ ਇਹ ਪੀੜ ਨਾਲ ਵਿਲਕ ਨਹੀ ਸੀ ਰਹੇ ਇਹ ਚਮਕ ਰਹੇ ਸਨ, ਖੁਸ਼ੀ ਦੇ ਅੱਥਰੂ, ਮਾਮੀਆ ਨੇ ਵਾਰੋ ਵਾਰੀ ਦੇਬੀ ਦਾ ਮੱਥਾ ਚੁੰਮਿਆ, ਕੰਸ ਮਾਮੇ ਵਾਲੀ ਮਾਮੀ ਦਾ ਰੋਣ ਉਚੀ ਹੋ ਗਿਆ ਸੀ।
"ਮਾਮੀ ਜੀ ਰੋਵੋ ਨਾਂ, ਮਾਮੇ ਦੇ ਗੁਨਾਹ ਦੀ ਸਜਾ ਤੁਹਾਨੂੰ ਨਹੀ ਮਿਲਣੀ"।
ਦੇਬੀ ਸਮਝ ਗਿਆ ਸੀ ਕਿ ਇਹ ਛੋਟੀ ਮਾਮੀ ਹੈ, ਜੋ ਮਾਮੇ ਦੀ ਗਲਤੀ ਤੇ ਰੋ ਰਹੀ ਆ, ਹੁਣ ਦੀਪੀ ਉਸ ਨੂੰ ਕੁੱਝ ਦੇਰ ਲਈ ਵਿਸਰ ਗਈ ਸੀ, ਇਸ ਮਿਲਣੀ ਨੇ ਹਰ ਕਿਸੇ ਨੂੰ ਬਹੁਤ ਹੈਰਾਂਨ ਕਰ ਰੱਖਿਆ ਸੀ … ।
"ਮਾਮਾ ਜੀ ਨਹੀ ਆਏ ?"
ਦੇਬੀ ਨੇ ਵੱਡੀ ਮਾਮੀ ਨੂੰ ਪੁੱਛਿਆ।
"ਬਾਹਰ ਖੜੇ ਹਨ, ਅੰਦਰ ਪੈਰ ਪਾਉਣੋ ਡਰਦੇ ਆ"।
ਸਤਿੰਦਰ ਨੇ ਦੱਸਿਆ।
"ਕਮਾਲ ਦੀ ਗੱਲ ਆ, ਅਪਣੇ ਭਾਣਜੇ ਤੋ ਵੀ ਕਦੇ ਕੋਈ ਡਰਦਾ ? ਹੁਣ ਇੱਕ ਪਰਵਾਰ ਦਾ ਮੇਲ ਹੋ ਰਿਹਾ ਇਸਨੂੰ ਹੋਣ ਦੇਣ, ਜਦੋ ਅਦਾਲਤ ਵਿੱਚ ਖੜੇ ਹੋਵਾਂਗੇ ਉਦੋ ਦੇਖੀ ਜਾਊ, ਮੈ ਅਪਣੇ ਮਾਮੇ ਦੇਖਣ ਲਈ ਬਹੁਤ ਉਤਾਵਲਾ ਆ, ਅੰਦਰ ਲਿਆਓ ਪਲੀਜ"।
ਦੇਬੀ ਪੂਰੇ ਪਰਵਾਰ ਨੂੰ ਦੇਖਣਾ ਚਾਹੁੰਦਾ ਸੀ, ਹੁਣ ਅਮਰੀਕ ਜਾ ਕੇ ਦੋਵਾਂ ਨੂੰ ਲੈ ਆਇਆ … ।।
ਦੋਵੇ ਇਕੋ ਜਿਹੇ ਉਚੇ, ਕੁੜਤੇ ਪਜਾਮੇ ਪਾਈ ਕਿਸੇ ਫਿਲਮ ਦੇ ਹੀਰੋ ਜਾਪਦੇ ਸਨ, ਪਰ ਚੇਹਰਿਆ ਤੇ ਦੁੱਖ ਦੇ ਬੱਦਲ ਛਾਏ ਸਨ, ਹੌਲੀ ਹੌਲੀ ਅੱਗੇ ਵਧ ਰਹੇ ਸੀ … ।
"ਮੇਰਾ ਭਾਣਜਾ ਮੇਰੇ ਸਾਹਮਣੇ ਪਿਆ ਹੁੰਦਾ ਤਾਂ ਮੈ ਉਡ ਕੇ ਉਹਦੇ ਕੋਲ ਆ ਜਾਣਾ ਸੀ, ਤੇ ਨਾਲੇ ਮੈ ਹੁਣ ਵੱਡਾ ਹੋ ਗਿਆ ਆ ਨਾਂ ਤੇ ਦੰਦੀ ਵੱਡਦਾ ਆ ਤੇ ਨਾ ਹੀ ਗੋਦੀ ਵਿੱਚ ਮੂਤਦਾ ਆ"।
ਦੇਬੀ ਕਹਿ ਕੇ ਹੱਸਣ ਲੱਗਿਆ ਪਰ ਪੀੜ ਨੇ ਹੱਸਣ ਨਹੀ ਦਿੱਤਾ, ਐਨੇ ਦੁੱਖ ਦੇ ਸਮੇ ਵੀ ਉਹ ਹੱਸ ਰਿਹਾ ਸੀ, ਬਾਕੀ ਸਾਰੇ ਵੀ ਅਪਣਾ ਹਾਸਾ ਰੋਕ ਨਹੀ ਪਾਏ ਪਰ ਦੇਬੀ ਦੀ ਸਥਿਤੀ ਦੇਖ ਕੇ ਉਹਨਾ ਦੇ ਹਾਸੇ ਵੀ ਵਿੱਚੇ ਹੀ ਘੁੱਟ ਗਏ ਸਨ।
"ਦੇਖੌ ਕੰਸ ਮਾਮਾ ਜੀ, ਤੁਹਾਡਾ ਨਾ ਮੇਰੇ ਕੋਲੋ ਰੱਖਿਆ ਗਿਆ, ਪਰ ਮੇਰੇ ਤੇ ਇੱਕ ਮਿਹਰਬਾਨੀ ਕਰਨੀ ਮੇਰੇ ਨਾਲ ਪਿਛਲੇ ਦੋ ਤਿੰਨ ਦੀ ਕੋਈ ਗੱਲ ਨਹੀ ਕਰਨੀ, ਮੇਰੀ ਮਾਂ ਦੀ ਕੋਈ ਗੱਲ ਕਰੋ, ਬਹੁਤ ਸ਼ਕਤੀ ਮਿਲਦੀ ਆ, ਕੋਈ ਰੋਣ ਧੋਣ ਤੇ ਅਫਸੋਸ ਆਦਿ ਤੋ ਮੈਨੂੰ ਬਚਾਓ, ਜਿੰਨੇ ਮੂੰਹ ਦੇਖੇ ਆ, ਸਾਰੇ ਦੁਖੀ ਲਗਦੇ ਆ, ਮੇਰੇ ਵਤਾਵਰਣ ਵਿੱਚ ਹੋਰ ਦੁੱਖ ਨਾ ਫੈਲਾਇਓ, ਸਤਿੰਦਰ ਦੀ ਤਰਾਂ ਕੋਈ ਚੰਗੀ ਗੱਲ ਕਰਿਓ"।
ਫਿਰ ਕਿਹਾ ਦੇਬੀ ਨੇ।
"ਬੱਲੇ ਓਏ ਸ਼ੇਰ ਪੁੱਤਰਾ, ਕਿਤੇ ਅਸੀ ਸਧਾਰਨ ਹਾਲਤਾ ਵਿੱਚ ਮਿਲੇ ਹੁੰਦੇ ਤਾ ਗੱਲ ਹੀ ਕੁੱਝ ਹੋਰ ਹੋਣੀ ਸੀ"।
ਵੱਡੇ ਮਾਮੇ ਨੇ ਕਿਹਾ।
"ਜੇ ਆਪਾ ਸਾਰੇ ਚਾਹੀਏ ਤਾ ਇਹ ਸਮਾ ਵੀ ਖੁਸ਼ੀ ਵਿੱਚ ਬਦਲ ਸਕਦਾ, ਤੁਸੀ ਦੇਖੋ ਮਾਮਾ ਜੀ ਨੇ ਮੇਰੀ ਜਾਨ ਬਖਸ਼ੀ ਕਰ ਕੇ ਕਿੰਨਾ ਚੰਗਾ ਕੀਤਾ, ਜੇ ਮੈਂ ਮਰ ਗਿਆ ਹੁੰਦਾ ਤੇ ਬਾਅਦ ਵਿੱਚ ਪਤਾ ਲਗਦਾ ਤਾ ਫੇਰ ਵਾਕਿਆ ਹੀ ਦੁੱਖ ਦੀ ਗੱਲ ਸੀ, ਹੁਣ ਅਸੀ ਕਿਸ ਗੱਲ ਦਾ ਦੁੱਖ ਮਨਾਈਏ ?"
ਪਤਾ ਨਹੀ ਕਿਹੜੀ ਮਿੱਟੀ ਦਾ ਬਣਿਆ ਸੀ ਦੇਬੀ, ਐਸੇ ਹਾਲਤ ਵਿੱਚ ਵੀ ਐਸੇ ਵਿਚਾਰ ?
"ਤੂੰ ਇਹ ਸਾਰਾ ਕੁੱਝ ਕਿਹੜੇ ਹੌਸਲੇ ਨਾਲ ਕਹਿ ਰਿਹਾ ਪੁੱਤਰ, ਮੇਰੀ ਸਮਝ ਤੋ ਦੂਰ ਆ"।
ਛੋਟੀ ਮਾਮੀ ਉਹਦੇ ਵੱਡੇ ਦਿਲ ਤੇ ਬਲਿਹਾਰ ਜਾ ਰਹੀ ਸੀ, ਛੋਟਾ ਮਾਮਾ ਜਿਵੇ ਮੂੰਹ ਵਿੱਚ ਜਬਾਨ ਹੀ ਨਾ ਹੋਵੇ, ਐਨਾ ਛੋਟਾ ਕਦੇ ਨਹੀ ਸੀ ਹੋਇਆ ਡੀ ਐਸ ਪੀ ਚੀਮਾ … ।
"ਮਾਮੀ ਜੀ, ਮੈ ਪਰੇਮ ਦੇ ਸਾਗਰ ਵਿੱਚ ਸ਼ਾਂਤ ਹੋਇਆ ਪਿਆ ਆ, ਜਿੱਥੇ ਪਰੇਮ ਹੋਵੇ ਉਥੇ ਦੁੱਖ ਤੇ ਨਫਰਤ ਦਾ ਕੀ ਕੰਮ, ਕੁੱਝ ਦੇਰ ਪਹਿਲਾ ਮੈ ਬਹੁਤ ਅਸ਼ਾਂਤ ਪਿਆ ਸੀ, ਬੁਰੀਆ ਗੱਲਾਂ ਸੋਚ ਰਿਹਾ ਸੀ, ਮੇਰੇ ਬਿਆਨ ਲੈਣ ਆਏ ਏ ਐਸ ਆਈ ਨੂੰ ਬੁਰਾ ਭਲਾ ਕਹਿ ਦਿੱਤਾ, ਪਰ ਭਲਾ ਹੋਵੇ ਮੇਰੀ ਸਤਿੰਦਰ ਭੈਣ ਦਾ, ਇਸਦੇ ਅੰਦਰਲੇ ਪਰੇਮ ਨੇ ਮੈਨੂੰ ਫਿਰ ਦੁੱਖ ਦੀ ਨਹਿਰ ਵਿਚੋ ਕੱਢ ਕੇ ਪਰੇਮ ਦੇ ਸਮੁੰਦਰ ਵਿੱਚ ਲੈ ਆਦਾ ਹੈ, ਇਸ ਨੇ ਮੈਨੂੰ ਭਟਕਣ ਤੋ ਫਿਰ ਬਚਾ ਲਿਆ, ਇਹਦੇ ਪਰੇਮ ਨੇ ਮੈਨੂੰ ਡੋਲਣ ਤੋ ਬਚਾ ਲਿਆ"। ਦੇਬੀ ਹੁਣ ਵਾਕਿਆ ਹੀ ਇਵੇ ਸ਼ਾਂਤ ਪਿਆ ਸੀ ਜਿਵੇ ਕੁੱਝ ਹੋਇਆ ਹੀ ਨਾ ਹੋਵੇ, ਸਰੀਰ ਦੇ ਜਖਮ ਬਰਕਰਾਰ ਸਨ ਪਰ ਮਨ ਜਿਵੇ ਅਡੋਲ ਪਰਬਤ ਹੋਵੇ, ਕੁੱਝ ਹੀ ਦੇਰ ਪਹਿਲਾਂ ਵਰਦੀਧਾਰੀ ਨੂੰ ਦੇਖਣਾ ਨਹੀ ਸੀ ਚਾਹੁੰਦਾ, ਹੁਣ ਫਿਰ ਮਨ ਟਿਕ ਗਿਆ ਸੀ।
"ਸਤਿੰਦਰ ਦਾ ਨਾਂ ਤੇਰੀ ਮਾਂ ਨੇ ਰੱਖਿਆ ਸੀ ਪੁੱਤ, ਇਹਨੂੰ ਗੁੜਤੀ ਵੀ ਉਸੇ ਦੀ ਆ, ਸ਼ਕਲ ਵੀ ਉਹਦੇ ਵਰਗੀ ਤੇ ਸਾਰੇ ਰੰਗ ਢੰਗ ਵੀ ਉਹਦੇ ਵਰਗੇ, ਸਾਨੂੰ ਕਈ ਵਾਰ ਲਗਦਾ ਬਈ ਸਾਡੀ ਭੈਣ ਤੇ ਸਾਡੀ ਧੀ ਇਹ ਇਕੋ ਹੀ ਮਨੁੱਖ ਦੇ ਦੋ ਨਾਂ ਆ, ਘਰ ਵਿੱਚ ਪਹਿਲਾਂ ਉਹ ਮਾਮਲੇ ਨਜਿੱਠਦੀ ਸੀ ਹੁਣ ਸਤਿੰਦਰ ਨਜਿੱਠਦੀ ਆ"।
ਵੱਡੇ ਮਾਮੇ ਨੇ ਦੱਸਿਆ।
"ਵੀਰ ਜੀ ਸਰਪੰਚ ਸਾਹਿਬ ਦੇ ਘਰ ਜਿਹੜਾ ਖਾਸ ਮਨੁੱਖ ਰਹਿੰਦਾ ਉਹ ਮੈਨੂੰ ਬਹੁਤ ਚੰਗਾ ਲੱਗਿਆ"।
ਸਤਿੰਦਰ ਨੇ ਸ਼ਰਾਰਤ ਜਿਹੀ ਨਾਲ ਦੱਸਿਆ।
"ਕਿਤੇ ਮੇਰੀ ਭੈਣ ਸੀ ਆਈ ਡੀ ਮਹਿਕਮੇ ਵਿੱਚ ਇੰਸਪੈਕਟਰ ਤਾਂ ਨਹੀ ਲੱਗੀ ਹੋਈ ?"
ਦੇਬੀ ਉਹਦੀ ਇਨਵੈਸਟੀਗੇਸ਼ਨ ਤੇ ਹੈਰਾਨ ਸੀ।
"ਕੱਲ ਅੱਧਾ ਦਿਨ ਉਹਦੇ ਕੋਲ ਬੀਤਿਆ, ਬਹੁਤ ਕੁੱਝ ਜਾਣਿਆ ਤੁਹਾਡੇ ਬਾਰੇ"।
ਸਤਿੰਦਰ ਨੇ ਹੋਰ ਦੱਸਿਆ।
"ਬਹੁਤ ਹੋ ਗਿਆ ਅੱਜ, ਹੁਣ ਹੋਰ ਨਹੀ, ਮਰੀਜ ਨੂੰ ਵਾਕਿਆ ਹੀ ਸ਼ਾਤੀ ਦੀ ਲੋੜ ਆ, ਜੇ ਇਹਦੀ ਮਦਦ ਕਰਨੀ ਆ ਤੇ ਅਰਾਮ ਕਰਨ ਦਿਓ"। ਨਰਸ ਨੂੰ ਭਾਵੇ ਉਨਾ ਦੀਆ ਗੱਲਾ ਚੰਗੀਆ ਲਗਦੀਆ ਸਨ ਪਰ ਉਸ ਨੇ ਅਪਣਾ ਫਰਜ ਨਿਭਾਇਆ, ਸਾਰੇ ਇੱਕ ਵਾਰ ਫਿਰ ਉਸ ਨੂੰ ਪਿਆਰ ਦੇ ਕੇ ਵਿਦਾ ਹੋ ਗਏ, ਜਦੋ ਕੰਸ ਮਾਮੇ ਦੀ ਵਾਰੀ ਆਈ ਤਾ ਉਹ ਠਠੰਬਰ ਜਿਹਾ ਗਿਆ, ਬਹੁਤਾ ਹੀ ਦੋਸ਼ੀ ਮਹਿਸੂਸ ਕਰ ਰਿਹਾ ਸੀ ਖੁਦ ਨੂੰ ਤੇ ਦੂਜਾ ਦੇਬੀ ਦਾ ਵਿਵਹਾਰ ਉਸ ਨੂੰ ਹੋਰ ਲਾਹਨਤਾਂ ਪਾਈ ਜਾ ਰਿਹਾ ਸੀ, ਉਹ ਕਿਹੜੇ ਮੂੰਹ ਨਾਲ ਉਸ ਨੂੰ ਕਹੇ ਕਿ ਸਿਹਤਮੰਦ ਹੋ ? ਜਾਂ ਰੱਬ ਭਲਾ ਕਰੇ ? ਇਹ ਕਿਹੜਾ ਕਿਸੇ ਰੱਬ ਦਾ ਟਾਰਚਰ ਕੀਤਾ ਹੋਇਆ … ।
"ਫਿਲਹਾਲ ਮਾਮੇ ਵਾਗ ਮਿਲੋ, ਝਗੜਾ ਬਾਅਦ ਵਿੱਚ ਨਜਿੱਠ ਲਵਾਗੇ"।
ਦੇਬੀ ਨੇ ਚੀਮੇ ਨੂੰ ਸ਼ਰਮਿੰਦਗੀ ਵਿੱਚ ਡੁੱਬੇ ਨੂੰ ਦੇਖ ਕੇ ਕਿਹਾ, ਚੀਮਾ ਜਿਵੇ ਉਡੀਕਦਾ ਹੀ ਸੀ, ਹੁਣ ਉਹ ਦੇਬੀ ਦਾ ਮੱਥਾ ਵੀ ਚੁੰਮ ਰਿਹਾ ਸੀ ਤੇ ਔਰਤਾਂ ਵਾਗੂੰ ਰੋ ਵੀ ਰਿਹਾ ਸੀ, ਪਸ਼ਚਾਤਾਪ ਜਦੋ ਹੱਦ ਤੋ ਉਪਰ ਹੋ ਜਾਵੇ, ਗੁਨਾਹ ਦਾ ਗਿਆਨ ਜਦ ਮਨੁੱਖ ਨੂੰ ਹੋ ਜਾਵੇ ਤਾਂ ਉਹ ਇੱਕ ਹੜ ਵਾਗ ਸਭ ਹੱਦਾ ਬੰਨੇ ਤੋੜ ਦਿੰਦਾ ਹੈ ਤੇ ਫਿਰ ਹੰਝੂਆ ਰਾਹੀ ਵਹਿ ਕੇ ਦਿਲ ਵਿਚੋ ਬਾਹਰ ਨਿਕਲ ਜਾਂਦਾ ਆ, ਜਿਹੜਾ ਬੰਦਾ ਇਸ ਗੱਲ ਨੂੰ ਬਹਾਦਰੀ ਮੰਨੇ ਕਿ ਉਹ ਰੋਦਾ ਨਹੀ ਤੇ ਫਿਲਮ ਮਰਦ ਵਾਲੇ ਡਾਇਲਾਗ "ਜੋ ਮਰਦ ਹੋਤਾ ਹੈ ਉਸੇ ਦਰਦ ਨਹੀ ਹੋਤਾ "ਵਰਗੇ ਸ਼ਬਦਾ ਤੇ ਚਲੇਗਾ ਉਹ ਫੋਕੀ ਮਰਦਾਨਗੀ ਦੀ ਸ਼ਰਮ ਹੇਠ ਅਪਣੇ ਆਪ ਤੇ ਜੁਲਮ ਕਰਦਾ ਰਹੇਗਾ, ਅਰੇ ਭਾਈ ਮਰਦ ਬੀ ਰੋਤਾ ਹੈ, ਮਰਦ ਕੋ ਭੀ ਦਰਦ ਹੋਤਾ ਹੈ, ਯੇ ਬਾਤ ਅਲੱਗ ਹੈ ਕਿ ਜਰਾ ਕਮ ਹੋਤਾ ਹੋਗਾ ਜਾਂ ਸ਼ਰਮ ਕੇ ਕਾਰਨ ਮਹਿਸੂਸ ਨਹੀ ਹੋਨੇ ਦੇਤਾ, ਲੇਕਿਨ ਹੋਤਾ ਹੈ, ਔਰ ਹੋਨਾ ਚਾਹੀਏ ਭੀ, ਜਿਸ ਪਰਾਂਣੀ ਮੇ ਜਾਨ ਹੈ ਉਸ ਮੇ ਦਰਦ ਭੀ ਹੈ, ਯੇ ਕੁਦਰਤ ਕਾ ਕਾਨੂੰਨ ਹੈ … ।
"ਮਾਮਾ ਜੀ, ਬਹੁਤ ਅੱਛੇ ਰੋਣ ਦਾ ਵੀ ਕੁੱਝ ਅਪਣਾ ਹੀ ਮਜਾ ਆ, ਬਹੁਤ ਬੋਝ ਆ ਤੁਹਾਡੇ ਡੀ ਐਸ ਪੀ ਵਾਲੇ ਰੋਲ ਤੇ, ਇਹ ਮਾਮਾ ਬਣ ਕੇ ਹੀ ਹਲਕਾ ਹੋ ਸਕਦਾ, ਸ਼ੁਕਰ ਆ ਕਿ ਤੁਹਾਡੀ ਇੱਕ ਭੈਣ ਸੀ, ਨਹੀ ਤਾਂ ਇਹ ਬੋਝ ਕਦੇ ਵੀ ਹਲਕਾ ਨਹੀ ਸੀ ਹੋਣਾ ਤੇ ਇਸ ਭਾਰੀ ਗਠੜੀ ਨੂੰ ਚੁਕੀ ਜਦੋ ਤੁਸੀ ਰੱਬ ਦੇ ਦਰਬਾਰ ਹਾਜਰ ਹੋਣਾ ਸੀ ਉਦੋ ਤੁਹਾਡੀ ਜਮਾਨਤ ਨਹੀ ਸੀ ਹੋ ਸਕਣੀ, ਕਿਸੇ ਨੇ ਜਮਾਨਤ ਨਹੀ ਦੇਣੀ ਓਥੇ, ਇਸ ਗਠੜੀ ਵਿੱਚ ਥੋੜਾ ਛੇਕ ਹੋਣ ਦਿਓ, ਕਿਰ ਜਾਣ ਦਿਓ ਥੋੜੇ ਜਿਹੇ ਪਾਪ ਇਹਦੇ ਵਿੱਚੋ"।
ਦੇਬੀ ਦੇ ਬੋਲ ਕਾਹਦੇ ਸਨ, ਅਣਿਆਲੇ ਤੀਰ ਸਨ ਜੋ ਚੀਮੇ ਦੇ ਸੀਨੇ ਵਿੱਚ ਵੱਜ ਰਹੇ ਸਨ ਤੇ ਅੰਦਰਲੀ ਹਾਉਮੇ ਦੀ ਗੰਦਗੀ ਦਾ ਹੜ ਅੱਖਾਂ ਰਾਹੀ ਵਹਿ ਰਿਹਾ ਸੀ …
"ਕੁਝ ਨਾ ਕਹੋ, ਜਬਾਨ ਨੇ ਬਹੁਤ ਕੁੱਝ ਬੋਲ ਲਿਆ ਹੈ, ਇਸ ਨੂੰ ਥੋੜੀ ਛੁੱਟੀ ਦੇਵੋ, ਇੱਕ ਅਖੱਾਂ ਹੀ ਹਨ ਜੋ ਝੂਠ ਨਹੀ ਬੋਲਦੀਆ, ਇਨਾ ਦੀ ਭਾਸ਼ਾ ਮੈਂ ਸਮਝ ਰਿਹਾ ਹਾਂ ਤੇ ਬਹੁਤ ਤਰਸ ਵੀ ਆ ਰਿਹਾ ਮਾਮਾ ਜੀ ਤੁਹਾਡੇ ਤੇ ਪਰ ਕੋਈ ਮਦਦ ਨਹੀ ਕਰ ਸਕਦਾ, ਆਪੋ ਅਪਣੇ ਕਰਮ ਜੋ ਕੀਤੇ ਹਨ ਉਨਾ ਦੇ ਫਲ ਖੁਦ ਖਾਣੇ ਹੋਣਗੇ, ਅੱਗੇ ਤੋ ਜਹਿਰ ਨਾ ਬੀਜਿਓ, ਪਹਿਲੀ ਤਾਂ ਭੁਗਤਣੀ ਹੀ ਪਵੇਗੀ"।
ਚੀਮਾ ਕੁੱਝ ਕਹਿਣ ਲੱਗਾ ਸੀ ਪਰ ਜਜਬਾਤ ਦੇ ਵਹਾਅ ਨੇ ਜੁਬਾਨ ਨੂੰ ਬੋਲਣ ਤੋ ਰੋਕ ਲਿਆ ਸੀ ਤੇ ਇਹ ਦੇਖ ਕੇ ਦੇਬੀ ਨੇ ਕੁੱਝ ਹੋਰ ਵਾਰ ਕੀਤੇ, ਉਹ ਗਰਮ ਲੋਹੇ ਤੇ ਹੋਈ ਚੋਟ ਨੂੰ ਰੱਬ ਦੀ ਮਿਹਰ ਮੰਨਦਾ ਸੀ ਤੇ ਚੀਮੇ ਦੇ ਮਨ ਦਾ ਲੋਹਾ ਅੱਜ ਜਿੰਨਾ ਗਰਮ ਕਦੇ ਹੋਇਆ ਹੀ ਨਹੀ ਸੀ, ਐਸੀ ਸਜਾ ਜੋ ਦੇਬੀ ਅਪਣੇ ਨਿਮਰਤਾ ਵਾਲੇ ਵਿਵਹਾਰ ਨਾਲ ਦੇ ਰਿਹਾ ਸੀ ਇਹ ਸਜਾ ਕਿਸੇ ਦੁਨੀਆ ਦੀ ਅਦਾਲਤ ਤੋ ਨਹੀ ਸੀ ਦੇ ਹੋਣੀ, ਤੇ ਨਾਂ ਹੀ ਚੀਮੇ ਵਿੱਚ ਕੋਈ ਸੁਧਾਰ ਆਉਣਾ ਸੀ, ਕਿੰਨੇ ਚੀਮੇ ਹਨ ਪੰਜਾਬ ਵਿੱਚ ਜਿਨਾ ਤੇ ਕੇਸ ਚੱਲ ਰਹੇ ਆ, ਤੇ ਕਿੰਨੇ ਹਨ ਜਿਨਾ ਨੇ ਕੇਸ ਚੱਲਣ ਹੀ ਨਹੀ ਦਿੱਤੇ, ਕਈ ਕਮਜੋਰ ਦੇਬੀਆਂ ਦੀਆ ਜੁਬਾਨਾ ਹੀ ਖਿੱਚ ਲਈਆ ਗਈਆ, ਉਨਾ ਕੇਸਾ ਵਿੱਚੋ ਕੁੱਝ ਵੀ ਨਹੀ ਨਿਕਲਣਾ, ਦੁਨੀਆ ਵਿੱਚ ਕੋਈ ਬਦਲਾਵ ਨਹੀ ਆਉਣਾ ਪਰ ਇਸ ਕੇਸ ਵਿੱਚ ਕਰਾਤੀ ਹੋ ਚੁੱਕੀ ਸੀ।
ਪਰਵਾਰ ਦੇ ਮੈਂਬਰਾ ਨੇ ਕਦੇ ਕਰਤਾਰ ਨੂੰ ਰੋਦੇ ਨਹੀ ਸੀ ਦੇਖਿਆ, ਉਹ ਕਹਿੰਦੇ ਸਨ ਕਿ ਕਰਤਾਰ ਦੇ ਸੀਨੇ ਵਿੱਚ ਸ਼ੇਰ ਦਾ ਦਿਲ ਆ, ਹੁਣ ਭਿੱਜੀ ਬਿੱਲੀ ਬਣ ਗਿਆ ਸੀ, ਏਦਾ ਹੀ ਅੱਖਾਂ ਪੂੰਜਦਾ ਉਹ ਬਾਹਰ ਚਲੇ ਗਿਆ, ਹੁਣ ਤੱਕ ਦੇਬੀ ਦੇ ਚੈਕਅੱਪ ਦਾ ਸਮਾ ਹੋ ਚੁੱਕਿਆ ਸੀ, ਦੋਵਾ ਮਾਮਿਆ ਵੱਲੋ ਗੁਪਤਾ ਸਾਹਿਬ ਨੂੰ ਚੈਕ ਕੱਟ ਕੇ ਦਿੱਤੇ ਗਏ ਸਨ ਤੇ ਹਰ ਸੰਭਵ ਕੋਸ਼ਿਸ਼ ਕਰਨ ਦੀ ਬੇਨਤੀ ਵੀ, ਰੁਪਏ ਦੀ ਪਰਵਾਹ ਨਹੀ ਸੀ ਕੀਤੀ ਜਾ ਰਹੀ, ਹਰ ਦੇਸੀ ਤੇ ਅੰਗਰੇਜੀ ਇਲਾਜ ਜੋ ਸੰਭਵ ਸੀ ਕੀਤਾ ਜਾ ਰਿਹਾ ਸੀ।
ਅਖਬਾਰ ਦੇ ਪੱਤਰਕਾਰ ਵੀ ਸਾਰੀ ਕਹਾਣੀ ਲਿਖ ਕੇ ਲੈ ਗਏ ਸਨ, ਇਸ ਅਜੀਬ ਕੇਸ ਦੀ ਅਦਾਲਤ ਵਿੱਚ ਕਿਵੇ ਸੁਣਵਾਈ ਹੋਵੇਗੀ ਤੇ ਜੱਜ ਕੀ ਫੈਸਲਾ ਕਰੇਗਾ ਦੇ ਅੰਦਾਜੇ ਲਗਾਏ ਜਾ ਰਹੇ ਸਨ।
ਓਧਰ ਪਿੰਡ ਵਾਲਿਆ ਨੇ ਥੋੜਾ ਜਿਹਾ ਸੁੱਖ ਦਾ ਸਾਹ ਲਿਆ ਸੀ, ਕਾਕੇ ਨੂੰ ਤਾਂ ਹੁਣ ਕੌਣ ਵਾਪਿਸ ਲਿਆਉਦਾ ਪਰ ਦੇਬੀ ਬਚ ਗਿਆ ਸੀ, ਹੁਣ ਉਹ ਸਭ ਉਡੀਕ ਰਹੇ ਸਨ ਕਿ ਕਦੋ ਦੇਬੀ ਘਰ ਆਵੇ, ਸਰਪੰਚ ਕੱਲ ਦਾ ਬਹੁਤ ਸੀਰੀਅਸ ਹੋਇਆ ਪਿਆ ਸੀ, ਖਿਆਲਾਂ ਵਿੱਚ ਡੁੱਬਿਆ ਰਹਿੰਦਾ, ਪਤਾ ਨਹੀ ਕੀ ਕੀ ਸੋਚ ਰਿਹਾ ਸੀ, ਉਸਦੀ ਘਰਵਾਲੀ ਨੇ ਸਾਰੀ ਗੱਲ ਦੇਬੀ ਤੇ ਦੀਪੀ ਦੇ ਪਿਆਰ ਦੀ ਦੱਸ ਦਿੱਤੀ ਸੀ, ਬਚਪਨ ਦੀ ਗਿਆਨੀ ਮਾਸਟਰ ਦੀ ਕੁੱਟ ਤੋ ਲੈ ਕੇ ਕੱਲ ਸ਼ਾਮ ਤੱਕ, ਜੇ ਦੇਬੀ ਦੀ ਥਾ ਤੇ ਕੋਈ ਹੋਰ ਗੱਭਰੂ ਇਹ ਗੁਸਤਾਖੀ ਕਰਦਾ ਤਾਂ ਹੁਣ ਤੱਕ ਸ਼ਾਇਦ ਉਹਦਾ ਕਿਸੇ ਦਰਿਆ ਕੰਢੇ ਸੱਚੀ ਹੀ ਪੁਲੀਸ ਮੁਕਾਬਲਾ ਬਣਿਆ ਹੁੰਦਾ, ਪੁਲੀਸ ਲਈ ਖਾੜਕੂ ਤੇ ਪਰੇਮੀ ਵਿੱਚ ਕੋਈ ਫਰਕ ਨਹੀ, ਇੱਕ ਲਾਸ਼ ਵੱਧ ਕੀ ਤੇ ਘੱਟ ਕਿ, ਬੰਦੇ ਕਿਹੜਾ ਮੁੱਲ ਮਿਲਦੇ ਆ, ਸਾਰਾ ਭਾਰਤ ਬੰਦਿਆ ਨਾਲ ਹੀ ਭਰਿਆ ਪਿਆ, ਪੰਜਾਬ ਪੁਲੀਸ ਨੇ ਸਗੋ ਕੁੱਝ ਅਬਾਦੀ ਘਟਾਉਣ ਵਿੱਚ ਮਦਦ ਹੀ ਕੀਤੀ ਆ …
ਪੰਜਾਬ ਪੁਲੀਸ ਜਿੰਦਾਬਾਦ।
ਦੇਬੀ ਵਾਲੇ ਕੇਸ ਤੇ ਸਰਪੰਚ ਬਹੁਤ ਸੋਚ ਰਿਹਾ ਸੀ, ਜੇ ਇਹ ਮੁੰਡਾ ਕਿਸੇ ਹੋਰ ਪਿੰਡ ਤੋ ਹੁੰਦਾ ਤੇ ਕੋਈ ਇਹਦਾ ਰਿਸ਼ਤਾ ਲੈ ਕੇ ਆਉਦਾ ਤਾ ਮੈ ਇੱਕ ਪਲ ਵੀ ਦੇਰ ਨਹੀ ਸੀ ਕਰਨੀ, ਐਸੇ ਗੁਣਾ ਦਾ ਮਾਲਕ ਕਿਤੇ ਰੋਜ ਨੀ ਲੱਭਦਾ, ਪਰ ਇਹ ਮੇਰੇ ਪਿੰਡ ਦਾ ਆ, ਤੇ ਸਮਾਜ ਅਨੁਸਾਰ ਪਿੰਡ ਵਿੱਚ ਵਿਆਹ ਹੁੰਦਾ ਨਹੀ, ਲੋਕ ਲਾਜ ਦਾ ਕੀ ਕਰਾਂ, ਕੀ ਅਪਣੀ ਧੀ ਦੀ ਇਨੀ ਵਧੀਆ ਪਸੰਦ ਨੂੰ ਅੱਖੋ ਪਰੋਖੇ ਕਰ ਕੇ ਉਹਦੇ ਨਾਲ ਸਿਰਫ ਏਸ ਲਈ ਬੇਇਨਸਾਫੀ ਕਰ ਦਿਆ ਕਿ ਇਹ ਮੇਰੇ ਪਿੰਡ ਦਾ ਮੁੰਡਾ ਆ ?
ਜੇ ਲੋਕਾਂ ਦੀ ਪਰਵਾਹ ਨਾਂ ਵੀ ਕਰਾਂ, ਬਹੁਤੇ ਤਾਂ ਸ਼ਾਇਦ ਖੁਸ਼ ਹੀ ਹੋਣ, ਪਰ ਜੇ ਦੋ ਚਾਰ ਆਦਤ ਤੋ ਮਜਬੂਰ ਖੰਭਾ ਦੀ ਡਾਰ ਬਣਾਉਣ ਵੀ ਤਾਂ ਮੈਨੁੰ ਕਿਸੇ ਲੰਡੇ ਲਾਟ ਦੀ ਕੀ ਪਰਵਾਹ ਆ, ਜੇ ਬਚਨ ਸਿੰਘ ਏਨਾ ਗਰੀਬ ਆਦਮੀ ਇਹ ਕਦਮ ਚੁੱਕ ਸਕਦਾ ਤਾ ਮੇਰਾ ਕੋਈ ਕੀ ਵਿਗਾੜ ਲਊ ? ਮੇਰੀ ਧੀ ਦੀ ਖੁਸ਼ੀ ਵਿੱਚ ਮੇਰਾ ਦੁੱਖ ਕਿੱਥੇ ਆ ? ਕੀ ਪਤਾ ਜਿੱਥੇ ਹੋਰ ਵਿਆਹੀ ਜਾਵੇ ਉਹ ਕੈਸੇ ਲੋਕ ਹੋਣਗੇ ? ਜੇ ਧੀ ਉਥੇ ਦੁਖੀ ਰਹੀ ਤਾਂ ਸਾਰੀ ਉਮਰ ਗੁਨਾਹਗਾਰ ਬਣਿਆ ਰਹੂੰ, ਲੋਕਾਂ ਦੇ ਡਰ ਤੋ ਜੇ ਅੱਜ ਡੋਲ ਗਿਆ ਤਾਂ ਇਨਾ ਵਿਚੋ ਕੋਣ ਜਿੰਮੇਵਾਰ ਹੋਵੇਗਾ ?
