ਕਾਂਡ 20
ਦੀਪੀ ਦੀ ਡੋਲੀ ਤੁਰ ਚੁੱਕੀ ਹੈ, ਇਸ ਤੋ ਪਹਿਲਾਂ ਵਾਲਾ ਸੀਨ ਮੈ ਤੁਹਾਨੂੰ ਦੱਸਣਾ ਨਹੀ ਚਾਹੁੰਦਾ, ਮੈ ਜਾਂਣ ਬੁੱਝ ਕੇ ਡੋਲੀ ਵੇਲੇ ਆਇਆ ਹਾਂ, ਦੇਬੀ ਵਿਆਹ ਵਿੱਚ ਸ਼ਾਮਿਲ ਨਹੀ ਸੀ, ਦੀਪੀ ਦੇ ਚਿਹਰੇ ਤੇ ਨਾ ਦੁੱਖ ਤੇ ਨਾ ਗਮ, ਲਗਦਾ ਦੋਵਾ ਤੋ ਉਪਰ ਹੋ ਚੁੱਕੀ ਸੀ, ਮੈ ਐਮ ਐਲ ਏ ਦੇ ਪੇਸੇ ਦੇ ਜੋਰ ਤੇ ਕੀਤੇ ਕੰਜਰਪੁਣੇ ਨੂੰ ਦੇਖਣਾ ਪਸੰਦ ਨਹੀ ਸੀ ਕਰਦਾ, ਹੁਣ ਪਰ ਦੀਪੀ ਜਾ ਰਹੀ ਸੀ, ਮੈ ਉਹਦਾ ਭਰਾ ਹੋ ਕੇ ਉਹਦੀ ਰੱਖਿਆ ਨਹੀ ਕਰ ਸਕਿਆ, ਮੈ ਸਿਰਫ ਇੱਕ ਗਵਾਹ ਬਣ ਕੇ ਰਹਿ ਗਿਆ ਹਾ, ਭਾਵੇ ਮੇਰੀ ਗਵਾਹੀ ਕਿਸੇ ਅਦਾਲਤ ਵਿੱਚ ਮੰਨ ਲਈ ਜਾਵੇ ਪਰ ਫਿਰ ਵੀ ਮੈ ਅਦਾਲਤ ਦਾ ਬੂਹਾ ਖੜਕਾਉਣ ਨਹੀ ਜਾਣਾ, ਮੈਨੂੰ ਵੀ ਉਥੇ ਕਿਸੇ ਇਨਸਾਫ ਦੀ ਉਮੀਦ ਨਹੀ, ਮੈ ਤੁਹਾਡੀ ਅਦਾਲਤ ਦਾ ਦਰਵਾਜਾ ਖੜਕਾਵਾਗਾ, ਤੁਸੀ ਜਿਹੜੇ ਕਿ ਦੇਬੀ ਦੇ ਗਵਾਂਡੀ ਸੀ, ਦੀਪੀ ਦੇ ਘਰ ਨੇੜੇ ਰਹਿੰਦੇ ਓ, ਤੁਹਾਡੇ ਤੇ ਮੈਨੂੰ ਹਾਲੇ ਕੁੱਝ ਆਸ ਹੈ, ਮੈ ਇਹ ਵੀ ਜਾਣਦਾ ਆ ਕਿ ਤੁਸੀ ਸਭ ਇਕੱਲੇ ਹੋ, ਤੇ ਬਹੁਤ ਰੁੱਝੇ ਹੋਏ ਹੋ ਆਪੋ ਆਪਣੇ ਝਮੇਲਿਆ ਵਿੱਚ ਪਰ ਤੁਹਾਡੇ ਨੇੜੇ ਕਿੰਨੇ ਧੱਕੇ ਹੋ ਰਹੇ ਤੁਸੀ ਕਦੇ ਕੁੱਝ ਬੋਲੇ ਨਹੀ, ਮੈਂ ਇਹ ਨਹੀ ਕਹਿੰਦਾ ਕਿ ਤੁਸੀ ਡਰਦੇ ਹੋ, ਮੇਰਾ ਖਿਆਲ ਆ ਕਿ ਤੁਹਾਨੂੰ ਪਤਾ ਈ ਨਹੀ ਲੱਗਿਆ ਹੋਣਾ, ਨਹੀ ਤਾ ਤੁਸੀ ਦੇਬੀ ਦੇ ਹੱਕ ਵਿੱਚ ਖੜੇ ਹੋ ਜਾਣਾ ਸੀ, ਤੁਹਾਡੇ ਨਾਲ ਹੋਰ ਬਹੁਤ ਗੱਲਾ ਕਰਨੀਆ ਉਹ ਅਗਲੀ ਵਾਰ ਕਰਾਗੇ, ਫਿਲਹਾਲ ਦੇਖਦੇ ਆ ਦੀਪੀ ਕਿੱਥੇ ਆ …
ਓਹ ਬੈਠ ਰਹੀ ਆ ਕਾਰ ਵਿੱਚ, ਮਾ ਦੇ ਹੰਝੂ ਰੁਕ ਨਹੀ ਰਹੇ, ਸਰਪੰਚ ਤੇ ਦਲੀਪ ਅਪਣੀ ਕੁੱਲ ਪੂੰਜੀ ਹਾਰ ਚੁੱਕੇ ਹਨ, ਤਕੜੇ ਦਾ ਸੱਤੀ ਵੀਹੀ ਸੌ ਹੋ ਗਿਆ ਹੈ, ਦੇਬੀ ਘਰ ਬੈਠਾ ਗੁਰੂ ਕੋਲੋ ਸ਼ਕਤੀ ਮੰਗ ਰਿਹਾ ਹੈ, ਪਿੰਡ ਵਾਲੇ ਵਿਆਹ ਤੇ ਖਾਣ ਪੀਣ ਦੇ ਸਮਾਨ ਦੇ ਤੂੰਬੇ ਤੋੜ ਕੇ ਪੇਟ ਤੇ ਹੱਥ ਫੇਰ ਰਹੇ ਹਨ … ।।
ਕਾਰਾਂ ਦਾ ਕਾਫਲਾ ਤੁਰ ਗਿਆ, ਇੱਕ ਸੋਹਣਾ ਜਿਹਾ ਮਨੁੱਖ ਇਸ ਪਿੰਡ ਵਿੱਚੋ ਮਨਫੀ ਹੋ ਗਿਆ, ਹਰਮਿੰਦਰ ਜਿਹੜਾ ਦੀਪੀ ਨੂੰ ਵਿਆਹ ਕੇ ਲੈ ਗਿਆ ਸੀ, ਉਹ ਦੇਖਣ ਵਾਲਿਆ ਨੂੰ ਲਗਦਾ ਸੀ ਕਿ ਜਿਵੇ ਖੁਸ਼ ਨਹੀ, ਗਵਾਚਿਆ ਜਿਹਾ ਜਾਪਦਾ ਸੀ, ਸ਼ਾਇਦ ਦਾਜ ਵਿੱਚ ਕੁੱਝ ਨਹੀ ਸੀ ਮਿਲਿਆ ?ਏਨੇ ਦਿਨਾ ਵਿੱਚ ਕਿਸੇ ਦਾਜ ਦੀ ਤਿਆਰੀ ਨਹੀ ਸੀ ਕੀਤੀ ਜਾ ਸਕਦੀ ਅਤੇ ਐਮ ਐਲ ਏ ਨੂੰ ਦਾਜ ਵਿੱਚ ਕੋਈ ਦਿਲਚਸਪੀ ਵੀ ਨਹੀ ਸੀ, ਉਸ ਨੇ ਕਿਹਾ ਸੀ … ।
"ਜੇ ਕੁੱਝ ਦੇਣਾ ਹੋਇਆ, ਬਾਅਦ ਚ ਭੇਜ ਦਿਓ, ਸਾਨੂੰ ਜੋ ਚਾਹੀਦਾ ਸੀ ਮਿਲ ਗਿਆ"।
ਜਿੰਨੀ ਕੁ ਦੇਰ ਦੀਪੀ ਹਰਮਿੰਦਰ ਦੀ ਨਜਰ ਦੇ ਸਾਹਮਣੇ ਸੀ ਉਹ ਖੁਸ਼ ਸੀ, ਜਦੋ ਉਹ ਸਾਹਮਣੇ ਨਹੀ ਸੀ, ਕਿਸੇ ਖਿਆਲ ਵਿੱਚ ਖੋ ਜਾਦਾ ਸੀ … ।।
ਬਰਾਤ ਚੰਡੀਗੜ ਪਹੁੰਚ ਗਈ, ਵਾਜਿਆ ਨੇ ਅਸਮਾਨ ਸਿਰ ਤੇ ਚੁੱਕ ਰੱਖਿਆ ਸੀ, ਨਵੀ ਦੁਲਹਨ ਤੇ ਉਹ ਵੀ ਏਨੀ ਸੋਹਣੀ, ਹਰ ਕੋਈ ਦੁਲਹਨ ਤੇ ਨਜਰਾ ਟਿਕਾਈ ਬੈਠਾ ਸੀ, ਸੱਸ ਮਾ ਨੇ ਪਾਣੀ ਵਾਰ ਕੇ ਪੀਤਾ, ਐਮ ਐਲ ਏ ਸ਼ਰਾਬੀ ਹੋਇਆ ਨੋਟ ਸੁੱਟੀ ਜਾ ਰਿਹਾ ਸੀ, ਕਿਹੜਾ ਆਪ ਕਮਾਏ ਸੀ, ਲੋਕਾ ਦੇ ਹੀ ਸੀ, ਲੋਕ ਲੈ ਗਏ … ।।
ਸਾਰਾ ਰੌਲਾ ਰੱਪਾ ਖਤਮ ਹੋਇਆ, ਕੋਠੀ ਦਾ ਇੱਕ ਏਅਰ ਕੰਡੀਸ਼ਨਡ ਖੁੱਲਾ ਡੁੱਲਾ ਰੂਮ, ਵਿਚਕਾਰ ਫੁੱਲ ਪੱਤੀਆ ਨਾਲ ਸਜਾਈ ਸੇਜ ਤੇ ਉਪਰ ਬੈਠੀ ਇੱਕ ਦੁਲਹਨ, ਨਹੀ, ਸੌਰੀ ਇਹ ਦੁਲਹਨ ਨਹੀ, ਇਹਦੇ ਅੰਦਰ ਦੁਲਹਨ ਵਾਲਾ ਕੋਈ ਵਿਚਾਰ ਨਹੀ, ਇਹ ਪਤੀਦੇਵ ਨੂੰ ਉਡੀਕ ਨਹੀ ਰਹੀ, ਇਹਦੇ ਅੰਦਰ ਕੋਈ ਤੂਫਾਨ ਨਹੀ ਚੱਲ ਰਿਹਾ, ਇਹ ਤਾ ਸਤਗੁਰੂ ਕੋਲੋ ਸਭ ਕੁੱਝ ਸਹਿ ਸਕਣ ਦੀ ਸ਼ਕਤੀ ਮੰਗ ਰਹੀ ਹੈ, ਸੁਹਾਗ ਰਾਤ ਵਿੱਚ ਸਤਗੁਰ ਨੂੰ ਕੌਣ ਯਾਦ ਕਰਦਾ ?
ਸਤਗੁਰ ਦੀ ਯਾਦ ਤਾ ਕਿਸੇ ਔਖੀ ਘੜੀ ਵੇਲੇ ਆਉਦੀ ਆ, ਤੇ ਸੁਹਾਗ ਰਾਤ ਕੋਈ ਔਖੀ ਘੜੀ ਨਹੀ ਹੁੰਦੀ, ਪਰ ਏਥੇ ਸਤਗੁਰ ਦੇ ਚਰਨੀ ਇਹ ਮਨ ਕਿਓ ਲੱਗਾ ? ਇਸ ਬਿਹਬਲਤਾ ਦਾ ਸਬੱਬ ਕੀ ਹੈ ? ਇਹ ਦੁਲਹਨ ਚੋਰੀ ਚੋਰੀ ਦਰਵਾਜੇ ਵੱਲ ਕਿਓ ਨਹੀ ਦੇਖ ਰਹੀ ?
ਸਤਗੁਰ ਨੇ ਜੇ ਕੁੱਝ ਮਦਦ ਕਰਨੀ ਹੁੰਦੀ ਤਾ ਵਿਆਹ ਹੋਣ ਹੀ ਨਾ ਦਿੰਦਾ, ਇਹਦਾ ਮਤਲਬ ਇਹ ਕਿ ਸਤਗੁਰ ਸਹਿਮਤ ਹੈ ? ਜਾ ਐਮ ਐਲ ਏ ਨਾਲ ਪੰਗਾ ਨਹੀ ਲੈਣਾ ਚਾਹੁੰਦਾ ?
ਜਾ ਫਿਰ ਐਮ ਐਲ ਏ ਨੂੰ ਸੁਧਰਨ ਦਾ ਹੋਰ ਮੌਕਾ ਦੇ ਰਿਹਾ ?
ਪਤਾ ਨਹੀ, ਪਰ ਸੇਜ ਤੇ ਬੈਠੀ ਉਹ ਕਾਮ ਲੋਕ ਦੀ ਹੂਰ ਨੂੰ ਪਰੇ ਕਰਦੀ ਸੀ, ਸੋਨੇ ਵਿੱਚ ਮੜੀ ਇੱਕ ਗੁੱਡੀ ਜਿਹੀ, ਕੁੱਝ ਕੁੜੀਆ ਦਾ ਇਕੱਠ ਸੀ ਉਹਦੇ ਆਲੇ ਦੁਆਲੇ, ਹੁਣ ਸਭ ਚਲੇ ਗਏ ਸਨ, ਸਭ ਜਾਣਦੇ ਸੀ ਕਿ ਕੁੱਝ ਦੇਰ ਬਾਅਦ ਏਥੇ ਕੀ ਹੋਣ ਵਾਲਾ ਹੈ ਤੇ ਕੀ ਹੋਣਾ ਚਾਹੀਦਾ, ਹਰਮਿੰਦਰ ਹਾਲੇ ਵੀ ਨਹੀ ਸੀ ਆਇਆ, ਦੀਪੀ ਨੂੰ ਉਡੀਕਣਾ ਭਾਰੀ ਹੋ ਗਿਆ ਸੀ, ਉਹ ਚਾਹੁੰਦੀ ਸੀ ਜੋ ਹੋਣਾ ਉਹ ਛੇਤੀ ਹੋ ਜਾਵੇ, ਇਹ ਇੰਤਜਾਰ ਉਹਦੇ ਲਈ ਹੋਰ ਵੀ ਟਾਰਚਰ ਕਰਨ ਵਾਲਾ ਸੀ, ਕੋਈ ਅੱਧੇ ਕੁ ਘੰਟੇ ਬਾਅਦ ਹਰਮਿੰਦਰ ਅੰਦਰ ਆਇਆ, ਆਇਆ ਕਾਹਦਾ ਲਗਦਾ ਸੀ ਉਸ ਨੂੰ ਕਿਸੇ ਨੇ ਜਬਰਦਸਤੀ ਅੰਦਰ ਭੇਜਿਆ ਸੀ, ਬਾਹਰ ਕੁੱਝ ਜਨਾਨਾ ਹਾਸਿਆ ਦੀ ਅਵਾਜ ਦੀਪੀ ਨੇ ਸਾਫ ਸੁਣੀ ਸੀ … ।
ਹੁਣ ਇੱਕ ਦੰਮ ਦਿਲ ਦੀ ਧੜਕਣ ਤੇਜ ਹੋ ਗਈ ਸੀ, ਮੈ ਸਿਰਫ ਗਵਾਹ ਹਾ ਮੇਰੇ ਤੇ ਇਹ ਬੀਤੀ ਨਹੀ ਹੈ, ਮੈ ਇੱਕ ਦੁਲਹਨ ਦੇ ਅੰਦਰ ਜਾ ਕੇ ਇਹ ਨਹੀ ਦੇਖ ਸਕਦਾ ਕਿ ਉਸਦੇ ਅੰਦਰ ਹੁਣ ਕੀ ਹੋ ਰਿਹਾ ਪਰ ਐਸੀ ਦੁਲਹਨ ਜੋ ਇਸ ਸੁਹਾਗ ਰਾਤ ਨੂੰ ਨਹੀ ਚਾਹੁੰਦੀ, ਉਹ ਅਪਣੇ ਪਤੀ ਦੇ ਅੰਦਰ ਆਉਣ ਤੇ ਕੀ ਸੋਚ ਰਹੀ ਹੋਵੇਗੀ ਇਸ ਦਾ ਅੰਦਾਜਾ ਲਾਉਣਾ ਮੁਸ਼ਕਿਲ ਹੈ, ਮੈ ਸਿਰਫ ਇਹ ਦੇਖ ਸਕਦਾ ਹਾਂ ਕਿ ਹਰਮਿੰਦਰ ਨੇ ਸ਼ਰਾਬ ਪੀਤੀ ਹੋਈ ਹੈ, ਮੇਰੀ ਜਾਣਕਾਰੀ ਅਨੁਸਾਰ ਉਹ ਸ਼ਰਾਬ ਪੀਦਾ ਨਹੀ ਸੀ, ਕੁੱਝ ਸਾਲ ਤੋ ਕਹਿੰਦੇ ਆ ਬਿਲਕੁਲ ਛੱਡ ਰੱਖੀ ਸੀ, ਅੱਜ ਵਿਆਹ ਦੀ ਖੁਸ਼ੀ ਵਿੱਚ ਫਿਰ ਸ਼ੁਰੂ ਕਰ ਲਈ ਹੋਵੇਗੀ, ਕੋਠੀ ਵਿੱਚ ਸ਼ਰਾਬ ਦੇ ਦਰਿਆ ਵਹਿ ਰਹੇ ਸਨ, ਉਹ ਖੁਦ ਸ਼ਰਾਬ ਦੇ ਠੇਕੇਦਾਰ ਸਨ ।
ਹਰਮਿੰਦਰ ਦੀ ਪਰਾਬਲਮ ਉਲਟੀ ਸੀ, ਇਸ ਨੂੰ ਸ਼ਰਾਬ ਪੀਣ ਲਈ ਕਿਹਾ ਜਾ ਰਿਹਾ ਸੀ ਤੇ ਇਹ ਮਨਾ ਕਰ ਰਿਹਾ ਸੀ, ਫਿਰ ਵੀ ਧੱਕੇ ਨਾਲ ਦੋ ਤਿੰਨ ਪੈਗ ਲਵਾ ਦਿੱਤੇ ਗਏ, ਐਸੇ ਆਦਮੀ ਜੋ ਪੀਦੇ ਨਹੀ ਸ਼ਰਾਬੀ ਵੀ ਛੇਤੀ ਹੋ ਜਾਦੇ ਆ, ਹਰਮਿੰਦਰ ਦੇ ਪੈਰ ਵੀ ਡੋਲ ਰਹੇ ਸੀ ਪਰ ਫਿਰ ਵੀ ਹੋਸ਼ ਵਿੱਚ ਸੀ … ।
ਸ਼ਰਾਬ ਦੀ ਮਹਿਕ ਦੀਪੀ ਤੱਕ ਪਹੁੰਚ ਗਈ ਸੀ, ਇਹ ਉਹਦੇ ਲਈ ਹੋਰ ਵੀ ਅਸਿਹ ਸੀ, ਸਰਪੰਚ ਦੇ ਘਰ ਸ਼ਰਾਬ ਪੀਤੀ ਜਾਦੀ ਸੀ ਪਰ ਦੀਪੀ ਨਾਲ ਕਦੇ ਉਸ ਸ਼ਰਾਬ ਦਾ ਸਿੱਧਾ ਵਾਹ ਨਹੀ ਸੀ ਪਿਆ, ਅੱਜ ਇਸ ਸ਼ਰਾਬ ਦੀ ਮਹਿਕ ਉਸ ਦੇ ਅੰਦਰ ਵੀ ਪਰਵੇਸ਼ ਕਰੇਗੀ, ਪਰ ਇਸ ਤੋ ਬਚਿਆ ਨਹੀ ਸੀ ਜਾ ਸਕਦਾ, ਏਸੇ ਲਈ ਤਾ ਅਰਦਾਸ ਹੋ ਰਹੀ ਸੀ, ਹਰਮਿੰਦਰ ਨੇੜੇ ਆਇਆ, ਸੇਜ ਤੇ ਬੈਠ ਗਿਆ, ਹੋਰ ਨੇੜੇ ਆਇਆ, ਦੀਪੀ ਹੋਰ ਸੁੰਗੜ ਜਿਹੀ ਗਈ, ਕੁੱਝ ਦੇਰ ਹਰਮਿੰਦਰ ਬੋਲਿਆ ਨਹੀ, ਇਹ ਚੁੱਪ ਖਾ ਰਹੀ ਸੀ ਦੀਪੀ ਨੂੰ, ਕਮਰੇ ਵਿੱਚ ਪੂਰਨ ਸ਼ਾਤੀ ਤੇ ਦੀਪੀ ਦਾ ਦਿਲ ਉਹਦੇ ਸੀਨੇ ਵਿਚੋ ਬਾਹਰ ਆਉਣ ਨੂੰ ਕਰਦਾ ਸੀ … ।
"ਦੀਪ … ''। ਹਰਮਿੰਦਰ ਦੀ ਅਵਾਜ, ਬਹੁਤ ਮਿਠਾਸ ਸੀ ਅਵਾਜ ਵਿੱਚ … ।
"ਦੇਖੋ ਦੀਪ, ਆਈ ਐਮ ਸੌਰੀ, ਮੈ ਸ਼ਰਾਬੀ ਨਹੀ, ਉਹ ਬੱਸ ਧੱਕੇ ਨਾਲ ਦੋਸਤਾ ਨੇ … ''। ਹਰਮਿੰਦਰ ਅਪਣੀ ਸਫਾਈ ਦੇ ਰਿਹਾ ਸੀ।
ਦੀਪੀ ਚੁੱਪ ਸੀ ਪਰ ਉਹਦੇ ਸੌਰੀ ਕਹਿਣ ਤੇ ਉਸ ਨੂੰ ਇਹ ਲੱਗਿਆ ਕਿ ਇਹ ਕੋਈ ਬੂਝੜ ਜੱਟ ਨਹੀ ਕੁੱਝ ਅਕਲ ਰੱਖਦਾ ਆ।
"ਦੇਖੋ, ਤੁਸੀ ਨਰਾਜ ਨਾ ਹੋਇਓ, ਮੈ, ਤੁਹਾਨੂੰ ਸ਼ਰਾਬ ਦੀ ਬੋਅ ਆ ਰਹੀ ਹੋਣੀ ਆ, ਠਹਿਰੋ, ਮੈ ਇਹਦਾ ਕੁੱਝ ਇਲਾਜ ਕਰਕੇ ਆਉਦਾ …†ਸੌਰੀ"।
ਤੇ ਉਹ ਬਾਥਰੂਮ ਵਿੱਚ ਜਾ ਵੜਿਆ, ਦੀਪੀ ਇਸ ਵਿਵਹਾਰ ਤੇ ਹੈਰਾਨ ਸੀ, ਉਹ ਤਾ ਕਿਸੇ ਭੁੱਖੇ ਹੈਵਾਨ ਨੂੰ ਉਡੀਕ ਰਹੀ ਸੀ ਜੋ ਆਉਦਾ ਉਹਦੇ ਤੇ ਟੁੱਟ ਪੈਦਾ ਤੇ ਨਹੁੰਦਰਾ ਮਾਰਦਾ, ਕਿਸੇ ਲੁੱਟ ਦੇ ਮਾਲ ਵਾਗੂੰ ਖਾਣ ਨੂੰ ਕਰਦਾ ਜਿਵੇ ਇੱਕ ਦਿਨ ਲਈ ਹੱਥ ਆਈ ਹੋਵੇ, ਪਰ ਇਹ ਤਾ ਮਾਮਲਾ ਹੀ ਉਲਟਾ ਸੀ, ਸ਼ਾਇਦ ਇਸ ਨਾਲ ਗੱਲ ਕੀਤੀ ਜਾ ਸਕੇ, ਇਸ ਕੋਲ ਦਿਲ ਫੋਲਿਆ ਜਾ ਸਕੇ …
ਦੀਪੀ ਪਾਗਲ ਹੋ ਗਈ ਆ ? ਪੰਜਾਬੀ ਮਰਦ ਖੁਦ ਭਾਵੇ ਕਿਸੇ ਬਜਾਰ ਦੀ ਕੰਜਰੀ ਤੋ ਵੀ ਭੈੜਾ ਹੋਵੇ ਪਰ ਇਹ ਬਰਦਾਸ਼ਤ ਨਹੀ ਕਰੇਗਾ ਕਿ ਉਸਦੀ ਤੀਵੀ ਨੇ ਕਦੇ ਕਿਸੇ ਵੱਲ ਅੱਖ ਚੁੱਕ ਕੇ ਵੀ ਦੇਖਿਆ ਹੋਵੇ, ਚੁੱਪ ਸਾਧ ਲੈ ਕਿਸੇ ਕੋਲ ਭੋਗ ਨਾ ਪਾਈ ਨਹੀ ਤਾ ਪਤਾ ਨਹੀ ਕਿਹੜਾ ਤੂਫਾਨ ਮੁੜ ਆਏ, ਐਸੇ ਕਸ਼ਮਕਸ਼ ਵਿੱਚ ਫਸੀ ਪਈ ਸੀ ਦੁਲਹਨ ।
ਪੰਜ ਕੁ ਮਿੰਟਾ ਵਿੱਚ ਹਰਮਿੰਦਰ ਮੂੰਹ ਸਿਰ ਧੋ ਕੇ ਬਰੱਸ਼ ਕਰ ਕੇ ਤੇ ਮੂੰਹ ਵਿੱਚ ਸਪਰੇਅ ਮਾਰ ਕੇ ਬਾਹਰ ਆ ਗਿਆ, ਹੁਣ ਸ਼ਰਾਬ ਦੀ ਬੋਅ ਬਿਲਕੁਲ ਹੀ ਮੱਧਮ ਸੀ, ਬਰਦਾਸ਼ਤ ਕੀਤੀ ਜਾ ਸਕਦੀ ਸੀ।
ਉਹ ਫਿਰ ਸੇਜ ਤੇ ਆ ਕੇ ਬੈਠ ਗਿਆ, ਦੀਪੀ ਦਾ ਹੱਥ ਉਸ ਨੇ ਫੜ ਲਿਆ, ਸਰੀਰ ਵਿੱਚ ਕਰੰਟ ਜਿਹਾ ਦੌੜ ਗਿਆ, ਓਪਰੇ ਮਰਦ ਦੀ ਅਣਚਾਹੀ ਸ਼ੋਹ, ਦੀਪੀ ਨੇ ਹੋਲੇ ਜਿਹੀ ਹੱਥ ਛੁਡਾਉਣ ਦੀ ਕੋਸ਼ਿਸ਼ ਕੀਤੀ, ਹਰਮਿੰਦਰ ਨੇ ਹੱਥ ਛੱਡ ਦਿੱਤਾ … ।
"ਦੀਪ …†ਨਾਰਾਜ ਹੋ ਗੇ, ਯਾਰ ਗਲਤੀ ਤਾ ਮੰਨਲੀ, ਜੇ ਕਹੇ ਤਾ ਕੰਨ ਪਕੜ ਲਵਾਂ ?"