ਇਹ ਦੁੱਖ ਫਿਰ ਮੈਨੂੰ ਕੱਲੇ ਹੀ ਜਰਨਾ ਪਵੇਗਾ, ਇਕੋ ਧੀ ਹੈ ਜੇ ਉਸਨੂੰ ਵੀ ਖੁਸ਼ ਨਾਂ ਕਰ ਸਕਿਆ ਤਾਂ ਲਾਹਨਤ ਆ ਐਸੀ ਸਰਪੰਚੀ ਤੇ ਅਮੀਰੀ ਦੇ, ਨਾਲੇ ਨੇੜੇ ਵਸਦੀ ਧੀ ਦੇ ਸੌ ਸੁੱਖ ਦੁੱਖ ਵੇਲੇ ਲੋੜ ਪੈਂਣ ਤੇ ਹਾਜਰ ਹੋਇਆ ਜਾ ਸਕਦਾ, ਕਿਤੇ ਦੂਰ ਚਲੀ ਗਈ ਤੇ ਜਦ ਤੱਕ ਉਹਦੀ ਖਬਰ ਆਉਣੀ ਆ ਤੇ ਜਦ ਤੱਕ ਅਸੀ ਉਥੇ ਪਹੁੰਚਾਗੇ ਉਦੋ ਤੱਕ ਜਾਹ ਜਾਂਦੀ ਵੀ ਹੋ ਸਕਦੀ ਆ, ਬਾਬਾ ਨਾਨਕਾਂ ਕੱਢ ਇਸ ਕੁੜਿੱਕੀ ਚੋ, ਹੋ ਸਹਾਈ … ।।
ਐਹੋ ਜਿਹੀਆ ਸੋਚਾਂ ਸੋਚਦਾ ਸਰਪੰਚ ਖੇਤਾਂ ਵਿਚੋ ਘਰ ਵਾਪਿਸ ਆ ਰਿਹਾ ਸੀ, ਆਮ ਤੌਰ ਤੇ ਉਹ ਖੇਤਾ ਵਿੱਚ ਘੱਟ ਹੀ ਜਾਦਾ ਸੀ, ਕਿਤੇ ਕੋਈ ਘੁੰਡੀ ਆ ਅੜਦੀ ਤਾਂ ਉਹ ਖੇਤਾ ਵਿੱਚ ਕੱਲਾ ਫਿਰਦਾ ਸੋਚਦਾ ਰਹਿੰਦਾ, ਅੱਜ ਵੀ ਇਹੀ ਹੋ ਰਿਹਾ ਸੀ, ਆਉਣ ਤੋ ਪਹਿਲਾ ਉਸ ਨੇ ਦਲੀਪ ਨੂੰ ਸੁਨੇਹਾ ਭੇਜ ਦਿੱਤਾ ਸੀ ਕਿ ਉਹ ਘਰ ਆਵੇ, ਸਰਪੰਚ ਘਰਵਾਲੀ ਤੇ ਜਵਾਂਨ ਪੁੱਤ ਨਾਲ ਸਲਾਹ ਕਰਨੀ ਚਾਹੁੰਦਾ ਸੀ … ।
ਘਰ ਆਉਦੇ ਨੂੰ ਦਲੀਪ ਆਇਆ ਬੈਠਾ ਸੀ, ਉਹਦੀ ਮਾ ਤੇ ਉਹ ਦੋਵੇ ਫਿਕਰਮੰਦ ਜਿਹੇ ਲੱਗ ਰਹੇ ਸਨ, ਦੀਪੀ ਦਾ ਪੈਰ ਕਾਫੀ ਠੀਕ ਹੋ ਚੁੱਕਿਆ ਸੀ ਪਰ ਹਾਲੇ ਪੂਰੀ ਤਰਾ ਚੱਲ ਫਿਰ ਨਹੀ ਸੀ ਸਕਦੀ, ਵੈਸੇ ਵੀ ਦੇਬੀ ਵਾਲੇ ਕੇਸ ਤੋ ਬਾਅਦ ਉਹ ਕੁੱਝ ਜਿਆਦਾ ਧਾਰਮਿਕ ਹੋ ਗਈ ਸੀ, ਰੁੱਸੇ ਰੱਬ ਨੂੰ ਮਨਾਉਣ ਲਈ ਗੁਟਕਾ ਸਾਹਿਬ ਲੈ ਕੇ ਪਾਠ ਕਰਦੀ ਰਹਿੰਦੀ,
ਤਿੰਨੇ ਬੈਡਰੂਮ ਵਿੱਚ ਬੈਠ ਕੇ ਸਲਾਹ ਕਰ ਰਹੇ ਸਨ, ਸਭ ਤੋ ਪਹਿਲਾਂ ਸਰਪੰਚ ਨੇ ਅਪਣੇ ਖਿਆਲ ਦੱਸੇ, ਦੀਪੀ ਦੀ ਗੱਲ ਮੰਨ ਲੈਣ ਦੇ ਫਾਇਦੇ ਤੇ ਨੁਕਸਾਂਨ ਦੱਸੇ ਤੇ ਨਾਲ ਇਹ ਵੀ ਕਿਹਾ ਕਿ ਉਹ ਧੀ ਦੀ ਖੁਸ਼ੀ ਲਈ ਲੋਕਾਂ ਦੀ ਪਰਵਾਹ ਨਹੀ ਕਰੇਗਾ ਬਸ਼ਰਤੇ ਕਿ ਦੇਬੀ ਪੂਰੀ ਤਰਾਂ ਠੀਕ ਹੋ ਜਾਵੇ, ਜੇ ਉਹ ਸਰੀਰਕ ਤੌਰ ਤੇ ਕਮਜੋਰ ਰਹਿ ਜਾਦਾ ਹੈ ਤਾਂ ਫਿਰ ਉਹ ਦੀਪੀ ਦਾ ਭਵਿੱਖ ਦਾਅ ਤੇ ਨਹੀ ਲਾ ਸਕਦਾ, ਭਾਵੇ ਕਿ ਕੋਈ ਐਕਸੀਡੈਂਟ ਵਿਆਹ ਤੋ ਬਾਅਦ ਵੀ ਹੋ ਸਕਦਾ ਹੈ ਪਰ ਅੱਖੀ ਦੇਖ ਕੇ ਮੱਖੀ ਨਿਗਲਣਾ ਸਿਆਂਣੇ ਬੰਦੇ ਦਾ ਕੰਮ ਨਹੀ … ।।
ਦੀਪੀ ਦੀ ਮਾਂ ਤਾ ਪਹਿਲਾ ਹੀ ਘਬਰਾਈ ਹੋਈ ਸੀ ਤੇ ਇਕੋ ਇੱਕ ਧੀ ਨੂੰ ਹੱਸਦੇ ਦੇਖਣਾ ਚਾਹੁੰਦੀ ਸੀ, ਉਹ ਅਪਣੇ ਘਰਵਾਲੇ ਤੋ ਵੈਸੇ ਵੀ ਬਾਹਰੀ ਨਹੀ ਸੀ, ਜੇ ਸਰਪੰਚ ਇਨਾ ਜੇਰਾ ਕੱਢ ਸਕਦਾ ਆ ਤਾਂ ਉਹ ਉਹਦੀ ਸਪੋਟ ਚ ਖੜੀ ਹੋਵੇਗੀ … ।
ਦਲੀਪ ਪਹਿਲਾਂ ਤਾ ਨਰਾਜਗੀ ਤੇ ਗੁੱਸੇ ਵਿੱਚ ਆਇਆ ਅਤੇ ਕਹਿਣ ਲੱਗਾ ਕਿ ਦੇਬੀ ਨੇ ਧੋਖਾ ਕੀਤਾ ਆ, ਇਹ ਨਹੀ ਹੋ ਸਕਦਾ ਪਰ ਬਾਅਦ ਵਿੱਚ ਸਰਪੰਚ ਦੇ ਸਮਝਾਉਣ ਤੇ ਦੇਬੀ ਦੇ ਚਰਿੱਤਰ ਬਾਰੇ ਦੱਸ ਕੇ ਅਤੇ ਇਹ ਵੀ ਕਿ ਉਹ ਜਰਮਨ ਵਰਗਾ ਸਵਰਗ ਛੱਡ ਕੇ ਐਨੀ ਦੂਰ ਗਰਮੀ ਵਿੱਚ ਸੜਨ ਲਈ ਜੇ ਆਇਆ ਹੈ ਤਾ ਵਾਕਿਆ ਹੀ ਉਹ ਇਮਾਨਦਾਰ ਹੈ ਅਤੇ ਇਸ ਤੋ ਇਲਾਵਾ ਉਸ ਨੇ ਕਦੇ ਕੋਈ ਗਲਤ ਹਰਕਤ ਕੀਤੀ ਵੀ ਨਹੀ, ਲੋਕਾ ਵਿੱਚ ਉਸਦਾ ਸਤਿਕਾਰ ਤੇ ਜਾਇਦਾਦ ਤੋ ਇਲਾਵਾ ਕਿਸੇ ਵੀ ਪੱਖ ਵਿੱਚ ਉਹ ਸਰਪੰਚ ਪਰਵਾਰ ਤੋ ਘੱਟ ਨਹੀ ਸੀ, ਹੁਣ ਦਲੀਪ ਘੱਟੋ ਘੱਟ ਉਸਦੀ ਗੱਲ ਸੁਣ ਰਿਹਾ ਸੀ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ … ।।
"ਤੇਰਾ ਗੁੱਸਾ ਪੁੱਤ ਦੇਬੀ ਤੇ ਇਸ ਲਈ ਆ ਕਿ ਉਸ ਨੇ ਸਾਨੂੰ ਹਨੇਰੇ ਵਿੱਚ ਰੱਖਿਆ, ਹੁਣ ਤੂੰ ਹੀ ਸੋਚ ਉਹ ਸਾਨੂੰ ਕਿਹੜੇ ਮੂੰਹ ਨਾਲ ਦੱਸਦਾ ? ਤੇ ਤੇਰਾ ਗੁੱਸਾ ਇਸ ਲਈ ਵੀ ਆ ਕਿ ਉਹ ਸਾਡੇ ਪਿੰਡ ਦਾ ਆ ਤੇ ਟਕੇ ਟਕੇ ਦੇ ਲੋਕ ਸਾਡੀਆ ਗੱਲਾਂ ਕਰਨਗੇ ? ਸਵਾਲ ਤੇਰੀ ਭੈਣ ਦੀ ਖੁਸ਼ੀ ਦਾ ਆ ਕਿ ਪਿੰਡ ਦੇ ਲੋਕਾਂ ਦਾ ? ਜੇ ਇਹ ਕਿਸੇ ਦੂਰ ਇਲਾਕੇ ਦਾ ਹੁੰਦਾ ਤਾ ਤੂੰ ਰਿਸ਼ਤੇ ਤੋ ਨਾਹ ਕਰ ਦਿੰਦਾ ?" ਸਰਪੰਚ ਵਾਕਿਆ ਹੀ ਇਨਸਾਫ ਕਰਨ ਦੀ ਸੋਚ ਰਿਹਾ ਸੀ, ਉਸ ਨੂੰ ਲਗਦਾ ਸੀ ਜਿਵੇ ਉਹਦੀ ਪਿਆਰੀ ਜਿਹੀ ਧੀ ਕਟਿਹਰੇ ਵਿੱਚ ਖੜੀ ਹੋਵੇ ਤੇ ਦੋਵੇ ਹੱਥ ਜੋੜ ਕੇ ਅਪਣੀ ਖੁਸ਼ੀ ਦੀ ਭੀਖ ਮੰਗ ਰਹੀ ਹੋਵੇ ਤੇ ਪਿੰਡ ਦੇ ਲੋਕ ਕਹਿ ਰਹੇ ਹੋਣ
"ਨਹੀ ਸਰਪੰਚ ਸਾਹਿਬ, ਅਸੀ ਸਾਰੇ ਵੀ ਇੱਕ ਦੂਜੇ ਨਾਲ ਨਰੜੇ ਹੋਏ ਆ, ਵਡੇਰਿਆ ਦੀ ਰੀਤ ਆ, ਜੋੜੀਆ ਜੱਗ ਥੋੜੀਆ ਹਨ ਤੇ ਥੋੜੀਆ ਹੀ ਰਹਿਣ, ਇਸਦੀ ਖੁਸ਼ੀ ਦੀ ਪਰਵਾਹ ਨਾ ਕਰੋ, ਸਾਡੇ ਕਹਿਰ ਤੋ ਡਰੋ, ਅਸੀ ਤੁਹਾਡੀ ਬੇਇਜਤੀ ਕਰਾਗੇ, ਮੂੰਹ ਜੋੜ ਜੋੜ ਕੇ ਗੱਲਾਂ ਕਰਾਗੇ, , , , ਹਾ ਹਾ ਹਾ ਹਾ" ਤੇ ਸਾਰੇ ਸਰਪੰਚ ਵੱਲ ਹੱਥ ਕਰ ਕਰ ਕੇ ਕੁੱਝ ਕਹਿ ਰਹੇ ਸਨ, ਰੋਲ ਕਚੌਲੇ ਵਿੱਚ ਉਸ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਲੋਕ ਕੀ ਗੱਲਾਂ ਕਰ ਰਹੇ ਹਨ ਉਹ ਘਬਰਾ ਕੇ ਉਥੋ ਭੱਜ ਹੀ ਜਾਣ ਲੱਗਾ ਸੀ ਕਿ ਉਹਦੀ ਨਜਰ ਉਥੇ ਬੈਠੇ ਇੱਕ ਬਯੁਰਗ ਤੇ ਪਈ, ਜਿਸਦੇ ਚੇਹਰੇ ਤੇ ਇੱਕ ਵੱਖਰਾ ਹੀ ਨੂਰ ਸੀ, ਉਹ ਬਯੁਰਗ ਉਹਦੇ ਕੋਲ ਆਇਆ ਤੇ ਕਹਿਣ ਲੱਗਾ … ।
"ਬੱਚਾ, ਇੱਕ ਦਿਨ ਦਾ ਦੁੱਖ ਸਾਰੀ ਉਮਰ ਦਾ ਸੁੱਖ, ਜੇ ਅੱਜ ਡਰ ਗਿਆ ਤਾ ਸਦਾ ਹੀ ਡਰਿਆ ਰਹੇਗਾ, ਪਰੇਮ ਦੇ ਰਾਹ ਵਿੱਚ ਰੋੜਾ ਬਣਨਾ ਰੱਬ ਵੱਲ ਪਿੱਠ ਕਰਨਾ ਆ, ਕਰਦੇ ਬਗਾਵਤ ਕਮਜੋਰੀ ਤੋ, ਤੋੜ ਦੇ ਇਨਾ ਦੇ ਮੂੰਹ"।
ਤੇ ਹੁਣ ਬਯੁਰਗ ਅਲੋਪ ਸੀ, ਨਜਰ ਨਹੀ ਸੀ ਆ ਰਿਹਾ ਪਰ ਸਰਪੰਚ ਦੇ ਡੋਲੇ ਮਨ ਨੂੰ ਥੰਮ ਗਿਆ ਸੀ, ਉਹ ਫਿਰ ਸੋਚੀ ਪੈ ਗਿਆ ਸੀ ਕਿ … ।
ਵਿਆਹ ਮੇਰੀ ਧੀ ਨੇ ਕਰਾਉਣਾ ਆ ਤੇ ਉਹਦੀ ਜਿੰਮੇਦਾਰੀ ਮੇਰੀ ਆ ਕਿ ਧੀ ਲਈ ਯੋਗ ਵਰ ਦੇਖਾਂ, ਪਰ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਕਿ ਜੇ ਧੀ ਯੋਗ ਵਰ ਦੇਖ ਲ਼ਵੇ ਤਾਂ ਉਹ ਮੈਨੂੰ ਮਨਜੂਰ ਨਹੀ ਹੋ ਸਕਦਾ ? ਤੇ ਇਹ ਲੋਕ ?
ਨਾ ਨੁੰ ਪੁੱਛਣਾ ਕਿਓ ਜਰੂਰੀ ਹੈ ? ਇਨਾ ਨੂੰ ਮੇਰੀ ਧੀ ਦੀ ਖੁਸ਼ੀ ਦੀ ਕੋਈ ਜਿਆਦਾ ਚਿੰਤਾ ਆ ? ਨਹੀ, ਇਹ ਤਮਾਸ਼ ਬੀਨ ਹਨ, ਅਪਣਾ ਦੁੱਖ ਮੇਰੇ ਘਰ ਸੁੱਟ ਰਹੇ ਆ, ਇਹ ਮੈਨੂੰ ਦੁਖੀ ਨਹੀ ਕਰ ਸਕਦੇ, ਮੈ ਕਮਜੋਰ ਨਹੀ ਰਹਾਂਗਾ, ਮੇਰਾ ਅਪਣਾ ਧੀ ਪ੍ਰਤੀ ਜਿਆਦਾ ਫਰਜ ਆ, ਮੇਰੀ ਧੀ ਨੇ ਕੋਈ ਗਲਤ ਵਰ ਨਹੀ ਚੁਣਿਆ, ਏਸ ਯੋਗ ਵਰ ਨੂੰ ਜੇ ਧੱਕਾ ਦਿੱਤਾ ਤਾਂ ਕਿਧਰੇ ਉਹ ਸਾਰੀ ਉਮਰ ਧੁਖਦੀ ਹੀ ਨਾ ਰਹੇ, ਫਿਰ ਕਿਵੇ ਮਾਫ ਕਰਾਗਾ ਅਪਣੇ ਆਪ ਨੂੰ ? …
"ਭਾਪਾ ਜੀ … ਭਾਪਾ ਜੀ … ਕੀ ਸੋਚਣ ਲੱਗ ਪਏ ?"
ਦਲੀਪ ਦੀ ਅਵਾਜ ਸੁਣ ਕੇ ਸਰਪੰਚ ਦੀ ਸੋਚ ਟੁੱਟੀ, ਉਹ ਅਪਣੇ ਸਾਹਮਣੇ ਸਾਰਾ ਕੁੱਝ ਇੱਕ ਫਿਲਮ ਦੀ ਤਰਾ ਦੇਖ ਰਿਹਾ ਸੀ।
"ਹਾ ਪੁੱਤ, ਐਵੇ ਕਈ ਸੋਚਾ ਆਉਦੀਆ ਮਨ ਵਿੱਚ, ਤੂੰ ਦੱਸ ਤੇਰਾ ਕੀ ਖਿਆਲ ਆ"।
ਸਰਪੰਚ ਨੇ ਦਲੀਪ ਨੂੰ ਪੁੱਛਿਆ।
"ਭਾਪਾ ਜੀ ਜੇ ਸੱਚ ਪੁੱਛੋ ਤਾ ਦੇਬੀ ਤੋ ਚੰਗਾ ਮੁੰਡਾ ਮੈ ਸਾਰੇ ਇਲਾਕੇ ਵਿੱਚ ਨਹੀ ਦੇਖਿਆ, ਪਰ ਇਹ ਰਿਸ਼ਤੇਦਾਰ ਤੇ ਪਿੰਡ ਵਾਲੇ, ਜੇ ਕਿਸੇ ਨੇ ਕੁੱਝ ਕਹਿ ਦਿੱਤਾ ਤਾ ਮੇਰੇ ਕੋਲੋ ਕੁੱਟੇ ਜਾਣੇ ਆ ਫੇਰ ਨਾ ਕਿਹੋ"।
ਦਲੀਪ ਨੇ ਅਪਣੀ ਮੁਸ਼ਕਿਲ ਦੱਸੀ।
"ਪੁੱਤ ਕੁੱਟਿਆ ਲੋਕ ਮੁੱਕਣ ਨਹੀ ਲੱਗੇ, ਇਹ ਦੋ ਚਾਰ ਦਿਨਾ ਤੋ ਵੱਧ ਭੌਕ ਨਹੀ ਸਕਦੇ, ਭਾਵੇ ਕੁੱਤੇ ਦਾ ਹੀ ਰੋਲ ਕਰ ਰਹੇ ਆ ਪਰ ਜਦੋ ਇਹ ਕੋਈ ਹੋਰ ਨਵੀ ਗੱਲ ਸੁਣਦੇ ਆ ਤਾ ਓਧਰ ਨੂੰ ਮੂੰਹ ਕਰਕੇ ਭੌਕਣ ਲੱਗ ਪੈਣਗੇ, ਉਹ ਕੁੱਤੇ ਹੀ ਕਾਹਦੇ ਹੋਏ ਜੋ ਭੌਕਣ ਨਾਂ ? ਕੁੱਤੇ ਭੌਕਦੇ ਰਹਿੰਦੇ ਹਨ ਤੇ ਰਾਹੀ ਅਪਣੀ ਮੰਜਿਲ ਵੱਲ ਵਧਦੇ ਰਹਿੰਦੇ ਹਨ"।
ਸਰਪੰਚ ਨੇ ਸਮਝਾਇਆ।
"ਤੇਰੀ ਇੱਕ ਭੈਣ ਆ ਪੁੱਤ, ਸਾਡੇ ਸਿਰ ਤੇ ਕੋਈ ਬੋਝ ਨਹੀ, ਬਹੁਤੀ ਕਾਹਲੀ ਕਰਨ ਦੀ ਲੋੜ ਵੀ ਨਹੀ, ਸੋਚ ਲਓ, ਪਰ ਇੱਕ ਗੱਲ ਆ ਪੁੱਤ ਜੇ ਤੇਰੀ ਭੈਣ ਸੋਨੇ ਵਿੱਚ ਲੱਦੀ ਵੀ ਦੁਖੀ ਰਹੀ ਤਾ ਸਾਰੀ ਉਮਰ ਨਜਰਾ ਨਹੀ ਮਿਲਾ ਸਕੇਗਾ, ਤੇ ਏਹ ਲੋਕ ? ਏਹ ਤੈਨੂੰ ਕੋਈ ਤਗਮਾਂ ਨਹੀ ਦੇਣ ਲੱਗੇ, ਜੇ ਅਸੀ ਅਪਣੀ ਧੀ ਤੇ ਭੈਣ ਦੀ ਮਦਦ ਨਾਂ ਕਰਾਗੇ ਤਾ ਫਿਰ ਉਹ ਕੀਹਦੇ ਦਰ ਤੇ ਜਾਊ ? ਪਰਸੋ ਦੀ ਬਾਬੇ ਦੀ ਫੋਟੋ ਮੋਹਰਿਓ ਨੀ ਉਠਦੀ, ਧੱਕੇ ਨਾਲ ਰੋਟੀ ਖਵਾਈ ਆ ਬੱਸ ਰੋਈ ਜਾਦੀ ਆ, ਧੀ ਧਿਆਣੀ ਆ ਰੋਣ ਤੋ ਵੱਧ ਹੋਰ ਕਰ ਵੀ ਕੀ ਸਕਦੀ ਆ, ਪਰ ਧੀ ਦੇ ਹੰਝੂ ਬਹੁਤ ਕੀਮਤੀ ਹੁੰਦੇ ਆ ਪੁੱਤ ਇਹ ਡੁੱਲਣੇ ਨਹੀ ਚਾਹੀਦੇ"। ਦਲੀਪ ਦੀ ਮਾ ਨੇ ਪਹਿਲੀ ਵਾਰ ਸਮਝਾਉਤੀ ਦਿੱਤੀ, ਦਲੀਪ ਮਾ ਨੂੰ ਪਛੜੀ ਹੋਈ ਸਮਝਦਾ ਸੀ ਪਰ ਇਹ ਤਾ ਉਸ ਤੋ ਵੀ ਅੱਗੇ ਦੀ ਸੋਚਦੀ ਆ।
"ਕਮਾਲ ਆ ਬੀਬੀ, ਜਦੋ ਦਾ ਆਹ ਦੇਬੀ ਪਿੰਡ ਆਇਆ, ਸਾਰੇ ਈ ਬੜੀਆ ਗਿਆਨ ਦੀਆ ਗੱਲਾਂ ਕਰਨ ਲੱਗ ਪਏ, ਤਾਇਆ ਨੰਬਰਦਾਰ ਸੁਧਰ ਗਿਆ ਬੂਟਾ ਸਿੰਘ ਹੋਰਾ ਦੀ ਲੜਾਈ ਮੁੱਕ ਗਈ, ਪਿੰਡ ਦੇ ਵਿਹਲੜ ਕਮਾਈ ਕਰਨ ਲੱਗ ਪਏ ਤੇ ਮੇਰੀ ਬੀਬੀ ਪੜੀਆ ਲਿਖੀਆ ਗੱਲਾ ਕਰਨ ਲੱਗ ਪਈ"।
ਦਲੀਪ ਨੂੰ ਬੀਬੀ ਦੀ ਗੱਲ ਚੰਗੀ ਲੱਗੀ ਸੀ।
"ਪੁੱਤ ਠੰਡੇ ਮਨ ਨਾਲ ਸੋਚੀਏ ਤਾ ਚੰਗੀ ਗੱਲ ਹੀ ਨਿਕਲਦੀ ਆ ਮੂੰਹੋ, ਜੇ ਅੰਦਰ ਪਹਿਲਾ ਈ ਸੜਿਆ ਹੋਇਆ ਤਾ ਅੱਗ ਈ ਨਿਕਲਣੀ ਆ ਮੂੰਹੋ, ਜੇ ਮਾਪੇ ਧੀ ਦਾ ਰਿਸ਼ਤਾ ਕਰਨ ਲੱਗੇ ਨਾ ਠੰਡਾ ਮਨ ਰੱਖਣ ਤਾ ਫੇਰ ਰੱਬ ਵੀ ਕੀ ਕਰੂ ?"
ਮਾਤਾ ਨੇ ਫਿਰ ਕਿਹਾ।
"ਮੈਨੂੰ ਪਰ ਇੱਕ ਹੋਰ ਚਿੰਤਾ ਆ, ਇਹ ਐਮ ਐਲ ਏ ਬਹੁਤ ਕਮੀਨਾ ਬੰਦਾ ਆ, ਏਹਦੇ ਚੱਟੇ ਰੁੱਖ ਹਰੇ ਨੀ ਹੁੰਦੇ, ਇਹਦਾ ਕੀ ਕਰਾਂਗੇ ?"
ਸਰਪੰਚ ਦੇ ਮੱਥੇ ਤੇ ਚਿੰਤਾ ਦੀਆ ਤਿਊੜੀਆ ਪੈ ਗਈਆ, ਦੋਵੇ ਮਾਂ ਪੁੱਤ ਵੀ ਸੋਚੀ ਪੈ ਗਏ ।
"ਚਲੋ ਬਾਬੇ ਨਾਨਕ ਦੀ ਓਟ ਰੱਖੋ ਆਪੇ ਕੋਈ ਰਾਹ ਦਿਖਾਊ"।
ਮਾਤਾ ਨੇ ਚੁੱਪ ਤੋੜੀ।
"ਫਿਲਹਾਲ ਆਪਾ ਸਾਰੇ ਇਸ ਗੱਲ ਨਾਲ ਸਹਿਮਤ ਆ ਕਿ ਦੀਪੀ ਦੀ ਖੁਸ਼ੀ ਹੀ ਸਾਡੀ ਵੀ ਖੁਸ਼ੀ ਆ ? ਸਰਪੰਚ ਨੇ ਵੋਟ ਲੈਣ ਵਾਗੂੰ ਪੁੱਛਿਆ, ਆਮ ਤੌਰ ਤੇ ਉਹ ਫੈਸਲੇ ਖੁਦ ਕਰਦਾ ਸੀ ਤੇ ਦੂਜਿਆ ਨੂੰ ਘੱਟ ਪੁੱਛਦਾ ਪਰ ਉਸ ਨੂੰ ਲਗਦਾ ਸੀ ਕਿ ਇਹ ਫੈਸਲਾ ਕੋਈ ਸਧਾਰਨ ਫੈਸਲਾ ਨਹੀ ਜੋ ਬਿਨਾ ਡੂੰਘੀ ਵਿਚਾਰ ਤੋ ਲਿਆ ਜਾ ਸਕ"ੇ।
ਦੋਵਾ ਮਾ ਪੁੱਤਾ ਨੇ ਸਿਰ ਹਾਂ ਵਿੱਚ ਹਿਲਾਏ, ਸਰਪੰਚ ਅਪਣੇ ਮਨ ਵਿੱਚ ਹੀ ਹਲਕਾ ਹੋ ਗਿਆ, ਲੋਕਾ ਦੇ ਡਰ ਨਾਂ ਦੀ ਚੀਜ ਉਸ ਨੇ ਮਨ ਚੋ ਬਾਹਰ ਕੱਢ ਦਿੱਤੀ ਸੀ।
ਓਧਰ ਚੀਮਾ ਪਰਵਾਰ ਵਿੱਚ ਸਲਾਹ ਮਸ਼ਵਰਾ ਹੋ ਰਿਹਾ ਸੀ … ।
"ਛੋਟੇ ਇਹ ਭਾਰੀ ਗੁਨਾਹ ਹੋ ਗਿਆ, ਇਨੀ ਅਸਾਨੀ ਨਾਲ ਹੱਲ ਨਹੀ ਹੋਣਾ, ਹਰ ਅਖਬਾਰ ਵਿੱਚ ਖਬਰ ਲੱਗ ਚੁੱਕੀ ਆ, ਕੋਈ ਤਰਕੀਬ ਨਹੀ ਸੁੱਝਦੀ"।
ਸੁਰਿੰਦਰ ਸਿੰਘ ਨੇ ਚਿੰਤਾ ਨਾਲ ਕਿਹਾ।
"ਵੀਰ ਜੀ, ਹੁਣ ਕੋਈ ਤਰਕੀਬ ਨਹੀ ਲੱਭਣੀ, ਜਦੋ ਦਾ ਮਹਿਕਮੇ ਵਿੱਚ ਭਰਤੀ ਹੋਇਆ ਆ ਬੱਸ ਤਰਕੀਬਾ ਹੀ ਲੱਭਦਾ ਰਿਹਾ ਹਾ, ਇੱਕ ਮਸਲਾ ਹੱਲ ਹੋਇਆ ਤੇ ਦੂਜਾ ਸ਼ੁਰੂ, ਮੈ ਤਾਕਤ ਦੇ ਨਸ਼ੇ ਵਿੱਚ ਕਦੇ ਸੋਚਿਆ ਹੀ ਨਹੀ ਕਿ ਇਹ ਤਾਕਤ ਜੇ ਰੱਬ ਨੇ ਦਿੱਤੀ ਹੈ ਤਾ ਮਜਲੂਮ ਦੀ ਰੱਖਿਆ ਕਰਨ ਲਈ, ਮੈ ਬਹੁਤ ਗਲਤ ਵਰਤੀ ਆ ਇਹ ਤਾਕਤ, ਰੱਬ ਲਗਦਾ ਵਾਪਿਸ ਲੈਣ ਦੀ ਤਿਆਰੀ ਕਰ ਰਿਹਾ, ਤੇ ਜੇ ਉਹ ਲੈ ਵੀ ਲਵੇ ਤਾ ਚੰਗਾ ਈ ਆ, ਮੈ ਨਹੀ ਸਮਝਦਾ ਕਿ ਮੈ ਪਹਿਲਾ ਵਾਗ ਥਾਂਣੇ ਵਿੱਚ ਡਿਊਟੀ ਕਰ ਪਾਵਾਗਾ"।
ਕਰਤਾਰ ਹਰ ਗੱਲ ਲਈ ਖੁਦ ਨੂੰ ਤਿਆਰ ਕਰ ਚੁੱਕਾ ਸੀ।
"ਪਾਪਾ ਮੇਰਾ ਦਿਲ ਗਵਾਹੀ ਦਿੰਦਾ ਕਿ ਰੱਬ ਤੁਹਾਨੂੰ ਇਸ ਮੁਸ਼ਕਿਲ ਵਿੱਚੋ ਜਰੂਰ ਬਾਹਰ ਕੱਢੇਗਾ ਪਰ ਤੁਸੀ ਬਹੁਤ ਜਾਲਮਾਨਾ ਵਿਵਹਾਰ ਕੀਤਾ ਦੇਬੀ ਵੀਰ ਨਾਲ, ਮੈ ਕਦੇ ਸੋਚਿਆ ਨਹੀ ਸੀ ਕਿ ਮੇਰੇ ਪਾਪਾ ਐਨੇ ਕਰੋਧਿਤ ਵੀ ਹੋ ਸਕਦੇ ਆ, ਕਿੰਨੀ ਪੀੜ ਹੋਈ ਹੋਵੇਗੀ ਵੀਰ ਨੂੰ ?"
ਸਤਿੰਦਰ ਨੂੰ ਅਪਣੇ ਪਿਓ ਦੇ ਵਹਿਸ਼ੀਆਨਾ ਵਿਵਹਾਰ ਦੀ ਉਕੀ ਉਮੀਦ ਨਹੀ ਸੀ, ਦੇਬੀ ਦੀ ਪੀੜ ਦਾ ਅੰਦਾਜਾ ਲਾ ਕੇ ਕੁੜੀ ਦੀਆ ਅੱਖਾ ਫੇਰ ਸੇਜਲ ਹੋ ਗਈਆ ਸਨ।
"ਸੱਤੀ, ਮੈ ਉਹੀ ਕਰਦਾ ਰਿਹਾ ਜੋ ਥਾਣਿਆ ਵਿੱਚ ਸਦਾ ਹੁੰਦਾ ਰਿਹਾ, ਉਥੇ ਦਾ ਮਹੋਲ ਹੀ ਕੁੱਝ ਐਸਾ ਕਿ ਅਪਣੇ ਰਿਸ਼ਤੇਦਾਰਾ ਤੋ ਬਿਨਾ ਸਾਰੇ ਸਾਮੀਆ ਲੱਗਦੇ ਆ ਜੋ ਜਿੰਨੀ ਕੁੱਟ ਖਾਣ ਉਨੇ ਹੀ ਵੱਧ ਪੈਸੇ ਦਿੰਦੇ ਆ"।
ਚੀਮਾ ਅੱਖਾ ਨੀਵੀਆ ਕਰੀ ਬੋਲਿਆ, ਅੱਜ ਉਹ ਅਪਣੀ ਧੀ ਨਾਲ ਵੀ ਅੱਖ ਨਹੀ ਸੀ ਮਿਲਾ ਰਿਹਾ।
"ਪਾਪਾ, ਪਹਿਲਾਂ ਅਸੀ ਸਮਝਦੇ ਨਹੀ ਸੀ, ਤੁਸੀ ਸਾਡੀ ਹਰ ਮੰਗ ਪੂਰੀ ਕੀਤੀ, ਮਹਿੰਗੀ ਤੋ ਮਹਿੰਗੀ ਚੀਜ ਤੁਹਾਡੇ ਕੋਲੋ ਜਦੋ ਮਿਲਦੀ ਸੀ ਤਾਂ ਤੁਸੀ ਬਹੁਤ ਪਿਆਰੇ ਲੱਗਦੇ ਸੀ ਪਰ ਅੱਜ ਤੋ ਬਾਅਦ ਮੈ ਤੁਹਾਡੀ ਕਮਾਈ ਦੀ ਕੋਈ ਚੀਜ ਨਹੀ ਵਰਤਾਂਗੀ, ਮੇਰਾ ਵਿਆਹ ਉਦੋ ਤੱਕ ਨਹੀ ਹੋਵੇਗਾ ਜਦ ਤੱਕ ਮੈਂ ਅਪਣੇ ਵਿਆਹ ਦਾ ਖਰਚ ਖੁਦ ਨਹੀ ਜੋੜ ਲੈਦੀ ਜਾਂ ਮੇਰਾ ਵੀਰ ਇਨਾ ਨਹੀ ਕਮਾ ਲੈਦਾ, ਤੁਹਾਡੇ ਨੋਟ ਮੈਨੂੰ ਸਾਰੇ ਦੇ ਸਾਰੇ ਦੇਬੀ ਵੀਰ ਦੇ ਲਹੂ ਨਾਲ ਰੰਗੇ ਨਜਰ ਆਉਦੇ ਆ"।
ਸਤਬੀਰ ਬਹੁਤ ਆਦਰਸ਼ਵਾਦੀ ਕੁੜੀ ਸੀ, ਜੇ ਉਸਨੇ ਦੇਬੀ ਦੀ ਹਾਲਤ ਨੂੰ ਅੱਖੀ ਨਾਂ ਦੇਖਿਆ ਹੁੰਦਾ ਤਾਂ ਕਦੇ ਵੀ ਉਹਦੇ ਵਿਚਾਰਾ ਵਿੱਚ ਕਰਾਂਤੀ ਨਹੀ ਸੀ ਆਉਣੀ, ਹੋਰ ਕਿੰਨਿਆ ਸਤਿੰਦਰਾ ਹਨ ਜਿਨਾ ਦੇ ਪਿਓ ਡੀ ਐਸ ਪੀ ਜਾ ਐਸ ਪੀ ਹਨ ਤੇ ਕਿੰਨੇ ਦੇਬੀ ਹਰ ਰੋਜ ਉਨਾ ਦੀ ਥਰਡ ਡਿਗਰੀ ਤੋ ਡਰਦੇ ਮੂੰਹ ਮੰਗੇ ਰੁਪਈਏ ਦੇ ਕੇ ਜਾਨ ਬਖਸ਼ੀ ਕਰਵਾ ਲੈਦੇ ਹਨ, ਜਿਹੜੇ ਨਹੀ ਦੇ ਸਕਦੇ ਉਨਾ ਲੋਕਾਂ ਦੇ ਗਲ ਵਿੱਚ ਅਗੂੰਠੇ ਦੇ ਕੇ ਪੈਸੇ ਲੈ ਕੇ ਆਉਦੇ ਹਨ, ਤੇ ਇਹ ਕਾਨੂੰਨੀ ਡਾਕੂ ਇਸ ਨੂੰ ਉਪਰਲੀ ਕਮਾਈ ਦਾ ਨਾਮ ਦਿੰਦੇ ਹਨ ਤੇ ਸੋਚਦੇ ਹਨ ਕਿ ਇਸ ਲਹੂ ਨਾਲ ਉਹ ਅਪਣੇ ਘਰ ਵਿੱਚ ਖੁਸ਼ੀਆ ਲੈ ਕੇ ਆਉਣਗੇ ?