ਤੇ ਹਰਮਿੰਦਰ ਨੇ ਸੱਚੀ ਕੰਨ ਪਕੜ ਲਏ, ਦੀਪੀ ਨੂੰ ਉਹਦਾ ਯਾਰ ਸ਼ਬਦ ਬਹੁਤ ਚੰਗਾ ਲੱਗਾ, ਯਾਰ ? ਅਪਣੱਤ ਵਿੱਚ ਭਿੱਜਿਆ ਇਹ ਸ਼ਬਦ, ਦੇਬੀ ਦੇ ਪਰੇਮ ਭਰੇ ਸ਼ਬਦ ਵੀ ਕੁੱਝ ਐਸੇ ਹੀ ਹੁੰਦੇ ਸੀ, ਉਹ ਦੀਪੋ ਤੋ ਦੀਪ ਬਣ ਗਈ ਸੀ, ਉਸਦੀ ਘਬਰਾਹਟ ਕੁੱਝ ਘਟੀ।
"ਨਹੀ, ਜੀ, ਨਰਾਜ ਕਿਓ ਹੋਵਾਗੀ … ।"
ਦੀਪੀ ਨੇ ਸੰਗਦੇ ਜਿਹੇ ਕਿਹਾ।
"ਸ਼ੁਕਰ ਆ, ਕੁੱਝ ਬੋਲੀ, ਮੈ ਸੋਚਿਆ ਕਿਤੇ ਮੇਰਾ ਯਾਰ ਗੁੰਗਾ ਈ ਨਾ ਨਿਕਲੇ ਨਹੀ ਤਾ ਗੁੰਗੇ ਯਾਰ ਦੀਆ ਸੈਨਤਾ ਸਮਝਣ ਲਈ ਕਿਸੇ ਸਕੂਲੇ ਜਾਣਾ ਪਊ"।
ਹਰਮਿੰਦਰ ਮਹੋਲ ਨੂੰ ਥੋੜਾ ਦੋਸਤਾਨਾ ਬਣਾਉਣਾ ਚਾਹੁੰਦਾ ਸੀ, ਦੀਪੀ ਦਾ ਹਾਸਾ ਨਿਕਲ ਗਿਆ, ਇਸ ਦੁੱਖ ਦੀ ਘੜੀ ਵਿੱਚ ਵੀ ਹਾਸਾ ?
"ਓਹ ਹੱਸਣਾ ਵੀ ਆਉਦਾ ? ਲੈ ਬਈ ਹੁਣ ਮਜਾ ਆਊ ਜੀਣ ਦਾ"।
ਹਰਮਿੰਦਰ ਉਹਦੇ ਹੋਰ ਨੇੜੇ ਹੋ ਗਿਆ, ਹੁਣ ਦੀਪੀ ਸੁੰਗੜੀ ਨਹੀ, ਘਬਰਾਈ ਨਹੀ, ਕਿਤੇ ਨੱਸ ਕੇ ਜਾ ਵੀ ਨਹੀ ਸੀ ਸਕਦੀ, ਦੋਵਾ ਦੇ ਸਰੀਰ ਇੱਕ ਦੂਜੇ ਨਾਲ ਜੁੜੇ ਹੋਏ ਸਨ।
"ਦੀਪ ਕੋਈ ਇਛਾ ? ਕੁੱਝ ਪੀਣ ਕੁੱਝ ਖਾਣ ? ਮੈਨੂੰ ਪਤਾ ਵਿਆਹ ਦੇ ਰੌਲੇ ਵਿੱਚ ਦੁਲਹਨ ਦੀ ਭੁੱਖ ਮਰ ਜਾਦੀ ਆ ਜਾ ਐਕਸਾਈਟਮੈਂਟ ਵਿੱਚ ਕੁੱਝ ਖਾਣ ਨੂੰ ਦਿਲ ਨਹੀ ਕਰਦਾ"।
ਹਰਮਿੰਦਰ ਨੇ ਪੁੱਛਿਆ।
"ਜੀ ਨਹੀ, ਸਭ ਠੀਕ ਹੈ, ਤੁਸੀ ਕੋਈ ਗੱਲ ਕਰੋ"। ਦੀਪੀ ਕਾਫੀ ਹੱਦ ਤੱਕ ਸੰਭਲ ਗਈ ਸੀ।
"ਮੇਰੀਆ ਗੱਲਾ ਕੁੱਝ ਚੰਗੀਆ ਨੇ ਕੁੱਝ ਬੁਰੀਆ ਨੇ, ਕੁੱਝ ਹਸਾਉਦੀਆ ਨੇ ਤੇ ਕੁੱਝ ਰਵਾਉਦੀਆ ਵੀ ਆ, ਜੇ ਕੋਈ ਰੋਣ ਵਾਲੀ ਗੱਲ ਮੇਰੇ ਕੋਲੋ ਹੋ ਗਈ ਫੇਰ ?"
ਹਰਮਿੰਦਰ ਨੇ ਪ੍ਰਸ਼ਨ ਕੀਤਾ।
"ਕੋਸ਼ਿਸ਼ ਕਰਾਗੀ ਕਿ ਰੋਣਾ ਹਾਸੇ ਵਿੱਚ ਬਦਲ ਜਾਏ"।
ਦੀਪੀ ਨੂੰ ਦੇਬੀ ਦੀਆ ਆਤਮਵਿਸ਼ਵਾਸ਼ ਵਾਲੀਆ ਗੱਲਾ ਯਾਦ ਆ ਰਹੀਆ ਸਨ ਕਿ ਸ਼ਰਮਾਓ ਨਾ ਦਿਲ ਫਰੋਲੋ, ਜਬਾਨ ਦਾ ਸਹੀ ਸਮੇ ਤੇ ਸਹੀ ਤੇ ਪੂਰਾ ਇਸਤੇਮਾਲ ਕਰੋ, ਦੂਜੇ ਦੀ ਗੱਲ ਧਿਆਨ ਨਾਲ ਸੁਣੌ, ਇਥੇ ਬਿਗਾਨੀ ਸੇਜ ਤੇ ਬੈਠੀ ਦਾ ਵੀ ਮਾਰਗ ਦਰਸ਼ਨ ਕਰ ਰਿਹਾ ਸੀ ਦੇਬੀ।
"ਵਾਹ, ਐਨਾ ਆਤਮ ਵਿਸ਼ਵਾਸ਼ ? ਪਿੰਡ ਦੀ ਕੁੜੀ ਤੇ ਐਨੀ ਬਹਾਦਰ ?"
ਹਰਮਿੰਦਰ ਉਹਦੇ ਜਵਾਬ ਤੇ ਖੁਸ਼ ਸੀ।
"ਸਾਡੇ ਪਿੰਡ ਇੱਕ ਮਹਾਪੁਰਸ਼ ਆਇਆ ਸੀ, ਜਦੋ ਦੇ ਉਹਦੇ ਬਚਨ ਸੁਣੇ, ਹੌਸਲਾ ਜਿਹਾ ਹੋ ਗਿਆ"। ਦੀਪੀ ਅੱਗੇ ਦੇਬੀ ਦੀ ਤਸਵੀਰ ਆਈ ਪਈ ਸੀ।
"ਕਿਤੇ ਮੌਕਾ ਮਿਲਿਆ ਤਾਂ ਮੈ ਵੀ ਕਰਾਗਾ ਦਰਸ਼ਨ ਉਸ ਮਹਾਂਪੁਰਸ਼ ਦੇ, ਮੇਰਾ ਮਨ ਵੀ ਸ਼ਾਇਦ ਟਿਕ ਜਾਵੇ"। ਹਰਮਿੰਦਰ ਦੇ ਮੂਹੋ ਅਚਾਨਕ ਹੀ ਨਿਕਲਿਆ।
"ਤੁਹਾਡੇ ਮਨ ਨੂੰ ਕੀ ਹੋਇਆ ਜੀ ?"
ਦੀਪੀ ਚਾਹੁੰਦੀ ਸੀ ਇਹ ਗੱਲਬਾਤ ਚਲਦੀ ਰਹੇ।
"ਇਹ ਪਾਗਲ ਹੋ ਗਿਆ ਸੀ ਯਾਰ, ਹੁਣ ਥੋੜਾ ਸੰਭਲ ਗਿਆ ਪਰ ਪਿਛਲੇ ਕੁੱਝ ਸਾਲ ਮੇਰੇ ਵੱਸ ਵਿੱਚ ਨਹੀ ਸੀ ਰਿਹਾ"। ਹਰਮਿੰਦਰ ਕਿਤੇ ਦੂਰ ਦੇਖ ਰਿਹਾ ਸੀ।
"ਕੁਝ ਦੱਸੋਗੇ ਅਪਣੇ ਪਾਗਲ ਮਨ ਬਾਰੇ ?"
ਦੀਪੀ ਹੋਰ ਜਾਨਣਾ ਚਾਹੁੰਦੀ ਸੀ, ਘਰ ਤੋ ਉਹ ਕਤਲ ਹੋਣ ਲਈ ਆਈ ਸੀ ਪਰ ਏਥੇ ਕਾਤਲ ਕੋਈ ਨਜਰ ਨਹੀ ਸੀ ਆਉਦਾ, ਹਰਮਿੰਦਰ ਨਾਲ ਉਸ ਨੂੰ ਧੱਕੇ ਨਾਲ ਹਮਦਰਦੀ ਹੋਈ ਜਾਦੀ ਸੀ, ਐਸਾ ਕੀ ਹੈ ਇਸ ਬੰਦੇ ਵਿੱਚ ? ਇਹਦੇ ਬਾਰੇ ਕੋਈ ਰਾਇ ਬਣਾਊਣ ਤੋ ਪਹਿਲਾਂ, ਇਸ ਨੂੰ ਵੀ ਵਹਿਸ਼ੀਆ ਦੀ ਕਤਾਰ ਵਿੱਚ ਖੜੇ ਕਰਨ ਤੋ ਪਹਿਲਾਂ ਏਹਦੇ ਬਾਰੇ ਕੁੱਝ ਜਾਂਨਣਾ ਜਰੂਰੀ ਆ।
"ਕੁਝ ਹੀ ਕਿਓ, ਸਭ ਕੁੱਝ ਦੱਸਾਗਾ ਤੇ ਉਸ ਸਭ ਕੁੱਝ ਲਈ ਅੱਜ ਸਮਾ ਥੋੜਾ ਆ, ਫੇਰ ਤੂੰ ਕਹੇਗੀ ਕਿ ਮੇਰੀ ਸੁਹਾਗ ਰਾਤ ਖਰਾਬ ਕਰ ਦਿੱਤੀ"। ਹਰਮਿੰਦਰ ਕੁੱਝ ਹੋਰ ਕਹਿੰਦਾ ਕਹਿੰਦਾ ਰੁਕ ਗਿਆ।
"ਤੁਸੀ ਕੁੱਝ ਦੇਰ ਪਹਿਲਾਂ ਮੈਨੂੰ ਯਾਰ ਕਿਹਾ ਸੀ, ਜੇ ਕਿਹਾ ਆ ਤਾਂ ਫਿਰ ਯਾਰ ਬਣ ਕੇ ਦਿਖਾਓ, ਮੈ ਕਿਤੇ ਇੱਕ ਦਿਨ ਲਈ ਏਥੇ ਨਹੀ ਆਈ, ਮੇਰੇ ਲਈ ਹਰ ਰਾਤ ਹੀ ਸੁਹਾਗ ਰਾਤ ਹੋਣੀ ਆ"।
ਦੀਪੀ ਏਨਾ ਗੱਲਾ ਲਈ ਬਲ ਕਿੱਥੋ ਲੈ ਰਹੀ ਸੀ ਉਹ ਖੁਦ ਹੈਰਾਨ ਸੀ, ਲਗਦਾ ਸੀ ਗੁਰੂ ਨੇ ਅਰਦਾਸ ਸੁਣ ਲਈ ਸੀ।
"ਕੁਝ ਕਹਿਣ ਤੋ ਪਹਿਲਾ ਮੈ ਕੁੱਝ ਗੱਲਾ ਦੀ ਮੁਆਫੀ ਮੰਗਣੀ ਆ, ਜੇ ਮੇਰਾ ਦਿਲ ਦੇਖਣਾ ਚਾਹੁੰਦੀ ਆ ਤਾਂ ਤੈਨੂੰ ਅਪਣਾ ਦਿਲ ਵੱਡਾ ਕਰਨਾ ਪੈਣਾ, ਛੋਟੇ ਦਿਲ ਦੇ ਵੱਸ ਦਾ ਰੋਗ ਨਹੀ"।
ਹਰਮਿੰਦਰ ਦੀਪੀ ਨੂੰ ਦੱਸਣੋ ਝਿਝਕ ਵੀ ਰਿਹਾ ਸੀ।
"ਸਾਡਾ ਹੁਣ ਆਪਸ ਵਿੱਚ ਕਾਹਦਾ ਪਰਦਾ ਜੀ, ਜੇ ਅਸੀ ਦਿਲ ਫੋਲਿਆ ਈ ਨਾ ਤਾ ਇੱਕ ਦੂਜੇ ਨੂੰ ਸਮਝ ਕਿਵੇ ਸਕਾਂਗੇ ?"
ਦੀਪੀ ਨੂੰ ਲਗਦਾ ਸੀ ਕਿ ਕੁੱਝ ਐਸਾ ਹੈ ਹਰਮਿੰਦਰ ਵਿੱਚ ਜੋ ਉਹਦੇ ਲਈ ਜਾਨਣਾ ਜਰੂਰੀ ਹੈ।
"ਮੇਰੀ ਗੱਲ ਜੇ ਸ਼ੁਰੂ ਹੋ ਗਈ ਤਾ ਮੁੱਕਣੀ ਕਦੋ ਆ, ਮੈਨੂੰ ਨਹੀ ਪਤਾ, ਤੈਨੂੰ ਨੀਦ ਨਾ ਆ ਜਾਵੇ"। ਹਰਮਿੰਦਰ ਕੁੱਝ ਫੈਸਲਾ ਜਿਹਾ ਕਰ ਚੁੱਕਾ ਸੀ ਤੇ ਜਲਦੀ ਤੋ ਜਲਦੀ ਮਨ ਤੋ ਬੌਝ ਲਾਉਣਾ ਚਾਹੁੰਦਾ ਸੀ।
"ਯਕੀਨ ਕਰੋ ਯਾਰ, ਮੈ ਸਾਰੀ ਰਾਤ ਨੀ ਸੌਦੀ"।
ਦੀਪੀ ਨੇ ਕਿਹਾ ਹੀ ਸੀ ਕਿ ਹਰਮਿੰਦਰ ਨੇ ਬੇਵੱਸ ਜਿਹਾ ਹੋ ਕੇ ਉਹਦਾ ਮੂੰਹ ਚੁੰਮ ਲਿਆ।
"ਖੁਸ਼ ਕੀਤਾ ਈ ਯਾਰ, ਯਾਰੀ ਪੱਕੀ ?"
ਹਰਮਿੰਦਰ ਨੇ ਹੱਥ ਅੱਗੇ ਵਧਾਇਆ, ਦੀਪੀ ਨੇ ਉਹਦੇ ਹੱਥ ਤੇ ਹੱਥ ਰੱਖ ਦਿੱਤਾ, ਕੋਈ ਘਬਰਾਹਟ ਨਹੀ ਹੋਈ, ਸਗੋ ਚੰਗਾ ਲੱਗਿਆ, ਹਰਮਿੰਦਰ ਨੇ ਉਹਦਾ ਹੱਥ ਘੁੱਟ ਲਿਆ ਤੇ ਉਹਦੀਆ ਅੱਖਾ ਵਿੱਚ ਦੇਖਣ ਲੱਗ ਪਿਆ, ਦੀਪੀ ਨੇ ਵੀ ਅੱਖ ਨਹੀ ਝਪਕੀ, ਨੈਣਾ ਦੀ ਭਾਸ਼ਾ ਨੈਣ ਸਮਝ ਰਹੇ ਸਨ, ਇੱਕ ਵਿਸ਼ਵਾਸ਼ ਦਾ ਅਧਾਰ ਬਣਦਾ ਜਾ ਰਿਹਾ ਸੀ ਦੋਵਾ ਅੰਦਰ, ਲਗਦਾ ਸੀ ਜਿਵੇ ਇੱਕ ਦੂਜੇ ਨੂੰ ਚਿਰਾ ਦੇ ਜਾਂਣਦੇ ਹੋਣ, ਹਰਮਿੰਦਰ ਵਿੱਚ ਕੁੱਝ ਐਸਾ ਸੀ ਜੋ ਉਸ ਨੂੰ ਦੇਬੀ ਵਰਗਾ ਕਰਦਾ ਸੀ, ਇਹ ਕੀ ਹੋ ਸਕਦਾ ? ਦੀਪੀ ਸੋਚ ਰਹੀ ਸੀ।
"ਕੁਝ ਕਹਿਣ ਤੋ ਪਹਿਲਾ ਮੈ ਤੈਨੂੰ ਕੁੱਝ ਦਿਖਾਉਣਾ ਚਾਹੁੰਦਾ"।
ਕਹਿ ਕੇ ਹਰਮਿੰਦਰ ਨੇ ਅਪਣੇ ਗਲੇ ਵਿੱਚ ਲਟਕਾਇਆ ਲਾਕੇਟ ਲਾਹਿਆ ਤੇ ਉਸ ਨੂੰ ਪਿਛਲੇ ਪਾਸੇ ਤੋ ਘੁਮਾ ਕੇ ਖੋਲਿਆ, ਦੀਪੀ ਉਤਸੁਕਤਾ ਨਾਲ ਦੇਖ ਰਹੀ ਸੀ ਕਿ ਇਸ ਵਿੱਚ ਕੀ ਹੋ ਸਕਦਾ ? ਲਾਕੇਟ ਖੋਲ ਕੇ ਉਸ ਵਿੱਚੋ ਇੱਕ ਛੋਟੀ ਜਿਹੀ ਤਸਵੀਰ ਕੱਢ ਕੇ ਉਸ ਨੇ ਦੀਪੀ ਵੱਲ ਵਧਾ ਦਿੱਤੀ,
ਦੀਪੀ ਨੇ ਦੇਖਿਆ ਤੇ ਨਾਲ ਹੀ ਉਸਨੂੰ ਚਾਰ ਸੌ ਵੋਲਟ ਦਾ ਕਰੰਟ ਲੱਗਾ, ਉਸਦੀ ਅਪਣੀ ਤਸਵੀਰ ਹਰਮਿੰਦਰ ਨਾਲ।
"ਇਹ ਮੇਰੀ ਤਸਵੀਰ ਤੁਹਾਡੇ ਨਾਲ ? ਅਸੀ ਕਦੇ ਕੋਈ ਤਸਵੀਰ ਨਹੀ ਖਿਚਾਈ, ਫੇਰ … ।" ਹੈਰਾਨੀ ਦੇ ਸਾਗਰ ਵਿੱਚ ਗੋਤੇ ਖਾਂਦੀ ਦੀਪੀ ਹਰਮਿੰਦਰ ਵੱਲ ਦੇਖ ਰਹੀ ਸੀ।
"ਲੱਗਿਆ ਨਾ ਯਾਰ ਨੂੰ ਝਟਕਾ ? ਮੈ ਕਿਹਾ ਸੀ ਕਿ ਛੋਟੇ ਦਿਲ ਦਾ ਕੰਮ ਨਹੀ, ਇਹ ਤੁਹਾਡੀ ਤਸਵੀਰ ਨਹੀ ਇਹ ਸੁੰਦਰੀ ਦੀ ਤਸਵੀਰ ਆ"।
ਹਰਮਿੰਦਰ ਨੇ ਦੱਸਿਆ।
"ਸੁੰਦਰੀ ? ਕੌਣ ਸੁੰਦਰੀ ?"
ਦੀਪੀ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਸੀ।
"ਚਾਰ ਸਾਲ ਪਹਿਲਾ ਇਹ ਮੈਨੂੰ ਸ਼ਿਮਲੇ ਮਿਲੀ ਸੀ ਤੇ ਅਸੀ ਆਪਸ ਵਿੱਚ ਪਿਆਰ ਕਰਨ ਲੱਗ ਪਏ ਸਾਂ"। ਹਰਮਿੰਦਰ ਚਾਰ ਸਾਲ ਪਹਿਲਾ ਹੋਈ ਮੁਲਾਕਾਤ ਦੇਖ ਰਿਹਾ ਸੀ।
"ਹੁਣ ਕਿੱਥੇ ਆ ਇਹ ਸੁੰਦਰੀ ?"
ਧੜਕਦੇ ਦਿਲ ਨਾਲ ਪੁੱਛਿਆ ਦੀਪੀ ਨੇ।
"ਬਹੁਤ ਦੂਰ ਚਲੀ ਗਈ ਆ, ਜਿੱਥੋ ਕੋਈ ਮੁੜ ਕੇ ਨਹੀ ਅਉਦਾ"।
ਰੋਕਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਹਰਮਿੰਦਰ ਦੀਆ ਅੱਖਾ ਭਰ ਆਈਆ।
"ਹੈ ? ਸੱਚ ? ਓਹ, ਬਹੁਤ ਅਫਸੋਸ"।
ਤੇ ਪਤਾ ਨਹੀ ਕਿਓ ਦੀਪੀ ਨੇ ਹਰਮਿੰਦਰ ਨੂੰ ਅਪਣੇ ਨਾਲ ਘੁੱਟ ਲਿਆ ਸੀ, ਉਸਦਾ ਖੁਦ ਤੇ ਕੋਈ ਕੰਟਰੋਲ ਨਹੀ ਸੀ ਰਹਿ ਗਿਆ, ਉਸ ਨੂੰ ਲਗਦਾ ਸੀ ਕਿ ਹਰਮਿੰਦਰ ਨੇ ਉਹਦੇ ਤੋ ਵੀ ਵੱਡੀ ਸੱਟ ਖਾਧੀ ਹੋਈ ਆ, ਕੀ ਹੋਇਆ ਜੇ ਪਿਓ ਕੋਲ ਦੌਲਤ ਹੈ, ਅਮੀਰ ਹੋ ਕੇ ਕਿਹੜਾ ਕਿਸੇ ਸੁੱਖ ਦੀ ਗਰੰਟੀ ਆ।
"ਦੇਖ ਤੇਰੇ ਨਾਲ ਮੈ ਕਿੰਨਾ ਧੱਕਾ ਕਰ ਰਿਹਾ, ਤੇਰੀ ਸੁਹਾਗ ਰਾਤ ਨੂੰ ਮੈ ਅਪਣੀ ਪਰੇਮ ਕਹਾਣੀ ਸੁਣਾ ਰਿਹਾ, ਤੂੰ ਸਮਝੇਗੀ ਮੈ ਮਾੜੇ ਚਰਿੱਤਰ ਦਾ ਮਾਲਕ ਆ"।
ਹਰਮਿੰਦਰ ਉਹਦੇ ਭਾਵ ਜਾਨਣੇ ਚਾਹੁੰਦਾ ਸੀ।
"ਜੇ ਤੁਸੀ ਨਾ ਦੱਸਿਆ ਹੁੰਦਾ ਤਾ ਫਿਰ ਮੈ ਕੁੱਝ ਵੀ ਸੋਚ ਸਕਦੀ ਸੀ ਪਰ ਹੁਣ ਜਦੋ ਤੁਸੀ ਖੁਦ ਦੱਸ ਰਹੇ ਹੋ ਮੈ ਪੂਰੀ ਗੱਲ ਸੁਣਨੀ ਚਾਹੁੰਦੀ ਆ, ਭਾਵੇ ਸਾਨੂੰ ਹਫਤੇ ਤੱਕ ਏਵੇ ਹੀ ਬੈਠਣਾ ਪਵੇ"।
ਦੀਪੀ ਹੁਣ ਸਾਰੇ ਪਰਦੇ ਚੱਕ ਦੇਣੇ ਚਾਹੁੰਦੀ ਸੀ।
"ਕੀ ਮੈ ਅਪਣਾ ਸਿਰ ਤੇਰੀ ਗੋਦ ਵਿੱਚ ਰੱਖ ਸਕਦਾ ?"
ਹਰਮਿੰਦਰ ਦਾ ਅਚਾਨਕ ਸੁਆਲ।
ਦੀਪੀ ਪਲੰਘ ਤੇ ਢੋਅ ਲਾ ਕੇ ਬੈਠੀ ਸੀ, ਹੁਣ ਹਰਮਿੰਦਰ ਦਾ ਸਿਰ ਉਹਦੀ ਗੋਦ ਵਿੱਚ ਸੀ ਤੇ ਹਰਮਿੰਦਰ ਨੇ ਦੋਵਾ ਬਾਹਾ ਨਾਲ ਦੀਪੀ ਦੇ ਲੱਕ ਨੂੰ ਕੈਦ ਕੀਤਾ ਹੋਇਆ ਸੀ, ਦੀਪੀ ਦੇ ਹੱਥ ਅਪਣੇ ਆਪ ਹੀ ਹਰਮਿੰਦਰ ਦੇ ਵਾਲਾਂ ਵਿੱਚ ਏਧਰ ਓਧਰ ਘੁੰਮ ਰਹੇ ਸਨ, ਬੇਕਾਬੂ ਜਿਹੇ, ਕੁੱਝ ਘੰਟੇ ਪਹਿਲਾ ਉਸ ਨੂੰ ਲਗਦਾ ਸੀ ਕਿ ਉਹਦੇ ਘਰਵਾਲੇ ਤੋ ਉਸ ਨੂੰ ਘਿਰਣਾ ਆਵੇਗੀ, ਪਰ ਇਹ ਖੇਲ ਬਿਲਕੁਲ ਹੀ ਉਲਟਾ ਹੋਇਆ ਪਿਆ ਸੀ, ਹਰਮਿੰਦਰ ਕਿਸੇ ਨਿਰਦੋਸ਼ ਜਿਹੇ ਬੱਚੇ ਵਾਂਗ ਘਰਵਾਲੀ ਦੀ ਗੋਦ ਵਿੱਚ ਪਿਆ ਸੀ, ਉਹਦੀਆ ਅੱਖਾ ਕੁੱਝ ਲੱਭ ਰਹੀਆ ਸਨ, ਹੁਣ ਉਹ ਅੱਜ ਤੋ ਚਾਰ ਸਾਲ ਪਹਿਲਾਂ ਦੀ ਗੱਲ ਦੀਪੀ ਨੂੰ ਦੱਸਣ ਲੱਗਾ ਸੀ … ।।
"ਮੇਰਾ ਇਕੀਵਾਂ ਜਨਮ ਦਿਨ ਸੀ ਤੇ ਭਾਪਾ ਜੀ ਨੇ ਮੈਨੂੰ ਤੇ ਮੇਰੇ ਕੁੱਝ ਦੋਸਤਾਂ ਨੂੰ ਸ਼ਿਮਲੇ ਦੇ ਟੂਰ ਲਈ ਪੈਸੇ ਦੇ ਕੇ ਕਿਹਾ ਸੀ ਕਿ, "ਜਾਓ ਘੁੰਮ ਫਿਰ ਆਓ।"
ਅਸੀ ਇੱਕ ਕਾਰ ਵਿੱਚ ਬੈਠ ਕੇ ਪੰਜ ਜਣੇ ਸ਼ਿਮਲੇ ਦੇ ਟੂਰ ਤੇ ਚਲੇ ਗਏ, ਰਸਤੇ ਵਿੱਚ ਘੁੰਮਦੇ ਘੁਮਾਉਦੇ ਅਸੀ ਇੱਕ ਛੋਟੇ ਕਸਬੇ ਵਿੱਚ ਜਾ ਪਹੁੰਚੇ, ਇਥੇ ਹੀ ਸਾਨੂੰ ਚੰਡੀਗੜੋ ਗਏ ਕੁੱਝ ਹੋਰ ਮੁੰਡੇ ਮਿਲ ਗਏ, ਉਹ ਵੀ ਟੂਰ ਤੇ ਆਏ ਹੋਏ ਸਨ, ਇਸ ਕਸਬੇ ਵਿੱਚ ਆਮ ਹੀ ਫਿਲਮ ਦੀ ਸ਼ੂਟਿੰਗ ਹੁੰਦੀ ਸੀ ਤੇ ਅਸੀ ਵੀ ਸ਼ੂਟਿੰਗ ਦੇਖਣ ਚਲੇ ਜਾਦੇ, ਚਾਰ ਕੁ ਦਿਨ ਬੜੇ ਮਜੇ ਦੇ ਲੰਘੇ, ਅਗਲੇ ਦਿਨ ਅਸੀ ਵਾਪਿਸ ਜਾਣਾ ਸੀ …
"ਹਰਮਿੰਦਰ ਅੱਜ ਸ਼ਾਮ ਨੂੰ ਸਾਡੇ ਹੋਟਲ ਵਿੱਚ ਆ ਜਾਇਓ, ਐਸੀ ਪਾਰਟੀ ਕਰਾਗੇ ਕਿ ਯਾਦ ਰੱਖੇਗਾ"।
ਸੰਦੀਪ ਨੇ ਮੈਨੂੰ ਕਿਹਾ।
"ਸੁਣ ਰਹੀ ਆ ਦੀਪ ?"
ਉਪਰ ਨੂੰ ਦੇਖਦੇ ਹਰਮਿੰਦਰ ਨੇ ਪੁੱਛਿਆ।
"ਹਾ ਜੀ, ਤੁਸੀ ਅੱਗੇ ਦੱਸੋ"।
ਦੀਪੀ ਉਤਾਵਲੀ ਸੀ।
"ਸ਼ਾਮ ਨੂੰ ਅਸੀ ਸੰਦੀਪ ਕੇ ਹੋਟਲ ਵਿੱਚ ਪਹੁੰਚੇ, ਇਹ ਹੋਟਲ ਸ਼ਹਿਰ ਤੋ ਬਾਹਰ ਇੱਕ ਪਹਾੜੀ ਦੇ ਉਪਰ ਸੀ, ਸੰਦੀਪ ਹੁਣਾ ਦਾ ਦਸ ਜਣਿਆ ਦਾ ਟੋਲਾ ਸੀ ਤੇ ਛੋਟਾ ਜਿਹਾ ਹੋਟਲ ਉਨਾ ਸਾਰਾ ਹੀ ਬੁੱਕ ਕੀਤਾ ਹੋਇਆ ਸੀ, ਸੰਦੀਪ ਦੇ ਡੈਡੀ ਬਹੁਤ ਵੱਡੇ ਬਿਜਨਸ ਮੈਨ ਸਨ ਤੇ ਪੈਸੇ ਦੀ ਕਮੀ ਨਹੀ ਸੀ, ਅਸੀ ਖੂਭ ਮਸਤੀ ਕੀਤੀ, ਉਸ ਦਿਨ ਵੇਟਰਾ ਦੀ ਕਮੀ ਸੀ ਤੇ ਹੋਟਲ ਦੇ ਮਾਲਕ ਨੇ ਨੇੜੇ ਪਿੰਡ ਵਿੱਚੋ ਕੁੱਝ ਕੁੜੀਆ ਨੂੰ ਸਰਵਿਸ ਲਈ ਸੱਦਿਆ ਹੋਇਆ ਸੀ, ਦੋ ਰਸੋਈਏ, ਇੱਕ ਵੇਟਰ ਤੇ ਦੋ ਕੁੜੀਆ ਜੋ ਦੇਖਣ ਨੂੰ ਅਣਜਾਣ ਜਿਹੀਆ ਲਗਦੀਆ ਸਨ ਉਹ ਖਾਣਾ ਸਰਵ ਕਰ ਰਹੀਆ ਸਨ, ਪਾਰਟੀ ਕਾਫੀ ਦੇਰ ਤੱਕ ਚਲਦੀ ਰਹੀ, ਰਾਤ ਦੇ ਦਸ ਵੱਜ ਗਏ ਸਨ, ਹੋਟਲ ਦਾ ਮਾਲਕ ਕਹਿ ਰਿਹਾ ਸੀ ਕਿ ਪਾਰਟੀ ਖਤਮ ਕੀਤੀ ਜਾਵੇ ਕਿਉਕਿ ਵੇਟਰ ਕੁੜੀਆ ਐਨੀ ਦੇਰ ਰਾਤ ਨੂੰ ਕੰਮ ਨਹੀ ਸੀ ਕਰਨਾ ਚਾਹੁੰਦੀਆ, ਸੰਦੀਪ ਨੇ ਵਿਸਕੀ ਪੀਤੀ ਹੋਈ ਸੀ ਤੇ ਉਹਦੇ ਲਈ ਸਮੇ ਦੀ ਕੋਈ ਪਰਾਬਲਮ ਨਹੀ ਸੀ, ਉਹ ਵੇਟਰ ਕੁੜੀਆ ਨੂੰ ਅਸ਼ਲੀਲ ਸ਼ਬਦ ਕਹਿਣੋ ਵੀ ਗੁਰੇਜ ਨਹੀ ਸੀ ਕਰਦਾ, ਹੁਣ ਉਹ ਦੋਵੇ ਕੁੜੀਆ ਸੰਦੀਪ ਵਾਲੇ ਟੇਬਲ ਤੇ ਜਾਣ ਲਈ ਤਿਆਰ ਨਹੀ ਸਨ, ਮੈ ਵੀ ਸੰਦੀਪ ਨੂੰ ਕਹਿ ਰਿਹਾ ਸੀ ਕਿ ਬਹੁਤ ਹੋ ਗਿਆ, ਅਸੀ ਵੀ ਵਾਪਿਸ ਹੋਟਲ ਜਾਣਾ ਆ।
"ਓ ਹਰਮਿੰਦਰ ਅਸਲੀ ਪਾਰਟੀ ਤਾ ਹਾਲੇ ਸ਼ੁਰੂ ਹੋਣੀ ਆ"।
ਸੰਦੀਪ ਨੇ ਮੈਨੂੰ ਅੱਖ ਮਾਰੀ, ਮੈ ਕੁੱਝ ਸਮਝ ਨਹੀ ਪਾਇਆ।
"ਸਰ, ਹੁਣ ਬਹੁਤ ਦੇਰ ਹੋ ਗਈ, ਮੈ ਹੁਣ ਵਰਕਰਾ ਨੂੰ ਘਰ ਭੇਜ ਰਿਹਾ"।
ਹੋਟਲ ਦੇ ਬਯੁਰਗ ਮਾਲਿਕ ਨੇ ਕਿਹਾ।
"ਠੀਕ ਆ, ਬਾਕੀ ਸਾਰਿਆ ਨੂੰ ਭੇਜ ਦਿਓ, ਤੇ ਆਹ ਵੇਟਰ ਕੁੜੀਆ ਨੂੰ ਰੱਖ ਲਓ, ਥੋੜੀ ਦੇਰ ਤੱਕ ਅਸੀ ਆਪੇ ਛੱਡ ਆਵਾਗੇ"।
ਸੰਦੀਪ ਦੀਆ ਅੱਖਾ ਵਿੱਚ ਵਾਸ਼ਨਾ ਦੀ ਲਹਿਰ ਬਯੁਰਗ ਨੇ ਦੇਖ ਲਈ ਸੀ।
"ਇਹ ਨਹੀ ਹੋ ਸਕਦਾ, ਇਹ ਸ਼ਰੀਫ ਘਰਾ ਦੀਆ ਕੁੜੀਆ, ਹੁਣ ਇਨਾ ਨੂੰ ਜਾਣਾ ਪਊ"।
ਹੋਟਲ ਦਾ ਮਾਲਕ ਖਤਰੇ ਨੂੰ ਸਮਝ ਰਿਹਾ ਸੀ।
"ਤੇਰੀ ਵੱਡੇ ਸ਼ਰੀਫ ਦੀ, ਤੇ ਏਨਾ ਵੇਟਰਾ ਤੋ ਧੰਦਾ ਕਰਾਉਦਾ ਈ ਆ, ਅਸੀ ਕਿਹੜਾ ਮੁਫਤ ਵਰਤਣੀਆ, ਦੱਸ ਕਿੰਨੇ ਪੈਸੇ ਚਾਹੀਦੇ ਆ"।
ਸੰਦੀਪ ਲਈ ਪੈਸੇ ਨਾਲ ਹਰ ਚੀਜ ਖਰੀਦਣੀ ਸਧਾਰਨ ਗੱਲ ਸੀ, ਕੁੜੀਆ ਇੱਕ ਕੋਨੇ ਵਿੱਚ ਲੱਗੀਆ ਖੜੀਆ ਸਨ, ਅਸੀ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸੀ ਕਿ ਇਹ ਕੀ ਹੋ ਰਿਹਾ।
"ਜੇ ਤੁਸੀ ਹੁਣੇ ਹਿਸਾਬ ਕਰ ਕੇ ਪੈਸੇ ਦੇ ਕੇ ਮੇਰਾ ਹੋਟਲ ਖਾਲੀ ਨਾ ਕੀਤਾ ਤਾਂ ਥਾਣੇ ਬੰਦ ਕਰਾਊ"।
ਬਯੁਰਗ ਦੀ ਬਰਦਾਸ਼ਤ ਤੋ ਹੁਣ ਬਾਹਰ ਸੀ, ਏਨਾ ਸੁਣਦੇ ਹੀ ਸੰਦੀਪ ਨੇ ਹੱਥ ਲੰਬਾ ਚਾਕੂ ਬਾਹਰ ਕੱਢ ਕੇ ਹੋਟਲ ਮਾਲਕ ਦੇ ਗਲ ਤੇ ਰੱਖ ਕੇ ਕਿਹਾ …
"ਸਾਲੇ ਥਾਣੇ ਦੇ, ਕਈ ਥਾਣੇ ਮੈ ਜੇਬ ਚ ਪਾ ਕੇ ਘੁੰਮਦਾ, ਚਲੋ ਸਾਰੇ ਇੱਕ ਕਮਰੇ ਵਿੱਚ"। ਸੰਦੀਪ ਤੇ ਉਹਦੇ ਲੰਡਰ ਯਾਰਾਂ ਨੇ ਹੋਟਲ ਦਾ ਮਾਲਕ, ਰਸੋਈਏ ਤੇ ਇੱਕ ਵੇਟਰ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਬਾਹਰੋ ਜਿੰਦਾ ਲਾ ਦਿੱਤਾ, ਕੁੜੀਆ ਸਹਿਮੀਆ ਖੜੀਆ ਸਨ ਕਿਸੇ ਪਾਸੇ ਭੱਜ ਵੀ ਨਹੀ ਸੀ ਸਕਦੀਆ, ਹੁਣ ਮੈਦਾਨ ਸਾਫ ਸੀ … ।।
"ਆਓ ਬੁਲਬੁਲ, ਸਹੀ ਪਾਰਟੀ ਕਰੀਏ, ਪੈਸਿਆ ਦੀ ਚਿੰਤਾ ਨਾ ਕਰਿਓ"।
ਸੰਦੀਪ ਹੁਣ ਕੁੜੀਆ ਨੂੰ ਸਿੱਧਾ ਕਹਿ ਰਿਹਾ ਸੀ।
"ਬਾਬੂ ਜੀ, ਹਮ ਐਸੇ ਵੈਸੇ ਨਹੀ ਹੈ, ਗਰੀਬ ਹੈ ਇਸ ਲੀਏ ਕਾਮ ਕਰਤੇ ਹੈ ਹੋਟਲ ਮੇ, ਆਪ ਹਮੇ ਜਾਨੇ ਦੇ"।
ਇੱਕ ਕੁੜੀ ਬੋਲੀ।
"ਕਿਆ ਨਾਮ ਹੈ ਤੇਰਾ ?
ਸੰਦੀਪ ਨੇ ਪੁੱਛਿਆ।
"ਸੁੰਦਰੀ, ਬਾਬੂ ਜੀ"।
ਕੁੜੀ ਨੇ ਸਹਿਮੀ ਜਿਹੀ ਨੇ ਜਵਾਬ ਦਿੱਤਾ।
"ਨਾਮ ਸੁੰਦਰੀ, ਹੋ ਭੀ ਸੁੰਦਰ ਫਿਰ ਡਰਤੀ ਕਾਹੇ ਕੋ, ਹਮਾਰੇ ਸਾਥ ਥੋੜੀ ਮਸਤੀ ਕਰੋ, ਮਜੇ ਮੇ ਰਹੋਗੀ"।
ਸੰਦੀਪ ਹੋਰ ਲਾਲਚ ਦੇ ਰਿਹਾ ਸੀ।
"ਅਬ ਬਹੁਤ ਹੋ ਗਿਆ ਬਾਬੂ ਜੀ, ਅਬ ਹਮ ਜਾ ਰਹੀ"।
ਸੁੰਦਰੀ ਨੇ ਕਿਹਾ ਔਰ ਦਰਵਾਜੇ ਵੱਲ ਤੁਰ ਪਈ, ਦੂਜੀ ਕੁੜੀ ਦਾ ਹੱਥ ਉਸ ਨੇ ਫੜਿਆ ਹੋਇਆ ਸੀ।
"ਅਰੇ ਕਹਾ ਜਾਤੀ ਹੈ ਚਿਕਨੀ … ''।
ਸੰਦੀਪ ਨੇ ਸੁੰਦਰੀ ਨੂੰ ਤੇ ਉਹਦੇ ਇੱਕ ਲਫੰਡਰ ਨੇ ਦੂਜੀ ਕੁੜੀ ਨੂੰ ਫੜ ਲਿਆ, ਹੱਥੋ ਪਾਈ ਹੋਣ ਲੱਗ ਪਏ, ਕੁੜੀਆ ਦੀਆ ਚੀਕਾ ਨਿਕਲ ਗਈਆ, ਪਰ ਨੇੜੇ ਤੇੜੇ ਸੁਣਨ ਵਾਲਾ ਕੋਈ ਨਹੀ ਸੀ।
"ਹਮੇ ਬਚਾਓ ਕੋਈ, ਭਗਵਾਨ ਕੇ ਲੀਏ"।
ਸੁੰਦਰੀ ਮਦਦ ਲਈ ਚਿਰਲਾ ਰਹੀ ਸੀ ਤੇ ਨਾਲੇ ਸਾਡੇ ਵੱਲ ਦੇਖ ਰਹੀ ਸੀ ਜੋ ਬੁੱਤ ਬਣੇ ਖੜੇ ਸਨ।
"ਸੰਦੀਪ ਛੱਡ ਦੇ ਕੁੜੀਆ ਨੂੰ ਇਹ ਠੀਕ ਨਹੀ"।
ਮੇਰੇ ਕੋਲੋ ਹੁਣ ਰਿਹਾ ਨਹੀ ਸੀ ਗਿਆ।
"ਹੱਥ ਆਇਆ ਸ਼ਿਕਾਰ ਸੰਦੀਪ ਨੇ ਅੱਜ ਤੱਕ ਨਹੀ ਛੱਡਿਆ, ਤੂੰ ਵੀ ਲੈ ਲਈ ਹੂਟੇ"।
ਸੰਦੀਪ ਮੈਨੂੰ ਵੰਡ ਕੇ ਖਾਣ ਲਈ ਕਹਿ ਰਿਹਾ ਸੀ।
"ਇਹ ਸ਼ਿਕਾਰ ਨਹੀ ਕਿਸੇ ਦੀ ਧੀ ਆ, ਹੋਸ਼ ਕਰ"।
ਮੈ ਫੇਰ ਜੋਰ ਪਾਇਆ।
"ਤੂੰ ਏਹਦਾ ਮਾਮਾ ਲਗਦਾ ? ਨਹੀ ਹੌਸਲਾ ਪੈਦਾ ਤਾ ਦਫਾ ਹੋ ਜਾ, ਮੂਢ ਖਰਾਬ ਨਾ ਕਰ"।
ਸੰਦੀਪ ਹੁਣ ਮੇਰੇ ਤੇ ਕਰੋਧਿਤ ਹੋ ਗਿਆ ਸੀ।
"ਜੇ ਤੂੰ ਕੁੜੀ ਨੂੰ ਨਾ ਛੱਡਿਆ ਤਾ ਨਤੀਜੇ ਬੁਰੇ ਹੋਣਗੇ"।
ਮੈ ਉਸ ਨੂੰ ਧਮਕੀ ਦਿੱਤੀ, ਮੇਰਾ ਦਿਲ ਕਰਦਾ ਸੀ ਕਿ ਸੰਦੀਪ ਨੂੰ ਚੁੱਕ ਕੇ ਪਹਾੜੀ ਤੋ ਥੱਲੇ ਸੁੱਟ ਦੇਵਾ।
"ਠਹਿਰ ਤੇਰੀ ਵੱਡੇ …†ਦੀ"।
ਇੱਕ ਮੋਟੀ ਜਿਹੀ ਗਾਲ ਕੱਢ ਕੇ ਓਹ ਮੇਰੇ ਵੱਲ ਚਾਕੂ ਲੈ ਕੇ ਆਹੁਲਿਆ, ਹੁਣ ਤੱਕ ਮੈ ਪੂਰਾ ਚੌਕੰਨ ਹੋ ਚੁੱਕਾ ਸੀ, ਮੇਰੇ ਤੱਕ ਪਹੁੰਚਣ ਤੋ ਪਹਿਲਾਂ ਮੇਰੇ ਕਜਨ ਨੇ ਉਹਦੇ ਅੱਗੇ ਲੱਤ ਅੜਾ ਦਿੱਤੀ ਤੇ ਉਹ ਡਿੱਗ ਪਿਆ, ਚਾਕੂ ਉਹਦੇ ਹੱਥੋ ਡਿੱਗ ਚੁੱਕਾ ਸੀ, ਸੰਦੀਪ ਦੇ ਤਿੰਨ ਸਾਥੀ ਇਸ ਕੰਮ ਵਿੱਚ ਉਹਦੇ ਨਾਲ ਨਹੀ ਸਨ, ਲੜਾਈ ਦੇ ਆਸਾਰ ਦੇਖ ਕੇ ਉਹ ਪੱਤਰੇ ਵਾਚ ਗਏ, ਦੋ ਹੋਰ ਪੂਰੇ ਸ਼ਰਾਬੀ ਹੋ ਚੁੱਕੇ ਸਨ ਤੇ ਪੈਰਾਂ ਤੇ ਖੜੇ ਨਹੀ ਸੀ ਹੋ ਸਕਦੇ, ਮੇਰੇ ਸਾਥੀ ਉਹਦੇ ਦੋ ਮਿੱਤਰਾ ਨਾਲ ਗੁੱਥਮ ਗੁੱਥਾ ਹੋ ਚੁੱਕੇ ਸਨ, ਇੱਕ ਨੂੰ ਬਹੁਤੀ ਕੁੱਟ ਪੈ ਚੁੱਕੀ ਸੀ, ਮੈਨੂੰ ਡਰ ਸੀ ਕਿ ਕਿਧਰੇ ਉਸਦੇ ਜਿਆਦਾ ਸੱਟਾਂ ਨਾ ਲੱਗ ਜਾਂਣ, ਮੈ ਉਹਨਾ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਹੁਣ ਤੱਕ ਡਿੱਗਾ ਸੰਦੀਪ ਵੀ ਉਠ ਖੜਿਆ ਸੀ, ਉਹਦਾ ਕਰੋਧ ਮੇਰੇ ਤੇ ਜਿਆਦਾ ਸੀ ਕਿਉਕਿ ਮੈ ਹੀ ਰੰਗ ਵਿੱਚ ਭੰਗ ਪਾਇਆ ਸੀ, ਸੁੰਦਰੀ ਦੇ ਨਾਲ ਦੀ ਕੁੜੀ ਮੌਕਾ ਪਾ ਕੇ ਭੱਜ ਗਈ ਸੀ, ਸੁੰਦਰੀ ਵੀ ਭੱਜ ਸਕਦੀ ਸੀ ਪਰ ਉਹ ਅਪਣੀ ਥਾਂ ਤੋ ਹਿੱਲੀ ਨਹੀ ਸੀ, ਜੜ ਹੋ ਗਈ ਅਪਣੀ ਥਾ ਤੇ, ਸੰਦੀਪ ਨੇ ਕੋਨੇ ਵਿੱਚ ਪਿਆ ਚਾਕੂ ਲੱਭ ਲਿਆ ਤੇ ਚਾਕੂ ਫੜ ਕੇ ਮੇਰੇ ਵੱਲ ਆਹੁਲਿਆ, ਸੁੰਦਰੀ ਦੇਖ ਰਹੀ ਸੀ ਕਿ ਸੰਦੀਪ ਦਾ ਕੀ ਇਰਾਦਾ ਆ, ਇਸ ਤੋ ਪਹਿਲਾ ਕਿ ਸੰਦੀਪ ਮੇਰੀ ਪਿੱਠ ਵਿੱਚ ਚਾਕੂ ਖੋਭਦਾ ਸੁੰਦਰੀ ਚੀਕਦੀ ਹੋਈ ਅੱਗੇ ਆ ਗਈ,
"ਬਚੋ ਬਾਬੂ ਜੀ ਜੀ … ''।