ਬਹੁਤੇ ਗੁਰਮੁਖ ਸਰਦਾਰ ਇਹ ਯਾਦ ਹੀ ਨਹੀ ਰੱਖਦੇ ਕਿ … ।
"ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ" ਇਸ ਜਮਾ ਕੀਤੇ ਲਹੂ ਨਾਲ ਕੋਈ ਲੰਗਰ ਆਦਿ ਲਗਾ ਕੇ ਕੀ ਸੋਚਦੇ ਹੋ ਗੁਰਮੁਖੋ ਕਿ ਰੱਬ ਨੂੰ ਰਿਸ਼ਵਤ ਵਿੱਚੋ ਹਿੱਸਾ ਦੇ ਰਹੇ ਹੋ ?
ਹਾ ਹਾ ਹਾ ਹਾ।"
"ਸੌਰੀ ਪਾਪਾ, ਮੇਰੀ ਵੋਟ ਦੀਦੀ ਦੇ ਬਕਸੇ ਵਿੱਚ ਆ, ਮੈ ਤੁਹਾਡੀ ਕਮਾਈ ਤੇ ਐਸ਼ ਤਾਂ ਖੂਬ ਕੀਤੀ ਆ ਪਰ ਤੁਹਾਡੇ ਗੁਨਾਹ ਵਿੱਚ ਹਿੱਸੇਦਾਰ ਨਹੀ ਬਣ ਸਕਦਾ"।
ਅਮਰੀਕ ਨੇ ਅਪਣਾ ਇਰਾਦਾ ਦੱਸਿਆ, ਚੀਮੇ ਨੇ ਕੰਨੀ ਸੁਣ ਲਿਆ ਸੀ, ਹੁਣ ਉਹ ਅਪਣੀ ਪਤਨੀ ਵੱਲ ਦੇਖਣ ਲੱਗ ਪਿਆ … ।
"ਬੱਚਿਆ ਦੇ ਫੈਸਲੇ ਤੇ ਮੈਨੂੰ ਗਰਵ ਆ, ਮੈ ਖੁਦ ਦੌਲਤ ਦੇ ਨਸ਼ੇ ਵਿੱਚ ਅੰਨੀ ਰਹੀ, ਮੇਰੀਆ ਮਹਿੰਗੀਆ ਫਰਮਾਇਸ਼ਾ ਨੂੰ ਪੂਰਾ ਕਰਦੇ ਤੁਸੀ ਇਸ ਨਰਕ ਵਿੱਚ ਐਨੇ ਗਹਿਰੇ ਉਤਰ ਗਏ ਕਿ ਕਿਸੇ ਹੋਰ ਮਾਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰਨ ਲੱਗ ਪਏ ? ਕਿਤੇ ਮੇਰੇ ਅਮਰੀਕ ਨਾਲ ਕੋਈ ਘਟਨਾ ਘਟ ਜਾਦੀ ਤਾ ਮੈ ਸੁਣਦੇ ਹੀ ਮਰ ਜਾਣਾ ਸੀ, ਮੇਰਾ ਬਥੇਰਾ ਰੋਲ ਆ ਇਸ ਗੁਨਾਹ ਵਿੱਚ, ਜੇ ਅੱਗੇ ਤੋ ਹੋਰ ਗੁਨਾਹ ਨਾ ਕਰਨ ਦਾ ਵਾਅਦਾ ਕਰੋ ਤਾਂ ਕੁੱਝ ਸਜਾ ਮੈ ਨਾਲ ਭੁਗਤਾਗੀ"। ਛੋਟੀ ਮਾਮੀ ਅਪਣੇ ਹਿੱਸੇ ਦਾ ਕਸੂਰ ਮੰਨ ਰਹੀ ਸੀ।
"ਮੈਨੂੰ ਤੁਹਾਡੇ ਤਿੰਨਾ ਤੇ ਹੀ ਮਾਣ ਆ, ਮੇਰੇ ਗੁਨਾਹ ਕੋਈ ਥੋੜੇ ਨਹੀ, ਯਾਦ ਕਰਾ ਤਾ ਕੰਬਣੀ ਛਿੜਦੀ ਆ, ਵੱਡੇ ਬਦਮਾਸ਼ ਤੇ ਗੁਨਾਹਗਾਰ ਸਾਡੇ ਨਾਲ ਬੈਠ ਕੇ ਵਿਸਕੀ ਪੀਦੇ ਰਹੇ ਤੇ ਉਨਾ ਦੇ ਜੁਰਮਾਂ ਦੀ ਸਜਾ ਕਿਸੇ ਹੋਰ ਦੇ ਨਾਮ ਪਾਉਣ ਲਈ ਅਸੀ ਥਰਡ ਡਿਗਰੀ ਵਰਤਦੇ ਰਹੇ, ਮੇਰੇ ਹਿੱਸੇ ਦੀ ਸਜਾ ਮੇਰੀ ਹੀ ਹੈ, ਜੋ ਮਿਲੇਗੀ ਉਹ ਮੰਨਾਗਾ ਵੀ"।
ਕਰਤਾਰ ਦਾ ਮਨ ਹੁਣ ਨਿਰਮਲ ਪਾਣੀ ਦੇ ਚਸ਼ਮੇ ਵਾਂਗ ਸਾਫ ਪਿਆ ਸੀ, ਉਹਦੇ ਹੱਥੋ ਹੋਏ ਗੁਨਾਹਾਂ ਦੀ ਲਿਸਟ ਉਹਦੀਆ ਅੱਖਾ ਸਾਹਮਣੇ ਸੀ ਤੇ ਥਰਡ ਡਿਗਰੀ ਵੇਲੇ ਪੈਦੀ ਹਰ ਇੱਕ ਚੀਕ ਹੁਣ ਉਸ ਦੇ ਕੰਨਾ ਰਾਹੀ ਲੰਘ ਰਹੀ ਸੀ, ਉਸ ਨੂੰ ਯਾਦ ਆ ਰਿਹਾ ਸੀ, ਜਦ ਕੋਈ ਦੋਸ਼ੀ ਜਾਂ ਨਿਰਦੋਸ਼ ਮਾਰ ਨਾ ਝੱਲ ਸਕਣ ਕਾਰਨ ਚੀਕਾ ਮਾਰਦਾ ਤਾ ਉਹ ਕਿਹਾ ਕਰਦਾ ਸੀ …
"ਭੈਣ ਦਿਆ ਹੁਣ ਸੰਘ ਅੱਡਿਆ, ਮਰਦ ਬਣ, ਹਾਲੇ ਤਾ ਅਸੀ ਸ਼ੁਰੂ ਈ ਹੋਏ ਆ, ਰਾਤ ਕਦੋ ਲੰਘੂ ?" ਪੀੜ ਕੀ ਹੁੰਦੀ ਆ ਇਸ ਦਾ ਅਹਿਸਾਸ ਉਸ ਨੂੰ ਉਦੋ ਹੋਇਆ ਸੀ ਜਦੋ ਦੇਬੀ ਦੇ ਹੱਥਾ ਵਿੱਚ ਉਹਦੇ ਹੱਥ ਦੀਆ ਹੱਡੀਆ ਕੜਕ ਗਈਆ ਸਨ, ਹੇ ਰੱਬ ਸੱਚਿਆ ਇਹ ਸਾਰਾ ਕੁੱਝ ਵਾਪਿਸ ਕਿਵੇ ਕਰਾਂ ? ਕਰਤਾਰ ਦੇ ਹੱਥੋ ਬਹੁਤ ਤੀਰ ਨਿਕਲੇ ਸੀ, ਹੁਣ ਵਾਪਿਸ ਨਹੀ ਸੀ ਆਉਣੇ, ਇਹ ਤਾ ਦੇਬੀ ਦੇ ਮਾਮਲੇ ਵਿੱਚ ਰੱਬ ਨੂੰ ਰਹਿਮ ਆ ਗਿਆ ਲਗਦਾ।
"ਹਰ ਰੋਜ ਮੈ ਵੀਰ ਨੂੰ ਮਿਲਣ ਜਾਣਾ ਆ, ਤੇ ਉਹਦੀ ਰੋਟੀ ਵੀ ਮੈ ਬਣਾ ਕੇ ਲਿਜਾਵਾਗੀ, ਸ਼ਾਇਦ ਅਸੀ ਅਪਣੇ ਦੋਸ਼ ਨੂੰ ਕੁੱਝ ਘੱਟ ਕਰ ਸਕੀਏ"।
ਸਤਿੰਦਰ ਦਾ ਕੋਮਲ ਦਿਲ ਭਰ ਭਰ ਜਾਦਾ ਸੀ।
"ਜਰੂਰ ਪੁੱਤਰ, ਤੁਸੀ ਉਹਦਾ ਪੂਰਾ ਖਿਆਲ ਰੱਖੋ, ਜਿੰਨੀ ਦੇਰ ਉਹ ਚਾਹੇ ਕੋਲ ਰਹੋ, ਮੈਂ ਦੋ ਦਿਨ ਜਰੂਰੀ ਵਾਪਿਸ ਜਾਣਾ ਆ, ਕੁੱਝ ਖਾਸ ਕੇਸਾਂ ਦੀ ਆਖਰੀ ਤਰੀਕ ਆ ਤੇ ਨਾਲੇ ਦੋਸ਼ੀਆ ਤੋ ਪਹਿਲਾ ਹੀ ਲਏ ਹੋਏ ਪੈਸੇ ਵੀ ਵਾਪਿਸ ਕਰਨੇ ਆ, ਹੋਰ ਗੁਨਾਹ ਸਾਡੇ ਖਾਨਦਾਨ ਲਈ ਠੀਕ ਨਹੀ"।
ਜੱਜ ਸੁਰਿੰਦਰ ਸਿੰਘ ਨੇ ਕਿਹਾ ਤੇ ਨਾਲ ਹੀ ਅਪਣੇ ਗੁਨਾਹ ਕਬੂਲ ਕਰਦੇ ਅੱਗੇ ਤੋ ਤੌਬਾ ਵੀ ਕਰ ਲਈ, ਕੱਲ ਹੋਣ ਵਾਲੇ ਇੱਕ ਫੈਸਲੇ ਵਿੱਚ ਪੰਜਾਹ ਹਜਾਰ ਰੁਪਏ ਨਾਲ ਉਸ ਨੇ ਇੱਕ ਦੋਸ਼ੀ ਨੂੰ ਉਸਦੇ ਸਕੇ ਭਤੀਜੇ ਦੇ ਕਤਲ ਕੇਸ ਵਿੱਚ ਇਸ ਲਈ ਬਰੀ ਕਰਨਾ ਸੀ ਕਿ ਚਸ਼ਮਦੀਦ ਗਵਾਹ ਹੁਣ ਮੁਕਰਾ ਲਿਆ ਗਿਆ ਸੀ ਤੇ ਉਸਦੀ ਪਹਿਲੀ ਗਵਾਹੀ ਨੂੰ ਬਦਲ ਦਿੱਤਾ ਗਿਆ ਸੀ, ਜਿਸ ਨਾਲ ਕੇਸ ਖਤਮ ਤਾ ਨਹੀ ਪਰ ਕਮਜੋਰ ਜਰੂਰ ਹੋ ਗਿਆ ਸੀ, ਜੇ ਦੇਬੀ ਵਾਲੀ ਘਟਨਾ ਨਾ ਘਟਦੀ ਤਾ ਸੁਰਿੰਦਰ ਸਿੰਘ "ਮੁਨਸਫ" ਨੇ "ਰਾਜੇ ਸ਼ੀਹ, ਮੁਕੱਦਮ ਕੁੱਤੇ" ਕੁੱਤਾ ਬਣ ਕੇ ਅਗਲੇ ਜਨਮ ਕੁੱਤੇ ਦੀ ਜੂਨ ਲੈਣ ਜੋਗੇ ਪਵਾਇਟ ਜਰੂਰ ਬਣਾ ਲੈਣੇ ਸਨ।
ਕੌਣ ਕਹਿੰਦਾ ਵਗਿਆ ਲਹੂ ਅਜਾਈ ਗਿਆ ? ਲਹੂ ਤਾ ਕੀ ਪਾਣੀ ਦੀ ਬੂੰਦ ਅਜਾਈ ਨਹੀ ਜਾਦੀ, ਕੁਦਰਤ ਨੇ ਜੋ ਕੁੱਝ ਬਣਾਇਆ ਉਹ ਬੇਸ਼ ਕੀਮਤੀ ਹੈ, ਇਹ ਗੱਲ ਵੱਖਰੀ ਹੈ ਕਿ ਮਨੁੱਖ ਦੇ ਹੰਕਾਰ ਨੇ ਇਸ ਨਿਆਮਤ ਨੂੰ ਫੁੱਟਬਾਲ ਬਣਾ ਰੱਖਿਆ, ਸਿਰਫ ਠੋਕਰ ਮਾਰਨ ਲਈ, ਪਰ ਇੱਕ ਦਿਨ ਇਹ ਪੈਰ ਠੋਕਰ ਨਹੀ ਮਾਰ ਸਕਣਗੇ, ਇਨੇ ਕਮਜੋਰ ਹੋ ਜਾਣਗੇ ਕਿ ਤੁਰ ਨਹੀ ਸਕਣਗੇ ਤੇ ਪਹਿਲੀਆ ਮਾਰੀਆ ਠੋਕਰਾ ਵਿੱਚੋ ਹਰ ਇੱਕ ਦਾ ਹਿਸਾਬ ਹੋਵੇਗਾ।
ਅਗਲੇ ਦੋ ਹਫਤੇ ਚੀਮਾ ਪਰਵਾਰ ਵਾਰੀ ਵਾਰੀ ਹਸਪਤਾਲ ਰਹਿੰਦਾ, ਸਤਿੰਦਰ ਨੇ ਦੇਬੀ ਦੇ ਦਿਲ ਵਿੱਚ ਐਨਾ ਘਰ ਕਰ ਲਿਆ ਸੀ ਕਿ ਉਹ ਉਸ ਨੂੰ ਉਡੀਕਦਾ ਰਹਿੰਦਾ, ਤੇ ਛੇਤੀ ਜਾਣ ਨਾ ਦਿੰਦਾ, ਅਮਰੀਕ ਨਾਲ ਉਹ ਬਚਪਨ ਦੀਆ ਯਾਦਾ ਨੂੰ ਤਾਜੇ ਕਰ ਕੇ ਹੱਸਦਾ ਰਹਿੰਦਾ, ਦੂਜੇ ਤੀਜੇ ਬਲਜਿੰਦਰ ਵੀ ਪਟਿਆਲੇ ਤੋ ਆ ਕੇ ਉਸਨੂੰ ਨਿੱਕੇ ਹੁੰਦੇ ਦੀਆ ਗੱਲਾ ਸੁਣਾ ਕੇ ਹਸਾਉਦਾ ਰਹਿੰਦਾ, ਦੇਬੀ ਸਪੋਰਟਸਮੈਨ ਹੋਣ ਕਾਰਨ ਅਤੇ ਆਦਰਸ਼ਵਾਦੀ ਸੋਚ ਦੇ ਕਾਰਨ ਅਪਣੀ ਸਰੀਰਕ ਬਿਮਾਰੀ ਨੂੰ ਬਹੁਤ ਜਲਦੀ ਕਵਰ ਕਰ ਰਿਹਾ ਸੀ, ਮਾਨਸਿਕ ਤੌਰ ਤੇ ਉਹ ਬਿਮਾਰ ਹੈ ਵੀ ਨਹੀ ਸੀ, ਇਸ ਜਬਰਦਸਤ ਘਟਨਾ ਨੂੰ ਉਸ ਨੇ ਅਪਣੇ ਜੀਵਨ ਲਈ ਕੁਦਰਤ ਵੱਲੋ ਭੇਜਿਆ ਖਾਸ ਸੁਨੇਹਾ ਸਮਝ ਕੇ ਸਵੀਕਾਰ ਕਰ ਲਿਆ ਸੀ, ਹੁਣ ਉਹ ਇਸ ਘਟਨਾ ਬਾਰੇ ਗੱਲ ਕਰਨ ਨੂੰ ਵੀ ਤਿਆਰ ਨਹੀ ਸੀ, ਅਪਣੇ ਬਿਆਨ ਉਸ ਨੇ ਹਾਲੇ ਵੀ ਰਜਿਟਰਡ ਨਹੀ ਸੀ ਕਰਵਾਏ, ਪੁਲੀਸ ਦੇ ਜੋਰ ਦੇਣ ਤੋ ਉਹ ਕਹਿ ਦਿੰਦਾ … ।।
"ਜੇ ਜਬਰਦਸਤੀ ਕਰਨੀ ਹੈ ਤਾ ਹਸਪਤਾਲ ਵਿਚੋ ਛੁੱਟੀ ਦਿਵਾ ਕੇ ਅਪਣੇ ਬੁੱਚੜਖਾਨੇ ਲੈ ਜਾਓ, ਅਪਣੀ ਮਰਜੀ ਦੇ ਬਿਆਨ ਲਿਖ ਲਓ ਤੇ ਧੱਕੇ ਨਾਲ ਮੇਰੇ ਦਸਤਖਤ ਕਰਵਾ ਕੇ ਏਥੇ ਫੇਰ ਛੱਡ ਜਾਇਓ, ਪਰ ਮੇਰੇ ਦਸਤਖਤ ਕਰਾਉਣ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪਊ"।
ਹੁਣ ਧੱਕੇ ਨਾਲ ਬਿਆਨ ਲੈਣ ਦਾ ਕੋਈ ਕਾਨੂੰਨ ਨਹੀ, ਏ ਐਸ ਆਈ ਤੀਜੀ ਵਾਰ ਇਹ ਕਹਿ ਕੇ ਚਲੇ ਗਿਆ ਸੀ ਕਿ ਜਦੋ ਦਿਮਾਗ ਟਿਕਾਣੇ ਆਊ ਉਦੋ ਦੱਸ ਦੇਣਾ, ਉਸ ਨੂੰ ਹੋਰ ਵੀ ਕਈ ਕੰਮ ਆ, ਤੇ ਸੜਦਾ ਭੁੱਜਦਾ ਬਾਹਰ ਨਿਕਲ ਗਿਆ ਸੀ, ਦੇਬੀ ਉਹਦੇ ਤੇ ਹੱਸ ਪਿਆ, ਬਈ ਇਹ ਕੀ ਜਬਰਦਸਤੀ ਆ, ਜੇ ਕੋਈ ਥਾਣੇ ਸ਼ਿਕਾਇਤ ਲਿਖਾਉਣ ਜਾਵੇ ਤਾ ਲਿਖਦੇ ਨਹੀ ਜਦ ਤੱਕ ਪੈਸੇ ਨਾ ਦਿੱਤੇ ਜਾਣ, ਹੁਣ ਮੈ ਕੋਈ ਬਿਆਨ ਨਹੀ ਦੇਣੇ ਚਾਹੁੰਦਾ ਹੁਣ ਖੁਦ ਚੱਲ ਕੇ ਆ ਰਹੇ ਆ ਤੇ ਨਾਲੇ ਫੇਰ ਅੱਖਾ ਦਿਖਾਉਦੇ ਆ, ਇਹ ਲੋਕਤੰਤਰ ਦਾ ਨਾਮ ਬਦਲ ਕੇ ਪੁਲੀਸ ਤੰਤਰ ਕਿਓ ਨਹੀ ਰੱਖ ਦਿੰਦੇ ?
ਅੱਜ ਦਸ ਕੁ ਵਜੇ ਹੀ ਦੀਪੀ ਤੇ ਮੰਮੀ ਵੀ ਆ ਕੇ ਮਿਲ ਗਏ ਸੀ, ਘਰ ਵਿੱਚ ਹੋਈ ਗੱਲ ਬਾਰੇ ਦੱਸ ਗਈ ਸੀ ਦੀਪੀ, ਤੇ ਨਾਲ ਹੀ ਇਹ ਵੀ ਕਹਿ ਗਈ ਸੀ ਕਿ ਸਰਦਾਰਾ ਸਿੰਘ ਦਾ ਦੋ ਵਾਰ ਫੋਨ ਆ ਚੁੱਕਾ ਫਿਲਹਾਲ ਦੀਪੀ ਦੇ ਪੈਰ ਦੀ ਸੱਟ ਦਾ ਬਹਾਨਾ ਕਰਕੇ ਦੋ ਹਫਤੇ ਲੰਘਾਏ ਆ ਪਰ ਕੱਲ ਸ਼ਾਮੀ ਹੀ ਫੋਨ ਆਇਆ ਸੀ ਕਿ ਉਹ ਸਾਰਾ ਟੱਬਰ ਕੱਲ ਨੂੰ ਆਪ ਆ ਰਿਹਾ, ਹੁਣ ਹੋਰ ਟਾਲਿਆ ਨਹੀ ਸੀ ਜਾ ਸਕਦਾ, ਲਗਦਾ ਸੀ ਦੇਬੀ ਤੇ ਦੀਪੀ ਦੇ ਮਿਲਾਪ ਵਿੱਚ ਸਿਰਫ ਪਿੰਡ ਦੇ ਲੋਕ ਹੀ ਰੁਕਾਵਟ ਨਹੀ ਸਗੋ ਸਾਰਾ ਆਲਾ ਦੁਆਲਾ ਹੀ ਵਿਰੋਧੀ ਹੋਇਆ ਜਾਪਦਾ ਸੀ, ਇਹ ਬਹੁਤ ਖਤਰਨਾਕ ਖਬਰ ਸੀ, ਦੇਬੀ ਦਾ ਰੰਗ ਉਤਰ ਗਿਆ, ਉਦਾਸੀ ਛਾ ਗਈ ਕਮਰੇ ਵਿੱਚ …
"ਵੀਰੇ ਕੀ ਗੱਲ ? ਅੱਜ ਚੇਹਰੇ ਤੇ ਪੌਣੇ ਬਾਰਾ ਕਿਓ ਵੱਜੇ ਆ ?"
ਸਤਿੰਦਰ ਨੇ ਅੰਦਰ ਦਾਖਲ ਹੋਕੇ ਦੇਬੀ ਨੂੰ ਦੇਖਦੇ ਹੀ ਕਿਹਾ।
"ਸੱਤੋ ਲਗਦਾ ਚੰਨ ਫੇਰ ਬੱਦਲਾ ਉਹਲੇ ਹੋਣ ਲੱਗਾ"।
ਤੇ ਨਾਲ ਹੀ ਸਾਰੀ ਗੱਲ ਸੱਤੀ ਨੂੰ ਦੱਸ ਦਿੱਤੀ।
"ਓਹ" ਸੱਤੀ ਵੀ ਠੰਡੀ ਜਿਹੀ ਪੈ ਗਈ, ਕਾਫੀ ਦੇਰ ਖਾਮੋਸ਼ੀ ਛਾਈ ਰਹੀ।
"ਵੀਰੇ ਜੇ ਘਰਦੇ ਰਾਜੀ ਆ ਤਾ ਕੋਈ ਹੋਰ ਕੀ ਕਰ ਲਊ ? ਰਿਸਤੇ ਕਿਤੇ ਧੱਕੇ ਨਾਲ ਹੁੰਦੇ ਆ ?" ਸੱਤੀ ਦੇਬੀ ਨੂੰ ਹੌਸਲਾ ਦੇਣਾ ਚਾਹੁੰਦੀ ਸੀ ਤੇ ਨਾਲੇ ਉਹ ਇਹ ਸਮਝਦੀ ਸੀ ਕਿ ਕੋਈ ਕਿਸੇ ਨਾਲ ਜਬਰਦਸਤੀ ਨਹੀ ਕਰ ਸਕਦਾ "ਅਣਭੋਲ ਕੁੜੀ"
ਇਹ ਕੈਸਾ ਕਲਚਰ ਆ, ਇੱਕ ਕੁੜੀ ਦੀ ਸਥਿਤੀ ਕੁੱਝ ਇਓ ਹੈ ਜਿਵੇ ਨੀਲਾਮੀ ਲਈ ਕੋਈ ਚੀਜ ਹੋਵੇ ਜਿਹੜਾ ਜਿਆਦਾ ਬੋਲੀ ਦੇਵੇਗਾ ਉਸਦੀ ਹੋ ਜਾਵੇਗੀ, ਇਹ ਜੋ ਕੁੜੀ ਹੈ, ਉਹ ਅਪਣੇ ਆਪ ਵਿੱਚ ਇੱਕ ਪੂਰਨ ਮਨੁੱਖ ਹੈ, ਉਸ ਦੀ ਅਪਣੀ ਕੋਈ ਮਰਜੀ ਹੋਣੀ ਚਾਹੀਦੀ ਆ, ਕੀ ਕਹਿ ਰਹੇ ਹੋ ? ਇਹ ਬਯੁਰਗਾ ਦਾ ਨਿਰਾਦਰ ਹੈ ? ਬਯੁਰਗਾ ਦਾ ਉਹ ਕਿਹੜਾ ਆਦਰ ਹੈ ਜੋ ਬਾਅਦ ਵਿੱਚ ਨਹੀ ਰਹੇਗਾ ?
ਜੇ ਕੋਈ ਆਦਰ ਹੀ ਨਹੀ ਤਾਂ ਨਿਰਾਦਰ ਕਿਵੇ ਹੋਵੇਗਾ ? ਕੌਣ ਕਰਦਾ ਹੈ ਬਯੁਰਗਾਂ ਦਾ ਆਦਰ ?
ਕੋਈ ਨਹੀ ਕਰਦਾ, ਸਭ ਦਿਖਾਵਾ ਹੈ, ਇਹ ਡਰ ਹੈ ਆਦਰ ਨਹੀ, ਤੇ ਬਯੁਰਗ ਸੋਚਦੇ ਹਨ ਕਿ ਸਾਡੀ ਇਜਤ ਹੋ ਰਹੀ ਆ, ਇਜਤ ਕਰਾਉਣ ਲਈ ਕੁੱਝ ਖੂਬਸੂਰਤ ਕਰਨਾ ਹੋਵੇਗਾ, ਕੁੱਝ ਵਿਸ਼ਵਾਸ਼ ਬਹਾਲ ਕਰਨਾ ਹੋਵੇਗਾ, ਕੁੱਝ ਪਰੇਮ ਵਾਤਾਵਰਣ ਵਿੱਚ ਫੈਲਾਉਣਾ ਹੋਵੇਗਾ, ਪਰ ਜੇ ਦਬਕਾ ਮਾਰ ਕੇ ਚੁੱਪ ਕਰਾ ਦੇਣਾ ਹੈ ਤਾ ਆਦਰ ਕਿੱਥੋ ਉਪਜੇਗਾ ?
ਵਾਹ ਬਹਾਦਰ ਬਯੁਰਗੋ ਵਾਹ, ਤੁਹਾਡਾ ਵੀ ਸਦੀਆ ਤੋ ਜੋਰ ਔਰਤਾ ਤੇ ਹੀ ਚਲਦਾ ਰਿਹਾ, ਮੁੰਡਾ ਅੱਗਿਓ ਗਲਮੇ ਨੂੰ ਆਉਦਾ ਆ ਤੇ ਢਿੱਲੇ ਪੈ ਜਾਦੇ ਓ ਤੇ ਸਾਰਾ ਗੁੱਸਾ ਧੀ, ਨਹੁੰ ਤੇ ਘਰਵਾਲੀ ਤੇ ਉਤਾਰ ਦਿੰਦੇ ਓ ? ਔਰਤ ਦੇ ਪੈਰਾਂ ਵਿੱਚ ਬੇੜੀ ਤੇ ਗਲੇ ਵਿੱਚ ਰਸਮਾਂ ਦੀ ਪੰਜਾਲੀ ਪਾ ਕੇ ਗਊ ਨੂੰ ਨੱਥ ਪਾਈ ਰੱਖਦੇ ਓ, ਤੇ ਸ਼ਾਨ ਖੁੱਲੇ ਛੱਡ ਦਿੰਦੇ ਓ, ਛੱਡ ਕੀ ਦਿੰਦੇ ਓ, ਉਹ ਫੜ ਹੀ ਨਹੀ ਹੁੰਦੇ, ਤੇ ਜੇ ਰਲ ਕੇ ਕਿਤੇ ਕਿਸੇ ਸਾਹਨ ਨੂੰ ਫੜਨ ਵੀ ਜਾਓ ਤਾ ਉਹਦੀ ਢੁੱਡ ਤੋ ਡਰਦੇ ਦੂਰ ਹੀ ਖੜੇ ਰਹਿੰਦੇ ਓ, ਸਾਹਨ ਨੂੰ ਨੱਥ ਪਾਉਣ ਦੀ ਗੱਲ ਹੀ ਨਹੀ ਕਰਦੇ, ਤਾ ਕਿ ਕਮਜੋਰੀ ਸਾਹਮਣੇ ਨਾ ਆ ਜਾਵੇ, ਕੁੜੀਆ ਦੇ ਸਕੂਲ ਤੇ ਕਾਲਜਾਂ ਦੀਆ ਕੰਧਾ ਉਚੀਆ ਕਰੀ ਜਾਦੇ ਓ, ਬਾਹਰ ਪੁਲੀਸ ਦਾ ਪਹਿਰਾ ਬਿਠਾਈ ਜਾ ਰਹੇ ਹੋ ਤੇ ਕੁੜੀਆ ਨੂੰ ਕਾਲਜ ਦੀ ਬੱਸ ਵਿੱਚ ਸਿੱਧਿਆ ਘਰ ਆਉਣ ਦਾ ਹੁਕਮ ਦੇ ਰਹੇ ਹੋ ? ਵਾਹ ਕਿਆ ਦੂਰਅੰਦੇਸ਼ੀ ਹੈ, ਕੁੜੀਆ ਨੂੰ ਲੁੱਟ ਦਾ ਮਾਲ ਬਣਾ ਰਹੇ ਹੋ, ਉਸ ਨੂੰ ਦੱਸ ਰਹੇ ਹੋ ਕਿ ਤੂੰ ਖਤਰੇ ਵਿੱਚ ਹੈ, ਇਹ ਮੁੰਡਿਆ ਦੇ ਕਾਲਜ ਦੀ ਕੰਧ ਉਚੀ ਕਿਓ ਨਹੀ ਕਰਦੇ ? ਇਹ ਕੋਈ ਕੀਮਤੀ ਮਨੁੱਖ ਨਹੀ ਹਨ ? ਇਨਾ ਨੂੰ ਕਿਸੇ ਨਾਰੀ ਤੋ ਕੋਈ ਖਤਰਾ ਨਹੀ ?
ਕਿਧਰੇ ਇਹ ਭਟਕ ਨਾਂ ਜਾਣ, ਜਾ ਕਿ ਤੁਸੀ ਇਨਾ ਤੋ ਪਹਿਲਾ ਹੀ ਨਿਰਾਸ਼ ਹੋ ?
ਅਪਣੀ ਜਵਾਨੀ ਯਾਦ ਕਰਕੇ ਇਹ ਤਾ ਨਹੀ ਸੋਚਦੇ ਕਿ ਬਲਾਵਾਂ ਨੂੰ ਕੀ ਹੱਥ ਪਾਉਣਾ, ਭੂੰਡਾ ਦੀ ਖੱਖਰ ਨੂੰ ਛੇੜ ਕੇ ਕੀ ਮੂੰਹ ਸੁਜਵਾਉਣਾ ?
ਕੀ ਤੁਸੀ ਇਹ ਨਹੀ ਜਾਣਦੇ ਜੋ ਚੀਜ ਲੁਕੋਈ ਜਾਵੇ ਉਸਦੀ ਚੋਰੀ ਦੀ ਇਛਾ ਮਨ ਵਿੱਚ ਜਲਦੀ ਜਾਗਦੀ ਹੈ ? ਕੁੜੀਆ ਨੂੰ ਮੁੰਡਿਆ ਤੋ ਦੂਰ ਕਰ ਕੇ ਕੀ ਉਹਨਾ ਦੀ ਆਪਸੀ ਖਿੱਚ ਨਹੀ ਵਧਾ ਰਹੇ ?
ਤੁਸੀ ਕੀ ਸਮਝਦੇ ਹੋ ਅੱਜ ਦੇ ਯੁੱਗ ਵਿੱਚ ਕੁੜੀਆ ਨੂੰ ਮੁੰਡਿਆ ਤੋ ਦੂਰ ਕਰ ਲਵੋਗੇ ?ਹਾ ਹਾ … ਹਾ … ਹਾ। ਤੇ ਨਾਲੇ ਇਸ ਬੇਕਾਰ ਦੇ ਫਿਕਰ ਵਿੱਚ ਤੁਸੀ ਕਿਓ ਪਏ ਹੋ ?
ਦੇਬੀ ਹੁਣ ਇੱਕ ਹੋਰ ਵਾਰ ਸਹਿਣ ਲਈ ਖੁਦ ਨੂੰ ਮਜਬੂਤ ਕਰ ਰਿਹਾ ਸੀ, ਉਹਦਾ ਮਨ ਕਹਿ ਰਿਹਾ ਸੀ ਕਿਤੇ ਕੋਈ ਗੜਬੜ ਜਰੂਰ ਹੋ ਜਾਣੀ ਆ, ਹੁਣ ਉਹ ਅਗਲੀ ਖਬਰ ਦੀ ਉਡੀਕ ਕਰ ਰਿਹਾ ਸੀ, ਸੱਤੀ ਵੀ ਅੱਜ ਕੋਈ ਬਹੁਤਾ ਖੁਸ਼ ਨਾਂ ਹੋ ਸਕੀ, ਕੁੱਝ ਦੇਰ ਬੈਠ ਕੇ ਉਹ ਤੁਰ ਗਈ, ਦੇਬੀ ਵੀ ਇਕੱਲਾ ਰਹਿਣਾ ਚਾਹੁੰਦਾ ਸੀ।
ਕਾਂਡ 18
ਅੱਜ ਸਵੇਰ ਦਸ ਕੁ ਵਜੇ ਹੀ ਸਰਪੰਚ ਦੇ ਘਰ ਮੋਹਰੇ ਐਮ ਐਲ ਏ ਦੇ ਪਰਵਾਰ ਦੀਆ ਜਿਪਸੀਆ ਖੜੀਆ ਸਨ, ਲੋਕ ਕਨਸੋਆਂ ਲੈ ਰਹੇ ਸਨ ਕਿ ਐਮ ਐਲ ਏ ਪਰਾਈਵੇਟ ਤੌਰ ਤੇ ਸਰਪੰਚ ਦੇ ਘਰ ਕੀ ਲੈਣ ਆਇਆ ਹੋ ਸਕਦਾ ?
ਕਿਸੇ ਦੇ ਘਰ ਕੋਈ ਓਪਰਾ ਪਰਾਹੁਣਾ ਆ ਜਾਵੇ ਸਹੀ, ਸਾਰੇ ਪਿੰਡ ਨੂੰ ਓਦੋ ਤੱਕ ਟੱਟੀਆ ਲੱਗੀਆ ਰਹਿੰਦੀਆ ਜਦੋ ਤੱਕ ਪਤਾ ਨਾਂ ਲੱਗ ਜਾਵੇ ਬਈ ਕੌਣ ਸੀ ਤੇ ਕਿਓ ਆਇਆ, ਸੂਚਨਾ ਮਿਲਣ ਤੋ ਬਾਅਦ ਲਗਦਾ ਜਿਵੇ ਪੇਟ ਵਿਚੋ ਅਫਰੇਵਾਂ ਖਤਮ ਹੋ ਗਿਆ ਹੋਵੇ, ਤੇ ਜੇ ਕਿਤੇ ਮਸਾਲੇ ਦਾਰ ਖਬਰ ਮਿਲ ਜਾਵੇ ਜਿਵੇ ਕਿ ਕਿਸੇ ਦੀ ਕੁੜੀ ਜਾਂ ਮੁੰਡੇ ਦੇ ਮੰਗਣੇ ਦੀ ਗੱਲ ਤਾਂ ਜਿੰਨੀ ਦੇਰ ਦੋ ਚਾਰ ਹੋਰਾ ਨੂੰ ਨਾ ਦੱਸ ਦਿੱਤਾ ਜਾਵੇ ਉਦੋ ਤੱਕ ਤੋੜਾ ਖੋਹੀ ਜਿਹੀ ਲੱਗੀ ਰਹਿੰਦੀ, ਜੇ ਕੋਈ ਵੀ ਆਈ ਪੀ ਪਰਾਹੁਣਾ ਆ ਜਾਵੇ ਤਾਂ ਫਿਰ ਲੋਕ ਅਪਣਾ ਕੰਮ ਵੀ ਛੱਡ ਦਿੰਦੇ ਆ ਤੇ ਆਨੀ ਬਹਾਨੀ ਸਬੰਧਿਤ ਘਰ ਨੇੜੇ ਗੇੜੇ ਜਿਹੇ ਮਾਰਦੇ ਆ ਇਸ ਆਸ ਵਿੱਚ ਕਿ ਸ਼ਾਇਦ ਕੋਈ ਗੱਲ ਕੰਨੀ ਪੈ ਜਾਵੇ ਜਾਂ ਕੋਈ ਪਹਿਚਾਂਣ ਵਾਲਾ ਨਜਰ ਆ ਜਾਵੇ, ਤੇ ਗਵਾਢੀ ਵੀ ਕੰਧ ਨੇੜੇ ਮੰਜਾ ਡਾਹ ਕੇ ਬਹਿ ਜਾਦੇ, ਭਾਵੇ ਧੁੱਪ ਆ ਜਾਵੇ ਕਹਿਣਗੇ, ਨਹੀ, ਆਹ ਜਰਾ ਕੇਸੀ ਨਹਾਤੇ ਸੀ, ਧੁੱਪੇ ਵਾਲ ਜਿਹੇ ਸੁਕਉਨੇ ਆ।
ਇਹੀ ਪੁਜੀਸ਼ਨ ਅੱਜ ਪਿੰਡ ਵਿੱਚ ਸੀ, ਸਰਪੰਚ ਨੂੰ ਇਨਾ ਅਣਸੱਦੇ ਪਰਾਹੁਣਿਆ ਦੀ ਖਾਤਿਰਦਾਰੀ ਕਰਨੀ ਪਈ, ਮਿਠਾਈ ਆਦਿ ਮਜਬੂਰਨ ਲਿਆਉਣੀ ਹੀ ਪਈ ਸੀ, ਸਰਦਾਰਾ ਸਿੰਘ ਨੂੰ ਗੁੱਸੇ ਕਰਨਾਂ ਉਹਦੀ ਸਿਹਤ ਲਈ ਹਾਨੀਕਾਰਕ ਸੀ, ਐਮ ਐਲ ਏ ਸਮੇਤ ਪਰਵਾਰ ਆਇਆ ਸੀ ਤੇ ਅਪਣੇ ਪੁੱਤਰ ਨੂੰ ਵੀ ਲੈ ਕੇ ਆਇਆ ਸੀ, ਉਹਨੂੰ ਕਿਸੇ ਲੰਡੇ ਲਾਟ ਦੀ ਪਰਵਾਹ ਨਹੀ ਸੀ।
"ਸਰਪੰਚ ਜੀ ਅਸੀ ਬੜਾ ਉਡੀਕਿਆ ਫੇ ਸੋਚਿਆ ਬਈ ਚਲੋ ਆਪ ਈ ਚਲਦੇ ਆਂ"।
ਐਮ ਐਲ ਏ ਸਰਪੰਚ ਤੇ ਅੰਦਰੋ ਔਖਾ ਸੀ।
"ਉਹ ਜਨਾਬ ਗੱਲ ਇਸ ਤਰਾ ਬਈ ਇੱਕ ਤਾ ਗੁੱਡੀ ਦੇ ਪੈਰ ਤੇ ਸੱਟ ਲੱਗ ਗਈ ਤੇ ਦੂਜਾ ਅਪਣੇ ਪਿੰਡ ਦੇ ਮੁੰਡੇ ਤੇ ਬਹੁਤ ਪੁਲੀਸ ਤਸ਼ੱਦਦ ਹੋਇਆ ਤੇ ਇੱਕ ਛੋਟੇ ਬੱਚੇ ਦੀ ਤਾ ਮੌਤ ਹੀ ਹੋ ਗਈ, ਸਰਪੰਚ ਹੋਣ ਦੇ ਨਾਤੇ ਮੈਨੂੰ ਬਹੁਤ ਭੱਜ ਦੌੜ ਕਰਨੀ ਪਈ, ਇਸ ਲਈ … ''।
ਸਰਪੰਚ ਨੇ ਸਫਾਈ ਦਿੱਤੀ।
"ਹਾ ਉਹ ਮੈਨੂੰ ਸਰਦਾਰਾ ਸਿੰਘ ਨੇ ਦੱਸਿਆ ਸੀ, ਮੈ ਸੋਚਿਆ ਤੁਸੀ ਫੋਨ ਕਰੋਗੇ ਜੇ ਪੁਲਸ ਕੋਈ ਤਿੰਨ ਪੰਜ ਕਰੇ ਤਾ ਦੱਸਿਓ, ਬੈਲਟਾ ਲਵਾ ਦਿਆਗੇ ਸਾਰੇ ਥਾਣੇ ਦੀਆ"।
ਐਮ ਐਲ ਏ ਨੇ ਤਾਕਤ ਪ੍ਰਦਰਸ਼ਨ ਕੀਤਾ।
"ਜਨਾਬ ਕੋਈ ਬਹੁਤੀ ਮੁਸ਼ਕਿਲ ਨਹੀ ਆਈ ਥਾਣੇ, ਜੇ ਕੋਈ ਪਰਾਬਲਮ ਹੁੰਦੀ ਤਾ ਤੁਹਾਨੂੰ ਹੀ ਫੋਨ ਕਰਨਾ ਸੀ"।
ਸਰਪੰਚ ਕੋਸ਼ਿਸ਼ ਕਰ ਰਿਹਾ ਸੀ ਕਿ ਐਮ ਐਲ ਏ ਦਾ ਮਿਜਾਜ ਨਾ ਵਿਗੜੇ, ਅੱਜ ਕੋਈ ਦੇਖ ਦਿਖਾਲੇ ਦੀ ਗੱਲ ਨਹੀ ਸੀ ਤੇ ਮੁੰਡਾ ਨਾਲ ਆਵੇਗਾ ਐਸੀ ਵੀ ਕੋਈ ਗੱਲ ਨਹੀ ਸੀ ਹੋਈ, ਪਰ ਹੁਣ ਘਰ ਆਏ ਨੂੰ ਕੋਈ ਕੀ ਕਹੇ, ਹੁਣ ਦੀਪੀ ਕਿਤੇ ਲੁਕ ਵੀ ਨਹੀ ਸੀ ਸਕਦੀ, ਘਰ ਮਹਿਮਾਨ ਦੀ ਸੇਵਾ ਕਰਨੀ ਵੀ ਜਰੂਰੀ ਸੀ, ਇਸ ਗੱਲ ਤੋ ਡਰਦੇ ਕਿ ਕੋਈ ਗੱਲ ਲੀਕ ਨਾ ਹੋਵੇ ਕਿਸੇ ਆਂਢ ਗੁਆਢ ਨੂੰ ਵੀ ਨਹੀ ਸੀ ਸੱਦਿਆ, ਐਮ ਐਲ ਏ ਦਾ ਮੁੰਡਾ ਜਿਵੇ ਉਸਦਾ ਹੈ ਈ ਨਹੀ ਸੀ, ਕੋਈ ਰੰਗ ਢੰਗ ਉਸ ਤੇ ਨਹੀ ਸੀ, ਲਗਦਾ ਸੀ ਨਾਨਕੇ ਪਰਵਾਰ ਤੇ ਗਿਆ, ਉਹ ਬੜੇ ਸਲੀਕੇ ਨਾਲ ਸ਼ਰੀਫ ਜਿਹਾ ਬਣਿਆ ਬੈਠਾ ਸੀ, ਗੌਰ ਨਾਲ ਦੇਖਿਆ ਲਗਦਾ ਸੀ ਜਿਵੇ ਉਸ ਨੂੰ ਬੰਨ ਕੇ ਬਿਠਾਇਆ ਹੋਵੇ, ਦੀਪੀ ਰਸੋਈ ਵਿੱਚ ਸੀ ਤੇ ਹੁਣ ਚਾਹ ਆਦਿ ਤਿਆਰ ਵੀ ਹੋ ਚੁੱਕੀ ਸੀ ਤੇ ਪਰੋਸਣ ਦਾ ਵਕਤ ਆ ਗਿਆ ਸੀ, ਹੁਣ ਦੀਪੀ ਨੂੰ ਬਾਹਰ ਆਉਣਾ ਹੀ ਪੈਣਾ ਸੀ, ਉਹ ਬਿਲਕੁਲ ਤਿਆਰ ਨਹੀ ਸੀ ਹੋਈ, ਜਿਹੜਾ ਸੂਟ ਉਸ ਨੂੰ ਸਭ ਤੋ ਬੇਪਸੰਦ ਸੀ ਉਹੀ ਪਾ ਰੱਖਿਆ ਸੀ, ਦੇਖਣ ਵਾਲਾ ਕਹਿ ਸਕਦਾ ਸੀ ਕਿ ਕੁੜੀ ਨੂੰ ਫੈਸ਼ਨ ਆਦਿ ਬਾਰੇ ਕੁੱਝ ਪਤਾ ਹੀ ਨਹੀ, ਦੀਪੀ ਚਾਹੁੰਦੀ ਸੀ ਕਿ ਮੁੰਡਾ ਉਸ ਨੂੰ ਬੇਪਸੰਦ ਕਰ ਦੇਵੇ।
ਉਹ ਚਾਹ ਲੈ ਕੇ ਆ ਗਈ, ਨਾ ਚਾਹੁੰਦੇ ਹੋਏ ਵੀ ਉਸਦੀ ਨਜਰ ਮੁੰਡੇ ਤੇ ਪਈ, ਉਹ ਪਹਿਲਾਂ ਹੀ ਦੀਪੀ ਵੱਲ ਦੇਖ ਰਿਹਾ ਸੀ, ਨਜਰ ਮਿਲਦੇ ਹੀ ਮੁੰਡੇ ਦੇ ਚਿਹਰੇ ਤੇ ਰੌਣਕ ਆ ਗਈ, ਉਹ ਮੁਸਕਰਾ ਪਿਆ, ਦੀਪੀ ਦੇ ਹੱਥ ਵਿੱਚ ਫੜੀ ਟਰੇ ਕੰਬ ਗਈ, ਉਹ ਚਾਹ ਰੱਖ ਕੇ ਮੁੜਨ ਹੀ ਲੱਗੀ ਸੀ ਕਿ ਐਮ ਐਲ ਏ ਬੋਲਿਆ …
"ਬੇਟਾ ਆਓ ਤੁਸੀ ਵੀ ਚਾਹ ਪੀਓ ਸਾਡੇ ਨਾਲ"।
"ਜੀ, ਮੈ ਰਸੋਈ … ''।
ਦੀਪੀ ਦੀ ਗੱਲ ਹਾਲੇ ਪੂਰੀ ਵੀ ਨਹੀ ਸੀ ਹੋਈ ਕਿ ਐਮ ਐਲ ਏ ਫੇਰ ਬੋਲਿਆ … ।
"ਰਸੋਈ ਕਿਤੇ ਨੀ ਚੱਲੀ ਬੇਟਾ, ਆਓ ਬੈਠੋ"।
ਇਕ ਹੁਕਮ ਦਿੱਤਾ ਗਿਆ ਸੀ, ਕੌਣ ਟਾਲੇ ਹੁਣ।
ਦੀਪੀ ਸੁੰਗੜੀ ਜਿਹੀ ਬੈਠ ਗਈ, ਨਜਰਾਂ ਧਰਤੀ ਵਿੱਚ ਗੱਡੀਆ ਗਈਆ ਸਨ, ਉਹ ਹੁਣ ਤੱਕ ਸਧਾਰਨ ਲੋਕਾਂ ਵਿੱਚ ਵਿਚਰੀ ਸੀ ਪਰ ਇਹ ਵੱਡੇ ਖਾਨਦਾਨੀ ਲੋਕ ਉਸ ਨੂੰ ਅੰਡਰ ਪਰੈਸ਼ਰ ਜਿਹਾ ਕਰ ਰਹੇ ਸੀ
ਮੁੰਡੇ ਦੀਆ ਨਜਰਾ ਦੀਪੀ ਤੇ ਟਿਕੀਆ ਹੋਈਆ ਸਨ, ਕਦੇ ਉਹਦੇ ਚਿਹਰੇ ਤੇ ਰੌਣਕ ਆ ਜਾਦੀ ਸੀ ਤੇ ਕਦੇ ਕਿਸੇ ਗਮ ਦੀਆ ਰੇਖਾਵਾ, ਉਹ ਦੀਪੀ ਵੱਲ ਦੇਖੀ ਹੀ ਜਾ ਰਿਹਾ ਸੀ, ਨੇੜੇ ਬੈਠੇ ਦਲੀਪ ਦਾ ਦਿਲ ਕਰਦੇ ਸੀ ਕਿ ਉਸ ਨੂੰ ਚੁੱਕ ਕੇ ਬਾਹਰ ਸੁੱਟ ਦੇਵੇ ਪਰ ਇੱਕ ਭੈਣ ਦਾ ਮਜਬੂਰ ਭਰਾ ਇੱਕ ਸਿਆਸੀ ਤਾਕਤ ਰੱਖਣ ਵਾਲੇ ਮੋਹਰੇ ਸਧਾਰਨ ਬੰਦਾ ਕੁੱਝ ਨਹੀ ਸੀ ਕਰ ਸਕਦਾ, ਦਲੀਪ ਨੇ ਏਹੋ ਜਿਹੀ ਮਜਬੂਰੀ ਕਦੇ ਦੇਖੀ ਨਹੀ ਸੀ, ਉਹ ਕਦੇ ਸੋਚ ਵੀ ਨਹੀ ਸੀ ਸਕਦਾ ਕਿ ਕੋਈ ਉਹਦੇ ਘਰ ਆ ਕੇ ਉਹਦੀ ਭੈਣ ਵੱਲ ਖਾ ਜਾਂਣ ਵਾਲੀਆ ਨਜਰਾਂ ਨਾਲ ਦੇਖੇ ਤੇ ਫਿਰ ਬਚ ਕੇ ਚਲਾ ਜਾਵੇ ? ਐਮ ਐਲ ਏ ਦੇ ਮਨ ਦੀ ਹੋ ਗਈ, ਉਹ ਬੱਸ ਦੀਪੀ ਅਪਣੇ ਮੁੰਡੇ ਨੂੰ ਦਿਖਾਉਣੀ ਚਾਹੁੰਦਾ ਸੀ, ਤੇ ਜਿਸ ਨਜਰ ਨਾਲ ਉਸਦਾ ਮੁੰਡਾ ਦੀਪੀ ਵੱਲ ਦੇਖ ਰਿਹਾ ਸੀ ਉਸਤੋ ਲਗਦਾ ਸੀ ਕਿ ਇਹ ਹੁਣੇ ਹੀ ਚੁੰਨੀ ਚੜਾ ਕੇ ਨਾਂ ਲੈ ਜਾਵੇ, ਚਾਹ ਪੀਤੀ ਗਈ, ਮੁੰਡੇ ਵਾਲੀ ਪਾਰਟੀ ਖੁਸ਼ ਤੇ ਕੁੜੀ ਵਾਲੇ ਜਿਵੇ ਕਿਸੇ ਧਰਮ ਸੰਕਟ ਵਿੱਚ ਫਸੇ ਹੋਣ।
"ਸਰਪੰਚ ਜੀ ਆਓ ਤੁਹਾਡੇ ਨਾਲ ਕੁੱਝ ਗੱਲ ਕਰਨੀ ਆ"।
ਏਨਾ ਕਹਿ ਕੇ ਐਮ ਐਲ ਏ ਜੀ ਉਠ ਕੇ ਖੜੇ ਹੋ ਗਏ, ਸਰਪੰਚ ਕਿਸੇ ਹੁਕਮ ਦੀ ਬੱਧੀ ਕਠਪੁਤਲੀ ਵਾਂਗ ਮਗਰ ਤੁਰ ਪਿਆ, ਦੀਪੀ ਕੋਲੋ ਹੁਣ ਬੈਠਿਆ ਨਹੀ ਸੀ ਜਾ ਰਿਹਾ ਉਹ ਬਿਨਾ ਕਿਸੇ ਨੂੰ ਪੁੱਛੇ ਉਠ ਕੇ ਅੰਦਰ ਚਲੀ ਗਈ।
"ਸਰਪੰਚ ਜੀ, ਜੇ ਕਾਕਾ ਜੀ ਨੇ ਹਾਂ ਕਰ ਦਿੱਤੀ ਤਾਂ ਆਹ ਚੇਅਰਮੈਨੀ ਦੀ ਇਲੈਕਸ਼ਨ ਤੋ ਬਾਅਦ ਵਿਆਹ ਦੀ ਰਸਮ ਹੋਵੇਗੀ"।
ਹੁਕਮ ਸੁਣਾਇਆ ਗਿਆ।
"ਉਹ ਤਾਂ ਸਭ ਠੀਕ ਆ ਜੀ ਪਰ ਇੱਕ ਪਰਾਬਲਮ ਆ"।
ਸਰਪੰਚ ਨੇ ਹਿਚਕਦੇ ਜਿਹੇ ਕਿਹਾ।
"ਕਿਹੜੀ ਪਰਾਬਲਮ ?"
ਤਲਖ ਜਿਹਾ ਲਹਿਜਾ ਹੋ ਗਿਆ ਐਮ ਐਲ ਏ ਦਾ।
"ਜੀ ਗੱਲ ਕਰਨੀ ਵੀ ਮੁਸ਼ਕਿਲ ਪੈ ਰਹੀ ਪਰ ਬਾਅਦ ਵਿੱਚ ਹੋਣ ਤੋ ਪਹਿਲਾ ਹੋ ਜਾਵੇ ਠੀਕ ਆ, ਅਸੀ ਅਸਲ ਵਿੱਚ ਪਹਿਲਾ ਕਿਸੇ ਨੂੰ ਜੁਬਾਨ ਦੇ ਬੈਠੇ ਆ ਗੁੱਡੀ ਦੇ ਰਿਸ਼ਤੇ ਦੀ"।
ਸਰਪੰਚ ਨੇ ਕੋਰਾ ਝੂਠ ਬੋਲਿਆ, ਇਹ ਝੂਠ ਜੇ ਦੀਪੀ ਦੀ ਖੁਸ਼ੀ ਮੋੜ ਸਕਦਾ ਸੀ ਤਾ ਬੋਲਿਆ ਜਾ ਸਕਦਾ ਸੀ, ਨਾਲੇ ਕੁੜੀ ਦੇ ਪਿਓ ਦੀ ਮਰਜੀ ਆ ਕਿ ਉਹ ਕਿਸ ਨੂੰ ਹਾਂ ਕਰੇ।
"ਜੁਬਾਨ ਈ ਦਿੱਤੀ ਆ ਕੋਈ ਰਿਸ਼ਤਾ ਪੱਕਾ ਤਾਂ ਨਹੀ ਕਰ ਦਿੱਤਾ ? ਕੋਈ ਬਹਾਨਾ ਬਣਾ ਦਿਓ ਨਹੀ ਤਾਂ ਅਸੀ ਆਪ ਗੱਲ ਕਰ ਲਵਾਗੇ"।
ਸਿਆਸੀ ਬੰਦੇ ਲਈ ਜੁਬਾਨ ਦੀ ਕੋਈ ਕੀਮਤ ਨਹੀ ਸੀ।
"ਅਸਲ ਵਿੱਚ ਗੁੱਡੀ ਦੀ ਖੁਸ਼ੀ ਵੀ ਉਸੇ ਰਿਸ਼ਤੇ ਵਿੱਚ ਆ"।
ਸਰਪੰਚ ਉਸ ਨੂੰ ਨਾਂਹ ਕਰਨ ਤੇ ਤੁਲਿਆ ਹੋਇਆ ਸੀ।
"ਜੇ ਕਾਕਾ ਜੀ ਦੀ ਖੁਸ਼ੀ ਹੋਈ ਤਾਂ ਫਿਰ ਕਾਕਾ ਜੀ ਦੀ ਖੁਸ਼ੀ ਈ ਚੱਲੂਗੀ, ਲੋਕ ਸਾਡੇ ਘਰ ਮੋਹਰੇ ਲਾਈਨ ਲਾ ਕੇ ਖੜੇ ਆ ਸਰਪੰਚਾ, ਤੂੰ ਖੁਸ਼ ਹੋ ਕਿ ਸਾਡਾ ਰਿਸ਼ਤੇਦਾਰ ਬਣ ਰਿਹਾ, ਵੈਸੇ ਇਹ ਕਿਸ ਘਰ ਚਲਦੀ ਸੀ ਗੱਲ ਰਿਸਤੇ ਦੀ ?"
ਐਮ ਐਲ ਏ ਨੇ ਪੁੱਛਿਆ।
"ਇਹ ਵੀ ਮਾਮਲਾ ਥੋੜਾ ਗੁੰਝਲਦਾਰ ਆ, ਮੁੰਡਾ ਸਾਡੇ ਪਿੰਡ ਦਾ ਈ ਆ, ਜਿਹੜਾ ਪੁਲੀਸ ਕੇਸ ਵਿੱਚ ਫਿਲਹਾਲ ਹਸਪਤਾਲ ਆ"।
ਸਰਪੰਚ ਹੁਣ ਕੋਈ ਲੁਕੋ ਨਹੀ ਸੀ ਰੱਖਣਾ ਚਾਹੁੰਦਾ।
"ਪਿੰਡ ਦੇ ਮੁੰਡੇ ਨਾਲ ਕੁੜੀ ਦਾ ਵਿਆਹ ਕਰ ਕੇ ਅਪਣੀ ਇਜਤ ਆਪ ਨਾ ਰੋਲ ਸਰਪੰਚਾ, ਜੇ ਅਸੀ ਅਪਣੀ ਆਈ ਤੇ ਆ ਗਏ ਤਾਂ ਮੁੰਡਾ ਹਸਪਤਾਲੋ ਘਰ ਦੀ ਥਾ ਕਿਤੇ ਹੋਰ ਵੀ ਜਾ ਸਕਦਾ ਆ, ਸਾਡੀ ਵੀ ਕੋਈ ਇਜਤ ਆ, ਚਲ ਕੇ ਤੇਰੇ ਘਰ ਆਏ ਆਂ, ਸਾਨੂੰ ਪ੍ਰਧਾਂਨ ਮੰਤਰੀ ਦਿੱਲੀ ਗਿਆ ਨੂੰ ਖਾਲੀ ਨੀ ਮੋੜ ਸਕਦਾ ਤੇ ਤੂੰ ਜਰਾ ਹੋਸ਼ ਵਿੱਚ ਆ ਤੇ ਸੋਚ, ਚਾਹੇ ਤਾਂ ਇਸ ਵਾਰ ਚੇਅਰਮੈਨੀ ਤੇਰੀ, ਵਾਰੇ ਨਿਆਰੇ ਹੋ ਜਾਂਣਗੇ"।
ਹੁਣ ਇੱਜਤ ਦੀ ਦੁਹਾਈ, ਧਮਕੀ ਤੇ ਲਾਲਚ ਸਾਰਾ ਕੁੱਝ ਸੀ ਐਮ ਐਲ ਏ ਦੇ ਜਵਾਬ ਵਿੱਚ।
"ਸਵਾਲ ਸਿਰਫ ਕੁੜੀ ਦੀ ਖੁਸ਼ੀ ਦਾ ਆ ਜਨਾਬ, ਕੋਈ ਲਾਲਚ ਨਹੀ ਮੈਨੂੰ"।
ਸਰਪੰਚ ਨੇ ਕਿਹਾ।
"ਅਪਣੇ ਵੀ ਕਾਕਾ ਜੀ ਦੀ ਖੁਸ਼ੀ ਦਾ ਈ ਸਵਾਲ ਆ, ਲਾਲਚ ਹੁੰਦਾ ਤਾਂ ਸਿੱਖਿਆ ਮੰਤਰੀ ਦੀ ਕੁੜੀ ਦਾ ਰਿਸ਼ਤਾ ਘਰ ਆਇਆ ਮੋੜਿਆ, ਮੈ ਬਾਹਲੀ ਗੱਲ ਦਾ ਆਦੀ ਨਹੀ, ਕਾਕਾ ਜੀ ਨਾਲ ਘਰ ਜਾ ਕੇ ਗੱਲ ਕਰਾਗੇ ਤੇ ਬਾਕੀ ਸਰਦਾਰਾ ਸਿਓ ਤੁਹਾਡੇ ਨਾਲ ਆਪ ਸਮਝ ਲਊ"।
ਕਹਿ ਕੇ ਐਮ ਐਲ ਏ ਵਾਪਿਸ ਬਾਕੀਆ ਕੋਲ ਆ ਗਿਆ … ।
"ਚਲੋ ਬਈ, ਸਮਾ ਬਹੁਤ ਹੋ ਗਿਆ"।
ਤੇ ਉਹ ਬੂਹਿਓ ਬਾਹਰ ਹੋ ਗਏ, ਕਾਕਾ ਜੀ ਮੁੜ ਕੇ ਅੰਦਰ ਵੱਲ ਦੇਖ ਰਹੇ ਸਨ ਪਰ ਦੀਪੀ ਦੇ ਦਰਸ਼ਨ ਨਹੀ ਹੋਏ।
"ਕੀ ਕਹਿੰਦਾ ਸੀ ?" ਦਲੀਪ ਜਾਨਣ ਲਈ ਕਾਹਲਾ ਸੀ, ਸਰਪੰਚ ਨੇ ਸਾਰਾ ਕੁੱਝ ਦੁਹਰਾ ਦਿੱਤਾ, ਸੁਣ ਕੇ ਦੋਵਾ ਦੇ ਚਿਹਰੇ ਤੇ ਫਿਕਰ ਦੇ ਬੱਦਲ ਮੰਡਰਾ ਗਏ …
"ਇਹ ਤਾਂ ਸਰਾਸਰ ਧੱਕਾ ਆ, ਏਦਾ ਕਿਵੇ ਹੋ ਸਕਦਾ ?"
ਦਲੀਪ ਆਕੀ ਹੋਇਆ ਬੈਠਾ ਸੀ।
"ਪੁੱਤ ਇਹ ਤੇਰੇ ਲਈ ਧੱਕਾ ਆ, ਸਿਆਸੀ ਨੇਤਾ ਇਸ ਨੂੰ ਮੌਕੇ ਦੀ ਲੋੜ ਤੇ ਸ਼ਤਰੰਜ ਦੀ ਚਾਲ ਆਖਦੇ ਆ , ਪਰ ਮੈਨੂੰ ਇਹ ਸਮਝ ਨਹੀ ਆਉਦੀ ਕਿ ਇਸ ਨੂੰ ਸਾਡੀ ਦੀਪੀ ਹੀ ਏਨੀ ਪਸੰਦ ਕਿਓ ਆਈ, ਹੋਰ ਕੁੜੀਆ ਦਾ ਘਾਟਾ ?"
ਸਰਪੰਚ ਨੂੰ ਦਾਲ ਵਿੱਚ ਕੁੱਝ ਕਾਲਾ ਲਗਦਾ ਸੀ।
"ਸਰਦਾਰਾ ਸਿੰਘ ਨਾਲ ਦੋ ਟੁੱਕ ਗੱਲ ਕਰਨੀ ਹੀ ਪਊ, ਇਊ ਅੱਧ ਵਿਚਾਲਾ ਕੀਤਿਆ ਵੀ ਨਹੀ ਸਰਦਾ"।
ਸਰਪੰਚ ਕੋਈ ਨਿਰਣਾ ਲੈ ਚੁੱਕਿਆ ਸੀ।
ਦੀਪੀ ਵੀ ਹੁਣ ਬਾਹਰ ਆ ਗਈ ਸੀ ਤੇ ਸਵਾਲੀਆ ਨਜਰਾਂ ਨਾਲ ਦੇਖ ਰਹੀ ਸੀ।
"ਘਬਰਾ ਨਾਂ ਪੁੱਤ ਕੁੱਝ ਨੀ ਹੁੰਦਾ"।
ਸਰਪੰਚ ਨੇ ਉਹਦੇ ਸਿਰ ਤੇ ਹੱਥ ਫੇਰਿਆ ਤੇ ਸ਼ਹਿਰ ਨੂੰ ਚਲੇ ਗਿਆ, ਦੀਪੀ ਬਹੁਤ ਫਿਕਰਮੰਦ ਹੋਈ ਪਈ ਸੀ, ਉਹ ਹਾਲੇ ਗੱਲ ਹੀ ਕਰ ਰਹੇ ਸਨ ਕਿ ਸਤਬੀਰ ਭੱਜਾ ਆਇਆ …
"ਬਾਈ ਜੀ, ਬਹੁਤ ਨੁਕਸਾਂਨ ਹੋ ਗਿਆ"।
ਉਹ ਰੋਣਹਾਕਾ ਹੋਇਆ ਪਿਆ ਸੀ।
"ਕੀ ਗੱਲ ਹੋ ਗਈ ?"
ਦਲੀਪ ਨੂੰ ਲੱਗਿਆ ਇਹ ਵੀ ਕੋਈ ਮਾੜੀ ਖਬਰ ਲੈ ਕੇ ਆਇਆ।
"ਚਾਰ ਨੰਬਰ ਸ਼ੈਡ ਵਾਲੇ ਸਾਰੇ ਬਰੈਲਰ ਮਰੇ ਪਏ ਆ, ਚਾਰ ਹਜਾਰ ਪੀਸ ਜਿਹੜਾ ਪਰਸੋ ਵਪਾਰੀ ਨੇ ਲੈ ਕੇ ਜਾਣਾ ਸੀ"।
ਸਤਬੀਰ ਦੀ ਹਾਲਤ ਇਵੇ ਸੀ ਜਿਵੇ ਕੋਈ ਭੂਤ ਦੇਖ ਲਿਆ ਹੋਵੇ।
"ਸਾਰੇ ਦੇ ਸਾਰੇ ? ਇਹ ਕਿਵੇ ਹੋ ਸਕਦਾ ? ਰਾਤ ਸਭ ਕੁੱਝ ਠੀਕ ਸੀ, ਕੋਈ ਬਿਮਾਰੀ ਨਹੀ, ਬਿਮਾਰੀ ਹੋਵੇ ਵੀ ਤਾਂ ਸਾਰੇ ਇੱਕ ਦੰਮ ਨਹੀ ਮਰ ਸਕਦੇ, ਕੋਈ ਚੱਕਰ ਆ"।
ਦਲੀਪ ਉਨੀ ਪੈਰੀ ਸਤਬੀਰ ਨਾਲ ਪੋਲਟਰੀ ਵੱਲ ਭੱਜ ਤੁਰਿਆ।
"ਮੰਮੀ ਇਹ ਹਰ ਰੋਜ ਕੋਈ ਨਾ ਕੋਈ ਆਫਤ ਆ ਰਹੀ ਇਹਦਾ ਅੰਤ ਕਦੋ ਹੋਵੇਗਾ ?"
ਦੀਪੀ ਨੇ ਮਾਂ ਨੂੰ ਪੁੱਛਿਆ।
"ਪੁੱਤ ਦਾਤੇ ਦੇ ਰੰਗ ਆ ਉਹ ਪਤਾ ਨਹੀ ਕਿਹੜੀਆ ਗੱਲਾਂ ਵਿੱਚ ਰਾਜੀ ਆ"।
ਮਾਂ ਨੇ ਅਪਣੀ ਬੇਵਸੀ ਦਿਖਾਈ ਤੇ ਉਪਰ ਵੱਲ ਹੱਥ ਕਰਕੇ ਰੱਬ ਦੇ ਸਿਰ ਸਭ ਕੁੱਝ ਮੜ ਦਿੱਤਾ, ਜਦੋ ਬੰਦੇ ਦੀ ਅਕਲ ਕੰਮ ਨਾ ਕਰੇ ਤਾ ਫਿਰ ਇੱਕ ਹੀ ਤਰੀਕਾ ਹੈ, ਉਹ ਹੈ ਰੱਬ, ਆਮ ਤੌਰ ਤੇ ਰੱਬ ਬਹੁਤੇ ਮਾੜੇ ਕੰਮਾ ਲਈ ਦੋਸ਼ੀ ਠਹਿਰਾਇਆ ਜਾਦਾ ਹੈ, ਜੋ ਲੋਕਾ ਦੀ ਕਿਸਮਤ ਏਨੀ ਮਾੜੀ ਲਿਖ ਕੇ ਭੇਜਦਾ ਹੈ।
ਦਲੀਪ ਨੇ ਪੋਲਟਰੀ ਵਿੱਚ ਜਾ ਕੇ ਦੇਖਿਆ, ਚਾਰ ਨੰਬਰ ਸ਼ੈਡ ਦੇ ਸਾਰੇ ਬਰੈਲਰ ਮਰੇ ਪਏ ਸਨ, ਭਾਵੇ ਇੱਕ ਮੁਰਗੇ ਦੀ ਜਾਨ ਇੱਕ ਆਦਮੀ ਦੀ ਜਾਨ ਜਿੰਨੀ ਕੀਮਤੀ ਨਹੀ ਮੰਨੀ ਜਾਦੀ ਪਰ ਦਲੀਪ ਲਈ ਫਿਲਹਾਲ ਇਹ ਚਾਰ ਹਜਾਰ ਬਰੈਲਰ ਚਾਰ ਹਜਾਰ ਜਾਨਾਂ ਸਨ ਜੋ ਭੰਗ ਦੇ ਭਾੜੇ ਗਈਆ ਸਨ, ਦਲੀਪ ਦੇ ਦਿਲ ਵਿੱਚ ਇਹ ਗੱਲ ਬੈਠ ਨਹੀ ਸੀ ਰਹੀ ਕਿ ਇਹ ਕੋਈ ਅਪਣੇ ਆਪ ਘਟੀ ਘਟਨਾ ਹੈ, ਹੁਣ ਤੱਕ ਪੋਲਟਰੀ ਵਾਲੇ ਸਾਰੇ ਸਾਝੀਵਾਲ ਅਤੇ ਪਿੰਡ ਦੇ ਬਹੁਤ ਸਾਰੇ ਲੋਕ ਵੀ ਆ ਪਹੁੰਚੇ ਸਨ, ਰਾਹ ਵਿੱਚ ਹੀ ਕਈ ਗੱਲਾਂ ਕਰਦੇ ਆ ਰਹੇ ਸਨ ਕਿ ਪਿੰਡ ਦੀ ਤਰੱਕੀ ਨੂੰ ਨਜਰ ਲੱਗ ਗਈ ਆ, ਕਈ ਸਿਆਣੀਆ ਬੁੜੀਆ ਤਾ ਇਹ ਵੀ ਕਹਿਣ ਲੱਗ ਪਈਆ ਸਨ … ।
"ਭਾਈ ਕਿਸੇ ਸਿਆਣੇ ਕੋਲੋ ਪੁੱਛ ਪਵਾਉਣੀ ਚਾਹੀਦੀ ਆ, ਸਾਰੇ ਪਿੰਡ ਤੇ ਸਾੜਸਤੀ ਆ ਪਈ ਆ, ਕਿਤੇ ਬੱਚੇ ਮਰਨ ਡਹੇ ਆ, ਕਿਤੇ ਡੰਗਰ ਮਰਨ ਡਹੇ ਆ ਤੇ ਆਹ ਹੁਣ ਐਨੇ ਮੁਰਗੇ ? ਚੰਗੇ ਭਲੇ ਸੀ ਕੱਲ, ਰਾਤੋ ਰਾਤ ਕੀ ਹੋ ਗਿਆ ?"
ਤਾਇਆ ਨੰਬਰਦਾਰ ਸਭ ਤੋ ਮੋਹਰੇ ਭੱਜਾ ਆਉਦਾ ਸੀ ।
"ਕਾਕਾ ਕੀ ਭਾਣਾ ਵਰਤ ਗਿਆ ?"
ਉਸ ਨੇ ਆਉਦੇ ਹੀ ਦਲੀਪ ਨੂੰ ਪੁੱਛਿਆ
"ਤਾਇਆ ਜੀ, ਚਾਰ ਹਜਾਰ ਮੁਰਗਾ ਸੁਸਰੀ ਵਾਂਗ ਸੁੱਤਾ ਪਿਆ"।
ਸਤਬੀਰ ਨੇ ਦੱਸਿਆ।
"ਪਰ ਇਹ ਕਿਵੇ ਹੋ ਸਕਦਾ, ਐਦਾ ਕਦੇ ਮੁਰਗੇ ਨੀ ਮਰਦੇ ਮੈਨੂੰ ਇਹ ਕਿਸੇ ਦੀ ਕਾਰਸਤਾਨੀ ਲਗਦੀ ਆ"।
ਤਾਏ ਨੇ ਅਪਣੀ ਸਿਆਣਪ ਦਿਖਾਈ।
"ਪਰ ਤਾਇਆ ਜੀ ਮੁਰਗਿਆ ਨਾਲ ਕੀਹਦੀ ਦੁਸ਼ਮਣੀ ਆ ?"
ਇੱਕ ਹੋਰ ਸਾਂਝੀਵਾਲ ਬੋਲਿਆ, ਉਹਦੀਆ ਅੱਖਾਂ ਭਰੀਆ ਹੋਈਆ ਸਨ, ਕਿੰਨੀ ਮੇਹਨਤ ਨਾਲ ਪਾਲੇ ਸੀ ਇਹ ਮੁਰਗੇ ਤੇ ਪਰਸੋ ਨੂੰ ਵਿਕ ਜਾਣੇ ਸੀ, ਸੱਤਰ ਅੱਸੀ ਹਜਾਰ ਦਾ ਘਾਟਾ, ਇੱਕ ਪਲ ਵਿੱਚ।
"ਕਾਕਾ, ਦੁਸ਼ਮਣੀ ਮੁਰਗਿਆ ਨਾਲ ਨਹੀ ਦੁਸ਼ਮਣੀ ਪਾਲਣ ਵਾਲਿਆ ਨਾਲ ਹੁੰਦੀ ਆ, ਐਨਾ ਨੁਕਸਾਨ ਹੋਊ ਤਾ ਹੀ ਪਾਲਣ ਵਾਲੇ ਨਾਲ ਦੁਸ਼ਮਣੀ ਨਿਕਲੂ ?"
ਤਾਇਆ ਅਪਣੇ ਤਜਰਬੇ ਤੋ ਬੋਲ ਰਿਹਾ ਸੀ।
"ਤਾਇਆ ਜੀ ਅਪਣੇ ਪਿੰਡ ਦੇ ਹਰ ਘਰ ਨੂੰ ਪੋਲਟਰੀ ਦੇ ਪੈਸੇ ਜਾਦੇ ਆ, ਪਿੰਡ ਵਿੱਚੋ ਤਾ ਕੋਈ ਨੁਕਸਾਨ ਕਰਨੋ ਰਿਹਾ ਤੇ ਬਾਹਰੋ ਕਿਸੇ ਨੂੰ ਆਪਾ ਪੋਲਟਰੀ ਵਿੱਚ ਵੜਨ ਨਹੀ ਦਿੱਦੇ, ਫੇਰ ਐਨੇ ਮੁਰਗੇ ਮਾਰਨੇ ਤੇ ਪਤਾ ਨਾ ਲੱਗਣ ਦੇਣਾ, ਬਿਨਾ ਸ਼ੋਰ ਸ਼ਰਾਬਾ ਕੀਤੇ ਬਚ ਕੇ ਨਿਕਲ ਜਾਣਾ ਇਹ ਕਿਵੇ ਹੋ ਸਕਦਾ ?"
ਦਲੀਪ ਨੂੰ ਲਗਦਾ ਸੀ ਬਈ ਦਾਲ ਵਿੱਚ ਕੁੱਝ ਕਾਲਾ ਪਰ ਇਹ ਹੋ ਕਿਵੇ ਸਕਦਾ? ਐਨੇ ਲੋਕਾਂ ਦੇ ਹੁੰਦਿਆ ?