ਜਦੋ ਤੱਕ ਮੈ ਪਿੱਛੇ ਮੁੜ ਕੇ ਦੇਖਿਆ ਸੰਦੀਪ ਦੇ ਚਾਕੂ ਦਾ ਅੱਧਾ ਹਿੱਸਾ ਸੁੰਦਰੀ ਦੇ ਪੇਟ ਵਿੱਚ ਖੁੱਭਿਆ ਪਿਆ ਸੀ, ਤੇ ਲਹੂ ਵਹਿ ਰਿਹਾ ਸੀ, ਸੁੰਦਰੀ ਅਵਾਕ ਜਿਹੀ ਖੜੀ ਰਹਿ ਗਈ, ਇਹ ਸਭ ਇਨੀ ਜਲਦੀ ਵਾਪਰਿਆ ਸੀ ਕਿ ਕਿਸੇ ਨੂੰ ਕੁੱਝ ਸਮਝ ਹੀ ਨਹੀ ਆ ਪਾਈ ਸੀ, ਸੁੰਦਰੀ ਨੇ ਦੋਵਾਂ ਹੱਥਾ ਨਾਲ ਚਾਕੂ ਪੇਟ ਵਿੱਚੋ ਕੱਢ ਕੇ ਸੁੱਟ ਦਿੱਤਾ, ਨਾਲ ਹੀ ਲਹੂ ਦਾ ਫੁਹਾਰਾ ਵਹਿਣ ਲੱਗ ਪਿਆ, ਅਪਣੇ ਵਗਦੇ ਲਹੂ ਨੂੰ ਦੇਖ ਕੇ ਉਹ ਗਸ਼ ਖਾ ਕੇ ਡਿੱਗ ਪਈ, ਹੁਣ ਤੱਕ ਮੇਰਾ ਕਰੋਧ ਸੌ ਡਿਗਰੀ ਤੇ ਪਹੁੰਚ ਚੁੱਕਾ ਸੀ, ਮੈ ਮਾਰ ਮਾਰ ਕੇ ਸੰਦੀਪ ਦਾ ਹੁਲੀਆ ਵਿਗਾੜ ਦਿੱਤਾ ਸੀ, ਮੇਰੇ ਸਾਥੀ ਉਸ ਨੂੰ ਮੇਰੇ ਕੋਲੋ ਛੁਡਾਉਦੇ ਪਰ ਮੈ ਵਾਰ ਵਾਰ ਉਹਦੇ ਤੇ ਹਮਲਾ ਕਰਦਾ,
"ਆਹ ਕੁੜੀ ਨੇ ਮਰ ਜਾਣਾ, ਇਹਨੂੰ ਹਸਪਤਾਲ ਪੁਚਾਈਏ"।
ਅਪਣੇ ਇੱਕ ਸਾਥੀ ਦੀ ਗੱਲ ਸੁਣ ਕੇ ਮੈਨੂੰ ਸੁੰਦਰੀ ਦਾ ਚੇਤਾ ਆਇਆ, ਉਹ ਧਰਤੀ ਤੇ ਬੇਸੁੱਧ ਪਈ ਸੀ, ਲਹੂ ਦਾ ਛੱਪੜ ਲੱਗ ਚੁੱਕਾ ਸੀ, ਮੇਰੇ ਹੋਸ਼ ਕੁੱਝ ਟਿਕਾਣੇ ਆ ਰਹੇ ਸਨ, ਮੈ ਜਲਦੀ ਵਿੱਚ ਸੁੰਦਰੀ ਦਾ ਦੁਪੱਟਾ ਉਹਦੇ ਪੇਟ ਤੇ ਬੰਨ ਕੇ ਲਹੂ ਰੋਕਣ ਦੀ ਕੋਸ਼ਿਸ਼ ਕੀਤੀ, ਅਸੀ ਹਾਲੇ ਉਸਨੂੰ ਹਸਪਤਾਲ ਲਿਜਾਣ ਲਈ ਬਾਹਰ ਲਿਆ ਹੀ ਰਹੇ ਸੀ ਕਿ ਸੁੰਦਰੀ ਦੀ ਭੱਜੀ ਹੋਈ ਸਾਥਣ ਨੇੜੇ ਇੱਕ ਪਹਾੜੀ ਘਰ ਵਾਲਿਆ ਨੂੰ ਬੁਲਾ ਲਿਆਈ, ਉਨਾ ਦੇ ਹੱਥ ਵਿੱਚ ਡੰਡੇ ਫੜੇ ਹੋਏ ਸਨ, ਤੇ ਪਿੱਛੇ ਪਿੰਡ ਨੂੰ ਵੀ ਇੱਕ ਬੰਦੇ ਨੂੰ ਭਜਾ ਦਿੱਤਾ ਸੀ, ਪਹਾੜੀਆ ਦੇ ਮਗਰ ਭੱਜੀਆ ਆਉਦੀਆ ਦੋ ਔਰਤਾਂ ਨੇ ਸੁੰਦਰੀ ਨੂੰ ਸੰਭਾਲ ਲਿਆ ਸੀ, ਅਸੀ ਉਸ ਨੂੰ ਕਾਰ ਵਿੱਚ ਪਾ ਲਿਆ, ਨਾਲ ਦੋ ਪਹਾੜੀ ਬੈਠ ਗਏ ਤੇ ਕਾਰ ਹੁਣ ਹਸਪਤਾਲ ਨੂੰ ਦੌੜ ਰਹੀ ਸੀ, ਸੰਦੀਪ ਦੀ ਰਹਿੰਦੀ ਕਸਰ ਪਹਾੜੀ ਕੱਢ ਰਹੇ ਸਨ, ਉਹਦੇ ਕੱਪੜੇ ਪਾੜ ਦਿੱਤੇ ਸੀ, ਸਾਰੇ ਸਰੀਰ ਵਿੱਚੋ ਲਹੂ ਨਿਕਲ ਰਿਹਾ ਸੀ, ਹੋਟਲ ਦੇ ਬੰਦ ਕਰਮਚਾਰੀ ਹੁਣ ਤੱਕ ਬਾਹਰ ਆ ਚੁੱਕੇ ਸਨ ਤੇ ਉਹ ਸੰਦੀਪ ਦੇ ਤੇ ਉਹਦੇ ਸਾਥੀਆ ਦੀ ਧੁਲਾਈ ਕਰ ਰਹੇ ਸਨ, ਸੁੰਦਰੀ ਦੀ ਸਾਥਣ ਨੇ ਪਹਾੜੀਆ ਨੂੰ ਸਾਡੇ ਬਾਰੇ ਦੱਸ ਦਿੱਤਾ ਸੀ ਕਿ ਅਸੀ ਲਫੰਗਿਆ ਵਿੱਚ ਸ਼ਾਮਿਲ ਨਹੀ ਸੀ, …
ਹੁਣ ਤੱਕ ਪਿੰਡ ਤੋ ਸੁੰਦਰੀ ਦੇ ਘਰਦੇ ਤੇ ਹੋਰ ਲੋਕ ਆ ਗਏ ਸਨ, ਕਿਸੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ ਸੀ, ਵੀਹ ਕੁ ਮਿੰਟ ਤੱਕ ਪੁਲੀਸ ਵੀ ਆ ਗਈ, ਸਾਨੂੰ ਸਾਰਿਆ ਨੂੰ ਪੁਲੀਸ ਸ਼ਟੇਸ਼ਨ ਤੋਰ ਲਿਆ, ਸੰਦੀਪ ਤੇ ਉਹਦੇ ਦੋ ਸਾਥੀ ਜੋ ਬਹੁਤੀ ਕੁੱਟ ਖਾ ਚੁੱਕੇ ਸਨ ਉਹ ਵੀ ਹਸਪਤਾਲ ਪਹੁੰਚਾ ਦਿੱਤੇ ਗਏ, ਅਸੀ ਸਾਰੇ ਹਿਰਾਸਤ ਵਿੱਚ ਸੀ, ਸਾਰਿਆ ਦੇ ਬਿਆਨ ਸਵੇਰੇ ਹੋਣੇ ਸਨ, ਰਾਤ ਸਭ ਦੀ ਥਾਣੇ ਬੀਤੀ ਤੇ ਦੂਜੇ ਦਿਨ ਸਵੇਰੇ ਸਾਰਿਆ ਦੇ ਬਿਆਨ ਹੋਏ, ਮੈ ਘਰ ਫੋਨ ਨਹੀ ਸੀ ਕੀਤਾ, ਮੈ ਜਾਣਦਾ ਸੀ ਕਿ ਸੁੰਦਰੀ ਤੇ ਦੂਜੀ ਕੁੜੀ ਦੇ ਬਿਆਨ ਸਾਡੇ ਹੱਕ ਵਿੱਚ ਸਨ, ਇਵੇ ਹੀ ਹੋਇਆ, ਦੋਸ਼ੀ ਥਾਣੇ ਦੇ ਅੰਦਰ ਰਹੇ ਤੇ ਅਸੀ ਥਾਣਿਓ ਬਾਹਰ … ।।
"ਵੀਰੇ ਉਹ ਸੁੰਦਰੀ ਦਾ ਪਤਾ ਨਹੀ ਕੀ ਹਾਲ ਹੋਣਾ"।
ਮੇਰੇ ਕਜਨ ਨੇ ਕਿਹਾ, ਅਸੀ ਹਸਪਤਾਲ ਨੂੰ ਤੁਰ ਪਏ, ਸੁੰਦਰੀ ਦਾ ਲਹੂ ਭਾਵੇ ਕਾਫੀ ਵਹਿ ਚੁੱਕਾ ਸੀ ਪਰ ਫਿਰ ਵੀ ਹੁਣ ਉਹ ਹੋਸ਼ ਵਿੱਚ ਸੀ, ਹੋਰ ਲਹੂ ਚੜਾਇਆ ਗਿਆ ਸੀ, ਸੁੰਦਰੀ ਦੇ ਘਰਦੇ ਉਹਦੇ ਤੋ ਸਭ ਜਾਣ ਚੁੱਕੇ ਸਨ, ਸਾਨੂੰ ਦੇਖਦੇ ਹੀ ਉਹ ਸਮਝ ਗਏ ਕਿ ਅਸੀ ਕੌਣ ਸਾਂ, ਮੈ ਇਹ ਨਹੀ ਸੀ ਭੁੱਲ ਸਕਦਾ ਕਿ ਉਸ ਬਹਾਦੁਰ ਕੁੜੀ ਨੇ ਮੇਰੀ ਪਿੱਠ ਵਿੱਚ ਵੱਜਦਾ ਚਾਕੂ ਅਪਣੇ ਸਰੀਰ ਤੇ ਝੱਲਿਆ, ਮੈ ਉਹਦਾ ਅਹਿਸਾਂਨ ਮੰਦ ਸਾਂ, ਸੁੰਦਰੀ ਮੈਨੂੰ ਦੇਖ ਕੇ ਮੁਸਕਰਾ ਪਈ, ਉਹਦਾ ਬਿਮਾਰ ਚਿਹਰਾ ਵੀ ਬਹੁਤ ਸੋਹਣਾ ਲੱਗਦਾ ਸੀ
"ਬਹੁਤ ਸ਼ੁਕਰੀਆ, ਮੇਰੇ ਲੀਏ ਆਪ ਖੁਦ ਜਖਮੀ ਹੋ ਗਈ"।
ਮੈ ਸੁੰਦਰੀ ਨੂੰ ਕਿਹਾ।
"ਆਪ ਕੇ ਲੀਏ ਮਰ ਭੀ ਜਾਤੀ ਤੋ ਕੋਈ ਅਫਸੋਸ ਨਹੀ ਥਾ, ਆਪ ਹੀ ਕੀ ਬਦੋਲਤ ਤੋ ਅਬ ਤੱਕ ਜਿੰਦਾ ਹੂੰ, ਵਰਨਾ ਵੋ ਕਮੀਨੇ ਪਤਾ ਨਹੀ ਕਿਆ ਕਿਆ ਕਰਤੇ"।ਸੁੰਦਰੀ ਮੇਰਾ ਧੰਨਵਾਦ ਕਰ ਰਹੀ ਸੀ।
"ਮੈਨੇ ਤੋ ਸੋਚਾ ਆਪ ਨਹੀ ਆਏਗੇ"।
ਸੁੰਦਰੀ ਇਹ ਸੋਚ ਰਹੀ ਸੀ ਕਿ ਮੈ ਉਸ ਨੂੰ ਦੇਖਣ ਆਵਾਗਾ ਕਿ ਨਹੀ, ਅਸੀ ਗੱਲਾਂ ਕਰ ਹੀ ਰਹੇ ਸੀ ਕਿ ਹਸਪਤਾਲ ਦਾ ਡਾਕਟਰ ਆ ਗਿਆ … ।
"ਆਪ ਕੀ ਤਾਰੀਫ ?"
ਡਾਕਟਰ ਨੇ ਪੁੱਛਿਆ।
"ਮੈ ਹਰਮਿੰਦਰ ਫਰੋਮ ਚੰਡੀਗੜ, ਏਕ ਦੋਸਤ"।
ਮੈਨੂੰ ਸੁੱਝਿਆ ਨਹੀ ਸੀ ਕਿ ਮੈ ਸੁੰਦਰੀ ਨਾਲ ਕਿਹੜਾ ਰਿਸ਼ਤਾ ਦੱਸਾਂ, ਦੋਸਤ ਸੁਣ ਕੇ ਸੁੰਦਰੀ ਦਾ ਚਿਹਰਾ ਹੋਰ ਖਿੜ ਗਿਆ।
"ਦੇਖੀਏ, ਯਹਾ ਸਰਕਾਰੀ ਹਸਪਤਾਲ ਮੇਂ ਔਰ ਕੁੱਝ ਕੀਆ ਨਹੀ ਜਾ ਸਕਤਾ, ਲੜਕੀ ਬਚ ਗਈ ਹੈ ਲੇਕਿਨ ਅੱਛਾ ਹੋ ਅਗਰ ਯੇ ਕਿਸੀ ਪਰਾਈਵੇਟ ਕਲੀਨਿਕ ਮੇ ਟਰਾਂਸਫਰ ਹੋ ਜਾਏ, ਮੁਝੇ ਨਹੀ ਲਗਤਾ ਕਿ ਯੇ ਅਫੋਰਡ ਕਰ ਪਾਏਗੇ"।
ਡਾਕਟਰ ਸੁੰਦਰੀ ਦੇ ਘਰਦਿਆ ਤੋ ਸਮਝ ਗਿਆ ਸੀ ਕਿ ਗਰੀਬ ਲੋਕ ਹਨ, ਸਰਕਾਰੀ ਹਸਪਤਾਲ ਵਿੱਚ ਇਲਾਜ ਕਿਵੇ ਹੁੰਦੇ ਆ ਕਿਸੇ ਨੂੰ ਭੁੱਲਿਆ ਨਹੀ।
ਮੈ ਸੁੰਦਰੀ ਦੇ ਘਰਦਿਆ ਨਾਲ ਗੱਲ ਕਰ ਕੇ ਉਸ ਨੂੰ ਹੋਰ ਕਲੀਨਿਕ ਵਿੱਚ ਲੈ ਗਿਆ ਤੇ ਖਰਚ ਆਪ ਕਰਨ ਦੀ ਪੇਸ਼ਕਸ਼ ਕੀਤੀ, ਕੁੱਝ ਨਾਹ ਨੁਕਰ ਕਰਨ ਤੋ ਬਾਅਦ ਸੁੰਦਰੀ ਦੇ ਘਰਦੇ ਮੰਨ ਗਏ, ਅਸੀ ਜਦੋ ਕਾਰ ਵਿੱਚ ਕਲੀਨਿਕ ਜਾ ਰਹੇ ਸਾਂ ਤਾ ਸੁੰਦਰੀ ਦੀ ਨਜਰ ਵਾਰ ਵਾਰ ਮੇਰੇ ਨਾਲ ਟਕਰਾ ਜਾਂਦੀ ਸੀ, ਅਸੀ ਦੋਵੇ ਸ਼ਰਮਾ ਕੇ ਇਧਰ ਉਧਰ ਦੇਖਣ ਲੱਗ ਪੈਦੇ ਸਾਂ, ਮੈ ਘਰ ਫੋਨ ਕਰਕੇ ਕੁੱਝ ਦਿਨ ਹੋਰ ਰਹਿਣ ਦੀ ਇਜਾਜਤ ਲੈ ਲਈ ਸੀ ਪਰ ਅਸਲੀ ਗੱਲ ਨਹੀ ਸੀ ਦੱਸੀ, ਇੱਕ ਹਫਤੇ ਬਾਅਦ ਸੁੰਦਰੀ ਨੂੰ ਛੁੱਟੀ ਮਿਲ ਗਈ ਸੀ, ਅਸੀ ਰੋਜ ਦੋ ਵਾਰ ਉਸ ਨੂੰ ਦੇਖਣ ਜਾਦੇ ਸਾਂ, ਬਹੁਤ ਘੁਲ ਮਿਲ ਚੁੱਕੇ ਸਾਂ ਆਪਸ ਵਿੱਚ, ਸੁੰਦਰੀ ਦੇ ਘਰਦੇ ਤਾਂ ਸਾਡੀ ਬਹੁਤ ਇਜਤ ਕਰਦੇ ਸਨ, ਅਸੀ ਸੁੰਦਰੀ ਨੂੰ ਛੱਡ ਕੇ ਜਾਣ ਲਈ ਤਿਆਰ ਹੋਏ ਸਾ ਕਿ ਸੁੰਦਰੀ ਕਹਿਣ ਲੱਗੀ … ।
"ਬਾਬੂ ਜੀ, ਫਿਰ ਕਭੀ ਆਏਗੇ ?"
ਕਿੰਨੀ ਵੱਡੀ ਬੇਨਤੀ ਉਹਦੇ ਮਾਸੂਮ ਜਿਹੇ ਚੇਹਰੇ ਤੇ ਲਿਖੀ ਪਈ ਸੀ,
"ਜਰੂਰ ਆਏਗੇ, ਜਬ ਤੁਮ ਕਭੀ ਚੰਡੀਗੜ ਆਓ ਤੋ ਹਮੇ ਮਿਲਨਾ"।
ਮੈ ਹੋਰ ਕੁੱਝ ਨਾ ਕਹਿ ਸਕਿਆ।
"ਹਮ ਗਰੀਬ ਚੰਡੀਗੜ ਕਿਆ ਕਰਨੇ ਜਾਏਗੇ ਬਾਬੂ ਜੀ"।
ਤੇ ਨਾਲ ਹੀ ਉਹਦਾ ਚਿਹਰਾ ਉਦਾਸ ਹੋ ਗਿਆ, ਮੈਨੂੰ ਧੱਕਾ ਜਿਹਾ ਲੱਗਾ ਪਰ ਮੈ ਕੁੱਝ ਹੋਰ ਨਾ ਕਰ ਸਕਿਆ, ਅਸੀ ਵਾਪਿਸ ਆ ਗਏ, ਰਾਹ ਵਿੱਚ ਆਉਦੇ ਹੀ ਮੇਰਾ ਦਿਲ ਫਿਰ ਵਾਪਿਸ ਜਾਂਣ ਨੂੰ ਕਰਦਾ ਸੀ, ਸੁੰਦਰੀ ਦਾ ਸੁੰਦਰ ਚੇਹਰਾ ਹਰ ਪਾਸੇ ਉਦਾਸ ਜਿਹਾ ਨਜਰ ਆਉਦਾ ਸੀ, ਮੈ ਤਿੰਨ ਕੁ ਦਿਨ ਬਾਅਦ ਫਿਰ ਅਪਣੇ ਕਜਨ ਨੂੰ ਲੈ ਕੇ ਸ਼ਿਮਲੇ ਰਵਾਨਾ ਹੋ ਗਿਆ, ਘਰ ਬਹਾਨਾ ਇਹ ਲਾਇਆ ਸੀ ਕਿ ਉਥੇ ਇੱਕ ਦੋਸਤ ਬਣ ਗਿਆ ਹੈ ਤੇ ਉਸ ਨੇ ਜਨਮ ਦਿਨ ਤੇ ਸੱਦਿਆ ਹੈ,ਹੁਣ ਸੁੰਦਰੀ ਨੂੰ ਮਿਲਣ ਕਿਵੇ ਜਾਵਾ ? ਕੀ ਕਹਾ ਕਿ ਕਿਉ ਆਇਆ ? ਕਜਨ ਦੀ ਸਲਾਹ ਤੇ ਅਸੀ ਉਸੇ ਹੋਟਲ ਜਾ ਉਤਾਰਾ ਕੀਤਾ, ਦੂਜੀ ਵੇਟਰ ਕੁੜੀ ਵੀ ਕੰਮ ਤੇ ਨਹੀ ਸੀ, ਪਰ ਹੋਟਲ ਵਾਲੇ ਸਾਨੂੰ ਦੇਖ ਕੇ ਬੜੇ ਖੁਸ਼ ਹੋਏ, ਸ਼ਾਮ ਤੱਕ ਉਨਾ ਨੇ ਪਿੰਡ ਜਾ ਕੇ ਦੱਸ ਦਿੱਤਾ ਸੀ ਕਿ ਚੰਡੀਗੜ ਵਾਲਾ ਬਾਬੂ ਫਿਰ ਆਇਆ ਪਿਆ, ਦੂਜੀ ਸਵੇਰ ਤੜਕੇ ਹੀ ਸੁੰਦਰੀ ਦੇ ਮਾ ਪਿਓ ਬੂਹੇ ਬਾਹਰ ਖੜੇ ਸਨ …
"ਆਪ ਹੋਟਲ ਮੇ ਕਿਓ ਠਹਿਰੇ ਹੈਂ ਹਮਾਰੇ ਯਹਾ ਪਧਾਰੇ"।
ਉਹ ਮਹਿਮਾਨ ਨਿਵਾਜੀ ਲਈ ਕਹਿ ਰਹੇ ਸਨ, ਅੰਨਾ ਕੀ ਭਾਲੇ ਦੋ ਅੱਖਾਂ ? ਅਸੀ ਥੋੜੀ ਬਹੁਤ ਨਾਹ ਨੁਕਰ ਕਰ ਕੇ ਉਨਾ ਦੇ ਪਿੰਡ ਜਾਣਾ ਮੰਨ ਗਏ, ਸੁੰਦਰੀ ਜਿਵੇ ਉਡੀਕ ਹੀ ਰਹੀ ਸੀ, ਘਰ ਛੋਟਾ ਜਿਹਾ ਸੀ ਪਰ ਸਾਫ ਸੁਥਰਾ, ਇੱਕ ਕਮਰੇ ਵਿੱਚ ਸਾਡਾ ਸਮਾਨ ਰੱਖ ਦਿੱਤਾ ਗਿਆ, ਅਸੀ ਚਾਰ ਦਿਨ ਰਹੇ ਸਾਂ, ਇਨਾ ਚਾਰ ਦਿਨਾ ਵਿੱਚ ਮੈ ਤੇ ਸੁੰਦਰੀ ਇਨਾ ਨੇੜੇ ਆ ਗਏ ਸਾਂ ਕਿ ਦੂਰ ਹੋਣਾ ਮੁਸ਼ਕਿਲ ਹੋ ਗਿਆ ਸੀ, ਹੁਣ ਫੇਰ ਵਾਪਿਸ ਮੁੜਨਾ ਪੈਣਾ ਸੀ, ਸੁੰਦਰੀ ਦੇ ਹੰਝੂ ਰੋਕੇ ਨਹੀ ਸੀ ਰੁਕਦੇ, ਪਰ ਘਰ ਆਉਣਾ ਹੀ ਸੀ, ਮੁੜ ਛੇਤੀ ਆਉਣ ਦਾ ਵਾਅਦਾ ਕਰ ਕੇ ਮੈ ਵਾਪਿਸ ਆਗਿਆ … ।
ਹੁਣ ਆਏ ਦਿਨ ਮੈ ਬਹਾਨੇ ਬਣਾ ਕੇ ਸ਼ਿਮਲੇ ਚਲੇ ਜਾਦਾ, ਘਰ ਦੇ ਮੇਰੀ ਅਵਾਰਾਗਰਦੀ ਤੋ ਤੰਗ ਆ ਗਏ ਸਨ, ਇੱਕ ਦਿਨ ਸਭ ਨੇ ਕਜਨ ਨੂੰ ਮਜਬੂਰ ਕਰਕੇ ਸੱਚ ਜਾਣ ਲਿਆ, ਤੇ ਉਸ ਦਿਨ ਤੋ ਮੇਰਾ ਸ਼ਿਮਲੇ ਜਾਣਾ ਬੰਦ, ਇੱਕ ਮਹੀਨਾ ਨਹੀ ਜਾ ਸਕਿਆ, ਸੁੰਦਰੀ ਦਾ ਫੋਨ ਆ ਗਿਆ, ਕੁਦਰਤੀ ਮੈ ਚੁੱਕਿਆ, ਉਹ ਦੂਰ ਨਹੀ ਸੀ ਰਹਿਣਾ ਚਾਹੁੰਦੀ, ਮੈ ਘਰ ਦਿਆ ਨੂੰ ਬਿਨਾ ਦੱਸੇ ਚਲੇ ਗਿਆ, ਤੀਜੇ ਦਿਨ ਘਰਦੇ ਮੇਰੇ ਕਜਨ ਨੂੰ ਨਾਲ ਲੈ ਕੇ ਸੁੰਦਰੀ ਦੇ ਘਰ ਪਹੁੰਚ ਗਏ, ਘਰਦਿਆ ਨੇ ਸੁੰਦਰੀ ਦੀ ਤੇ ਉਹਦੇ ਘਰਦਿਆ ਦੀ ਬੇਇਜਤੀ ਕਰਨ ਦੀ ਕੋਸ਼ਿਸ਼ ਕੀਤੀ ਤਾ ਮੈ ਘਰਦਿਆ ਨਾਲ ਲੜ ਪਿਆ, ਫਿਰ ਮੈਨੂੰ ਸਮਝਾ ਬੁਝਾ ਕੇ ਉਹ ਵਾਪਿਸ ਲੈ ਆਏ ਤੇ ਆਉਦੇ ਹੀ ਸੋਹਣੀਆ ਸੋਹਣੀਆ ਕੁੜੀਆ ਦਿਖਾ ਕੇ ਮੇਰੇ ਤੇ ਵਿਆਹ ਦਾ ਜੋਰ ਪਾਉਣ ਲੱਗ ਪਏ, ਵੈਸੇ ਤਾ ਕਹਾਣੀ ਬਹੁਤ ਲੰਬੀ ਆ ਪਰ ਸ਼ਾਰਟ ਵਿੱਚ ਦੱਸਦਾ ਹਾਂ, ਵੱਡੇ ਵੱਡੇ ਘਰਾਣਿਆ ਦੀਆ ਕੁੜੀਆ ਨੂੰ ਰੀਜੈਕਟ ਕਰਦੇ ਕਰਦੇ ਮੈ ਥੱਕ ਗਿਆ ਸੀ, ਇੱਕ ਦਿਨ ਅਚਾਨਕ ਪਰੇਮ ਦਾ ਹੜ ਮਨ ਵਿੱਚ ਆਇਆ ਤੇ ਮੈਂ ਸੁੰਦਰੀ ਦੇ ਘਰ ਜਾ ਕੇ ਉਹਦੇ ਘਰਦਿਆ ਦੀ ਮਰਜੀ ਨਾਲ ਮੰਦਰ ਵਿੱਚ ਸੁੰਦਰੀ ਨਾਲ ਵਿਆਹ ਕਰ ਲਿਆ, ਹੁਣ ਘਰਦੇ ਪਿੱਟ ਕੇ ਰਹਿ ਗਏ, ਕੁੱਝ ਨਹੀ ਸੀ ਹੋ ਸਕਦਾ, ਮੈ ਬਾਗੀ ਹੋ ਗਿਆ ਸੀ, ਭਾਪਾ ਜੀ ਕਿਸੇ ਪਹਾੜੀ ਲੜਕੀ ਨੂੰ ਨੂੰਹ ਮੰਨਣ ਤੋ ਇਨਕਾਰੀ ਸੀ, ਉਹਨਾ ਹਰ ਤਰੀਕਾ ਵਰਤਿਆ, ਮੈ ਟੱਸ ਤੋ ਮੱਸ ਨਾ ਹੋਇਆ ਤਾ ਫਿਰ ਸਿਆਸੀ ਬੰਦੇ ਨੇ ਸਿਆਸੀ ਚਾਲ ਖੇਡੀ, ਚੰਡੀਗੜ ਵਿੱਚ ਇੱਕ ਹੋਰ ਕੋਠੀ ਖਰੀਦ ਕੇ ਮੈਨੂੰ ਤੇ ਸੁੰਦਰੀ ਨੂੰ ਉਥੇ ਰਹਿਣ ਦੀ ਇਜਾਜਤ ਦੇ ਦਿੱਤੀ, ਸਾਡਾ ਖੂਬਸੂਰਤ ਜੀਵਨ ਸ਼ੁਰੂ ਹੋ ਗਿਆ, ਸਭ ਖੁਸ਼ ਸਨ, ਸਿਵਾਏ ਭਾਪਾ ਜੀ ਦੇ, ਤਿੰਨ ਕੁ ਮਹੀਨੇ ਬਾਅਦ ਪਤਾ ਲੱਗਾ ਕਿ ਸੁੰਦਰੀ ਗਰਭਵਤੀ ਆ, ਹੁਣ ਬਹੁਤ ਹੋ ਚੁੱਕਿਆ ਸੀ, ਭਾਪਾ ਜੀ ਹੋਰ ਬਰਦਾਸ਼ਤ ਨਹੀ ਸੀ ਕਰ ਸਕਦੇ, ਇੱਕ ਦਿਨ ਡਾਕਟਰ ਕੋਲੋ ਚੈਕਅੱਪ ਕਰਾ ਕੇ ਆ ਰਹੀ ਸੁੰਦਰੀ ਵਿੱਚ ਕਿਸੇ ਨੇ ਕਾਰ ਲਿਆ ਮਾਰੀ ਤੇ ਫਰਾਰ ਹੋ ਗਿਆ,