"ਪੁੱਤ, ਮੁਰਗੇ ਦੇ ਕਿਹੜਾ ਗੋਲੀ ਮਾਰਨੀ ਆ, ਨਿੱਕੇ ਜਿਹੇ ਜੀ ਆ, ਕੁੱਝ ਘੋਲ ਕੇ ਪਿਆ ਦਿਓ ਤਾ ਸੁਸਰੀ ਬਣ ਜਾਦੇ ਆ, ਇਨਾ ਨੂੰ ਚੈਕ ਕਰੋ ਜਾਂ ਕਰਵਾਓ"।
ਤਾਏ ਨੇ ਸਿਰੇ ਦੀ ਗੱਲ ਦੱਸੀ, ਕਈ ਤੀਵੀਆ ਚਿੱਟੇ ਦੁੱਧ ਬਰੈਲਰਾ ਨੂੰ ਮਰੇ ਦੇਖ ਇਸ ਕਾਰੇ ਨੂੰ ਕਰਨ ਵਾਲੇ ਦਾ ਸਿਆਪਾ ਕਰ ਰਹੀਆ ਸਨ।
"ਭੈਣ ਪਤਾ ਨੀ ਕਿਹਦੇ ਢਿੱਡ ਸੂਲ ਉਠਿਆ ਹੋਣਾ, ਚਾਰ ਜੀ ਕਮਾਈ ਕਰਦੇ ਦੇਖੇ ਨੀ ਜਾਦੇ ਪਾਪੀਆ ਤੋ, ਵਾਖਰੂ ਬਖਸ਼ੇ, ਜਮਾ ਈ ਕਹਿਰ ਟੁੱਟਿਆ"।
"ਸਤਬੀਰ ਇੱਕ ਮੁਰਗਾ ਲੈ ਜਾ ਤੇ ਲੈਬਾਰਟਰੀ ਚੋ ਚੈਕ ਕਰਾ ਕੇ ਦੇਖ ਮੌਤ ਦਾ ਕੀ ਕਾਰਨ ਆ"। ਦਲੀਪ ਨੇ ਸਤਬੀਰ ਨੂੰ ਕਿਹਾ।
"ਬਾਈ ਨੂੰ ਖਬਰ ਕਰਨੀ ਆ ?"
ਸਤਬੀਰ ਦੀ ਮੁਰਾਦ ਦੇਬੀ ਤੋ ਸੀ।
"ਬਿਲਕੁਲ ਨਹੀ, ਕੰਨ ਖੋਲ ਕੇ ਸੁਣ ਲਓ, ਜਦ ਤੱਕ ਉਹ ਪਿੰਡ ਨੀ ਆਉਦਾ ਕੋਈ ਉਸ ਨੂੰ ਇਹ ਨਾ ਦੱਸੇ"।
ਦਲੀਪ ਨੇ ਦੇਬੀ ਨੂੰ ਦੱਸਣੋ ਮਨਾਂ ਕਰ ਦਿੱਤਾ।
"ਸ਼ੇਰਾ, ਮੇਰੇ ਡਮਾਗ ਚ ਕੁੱਝ ਹੋਰ ਆਉਦਾ"।
ਤਾਇਆ ਇਓ ਬੋਲਿਆ ਜਿਵੇ ਉਸਨੂੰ ਹੁਣੇ ਕੁੱਝ ਸੁੱਝਿਆ ਹੋਵੇ।
"ਉਹ ਵੀ ਦੱਸੋ ਤਾਇਆ ਜੀ"। ਇੱਕ ਨੇ ਪੁੱਛਿਆ।
"ਘਰ ਦੇ ਭੇਤੀ ਤੋ ਬਿਨਾ ਲੰਕਾ ਨੀ ਸੜਦੀ, ਇਸ ਕਾਰੇ ਵਿੱਚ ਕਿਸੇ ਅਪਣੇ ਬੰਦੇ ਦਾ ਜਾਂ ਕਿਸੇ ਕੰਮੀ ਦਾ ਹੱਥ ਜਰੂਰ ਹੋਊ"।
ਤਾਇਆ ਕਿਸੇ ਸੀ ਆਈ ਡੀ ਇੰਸਪੈਕਟਰ ਵਾਂਗ ਇਨਵੈਸਟੀਗੇਸ਼ਨ ਕਰ ਰਿਹਾ ਸੀ।
"ਐਸਾ ਕੌਣ ਹੋ ਸਕਦਾ ?"
ਕਈਆ ਦੇ ਮੂੰਹੋ ਕੱਠਾ ਈ ਨਿਕਲ ਗਿਆ।
"ਅਪਣੇ ਮੁੰਡਿਆ ਤੋ ਬਿਨਾ ਹੋਰ ਕੌਣ ਆਉਦਾ ਜਾਦਾ ਏਥੇ ?"
ਲਗਦਾ ਸੀ ਤਾਇਆ ਦੋਸ਼ੀ ਨੂੰ ਫੜ ਕੇ ਹੀ ਸਾਹ ਲਊ।
"ਅਪਣੇ ਸਾਂਝੀਵਾਲ ਤੋ ਬਿਨਾਂ, ਖੁਰਾਕ ਸਪਲਾਈ ਕਰਨ ਵਾਲੇ, ਫਿਰ ਵਪਾਰੀ ਜੋ ਆਉਦੇ ਆ, ਚੈਕ ਕਰਨ ਵਾਲਾ ਡਾਕਟਰ ਤੇ ਅਪਣੇ ਦੋਵੇ ਭਈਏ ਜਿਹੜੇ ਸਫਾਈ ਦਾ ਕੰਮ ਕਰਦੇ ਆ"।
ਇੱਕ ਜਿੰਮੇਵਾਰ ਸਾਂਝੀਵਾਲ ਨੇ ਯਾਦ ਕਰਦੇ ਹੋਏ ਦੱਸਿਆ।
"ਭਈਆ ਨੂੰ ਸੱਦ ਕੇ ਪੁੱਛੋ ਬਈ ਉਨਾ ਕਿਸੇ ਹੋਰ ਨੂੰ ਏਥੇ ਦੇਖਿਆ ?"
ਤਾਏ ਨੇ ਸੁਝਾਅ ਦਿੱਤਾ।
"ਰਾਮੂ ਤਾ ਕੱਲ ਸ਼ਾਮ ਦਾ ਤਲਵੰਡੀ ਗਿਆ, ਕਹਿੰਦਾ ਸੀ ਇੱਕ ਭਈਏ ਨੇ ਦੇਸ਼ ਜਾਣਾ ਆ ਤੇ ਉਹਦੇ ਕੋਲੋ ਪੈਸੇ ਭੇਜਣੇ ਆ, ਹਰੀਆ ਕਿਤੇ ਏਥੇ ਹੋਣਾ ਆ, ਉਹਨੂੰ ਦੇਖੋ"।
ਜਿੰਮੇਵਾਰ ਸਾਂਝੀਵਾਲ ਨੇ ਦੱਸਿਆ, ਰਾਮੂ ਨੇ ਕੱਲ ਹੀ ਉਹਦੇ ਕੋਲੋ ਛੁੱਟੀ ਲੈ ਲਈ ਸੀ, ਸਾਰੇ ਸ਼ੈਡ ਦੇਖੇ ਹਰੀਏ ਦਾ ਕਿਤੇ ਨਾਂ ਨਿਸ਼ਾਨ ਨਹੀ, ਉਨਾ ਦੇ ਕਮਰੇ ਵਿੱਚ ਦੇਖਿਆ, ਦੋਵਾ ਦੇ ਟਰੰਕ ਉਵੇ ਹੀ ਪਏ ਸਨ ਪਰ ਹਰੀਆ ਕਿੱਥੇ ਗਿਆ, ਮੁੰਡਿਆ ਨੂੰ ਚਾਰ ਚੁਫੇਰੇ ਦੌੜਾਇਆ, ਤਿੰਨ ਚਾਰ ਜਣੇ ਤਲਵੰਡੀ ਪਤਾ ਕਰਨ ਚਲੇ ਗਏ, ਪਰ ਰਾਮੂ ਤੇ ਹਰੀਏ ਨੂੰ ਜਿਵੇ ਅਸਮਾਨ ਨਿਗਲ ਗਿਆ ਜਾਂ ਉਹ ਧਰਤੀ ਵਿੱਚ ਸਮਾ ਗਏ …
"ਮੈਨੂੰ ਪਹਿਲਾ ਈ ਪਤਾ ਸੀ ਬਈ ਏਹੋ ਜਿਹੇ ਕਾਰੇ ਐਵੇ ਨੀ ਹੁੰਦੇ, ਐਨੇ ਬੇਜੁਬਾਨੇ ਮਰੇ ਆ, ਇਹ ਜਿਹੜੇ ਦੋਵੇ ਭਈਏ ਗੈਬ ਆ ਇਹ ਕਾਰਾ ਈ ਏਨਾ ਦਾ"।
ਤਾਏ ਨੇ ਫੈਸਲਾ ਸੁਣਾ ਦਿੱਤਾ।
ਸਾਰੇ ਤਾਏ ਦੀ ਗੱਲ ਮੰਨ ਗਏ ਸਨ ਪਰ ਕਿਸੇ ਦੇ ਪੱਲੇ ਇਹ ਨਹੀ ਸੀ ਪੈ ਰਿਹਾ ਬਈ ਐਨੇ ਮਿਹਨਤੀ ਭਈਏ, ਜਿਹੜੇ ਦੋ ਸਾਲ ਤੋ ਪਿੰਡ ਵਿੱਚ ਕੰਮ ਕਰ ਰਹੇ ਸੀ, ਇਨਾ ਦੀ ਪੋਲਟਰੀ ਨਾਲ ਕੀ ਲਾਲ ਝੰਡੀ ਹੋਈ, ਉਹ ਤਾ ਪੋਲਟਰੀ ਦੇ ਕੰਮ ਵਿੱਚ ਖੁਸ਼ ਹੀ ਬਹੁਤ ਸਨ ਕਿ ਸਾਰਾ ਦਿਨ ਖੇਤਾ ਵਿੱਚ ਸਖਤ ਕੰਮ ਨਹੀ ਕਰਨਾ ਪੈਂਦਾ, ਤਲਵੰਡੀ ਗਏ ਮੁੰਡੇ ਹਰ ਭਈਏ ਨਾਲ ਗੱਲ ਕਰ ਆਏ ਸਨ ਪਰ ਕਿਸੇ ਨੇ ਰਾਮੂ ਤੇ ਹਰੀਏ ਨੂੰ ਨਹੀ ਸੀ ਦੇਖਿਆ, ਉਨਾ ਦੇ ਗਾਇਬ ਹੋਣ ਦੀ ਖਬਰ ਜੰਗਲ ਦੀ ਅੱਗ ਵਾਗ ਫੈਲ ਗਈ, ਦਲੀਪ ਨੇ ਪੁਲੀਸ ਸ਼ਟੇਸ਼ਨ ਫੋਨ ਕਰ ਕੇ ਉਨਾ ਦੇ ਫਰਾਰ ਹੋਣ ਦੀ ਰਿਪੋਰਟ ਲਿਖਾ ਦਿੱਤੀ, ਸ਼ਾਮ ਤੱਕ ਸਤਬੀਰ ਰਿਪੋਰਟ ਲੈ ਕੇ ਆ ਗਿਆ ਸੀ ਬਈ ਕੋਈ ਜਹਿਰੀਲੀ ਚੀਜ ਖਾਣ ਜਾਂ ਪੀਣ ਨਾਲ ਇਨਾ ਦੀ ਮੌਤ ਹੋਈ ਆ, ਹੁਣ ਜਹਰੀਲੀ ਚੀਜ ਖਾ ਕੇ ਮਰੇ ਮੁਰਗੇ ਨੂੰ ਨਾ ਵੇਚਿਆ ਜਾ ਸਕਦਾ ਨਾ ਖਾਧਾ ਜਾ ਸਕਦਾ, ਪੁਲੀਸ ਨੇ ਕੇਸ ਦਰਜ ਕਰ ਲਿਆ ਸੀ …
"ਭਈਏ ਤਾ ਸ਼ਾਮਲ ਹਨ ਹੀ ਪਰ ਪਿੰਡ ਦਾ ਕੋਈ ਬੰਦਾ ਵੀ ਇਸ ਕੇਸ ਨਾਲ ਸਬੰਧਿਤ ਆ, ਦੇਰ ਸਵੇਰ ਪਤਾ ਲੱਗਣੋ ਨਹੀ ਰਹਿਣਾ, ਬਹੁਤ ਅਫਸੋਸ ਆ ਦਲੀਪ ਸਿੰਘ"।
ਘਟਨਾ ਵਾਲੀ ਥਾ ਦਾ ਦੌਰਾ ਕਰਨ ਆਇਆ ਏ ਐਸ ਆਈ ਜਾਦਾ ਦਲੀਪ ਨੂੰ ਕਹਿ ਗਿਆ, ਦਲੀਪ ਦੀ ਅਪਣੀ ਸੋਚ ਅਨੁਸਾਰ ਵੀ ਇਹ ਸਾਫ ਸੀ ਕਿ ਭਈਆ ਦਾ ਕੱਲਿਆ ਦਾ ਕੰਮ ਨਹੀ, ਕਰਾਉਣ ਵਾਲਾ ਕੋਈ ਹੋਰ ਆ ਜਿੱਦਣ ਉਹ ਕਾਬੂ ਆ ਗਿਆ, ਬਹੁਤ ਬੜਕਾਉਣਾ ਆ।
ਬਹੁਤ ਦਿਨਾ ਤੋ ਪਿੰਡ ਵਿੱਚ ਅਫਰਾ ਤਫਰੀ ਜਿਹੀ ਫੈਲੀ ਹੋਈ ਸੀ, ਦੇਬੀ ਦੇ ਜਾਣ ਤੋ ਬਾਅਦ ਮੁੰਡੇ ਵਾਲੀਵਾਲ ਖੇਡਣਾ ਵੀ ਛੱਡ ਗਏ ਸਨ, ਡੇਅਰੀ ਤੇ ਪੋਲਟਰੀ ਤੇ ਪਹਿਰਾ ਲਗਾ ਦਿੱਤਾ ਗਿਆ ਸੀ, ਕਈ ਸਾਝੀਵਾਲ ਇੱਕ ਦੂਜੇ ਵੱਲ ਵੀ ਸ਼ੱਕ ਦੀ ਨਿਗਾ ਨਾਲ ਦੇਖਣ ਲੱਗ ਪਏ ਸਨ, ਪਰੇਮ ਦਾ ਸੋਮਾ ਪਿੰਡ ਵਿੱਚ ਨਾ ਹੋਣ ਕਰਕੇ ਮੁੜ ਪਹਿਲਾ ਵਾਲਾ ਮਹੋਲ ਬਣਦਾ ਜਾ ਰਿਹਾ ਸੀ, ਬੇਵਿਸ਼ਵਾਸ਼ਾ ਜਿਹਾ, ਦਲੀਪ ਨੇ ਉਸੇ ਰਾਤ ਮੀਟਿੰਗ ਕਰ ਕੇ ਸਾਝੀਵਾਲਾਂ ਨੂੰ ਹੌਸਲਾ ਤੇ ਵਿਸ਼ਵਾਸ਼ ਬਣਾਈ ਰੱਖਣ ਲਈ ਕਿਹਾ ਸੀ ਪਰ ਉਹ ਦੇਬੀ ਵਾਂਗ ਗੱਲਾਂ ਨਹੀ ਕਰ ਸਕਿਆ।
ਓਧਰ ਦੇਬੀ ਦੀ ਹਾਲਤ ਦਿਨ ਬਦਿਨ ਸੁਧਰਦੀ ਜਾ ਰਹੀ ਸੀ, ਉਠ ਕੇ ਬੈਠ ਜਾਦਾ ਸੀ ਤੇ ਹੌਲੀ ਹੌਲੀ ਪਾਸਾ ਵੀ ਥੱਲ ਲੈਦਾ ਸੀ, ਹੁਣ ਉਹ ਦਿਨ ਵਿੱਚ ਕਾਫੀ ਸਮਾ ਮਸਕੀਨ ਜੀ ਤੇ ਓਸ਼ੋ ਦੀਆ ਲਿਖਤਾ ਪੜ ਕੇ ਬਿਤਾਉਦਾ ਸੀ, ਸਤਿੰਦਰ ਤੇ ਅਮਰੀਕ ਨੇ ਕਿਤਾਬਾ ਦੇ ਢੇਰ ਲਾ ਦਿੱਤੇ ਸਨ ਉਹਦੇ ਕੋਲ, ਕਰਤਾਰ ਹਰ ਰੋਜ ਗੇੜਾ ਲਾਉਦਾ ਸੀ ਤੇ ਦੇਬੀ ਨਾਲ ਹੁਣ ਬਹੁਤ ਗੱਲਾ ਕਰ ਲੈਦਾ ਸੀ, ਸਤਿੰਦਰ ਪਿੰਡ ਜਾ ਕੇ ਦੀਪੀ ਨੂੰ ਮਿਲ ਆਈ ਸੀ, ਉਸ ਨੇ ਕਹਿ ਕੇ ਦੇਬੀ ਦੇ ਕਮਰੇ ਵਿੱਚ ਇੱਕ ਇੰਟਰਕਾਮ ਵੀ ਲਵਾ ਦਿੱਤਾ ਸੀ ਤੇ ਹੁਣ ਸੱਜਣਾ ਨਾਲ ਗੱਲ ਹੋ ਜਾਦੀ ਸੀ।
ਅੱਜ ਤਿੰਨ ਦਿਨ ਹੋ ਗਏ ਸਨ ਐਮ ਐਲ ਏ ਨੂੰ ਆਇਆ ਤੇ ਬਾਅਦ ਵਿੱਚ ਉਨਾ ਵੱਲੋ ਕੋਈ ਖਬਰ ਨਹੀ ਸੀ ਆਈ, ਦੀਪੀ ਨੂੰ ਲਗਦਾ ਸੀ ਕਿ ਬਲਾ ਗਲੋ ਟਲੀ, ਪਰ ਚੌਥੇ ਦਿਨ ਸਵੇਰੇ ਸਵੇਰੇ ਸਰਦਾਰਾ ਸਿੰਘ ਆ ਧਮਕਿਆ, ਕਿਸੇ ਕਤਲ ਕੇਸ ਵਿੱਚ ਉਸਦੀ ਚੰਡੀਗੜ ਹਾਈਕੋਰਟ ਵਿੱਚ ਪੇਸ਼ੀ ਸੀ ਇਸ ਲਈ ਉਹ ਪਹਿਲਾ ਨਹੀ ਆ ਸਕਿਆ, ਚਾਹ ਪਾਣੀ ਪੀ ਕੇ ਉਹ ਸਰਪੰਚ ਨੂੰ ਕਹਿਣ ਲੱਗਾ … ।।
"ਬਾਈ ਸਿਆ ਵਧਾਈਆ, ਹੁਣ ਆਪਾ ਹਿੱਸੇਦਾਰ ਹੀ ਨਹੀ ਰਿਸ਼ਤੇਦਾਰ ਵੀ ਬਣ ਗਏ, ਕਾਕਾ ਜੀ ਨੂੰ ਗੁੱਡੀ ਬਾਲੀ ਪਸੰਦ ਆਈ ਆ, ਭਾਊ ਕਹਿੰਦਾ ਸੀ ਬਈ ਇਲੈਕਸ਼ਨ ਤੋ ਅਗਲੇ ਦਿਨ ਹੀ ਵਿਆਹ ਦੀਆ ਤਿਆਰੀਆ ਸ਼ੁਰੂ ਹੋ ਜਾਣ, ਕਿਸੇ ਦਾਜ ਦੂਜ ਦੀ ਲੋੜ ਨਹੀ, ਬੱਸ ਬਰਾਤ ਦੀ ਸੇਵਾ ਕਰਨੀ ਆ, ਵੱਡੇ ਵੱਡੇ ਲੋਕ ਆਉਣਗੇ, ਵਧਾਈਆ ਬਾਈ ਸਿਆ, ਵਧਾਈਆ"।
ਜਿਵੇ ਜਿਵੇ ਸਰਦਾਰਾ ਸਿੰਘ ਬੋਲੀ ਜਾ ਰਿਹਾ ਸੀ ਕੁੜੀ ਵਾਲਿਆ ਦੇ ਚੇਹਰੇ ਪੀਲੇ ਪਈ ਜਾ ਰਹੇ ਸਨ, ਸਰਪੰਚ ਨੂੰ ਸਮਝ ਨਹੀ ਸੀ ਆ ਰਹੀ ਕਿ ਉਹ ਕੀ ਕਰੇ।
"ਸਰਦਾਰਾ ਸਿਆ, ਮੈ ਬੜੀ ਮੁਸ਼ਕਿਲ ਚ ਫਸਿਆ ਆਂ, ਕੁੜੀ ਦਾ ਹੱਥ ਅਸੀ ਕਿਸੇ ਹੋਰ ਨੂੰ ਦੇਣ ਦਾ ਵਾਅਦਾ ਕਰ ਚੁੱਕੇ ਆ, ਮੈ ਐਮ ਐਲ ਏ ਸਾਬ ਨੂੰ ਵੀ ਬੇਨਤੀ ਕੀਤੀ ਸੀ"।
ਸਰਪੰਚ ਨੇ ਕਿਹਾ, ਉਹ ਸਮਝ ਗਿਆ ਸੀ ਕਿ ਟਾਲ ਮਟੋਲ ਸਰਦਾਰਾ ਸਿੰਘ ਨਾਲ ਨਹੀ ਸੀ ਕੀਤਾ ਜਾ ਸਕਦਾ।
"ਹਜਾਰਾ ਸਿਆ, ਬਾਈ ਇੱਕ ਗੱਲ ਧਿਆਨ ਨਾਲ ਸੁਣ ਲੈ, ਜੇ ਕਾਕਾ ਜੀ ਨੇ ਹਾ ਕਰ ਦਿੱਤੀ ਤਾ ਸਮਝ ਲੈ ਬਈ ਹੁਣ ਇਸ ਵਿਆਹ ਨੂੰ ਰੱਬ ਵੀ ਨੀ ਰੋਕ ਸਕਦਾ, ਜੇ ਕੁੜੀ ਕਾਕਾ ਜੀ ਨਾਲ ਫੇਰੇ ਨਾ ਲੈ ਸਕੀ ਫਿਰ ਕਿਸੇ ਹੋਰ ਨਾਲ ਭਾਊ ਨੇ ਹੋਣ ਨਹੀ ਦੇਣੇ, ਲਾਸ਼ਾ ਵਿਛ ਜਾਣਗੀਆ ਹਜਾਰਾ ਸਿਆ ਹੋਸ਼ ਕਰ"।
ਸਰਦਾਰਾ ਸਿੰਘ ਸਰਪੰਚ ਦੇ ਘਰ ਬੈਠ ਕੇ ਉਸ ਨੂੰ ਧਮਕੀ ਦੇਣ ਤੋ ਗੁਰੇਜ ਨਹੀ ਸੀ ਕਰ ਰਿਹਾ।
"ਇਹ ਕੋਈ ਧੱਕਾ ਆ ? ਸਾਡੀ ਮਰਜੀ ਜਿੱਥੇ ਮਰਜੀ ਰਿਸ਼ਤਾ ਕਰੀਏ"।
ਦਲੀਪ ਤੋ ਹੁਣ ਰਿਹਾ ਨਹੀ ਸੀ ਗਿਆ, ਉਹ ਤੈਸ਼ ਚ ਆ ਗਿਆ ਸੀ।
"ਕਾਕਾ ਜੀ, ਸ਼ਾਂਤ ਰਹੋ, ਮਰਜੀ ਨਾ ਮੇਰੀ ਤੇ ਨਾ ਤੁਹਾਡੀ, ਮਰਜੀ ਚੱਲਣੀ ਆ ਵੱਡੇ ਭਾਈ ਦੀ ਜੇ ਤੈਨੂੰ ਯਕੀਨ ਨਹੀ ਆਉਦਾ ਤਾ ਅੱਜ ਸ਼ਾਮ ਤੱਕ ਆਜੂ, ਚਲੋ ਬਈ ਮੁੰਡਿਓ"।
ਕਹਿ ਕੇ ਸਰਦਾਰਾ ਸਿੰਘ ਨਾਲ ਆਏ ਗੁੰਡਿਆ ਦੀ ਧਾੜ ਲੈ ਕੇ ਓਹ ਔਹ ਗਿਆ ਔਹ ਗਿਆ, ਪਿੱਛੇ ਖੜਾ ਰਹਿ ਗਿਆ ਗੁੱਸੇ ਵਿੱਚ ਕੰਬਦਾ ਦਲੀਪ, ਡਰ ਨਾਲ ਕੰਬਦੀਆ ਮਾਵਾ ਧੀਆ ਤੇ ਘਬਰਾਇਆ ਹੋਇਆ ਸਰਪੰਚ ਹਜਾਰਾ ਸਿੰਘ, ਜਿਸ ਗੱਲ ਦੀ ਉਸ ਨੂੰ ਫਿਕਰ ਸੀ ਉਹੀ ਹੋ ਗਈ, ਧੀ ਦਾ ਸੁਹੱਪਣ ਉਹਦਾ ਵੈਰੀ ਬਣ ਗਿਆ ਸੀ, ਹਜਾਰਾ ਸਿੰਘ ਜਾਣਦਾ ਸੀ ਕਿ ਉਹ ਹੁਣ ਕੋਈ ਚੱਕਰ ਜਰੂਰ ਚਲਾਉਣਗੇ ਇਸ ਲਈ ਉਹ ਘਰ ਰਿਹਾ ਕਿਤੇ ਨਾ ਗਿਆ, ਕਿਸ ਦੀ ਮਦਦ ਲਵੇ ? ਕੀ ਕਹੇ ? ਐਮ ਐਲ ਏ ਦੀ ਤੂਤੀ ਸਰਕਾਰੇ ਦਰਬਾਰੇ ਬੋਲਦੀ ਸੀ, ਕਿਸੇ ਨੇ ਉਹਦੀ ਸੁਣਨੀ ਨਹੀ ਸੀ, ਹੁਣ ਬੱਸ ਰੱਬ ਤੇ ਡੋਰੀ ਸੀ।
ਹਾਲੇ ਦੋ ਤਿੰਨ ਘੰਟੇ ਨਹੀ ਸੀ ਬੀਤੇ ਕਿ ਜਲੰਧਰ ਪੁਲੀਸ ਦਾ ਇੱਕ ਐਸ ਪੀ ਦੋ ਜਿਪਸੀਆ ਤੇ ਇੱਕ ਸਿਪਾਹੀਆ ਦਾ ਭਰਿਆ ਟਰੱਕ ਲੈ ਕੇ ਆ ਗਿਆ, ਪਿੰਡ ਵਾਲਿਆ ਦੇ ਏਨੀ ਪੁਲੀਸ ਦੇਖ ਕੇ ਛੱਕੇ ਛੁੱਟ ਗਏ ਸਨ, ਐਨੀ ਪੁਲੀਸ ਪਿੰਡ ਜਗਰੂਪ ਦੇ ਘਰਵਾਲੇ ਨੂੰ ਫੜਨ ਆਉਦੀ ਸੀ, ਕਈ ਮਹੀਨੇ ਤਾ ਉਹ ਛੁਪਦਾ ਰਿਹਾ ਆਖਿਰ ਜਦੋ ਪੁਲੀਸ ਜਗਰੂਪ ਤੇ ਉਹਦੇ ਸੱਸ ਸਹੁਰੇ ਨੂੰ ਚੁੱਕ ਕੇ ਲੈ ਗਈ ਫਿਰ ਜਗਰੂਪ ਦੇ ਘਰਵਾਲੇ ਨੂੰ ਪੇਸ਼ ਹੋਣਾ ਪੈ ਗਿਆ, ਕੁੱਝ ਹੀ ਮਹੀਨਿਆ ਬਾਅਦ ਉਹਦੀ ਪੁਲੀਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ, ਇਹ ਗੱਲ ਵੱਖਰੀ ਹੈ ਕਿ ਜਗਰੂਪ ਦਾ ਘਰਵਾਲਾ ਬਿਲਕੁਲ ਦੋਸ਼ੀ ਨਹੀ ਸੀ, ਹਜਾਰਾ ਸਿੰਘ ਦੇ ਘਰ ਨੂੰ ਘੇਰ ਲਿਆ ਸੀ, ਐਸ ਪੀ ਅੰਦਰ ਦਾਖਲ ਹੋ ਗਿਆ … ।।
"ਜਨਾਬ ਇਹ ਰੇਡ ਕਿਸ ਲਈ ?"
ਸਰਪੰਚ ਦੀ ਖਾਨਿਓ ਗਈ, ਐਸੇ ਐਕਸ਼ਨ ਦੀ ਉਮੀਦ ਉਸ ਨੂੰ ਸਰਦਾਰਾ ਸਿੰਘ ਤੋ ਨਹੀ ਸੀ।
"ਸਰਪੰਚ ਹਜਾਰਾ ਸਿੰਘ, ਤੁਹਾਡਾ ਮੁੰਡਾ ਖਾੜਕੂਆ ਨਾਲ ਸਬੰਧ ਰੱਖਦਾ ਆ, ਸਾਡੀ ਇੰਟੈਲੀਜੈਸੀ ਦੀ ਖੁਫੀਆ ਰਿਪੋਰਟ ਵਿੱਚ ਲਿਖਿਆ ਹੈ ਕਿ ਇਹ ਖਾੜਕੂਆ ਨੂੰ ਹਥਿਆਰ ਸਪਲਾਈ ਕਰਦਾ ਆ, ਫਿਲਹਾਲ ਅਸੀ ਇਸਨੂੰ ਪੁੱਛਤਾਸ਼ ਲਈ ਲੈ ਕੇ ਜਾ ਰਹੇ ਆ"।
ਐਸ ਪੀ ਦੇ ਇਸ਼ਾਰੇ ਤੇ ਸਿਪਾਈਆ ਨੇ ਦਲੀਪ ਦੇ ਹੱਥ ਪਿੱਛੇ ਬੰਨ ਲਏ, ਦੀਪੀ ਦੀਆ ਚੀਕਾ ਪਿੰਡ ਵਾਲਿਆ ਨੂੰ ਸੁਣਦੀਆ ਸਨ ਪਰ ਡਰਦਾ ਕੋਈ ਬਾਹਰ ਨਹੀ ਨਿਕਲਿਆ, ਕਿਸਦੀ ਮੌਤ ਆਈ ਸੀ ਜੋ ਬਿਗਾਨੀ ਅੱਗ ਵਿੱਚ ਸੜੇ ? ਦਲੀਪ ਦੀ ਮਾ ਐਸ ਪੀ ਦੇ ਹਾੜੇ ਪਾ ਰਹੀ ਸੀ ਪਰ ਉਸ ਨੇ ਗੁੱਸੇ ਵਿੱਚ ਕਿਹਾ।
"ਬੀਬੀ ਪਾਸੇ ਹੋ ਜਾ ਨਹੀ ਮੈਨੂੰ ਜਬਰਦਸਤੀ ਕਰਨੀ ਪਊ"।
ਪੰਜਾਬ ਪੁਲੀਸ ਦਾ ਐਸ ਪੀ ਕਿਸੇ ਹੁਕਮ ਦਾ ਬੱਧਾ ਸਰਕਾਰੀ ਨਹੀ ਪਰਾਈਵੇਟ ਨੌਕਰੀ ਕਰ ਰਿਹਾ ਸੀ।
"ਸਰਪੰਚ ਜੀ ਘਬਰਾਓ ਨਾ ਪੁੱਛਤਾਸ਼ ਕਰਕੇ ਅਸੀ ਏਹਨੂੰ ਛੱਡ ਦੇਣਾ"।
ਐਸ ਪੀ ਨੇ ਕਿਹਾ, ਹੁਣ ਤੱਕ ਦਲੀਪ ਜਿਪਸੀ ਵਿੱਚ ਸੁਟਿਆ ਪਿਆ ਸੀ, ਉਹਦੇ ਮੂੰਹ ਤੇ ਮੌਤ ਵਰਗਾ ਡਰ ਛਾਇਆ ਪਿਆ ਸੀ, ਪੰਜਾਬ ਪੁਲੀਸ ਦੇ ਕਾਰਨਾਮੇ ਉਹ ਚੰਗੀ ਤਰਾ ਜਾਣਦਾ ਸੀ, ਸਰਪੰਚ ਜੜ ਬਣਿਆ ਅਪਣੇ ਇਕਲੋਤੇ ਪੁੱਤ ਦਾ ਅਪਹਰਣ ਹੁੰਦਾ ਦੇਖਦਾ ਰਿਹਾ … ।
"ਜਾਓ ਜੀ ਕੁੱਝ ਕਰੋ, ਮੇਰੇ ਪੁੱਤ ਨੂੰ ਲੈ ਕੇ ਆਓ, ਹਾਏ ਰੱਬਾ ਇਹ ਕੀ ਹੋ ਗਿਆ ?"
ਦਲੀਪ ਦੀ ਮਾਂ ਸਰਪੰਚ ਨੂੰ ਵਾਸਤੇ ਪਾ ਰਹੀ ਸੀ, ਸਰਪੰਚ ਦੇ ਹੋਸ਼ ਗੁੰਮ ਸਨ … ।।
"ਪਾਪਾ ਜਲਦੀ ਕੁੱਝ ਕਰੋ ਕਿਤੇ ਵੀਰ ਦਾ ਹਾਲ ਵੀ ਦੇਬੀ … ।।"
ਤੇ ਅੱਗੇ ਨਹੀ ਬੋਲ ਪਾਈ ਦੀਪੀ, ਹੁਣ ਸਰਪੰਚ ਦੀ ਹੋਸ਼ ਮੁੜੀ, ਨਹੀ, ਮੇਰੇ ਪੁੱਤ ਨਾਲ ਐਸਾ ਨਹੀ ਹੋ ਸਕਦਾ, ਉਹ ਫੋਨ ਘਮਾਉਣ ਲੱਗ ਪਿਆ … ।।
"ਹੈਲੋ, ਸਰਦਾਰਾ ਸਿੰਘ ਜੀ, ਆਹ ਤੁਸੀ ਠੀਕ ਨਹੀ ਕਰ ਰਹੇ, ਮੇਰੇ ਪੁੱਤ ਦਾ ਵਾਲ ਵਿੰਗਾ ਨਹੀ ਹੋਣਾ ਚਾਹੀਦਾ"।
ਸਰਪੰਚ ਨੇ ਕਿਹਾ, ਸਰਦਾਰਾ ਸਿੰਘ ਨੂੰ ਪਤਾ ਸੀ ਕਿ ਪੁਲੀਸ ਦੇ ਜਾਣ ਤੋ ਬਾਅਦ ਪਹਿਲਾ ਫੋਨ ਉਸ ਨੂੰ ਹੀ ਆਵੇਗਾ ਤੇ ਉਹ ਫੋਨ ਦੇ ਕੋਲ ਬੈਠਾ ਹੀ ਉਡੀਕ ਰਿਹਾ ਸੀ।
"ਐਸ ਪੀ ਬਰਾੜ, ਥਰਡ ਡਿਗਰੀ ਦਾ ਮਾਹਿਰ ਆ ਹਜਾਰਾ ਸਿਆ, ਵੱਡੇ ਭਾਊ ਦੀ ਗੱਲ ਜੇ ਨਾ ਮੰਨੀ ਫਿਰ ਮੇਰੀ ਕੋਈ ਗਰੰਟੀ ਨਹੀ, ਦਲੀਪ ਮੁੜ ਘਰ ਆਵੇ ਮੈ ਵਾਦਾ ਨੀ ਕਰ ਸਕਦਾ"।
ਸਰਦਾਰਾ ਸਿੰਘ ਨੇ ਸਾਰੀ ਸ਼ਰਮ ਛਿੱਕੇ ਟੰਗ ਰੱਖੀ ਸੀ।
"ਮੈ ਹੁਣੇ ਡੀ ਆਈ ਜੀ ਸਾਬ ਕੋਲ ਪਹੁੰਚ ਕਰਦਾ, ਤੁਸੀ ਇਹ ਸੀਨਾ ਜੋਰੀ ਮੇਰੇ ਨਾਲ ਨਹੀ ਕਰ ਸਕਦੇ"।
ਸਰਪੰਚ ਝੁਕਣਾ ਨਹੀ ਸੀ ਚਾਹੁੰਦਾ।
"ਚੱਲ ਜੋਰ ਲਾ ਕੇ ਦੇਖ ਲੈ, ਜਦੋ ਹੋਸ਼ ਆ ਗਈ ਫੋਨ ਕਰ ਲਵੀ"।
ਕਹਿ ਕੇ ਸਰਦਾਰਾ ਸਿੰਘ ਨੇ ਫੋਨ ਕੱਟ ਦਿੱਤਾ।
ਸਰਪੰਚ ਸਕੂਟਰ ਚੱਕ ਕੇ ਨਕੋਦਰ ਵੱਲ ਹੋ ਤੁਰਿਆ, ਦੀਪੀ ਨੇ ਸਾਰੇ ਰਿਸ਼ਤੇਦਾਰਾ ਨੂੰ ਫੋਨ ਘੁਮਾਉਣੇ ਸ਼ੁਰੂ ਕਰ ਦਿੱਤੇ, ਪਿੰਡ ਵਾਲੇ ਹੌਲੀ ਹੌਲੀ ਹੁਣ ਉਨਾ ਦੇ ਘਰ ਆ ਕੇ ਅਫਸੋਸ ਕਰਨ ਲੱਗ ਪਏ ਸਨ, ਨੇੜੇ ਤੇੜੇ ਵਾਲੇ ਰਿਸ਼ਤੇਦਾਰ ਦੋ ਕੁ ਘੰਟਿਆ ਵਿੱਚ ਆ ਪਹੁੰਚੇ ਸਨ, ਉਨਾ ਨੂੰ ਪਤਾ ਨਹੀ ਸੀ ਸਰਪੰਚ ਕਿੱਥੇ ਆ, ਘਰ ਬੈਠੇ ਉਹਦੀ ਉਡੀਕ ਕਰ ਰਹੇ ਸੀ, ਸਰਪੰਚ ਸਿੱਧਾ ਨਕੋਦਰ ਥਾਣੇ ਗਿਆ ਤੇ ਪੁੱਛਤਾਸ਼ ਕੀਤੀ, ਐਸ ਐਚ ਓ ਮੋਹਣ ਸਿੰਘ ਨੇ ਦੱਸਿਆ ਕਿ ਦਲੀਪ ਨੂੰ ਜਲੰਧਰ ਪੁਲੀਸ ਲੈ ਕੇ ਗਈ ਆ, ਉਹ ਨਕੋਦਰੋ ਅਪਣੇ ਕੁੱਝ ਖਾਸ ਦੋਸਤ ਨਾਲ ਲੈ ਕੇ ਟੈਕਸੀ ਕਿਰਾਏ ਤੇ ਕਰ ਕੇ ਜਲੰਧਰ ਵੱਲ ਹੋ ਤੁਰਿਆ, ਜਲੰਧਰ ਸਦਰ ਥਾਣੇ ਜਾ ਕੇ ਪੁੱਛਿਆ ਤਾ ਕਿਸੇ ਨੇ ਹੱਥ ਪੱਲਾ ਨਹੀ ਫੜਾਇਆ, ਬਰਾਡੇ ਵਿੱਚ ਬੈਠਣ ਲਈ ਕਹਿ ਦਿੱਤਾ, ਇੱਕ ਘੰਟਾ ਬੀਤ ਗਿਆ ਪਰ ਕੋਈ ਨਤੀਜਾ ਨਹੀ, ਆਖਰ ਸਰਪੰਚ ਤੋ ਰਹਿ ਨਹੀ ਹੋਇਆ ਉਹ ਕੋਲ ਦੀ ਲੰਘਦੇ ਇੱਕ ਇੰਸਪੈਕਟਰ ਨੂੰ ਰੋਕ ਕੇ ਕਹਿਣ ਲੱਗਾ …
"ਜਨਾਬ, ਮੈ ਨਵੇ ਪਿੰਡ ਦਾ ਸਰਪੰਚ ਆ, ਐਸ ਪੀ ਸਾਬ ਮੇਰੇ ਮੁੰਡੇ ਨੂੰ ਲੈ ਕੇ ਆਏ ਆ, ਮੈ ਉਨਾ ਨੂੰ ਮਿਲਣਾ ਚਾਹੁੰਦਾ"।
ਉਹ ਲੇਲੜੀਆ ਕੱਢਣ ਡਿਹਾ ਸੀ।
"ਤੇਰੇ ਵਰਗੇ ਬੱਤੀ ਸਰਪੰਚ ਏਥੇ ਕੁੱਤਿਆ ਵਾਗੂ ਫਿਰਦੇ ਆ, ਜੇ ਐਸ ਪੀ ਸਾਹਿਬ ਮੁੰਡੇ ਨੂੰ ਆਪ ਲਿਆਏ ਤਾ ਫਿਰ ਉਨੇ ਕੋਈ ਭੈਣ ਯਵਾਈ ਹੋਊ, ਸਾਂਭ ਕੇ ਰੱਖਿਆ ਕਰੋ ਗੰਦੀਆ ਔਲਾਦਾ ਨੂੰ, ਆ ਜਾਦੇ ਆ ਸਿਰ ਖਾਣ, ਓਹ ਬੈਠਾ ਐਸ ਪੀ ਸਾਬ ਦਾ ਰੀਡਰ ਓਹਨੂੰ ਪੁੱਛ ਜਾ ਕੇ"।
ਤੇ ਇੱਕ ਭੱਦੀ ਜਿਹੀ ਗਾਲ ਕੱਢਦਾ ਇੰਸਪੈਕਟਰ ਅਪਣੇ ਦਫਤਰ ਜਾ ਵੜਿਆ, ਵਾਹ ਕਿਆ ਜੀਵਨ ਆ ਇੱਕ ਭਾਰਤੀ ਨਾਗਰਿਕ ਦਾ, ਜੀ ਕਹਿ ਕੇ ਬੁਲਾਓ ਤੇ ਮਾ ਭੈਣ ਦੀ ਗਾਲ ਖਾਓ, ਸਰਪੰਚ ਦਾ ਮਨ ਕਰਦਾ ਸੀ ਕਿ ਇਹਦਾ ਰਿਵਾਲਵਰ ਖੋਹ ਕੇ ਸਾਰੀਆ ਗੋਲੀਆ ਇਹਦੇ ਵਿੱਚ ਦੀ ਕੱਢ ਦੇਵਾ ਪਰ ਭਾਰਤੀ ਨਾਗਰਿਕ ਜਾਣਦਾ ਹੈ ਕਿ ਉਹ ਇੱਕ ਜੰਗਲ ਵਿੱਚ ਰਹਿ ਰਿਹਾ ਸੋ ਜਾਨਵਰਾ ਨਾਲ ਸਾਹਮਣਾ ਤਾ ਹੋਵੇਗਾ ਹੀ।
ਹੁਣ ਸਰਪੰਚ ਤੇ ਉਹਦੇ ਮਿੱਤਰ ਰੀਡਰ ਨੂੰ ਕਹਿ ਰਹੇ ਸਨ … ।
"ਅਸੀ ਐਸ ਪੀ ਸਾਬ ਨੂੰ ਮਿਲਣਾ।"
"ਕਿਓ ਉਨਾ ਕੋਈ ਸੱਦਾ ਪੱਤਰ ਘੱਲਿਆ ?"
ਰੀਡਰ ਉਖੜੀ ਕੁਹਾੜੀ ਵਾਗ ਬੋਲਿਆ।
"ਨਹੀ ਜੀ ਸਾਡਾ ਮੁੰਡਾ ਅਰੈਸਟ ਕੀਤਾ ਹੋਇਆ, ਨਵੇ ਪਿੰਡ ਤੋ"।
ਸਰਪੰਚ ਪਹਿਲੀ ਵਾਰ ਜਲੀਲ ਹੋ ਰਿਹਾ ਸੀ।
"ਫੇ ਤਾ ਕੰਮ ਔਖਾ, ਏਥੇ ਮੂੰਹ ਚੱਕੀ ਕੋਈ ਨਾ ਕੋਈ ਤੁਰਿਆ ਰਹਿੰਦਾ, ਅਸੀ ਵਿਹਲੇ ਨੀ, ਪਹਿਲਾ ਪੁੱਠੇ ਕੰਮ ਕਰਦੇ ਓ ਫਿਰ ਐਧਰ ਨੂੰ ਇਓ ਭੱਜਦੇ ਜਿਵੇ ਲੰਗਰ ਲੱਗਾ ਹੋਵੇ, ਮੁਫਤੋ ਮੁਫਤੀ ਏਥੇ ਕੁੱਝ ਨੀ ਹੁੰਦਾ"।
ਰੀਡਰ ਹੋਰ ਵੀ ਔਖਾ ਹੋ ਗਿਆ।
"ਤੁਸੀ ਮੁਫਤ ਕਾਨੂੰ ਕਰਨਾ ਜੀ, ਸੇਵਾ ਦੱਸੋ"।
ਸਰਪੰਚ ਦਾ ਇੱਕ ਮਿੱਤਰ ਜਾਣਦਾ ਸੀ ਕਿ ਬਿਨਾ ਪੈਸੇ ਲਏ ਪੁਲੀਸ ਵਾਲੇ ਕਿਸੇ ਨੂੰ ਭੈਣ ਦੀ ਗਾਲ ਵੀ ਨਹੀ ਕੱਢਦੇ ਰੀਡਰ ਨੇ ਤਾਂ ਫੇਰ ਦੋ ਤਿੰਨ ਗੱਲਾ ਕਰ ਲਈਆ ਸਨ।
"ਕੋਈ ਥਾਣੇਦਾਰ ਰੇਡ ਕਰੇ ਤਾ ਮਾਮਲਾ ਸੌਖਾ ਹੱਲ ਹੋ ਜਾਦਾ, ਜੇ ਐਸ ਪੀ ਸਾਹਿਬ ਖੁਦ ਗਏ ਤਾਂ ਸਾਫ ਜਾਹਿਰ ਆ ਕੋਈ ਗੰਭੀਰ ਮਸਲਾ ਹੋਊ, ਜਿਹੋ ਜਿਹਾ ਕਾਮ ਵੈਸੇ ਦਾਂਮ, ਦਸ ਪੀਸ ਲੱਗਣਗੇ"। ਰੀਡਰ ਇਓ ਸੌਦਾ ਕਰ ਰਿਹਾ ਸੀ ਜਿਵੇ ਕੋਈ ਚੀਜ ਵੇਚ ਰਿਹਾ ਹੋਵੇ।
"ਦਸ ਹਜਾਰ ? ਐਸ ਪੀ ਸਾਬ ਨੂੰ ਮਿਲਣ ਦੇ ?"
ਸਰਪੰਚ ਦਾ ਸੁਣ ਕੇ ਤਰਾਹ ਨਿਕਲ ਗਿਆ।
"ਮਿਲਣਾ ਐਸ ਪੀ ਨੂੰ ਤੇ ਪੈਸੇ ਹੋਮ ਗਾਰਡੀਏ ਦੇ, ਜਾਓ ਭੱਜ ਜੋ"।
ਕਹਿ ਕੇ ਉਹ ਅਪਣੀ ਫਾਈਲ ਦੇਖਣ ਲੱਗ ਪਿਆ।
"ਓਹ ਤੁਸੀ ਨਰਾਜ ਨਾ ਹੋਵੋ, ਆਹ ਲਈ ਪੇਸ਼ਗੀ ਬਾਕੀ ਕੱਲ ਨੂੰ ਪੁੱਜਦੇ ਕਰ ਦਿਆਂਗੇ"।
ਸਰਪੰਚ ਦੇ ਮਿੱਤਰ ਨੇ ਗੱਲ ਸੰਭਾਲੀ।
"ਕੱਲ ਕੀਹਨੇ ਦੇਖਿਆ, ਉਧਾਰ ਕਿਹੜੀ ਗੱਲ ਦਾ ਕਰਾਂ ? ਦੂਜੇ ਵੀ ਕਿਹੜਾ ਨੰਗ ਫਿਰਦੇ ਆ, ਜਰਾ ਖੀਸੇ ਤਾਂ ਫਰੋਲੋ ਹੁਣੇ ਨਿਕਲ ਆਉਣੇ ਆ, ਇਹ ਕਿਹੜਾ ਗੁਰਦਵਾਰਾ ਜਿੱਥੇ ਪੰਜ ਰੁਪਈਆ ਦਾ ਮੱਥਾ ਟੇਕ ਕੇ ਸਾਰਾ ਟੱਬਰ ਲੰਗਰ ਦੇ ਆਹੂ ਲਾਓਗੇ"।
ਰੀਡਰ ਨੂੰ ਪਰੇਡ ਕਰਨੀ ਭਾਵੇ ਨਾ ਆਉਦੀ ਹੋਵੇ ਪਰ ਫਸੇ ਸ਼ਿਕਾਰਾ ਦੀ ਜੇਬ ਖਾਲੀ ਕਰਨ ਵਿੱਚ ਉਹ ਮਾਹਿਰ ਸੀ, ਹੋ ਸਕਦਾ ਕਿ ਪੰਜਾਬ ਪੁਲੀਸ ਵਿੱਚ ਐਸੀ ਨੌਕਰੀ ਲੈਣ ਲਈ ਇਹ ਕੋਈ ਜਰੂਰੀ ਕੰਡੀਸ਼ਨ ਹੋਵੇ। ਸਰਪੰਚ ਤੇ ਬਾਕੀ ਯਾਰਾਂ ਨੇ ਮਿਲਾ ਕੇ ਬਾਕੀ ਪੰਜ ਹਜਾਰ ਦਾ ਬੰਦੋਬਸਤ ਕੀਤਾ।
"ਆਹ ਹੋਈ ਨਾ ਗੱਲ, ਲਓ ਮੈ ਫੋਨ ਕਰ ਕੇ ਪੁੱਛਦਾ, ਤੁਸੀ ਜਰਾ ਔਹ ਪਰੇ ਹੋ ਕੇ ਖੜੋ"।
ਤੇ ਉਹ ਫੋਨ ਘੁਮਾਉਣ ਲੱਗ ਪਿਆ, ਪਤਾ ਨਹੀ ਕੀ ਗੱਲਾ ਤੇ ਕੀਹਦੇ ਨਾਲ ਕੀਤੀਆ, ਦੋ ਕੁ ਮਿੰਟ ਬਾਅਦ ਉਹਨੇ ਅਵਾਜ ਮਾਰੀ, ਸਰਪੰਚ ਨੂੰ ਕੁੱਝ ਆਸ ਬੱਜੀ ਸੀ, ਉਹ ਛੇਤੀ ਛੇਤੀ ਕੋਲ ਗਿਆ ਤਾਂ ਰੀਡਰ ਕਹਿਣ ਲੱਗਾ।
"ਇਹ ਤਾਂ ਕੋਈ ਵੱਡਾ ਈ ਚੱਕਰ ਆ, ਉਹਨੂੰ ਤਾ ਲੁਧਿਆਣਾ ਪੁਲੀਸ ਲੈ ਕੇ ਗਈ ਆ, ਏਥੇ ਤਾਂ ਉਹ ਆਇਆ ਨੀ, ਜਾਓ ਜਾ ਕੇ ਉਥੇ ਪਤਾ ਕਰੋ"।
ਰੀਡਰ ਨੇ ਦਸ ਹਜਾਰ ਰੁਪਏ ਦਾ ਕੰਮ ਦੋ ਮਿੰਟ ਵਿੱਚ ਕਰ ਲਿਆ ਸੀ, ਵਾਹ ਕਿਆ ਸ਼ਾਹੀ ਨੌਕਰੀ ਆ, ਏਨੂੰ ਕਹਿੰਦੇ ਉਪਰਲੀ ਕਮਾਈ।
ਸਰਪੰਚ ਛਿੱਲ ਲੁਹਾ ਕੇ ਬਾਹਰ ਆ ਗਿਆ, ਉਥੇ ਜਲੰਧਰ ਕੁੱਝ ਵਾਕਿਫਾ ਕੋਲੋ ਹੋਰ ਨਕਦ ਪੈਸੇ ਫੜੇ ਤੇ ਲੁਧਿਆਣੇ ਨੂੰ ਤੁਰ ਪਏ, ਦੋ ਕੁ ਘੰਟੇ ਬਾਅਦ ਲੁਧਿਆਣੇ ਜਾ ਕੇ ਪੁੱਛਿਆ, ਉਹੀ ਖੇਲ, ਕੋਈ ਕਹੇ ਫਲਾਨੀ ਚੌਕੀ ਹੋਣੇ ਆ ਕੋਈ ਕਹੇ ਫਲਾਨੀ ਚੌਕੀ, ਚਾਰ ਘੰਟੇ ਉਹ ਖੱਜਲ ਹੁੰਦੇ ਰਹੇ ਤੇ ਜੇਬ ਫੇਰ ਖਾਲੀ ਹੋਣ ਤੇ ਆ ਗਈ ਸੀ, ਸਾਰਾ ਲੁਧਿਆਣਾ ਛਾਣ ਮਾਰਿਆ ਕਿਸੇ ਨੇ ਕੋਈ ਪੱਲਾ ਨਹੀ ਫੜਾਇਆ, ਹੁਣ ਉਹ ਫੇਰ ਨਕੋਦਰ ਵੱਲ ਮੁੜ ਪਏ, ਏਥੇ ਫੇਰ ਥਾਣੇ ਪਹੁੰਚ ਕੀਤੀ, ਸ਼ਹਿਰ ਦੇ ਕੁੱਝ ਮੋਹਤਬਰ ਬੰਦਿਆ ਨੂੰ ਅੱਧੀ ਰਾਤ ਘਰੋ ਉਠਾਇਆ, ਥਾਣੇ ਦੇ ਸੰਤਰੀ ਨੇ ਬੂਹਾ ਖੋਹਲਣ ਵੇਲੇ ਹੀ ਕਹਿ ਦਿੱਤਾ …
"ਐਸ ਵੇਲੇ ਕੇਹੜੀ ਅੱਗ ਲੱਗ ਗਈ, ਕੱਲ ਨੂੰ ਦਿਨ ਨਹੀ ਸੀ ਚੜਨਾ ?"
"ਅਸੀ ਸਰਦਾਰ ਨੂੰ ਜਰੂਰੀ ਮਿਲਣਾ ਆ"।
ਹਜਾਰਾ ਸਿੰਘ ਨੇ ਕਿਹਾ।
"ਜਨਾਬ ਹੁਣੇ ਕਵਾਰਟਰ ਗਏ ਆ, ਸਾਰਾ ਦਿਨ ਡਿਊਟੀ ਕਰਦੇ ਰਹੇ ਆ, ਮੇਰੀ ਮੰਨੋ ਸਵੇਰੇ ਆਇਓ ਜੇ ਦਲੀਪ ਬਾਰੇ ਕੁੱਝ ਪੁੱਛਣਾ ਤਾ ਮੇਰੇ ਕੋਲੋ ਪੁੱਛ ਲਓ"।
ਸੰਤਰੀ ਨੇ ਖਚਰੀ ਹਾਸੀ ਹੱਸਦੇ ਕਿਹਾ।
"ਹਾ ਅਸੀ ਏਸੇ ਕੰਮ ਈ ਆਏ ਆ"।
ਸਰਪੰਚ ਨੂੰ ਕੁੱਝ ਢਾਰਸ ਹੋਈ।
"ਫਿਰ ਆਹ ਲਸ਼ਕਰ ਕੱਠਾ ਕਰਨ ਦੀ ਕੀ ਲੋੜ ਸੀ, ਸਰਪੰਚ ਜੀ ਕੱਲੇ ਆ ਜਾਦੇ ਅਸੀ ਕਿਹੜਾ ਤੁਹਾਥੌ ਭੱਜੇ ਹੋਏ ਆ, ਜਾਓ ਬਈ ਤੁਸੀ ਘਰਾ ਨੂੰ, ਮੈ ਸਰਪੰਚ ਸਾਬ ਨਾਲ ਕੱਲੇ ਨੇ ਗੱਲ ਕਰਨੀ ਆਂ"।
ਸੰਤਰੀ ਨੇ ਨਕੋਦਰ ਸ਼ਹਿਰ ਦੇ ਅਸਰ ਰਸੂਖ ਰੱਖਣ ਵਾਲੇ ਬੰਦਿਆ ਨੂੰ ਇਵੇ ਘਰਾ ਨੂੰ ਤੋਰਿਆ ਜਿਵੇ ਉਹ ਕੱਲ ਦੇ ਬੱਚੇ ਹੋਣ, ਖਾੜਕੂਵਾਦ ਦੇ ਸਮੇ ਵਿੱਚ ਹਰ ਬੰਦਾ ਸਮਝ ਗਿਆ ਸੀ ਕਿ ਪੁਲੀਸ ਦੇ ਸਿਪਾਹੀ ਕੋਲੋ ਜੇ ਬਚ ਹੁੰਦਾ ਤਾ ਬਚਿਆ ਜਾਵੇ, ਜਦ ਤੱਕ ਕੋਈ ਛੁਡਾਉਣ ਵਾਲਾ ਆਉਦਾ ਸੀ ਤਦ ਤੱਕ ਬੰਦੇ ਦਾ ਜਾਨਵਰ ਬਣਾ ਦਿੰਦੇ ਸਨ ਤੇ ਪੁੱਛ ਗਿੱਛ ਕੋਈ ਨਹੀ।
"ਸਰਪੰਚ ਜੀ ਗੱਲ ਇਹ ਕਿ ਤੁਹਾਡਾ ਮਾਮਲਾ ਉਨਾ ਚਿਰ ਨੀ ਸੁਲਝਣਾ ਜਿੰਨਾ ਚਿਰ ਸਰਦਾਰਾ ਸਿੰਘ ਨਹੀ ਚਾਹੁੰਦਾ, ਇਹ ਗੱਲ ਕਿਸੇ ਨੂੰ ਪਤਾ ਨਾ ਲੱਗੇ, ਸਾਡੀ ਦਲੀਪ ਨਾਲ ਖਾਣੀ ਪੀਣੀ ਸਾਝੀ ਸੀ ਇਸ ਲਈ ਦੱਸ ਰਿਹਾ, ਮੈ ਸਰਦਾਰੇ ਨੂੰ ਆਪ ਕਹਿੰਦੇ ਸੁਣਿਆ ਬਈ ਇਹਨੂੰ ਸਾਰੇ ਪੰਜਾਬ ਵਿੱਚ ਘੁਮਾਓ ਤੇ ਨਾਲੇ ਇਹਦੀ ਅਕਲ ਟਿਕਾਣੇ ਲਾਓ, ਜੇ ਮੁੱਖ ਮੰਤਰੀ ਤੱਕ ਪਹੁੰਚ ਆ ਤਾ ਭਾਵੇ ਗੱਲ ਬਣ ਜਾਵੇ, ਕਿਸੇ ਛੋਟੇ ਮੌਟੇ ਅਫਸਰ ਦੀ ਇਥੇ ਦਾਲ ਨੀ ਗਲਣੀ, ਮੈ ਤਾ ਕਹਿੰਨਾ ਸਰਦਾਰਾ ਸਿੰਘ ਨਾਲ ਪੰਗਾ ਨਾ ਲਿਓ ਉਹ ਲਾਸ਼ ਤੇ ਬਹਿ ਕੇ ਰੋਟੀ ਖਾਣ ਵਾਲਾ ਬੰਦਾ ਆ, ਜਾਓ ਉਹਦੀ ਮਿੰਨਤ ਲਰ ਲਓ, ਨਹੀ ਤਾ ਦਲੀਪ ਦਾ ਪਤਾ ਤੱਕ ਨੀ ਲੱਗਣਾ ਬਈ ਕਿਹੜੀ ਕੋਠੜੀ ਚ ਪਿਆ"।
ਸੰਤਰੀ ਨੇ ਸਾਰਾ ਕੁੱਝ ਸਾਫ ਕਰ ਦਿੱਤਾ, ਸਰਪੰਚ ਨੇ ਸਾਰਾ ਦਿਨ ਖੱਜਲ ਹੋ ਕੇ ਦੇਖ ਲਿਆ ਸੀ ਕੁੱਝ ਹੱਥ ਪੱਲੇ ਨਹੀ ਸੀ ਪਿਆ।
ਉਹ ਹੱਥ ਝਾੜਦਾ ਤੜਕੇ ਜਿਹੇ ਪਿੰਡ ਨੂੰ ਤੁਰ ਪਿਆ, ਉਹ ਜਾਣਦਾ ਸੀ ਕਿ ਉਹਦੇ ਘਰ ਕੀ ਹਾਲ ਹੋਵੇਗਾ ਪਰ ਸਰਪੰਚ ਕੀ ਕਰੇ ? ਇਸ ਦੇਸ਼ ਵਿੱਚ ਭਰਾ ਭਰਾ ਦੇ ਸਿਰ ਦਾ ਮੁੱਲ ਪਾ ਰਿਹਾ ਸੀ, ਕਿਸੇ ਮੀਰ ਮੰਨੂ ਦੀ ਲੋੜ ਨਹੀ ਸੀ, ਪੰਜਾਬ ਪੁਲੀਸ ਇਹ ਡਿਊਟੀ ਪੂਰੀ ਇਮਾਨਦਾਰੀ ਨਾਲ ਕਰ ਰਹੀ ਸੀ।
ਜਦੋ ਢੱਠੀ ਜਿਹੀ ਪੱਗ ਲੈ ਕੇ ਬੋਝਲ ਜਿਹੇ ਕਦਮਾਂ ਨਾਲ ਤੁਰਦਾ ਸਰਪੰਚ ਘਰ ਪਹੁੰਚਾ ਤਾਂ ਉਡੀਕਦੀ ਘਰਵਾਲੀ ਤੇ ਦੀਪੀ ਦੇਖ ਕੇ ਹੀ ਸਮਝ ਗਈਆ ਸੀ ਕਿ ਕੁੱਝ ਨਹੀ ਬਣਿਆ, ਸਰਪੰਚ ਆ ਕੇ ਮੰਜੇ ਤੇ ਢਹਿ ਗਿਆ, ਦੀਪੀ ਉਹਦੇ ਲਈ ਪਾਂਣੀ ਦਾ ਗਿਲਾਸ ਲੈ ਕੇ ਆਈ … ।।
"ਕੁਝ ਪਤਾ ਲੱਗਾ ਜੀ"।
ਝਕਦੀ ਜਿਹੀ ਦੀਪੀ ਦੀ ਮਾਂ ਬੋਲੀ।
"ਨਕੋਦਰ ਜਲੰਧਰ ਤੇ ਲੁਧਿਆਣੇ ਦੇ ਸਾਰੇ ਠਾਣੇ ਛਾਂਣ ਮਾਰੇ ਕਿਤੇ ਕੋਈ ਥਹੁ ਪਤਾ ਨਹੀ, ਐਮ ਐਲ ਏ ਨੇ ਸਭ ਨੂੰ ਮਨਾ ਕੀਤਾ ਹੋਇਆ ਦੱਸਣ ਤੋ, ਤੁਸੀ ਡਰੋ ਨਾ ਉਹ ਉਸ ਨੂੰ ਕੁੱਝ ਕਰ ਨਹੀ ਸਕਦੇ ਸਿਰਫ ਡਰਾ ਰਹੇ ਆ ਤਾ ਕਿ ਅਸੀ ਰਿਸ਼ਤੇ ਲਈ ਹਾਂ ਕਰ ਦੇਈਏ"।
ਖੁਦ ਡਰੇ ਹੋਏ ਸਰਪੰਚ ਨੇ ਦੋਵਾ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ।
ਮਾਵਾ ਧੀਆ ਦੀ ਤਸੱਲੀ ਨਹੀ ਸੀ ਹੋਈ, ਉਨਾ ਦੀਆ ਅੱਖਾ ਅੱਗੇ ਚੀਕਾ ਮਾਰਦਾ ਦਲੀਪ ਭੱਜਾ ਫਿਰਦਾ ਸੀ ਤੇ ਪੁਲੀਸ ਦੇ ਬੰਦੇ ਉਹਨੂੰ ਟਾਰਚਰ ਕਰਦੇ ਨਜਰ ਆ ਰਹੇ ਸਨ, ਇੱਕ ਪਿੰਡ ਦੇ ਜਿੰਮੇਦਾਰ ਬੰਦੇ ਦੀ ਐਮ ਐਲ ਏ ਦੇ ਇੱਕ ਹੁਕਮ ਨੇ ਭੂਤਨੀ ਭੁਲਾ ਦਿੱਤੀ ਸੀ ਅਤੇ ਇਹ ਵੀ ਦੱਸ ਦਿੱਤਾ ਸੀ ਕਿ ਅਜਾਦ ਭਾਰਤ ਵਿੱਚ "ਕਾਲੇ ਸਾਹਿਬ" ਜੋ ਚਾਹੁਣ ਉਹ ਕਰ ਸਕਦੇ ਹਨ, ਪੁਲੀਸ ਕੋਲ ਰਿਪੋਰਟ ਐਮ ਐਲ ਏ ਦੇ ਵਿਰੁੱਧ ਲਿਖਾਉਣੀ ਹੋਵੇ ਤਾ ਪਰਧਾਂਨ ਮੰਤਰੀ ਦੀ ਸ਼ਿਫਾਰਿਸ਼ ਚਾਹੀਦੀ ਆ, ਨਾਲੇ ਇਸ ਗੱਲ ਦਾ ਕੀ ਸਬੂਤ ਸੀ ਕਿ ਐਮ ਐਲ ਏ ਦਾ ਇਸ ਵਿੱਚ ਕੋਈ ਹੱਥ ਹੈ ? ਉਹ ਤਾ ਸ਼ਾਇਦ ਅਪਹਰਣ ਦੇ ਵਕਤ ਕਿਸੇ ਨਾਰੀ ਨਿਕੇਤਨ ਦਾ ਉਦਘਾਟਨ ਕਰ ਰਿਹਾ ਹੋਵੇ।
ਸਿਆਸੀ ਬੰਦੇ ਅਤੇ ਪੁਲੀਸ ਦੇ ਮੁਲਾਜਮ ਦੇ ਵਿਰੋਧ ਵਿੱਚ ਰਿਪੋਰਟ ਉਨਾ ਚਿਰ ਦਰਜ ਨਹੀ ਹੁੰਦੀ ਜਿੰਨਾ ਚਿਰ ਕਿਤੇ ਲੋਕ ਕੱਠੇ ਹੋ ਕੇ ਕੋਈ ਪਿੱਟ ਸਿਆਪਾ ਨਾ ਕਰਨ, ਤੇ ਜਿੰਨਾ ਚਿਰ ਕਿਸੇ ਨਿਰਦੋਸ਼ ਦਾ ਲਹੂ ਨਾ ਵਗੇ ਓਨੀ ਦੇਰ ਲੋਕ ਇਕੱਠੇ ਨਹੀ ਹੁੰਦੇ।
ਤਿੰਨ ਦਿਨ ਬੀਤ ਗਏ, ਸਰਪੰਚ ਸਵੇਰੇ ਨਿਕਲ ਜਾਂਦਾ ਤੇ ਅੱਧੀ ਰਾਤ ਨੂੰ ਘਰ ਮੁੜਦਾ ਪਰ ਕਿਸੇ ਪੁਲੀਸ ਮੁਲਾਜਮ ਨੇ ਦਲੀਪ ਦਾ ਕੋਈ ਪਤਾ ਨਹੀ ਦੱਸਿਆ, ਕਿਸੇ ਥਾਂਣੇ ਦੇ ਰਿਕਾਰਡ ਵਿੱਚ ਕੋਈ ਗਿਰਫਤਾਰੀ ਦਰਜ ਨਹੀ ਸੀ, ਪੁਲੀਸ ਨੂੰ ਕੀ ਲੋੜ ਪਈ ਸੀ ਕਿਸੇ ਦਰਜ ਦੀ, ਉਪਰਲੀਆ ਹਦਾਇਤਾ ਤੇ ਅਮਲ ਸਕਿੰਟਾਂ ਵਿੱਚ ਹੁੰਦੇ ਆ, ਦਲੀਪ ਦੇ ਅਪਹਰਣ ਦੀ ਖਬਰ ਦੇਬੀ ਨੂੰ ਵੀ ਹੋ ਗਈ ਸੀ ਤੇ ਪੋਲਟਰੀ ਦੀ ਘਟਨਾ ਵੀ ਕਿਸੇ ਨੇ ਜਾ ਦੱਸੀ ਸੀ, ਹੁਣ ਉਸ ਨੂੰ ਲਗਦਾ ਸੀ ਕਿ ਸਾਂਝੀਵਾਲ ਜਿੰਨੀ ਛੇਤੀ ਤਰੱਕੀ ਕਰ ਗਿਆ ਉਨੀ ਜਲਦੀ ਹੀ ਮਿੱਟੀ ਵਿੱਚ ਵੀ ਮਿਲ ਸਕਦਾ ਆ, ਇੱਕ ਔਕੜ ਹਾਲੇ ਹੱਲ ਨਹੀ ਸੀ ਹੁੰਦੀ ਕਿ ਦੂਸਰੀ ਸ਼ੁਰੂ ਹੋ ਜਾਂਦੀ ਸੀ, ਉਹਦੇ ਦਿਮਾਗ ਦੀ ਚੱਕਰੀ ਜਿੰਨਾ ਵੀ ਘੁੰਮਦੀ ਸੀ ਉਨੀ ਹੀ ਉਲਝੀ ਜਾਂਦੀ ਸੀ, ਉਹ ਇਨਾ ਘਟਨਾਵਾ ਦੇ ਪਿੱਛੇ ਛੁਪੇ ਕਾਰਨਾ ਦਾ ਪਤਾ ਲਾਉਣਾ ਚਾਹੁੰਦਾ ਸੀ ਤਾਂ ਕਿ ਕੋਈ ਹੱਲ ਕੱਢਿਆ ਜਾ ਸਕੇ, ਉਸਨੇ ਸੁਨੇਹਾ ਭੇਜਿਆ ਕਿ ਸਰਪੰਚ ਉਸ ਨੂੰ ਮਿਲੇ, ਅੱਜ ਜਦੋ ਕਰਤਾਰ ਆਇਆ ਤਾਂ ਦੇਬੀ ਨੇ ਪੁੱਛਿਆ … ।।
"ਮਾਮਾ ਜੀ, ਦਲੀਪ ਨੂੰ ਵੀ ਕੋਈ ਬਹਾਦਰ ਐਸ ਪੀ ਘਰੋ ਲੈ ਗਿਆ ਤੇ ਉਹਦਾ ਕੁੱਝ ਪਤਾ ਨਹੀ ਲੱਗ ਰਿਹਾ, ਕੁੱਝ ਮਦਦ ਕਰ ਸਕਦੇ ਹੋ ?"
"ਜੇ ਐਸ ਪੀ ਇਨਵਾਲਵ ਹੈ ਤਾ ਕਾਰਵਾਈ ਉਪਰਲੇ ਲੈਵਲ ਦੀ ਆ, ਸਧਾਰਨ ਕੇਸ ਵਿੱਚ ਰੇਡ ਤੇ ਏ ਐਸ ਆਈ ਜਾਵੇਗਾ, ਮੈ ਫੋਨ ਕਰ ਕੇ ਕੁੱਝ ਖਬਰ ਲੈਦਾ ਹਾਂ, ਥੋੜੀ ਦੇਰ ਤੱਕ ਆਇਆ"।
ਤੇ ਕਰਤਾਰ ਸਿੰਘ ਬਾਹਰ ਨਿਕਲ ਗਿਆ, ਕੋਈ ਅੱਧੇ ਕੁ ਘੰਟੇ ਤੱਕ ਆਇਆ ਤੇ ਥੋੜਾ ਚਿੰਤਤ ਨਜਰ ਆ ਰਿਹਾ ਸੀ, ਕਮਾਲ ਦੀ ਗੱਲ ਆ ਜਦੋ ਉਹ ਖੁਦ ਰੇਡ ਕਰਕੇ ਲੋਕਾਂ ਦੇ ਮੁੰਡੇ ਚੁੱਕ ਕੇ ਲੈ ਜਾਦਾ ਸੀ ਤੇ ਉਨਾਂ ਦੇ ਮਾਪਿਆ ਨੂੰ ਏਦਾਂ ਹੀ ਰੋਲਦਾ ਸੀ ਜਿਵੇ ਹੁਣ ਸਰਪੰਚ ਰੁਲ ਰਿਹਾ ਤਾਂ ਉਦੋ ਉਸ ਨੂੰ ਕੋਈ ਚਿੰਤਾ ਨਹੀ ਸੀ ਘੇਰਦੀ, ਪਰ ਅੱਜ ਉਹ ਦਲੀਪ ਦੀ ਚਿੰਤਾ ਕਰ ਰਿਹਾ ਸੀ, ਕਿਓ ? ਕੀ ਦਲੀਪ ਉਹਦੇ ਭਾਣਜੇ ਦਾ ਵਾਕਿਫ ਸੀ ਇਸ ਲਈ ?
ਜੇ ਸਾਰੇ ਪੁਲੀਸ ਅਫਸਰ ਸਿਰਫ ਵਾਕਿਫਾਂ ਦੀ ਹੀ ਚਿੰਤਾ ਕਰਨ ਤਾਂ ਕੀ ਇੱਕ ਦਿਨ ਐਸਾ ਨਹੀ ਆਵੇਗਾ ਜਦੋ ਲੋਕ ਥਾਣਿਆ ਨੂੰ ਹੀ ਅੱਗ ਲਾ ਦੇਣਗੇ ? ਕੋਈ ਫੌਜ, ਕੋਈ ਕਾਨੂੰਨ ਲੋਕਾਂ ਦੀ ਸ਼ਕਤੀ ਤੋ ਉਪਰ ਨਹੀ, ਲੋਕ ਚਾਹੁਣ ਤਾ ਇੱਕ ਦਿਨ ਵਿੱਚ ਉਪਰਲੀ ਥੱਲੇ ਲੈ ਆਉਣ, ਬੱਸ ਹਾਲੇ ਇਹ ਹੋਰ ਬਰਦਾਸ਼ਤ ਕਰ ਸਕਦੇ ਆ, ਜਿਸ ਦਿਨ ਅੱਕ ਤੇ ਥੱਕ ਗਏ, ਹਿਸਾਬ ਬਰਾਬਰ ਕਰ ਲੈਣਗੇ।
"ਦੇਬੀ, ਮਾਮਲਾ ਉਪਰਲੇ ਲੈਵਲ ਦਾ ਹੀ ਆ, ਐਸ ਪੀ ਬਰਾੜ ਰੇਡ ਤੇ ਗਿਆ ਸੀ, ਮੇਰੀ ਕਾਫੀ ਬਣਦੀ ਆ ਉਹਦੇ ਨਾਲ, ਹੁਣੇ ਹੀ ਫੋਨ ਤੇ ਪੁੱਛਿਆ, ਉਸ ਨੇ ਖੁਦ ਕਿਹਾ ਕਿ ਮੈ ਇਸ ਕੇਸ ਵਿੱਚ ਦਿਲਚਸਪੀ ਨਾਂ ਲਵਾ, ਖੁਦ ਡੀ ਆਈ ਜੀ ਨੇ ਹੁਕਮ ਦਿੱਤੇ ਆ, ਇਹਦੇ ਪਿੱਛੇ ਕਾਰਨ ਕੀ ਹੈ ਤੇ ਹੱਥ ਕਿਸਦਾ ਇਹ ਤਾ ਫਿਲਹਾਲ ਪਤਾ ਨਹੀ ਪਰ ਹੱਥ ਮਜਬੂਤ ਹੈ"।
ਕਰਤਾਰ ਸਿੰਘ ਨੇ ਅਪਣੇ ਵਾਕਿਫਾ ਕੋਲੋ ਪਤਾ ਕਰ ਲਿਆ ਸੀ ਤੇ ਫਿਰ ਖੁਦ ਐਸ ਪੀ ਬਰਾੜ ਨਾਲ ਗੱਲ ਵੀ ਕੀਤੀ ਸੀ।
ਇਹ ਸੁਣ ਕੇ ਦੇਬੀ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ ਕੀ ਮਾਮਲਾ ਹੈ, ਐਸਾ ਕਿਹੜਾ ਦੁਸ਼ਮਣ ਪੈਦਾ ਹੋ ਗਿਆ ? ਉਹਦੇ ਵਾਲੀ ਘਟਨਾ ਤਾ ਸਬੱਬੀ ਹੀ ਘਟ ਗਈ ਸੀ ਪਰ ਦਲੀਪ ਤੇ ਸਰਪੰਚ ਨੂੰ ਕੋਣ ਰੋਲ ਰਿਹਾ, ਉਹ ਸੋਚ ਹੀ ਰਿਹਾ ਸੀ ਕਿ ਸਰਪੰਚ ਤੇ ਉਹਦੀ ਘਰਵਾਲੀ ਆ ਗਏ, ਸਰਪੰਚ ਦੀ ਹਾਲਤ ਇਵੇ ਸੀ ਜਿਵੇ ਕੋਈ ਕਈ ਦਿਨਾ ਤੋ ਬਿਮਾਰ ਹੋਵੇ ਤੇ ਦਲੀਪ ਦੀ ਮਾਂ ਦੀਆ ਅੱਖਾ ਦੱਸਦੀਆ ਸਨ ਕਿ ਪਿਛਲੇ ਦਿਨਾ ਵਿੱਚ ਇਹਨਾ ਵਿੱਚੋ ਬਹੁਤ ਬਾਰਿਸ਼ ਹੋਈ ਹੋਵੇਗੀ … ।।
"ਆਓ ਬਯੁਰਗੋ"।
ਕਰਤਾਰ ਨੇ ਸਵਾਗਤ ਕੀਤਾ, ਤੇ ਆਪ ਉਠ ਕੇ ਖੜਾ ਹੋ ਗਿਆ, ਸਰਪੰਚ ਨੂੰ ਹੁਣ ਕਰਤਾਰ ਦਾ ਪਤਾ ਸੀ, ਉਹ ਕਹਿਣ ਲੱਗਾ । "ਨਹੀ ਜੀ ਤੁਸੀ ਬੈਠੋ।"
"ਮੈ ਹੁਣ ਡੀ ਐਸ ਪੀ ਨਹੀ ਦੇਬੀ ਦਾ ਮਾਮਾ ਹਾਂ, ਮੇਰਾ ਫਰਜ ਬਣਦਾ"।
ਕਰਤਾਰ ਸਿੰਘ ਨੇ ਨਿਮਰਤਾ ਦਿਖਾਈ।
"ਕੁਝ ਪਤਾ ਲੱਗਾ ਦਲੀਪ ਦਾ ?"