ਸੁੰਦਰੀ, ਤੇ … ਮੇ ਰੀ ਬੱਚੀ ਜਾ ਬੱਚਾ, ਦੋਵੇ ਬਹੁਤ ਦੂਰ ਚਲੇ ਗਏ, ਮੈ ਵੀ ਉਥੇ ਜਾਣਾ ਚਾਹਿਆ ਪਰ ਮੈਨੂੰ ਜਾਣ ਨਹੀ ਦਿੱਤਾ ਗਿਆ, … ।।"
ਦੀਪੀ ਦਾ ਕਲੇਜਾ ਮੂੰਹ ਨੂੰ ਆ ਰਿਹਾ ਸੀ, ਹਰਮਿੰਦਰ ਦੱਸਦਾ ਰੁਕ ਗਿਆ, ਉਹਦੇ ਬੋਲ ਸਾਥ ਨਹੀ ਸੀ ਦੇ ਰਹੇ, ਕੁੜੀਆ ਵਾਗ ਡੁਸਕ ਡੁਸਕ ਕੇ ਰੋ ਰਿਹਾ ਸੀ, ਦੀਪੀ ਨੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਰੱਖਿਆ ਸੀ, ਇਹ ਕੈਸੀ ਸੁਹਾਗ ਰਾਤ ਸੀ ? ਕੀ ਸੋਚ ਕੇ ਆਈ ਸੀ ਤੇ ਕੀ ਸੁਣ ਰਹੀ ? ਦੀਪੀ ਸਮਝਦੀ ਸੀ ਕਿ ਸਿਰਫ ਦੇਬੀ ਤੇ ਉਹਦੇ ਨਾਲ ਹੀ ਬੇਇਨਸਾਫੀ ਹੋਈ ਆ, ਪਰ ਏਥੇ ਹੋਰ ਵੀ ਮਜਲੂਮ ਬੈਠੇ ਨੇ ਜਿਨਾ ਦਾ ਗਮ ਉਸ ਤੋ ਵੀ ਜਿਆਦਾ ਸੀ।
"ਮੈ ਜਾਣਦਾ ਆ ਕਿ ਇਹ ਐਕਸੀਡੈਂਟ ਨਹੀ ਸੀ, ਇੱਕ ਜਾਲਮ ਨੇ ਅਪਣੀ ਫੋਕੀ ਸ਼ਾਨ ਕਾਇਮ ਰੱਖਣ ਲਈ ਅਪਣੀ ਨੂੰਹ ਤੇ ਅਪਣੀ ਪੋਤੀ ਜਾ ਪੋਤੇ ਦਾ ਕਤਲ ਕਰਵਾਇਆ ਸੀ, ਇਸ ਗੱਲ ਦਾ ਕੋਈ ਸਬੂਤ ਨਹੀ ਪਰ ਮੇਰਾ ਦਿਲ ਗਵਾਹੀ ਭਰਦਾ, ਸੁੰਦਰੀ ਦੇ ਜਾਣ ਤੋ ਬਾਅਦ ਦੋ ਮਹੀਨੇ ਵੀ ਨਹੀ ਸੀ ਗੁਜਰੇ ਕਿ ਮੇਰੇ ਤੇ ਦੂਜੇ ਵਿਆਹ ਦਾ ਦਬਾਅ ਪੈਣਾ ਸ਼ੁਰੂ ਹੋ ਗਿਆ, ਮੈ ਨਹੀ ਮੰਨਿਆ, ਇੱਕ ਦਿਨ ਤਾ ਮੇਰੇ ਸਿਰ ਤੇ ਪਸਤੌਲ ਦੀ ਨੋਕ ਵੀ ਰੱਖ ਦਿੱਤੀ ਗਈ ਤੇ ਐਸੇ ਬੇਹੱਯਾਈ ਦੇ ਸ਼ਬਦ ਮੇਰੇ ਕੰਨੀ ਪੈਦੇ ਰਹੇ ਕਿ,
"ਨਾਮਰਦਾ ਇੱਕ ਵਾਰ ਕਿਸੇ ਚੱਜ ਦੀ ਕੁੜੀ ਨੂੰ ਗੱਭਣ ਕਰਦੇ ਫੇਰ ਭਾਵੇ ਜਿੱਥੇ ਮਰਜੀ ਦਫਾ ਹੋਜੀ ''
ਭਾਪਾ ਜੀ ਨੂੰ ਇੱਕ ਵਾਰਿਸ ਦੀ ਲੋੜ ਸੀ, ਸਭ ਨੂੰ ਲਗਦਾ ਸੀ ਕਿ ਮੈ ਦੁਬਾਰਾ ਵਿਆਹ ਨਹੀ ਕਰਵਾਵਾਗਾ ਅਤੇ ਐਸਾ ਹੋਣਾ ਵੀ ਨਹੀ ਸੀ ਜੇ ਮੈ ਅਚਾਕਨ ਤੈਨੂੰ ਨਾ ਦੇਖਿਆ ਹੁੰਦਾ ''।
ਹਰਮਿੰਦਰ ਰੁਕਿਆ।
"ਅਚਾਨਕ ? ਤੁਹਾਨੂੰ ਪਤਾ ਨਹੀ ਸੀ ਕਿ ਤੁਸੀ ਮੈਨੂੰ ਦੇਖਣ ਆ ਰਹੇ ਓ ?"
ਦੀਪੀ ਹੈਰਾਨ ਸੀ।
"ਮੈਨੂੰ ਘਰੋ ਸਿਰਫ ਕਿਸੇ ਦੋਸਤ ਨੂੰ ਮਿਲਣ ਜਾਣ ਲਈ ਨਾਲ ਲੈ ਆਦਾ ਸੀ, ਜਦ ਤੇਰੇ ਘਰ ਆ ਕੇ ਤੈਨੂੰ ਦੇਖਿਆ, ਮੈਨੂੰ ਲੱਗਾ ਜਿਵੇ ਮੇਰੀ ਸੁੰਦਰੀ ਬੈਠੀ ਹੋਵੇ, ਸਿਰਫ ਰੰਗ ਦਾ ਕੁੱਝ ਫਰਕ ਬਾਕੀ ਸਭ ਕੁੱਝ ਸੁੰਦਰੀ ਵਰਗਾ, ਸੁੰਦਰੀ ਨੂੰ ਤਾ ਮੈ ਹੱਥੀ ਚਿਤਾ ਵਿੱਚ ਪਾਇਆ ਸੀ, ਪਰ ਤੂੰ ਉਹਦੀ ਕੋਈ ਜੁੜਵਾ ਭੈਣ ਲਗਦੀ ਸੀ, ਘਰ ਆ ਕੇ ਮੈਨੂੰ ਪੁੱਛਿਆ ਗਿਆ ਕਿ ਇਸ ਕੁੜੀ ਨਾਲ ਵਿਆਹ ਕਰਵਾਏਗਾ ? ਮੈ ਕਿਹਾ ਮੈ ਸੁੰਦਰੀ ਨੂੰ ਪੁੱਛ ਕੇ ਦੱਸਾਗਾ"।
"ਸੁੰਦਰੀ ਨੂੰ ਪੁੱਛ ਕੇ ?"
ਦੀਪੀ ਹੈਰਾਨ ਰਹਿ ਗਈ ਇਸ ਗੱਲ ਤੇ।
"ਸੁੰਦਰੀ ਹਰ ਪਲ ਮੇਰੇ ਨਾਲ ਹੈ, ਹਰ ਪਲ ਉਦਾਸ ਜਿਹਾ ਚਿਹਰਾ ਹੁੰਦਾ ਹੈ ਉਸਦਾ, ਜਿਸ ਦਿਨ ਮੈ ਜਿਆਦਾ ਉਦਾਸ ਹੋਵਾ ਉਹ ਵੀ ਉਦਾਸ ਹੁੰਦੀ ਆ, ਮੇਰਾ ਇਹ ਵਿਸ਼ਵਾਸ਼ ਆ ਕਿ ਉਹਦੀ ਰੂਹ ਹੁਣ ਸਾਨੂੰ ਦੇਖ ਤੇ ਸੁਣ ਰਹੀ ਆ, ਜਿਸ ਦਿਨ ਮੈ ਤੈਨੂੰ ਦੇਖ ਕੇ ਆਇਆ ਸੀ ਉਸ ਦਿਨ ਤੋ ਲੈ ਕੇ ਅੱਜ ਤੱਕ ਉਹਦਾ ਚਿਹਰਾ ਹੱਸਦਾ ਨਜਰ ਆਉਦਾ, ਮੇਰੇ ਲਈ ਇਹ ਸੰਕੇਤ ਹੈ ਕਿ ਸੁੰਦਰੀ ਇਸ ਗੱਲ ਵਿੱਚ ਖੁਸ਼ ਆ, ਉਹ ਮੈਨੂੰ ਖੁਸ਼ ਦੇਖਣਾ ਚਾਹੁੰਦੀ ਆ, ਹੁਣ ਉਹ ਤਾ ਖੁਸ਼ ਹੈ ਪਰ ਮੇਰੇ ਅੱਗੇ ਇੱਕ ਹੋਰ ਮੁਸ਼ਕਿਲ ਆ ਖੜੀ ਹੋਈ ਆ"।
ਹਰਮਿੰਦਰ ਸਾਹ ਲੈਣ ਲਈ ਰੁਕਿਆ।
"ਉਹ ਕੀ ? ਦੀਪੀ ਨੇ ਪੁੱਛਿਆ।
"ਮੇਰੇ ਲਈ ਸੁੰਦਰੀ ਤੋ ਬਿਨਾ ਕਿਸੇ ਹੋਰ ਨਾਲ ਹਮਬਿਸਤਰ ਹੋਣਾ, ਇਸ ਵਾਸਤੇ ਹਾਲੇ ਮੈ ਤਿਆਰ ਨਹੀ ਤੇ ਅਧੂਰੀ ਸੁਹਾਗ ਰਾਤ ਮੈ ਅਪਣੇ ਯਾਰ ਨੂੰ ਭੇਟ ਨਹੀ ਕਰ ਸਕਦਾ, ਪਰ ਏਹ ਤੇਰਾ ਦੋਸ਼ ਨਹੀ ਦੀਪ, ਹੁਣ ਮੈਨੂੰ ਲਗਦਾ ਕਿ ਤੇਰੇ ਨਾਲ ਮੇਰੇ ਕੋਲੋ ਬੇਇਨਸਾਫੀ ਹੋ ਰਹੀ ਆ, ਜੇ ਤੈਨੂੰ ਇਹ ਲੱਗੇ ਕਿ ਮੈ ਤੈਨੂੰ ਪਰੇਮ ਨਹੀ ਦੇ ਪਾਇਆ ਜਾ ਦੇ ਰਿਹਾ ਤਾ ਇਸ ਗੱਲ ਲਈ ਸਿਵਾਏ ਤੇਰੇ ਤੋ ਮਾਫੀ ਮੰਗਣ ਦੇ ਮੈ ਹੋਰ ਕੁੱਝ ਨਹੀ ਕਰ ਸਕਦਾ, ਪਤਾ ਨਹੀ ਹਾਲੇ ਮੈਨੂੰ ਕਿੰਨਾ ਕੁ ਸਮਾ ਚਾਹੀਦਾ ਹੈ, ਕੁੱਝ ਦੇਰ ਉਡੀਕ ਸਕੇਗੀ ?"
ਹਰਮਿੰਦਰ ਦੀਪੀ ਦੇ ਅੱਗੇ ਝੁਕਿਆ ਪਿਆ ਸੀ।
"ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਤੁਸੀ ਆਮ ਮਰਦਾ ਵਰਗੇ ਭੁੱਖੇ ਜਿਹੇ ਤੇ ਬੇਵਫਾ ਨਹੀ ਹੋ, ਜੇ ਸੁੰਦਰੀ ਨੂੰ ਪਿਆਰ ਕੀਤਾ ਹੈ ਤਾ ਉਸ ਨੂੰ ਨਿਭਾਓ, ਮੈਨੂੰ ਜਿੰਨਾ ਚਿਰ ਕਹੋਗੇ ਉਡੀਕ ਸਕਦੀ ਆ"। ਦੀਪੀ ਦੇ ਮਨ ਦੀ ਹੋ ਗਈ ਸੀ, ਹਰਮਿੰਦਰ ਦੇ ਸਿਰ ਤੋ ਬੋਝ ਲੱਥ ਗਿਆ ਸੀ, ਇੱਕ ਦੁਖਦਾਇਕ ਵਿਆਹ ਦਾ ਸੁਖਦਾਇਕ ਨਤੀਜਾ ਨਿਕਲਿਆ ਸੀ, ਐਮ ਐਲ ਏ ਵੀ ਬੱਕਰੇ ਬੁਲਾ ਰਿਹਾ ਸੀ, ਹੁਣ ਉਸ ਨੂੰ ਵਾਰਿਸ ਮਿਲ ਜਾਵੇਗਾ, ਉਹਦਾ ਅਪਣਾ ਖੂਨ, ਸੁੰਦਰੀ ਦੇ ਪੇਟ ਵਿੱਚ ਪਲਦਾ ਉਸਦਾ ਅਪਣਾ ਖੂਨ ਉਸ ਨੂੰ ਸ਼ੁੱਧ ਨਹੀ ਸੀ ਲਗਦਾ, ਇਥੇ ਵੀ ਉਸ ਨੇ ਸਿਆਸਤ ਵਾਂਗ ਚਾਲ ਖੇਡੀ ਸੀ ਤੇ ਅਪਣੀ ਵਿਰੋਧੀ ਸੁੰਦਰੀ ਨੂੰ ਪਾਰ ਬੁਲਾ ਦਿੱਤਾ ਸੀ, ਕੀ ਹੋਇਆ ਜੇ ਇੱਕ ਮਾਸੂਮ ਹੋਰ ਨਾਲ ਕੁਰਬਾਨ ਕਰਨਾ ਪਿਆ, ਉਹਦਾ ਸ਼ੇਰ ਪੁੱਤ ਹੋਰ ਬੱਚੇ ਪੈਦਾ ਕਰ ਸਕਦਾ ਸੀ।
ਕਾਂਡ 21
ਦੀਪੀ ਸਹੁਰੇ ਤੁਰ ਗਈ ਸੀ, ਘਰ ਖਾਲੀ ਕਰ ਗਈ ਸੀ, ਪਰ ਪਿੰਡ ਵਿੱਚ ਹੁਣ ਹੋਰ ਕੋਈ ਬੁਰੀ ਘਟਨਾ ਨਹੀ ਸੀ ਘਟ ਰਹੀ, ਸਭ ਕੁੱਝ ਠੀਕ ਚੱਲ ਰਿਹਾ ਸੀ ਫਿਰ ਵੀ ਲਗਦਾ ਸੀ ਕਿ ਕੋਈ ਕਮੀ ਹੈ, ਦੇਬੀ ਵਿੱਚ ਪਹਿਲਾ ਵਾਲੀ ਨਾ ਸਰੀਰਕ ਸ਼ਕਤੀ ਸੀ ਤੇ ਨਾ ਮਾਨਸਿਕ, ਉਹ ਭਾਵੇ ਮਜਨੂੰ ਜਿਹਾ ਨਹੀ ਸੀ ਬਣਿਆ ਰਹਿਣਾ ਚਾਹੁੰਦਾ ਪਰ ਦੀਪੀ ਦੀ ਕਮੀ ਉਸ ਲਈ ਅਸਿਹ ਸੀ, ਪਿੰਡ ਜਾਣ ਦਾ ਸਵਾਦ ਹੀ ਨਹੀ ਸੀ ਰਹਿ ਗਿਆ, ਹੁਣ ਉਹ ਕੋਈ ਟਿੱਚਰ ਜਿਹੀ ਪਰੀਤੀ ਨੂੰ ਨਹੀ ਸੀ ਕਰਦਾ, ਉਹਦੇ ਸਹੁਰੇ ਜਾਣ ਦੀ ਗੱਲ ਵੀ ਨਹੀ ਸੀ ਕਰਦਾ, ਸਾਰਾ ਦਿਨ ਡੇਅਰੀ ਤੇ ਪੋਲਟਰੀ ਵਿੱਚ ਬਿਤਾ ਦਿੰਦਾ, ਕਰਤਾਰ ਤੇ ਸਤਿੰਦਰ ਹੁਣੀ ਵੀ ਉਸਨੂੰ ਕਹਿੰਦੇ ਕਿ ਉਨਾ ਨਾਲ ਕਿਧਰੇ ਘੁੰਮਣ ਜਾਵੇ ਪਰ ਉਹ ਕਹਿੰਦਾ ਕਿ ਮੈ ਏਸ ਪਿੰਡ ਰਹਿਣ ਆਇਆ ਆ, ਜੇ ਘੁੰਮਣ ਦਾ ਸ਼ੌਕ ਹੁੰਦਾ ਤਾ ਜਰਮਨ ਤੇ ਹੋਰ ਯੌਰਪ ਵਿੱਚ ਬਹੁਤ ਕੁੱਝ ਸੀ ਦੇਖਣ ਵਾਲਾ, ਸਰਪੰਚ ਹੌਲੀ ਹੌਲੀ ਉਹਦੇ ਪਿਓ ਦਾ ਰੋਲ ਕਰ ਰਿਹਾ ਸੀ, ਉਹਨੂੰ ਹੌਸਲਾ ਦਿੰਦਾ ਰਹਿੰਦਾ, ਦੇਬੀ ਕਿਸੇ ਕੰਮ ਵਿੱਚ ਗਵਾਚ ਜਾਣਾ ਚਾਹੁੰਦਾ ਸੀ, ਪਰ ਦੀਪੀ ਦੀ ਯਾਦ ਦਾ ਕੀ ਕਰੇ ?
ਇਸ ਨੂੰ ਕਿਵੇ ਰੋਕੇ ?
ਕਾਕੇ ਅਤੇ ਦੇਬੀ ਦੇ ਕੇਸ ਦੇ ਦੋਸ਼ੀਆ ਨੂੰ ਪਾਏ ਮੁਆਵਜੇ ਦੀ ਇੱਕ ਕਿਸ਼ਤ ਪਿੰਡ ਸਰਪੰਚ ਕੋਲ ਪਹੁੰਚ ਚੁੱਕੀ ਸੀ, ਦੇਬੀ ਸਭ ਤੋ ਪਹਿਲਾ ਡਿਸਪੈਸਰੀ ਬਣਾਉਣ ਦੇ ਹੱਕ ਵਿੱਚ ਸੀ, ਪੰਚਾਇਤੀ ਜਮੀਨ ਵਿੱਚ ਕੁੱਝ ਥਾਂ ਵਲ ਕੇ ਕੰਮ ਸ਼ੁਰੂ ਹੋ ਗਿਆ ਸੀ, ਡਾਕਟਰ ਦੀ ਭਾਲ ਸ਼ੁਰੂ ਹੋ ਗਈ ਸੀ, ਡਾਕਟਰ ਸੰਧੂ ਦੀ ਮਿਹਰਬਾਨੀ ਸਦਕਾ ਇੱਕ ਬੀ ਏ ਐਮ ਐਸ ਡਾਕਟਰ ਮਿਲ ਗਿਆ ਸੀ ਜੋ ਡਿਸਪੈਸਰੀ ਕੰਟਰੋਲ ਰੇਟ ਤੇ ਚਲਾਉਣ ਲਈ ਮੰਨ ਗਿਆ ਸੀ, ਉਸਨੂੰ ਮਿਲਣ ਵਾਲੀ ਤਨਖਾਹ ਹਰ ਸਾਝੀਵਾਲ ਦੇ ਅਕਾਉਟ ਵਿੱਚੋ ਕੱਟ ਹੋਣੀ ਸੀ ਤੇ ਇਸਦੇ ਬਦਲੇ ਵਿੱਚ ਉਨਾ ਦੇ ਇਲਾਜ ਦੀ ਕੋਈ ਫੀਸ ਨਹੀ ਸੀ ਲੱਗਣੀ, ਵਿਕਾਸ ਦੇ ਕੰਮ ਰੁਕੇ ਤਾ ਨਹੀ ਸੀ ਪਰ ਉਨਾ ਰਫਤਾਰ ਘਟ ਗਈ ਸੀ, ਲਗਦਾ ਸੀ ਜਿਵੇ ਦੀਪੀ ਦੇ ਪਰੇਮ ਤੋ ਬਿਨਾ ਦੇਬੀ ਦੇ ਦਿਲ ਦੀ ਮੋਟਰ ਪਹਿਲੀ ਰਫਤਾਰ ਨਹੀ ਸੀ ਫੜ ਸਕਦੀ, ਉਹ ਹੁਣ ਰੀਜਰਵ ਤੇ ਚੱਲ ਰਿਹਾ ਸੀ, ਦੀਪੀ ਦੇ ਵਿਆਹ ਨੂੰ ਇੱਕ ਹਫਤਾ ਹੋ ਗਿਆ ਸੀ, ਮਾ ਨੇ ਦਲੀਪ ਨੂੰ ਭੇਜਿਆ ਸੀ ਕਿ ਜਾ ਕੇ ਕੁੜੀ ਨੂੰ ਕੁੱਝ ਦਿਨ ਲਈ ਲੈ ਆਵੇ, ਅੱਜ ਦੀਪੀ ਦੀ ਉਡੀਕ ਹੋ ਰਹੀ ਸੀ।
ਦੁਪਹਿਰੋ ਬਾਦ ਦਲੀਪ ਤੇ ਦੀਪੀ ਜੀਪ ਵਿੱਚ ਬੈਠੇ ਪਿੰਡ ਆ ਰਹੇ ਸਨ, ਰਾਹ ਵਿੱਚ ਦਲੀਪ ਉਸ ਨੂੰ ਸਹੁਰਿਆ ਬਾਰੇ ਪੁੱਛ ਰਿਹਾ ਸੀ … ।
"ਦੀਦੀ ਮੈਨੂੰ ਲਗਦਾ ਸੀ ਤੂੰ ਬਹੁਤ ਦੁਖੀ ਹੋਵੇਗੀ ਪਰ ਤੇਰੇ ਚਿਹਰੇ ਤੇ ਕੁੱਝ ਹੋਰ ਲਿਖਿਆ ਪਿਆ ?" ਦਲੀਪ ਖੁਸ਼ ਦੀਪੀ ਨੂੰ ਦੇਖ ਕੇ ਹੈਰਾਨ ਸੀ।
"ਵੀਰ ਕਈ ਵਾਰ ਲਗਦਾ ਰੱਬ ਸਾਡੇ ਨਾਲ ਸ਼ਾਇਦ ਕੋਈ ਵੈਰ ਕੱਢ ਰਿਹਾ ਪਰ ਰੱਬ ਦਾ ਕਿਸੇ ਬੰਦੇ ਨਾਲ ਵੈਰ ਕਿਓ ਹੋਊ, ਜਿਹੜੇ ਸਹੁਰੇ ਮੈਨੂੰ ਮੌਤ ਲਗਦੇ ਸਨ ਉਨਾ ਵਿੱਚ ਵੀ ਇੱਕ ਜਿੰਦਗੀ ਦਾ ਸੋਮਾ ਵਹਿ ਰਿਹਾ, ਜੇ ਹਰਮਿੰਦਰ ਐਸੇ ਨਾ ਹੁੰਦੇ ਜੈਸੇ ਉਹ ਹਨ ਤਾ ਫਿਰ ਵਾਕਿਆ ਹੀ ਮੈਨੂੰ ਤੂੰ ਖੁਸ਼ ਨਹੀ ਸੀ ਦੇਖ ਸਕਦਾ"। ਦੀਪੀ ਨੇ ਦੱਸਿਆ।
"ਐਸੀ ਵੀ ਕੀ ਗੱਲ ਆ ਇਸ ਹੰਕਾਰੀ ਬੰਦੇ ਦੀ ਔਲਾਦ ਵਿੱਚ ?"
ਦਲੀਪ ਐਮ ਐਲ ਏ ਦੇ ਸਾਰੇ ਪਰਵਾਰ ਨੂੰ ਪਸੰਦ ਨਹੀ ਸੀ ਕਰਦਾ।
"ਤੂੰ ਇਹ ਸਮਝ ਕਿ ਹਰਮਿੰਦਰ ਜੇ ਦੇਬੀ ਨਹੀ ਤਾਂ ਉਹਦਾ ਪਰਛਾਵਾ ਜਰੂਰ ਆ, ਤੇ ਉਹਦੇ ਆਸਰੇ ਈ ਸਹੁਰਾ ਘਰ ਕੈਦ ਨਹੀ ਰਹਿ ਗਿਆ"।
ਦੀਪੀ ਨੇ ਦੱਸਿਆ, ਦਲੀਪ ਨੂੰ ਇਹ ਜਾਣ ਕੇ ਖੁਸ਼ੀ ਹੋਈ ਸੀ ਕਿ ਉਹਦੀ ਭੈਣ ਦਾ ਜੀਵਨ ਨਰਕ ਬਣਨੋ ਬਚ ਗਿਆ ਸੀ, ਉਹ ਘਰ ਆਏ, ਮਾਂ ਉਹਨੂੰ ਬਾਹਾ ਵਿੱਚ ਘੁੱਟੀ ਰੋਣ ਲੱਗ ਪਈ, ਸਰਪੰਚ ਦੀਆ ਅੱਖਾ ਵੀ ਗਿੱਲੀਆ ਸਨ, ਧੀ ਦੇ ਘਰੋ ਜਾਣ ਨਾਲ ਘਰ ਕਿੰਨਾ ਸੁੰਨਾ ਹੋਜੂ ਇਹ ਉਹਦੇ ਜਾਣ ਤੋ ਬਾਅਦ ਹੀ ਪਤਾ ਲੱਗਾ ਸੀ,
"ਪੁੱਤ, ਕਿੱਦਾ ਦਾ ਆ ਟੱਬਰ ?"
ਮਾਂ ਛੇਤੀ ਜਾਨਣਾ ਚਾਹੁੰਦੀ ਸੀ, ਭਾਵੇ ਉਹ ਪਿਛਲੇ ਹਫਤੇ ਵਿੱਚ ਚਾਰ ਵਾਰ ਫੋਨ ਤੇ ਗੱਲ ਕਰ ਚੁੱਕੀ ਸੀ ਪਰ ਹੁਣ ਖੁੱਲ ਕੇ ਪੁੱਛ ਸਕਦੀ ਸੀ।
"ਮੰਮੀ ਚਿੰਤਾ ਵਾਲੀ ਕੋਈ ਗੱਲ ਨਹੀ, ਸਿਵਾਏ ਹਰਮਿੰਦਰ ਦੇ ਪਿਓ ਦੇ ਬਾਕੀ ਸਾਰੇ ਬਹੁਤ ਮੇਰੀ ਫਿਕਰ ਕਰਦੇ ਆ, ਤੇ ਜੋ ਸਭ ਤੋ ਜਰੂਰੀ ਆ ਉਹ ਹਰਮਿੰਦਰ ਦਾ ਵਿਵਹਾਰ, ਉਹ ਰੋਟੀ ਵੀ ਮੇਰੇ ਕੋਲੋ ਪੁੱਛ ਕੇ ਖਾਦੇ ਆ"।
ਦੀਪੀ ਨੇ ਸਭ ਦਾ ਫਿਕਰ ਦੂਰ ਕਰ ਦਿੱਤਾ, ਪੰਮੀ ਪਰੀਤੀ ਤੇ ਹੋਰ ਆਂਢ ਗੁਆਂਢ ਦੀਆ ਕੁੜੀਆ ਭੱਜੀਆ ਆਈਆ, ਸਹੇਲੀ ਨੂੰ ਸਹੁਰਿਆ ਬਾਰੇ ਪੁੱਛਿਆ ਤੇ ਕੁੱਝ ਨਟਖਟ ਕੁੜੀਆ ਨੇ ਸੁਹਾਗ ਰਾਤ ਦੀ ਗੱਲ ਕੀਤੀ … ।।
"ਇਸ ਤੋ ਵਧੀਆ ਸੁਹਾਗ ਰਾਤ ਹੋ ਨਹੀ ਸਕਦੀ"।
ਕਹਿ ਕੇ ਦੀਪੀ ਨੇ ਕੁੜੀਆ ਦੀ ਤਸੱਲੀ ਕਰਾ ਦਿੱਤੀ।
ਦੀਪੀ ਦਾ ਦਿਲ ਕਰਦਾ ਸੀ ਕਿ ਉਡ ਕੇ ਦੇਬੀ ਕੋਲ ਚਲੀ ਜਾਵੇ ਤੇ ਉਸ ਨੂੰ ਸਭ ਕੁੱਝ ਦੱਸੇ, ਪਰ ਉਹ ਆਉਦੇ ਹੀ ਬਹੁਤੀ ਬੇਸ਼ਰਮੀ ਜਿਹੀ ਸ਼ੋਅ ਨਹੀ ਸੀ ਕਰਨੀ ਚਾਹੁੰਦੀ, ਪਰੀਤੀ ਨੂੰ ਕਿਹਾ ਸੀ ਕਿ ਸ਼ਾਮ ਨੂੰ ਉਹ ਦੇਬੀ ਨੂੰ ਅਪਣੇ ਘਰ ਸੱਦ ਲਵੇ ਤੇ ਉਥੇ ਕੁੱਝ ਗੱਲਬਾਤ ਹੋ ਸਕਦੀ ਆ, ਦੇਬੀ ਨੂੰ ਸੁਨੇਹਾ ਪਹੁੰਚ ਗਿਆ, ਫਿਰ ਜਾਨ ਵਿੱਚ ਜਾਨ ਆ ਗਈ, ਸ਼ਾਮ ਦੀ ਉਡੀਕ ਸ਼ੁਰੂ ਹੋ ਗਈ, ਪਲ ਫਿਰ ਲੰਬੇ ਹੋ ਗਏ ਪਰ ਸ਼ਾਇਦ ਪਰੇਮ ਦਾ ਅਧਾਰ ਹੀ ਇਹ ਬੇਕਰਾਰੀ ਹੈ, ਜੇ ਕਿਸੇ ਨੂੰ ਮਿਲਣ ਦੀ ਤੜਪ ਹੀ ਨਾ ਹੋਊ ਤਾ ਪਰੇਮ ਵੀ ਨਹੀ ਹੋਣਾ।
ਸ਼ਾਮ ਨੂੰ ਪਰੀਤੀ ਦੇ ਘਰ ਦੇਬੀ ਬੈਠਾ ਸੀ, ਸਰਪੰਚ ਦੇ ਘਰ ਸਿੱਧੇ ਜਾਣ ਵਿੱਚ ਦੇਬੀ ਨੂੰ ਕੋਈ ਰੁਕਾਵਟ ਨਹੀ ਸੀ ਪਰ ਉਹ ਇਸ ਨੂੰ ਤਹਿਜੀਬ ਨਹੀ ਸੀ ਸਮਝਦਾ ਤੇ ਐਸਾ ਹੋਣ ਤੇ ਆਪਣਾ ਆਪ ਉਸ ਨੂੰ ਸਸਤਾ ਜਿਹਾ ਮਹਿਸੂਸ ਹੋਣਾ ਸੀ, ਦਿਨ ਦਾ ਉਜਾਲਾ ਖਤਮ ਹੋਣ ਨੂੰ ਕਰਦਾ ਸੀ, ਗੇਟ ਖੜਕਿਆ, ਦੀਪੀ ਅੰਦਰ ਦਾਖਲ ਹੋਈ, ਮਾਂ ਜਾਣ ਬੁੱਝ ਕੇ ਨਾਲ ਨਹੀ ਸੀ ਆਈ, ਗਵਾਂਢ ਮੱਥਾ ਸੀ, ਦੀਪੀ ਦੇ ਕੱਲਿਆ ਆਉਣ ਵਿੱਚ ਕਿਸੇ ਨੂੰ ਇਤਰਾਜ ਵੀ ਕੀ ਹੋਣਾ ਸੀ … ।
ਕੁਆਰੀ ਦੀਪੀ ਤੇ ਵਿਆਹੀ ਦੀਪੀ, ਪਹਿਰਾਵਾ ਅਲੱਗ, ਅੱਜ ਸਿੰਪਲ ਸੂਟ ਪਾਇਆ ਸੀ, ਦੇਬੀ ਦੀ ਪਸੰਦ, ਦੇਬੀ ਕਹਿੰਦਾ ਹੁੰਦਾ ਸੀ ਕਿ ਉਹ ਕੁਦਰਤੀ ਹੁਸਨ ਦਾ ਆਸ਼ਕ ਆ, ਉਧਾਰੀ ਖੂਬਸੂਰਤੀ ਜੋ ਮਹਿੰਗੇ ਪਹਿਰਾਵੇ ਅਤੇ ਹੋਰ ਚੀਜਾ ਨਾਲ ਦਿਖਾਈ ਜਾ ਰਹੀ ਹੋਵੇ ਉਹ ਮਨੁੱਖ ਦੀ ਅਪਣੀ ਸੁੰਦਰਤਾ ਨਹੀ ਹੈ, ਖਰੀਦ ਕੋਈ ਵੀ ਸਕਦਾ ਹੈ ਪਰ ਕੁਦਰਤ ਕੋਲੋ ਕੁੱਝ ਮੰਗ ਕੇ ਨਹੀ ਲਿਆ ਜਾ ਸਕਦਾ, ਜੋ ਮਿਲ ਗਿਆ ਉਹ ਠੀਕ ਹੈ … ।
ਪੀਲੇ ਰੰਗ ਦੇ ਸੂਟ ਵਿੱਚ ਸਰੋ ਦਾ ਫੁੱਲ ਬਣੀ ਹੋਈ ਸੀ, ਜਿਵੇ ਜਿਵੇ ਨੇੜੇ ਆ ਰਹੀ ਸੀ ਦੇਬੀ ਦਾ ਦਿਲ ਸਦਕੇ ਸਦਕੇ ਕਹਿ ਰਿਹਾ ਸੀ, ਪਰੀਤੀ ਉਸ ਨੂੰ ਅੱਗਿਓ ਲੈਣ ਗਈ, ਸਭ ਉਠ ਕੇ ਖੜੇ ਹੋ ਗਏ ,ਬਾਪੂ ਘਰ ਨਹੀ ਸੀ, ਪਰੀਤੀ ਦੀ ਮਾਂ ਨੂੰ ਸਭ ਦੱਸ ਦਿੱਤਾ ਗਿਆ ਸੀ,
"ਬੈਠ ਪੁੱਤ, ਜੀ ਆਈ ਨੂੰ, ਤੁਸੀ ਕਰੋ ਗੱਲਾਂ ਤੇ ਮੈ ਚਾਹ ਬਣਾਉਨੀ ਆ"। ਕਹਿ ਕੇ ਮਾਂ ਰਸੋਈ ਵੱਲ ਚਲੀ ਗਈ।
ਅੱਖਾ ਮਿਲੀਆ, ਹਲਕੀ ਫਲਾਈਗ ਕਿੱਸ ਦੇਬੀ ਵੱਲ ਨੂੰ, ਚਮਕਦੀ ਧੁੱਪ ਵਿੱਚ ਹੀ ਕੋਈ ਬੱਦਲੀ ਵਰ ਗਈ, ਠੰਡ ਪੈ ਗਈ, ਦਿਲ ਦੀ ਮੋਟਰ ਦੀ ਟੰਕੀ ਜਿਵੇ ਫੇਰ ਫੁੱਲ ਹੋ ਗਈ, ਦੇਬੀ ਮੁਸਕਰਾਇਆ, ਉਹਦੀ ਮੁਸਕਰਾਹਟ ਨੇ ਮਹਿਬੂਬਾ ਦੇ ਦਿਲ ਵਿੱਚ ਸਿਤਾਰ ਵਾਦਨ ਸ਼ੁਰੂ ਕਰ ਦਿੱਤਾ, ਇੱਕ ਦੂਜੇ ਵੱਲ ਦੇਖਦੇ ਦੇਖਦੇ ਦੋਨੋ ਬੈਠ ਗਏ, ਪਰੀਤੀ ਉਹਨਾ ਦੇ ਪਰੇਮ ਦਾ ਆਨੰਦ ਲੈ ਰਹੀ ਸੀ, …
"ਬਹੁਤ ਸੋਹਣੇ ਲੱਗਦੇ ਓ"।
ਚੁੱਪ ਤੋੜੀ ਦੇਬੀ ਨੇ।
"ਸੱਚੀ ?" ਸ਼ਰਾਰਤ ਕੀਤੀ ਦੀਪੀ ਨੇ।
"ਸੱਚੀ ਵੀ ਤੇ ਮੁੱਚੀ ਵੀ"।
ਦੇਬੀ ਨੇ ਗੱਲ ਮੋੜੀ।
"ਮੈਨੂੰ ਬਹੁਤਾ ਯਾਦ ਤਾਂ ਨਹੀ ਕਰਦੇ ਰਹੇ ?"
ਦੀਪੀ ਹਾਲਾਤ ਜਾਨਣਾ ਚਾਹੁੰਦੀ ਸੀ।
"ਅਸੀ ਜਿਨੂੰ ਮਰਜੀ, ਜਿੰਨਾ ਮਰਜੀ, ਤੇ ਜਦੋ ਮਰਜੀ ਯਾਦ ਕਰੀਏ, ਕੋਈ ਰੋਕ ਸਕਦਾ ?"
ਦੇਬੀ ਨੇ ਹੱਸਦੇ ਨੇ ਕਿਹਾ।
"ਅਸੀ ਵੀ ਕਿਸੇ ਨੂੰ ਨਹੀ ਰੋਕਦੇ, ਪਰ ਸਾਨੂੰ ਪਤਾ ਲੱਗ ਜਾਦਾ ਜਦੋ ਸਾਨੂੰ ਕੋਈ ਯਾਦ ਕਰੇ"।
ਬਾਹਾ ਵਿੱਚ ਘੁੱਟਣ ਨੂੰ ਦਿਲ ਕਰਦਾ ਸੀ ਦਿਲਦਾਰ ਨੂੰ।
"ਕਿਹੋ ਜਿਹੇ ਆ ਸਭ ਲੋਕ ?"
ਦੇਬੀ ਨੇ ਪੁੱਛਿਆ।
"ਸਭ ਜਾਂ ਕੋਈ ਇੱਕ ?"
ਦੀਪੀ ਸਮਝਦੀ ਸੀ ਕਿ ਦੇਬੀ ਕੀ ਪੁੱਛਣਾ ਚਾਹੁੰਦਾ।
"ਚਲੋ ਪਹਿਲਾ ਕਿਸੇ ਇੱਕ ਬਾਰੇ ਹੀ ਦੱਸ ਦਿਓ"।
ਦੇਬੀ ਨੇ ਹਥਿਆਰ ਸੁੱਟੇ।
"ਤੁਹਾਡਾ ਬਦਲ ਤਾ ਉਹ ਹੈ ਨਹੀ ਪਰ ਤੁਹਾਡੇ ਵਰਗਾ, ਪਰੇਮ ਦਾ ਸ਼ਿਕਾਰ, ਤੇ ਜੋ ਸਭ ਤੋ ਜਰੂਰੀ ਹੈ ਉਹ ਇਹ ਕਿ ਬੈਠਕ ਵਾਲੀ ਮੋਹਲੇਧਾਰ ਬਾਰਿਸ਼ ਤੋ ਬਾਅਦ ਕੋਈ ਕਣੀ ਵੀ ਨਹੀ ਡਿੱਗੀ"।
ਇਹ ਕੋਡ ਵਰਡ ਸੀ ਇਸ ਗੱਲ ਦਾ ਕਿ ਦੀਪੀ ਸਹੁਰੇ ਘਰ ਜਾ ਕੇ ਵੀ ਕਵਾਰੀ ਰਹੀ।
"ਨਹੀ, ਇਹ ਕਿਵੇ ਹੋ ਸਕਦਾ ?"
ਦੇਬੀ ਵਿਸ਼ਵਾਸ਼ ਨਹੀ ਸੀ ਕਰ ਪਾ ਰਿਹਾ।
"ਲੰਬੀ ਕਹਾਣੀ ਆ, ਹੁਣ ਨਹੀ ਦੱਸ ਸਕਦੀ ਪਰ ਯਕੀਨ ਕਰੋ ਸਭ ਠੀਕ ਹੈ, ਉਹਨਾ ਦਾ ਚੰਨ ਕਿਤੇ ਹੋਰ ਬੱਦਲਾ ਉਹਲੇ ਹੋਇਆ ਪਿਆ"।
ਦੀਪੀ ਦੀਆ ਅੱਖਾ ਅੱਗੇ ਹਰਮਿੰਦਰ ਦਾ ਚੇਹਰਾ ਆ ਗਿਆ।
"ਹਰਮਿੰਦਰ ਤੇ ਮੇਰੀ ਸੱਸ ਉਸ ਘਰ ਦੇ ਕਲਯੁੱਗ ਨੂੰ ਸਤਯੁੱਗ ਬਣਾਈ ਰੱਖਦੇ ਆ, ਉਨਾ ਦੋਵਾ ਨੇ ਸਿਆਸੀ ਮੀਟਿੰਗਾ ਘਰ ਵਿੱਚ ਹੋਣੋ ਬੰਦ ਕੀਤੀਆ ਹੋਈਆ, ਮੇਰਾ ਸਹੁਰਾ ਬਹੁਤਾ ਸਮਾ ਦੂਜੀ ਕੋਠੀ ਵਿੱਚ ਕੱਟਦਾ, ਕਈ ਦਿਨ ਉਹ ਘਰ ਆਉਦਾ ਵੀ ਨਹੀ, ਜੇ ਆ ਜਾਵੇ ਤਾ ਸਾਰੇ ਉਸ ਸਮੇ ਨੂੰ ਉਡੀਕਣ ਲੱਗ ਪੈਦੇ ਆ ਬਈ ਇਹ ਜਾਊ ਕਦ ? ਮੇਰੀ ਮਰਜੀ ਤੋ ਬਿਨਾ ਉਥੇ ਮੇਰੇ ਨਾਲ ਕੁੱਝ ਵੀ ਨਹੀ ਹੁੰਦਾ, ਐਸਾ ਪਰਵਾਰ ਬਦਕਿਸਮਤੀ ਵਿੱਚ ਕਿਸਮਤ ਨਾਲ ਮਿਲਦਾ"। ਦੀਪੀ ਨੇ ਕਈ ਕੁੱਝ ਹੋਰ ਦੱਸਿਆ, ਦੇਬੀ ਦੇ ਸਿਰ ਤੋ ਇਹ ਜਾਣ ਕੇ ਪਹਾੜ ਦਾ ਬੋਝ ਲਹਿ ਗਿਆ ਸੀ ਕਿ ਦੀਪੀ ਨਾਲ ਕੋਈ ਬੁਰਾ ਵਿਵਹਾਰ ਨਹੀ ਹੋਇਆ।
"ਲਓ, ਪੁੱਤ ਚਾਹ ਪੀਓ"।
ਹੁਣ ਤੱਕ ਬੇਬੇ ਚਾਹ ਲੈ ਕੇ ਆ ਗਈ ਸੀ, ਆਂਢ ਗੁਆਂਢ ਸਭ ਨੂੰ ਪਤਾ ਸੀ ਕਿ ਦੀਪੀ ਆਈ ਹੋਈ ਆ, ਕੁੱਝ ਹੋਰ ਕੁੜੀਆ ਉਹਦਾ ਪੁੱਛਦੀਆ ਪਰੀਤੀ ਦੇ ਘਰ ਆ ਗਈਆ, ਘੁੱਦਾ ਵੀ ਪਹੁੰਚ ਗਿਆ, ਜਿਆਦਾ ਲੋਕਾ ਦੀਆ ਅਵਾਜਾਂ ਸੁਣ ਕੇ ਹੋਰ ਆਂਢ ਗੁਆਂਢ ਵੀ ਕੱਠਾ ਹੋ ਗਿਆ, ਕਾਫੀ ਰਸ਼ ਜਿਹਾ ਹੋ ਗਿਆ ਸੀ ਪਰੀਤੀ ਦੇ ਘਰ, ਹੁਣ ਸੱਜਣਾ ਨਾਲ ਅੱਖਾ ਰਾਹੀ ਹੀ ਗੱਲ ਕੀਤੀ ਜਾ ਸਕਦੀ ਸੀ … ।
"ਵੀਰ ਜੀ ਕੋਈ ਗੀਤ ਹੀ ਸੁਣਾ ਦਿਓ ? "
ਪਰੀਤੀ ਨੇ ਦੇਬੀ ਨੂੰ ਕਿਹਾ, ਦੀਪੀ ਨੇ ਉਸਨੂੰ ਪਹਿਲੇ ਹੀ ਕਹਿ ਰੱਖਿਆ ਸੀ ਕਿ ਉਹ ਐਸਾ ਕਹੇ, ਦੀਪੀ ਜਾਣਦੀ ਸੀ ਕਿ ਦੇਬੀ ਨੇ ਉਹਦੇ ਜਾਣ ਤੋ ਬਾਅਦ ਕੋਈ ਗੀਤ ਜਰੂਰ ਲਿਖਿਆ ਹੋਵੇਗਾ ਤੇ ਉਸ ਗੀਤ ਨੂੰ ਸੁਣ ਕੇ ਉਹ ਸਮਝ ਸਕੇਗੀ ਕਿ ਦੇਬੀ ਦੀ ਅਸਲੀ ਹਾਲਤ ਕੀ ਹੈ …
"ਜਦੋ ਦਿਲ ਕਰਦਾ ਗੀਤ ਸੁਣਾਓ, ਗੀਤ ਸੁਣਾਓ, ਤੇ ਜਦੋ ਤੂੰ ਸਹੁਰੇ ਚਲੀ ਗਈ ਫੇਰ ਤੈਨੂੰ ਕੌਣ ਗੀਤ ਸੁਣਾਊ ?"