ਦੇਬੀ ਦਾ ਪਹਿਲਾ ਸੁਆਲ।
"ਪਤਾ ਲੱਗਣ ਨਹੀ ਦਿੱਤਾ ਜਾ ਰਿਹਾ, ਲਗਦਾ ਉਸ ਨੂੰ ਕਿਸੇ ਥਾਣੇ ਨਹੀ ਸਗੋ ਪਰਾਈਵੇਟ ਰੱਖਿਆ ਹੋਇਆ"।
ਸਰਪੰਚ ਨੇ ਅਪਣਾ ਸ਼ੱਕ ਜਾਹਰ ਕੀਤਾ।
"ਇਹ ਐਸਾ ਕਿਹੜਾ ਦੁਸ਼ਮਣ ਆ ਤੁਹਾਡਾ ? ਤੇ ਕੀ ਮਕਸਦ ਆ ਉਸਦਾ"।
ਕਰਤਾਰ ਸਿੰਘ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ, ਉਹਦੇ ਅੰਦਰਲਾ ਪੁਲਸੀਆ ਜਾਗ ਪਿਆ।
"ਇਹ ਕੋਈ ਦੁਸ਼ਮਣ ਨਹੀ, ਵਾਕਿਫ ਹੈ, ਪਰ … ''।
ਸਰਪੰਚ ਜੱਕਾਂ ਤੱਕਾ ਵਿੱਚ ਪੈ ਗਿਆ, ਦੇਬੀ ਸਮਝ ਗਿਆ ਕਿ ਸਰਪੰਚ ਕਰਤਾਰ ਦੀ ਹਾਜਰੀ ਵਿੱਚ ਕੁੱਝ ਦੱਸਣੋ ਝਿਝਕ ਰਿਹਾ ਹੈ।
"ਮਾਮਾ ਜੀ ਦੀ ਚਿੰਤਾ ਨਾ ਕਰੋ, ਇਨਾ ਤੋ ਹੁਣ ਕੀ ਲੁਕੋਣਾ, ਕੁੱਝ ਮਦਦ ਹੀ ਕਰ ਸਕਦੇ ਆ"।
ਦੇਬੀ ਨੇ ਕਿਹਾ।
"ਕਾਕਾ, ਐਮ ਐਲ ਏ ਦੀਪੀ ਦਾ ਰਿਸ਼ਤਾ ਅਪਣੇ ਮੁੰਡੇ ਲਈ ਮੰਗਦਾ ਆ ਤੇ ਸਾਡੇ ਨਾਹ ਕਰਨ ਤੇ ਹੁਣ ਜੋਰ ਦਿਖਾ ਰਿਹਾ"।
ਦੀਪੀ ਦੀ ਮੰਮੀ ਨੇ ਗੱਲ ਖੋਲੀ।
"ਓਹ" ਦੇਬੀ ਨੂੰ ਐਮ ਐਲ ਏ ਦੀ ਗੋਬਰ ਗੈਸ ਪਲਾਂਟ ਵਾਲੇ ਦਿਨ ਦੀ ਯਾਦ ਆ ਗਈ, ਉਹ ਸੋਚ ਰਿਹਾ ਸੀ ਕਿ ਨਾਂ ਉਹ ਇਸ ਪਲਾਂਟ ਦੀ ਗੱਲ ਕਰਦਾ ਨਾਂ ਐਮ ਐਲ ਏ ਦੀ ਨਜਰ ਦੀਪੀ ਤੇ ਪੈਦੀ ਤੇ ਨਾਂ ਦਲੀਪ ਦਾ ਅਪਹਰਣ ਹੁੰਦਾ, ਪਰ ਏਨਾਂ ਗੱਲਾਂ ਦਾ ਕਿਸੇ ਨੂੰ ਕੀ ਪਤਾ।
"ਮਾਫ ਕਰਨਾ ਆਪ ਨੂੰ ਰਿਸ਼ਤਾ ਕਰਨ ਵਿੱਚ ਕੀ ਇਤਰਾਜ ਹੈ ?"
ਕਰਤਾਰ ਨੇ ਸਰਪੰਚ ਨੂੰ ਪੁੱਛਿਆ।
"ਅਸੀ ਦੀਪੀ ਵਾਸਤੇ ਦੇਬੀ ਨੂੰ ਯੋਗ ਵਰ ਮੰਨਦੇ ਆ ਤੇ ਇਹੀ ਦੀਪੀ ਦੀ ਖੁਸ਼ੀ ਵੀ ਆ, ਨਹੀ ਤਾ ਐਨੇ ਵੱਡੇ ਘਰ ਦਾ ਰਿਸ਼ਤਾ ਕਿੱਥੇ ਮੋੜ ਹੁੰਦਾ"।
ਸਰਪੰਚ ਨੇ ਅਗਲੀ ਗੱਲ ਦੱਸੀ, ਦੇਬੀ ਇਹ ਸੁਣ ਕੇ ਖੁਸ਼ ਹੋ ਗਿਆ ਸੀ ਕਿ ਉਨਾ ਦੇ ਪਰੇਮ ਦੀ ਜਾਣਕਾਰੀ ਦਾ ਕੋਈ ਧਮਾਕਾ ਨਹੀ ਸੀ ਹੋਇਆ, ਸਰਪੰਚ ਪਰਵਾਰ ਨੇ ਸਿਆਣਪ ਦਾ ਸਬੂਤ ਦਿੰਦੇ ਹੋਏ ਮਸਲੇ ਦਾ ਹੱਲ ਲੱਭ ਲਿਆ ਸੀ ਪਰ ਮਾੜੀ ਕਿਸਮਤ ਨੂੰ ਇਹ ਐਮ ਐਲ ਏ ਵਿੱਚ ਆ ਟਪਕਿਆ
"ਓਹ '' ਹੈਰਾਨ ਹੋਣ ਦੀ ਵਾਰੀ ਹੁਣ ਕਰਤਾਰ ਦੀ ਸੀ।
"ਸਰਪੰਚ ਜੀ, ਮੈਂ ਤੁਹਾਡੇ ਫੈਸਲੇ ਤੇ ਹੌਸਲੇ ਦੀ ਦਿਲੋ ਕਦਰ ਕਰਦਾ ਆ ਪਰ ਨਾਲ ਦੀ ਨਾਲ ਮੇਰਾ ਫਰਜ ਬਣਦਾ ਆ ਕਿ ਤੁਹਾਨੂੰ ਅਸਲੀਅਤ ਤੋ ਜਾਣੂ ਕਰਵਾਵਾਂ, ਜੇ ਐਮ ਐਲ ਏ ਨੇ ਇਹ ਧਾਰ ਲਿਆ ਹੈ ਕਿ ਦੀਪੀ ਦਾ ਰਿਸ਼ਤਾ ਉਹਦੇ ਘਰ ਆਵੇ ਤਾ ਅਪਣੀ ਇਸ ਜਿਦ ਨੂੰ ਪੁਗਾਉਣ ਲਈ ਉਹ ਲਾਸ਼ਾਂ ਉਪਰ ਦੀ ਤੁਰ ਸਕਦਾ ਆ, ਮੇਰਾ ਕੁੱਝ ਕੇਸਾਂ ਵਿੱਚ ਉਹਦੇ ਨਾਲ ਵਾਹ ਪਿਆ ਆ, ਅਪਣੇ ਵਿਰੋਧੀਆ ਨੂੰ ਉਹ ਥਾਣੇ ਵਿੱਚ ਖੜਾ ਹੋ ਕੇ ਥਰਡ ਡਿਗਰੀ ਲਵਾਉਦਾ, ਮੈ ਆਪ ਨੂੰ ਡਰਾ ਨਹੀ ਰਿਹਾ ਪਰ ਇਹੀ ਅਸਲੀਅਤ ਹੈ"।
ਕਰਤਾਰ ਨੇ ਅਪਣੀ ਜਾਣਕਾਰੀ ਦੱਸੀ, ਇਹ ਸੁਣ ਕੇ ਦੇਬੀ, ਦੀਪੀ ਦੀ ਮੰਮੀ ਤੇ ਸਰਪੰਚ ਹੋਰ ਚਿੰਤਤ ਹੋ ਗਏ।
"ਤੂੰ ਹੀ ਦੱਸ ਕਾਕਾ, ਹੁਣ ਕੀ ਕੀਤਾ ਜਾਵੇ ?" ਸਰਪੰਚ ਨੇ ਦੇਬੀ ਦੀ ਸਲਾਹ ਮੰਗੀ, ਉਸ ਨੂੰ ਆਸ ਸੀ ਕਿ ਸ਼ਾਇਦ ਦੇਬੀ ਕੋਈ ਹੱਲ ਕੱਢ ਲਵੇ।
"ਫਿਲਹਾਲ ਤਾਂ ਕੁੱਝ ਨਹੀ ਸੁੱਝਦਾ, ਮੈਨੂੰ ਸੋਚਣ ਦਿਓ ਜੇ ਹੋ ਸਕੇ ਤਾ ਦੀਪੀ ਨਾਲ ਫੋਨ ਤੇ ਗੱਲ ਕਰਾ ਦਿਓ, ਸਾਨੂੰ ਜਲਦੀ ਕੋਈ ਫੈਸਲਾ ਲੈਣਾ ਪਵੇਗਾ, ਪਰ ਇਹ ਗੱਲ ਪੱਕੀ ਹੈ ਕਿ ਮੈ ਅਪਣੀ ਇੱਛਾ ਦੀ ਖਾਤਿਰ ਦਲੀਪ ਦੀ ਕੁਰਬਾਨੀ ਨਹੀ ਦੇ ਸਕਦਾ"।
ਦੇਬੀ ਨੇ ਕਿਹਾ।
"ਜੀਦਾ ਰਹਿ ਪੁੱਤਰਾ"। ਮਾ ਨੇ ਆਸੀਸ ਦਿੱਤੀ।
"ਮੈਂ ਵੱਡੇ ਵੀਰ ਜੀ ਨਾਲ ਗੱਲ ਕਰ ਕੇ ਦੇਖਦਾ ਆ, ਸ਼ਾਇਦ ਉਨਾ ਦਾ ਕੋਈ ਹੱਥ ਪੈਦਾ ਹੋਵੇ"। ਕਰਤਾਰ ਹਰ ਤਰਾ ਕੋਈ ਮਦਦ ਕਰਨੀ ਚਾਹੁੰਦਾ ਸੀ। ਕੁੱਝ ਹੋਰ ਗੱਲਾਂ ਉਪਰੰਤ ਸਭ ਚਲੇ ਗਏ, ਦੇਬੀ ਹੁਣ ਚੰਗੀ ਤਰਾ ਹਿਲਜੁੱਲ ਸਕਦਾ ਸੀ, ਉਹਦੀ ਰੋਜਾਨਾ ਐਕਸਰਸਾਈਜ ਹੁੰਦੀ ਸੀ, ਸਰੀਰ ਦੇ ਅੰਗ ਹਰਕਤ ਵਿੱਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਦੀ ਸੀ।
ਦੇਬੀ ਇਸ ਸਾਰੇ ਘਣਚੱਕਰ ਤੇ ਸੋਚ ਵਿਚਾਰ ਕਰ ਰਿਹਾ ਸੀ, ਉਸ ਨੇ ਫੇਰ ਅਰਦਾਸ ਕੀਤੀ ਕਿ ਦਾਤਾ ਕੋਈ ਰਾਹ ਵਿਖਾ, ਦੇਬੀ ਸੋਚ ਰਿਹਾ ਸੀ ਕਿ ਇਨੇ ਸਾਲ ਦੀਪੀ ਤੋ ਬਿਨਾ ਗੁਜਾਰੇ, ਭਾਵੇ ਦੁਖਦਾਇਕ ਸਨ ਪਰ ਅੱਜ ਨਾਲੋ ਬੁਰੇ ਨਹੀ ਸਨ, ਉਸਦੀ ਮਿਹਨਤ ਤੇ ਚਰਿੱਤਰ ਨੇ ਸਰਪੰਚ ਪਰਵਾਰ ਦਾ ਦਿਲ ਜਿੱਤ ਲਿਆ ਸੀ ਇਹ ਸਭ ਤੋ ਜਿਆਦਾ ਮਾਣ ਵਾਲੀ ਗੱਲ ਸੀ, ਦੇਬੀ ਨੇ ਪਿੰਡ ਵਿੱਚ ਕੁੱਝ ਮਹੀਨਿਆ ਵਿੱਚ ਹੀ ਕਰਾਂਤੀ ਲਿਆ ਕੇ ਜੋ ਕਾਰਨਾਮਾ ਕੀਤਾ ਸੀ ਇਸਦੀ ਮਿਸਾਲ ਨਹੀ ਸੀ ਮਿਲਦੀ, ਪਰ ਹੁਣ ਜੋ ਇਹ ਜੰਗਲ ਦਾ ਰਾਜ ਚੱਲ ਰਿਹਾ ਸੀ ਇਹ ਸਭ ਦੇਬੀ ਦੇ ਪਲੈਨ ਦਾ ਕੋਈ ਹਿੱਸਾ ਨਹੀ ਸੀ ਤੇ ਉਹ ਐਸੀ ਜਾਣਕਾਰੀ ਨਹੀ ਸੀ ਰੱਖਦਾ ਕਿ ਪੰਜਾਬ ਵਿੱਚ ਕਨੂੰਨ ਹਰ ਬੰਦੇ ਤੇ ਲਾਗੂ ਨਹੀ ਹੁੰਦਾ, ਦੀਪੀ ਦਾ ਪਰੇਮ ਉਹਦੇ ਲਈ ਬਹੁਤ ਜਰੂਰੀ ਸੀ ਪਰ ਦਲੀਪ ਦੀ ਲਾਸ਼ ਉਪਰ ਉਹ ਅਪਣੀ ਖੁਸ਼ੀ ਦਾ ਮਹਿਲ ਕਤਈ ਨਹੀ ਸੀ ਉਸਾਰ ਸਕਦਾ, ਹੁਣ ਉਹ ਮਨ ਹੀ ਮਨ ਕੁੱਝ ਫੈਸਲੇ, ਕੁੱਝ ਤਤਕਾਲ ਫੈਸਲੇ ਕਰ ਰਿਹਾ ਸੀ ਤੇ ਦੀਪੀ ਦੇ ਫੋਨ ਦੀ ਉਡੀਕ ਕਰ ਰਿਹਾ ਸੀ। ਸਾਢੇ ਕੁ ਛੇ ਵਜੇ ਦੀਪੀ ਦਾ ਫੋਨ ਆਇਆ …
"ਹੈਲੋ ਜੀ, ਮੰਮੀ ਨੇ ਕਿਹਾ ਸੀ ਕਿ ਤੁਸੀ ਕੁੱਝ ਗੱਲ ਕਰਨੀ ਚਾਹੁੰਦੇ ਹੋ ?"
ਦੀਪੀ ਨੇ ਸਵਾਲ ਕੀਤਾ।
"ਕੁਝ ਸਲਾਹ ਕਰਨੀ ਆ ਤੇਰੇ ਨਾਲ, ਕਦੇ ਮੈਨੂੰ ਅਪਣੇ ਮੂੰਹੋ ਤੈਨੂੰ ਇਹ ਸ਼ਬਦ ਕਹਿਣੇ ਪੈਣਗੇ ਐਸਾ ਖਿਆਲ ਵੀ ਮਨ ਵਿੱਚ ਨਹੀ ਸੀ ਆਇਆ, ਪਰ ਮੈਂ ਸੁਪਨੇ ਦੀ ਨਹੀ ਅਸਲੀਅਤ ਦੀ ਦੁਨੀਆ ਵਿੱਚ ਜਿਊਣ ਵਾਲਾ ਬੰਦਾ ਆ ਤੇ ਸਚਾਈ ਨੂੰ ਮੱਦੇ ਨਜਰ ਰੱਖਦੇ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਜਰੂਰੀ ਹੈ"। ਦੇਬੀ ਭੂਮਿਕਾ ਬੰਨਦਾ ਹੋਇਆ ਬੋਲਿਆ।
"ਤੁਸੀ ਕਹੋ ਤਾਂ, ਮੇਰੇ ਵਿਰੋਧ ਵਿੱਚ ਤਾਂ ਤੁਸੀ ਹੋ ਨਹੀ ਸਕਦੇ"।
ਦੀਪੀ ਨੂੰ ਪਤਾ ਸੀ ਕਿ ਦੇਬੀ ਕਦੇ ਵੀ ਉਸਨੂੰ ਪੀੜਤ ਨਹੀ ਕਰ ਸਕਦਾ।
"ਸਵਾਲ ਸਿਰਫ ਮੇਰੇ ਅਤੇ ਤੇਰੇ ਵਿਰੋਧ ਵਿੱਚ ਹੋਣ ਦਾ ਨਹੀ, ਸਾਡੇ ਸੰਸਾਰ ਵਿੱਚ ਕੁੱਝ ਹੋਰ ਲੋਕ ਵੀ ਹਨ ਜਿਨਾਂ ਦੇ ਵਿਰੋਧ ਵਿੱਚ ਵੀ ਨਹੀ ਜਾਇਆ ਜਾ ਸਕਦਾ"।
ਦੇਬੀ ਨੇ ਗੱਲ ਵਧਾਈ।
"ਤੁਸੀ ਕਿਸ ਦੀ ਗੱਲ ਕਰਦੇ ਓ ?"
ਦੀਪੀ ਲਈ ਇਹ ਸਭ ਹਾਲੇ ਗੁੰਝਲ ਸੀ।
"ਮੈ ਤੇਰੇ ਵੀਰ ਦੀ ਗੱਲ ਕਰਦਾ ਆ, ਕੁੱਝ ਦਿਨ ਪਹਿਲੇ ਸਰਪੰਚ ਸਾਹਿਬ ਨੇ ਮੇਰੀ ਜਾਨ ਬਚਾਈ, ਤੇ ਅੱਜ ਉਨਾ ਦੇ ਬੇਟੇ ਦੀ ਜਾਂਨ ਮੇਰੇ ਕਾਰਣ ਕੁੜਿੱਕੀ ਵਿੱਚ ਫਸੀ ਪਈ ਆ, ਅਗਰ ਦਲੀਪ ਨੂੰ ਕੁੱਝ ਹੋ ਗਿਆ ਤਾਂ ਕਿਵੇ ਨਜਰ ਮਿਲਾ ਸਕਾਂਗਾ ਮੈ ਤੇਰੇ ਪਰਵਾਰ ਨਾਲ ?"
ਦੇਬੀ ਨੇ ਸਵਾਲ ਖੜਾ ਕੀਤਾ।
"ਤੁਸੀ ਠੀਕ ਕਹਿ ਰਹੇ ਓ, ਵੀਰ ਨੂੰ ਸਾਡੇ ਕਾਰਨ ਕੁੱਝ ਵੀ ਹੋ ਗਿਆ ਤਾਂ ਜੀਵਨ ਦੇ ਮਾਇਨੇ ਹੀ ਬੇਅਰਥ ਹੋ ਜਾਂਣਗੇ, ਸਾਨੂੰ ਹਰ ਕੋਸ਼ਿਸ਼ ਕਰਨੀ ਪਵੇਗੀ ਉਸਦੀ ਰੱਖਿਆ ਲਈ"।
ਦੀਪੀ ਸਹਿਮਤ ਸੀ।
"ਨਹੀ, ਦਿਲਦਾਰ, ਕੋਸ਼ਿਸ਼ ਨਹੀ, ਇਸ ਜੰਗਲ ਵਿੱਚ ਕੋਸ਼ਿਸ਼ ਨਾਲ ਕੁੱਝ ਨਹੀ ਹੁੰਦਾ, ਕੁਰਬਾਨੀ ਦੇਣੀ ਪੈਦੀ ਆ, ਜਾ ਲਹੂ ਦੀ ਤੇ ਜਾਂ ਪਰੇਮ ਦੀ"।
ਦੇਬੀ ਹੌਲੀ ਹੌਲੀ ਗੱਲ ਨੂੰ ਖੋਲ ਰਿਹਾ ਸੀ।
"ਕੀ ਮਤਲਬ ਹੈ ਤੁਹਾਡਾ ?"
ਦੀਪੀ ਦ ਮਨ ਵਿੱਚ ਸ਼ੰਕਾ ਜਾਗੀ, ਦਿਲ ਧੜਕਿਆ।
"ਸਾਨੂੰ ਹਥਿਆਰ ਸੁੱਟਣੇ ਪੈਣਗੇ, ਹਾਰ ਮੰਨਣੀ ਪਵੇਗੀ, ਦਲੀਪ ਦੀ ਜਾਨ ਦਾ ਮੁੱਲ ਸਾਡੇ ਮਿਲਾਪ ਤੋ ਜਿਆਦਾ ਹੈ"।
ਦੇਬੀ ਇਨਾ ਸ਼ਬਦਾ ਨੂੰ ਕਹਿਣ ਲਈ ਰੱਬ ਤੋ ਹਰ ਪਲ ਤਾਕਤ ਮੰਗ ਰਿਹਾ ਸੀ।
"ਕੀ ਕਹਿਣਾ ਚਾਹੁੰਦੇ ਓ ਤੁਸੀ ? ਅਸੀ ਜੁਦਾ ਹੋ ਜਾਈਏ ? ਐਮ ਐਲ ਏ ਦੀ ਸ਼ਰਤ ਮੰਨ ਲਈਏ ? ਮੈ ਤੁਹਾਡੇ ਤੋ ਬਿਨਾ ਕਿਸੇ ਦੀ ਨਹੀ ਹੋ ਸਕਦੀ"।
ਦੀਪੀ ਦੀ ਅਵਾਜ ਰੋਣਹਾਕੀ ਹੋ ਰਹੀ ਸੀ।
"ਦੇਖ, ਖੂਬਸੂਰਤ ਇਨਸਾਨ, ਕੀਹਦਾ ਦਿਲ ਕਰਦਾ ਤੇਰੇ ਤੋ ਵੱਖ ਹੋਣ ਨੂੰ ? ਅਸੀ ਐਸੇ ਜੁੜੇ ਆ ਕਿ ਕੋਈ ਸਾਨੂੰ ਵੱਖ ਕਰ ਵੀ ਨਹੀ ਸਕਦਾ, ਕੀ ਹਰ ਪਰੇਮ ਇਸੇ ਸ਼ਰਤ ਤੇ ਟਿਕਿਆ ਹੋਇਆ ਕਿ ਸੱਜਣਾਂ ਦੇ ਸਰੀਰ ਤੇ ਅਧਿਕਾਰ ਰਹੇ ? ਕੀ ਇਸ ਅਧਿਕਾਰ ਤੋ ਬਿਨਾ ਪਰੇਮ ਦਾ ਟਿਕਣਾ, ਬਰਕਰਾਰ ਰਹਿਣਾ ਸੰਭਵ ਨਹੀ ?"
ਦੇਬੀ ਨੇ ਕਈ ਸਵਾਲ ਕਰ ਦਿੱਤੇ।
"ਮੇਰਾ ਮਨ ਤੁਹਾਡੇ ਤਨ ਤੇ ਮਨ ਦੋਵਾ ਨੂੰ ਚਾਹੁੰਦਾ ਆ"।
ਦੀਪੀ ਲਈ ਕਿਸੇ ਹੋਰ ਦੇ ਗਲੇ ਦਾ ਹਾਰ ਬਣਨਾ ਮੌਤ ਦੀ ਸਜਾ ਵਰਗਾ ਸੀ।
"ਇਹ ਜਾਇਜ ਇੱਛਾ ਹੈ, ਪਿਆਰੀ ਜਿਹੀ ਤੇ ਬੇਹੱਦ ਖੂਬਸੂਰਤ ਇੱਛਾ ਹੈ, ਇਸ ਨੂੰ ਮਨ ਵਿੱਚ ਸਦਾ ਰੱਖੀ, ਜਰੂਰ ਪੂਰੀ ਹੋਵੇਗੀ, ਪਰ ਖੁਦਗਰਜੀ ਰੱਬ ਨੂੰ ਪਿਆਰੀ ਨਹੀ, ਇੱਕ ਪਾਸੇ ਮੇਰੀ ਅਤੇ ਤੇਰੀ ਇੱਛਾ ਹੈ ਤੇ ਦੂਜੇ ਪਾਸੇ ਇੱਕ ਬੇਕਸੂਰੇ ਨੋਜਵਾਨ ਦਾ ਜੀਵਨ ਹੈ ਤੇ ਉਹ ਵੀ ਕੋਈ ਬਿਗਾਨਾ ਨਹੀ, ਐਸੀ ਸਥਿਤੀ ਵਿੱਚ ਕੀ ਜਾਇਜ ਹੈ ?"
ਦੇਬੀ ਦੀਪੀ ਨੂੰ ਮਾਨਸਿਕ ਸਹਾਰਾ ਦੇ ਕੇ ਵੱਡੀ ਚੋਟ ਲਈ ਤਿਆਰ ਕਰ ਰਿਹਾ ਸੀ।
"ਇਕ ਜੀਵਨ ਦਾ ਬਚਾਉਣਾ ਜਰੂਰੀ ਹੈ"।
ਦੀਪੀ ਨੂੰ ਕਹਿਣਾ ਪਿਆ।
"ਫਿਰ ਦੇਰ ਨਾ ਕਰ, ਸੋਚ ਨਾਂ, ਮਨ ਨੇ ਸੌ ਚਲਾਕੀਆ ਕਰਨੀਆ, ਮੇਰਾ ਦਿਲ ਕਹਿੰਦਾ ਕਿ ਬਿਨਾ ਕੁਰਬਾਨੀ ਦੇ ਨਹੀ ਸਰਨਾ, ਤੈਨੂੰ ਕਿਤੇ ਹੋਰ ਜਾਣ ਲਈ ਰਾਜੀ ਹੋਣਾ ਪਊ"।
ਦੇਖਣ ਨੂੰ ਲਗਦਾ ਸੀ ਕਿ ਦੇਬੀ ਨੇ ਬੜੇ ਅਰਾਮ ਨਾਲ ਅਪਣਾ ਪਿਆਰ ਕਿਸੇ ਦੀ ਝੋਲੀ ਪਾ ਦਿੱਤਾ, ਪਰ ਇਹ ਕਿਵੇ ਵੀ ਅਸਾਂਨ ਨਹੀ ਸੀ।
"ਤੁਸੀ ਏਹ ਏਨੀ ਅਸਾਨੀ ਨਾਲ ਕਹਿ ਰਹੇ ਓ ? ਮੇਰਾ ਤੁਹਾਡੇ ਜਿੰਨਾ ਹੌਸਲਾ ਨਹੀ, ਕਿਸੇ ਹੋਰ ਬੰਦੇ ਦੀ ਔਰਤ ਕਿਵੇ ਬਣੂ ਮੈ ?"
ਦੀਪੀ ਦਾ ਦਿਲ ਕਰਦਾ ਸੀ ਕਿ ਇਨੇ ਜੋਰ ਦੀ ਚੀਕਾ ਮਾਰੇ ਕਿ ਰੱਬ ਦਾ ਸਿੰਘਾਸਨ ਡੋਲ ਜਾਵੇ ਜਿਸਨੇ ਐਮ ਐਲ ਏ ਵਰਗੇ ਕਰੂਰ ਬੰਦੇ ਪੈਦਾ ਕੀਤੇ, ਪਰ ਚੀਕਾ ਦਾ ਇਥੇ ਕੀ ਮੁੱਲ ਸੀ।
"ਹੌਸਲਾ ਮੇਰੇ ਵਰਗਾ ਨਹੀ, ਮੇਰੇ ਤੋ ਵੱਡਾ ਕਰਨਾ ਪਵੇਗਾ, ਮੈ ਬਿਨਾ ਵਿਆਹ ਤੋ ਰਹਿ ਸਕਾਗਾ, ਪਰ ਤੇਰੀ ਕੁਰਬਾਨੀ ਮੇਰੇ ਤੋ ਵੱਡੀ ਆ, ਇਹ ਔਰਤ ਹੀ ਕਰ ਸਕਦੀ ਆ, ਮੈ ਤੇਰੀ ਥਾ ਨਹੀ ਲੈ ਸਕਦਾ, ਅਪਣੇ ਗੁਰੂ ਨੂੰ ਯਾਦ ਕਰ, ਰੋਣ ਧੋਣ ਨਾਲ ਕੁੱਝ ਨਹੀ ਬਣਦਾ, ਅਪਣੀ ਮਾ ਦੀ ਹਾਲਤ ਦੇਖ, ਉਹਦਾ ਹਾਸਾ ਮੁੜ ਸਕਦਾ, ਪਲੀਜ ਇਸ ਨੂੰ ਮੋੜ"।
ਦੇਬੀ ਮਿੰਨਤ ਕਰਨ ਵਾਲਾ ਹੋਇਆ ਪਿਆ ਸੀ।
"ਜੇ ਇਹ ਤੁਹਾਡਾ ਹੁਕਮ ਆ, ਤੇ ਇੱਕ ਭੈਣ ਦਾ ਫਰਜ ਆ ਤਾਂ ਫਿਰ ਮੈ ਮੰਨਾਗੀ, ਬੱਸ ਮੇਰੇ ਨਾਲ ਹੋਰ ਐਸੀ ਕੋਈ ਗੱਲ ਨਾ ਕਰੋ, ਜੋ ਵੀਰੇ ਨੂੰ ਬਚਾਉਣ ਲਈ ਜਾਇਜ ਲੱਗੇ ਕਰੋ"। ਦੀਪੀ ਨੇ ਹਥਿਆਰ ਸੁੱਟ ਦਿੱਤੇ ਸਨ, ਉਹ ਸਮਝ ਗਈ ਸੀ ਕਿ ਇਸ ਖੂਨੀ ਚੱਕਰ ਵਿੱਚ ਜੇ ਉਹ ਉਲਝ ਗਏ ਤਾ ਜਿਹੜਾ ਦਲੀਪ ਨੂੰ ਚੁਕਵਾ ਸਕਦਾ ਉਹਦੇ ਲਈ ਦੇਬੀ ਨੂੰ ਫੇਰ ਚੁਕਵਾਉਣਾ ਕਿਹੜਾ ਕੰਮ ਆ, ਤੇ ਜੇ ਉਹਦੀ ਕਮਜੋਰੀ ਕਾਰਨ ਪਹਿਲਾ ਭਰਾ ਤੇ ਫੇਰ ਪਿਆਰ ਖੋਹਿਆ ਗਿਆ ਤਾ ਫੇਰ ਕੀ ਕਰੇਗੀ ? ਉਹ ਕੋਹਲੂ ਵਿੱਚ ਪੀੜੇ ਜਾਣ ਲਈ ਤਿਆਰ ਸੀ ਪਰ ਦੋਹਾ ਤੇ ਆਈ ਆਂਚ ਨਹੀ ਸੀ ਦੇਖ ਸਕਦੀ।
"ਦੀਪੋ, ਸਰਪੰਚ ਸਾਹਿਬ ਜੇ ਕੋਲ ਹਨ ਤਾਂ ਉਨਾ ਨਾਲ ਗੱਲ ਕਰਾ"। ਦੇਬੀ ਨੇ ਦੀਪੀ ਦੀ ਸੋਚ ਤੰਦਰਾ ਤੋੜੀ, ਹੁਣ ਸਰਪੰਚ ਜੀ ਬੋਲ ਰਹੇ ਸਨ।
"ਬਯੁਰਗੋ, ਤੁਸੀ ਹੋਰ ਖੱਜਲ ਨਹੀ ਹੋਣਾ, ਦਲੀਪ ਦੀ ਰਿਹਾਈ ਲਈ ਜੋ ਵੀ ਸ਼ਰਤ ਆ ਮੰਨ ਲਓ, ਮੇਰੇ ਤੇ ਦੀਪੀ ਵੱਲੋ ਕੋਈ ਸ਼ਿਕਾਇਤ ਨਹੀ ਮਿਲੇਗੀ ਤੁਹਾਨੂੰ"।
ਦੇਬੀ ਨੇ ਸਰਪੰਚ ਨੂੰ ਕਿਹਾ।
"ਕਾਕਾ, ਇਸੇ ਗੱਲ ਨੂੰ ਨਾ ਮੰਨਣ ਲਈ ਮੈ ਰਾਤ ਦਿਨ ਇੱਕ ਕਰਦਾ ਰਿਹਾ ਤੇ ਹੁਣ ਤੁਸੀ ਦੋਵੇ ਡਰ ਗਏ ?"