ਦੇਬੀ ਨੇ ਪਰੀਤੀ ਨੂੰ ਛੇੜਿਆ।
"ਅਸੀ ਕਿਹੜਾ ਚੰਡੀਗੜ ਚਲੇ ਜਾਣਾ, ਜਦੋ ਦਿਲ ਕੀਤਾ ਆ ਕੇ ਧੱਕੇ ਨਾਲ ਵੀ ਸੁਣ ਸਕਦੇ ਆ"। ਪਰੀਤੀ ਨੇ ਹੱਕ ਜਤਾਇਆ, ਸੱਜਣਾ ਨੇ ਅੱਖਾ ਹੀ ਅੱਖਾ ਵਿੱਚ ਬੇਨਤੀ ਕੀਤੀ ਕਿ ਸੁਣਾਓ ਕੁਝ … ।।
"ਅਸਲ ਵਿੱਚ ਕੁੱਝ ਸਮੇ ਤੋ ਕੁੱਝ ਚੰਗਾ ਲਿਖ ਨਹੀ ਪਾਇਆ, ਜੋ ਕੁੱਝ ਵੀ ਲਿਖਿਆ ਲਗਦਾ ਉਹ ਕੁੱਝ ਗਲਤ ਲਿਖਿਆ ਗਿਆ"।
ਦੇਬੀ ਕੁੱਝ ਗਾਉਣ ਦੇ ਮੂਡ ਵਿੱਚ ਨਹੀ ਸੀ ਪਰ ਉਨਾ ਦਾ ਕਿਹਾ ਵੀ ਨਹੀ ਸੀ ਮੋੜਨਾ ਚਾਹੰਦਾ, ਇਸ ਲਈ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।
"ਬਾਈ ਜੀ ਤੁਸੀ ਕਦੇ ਗਲਤ ਸੋਚਦੇ ਨਹੀ, ਜੇ ਗਲਤ ਸੋਚਦੇ ਨਹੀ ਤਾ ਗਲਤ ਲਿਖ ਕਿਵੇ ਸਕਦੇ ਓ ? ਚਲੋ ਸੁਣਾਓ ਜੋ ਵੀ ਲਿਖਿਆ"।
ਇਹ ਸ਼ਿਫਾਰਿਸ਼ ਘੁੱਦੇ ਦੀ ਸੀ …
"ਠੀਕ ਹੈ, ਸੁਣੋ ਫੇਰ … ''।
ਕਹਿ ਕੇ ਦੇਬੀ ਨੇ ਹਮੇਸ਼ਾ ਦੀ ਤਰਾ ਕੁੱਝ ਪਲ ਲਈ ਅੱਖਾ ਮੀਟ ਲਈਆ, ਸਭ ਉਹਦੇ ਵੱਲ ਦੇਖ ਰਹੇ ਸਨ, ਸੱਜਣ ਅੱਖਾ ਰਾਹੀ ਹੀ ਉਹਦੇ ਜਖਮਾ ਤੇ ਮਲਮ ਬਣ ਕੇ ਲੱਗਣ ਦੀ ਸੋਚ ਰਹੇ ਸਨ …
ਗੱਲ ਪਿਆਰਾ ਦੀ ਕਰਦਾ ਸੈ ਮਿੱਤਰਾ, ਮੇਰੀ ਆਈ ਮਰਦਾ ਸੈ ਮਿੱਤਰਾ … ।।
ਮੁੱਦਤਾ ਦੇਖੇ ਬੀਤ ਗਈਆ ਕਦੇ ਕੋਲ ਤਾ ਸਾਡੇ ਬਹਿ ਵੇ, … ।
ਕਿਸੇ ਹੋਰ ਦਾ ਹੋ ਕੇ ਵੀ ਓਹ ਸੱਜਣਾ ਹੱਸਦਾ ਵੱਸਦਾ ਰਹਿ ਵੇ … ।।
ਜਿਸ ਨੂੰ ਜੋ ਕਿਹਾ ਜਾ ਰਿਹਾ ਸੀ ਉਹ ਸਮਝ ਰਿਹਾ ਸੀ, ਸੁਣਨ ਵਾਲਿਆ ਵਿਚੋ ਬਹੁਤੇ ਉਨਾ ਬੋਲਾ ਦੇ ਮਤਲਬ ਨੂੰ ਪੂਰੀ ਤਰਾਂ ਜਾਣਦੇ ਸੀ ।।
ਕੋਈ ਚੀਜ ਪੁਰਾਣੀ ਹੋ ਜਾਵੇ ਤਾ ਸਿੱਟ ਦੇਦੇ ਨੇ ਰੂੜੀ ਤੇ
ਜਦ ਹੋਵੇ ਪੁਰਾਣੀ ਯਾਰੀ ਤਾਂ ਇਹ ਹੋਰ ਵੀ ਹੋਜੇ ਗੂਹੜੀ ਵੇ
ਇਹਦੇ ਰੰਗ ਨਾ ਫਿੱਕੇ ਪਾ ਮਿੱਤਰਾ, ਕਦੇ ਭੁੱਲ ਭੁਲੇਖੇ ਆ ਮਿੱਤਰਾ
ਓਹ ਪਏ ਉਡੀਕਣ ਰਾਹ ਮਿੱਤਰਾ ਜਿੱਥੇ ਅੱਖੀਆ ਸੀ ਵਿਛਾਈਆ
ਚੰਨ ਚੜ ਚੜ ਛੁਪਦਾ ਸੀ ਉਦੋ ਨਾ ਨੀਦਰਾ ਸਾਨੂੰ ਆਈਆ, ਚੰਨ ਚੜ …
ਸੱਜਣਾ ਦੀਆ ਅੱਖਾ ਵਿੱਚ ਪਾਣੀ ਛਲਕਣ ਨੂੰ ਤਿਆਰ ਸੀ, ਥੋੜਾ ਜਿਹਾ ਛੁਪਾ ਕੇ ਚੁੰਨੀ ਦੀ ਕੰਨੀ ਨਾਲ ਅੱਖ ਪੂੰਝ ਵੀ ਲਈ ਸੀ, ਦੇਬੀ ਦਾ ਦਿਲ ਕਰਦਾ ਸੀ ਉਹ ਹੋਰ ਨਾ ਗਾਵੇ ਕਿਧਰੇ ਸੱਜਣਾ ਦਾ ਖੁਦ ਤੇ ਕਾਬੂ ਨਾ ਰਿਹਾ ਤਾ …
"ਮੇਰਾ ਖਿਆਲ ਅੱਗੇ ਮੈਨੂੰ ਭੁੱਲ ਗਿਆ, ਵੈਸੇ ਏਨਾ ਵੀ ਕਾਫੀ ਆ ?"
ਦੇਬੀ ਸੱਚੀ ਹੀ ਰੁਕ ਗਿਆ …
"ਨਹੀ, ਨਹੀ, ਵੀਰ ਜੀ, ਤੁਸੀ ਵੀ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਬਾਕੀਆ ਦਾ ਕੀ ਬਣੂੰ ?" ਪਰੀਤੀ ਮੰਨਣ ਨੂੰ ਤਿਆਰ ਨਹੀ ਸੀ ਕਿ ਦੇਬੀ ਭੁੱਲ ਗਿਆ ਹੈ, ਉਹ ਜਾਣਦੀ ਸੀ ਕਿ ਦੇਬੀ ਦੇ ਬੋਲ ਕੋਈ ਚੋਰੀ ਕੀਤੇ ਹੋਏ ਨਹੀ ਸਗੋ ਉਹਦੇ ਦਿਲ ਤੇ ਉਕਰੇ ਹੁੰਦੇ ਹਨ ਇਸ ਲਈ ਭੁੱਲ ਜਾਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ …
"ਸੋਹਣੇ ਸ਼ਬਦ ਲਿਖੇ ਆ, ਪਲੀਜ ਅੱਗੇ ਵੀ ਸੁਣਾਓ"।
ਮਹਿਬੂਬਾ ਨੇ ਤਾ ਬੇਨਤੀ ਕੀਤੀ ਸੀ ਪਰ ਇਹ ਹੁਕਮ ਸੀ ਕਿਵੇ ਟਾਲਿਆ ਜਾ ਸਕਦਾ ਸੀ ?
"ਅਸਲ ਵਿੱਚ ਮੈਨੂੰ ਖੀਰ ਖਾਧੇ ਬਹੁਤ ਚਿਰ ਹੋ ਗਿਆ ਤੇ ਜੇ ਮੇਰੇ ਅੰਦਰ ਖੀਰ ਨਾ ਜਾਵੇ ਤਾ ਮੇਰੇ ਕੋਲੋ ਗਾਇਆ ਨਹੀ ਜਾਦਾ, ਜੇ ਤੁਹਾਡੇ ਵਿਚੋ ਕੋਈ ਖੀਰ ਖਿਲਾਉਣ ਦਾ ਵਾਅਦਾ ਕਰੇ ਤਾ ਸ਼ਾਇਦ ਮੈਨੂੰ ਯਾਦ ਆ ਜਾਵੇ"।
ਦੇਬੀ ਨੇ ਸੋਹਣਾ ਬਹਾਨਾ ਘੜਿਆ।
"ਖੀਰ ਜਿੰਨੀ ਕਹੋ, ਗੁਰਦਵਾਰੇ ਵਾਲਾ ਕੜਾਹਾ ਖੀਰ ਦਾ ਬਣਾ ਕੇ ਤੁਹਾਡੇ ਮੋਹਰੇ ਰੱਖ ਦੇਣਾ, ਤੇ ਫੇਰ ਤੁਹਾਨੂੰ ਉਨਾ ਚਿਰ ਨਹੀ ਛੱਡਣਾ ਜਿੰਨਾ ਚਿਰ ਸਾਰੀ ਖਾ ਨਹੀ ਲੈਦੇ, ਫੇਰ ਪਤਾ ਕੀ ਹੋਊ ?"
ਘੁੱਦੇ ਨੇ ਸਾਰਿਆ ਵੱਲ ਦੇਖਿਆ।
"ਕੀ ਹੋਊ ?"
ਸਾਰੇ ਸੁਣਨਾ ਚਾਹੁਦੇ ਸੀ ਕਿ ਨਿਸ਼ਾਨਾ ਕਿੱਥੇ ਲਗਦਾ ਆ।
"ਫੇਰ ਬਾਈ ਜੀ ਦੇ ਅੰਦਰੋ ਚੌਵੀ ਘੰਟੇ ਗੀਤ ਈ ਨਿਕਲੀ ਜਾਣੇ ਆ, ਰਾਹ ਜਾਦੇ ਲੋਕਾ ਨੂੰ ਏਨਾ ਰੋਕ ਕੇ ਕਿਹਾ ਕਰਨਾ ਬਈ ਮਿੰਨਤ ਵਾਲੀ ਗੱਲ ਆ ਇੱਕ ਗੀਤ ਸੁਣ ਜਾਓ ਨਹੀ ਤਾ ਮੇਰੀ ਖੀਰ ਨਹੀ ਪਚਣੀ"।
ਘੁੱਦੇ ਦਾ ਕਹਿਣ ਦਾ ਅੰਦਾਜ ਹੀ ਕੁੱਝ ਐਸਾ ਸੀ ਕਿ ਸਾਰੇ ਹੱਸ ਪਏ, ਦੇਬੀ ਵੀ ਖੂਬ ਹੱਸਿਆ … ।
"ਚਲੋ ਹੁਣ, ਅੱਗੇ ਸੁਣਾਓ, ਖੀਰ ਕੱਲ ਨੂੰ ਪੱਕੀ"।
ਸੱਜਣਾ ਲਈ ਅੱਗੇ ਸੁਣਨਾ ਬੇਹੱਦ ਜਰੂਰੀ ਸੀ ਨਹੀ ਤਾ ਉਸ ਨੂੰ ਕਿੱਥੇ ਕੁੱਝ ਪਚਣਾ ਸੀ।
ਜਦ ਲੱਗੀਆ ਸੀ ਤਾ ਹੱਸਦੇ ਸੀ, ਹੁਣ ਟੁੱਟੀਆ ਨੇ ਤਾ ਕਿਓ ਰੋਈਏ
ਉਦੋ ਰਾਹੀ ਅੱਖੀਆ ਵਿਛੀਆ ਸੀ ਹੁਣ ਪਲਕਾ ਦੇ ਬੂਹੇ ਕਿਓ ਢੋਈਏ
ਤੂੰ ਹਰ ਪਲ ਖੁਸ਼ੀ ਮਨਾ ਮਿੱਤਰਾ,
ਤੂੰ ਹਰ ਪਲ ਖੁਸ਼ੀ ਮਨਾ ਬੱਲੀਏ, ਚੱਲ ਆਪੋ ਆਪਣੇ ਰਾਹ ਚੱਲੀਏ
ਏਹ ਜਿੰਦ ਨਿਮਾਣੀ ਤਾ ਕੱਲੀਏ ਕਦੇ ਕੱਲਿਆ ਹੀ ਟੁਰ ਜਾਣਾ
ਚਾਰ ਦਿਨਾ ਦੀ ਜਿੰਦਗੀ ਏ ਕਿਓ, ਰੋ ਰੋ ਵਕਤ ਲੰਘਾਣਾ …
ਨਾ ਮੈ ਜਿੱਤਿਆ ਨਾ ਤੂੰ ਹਾਰੀ ਇਹ ਕੈਸੀ ਜੰਗ ਪਿਆਰਾ ਦੀ,
ਨਵੇ ਪਰੇਮ ਨੂੰ ਤੋੜ ਨਿਭਾਵੀ ਇਛਾ ਏ ਬੱਸ ਯਾਰਾ ਦੀ
ਮੇਰੀ ਯਾਦ ਤਾ ਤੈਨੂੰ ਆਵੇਗੀ, ਏਹ ਸਾਰੀ ਉਮਰ ਸਤਾਵੇਗੀ
ਇਕ ਗੰਢ ਜਿਹੀ ਰਹਿ ਜਾਵੇਗੀ ਕਿਤੇ ਦਿਲ ਦੇ ਅੱਧ ਵਿਚਕਾਰੇ
ਨਾ ਮਿਲਣ ਬਜਾਰਾ ਚੋ ਕਿਸੇ ਨੂੰ ਦਿਲ ਦੇ ਮੀਤ ਪਿਆਰੇ
ਨਾ ਮਿਲਣ ਸਟੋਰਾ ਚੋ ਓ ਦੇਬੀ ਦਿਲ ਦੇ ਮੀਤ ਪਿਆਰੇ … ।
ਦੇਬੀ ਖਾਮੋਸ਼, ਬਾਕੀ ਸਾਰੇ ਵੀ ਖਾਮੋਸ਼, ਜਿਵੇ ਕਿਸੇ ਦੁਖਦੀ ਰਗ ਤੇ ਹੱਥ ਰੱਖ ਦਿੱਤਾ ਗਿਆ ਹੋਵੇ …
"ਲਓ ਕੋਈ ਤਾੜੀ ਤੂੜੀ ਮਾਰ ਦਿਓ, ਏਸੇ ਲਈ ਮੈ ਕੋਈ ਗੀਤ ਸੁਣਾਉਦਾ ਨਹੀ, ਬੰਦੇ ਦਾ ਸੰਘ ਖੁਸ਼ਕ ਹੋ ਜਾਦਾ ਏਹ ਸੁਸਤ ਕੌਮ ਤਾੜੀ ਤੱਕ ਨਹੀ ਮਾਰ ਸਕਦੀ"।
ਦੇਬੀ ਖਾਮੋਸ਼ੀ ਤੋੜਨੀ ਚਾਹੁੰਦਾ ਸੀ।
"ਤਾੜੀ ਮਾਰਨ ਜੋਗਾ ਕਿਸੇ ਨੂੰ ਛੱਡਦੇ ਕਿੱਥੇ ਓ, ਤੁਹਾਨੂੰ ਕੋਈ ਖੁਸ਼ੀ ਭਰਿਆ ਗੀਤ ਨਹੀ ਲਿਖਣਾ ਆਉਦਾ ?"
ਪੰਮੀ ਨੇ ਗੱਲ ਅਪਣੇ ਹੱਥ ਲਈ।
"ਖੁਸ਼ੀ ਭਰੇ ਗੀਤ ? ਫਿਲਹਾਲ ਆਉਦੇ ਨਹੀ ਜਾਦੇ ਆ, ਮੈ ਪਹਿਲਾ ਵੀ ਕਿਹਾ ਸੀ, ਮੇਰੇ ਤਾ ਹੱਥ ਆ, ਲਿਖਾਉਣ ਵਾਲੇ ਤੁਸੀ ਓ, ਖੁਸ਼ੀ ਵਾਤਾਵਰਣ ਵਿੱਚ ਹੋਵੇਗੀ, ਸਭ ਦੇ ਦਿਲ ਖੁਸ਼ ਹੋਣਗੇ ਤਾ ਖੁਸ਼ੀ ਭਰੇ ਗੀਤ ਖੁਦ ਬਖੁਦ ਲਿਖੇ ਜਾਣਗੇ, ਜਦ ਤੱਕ ਸਮਾਜ ਖੁਸ਼ ਨਹੀ, ਸਿਰਫ ਖੁਸ਼ ਹੋਣ ਦਾ ਢੌਗ ਕਰ ਰਿਹਾ, ਇੱਕ ਦੂਜੇ ਤੋ ਅਪਣੇ ਦੁੱਖ ਛੁਪਾ ਕੇ ਸੁਖੀ ਹੋਣ ਦਾ ਡਰਾਮਾ ਕਰ ਰਿਹਾ ਤਦ ਤੱਕ ਮਨੁੱਖ ਦੇ ਦਿਲ ਦਾ ਦਰਦ ਇਸ ਤਰਾ ਗੀਤਾ ਰਾਹੀ ਹੀ ਵਹਿੰਦਾ ਰਹੂ, ਜਰਮਨ ਵਿੱਚ ਬਹੁਤੇ ਲੋਕ ਮੈਨੂੰ ਇਸੇ ਲਈ ਪਸੰਦ ਨਹੀ ਸੀ ਕਰਦੇ, ਉਥੇ ਵਾਤਾਵਰਣ ਹੋਰ ਆ ਤੇ ਮੈ ਉਥੇ ਵੀ ਏਹੋ ਜਿਹੇ ਗੀਤ ਗਾਉਦਾ ਰਿਹਾ, ਲੋਕ ਕਹਿੰਦੇ ਸਨ, ਛੱਡ ਯਾਰ ਬੋਰ ਆਦਮੀ ਕੋਲ ਕੀ ਬਹਿਣਾ, ਹੁਣ ਮੈ ਏਥੇ ਤੁਹਾਨੂੰ ਦੁਖੀ ਕਰ ਰਿਹਾ"।
ਦੇਬੀ ਨੇ ਗੀਤ ਦੇ ਦਰਦ ਦੇ ਕਾਰਨ ਦੱਸੇ।
"ਬਾਈ ਜੀ ਜਦੋ ਦੇ ਤੁਸੀ ਆਏ ਓ, ਉਦੋ ਦਾ ਸਾਡਾ ਦੁੱਖ ਤਾ ਬਹੁਤ ਘਟਿਆ ਪਰ ਮੈਨੂੰ ਲਗਦਾ ਇਹ ਸਾਰਾ ਤੁਸੀ ਆਪਣੀ ਝੋਲੀ ਵਿੱਚ ਪਵਾ ਲਿਆ"।
ਘੁੱਦਾ ਦੇਬੀ ਦੇ ਪਿੰਡ ਤੇ ਕੀਤੇ ਅਹਿਸਾਨਾ ਨੂੰ ਸਮਝਦਾ ਹੋਇਆ ਕਹਿਣ ਲੱਗਾ।
"ਓਹ, ਮੈ ਤਾ ਭੁੱਲ ਈ ਗਿਆ ਸੀ, ਅਪਣੇ ਘਰ ਕੁੱਝ ਦਿਨਾ ਤੱਕ ਖੁਸ਼ੀ ਦਾ ਢੋਲ ਵੱਜਣਾ ਈ ਆ, ਪਰੀਤੀ ਦਾ ਚੁਬਾਰਾ ਵੀ ਬਣ ਚੱਲਿਆ"।
ਦੇਬੀ ਹੁਣ ਕੋਈ ਉਦਾਸੀ ਦੀ ਗੱਲ ਜਮਾ ਈ ਨਹੀ ਸੀ ਕਰਨੀ ਚਾਹੁੰਦਾ।
"ਲੈ, ਵੀਰ ਨੂੰ ਹੋਰ ਕੋਈ ਗੱਲ ਨਾ ਆਵੇ ਤਾ ਮੇਰੇ ਵਿਆਹ ਦੀ ਗੱਲ ਲੈ ਕੇ ਬਹਿ ਜੂ"।
ਪਰੀਤੀ ਨੇ ਉਹਨੂੰ ਲੰਮੇ ਹੱਥੀ ਲਿਆ, ਸਾਰੇ ਹੱਸ ਪਏ ਦੇਬੀ ਕੱਚਾ ਜਿਹਾ ਹੋ ਗਿਆ, ਪਰੀਤੀ ਉਹਨੂੰ ਅਗੂਠਾ ਦਿਖਾ ਗਈ ਸੀ।
"ਚੁਬਾਰੇ ਵਿੱਚ ਰਹਿਣ ਵਾਲੇ ਤਾਂ ਗੱਲ ਭੁੰਜੇ ਨੀ ਪੈਣ ਦਿੰਦੇ"।
ਦੇਬੀ ਪਰੀਤੀ ਨੂੰ ਚਿੜਾਉਣਾ ਚਾਹੁੰਦਾ ਸੀ।
"ਵੀਰੇ ਤੈਨੂੰ ਨਹੀ ਫੱਬਦੀਆ ਹਾਸੇ ਵਾਲੀਆ ਗੱਲਾਂ, ਤੂੰ ਜਦੋ ਗਿਆਨ ਦੀ ਗੱਲ ਕਰਦਾ ਤਾਂ ਸਮਝ ਪੈਦੀ ਆ, ਝੂਠੇ ਹਾਸੇ ਪਾਉਣ ਵਾਲੇ ਬਹੁਤ ਫਿਰਦੇ ਆ, ਤੂੰ ਜਦੋ ਕਿਸੇ ਨੂੰ ਹਸਾਉਦਾ ਆ ਤਾ ਉਸਦਾ ਪੂਰਾ ਜੀਵਨ ਹਸਾ ਦਿੰਦਾ ਏ, ਤੂੰ ਅਪਣੇ ਵਾਲਾ ਰੋਲ ਕਰਿਆ ਕਰ ਵੀਰ, ਉਹ ਤੇਰੇ ਬਿਨਾ ਹੋਰ ਕਿਸੇ ਨਹੀ ਕਰਨਾ"।
ਪੰਮੀ ਨੂੰ ਦੇਬੀ ਦੀ ਗਹਿਰਾਈ ਦਾ ਗਿਆਨ ਹੋ ਗਿਆ ਸੀ, ਗਹਿਰਾਈ ਵਿੱਚ ਕੋਈ ਚੁਲਬਲਾ ਪਨ ਨਹੀ ਲੱਭਦਾ, ਸਾਗਰ ਦੀ ਸਤਾ ਤੇ ਲਹਿਰਾਂ ਬਹੁਤ ਸ਼ੋਰ ਕਰਦੀਆ ਹਨ, ਪਰ ਗਹਿਰਾਈ ਵਿੱਚ ਸ਼ਾਂਤੀ ਹੈ, ਤੇ ਇਸ ਗਹਿਰਾਈ ਵਿੱਚ ਅਸਲੀ ਜੀਵਨ ਸਿਰਜਿਆ ਜਾਦਾ ਆ।
"ਸਦਕੇ ਜਾਵਾ ਪੰਮਿਆ, ਤੂੰ ਸੱਚ ਕਿਹਾ, ਕੋਈ ਹਾਸੇ ਵਾਲੀ ਗੱਲ ਕਰਨ ਦੀ ਕੋਸ਼ਿਸ਼ ਕਰਾ ਵੀ ਤਾ ਲਗਦਾ ਝੂਠ ਬੋਲ ਰਿਹਾਂ, ਹੁਣ ਜੇ ਕਿਸੇ ਨੂੰ ਇਤਰਾਜ ਨਾ ਹੋਵੇ ਤਾਂ ਮੈ ਘਰ ਜਾਣਾ ਚਾਹੁੰਦਾ ਪਰ ਸਿਰਫ ਤਾ ਜੇ ਕੋਈ ਉਦਾਸ ਨਾ ਹੋਵੇ"।
ਦੇਬੀ ਦਾ ਮਨ ਇਕੱਲਤਾ ਚਾਹੁੰਦਾ ਸੀ, ਸੱਜਣਾ ਦੀ ਮੌਜੂਦਗੀ ਵੀ ਉਸ ਨੂੰ ਰੋਕ ਨਹੀ ਸੀ ਰਹੀ, ਇਹ ਕਦੇ ਨਹੀ ਸੀ ਹੋਇਆ, ਐਸਾ ਕਿਓ ਹੋ ਰਿਹਾ ? ਉਹ ਘਰ ਜਾ ਕੇ ਸਿਰਜਣਹਾਰ ਨਾਲ ਗੱਲ ਕਰਨੀ ਚਾਹੁੰਦਾ ਸੀ, ਮਨ ਕਿਧਰੇ ਭਟਕ ਰਿਹਾ ਸੀ, ਸੱਜਣਾ ਦੇ ਸਾਹਮਣੇ ਜਿੰਨਾ ਚਿਰ ਉਹ ਰਹਿੰਦਾ, ਸਥਿਰ ਨਹੀ ਸੀ ਰਹਿ ਹੋਣਾ, ਤੇ ਉਨਾ ਸਾਰਿਆ ਨੂੰ ਬੈਠੇ ਛੱਡ ਕੇ ਉਹ ਘਰ ਨੂੰ ਚਲੇ ਗਿਆ।
"ਇਹ ਵੀਰ ਨੂੰ ਕੀ ਹੋ ਗਿਆ ? ਕਿਤੇ ਮੇਰੇ ਨਾਲ ਨਰਾਜ ਤਾ ਨਹੀ ਹੋ ਗਿਆ ?"