ਸਰਪੰਚ ਦੀਪੀ ਨੂੰ ਸਰਦਾਰੇ ਦੇ ਖਾਨਦਾਨ ਵਿੱਚ ਨਹੀ ਸੀ ਜਾਣ ਦੇਣਾ ਚਾਹੁੰਦਾ।
"ਸਮੇ ਦੀ ਅਵਾਜ ਇਹ ਹੈ ਕਿ ਫਿਲਹਾਲ ਡਰਿਆ ਜਾਵੇ, ਚਟਾਨ ਵਿੱਚ ਸਿਰ ਮਾਰਨਾ ਅਕਲਮੰਦੀ ਨਹੀ, ਦਲੀਪ ਨੂੰ ਜੇ ਕੁੱਝ ਹੁੰਦਾ ਆ ਤਾ ਅਸੀ ਸਾਰੇ ਜਿੰਮੇਦਾਰ ਆ, ਕਿਸੇ ਹੋਰ ਹਾਲਤ ਵਿੱਚ ਹੁੰਦੇ ਤਾ ਮੈ ਅਪਣੇ ਪਰੇਮ ਦੀ ਕੁਰਬਾਨੀ ਕਦੇ ਨਾ ਦਿੰਦਾ ਪਰ ਅੱਜ ਸਾਡੇ ਦਲੀਪ ਦੀ ਜਾਨ ਤੇ ਬਣੀ ਆ, ਉਸਨੂੰ ਕੁੱਝ ਹੋ ਗਿਆ ਤਾਂ ਅਸੀ ਸਾਰੇ ਖੁਸ਼ ਕਿਵੇ ਰਹਿ ਸਕਾਗੇ ? ਤੇ ਇਸ ਗੱਲ ਦੀ ਵੀ ਕੀ ਗਰੰਟੀ ਹੈ ਕਿ ਐਮ ਐਲ ਏ ਦਾ ਇਹ ਆਖਰੀ ਹਮਲਾ ਹੋਵੇ ? ਕਿਰਪਾ ਕਰਕੇ ਤੁਸੀ ਹੁਣੇ ਫੋਨ ਘੁਮਾਓ ਤੇ ਦਲੀਪ ਘਰ ਆਵੇ"।
ਦੇਬੀ ਨੇ ਆਖਰੀ ਫੈਸਲਾ ਸੁਣਾ ਦਿੱਤਾ।
"ਜਿਵੇ ਤੁਹਾਡੀ ਮਰਜੀ ਕਾਕਾ, ਅੱਜ ਤੂੰ ਮੇਰਾ ਦਿਲ ਹੋਰ ਵੀ ਜਿੱਤ ਲਿਆ, ਤੇਰੀ ਥਾ ਕੋਈ ਹੋਰ ਹੁੰਦਾ … ।"
ਸਰਪੰਚ ਦੀ ਗੱਲ ਹਾਲੇ ਪੂਰੀ ਨਹੀ ਸੀ ਕੀਤੀ ਕਿ ਦੇਬੀ ਬੋਲਿਆ।
"ਸਮਾਂ ਖਰਾਬ ਨਾਂ ਕਰੋ, ਅਸੀ ਇੱਕ ਦੂਜੇ ਦੇ ਦਿਲ ਜਿੱਤਾਂਗੇ ਤਾ ਹੀ ਚੰਗਾ ਜੀਵਨ ਜੀ ਸਕਦੇ ਆ, ਦਲੀਪ ਜਦ ਘਰ ਆਵੇ ਤਾਂ ਮੈਨੂੰ ਫੋਨ ਕਰੇ"।
ਏਨਾ ਕਹਿ ਕੇ ਫੋਨ ਕੱਟ ਦਿੱਤਾ ਦੇਬੀ ਨੇ, ਸਰਪੰਚ ਨੇ ਸਰਦਾਰਾ ਸਿੰਘ ਨੂੰ ਫੋਨ ਕੀਤਾ … ।।
"ਹਾਂਜੀ, ਸਰਪੰਚ ਜੀ, ਹੁਕਮ ਕਰੋ ਮਹਾਰਾਜ"।
ਸਰਦਾਰਾ ਸਿੰਘ ਨੇ ਟਾਂਚ ਜਿਹੀ ਕੀਤੀ।
"ਜਿਵੇ ਤੁਸੀ ਕਹੋ, ਉਵੇ ਹੋ ਜੂ, ਦਲੀਪ ਨੂੰ ਘਰ ਭੇਜ ਦਿਓ"।
ਹਾਰੇ ਹੋਏ ਜੁਆਰੀ ਵਰਗਾ ਬੋਲ ਸੀ ਸਰਪੰਚ ਦਾ।
"ਆਹ ਹੋਈ ਨਾ ਯਾਰਾ ਵਾਲੀ ਗੱਲ, ਮੈਨੂੰ ਪਤਾ ਸੀ ਬਈ ਸਾਡਾ ਸਰਪੰਚ ਸਿਆਣਾ ਬੰਦਾ ਆ, ਦਲੀਪ ਆਇਆ ਲੈ"।
ਤੇ ਸਰਦਾਰਾ ਸਿੰਘ ਨੇ ਅੱਗਿਓ ਫੋਨ ਬੰਦ ਕਰ ਦਿੱਤਾ, ਕੋਈ ਤਿੰਨ ਕੁ ਘੰਟੇ ਬਾਅਦ ਪੁਲੀਸ ਦੀ ਇੱਕ ਜੀਪ ਦਲੀਪ ਨੂੰ ਘਰ ਛੱਡ ਗਈ, ਉਸ ਨਾਲ ਕੋਈ ਮਾੜਾ ਵਿਵਹਾਰ ਨਹੀ ਸੀ ਕੀਤਾ ਗਿਆ, ਦਲੀਪ ਨੂੰ ਇਹੋ ਪਤਾ ਸੀ ਕਿ ਕਿਤੇ ਕੋਈ ਫਾਰਮ ਹਾਉਸ ਸੀ ਜਿਸ ਵਿੱਚ ਉਸ ਨੂੰ ਰੱਖਿਆ ਗਿਆ, ਇੱਕ ਕਮਰੇ ਵਿੱਚ ਹੀ ਉਹ ਬੰਦ ਰਹਿੰਦਾ ਸੀ, ਬਾਥਰੂਮ ਅਟੈਚਡ ਸੀ ਤੇ ਰੋਟੀ ਸਮੇ ਤੇ ਮਿਲ ਜਾਂਦੀ ਸੀ।
ਸਰਪੰਚ ਦੇ ਘਰ ਖੁਸ਼ੀ ਮੁੜ ਆਈ, ਪਰ ਜਦੋ ਦਲੀਪ ਨੂੰ ਪਤਾ ਲੱਗਾ ਕਿ ਕਿਸ ਕੀਮਤ ਤੇ ਉਹ ਰਿਹਾ ਹੋਇਆ ਹੈ ਉਹ ਬਹੁਤ ਦੁਖੀ ਹੋਇਆ, ਉਹਦਾ ਦਿਲ ਕਰਦਾ ਸੀ ਕਿ ਖਾੜਕੂਆ ਵਿੱਚ ਰਲ ਜਾਵੇ ਤੇ ਸਮੇਤ ਸਰਦਾਰਾ ਸਿੰਘ ਦੇ ਐਮ ਐਲ ਏ ਨੂੰ ਭੁੰਨ ਕੇ ਰੱਖ ਦੇਵੇ ਪਰ ਉਹ ਇਹ ਵੀ ਜਾਣਦਾ ਸੀ ਕਿ ਪੁਲੀਸ ਨੇ ਬਾਅਦ ਵਿੱਚ ਸਾਰਾ ਖਾਨਦਾਨ ਰੋਲ ਦੇਣਾ, ਉਹ ਸਬਰ ਦੇ ਘੁੱਟ ਪੀ ਕੇ ਰਹਿ ਗਿਆ, ਇਨਾ ਧੱਕਾ ਕਦੇ ਹੋ ਜਾਵੇਗਾ, ਸੁਪਨਾ ਵੀ ਨਹੀ ਸੀ ਲਿਆ ਦਲੀਪ ਨੇ, ਉਸ ਨੇ ਆ ਕੇ ਦੇਬੀ ਨਾਲ ਗੱਲ ਕੀਤੀ ਤੇ ਦੇਬੀ ਦਾ ਧੰਨਵਾਦ ਕੀਤਾ ਜੋ ਇਸ ਕੁਰਬਾਨੀ ਲਈ ਤਿਆਰ ਹੋ ਗਿਆ ਸੀ …
"ਦੀਦੀ, ਮੈਨੂੰ ਮਾਫ ਕਰੀ ਮੈ ਤੇਰੇ ਲਈ ਕੁੱਝ ਨੀ ਕਰ ਸਕਦਾ, ਉਲਟਾ ਤੈਨੂੰ ਮੇਰੇ ਲਈ ਕੁਰਬਾਨੀ ਕਰਨੀ ਪੈ ਰਹੀ ਆ"।
ਦੀਪੀ ਅੱਗੇ ਉਹ ਸ਼ਰਮਸ਼ਾਰ ਹੋਇਆ ਖੜਾ ਸੀ।
"ਵੀਰੇ, ਇਵੇ ਕਿਓ ਕਹਿੰਨਾ, ਭਰਾ ਸਦਾ ਈ ਭੈਣਾ ਲਈ ਕੁਰਬਾਨੀ ਕਰਦੇ ਰਹਿੰਦੇ ਆ, ਜੇ ਕਿਤੇ ਭੈਣ ਦੀ ਵਾਰੀ ਆ ਜਾਵੇ ਤਾ ਭੈਣ ਨੂੰ ਰੋਣ ਬਹਿ ਜਾਣਾ ਚਾਹੀਦਾ ? ਤੂੰ ਸਾਨੂੰ ਦੋਹਾ ਨੂੰ ਸਮਝ ਲਿਆ ਏਨਾ ਹੀ ਕਾਫੀ ਆ, ਦਿਲ ਨੂੰ ਨਾ ਲਾ, ਜੋ ਹੋਊ ਹੁਣ ਝੱਲਣਾ ਪਊ"।
ਇਕ ਦੂਜੇ ਦੇ ਗਲ ਲੱਗ ਰੋ ਪਏ ਦੋਵੇ ਭੈਣ ਭਰਾ।
ਇਕ ਹਫਤੇ ਬਾਅਦ ਮੰਗਣੀ ਦੀ ਰਸਮ ਪੂਰੀ ਹੋ ਗਈ, ਲੋਕ ਸਰਪੰਚ ਨੂੰ ਵੱਡੇ ਘਰ ਹੋਏ ਰਿਸ਼ਤੇ ਲਈ ਵਧਾਈਆ ਦੇ ਰਹੇ ਸਨ, ਸਰਪੰਚ ਖੁਸ਼ ਹੋਣ ਦਾ ਢੌਗ ਕਰ ਰਿਹਾ ਸੀ, ਦੀਪੀ ਨੇ ਕੋਈ ਹੰਝੂ ਅੱਖੋ ਨਹੀ ਸੀ ਕੇਰਿਆ, ਉਹ ਜਿਬਾਹ ਹੋਣ ਦੀਆ ਤਿਆਰੀਆ ਕਰ ਰਹੀ ਸੀ, ਦੇਬੀ ਦੀ ਯਾਦ ਜਿੰਨੀ ਆਉਦੀ ਸੀ ਉਨੀ ਹੀ ਅੰਦਰੋ ਉਹ ਖੁਦ ਨੂੰ ਮਜਬੂਤ ਕਰਦੀ ਜਾ ਰਹੀ ਸੀ, ਕਾਲਜ ਖਤਮ ਤੇ ਕਬੀਲਦਾਰੀ ਸ਼ੁਰੂ, ਇੱਕ ਕੁੜੀ ਦੇ ਕਿਸੇ ਪਲੈਨ ਦਾ ਕੋਈ ਭਰੋਸਾ ਨਹੀ ਕਦੋ ਸਹੁਰਿਆ ਦਾ ਦਿਮਾਗ ਖਰਾਬ ਹੋ ਜਾਵੇ ਬਈ ਸਾਨੂੰ ਤਾ ਵਿਆਹ ਛੇਤੀ ਚਾਹੀਦਾ।
ਦੇਬੀ ਨੂੰ ਦੀਪੀ ਨੇ ਮੰਗਣੀ ਦੀ ਰਸਮ ਤੋ ਬਾਅਦ ਫੋਨ ਕਰ ਕੇ ਦੱਸ ਦਿੱਤਾ ਸੀ, ਤੇ ਵਿਆਹ ਦੀ ਤਰੀਕ ਪੂਰੇ ਢੇਡ ਮਹੀਨੇ ਬਾਅਦ ਸੀ, ਦੇਬੀ ਦੇ ਹੱਥ ਤੇ ਗੋਡੇ ਦਾ ਪਲਸਤਰ ਖੁੱਲ ਚੁੱਕਾ ਸੀ, ਹੁਣ ਉਹ ਫੌੜੀਆ ਦੇ ਸਹਾਰੇ ਤੁਰ ਫਿਰ ਲੈਦਾ ਸੀ, ਪੇਟ ਅੰਦਰਲੇ ਹਿੱਸੇ ਦੀਆ ਸੱਟਾ ਵੀ ਕਾਫੀ ਹੱਦ ਤੱਕ ਕਵਰ ਹੋ ਚੁੱਕੀਆ ਸਨ ਪਰ ਫਿਰ ਵੀ ਡਾਕਟਰ ਗੁਪਤਾ ਦੇਬੀ ਦਾ ਹਰ ਦੋ ਦਿਨ ਬਾਅਦ ਪੂਰਾ ਚੈਕਅੱਪ ਕਰ ਰਿਹਾ ਸੀ, ਉਹ ਕੋਈ ਵੀ ਗਲਤੀ ਨਹੀ ਕਰਨੀ ਚਾਹੁੰਦਾ, ਦੇਬੀ ਦੀ ਕਹਾਣੀ ਦਾ ਸਭ ਨੂੰ ਪਤਾ ਸੀ ਤੇ ਸਾਰੇ ਹਮਦਰਦੀ ਕਰਦੇ ਸਨ ਉਹਦੇ ਨਾਲ … ।
"ਗੁਪਤਾ ਜੀ, ਤੁਸੀ ਦੂਜੇ ਰੱਬ ਓ, ਤੁਹਾਡੀ ਮਿਹਨਤ ਸਦਕਾ ਮੈ ਫਿਰ ਦੁਬਾਰਾ ਜਨਮ ਲਿਆ, ਤੁਹਾਡਾ ਸਦਾ ਅਹਿਸਾਂਨਮੰਦ ਰਹਾਗਾ, ਜੇ ਇੱਕ ਹੋਰ ਅਹਿਸਾਨ ਕਰ ਦੇਵੋ ਤਾ ਮਿਹਰਨਬਾਨੀ ਹੋਵੇਗੀ"।
ਦੇਬੀ ਡਾਕਟਰ ਗੁਪਤਾ ਦੇ ਕੰਮ ਦੀ ਇਜਤ ਕਰਦਾ ਸੀ।
"ਕਹੋ ਯੰਗਮੈਨ ? ਡਾਕਟਰ ਨੇ ਪੁੱਛਿਆ।
"ਮੈਨੂੰ ਛੁੱਟੀ ਦੇ ਦੇਵੋ, ਮੈ ਘਰ ਰਹਿ ਕੇ ਐਕਸਰਸਾਈਜ ਕਰ ਲਿਆ ਕਰਾਗਾ"।
ਦੇਬੀ ਘਰ ਜਾਣਾ ਚਾਹੁੰਦਾ ਸੀ।
"ਭਾਵੇ ਤੂੰ ਬਹੁਤ ਛੇਤੀ ਤੰਦਰੁਸਤ ਹੋ ਰਿਹਾ ਪਰ ਪੇਟ ਅੰਦਰਲੇ ਜਖਮ ਹਾਲੇ ਸਮਾ ਮੰਗਦੇ ਹਨ, ਇੱਕ ਹਫਤਾ ਜਿਵੇ ਕਿਵੇ ਕੱਟ ਲੈ, ਬਾਅਦ ਵਿੱਚ ਛੁੱਟੀ ਮਿਲ ਜਾਊ ਪਰ ਹਰ ਤੀਜੇ ਦਿਨ ਆਉਣਾ ਪਊ ਤੇ ਉਹ ਉਦੋ ਤੱਕ ਜਦ ਤੱਕ ਮੇਰੀ ਤਸੱਲੀ ਨਹੀ ਹੋ ਜਾਦੀ"।
ਗੁਪਤੇ ਨੇ ਸਮਝਾਇਆ।
"ਯੈਸ ਸਰ"। ਦੇਬੀ ਨੇ ਫੌਜੀਆਂ ਤਰਾ ਸਲੂਟ ਮਾਰਿਆ, ਨਰਸ ਹੱਸ ਪਈ ਤੇ ਡਾਕਟਰ ਉਹਦਾ ਮੋਢਾ ਥਾਪੜ ਕੇ ਤੁਰ ਗਿਆ, ਦੇਬੀ ਨੂੰ ਇਨਾ ਦਿਨਾ ਵਿੱਚ ਕਰਤਾਰ ਵੱਲੋ, ਨਿਰਮਲ ਤੇ ਕੰਤੀ ਵੱਲੋ, ਭੂਆ ਵੱਲੋ ਪਰੀਤੀ ਵੱਲੋ ਏਨਾ ਕੁੱਝ ਖਾਣ ਵਾਸਤੇ ਦਿੱਤਾ ਜਾਦਾ ਰਿਹਾ ਕਿ ਦੇਬੀ ਲਈ ਬਹੁਤ ਜਿਆਦਾ ਹੋ ਜਾਦਾ ਤੇ ਉਹ ਉਸ ਨੂੰ ਆਏ ਗਏ ਲਈ ਰੱਖ ਛੱਡਦਾ, ਵਧੀਆ ਇਲਾਜ ਤੇ ਵਧੀਆ ਖੁਰਾਕ ਅਤੇ ਬਹੁਤ ਸਾਰਾ ਪਰੇਮ, ਇਹ ਬਹੁਤ ਸੀ ਦੇਬੀ ਦੀ ਤੰਦਰੁਸਤੀ ਲਈ, ਹੁਣ ਉਹ ਗੁੱਟ ਦੀ ਹੱਡੀ ਦੀ ਪੀੜ ਬਹੁਤੀ ਨਹੀ ਸੀ ਰਹਿ ਗਈ ਤੇ ਫੌੜੀਆ ਦਾ ਸਹਾਰਾ ਵੀ ਬਹੁਤਾ ਨਹੀ ਸੀ ਲੈਣਾ ਪੈਦਾ, ਪਰ ਫਿਰ ਵੀ ਡਾਕਟਰ ਦੀ ਸਲਾਹ ਸੀ ਕਿ ਬੇਲੋੜਾ ਬੌਝ ਹਾਲੇ ਗੋਡੇ ਤੇ ਨਹੀ ਪਾਉਣਾ, ਸਿਰਫ ਹੱਸਣ ਵੇਲੇ ਹਾਲੇ ਪੀੜ ਹੁੰਦੀ ਸੀ ਤੇ ਉਹ ਸਤਿੰਦਰ ਨੂੰ ਕਹਿੰਦਾ ਹੀ ਰਹਿੰਦਾ ਸੀ ਕਿ ਹਾਸੇ ਵਾਲੀ ਕੋਈ ਗੱਲ ਨਹੀ ਕਰਨੀ।
"ਬੇਟਾ ਜੀ, ਮੇਰਾ ਫੈਸਲਾ ਕਦੋ ਕਰਨਾ ?"
ਇੱਕ ਦਿਨ ਕਰਤਾਰ ਨੇ ਪੁੱਛਿਆ।
"ਜਦੋ ਕਹੋ ਮਾਮਾ ਜੀ, ਪਰ ਕੱਲੇ ਕੱਲੇ ਦਾ ਕੀ ਕਰਨਾ, ਬਾਕੀ ਮੁਲਾਜਮਾਂ ਨੂੰ ਵੀ ਕੱਲ ਬੁਲਾ ਲਓ ਗੱਲ ਕਰ ਲੈਦੇ ਆ"।
ਦੇਬੀ ਵੀ ਗੱਲ ਕਿਸੇ ਪਾਸੇ ਲਾਉਣੀ ਚਾਹੁੰਦਾ ਸੀ, ਦੂਜੇ ਦਿਨ ਡੀ ਐਸ ਪੀ ਕਰਤਾਰ ਤੇ ਬਾਕੀ ਪੁਲੀਸ ਮੁਲਾਜਮਾਂ ਦੇ ਨਾਲ ਡਾਕਟਰ ਸੰਧੂ ਤੇ ਡਾਕਟਰ ਢਿੱਲੋ ਵੀ ਆ ਗਏ, ਉਹ ਸਾਰੇ ਲਾਨ ਵਿੱਚ ਬੈਠ ਗਏ, ਦੇਬੀ ਨੇ ਪਿੰਡ ਫੋਨ ਕਰ ਕੇ ਬੂਟਾ ਸਿੰਘ, ਧਰਮ ਸਿੰਘ ਸਮੇਤ ਪਰਵਾਰ ਤੇ ਸਰਪੰਚ ਦੇ ਨਾਲ ਕੁੱਝ ਹੋਰ ਲੋਕ ਵੀ ਬੁਲਾ ਲਏ ਸਨ … ।
"ਅੱਜ ਅਸੀ ਕੁੱਝ ਫੈਸਲੇ ਲੋਕ ਅਦਾਲਤ ਵਿੱਚ ਕਰਨੇ ਆ, ਇਸ ਦੇਸ਼ ਦੀ ਕਿਸੇ ਅਦਾਲਤ ਵਿੱਚ ਮੇਰਾ ਯਕੀਨ ਨਹੀ, ਕਿਉਕਿ ਸਭ ਵਿਕੇ ਹੋਏ ਹਨ, ਇਸ ਤੋ ਇਲਾਵਾ ਐਸਾ ਕੋਈ ਮਸਲਾ ਨਹੀ ਜਿਸ ਦਾ ਹੱਲ ਖੁਦ ਨਾ ਲੱਭਿਆ ਜਾ ਸਕੇ, ਦੋਸ਼ੀ ਕੌਣ ਹੈ ਤੇ ਕਿੰਨਾ ਹੈ, ਇਹ ਕੁੱਝ ਲੁਕੀ ਛਿਪੀ ਗੱਲ ਨਹੀ, ਏਥੇ ਕੋਈ ਸਬੂਤ ਪੇਸ਼ ਨਹੀ ਕੀਤੇ ਜਾਣੇ, ਏਥੇ ਸਿਰਫ ਆਪੋ ਅਪਣੇ ਦਿਲ ਦੀ ਗੱਲ ਮੰਨ ਕੇ ਫੈਸਲਾ ਕਰਨਾ ਹੋਵੇਗਾ, ਪਹਿਲਾ ਇਸ ਕੇਸ ਦੇ ਮੁੱਖ ਦੋਸ਼ੀ ਕਰਤਾਰ ਸਿੰਘ ਅਪਣਾ ਪੱਖ ਪੇਸ਼ ਕਰਨ"।
ਏਨਾ ਕਹਿ ਕੇ ਦੇਬੀ ਨੇ ਗੱਲ ਖਤਮ ਕੀਤੀ ਤੇ ਕਰਤਾਰ ਸਿੰਘ ਕਹਿਣ ਲੱਗਾ … ।।
"ਸਾਰੇ ਜਾਣਦੇ ਆ ਤੇ ਮੈ ਕਬੂਲ ਵੀ ਕਰ ਚੁੱਕਾ ਆ, ਮੇਰਾ ਗੁਨਾਹ ਭਾਵੇ ਬਹੁਤ ਸੰਗੀਨ ਆ ਪਰ ਫਿਰ ਵੀ ਮੇਰਾ ਇਹ ਵਾਅਦਾ ਹੈ ਕਿ ਅਗਰ ਮੇਰੇ ਨਾਲ ਨਰਮੀ ਵਰਤੀ ਜਾਵੇ ਤਾਂ ਮੈ ਭਵਿੱਖ ਵਿੱਚ ਪਸ਼ਚਾਤਾਪ ਕਰਾਗਾ, ਜੋ ਵੀ ਸਜਾ ਮੈਨੂੰ ਦਿੱਤੀ ਜਾਵੇ ਉਹ ਮੈਨੂੰ ਮਨਜੂਰ ਹੋਵੇਗੀ, ਮੇਰੇ ਮਾਤਹਿਤ ਜੋ ਸਨ ਉਨਾ ਨੇ ਮੇਰਾ ਹੁਕਮ ਵਜਾਉਦੇ ਹੋਏ ਜੋ ਗਲਤੀ ਕੀਤੀ ਉਨਾ ਨੂੰ ਅਗਰ ਕੁੱਝ ਰਿਆਇਤ ਕੀਤੀ ਜਾਵੇ ਤਾ ਧੰਨਵਾਦੀ ਹੋਵਾਗਾ"। ਏਨਾ ਕਹਿ ਕੇ ਕਰਤਾਰ ਸਿੰਘ ਬੈਠ ਗਿਆ, ਹੁਣ ਸਭ ਵਾਰੀ ਵਾਰੀ ਅਪਣਾ ਗੁਨਾਹ ਲੋਕਾ ਦੀ ਕਚਿਹਰੀ ਵਿੱਚ ਕਬੂਲ ਕਰਦੇ ਗਏ ਤੇ ਰਹਿਮ ਦੀ ਅਪੀਲ ਵੀ ਕਰਦੇ ਗਏ, ਦੋਵੇ ਡਾਕਟਰ ਵੀ ਹੱਥ ਜੋੜੀ ਖੜੇ ਸਨ … ।
"ਕੇਸ ਦੋ ਹਨ, ਇੱਕ ਕਾਕੇ ਦਾ ਤੇ ਇੱਕ ਦੇਬੀ ਦਾ, ਦੋਸ਼ੀ ਵੀ ਅਲੱਗ ਅਲੱਗ ਹਨ, ਪਹਿਲਾ ਕਾਕੇ ਦੇ ਕੇਸ ਦੀ ਗੱਲ ਕਰਦੇ ਹਾਂ, ਹਾਜੀ ਬੂਟਾ ਸਿੰਘ ਜੀ ਤੁਸੀ ਕੀ ਚਾਹੁੰਦੇ ਹੋ ?"
ਸਰਪੰਚ ਨੇ ਬੂਟਾ ਸਿੰਘ ਨੂੰ ਪੁੱਛਿਆ।
"ਮੈ ਕੀ ਚਾਹੁਣਾ ਜੀ, ਮੇਰਾ ਤਾ ਪੁੱਤ ਹੁਣ ਮੁੜਨਾ ਨਹੀ ਪਰ ਇਹ ਦੋਵੇ ਡਾਕਟਰ ਮਾਫੀ ਦੇ ਯੋਗ ਨਹੀ, ਇਨਾ ਨੂੰ ਅਦਾਲਤ ਵਿੱਚ ਸਖਤ ਸਜਾ ਮਿਲਣੀ ਚਾਹੀਦੀ ਆ, ਮੈ ਤਾ ਦੇਬੀ ਦੇ ਮੂੰਹ ਨੂੰ ਚੁੱਪ ਸੀ ਇਸ ਲਈ ਕੋਈ ਕੇਸ ਨਹੀ ਕੀਤਾ ਹਾਲੇ ਤੱਕ ਪਰ ਹੁਣ ਮੈ ਛੇਤੀ ਵਕੀਲ ਨੂੰ ਮਿਲਣਾ ਚਾਹੁੰਦਾ ਹਾਂ"।
ਬੂਟਾ ਸਿੰਘ ਦੀ ਗੱਲ ਸੁਣ ਕੇ ਦੋਵਾ ਡਾਕਟਰਾ ਦੇ ਸਾਹ ਸੁੱਕ ਗਏ … ।
"ਵੀਰ ਬੂਟਾ ਸਿੰਘ ਜੀ, ਅਪਣੇ ਕਾਕੇ ਨੂੰ ਹੁਣ ਕੋਈ ਵਾਪਿਸ ਨਹੀ ਲਿਆ ਸਕਦਾ, ਡਾਕਟਰਾਂ ਦੇ ਗੁਨਾਹ ਦੀ ਸਹੀ ਸਜਾ ਇਨਾ ਨੂੰ ਅਦਾਲਤ ਕੋਲੋ ਵੀ ਨਹੀ ਦੇ ਹੋਣੀ, ਇਹ ਹੁਣ ਝਟਕਾ ਖਾ ਚੁੱਕੇ ਆ, ਅਪਣਾ ਗੁਨਾਹ ਕਬੂਲ ਕਰ ਚੁੱਕੇ ਆ ਤੇ ਦਿਲੋ ਮੰਨ ਵੀ ਚੁੱਕੇ ਆ, ਅਗਰ ਇਨਾ ਦੀ ਨੌਕਰੀ ਚਲੀ ਵੀ ਜਾਵੇ ਤਾ ਸਾਨੂੰ ਕੋਈ ਫਾਇਦਾ ਨਹੀ, ਮੈ ਸਮਝਦਾ ਹਾ ਕਿ ਬਹਾਲੀ ਦੀ ਸੂਰਤ ਵਿੱਚ ਇਹ ਆਉਣ ਵਾਲੇ ਸਮੇ ਵਿੱਚ ਐਸੀ ਗਲਤੀ ਨਹੀ ਕਰਨ ਲੱਗੇ, ਇਨਾ ਦੀ ਥਾ ਤੇ ਕੋਈ ਹੋਰ ਡਾਕਟਰ ਹੋਵੇਗਾ ਉਹ ਵੀ ਗਲਤੀ ਕਰ ਸਕਦਾ ਕਿਉਕਿ ਉਸ ਨੂੰ ਹਾਲੇ ਕੋਈ ਠੋਕਰ ਨਹੀ ਲੱਗੀ, ਪਰ ਸੰਧੂ ਤੇ ਢਿੱਲੋ ਇਹ ਅਪਣਾ ਫਰਜ ਹੁਣ ਸਹੀ ਨਿਭਾ ਸਕਦੇ ਆ, ਮੇਰੇ ਖਿਆਲ ਅਨੁਸਾਰ ਸਾਨੂੰ ਅਦਾਲਤੀ ਕਾਰਵਾਈ ਤੋ ਗੁਰੇਜ ਕਰਨਾ ਚਾਹੀਦਾ ਹੈ ਤੇ ਗੱਲ ਖੁਦ ਮੁਕਾਉਣੀ ਚਾਹੀਦੀ ਆ"।
ਦੇਬੀ ਕੇਸ ਨੂੰ ਲਟਕਾ ਕੇ ਸਾਰੇ ਪਿੰਡ ਤੇ ਖੁਦ ਨੂੰ ਅਦਾਲਤ ਦੀਆ ਤਾਰੀਕਾ ਦੇ ਚੱਕਰ ਵਿੱਚ ਨਹੀ ਸੀ ਪੈਣ ਦੇਣਾ ਚਾਹੁੰਦਾ।
"ਫਿਰ ਬਾਈ ਜੀ ਤੁਹਾਡੀ ਕੀ ਸਲਾਹ ਆ ?"
ਬੂਟਾ ਸਿੰਘ ਨੇ ਪੁੱਛਿਆ।
"ਮੇਰੇ ਖਿਆਲ ਅਨੁਸਾਰ ਦੋਵੇ ਡਾਕਟਰ ਬੂਟਾ ਸਿੰਘ ਤੇ ਪਰਵਾਰ ਨੂੰ ਦੋ ਦੋ ਲੱਖ ਰੁਪਏ ਮੁਆਵਜਾ ਦੇਣ, ਇਹ ਕਾਕੇ ਦੀ ਕੀਮਤ ਨਹੀ, ਇਹ ਇੱਕ ਯਾਦ ਹੈ ਜੋ ਡਾਕਟਰ ਕਦੇ ਭੁੱਲਣ ਨਾਂ ਅਤੇ ਅੱਗੇ ਤੋ ਸਹੀ ਕੰਮ ਕਰਨ ਦਾ ਵਾਅਦਾ ਕਰਨ"।
ਦੇਬੀ ਨੇ ਅਪਣਾ ਖਿਆਲ ਦੱਸਿਆ, ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ।
"ਹਾ ਜੀ ਬੂਟਾ ਸਿੰਘ ਜੀ ਮਨਜੂਰ ਆ ?"
ਸਰਪੰਚ ਦੇਬੀ ਦੀ ਗੱਲ ਨਾਲ ਇਤਫਾਕ ਰੱਖਦਾ ਸੀ।
"ਮੈਨੂੰ ਰੁਪਈਆ ਦਾ ਲਾਲਚ ਨਹੀ ਪਰ ਦੇਬੀ ਵੀਰ ਦੀ ਗੱਲ ਵੀ ਠੀਕ ਆ, ਅਦਾਲਤੀ ਕਾਰਵਾਈ ਨੇ ਵੀ ਕਾਕੇ ਨੂੰ ਵਾਪਿਸ ਨਹੀ ਲਿਆਉਣਾ, ਜੇ ਬਾਕੀ ਠੀਕ ਸਮਝਣ ਮੈਨੂੰ ਵੀ ਮਨਜੂਰ ਆ"।
ਬੂਟਾ ਸਿੰਘ ਦੇਬੀ ਦੇ ਵਿਰੋਧ ਵਿੱਚ ਨਹੀ ਸੀ ਜਾਣਾ ਚਾਹੁੰਦਾ।
ਡਾਕਟਰ ਵੀ ਮੰਨ ਗਏ, ਉਹ ਕੁੱਝ ਹਫਤੇ ਸਸਪੈਂਡ ਰਹਿ ਕੇ ਤੰਗ ਆ ਗਏ ਸਨ, ਕੈਰੀਅਰ ਅਲੱਗ ਤਬਾਹ ਹੋ ਗਿਆ ਸੀ ਤੇ ਬੇਇਜਤੀ ਵੱਖਰੀ, ਉਹ ਰੋਣਹਾਕੇ ਹੋਏ ਪਏ ਸਨ।
"ਦੂਸਰਾ ਕੇਸ ਸਿਰਫ ਮੇਰੇ ਨਾਲ ਸਬੰਧਿਤ ਆ, ਮੈ ਇਸ ਕੇਸ ਨੂੰ ਬਹੁਤਾ ਲਟਕਾਉਣਾ ਨਹੀ ਚਾਹੁੰਦਾ, ਮੈ ਸਿਰਫ ਇਹ ਚਾਹੁੰਦਾ ਹਾ ਕਿ ਡੀ ਐਸ ਪੀ ਕਰਤਾਰ ਸਿੰਘ ਅੱਗੇ ਅਪਣੀ ਨੌਕਰੀ ਕਰੇ, ਦੂਸਰੇ ਮੁਲਾਜਮ ਵੀ ਅਪਣੀ ਨੌਕਰੀ ਕਰਨ ਪਰ ਲੋਕਾ ਦਾ ਲਹੂ ਨਾ ਪੀਣ ਸਗੋ ਉਨਾ ਦੀ ਸੇਵਾ ਕਰਨ, ਅਪਣਾ ਫਰਜ ਨਾ ਭੁੱਲਣ, ਇਸ ਤੋ ਇਲਾਵਾ ਡੀ ਐਸ ਪੀ ਸਾਬ ਪੰਜ ਲੱਖ ਰੁਪਏ ਤੇ ਬਾਕੀ ਮੁਲਾਜਮ ਇੱਕ ਇਕ ਲੱਖ ਰੁਪਏ ਨਵੇ ਪਿੰਡ ਦੇ ਸਕੂਲ ਦੀ ਇਮਾਰਤ, ਗਰਾਉਡ ਤੇ ਇੱਕ ਪਰਾਈਵੇਟ ਡਿਸਪੈਸਰੀ ਜਿਸ ਵਿੱਚ ਐਮਬੂਲੈਸ ਵੀ ਹੋਵੇ ਦੀ ਸਥਾਪਨਾ ਲਈ ਦੇਣ, ਅਗਰ ਇਹ ਮਨਜੂਰ ਹੈ ਤਾ ਮੈ ਅਦਾਲਤੀ ਕਾਰਵਾਈ ਨਹੀ ਕਰਦਾ"।
ਦੇਬੀ ਨੇ ਦੋ ਟੁੱਕ ਗੱਲ ਕੀਤੀ।
ਕਰਤਾਰ ਤੇ ਮੁਲਾਜਮਾ ਲਈ ਇਹ ਸਸਤਾ ਸੌਦਾ ਸੀ, ਦੇਬੀ ਦੇ ਕੇਸ ਦੇ ਗਵਾਹ ਹੀ ਏਨੇ ਸਨ ਕਿ ਪੁਲੀਸ ਕਿਸ ਕਿਸ ਨੂੰ ਮੁਕਰਾਉਦੀ ? ਇਸ ਤੋ ਇਲਾਵਾ ਜਦ ਕਰਤਾਰ ਖੁਦ ਜੁਰਮ ਮੰਨ ਰਿਹਾ ਤਾ ਅਦਾਲਤ ਨੂੰ ਹੋਰ ਕਿਹੜਾ ਸਬੂਤ ਚਾਹੀਦਾ ਸੀ ? ਉਹ ਸਾਰੇ ਨੌਕਰੀ ਤੋ ਹੱਥ ਧੋ ਬੈਠਦੇ ਤੇ ਮੁਆਵਜਾ ਫੇਰ ਵੀ ਦੇਣਾ ਪੈਣਾ ਸੀ।
"ਸਾਨੂੰ ਮਨਜੂਰ ਆ"।
ਸਾਰੇ ਦੋਸ਼ੀ ਕੱਠੇ ਹੀ ਬੋਲੇ … ।
"ਠੀਕ ਆ ਫਿਰ, ਸਰਪੰਚ ਸਾਹਿਬ ਨਾਲ ਕਚਹਿਰੀ ਜਾ ਕੇ ਲਿਖ ਲਿਖਾ ਕਰੋ ਤੇ ਮੌਜਾਂ ਕਰੋ"।
ਏਨਾ ਕਹਿ ਕੇ ਦੇਬੀ ਅਪਣੇ ਕਮਰੇ ਵੱਲ ਆ ਗਿਆ, ਲੋਕ ਇਸ ਅਜੀਬ ਕੇਸ ਦੀ ਅਜੀਬ ਸਮਾਪਤੀ ਤੇ ਚਰਚਾ ਕਰ ਰਹੇ ਸਨ, ਕੋਈ ਜਜਬਾਤੀ ਫੈਸਲਾ ਕਹਿ ਰਿਹਾ ਸੀ ਕੋਈ ਸ਼ਾਬਾਸ਼ ਕਹਿ ਰਿਹਾ ਸੀ ਪਰ ਇਹ ਗੱਲ ਪੱਕੀ ਸੀ ਕਿ ਦੋਸ਼ੀਆ ਦੇ ਪਰਵਾਰ ਦੇਬੀ ਦਾ ਦੇਣਾ ਕਦੇ ਨਹੀ ਦੇ ਸਕਣਗੇ।
ਏ ਐਸ ਆਈ ਨੂੰ ਬਿਆਨ ਦੇਣ ਲਈ ਦੇਬੀ ਨੇ ਸੱਦਿਆ ਅਤੇ ਕਿਹਾ ਕਿ ਮੇਰਾ ਕੋਈ ਕੇਸ ਨਹੀ ਮੈ ਕਿਸੇ ਤੇ ਕੋਈ ਰਿਪੋਰਟ ਦਰਜ ਨਹੀ ਕਰਾਉਦਾ, ਬੂਟਾ ਸਿੰਘ ਦੇ ਵੀ ਇਹੀ ਬਿਆਨ ਸਨ, ਜੇ ਕੋਈ ਕੇਸ ਨਹੀ ਤਾਂ ਫੈਸਲਾ ਕਿਸ ਗੱਲ ਦਾ ਹੋਵੇ ? ਜੱਜ ਨੇ ਕੇਸ ਚੱਲਣ ਤੋ ਪਹਿਲਾ ਹੀ ਖਾਰਿਜ ਕਰ ਦਿੱਤਾ ਤੇ ਸਾਰੇ ਮੁਜਰਿਮ ਬਹਾਲ ਹੋ ਗਏ, ਉਹ ਦੇਬੀ ਦੇ ਗੁਣ ਗਾ ਰਹੇ ਸਨ ਤੇ ਨਾਲੇ ਸ਼ਰਮ ਨਾਲ ਜਮੀਨ ਵਿੱਚ ਧਸੇ ਜਾ ਰਹੇ ਸਨ, ਅਖਬਾਰ ਵਿੱਚ ਇਸ ਅਜੀਬ ਕੇਸ ਦੀ ਚਰਚਾ ਹੋ ਰਹੀ ਸੀ, ਦੇਬੀ ਨੇ ਹੁਣ ਕੱਲ ਸਵੇਰੇ ਘਰ ਚਲੇ ਜਾਣਾ ਸੀ, ਉਹ ਸਵੇਰ ਨੂੰ ਉਡੀਕ ਰਿਹਾ ਸੀ।
.............ਚਲਦਾ................