ਪਰੀਤੀ ਨੂੰ ਜਾਪਿਆ ਸ਼ਾਇਦ ਦੇਬੀ ਨੇ ਉਹਦੀ ਗੱਲ ਦਾ ਬੁਰਾ ਮਨਾਇਆ ਹੈ।
"ਬਾਈ ਕਿਸੇ ਨਾਲ ਨਰਾਜ ਨਹੀ ਹੁੰਦਾ, ਲਗਦਾ ਉਹਦਾ ਮਨ ਡਾਵਾਡੋਲ ਹੋ ਰਿਹਾ, ਜਿੰਨਾ ਕੁੱਝ ਉਹਦੇ ਨਾਲ ਹੋ ਚੁਕਿਆ ਜੇ ਕਿਸੇ ਹੋਰ ਨਾਲ ਹੋਇਆ ਹੁੰਦਾ ਤਾਂ ਹੁਣ ਤੱਕ ਕਦੇ ਦਾ ਜਰਮਨ ਮੁੜ ਗਿਆ ਹੁੰਦਾ"।
ਘੁੱਦਾ ਦੇਬੀ ਨੂੰ ਹੁਣ ਤੱਕ ਬਹੁਤ ਸਮਝ ਚੁੱਕਾ ਸੀ।
ਉਹ ਸਾਰੇ ਵੀ ਬੁਝੇ ਜਿਹੇ ਘਰਾਂ ਨੂੰ ਚਲੇ ਗਏ, ਪੰਜਾਬ ਦੇ ਪਿੰਡਾ ਵਿੱਚ ਫਰਜਾਂ, ਰਸਮਾ ਤੇ ਝੂਠੀਆ ਸ਼ਾਨਾ ਨੇ ਬਹੁਤਿਆ ਦੇ ਹਾਸੇ ਬੰਦ ਕਰ ਦਿੱਤੇ ਸਨ, ਲੋਕ ਹੱਸਦੇ ਜਰੂਰ ਹਨ, ਪਰ ਜਦੋ ਕੋਈ ਦੂਜਾ ਮੁਸ਼ਕਿਲ ਵਿੱਚ ਫਸਿਆ ਹੋਵੇ, ਉਹਨੂੰ ਦੇਖ ਕੇ ਹੱਸਦੇ ਆ, ਜਾ ਜੇ ਕੋਈ ਚੁਟਕਲਾ ਸੁਣਾਵੇ, ਇਨਾ ਹਾਸਿਆ ਦਾ ਅੰਦਰਲੀ ਰੂਹ ਨਾਲ ਕੋਈ ਸਬੰਧ ਨਹੀ, ਪਲ ਵਿੱਚ ਆਉਦੇ ਹਨ ਤੇ ਪਲ ਵਿੱਚ ਬਿਖਰ ਜਾਦੇ ਹਨ, ਦੇਬੀ ਚਾਹੁੰਦਾ ਸੀ ਕਿ ਹਰ ਕੋਈ ਖੁੱਲ ਕੇ ਹੱਸ ਸਕੇ ਪਰ ਏਥੇ ਤਾ ਜੇ ਕਿਸੇ ਨੇ ਰੋਣਾ ਹੋਵੇ ਉਹ ਵੀ ਇਹ ਸੋਚ ਕੇ ਰੋਦਾ ਬਈ ਕੋਈ ਦੇਖ ਨਾ ਲਵੇ, ਕਿਸੇ ਨੇ ਪੁੱਛ ਲਿਆ ਤਾ ਦੱਸਣਾ ਪਊ ਕਿਓ ਰੋਦਾ, ਬੇਇਜਤੀ ਹੋਵੇਗੀ, ਲੁਕੋ ਲਓ ਆਪਣੇ ਦੁੱਖ ਦੱਸਿਓ ਨਾ ਕਿਸੇ ਨੂੰ, ਅੱਜ ਦੇਬੀ ਵੀ ਕੁੱਝ ਲੁਕੋ ਕੇ ਘਰ ਨੂੰ ਚਲੇ ਗਿਆ ਸੀ।
ਉਹ ਬੈਠਕ ਵਿੱਚ ਗਿਆ, ਬੈਠਕ ਵਿੱਚ ਸੱਜਣਾ ਦੀ ਯਾਦ ਹੋਰ ਸ਼ਿੱਦਤ ਨਾਲ ਆਉਣ ਲੱਗ ਪਈ, ਉਹ ਕੋਠੇ ਤੇ ਚੜ ਗਿਆ, ਫਿਰ ਤਾਰਿਆ ਦੀ ਛਾਂਵੇ, ਉਨਾ ਤਾਰਿਆ ਦੀ ਛਾਵੇ ਜਿਨਾਂ ਨੇ ਸਭ ਕੁੱਝ ਦੇਖਿਆ ਸੀ, ਉਹ ਉਨਾ ਵੱਲ ਦੇਖਦਾ ਹੋਇਆ ਸੋਚ ਰਿਹਾ ਸੀ … ।
ਜਿਸ ਕੰਮ ਜਰਮਨ ਤੋ ਏਥੇ ਆਇਆ ਹੈ ਉਸ ਕੰਮ ਤੋ ਉਹ ਥਿੜਕ ਰਿਹਾ, ਜੇ ਦੀਪੀ ਦੀ ਪਰਾਪਤੀ ਨਹੀ ਹੋ ਸਕੀ ਤਾ ਕੀ ਇਸਦਾ ਮਤਲਬ ਜੀਵਨ ਖਤਮ ਹੋ ਗਿਆ ? ਕਿੰਨੇ ਲੋਕ ਹਨ ਜੋ ਬਿਨਾ ਪਰੇਮ ਦੇ ਜੀ ਰਹੇ ਹਨ ?
ਇਹ ਕੀ ਮਜਨੂੰ ਪੁਣਾ ਹੈ ? ਇਹ ਤਾ ਖੁਦਗਰਜੀ ਹੈ, ਜੇ ਪਰੇਮ ਨਹੀ ਮਿਲਿਆ ਤਾ ਹੁਣ ਪਰੇਮ ਵੰਡਣਾ ਬੰਦ ਕਰ ਦੇਵਾਂ ? ਦੀਪੀ ਨਾ ਸਹੀ, ਇੰਨੇ ਜੋ ਭੈਣ ਭਰਾ ਮਿਲੇ ਹਨ ਉਨਾ ਦਾ ਕੀ ਦੋਸ਼ ? ਉਹ ਵੀ ਤਾ ਪਿਆਰ ਦੇ ਰਹੇ ਆ ?
ਸਮਾਜ ਸੇਵਾ ਸਿਰਫ ਮੇਰਾ ਇੱਕ ਬਹਾਨਾ ਸੀ ? ਅਸਲ ਇੱਛਾ ਤਾ ਸਿਰਫ ਦੀਪੀ ਨੂੰ ਪਾਉਣਾ ਸੀ ?
ਇਹ ਕੋਈ ਸਮਾਜ ਸੇਵਾ ਨਹੀ ਇਹ ਅਪਣੀ ਸੇਵਾ ਹੈ, ਜੇ ਇਛਾ ਪੂਰੀ ਨਹੀ ਹੋਈ ਤਾਂ ਸਭ ਕੁੱਝ ਖਤਮ ?
ਨਹੀ, ਇਹ ਕਿਵੇ ਹੋ ਸਕਦਾ ? ਉਸ ਨੂੰ ਯਾਦ ਆ ਰਹੇ ਸਨ ਇੱਕ ਸ਼ਾਇਰ ਦੇ ਸ਼ਬਦ … ।
ਛੋੜ ਦੇ ਸਾਰੀ ਦੁਨੀਆ ਕਿਸੀ ਕੇ ਲੀਏ, ਯੇ ਮੁਨਾਸਿਬ ਨਹੀ ਆਦਮੀ ਕੇ ਲੀਏ
ਪਿਆਰ ਸੇ ਭੀ ਜਰੂਰੀ ਕਈ ਕਾਮ ਹੈ, ਪਿਆਰ ਸਭ ਕੁੱਝ ਨਹੀ ਜਿੰਦਗੀ ਕੇ ਲੀਏ … ।
ਹਾ, ਹੋਰ ਵੀ ਬਹੁਤ ਕੁੱਝ ਹੈ ਜੋ ਜਰੂਰੀ ਹੈ, ਜੀਵਨ ਸਭ ਤੋ ਜਰੂਰੀ ਹੈ, ਜੇ ਜੀਵਨ ਹੀ ਨਾ ਰਿਹਾ ਤਾ ਕੌਣ ਕਿਸੇ ਨੂੰ ਪਿਆਰ ਕਰੇਗਾ ?
ਮੈ ਜਰੂਰ ਭਟਕ ਰਿਹਾ, ਰੱਬ ਨੇ ਮੇਰੀ ਝੋਲੀ ਏਨਾ ਕੁੱਝ ਪਾਇਆ ਤੇ ਮੈਨੂੰ ਇਹ ਵੀ ਘੱਟ ਲਗਦਾ ?
ਇਹ ਲਾਲਚ ਆ, ਜੇ ਕੋਈ ਇੱਕ ਅੱਧੀ ਇਛਾ ਪੂਰੀ ਨਹੀ ਵੀ ਹੋਈ ਤਾਂ ਹੁਣ ਸ਼ਿਕਵੇ ਸ਼ੁਰੂ ? ਨਹੀ, ਮੇਰੇ ਕੋਲੋ ਕੁੱਝ ਗਲਤ ਹੋ ਰਿਹਾ, ਕੀ ਕਰਨਾ ਚਾਹੀਦਾ ?
ਵਾਪਿਸ ਚਲੇ ਜਾਵਾ ? ਮੇਰੇ ਸੁਪਨੇ ਦਾ ਕੀ ਹੋਊ ? ਕੀ ਮੈ ਕਮਜੋਰ ਪੈ ਰਿਹਾ ? ਭਗੌੜਾ ਹੋ ਰਿਹਾ ?
ਵਾਪਿਸ ਚਲੇ ਵੀ ਗਿਆ ਤਾਂ ਮਨ ਤਾ ਫੇਰ ਇਥੇ ਰਹਿਣਾ, ਉਥੇ ਵੀ ਚੈਨ ਨਹੀ ਆਉਣੀ, ਮੈਨੂੰ ਹਿੰਮਤ ਕਰਨੀ ਚਾਹੀਦੀ ਆ, ਬਹੁਤ ਸੁਸਤੀ ਹੋ ਚੁੱਕੀ, ਕੁੱਝ ਵੀ ਅੱਗੇ ਨਹੀ ਹੋ ਰਿਹਾ, ਲੋਕਾ ਦੇ ਜੀਵਨ ਵਿੱਚ ਬਹੁਤ ਕਮੀਆ ਹਨ, ਤਕਲੀਫਾਂ ਹਨ ਉਨਾ ਦਾ ਕੋਈ ਇਲਾਜ ਸੋਚਣਾ ਆ,
ਕੱਲ ਤੋ ਕੰਮ ਤੇ ਲੱਗ ਜਾਣਾ ਆ, ਕੱਲ ਤੋ ? ਕੱਲ ਕਿਸ ਨੇ ਦੇਖਿਆ ? ਹੁਣ ਤੋ ਕਿਓ ਨਹੀ ? ਹੁਣ ਕੀ ਕਰਾ ? ਰਾਤ ਵੇਲੇ ?
ਰਾਤ ਨੂੰ ਵੀ ਬਹੁਤ ਕੁੱਝ ਕੀਤਾ ਜਾ ਸਕਦਾ, ਕੱਲ ਦੇ ਕੰਮ ਦੀ ਰੂਪ ਰੇਖਾ ਤਿਆਰ ਕਰ, ਸਭ ਤੋ ਪਹਿਲਾ ਪਰੀਤੀ ਦਾ ਵਿਆਹ, ਫਿਰ ਡਿਸਪੈਸਰੀ, ਸਕੂਲ ਦੀ ਇਮਾਰਤ ਅਤੇ ਹੁਣ ਝੋਨੇ ਦੀ ਫਸਲ ਬਾਅਦ ਸਾਰੇ ਪਿੰਡ ਦੀ ਜਮੀਨ ਦਾ ਇੱਕ ਫਾਰਮ, ਇਹ ਸਾਰੇ ਕੰਮ ਕੋਈ ਮੁਸ਼ਕਿਲ ਨਹੀ ਸਨ ਪਰ ਮੁਸ਼ਕਿਲ ਕੀਤੇ ਜਾ ਸਕਦੇ ਸਨ, ਲੋਕਾਂ ਦੀ ਆਪਸੀ ਖਹਿਬਾਜੀ ਨੇ ਇਨਾ ਨੂੰ ਅਸੰਭਵ ਕੀਤਾ ਹੋਇਆ ਸੀ, ਮਨ ਹੀ ਮਨ ਪਰੋਜੈਕਟ ਤਿਆਰ ਕਰਕੇ ਸੂਰਜ ਚੜਨ ਦੀ ਉਡੀਕ ਕਰਦਾ ਦੇਬੀ ਸੌ ਗਿਆ।
ਸਵੇਰੇ ਹੀ ਘੁੱਦੇ ਨੂੰ ਨਾਲ ਲੈ ਕੇ ਨਕੋਦਰ ਨੂੰ ਚਲੇ ਗਿਆ, ਮਨਿੰਦਰ ਦੇ ਘਰ ਜਿਥੇ ਚੁਬਾਰਾ ਬਣ ਰਿਹਾ ਸੀ, ਚੁਬਾਰੇ ਦੀ ਛੱਤ ਪੈ ਚੁੱਕੀ ਸੀ ਤੇ ਪੌੜੀ ਚੜਾਈ ਜਾ ਰਹੀ ਸੀ, ਦੇਬੀ ਨੇ ਕੰਮ ਦਾ ਮੁਆਇਨਾ ਕੀਤਾ, ਹਾਲੇ ਦੋ ਹਫਤੇ ਹੋਰ ਲੱਗਣੇ ਸਨ, ਮਨਿੰਦਰ ਨੂੰ ਹੋਰ ਮਿਸਤਰੀ ਲੱਭ ਕੇ ਕੰਮ ਨੂੰ ਜਲਦੀ ਨਿਬੇੜਨ ਲਈ ਕਿਹਾ ਅਤੇ ਨਾਲ ਜਿਹੜਾ ਤੀਹ ਹਜਾਰ ਉਨਾ ਦੇ ਹਿੱਸੇ ਦਾ ਸੀ ਉਹ ਦੋਵੇ ਦੇ ਆਏ, ਦਸਵੇ ਦਿਨ ਵਿਆਹ ਦੀ ਤਰੀਕ ਵੀ ਪੱਕੀ ਕਰ ਆਏ ਦੋਵੇ ਭਰਾ ਪਰੀਤੀ ਦੇ।
ਡਿਸਪੈਸਰੀ ਲਈ ਫਿਲਹਾਲ ਦੋ ਕਮਰੇ ਬਣਾਉਣ ਦੀ ਹੀ ਯੋਜਨਾ ਸੀ, ਨੀਹਾ ਭਰੀਆ ਜਾ ਚੁੱਕੀਆ ਸਨ, ਇਹ ਕੰਮ ਸਾਝੀਵਾਲ ਨਹੀ ਸਗੋ ਸਾਰੇ ਬਾਪੂ ਰਲ ਕੇ ਕਰ ਰਹੇ ਸਨ, ਦੇਬੀ ਨੂੰ ਡਿਸਪੈਸਰੀ, ਸਕੂਲ ਦੀ ਇਮਾਰਤ ਦੇ ਕੰਮ ਦੀ ਫਿਕਰ ਨਹੀ ਸੀ, ਪੈਸੇ ਪੰਚਾਇਤ ਦੇ ਅਕਾਉਟ ਵਿੱਚ ਪਏ ਸਨ ਤੇ ਸਰਪੰਚ ਦੇ ਹੱਥੀ ਲੱਗ ਰਹੇ ਸਨ, ਬੂਟਾ ਸਿੰਘ ਦੇ ਹਿੱਸੇ ਦੇ ਪੈਸੇ ਉਸਦੇ ਅਕਾਉਂਟ ਵਿੱਚ ਜਮਾ ਕਰਾ ਦਿੱਤੇ ਗਏ ਸਨ, ਜੋ ਕੰਮ ਪੈਸੇ ਨਾਲ ਹੋ ਸਕਦਾ ਸੀ ਉਸ ਤੇ ਤਾ ਕੋਈ ਖਾਸ ਰੁਕਾਵਟ ਨਹੀ ਸੀ ਆ ਰਹੀ ਪਰ ਜਿੱਥੇ ਲੋਕਾ ਦੇ ਇੱਕ ਦੂਜੇ ਤੇ ਵਿਸ਼ਵਾਸ਼ ਦੀ ਬਹਾਲੀ ਦਾ ਮੁੱਦਾ ਸੀ ਉਥੇ ਮੁਸ਼ਕਲ ਖੜੀ ਹੋ ਜਾਦੀ ਸੀ।
ਅੱਜ ਦੁਪਿਹਰ ਵੇਲੇ ਦੇਬੀ ਨੇ ਫਿਰ ਸਾਰਿਆ ਨੂੰ ਇਕੱਠੇ ਕਰ ਲਿਆ ਸੀ, ਹੁਣ ਉਹ ਵੱਡੇ ਫਾਰਮ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦਾ ਸੀ
ਸਤਿਕਾਰ ਯੋਗ ਬਯੁਰਗੋ,
ਐਸਾ ਨਹੀ ਕਿ ਮੈ ਆਪ ਸਭ ਨੂੰ ਜੀਵਨ ਦੀ ਜਾਚ ਸਿਖਾਉਣ ਆਇਆ ਹਾ, ਐਸਾ ਵੀ ਨਹੀ ਕਿ ਮੈ ਇਹ ਸਮਝਦਾ ਹੋਵਾ ਕਿ ਮੇਰੇ ਤੋ ਬਿਨਾ ਆਪ ਦਾ ਸਰਦਾ ਨਹੀ, ਹੁਣ ਤੱਕ ਆਪ ਸਭ ਨੇ ਅਪਣਾ ਜੀਵਨ ਮੇਰੇ ਤੋ ਬਿਨਾ ਹੀ ਜੀਇਆ ਹੈ ਔਰ ਵਧੀਆ ਜੀਇਆ ਹੈ, ਜੇ ਤੁਹਾਡਾ ਪੁੱਤ ਕਿਸੇ ਨਵੀ ਚੀਜ ਦੀ ਖੋਜ ਕਰੇ ਤੇ ਤੁਹਾਡੇ ਜੀਵਨ ਨੂੰ ਹੋਰ ਬੇਹਤਰ ਕਰਨ ਬਾਰੇ ਕਹੇ ਤਾ ਤੁਸੀ ਬਹੁਤ ਖੁਸ਼ ਹੁੰਦੇ ਹੋ, ਪਰ ਜੇ ਤੁਸੀ ਅਪਣੇ ਪੁੱਤਰ ਵੱਲੋ ਕੀਤੇ ਜਾ ਰਹੇ ਉਦਮ ਵਿੱਚ ਉਸਦਾ ਸਾਥ ਨਾ ਦੇਵੋ ਤਾ ਉਹ ਇਕੱਲਾ ਕੁੱਝ ਨਹੀ ਕਰ ਸਕੇਗਾ, ਬਿਲਕੁਲ ਇਸੇ ਤਰਾ ਮੈ ਵੀ ਤੁਹਾਡਾ ਪੁੱਤਰ ਹਾ ਅਤੇ ਤੁਹਾਡਾ ਸਭ ਦਾ ਜੀਵਨ ਹੋਰ ਵੀ ਬੇਹਤਰ ਕਰਨ ਦੀ ਇੱਛਾ ਰੱਖਦਾ ਹਾ, ਪਰ ਕਿਉਕਿ ਮੈ ਕਿਸੇ ਇੱਕ ਘਰ ਨਾਲ ਸਬੰਧਿਤ ਨਹੀ ਇਸ ਲਈ ਆਪ ਸਭ ਲਈ ਇਹ ਇੱਕ ਨਵੀ ਗੱਲ ਹੈ ਅਤੇ ਹਰ ਨਵੀ ਗੱਲ ਜਦ ਤੱਕ ਹੋ ਨਾ ਜਾਵੇ ਉਹ ਨਵੀ ਹੀ ਰਹਿੰਦੀ ਹੈ, ਤੇ ਉਹਦੇ ਬਾਰੇ ਸ਼ੱਕ ਬਣਿਆ ਰਹਿੰਦਾ ਹੈ, ਕਿਸੇ ਚੰਗੇ ਨਤੀਜੇ ਨੂੰ ਪਰਾਪਤ ਕਰਨ ਲਈ ਕੋਈ ਚੰਗੀ ਕੋਸ਼ਿਸ਼ ਵੀ ਚਾਹੀਦੀ ਹੈ, ਮੇਰਾ ਖਿਆਲ ਹੈ ਕਿ ਹੁਣ ਤੱਕ ਤੁਸੀ ਸਭ ਨੇ ਸਿਆਣਪ ਦੀ ਰੱਜ ਕੇ ਵਰਤੋ ਕੀਤੀ ਹੈ, ਸਿਆਣਪ ਨੇ ਜਿੱਥੇ ਚੰਗੇ ਨਤੀਜੇ ਦਿੱਤੇ ਹਨ ਉਥੇ ਬੁਰੇ ਵੀ, ਮੇਰਾ ਅਪਣਾ ਇਹ ਮੰਨਣਾ ਹੈ ਕਿ ਮੈ ਸਿਆਣਾ ਨਹੀ ਹਾ, ਅਗਰ ਸਿਆਣਾ ਹੁੰਦਾ ਤਾ ਅਪਣੇ ਕੰਮ ਨਾਲ ਮਤਲਬ ਰੱਖਦਾ, ਮੈ ਦਿਲ ਦਾ ਕਿਹਾ ਮੰਨਣ ਵਿੱਚ ਯਕੀਨ ਰੱਖਦਾ ਹਾ ਤੇ ਮੇਰਾ ਦਿਲ ਕਹਿੰਦਾ ਕਿ ਮੈ ਆਪ ਸਭ ਲਈ ਕੁੱਝ ਕਰਾ, ਮੈ ਕੁੱਝ ਮਹੀਨੇ ਪਹਿਲਾ ਕਿਹਾ ਸੀ ਕਿ ਕੁੱਝ ਹੀ ਸਮੇ ਵਿੱਚ ਇਹ ਪਿੰਡ ਕਰਜ ਮੁਕਤ ਹੋਵੇਗਾ, ਉਸ ਲਈ ਹੁਣ ਢੁਕਵਾ ਸਮਾ ਆ ਗਿਆ ਹੈ, ਮੇਰਾ ਪਲੈਨ ਮੈ ਪਹਿਲਾ ਹੀ ਦੱਸ ਚੁੱਕਾ ਹਾ ਅਤੇ ਹੁਣ ਜਾਨਣਾ ਚਾਹੁੰਦਾ ਹਾ ਕਿ ਮੇਰੇ ਕਿੰਨੇ ਬਯੁਰਗ ਮੇਰੇ ਨਾਲ ਹਨ … ।"
ਲੰਮੀ ਚੌੜੀ ਵਿਆਖਿਆ ਕਰਨ ਤੋ ਬਾਅਦ ਦੇਬੀ ਨੇ ਬਯੁਰਗਾ ਵੱਲ ਸਵਾਲੀਆ ਦਰਿਸ਼ਟੀ ਨਾਲ ਦੇਖਿਆ, ਸਭ ਤੋ ਪਹਿਲਾ ਫੋਜੀ ਤੇ ਹਮਾਇਤੀ ਬਾਪੂ ਨੇ ਹੱਥ ਖੜੇ ਕੀਤੇ, ਹੌਲੀ ਹੌਲੀ ਕੁੱਝ ਹੱਥ ਹੋਰ ਖੜੇ ਹੋ ਗਏ, ਪਰ ਇਹ ਕਾਫੀ ਨਹੀ ਸਨ, ਕੋਈ ਸਤਾਰਾ ਕੁ ਘਰ ਇਸ ਤਜਰਬੇ ਨਾਲ ਸਹਿਮਤ ਸਨ, ਬਾਕੀ ਤਰਾ ਤਰਾ ਦੀਆ ਗੱਲਾ ਕਰਦੇ ਸਨ, ਜਿਵੇ ਕਿ … ।।
"ਕਾਕਾ, ਮੈਨੂੰ ਲਗਦਾ ਸਾਲ ਕੁ ਤੱਕ ਤੂੰ ਕਹੇਗਾ ਬਈ ਇੱਕ ਵੱਡਾ ਸਾਰਾ ਘਰ ਬਣਾ ਕੇ ਉਹਦੇ ਵਿੱਚ ਸਾਰੇ ਕੱਠੇ ਰਹੋ"।
ਇੱਕ ਤਾਇਆ ਦੇਬੀ ਦੇ ਇਸ ਇਕੱਠੀ ਖੇਤੀ ਵਾਲੇ ਪਲੈਨ ਨਾਲ ਬਿਲਕੁਲ ਸਹਿਮਤ ਨਹੀ ਸੀ।
"ਨਹੀ, ਬਾਪੂ ਜੀ, ਰਹਿਣ ਦੇ ਮਾਮਲੇ ਵਿੱਚ ਮੇਰੀ ਸੋਚ ਉਲਟੀ ਹੈ, ਮੈ ਸਗੋ ਇਹ ਸਲਾਹ ਦੇਵਾਗਾ ਕਿ ਘਰ ਵੱਡੇ ਦੀ ਬਜਾਏ ਛੋਟੇ ਹੋਣ, ਪਰਵਾਰ ਛੋਟੇ ਹੋਣ, ਵੱਡੇ ਪਰਵਾਰਾ ਵਿੱਚ ਅਕਸਰ ਕਿਸੇ ਨਾਲ ਬੇਇਨਸਾਫੀ ਹੋ ਜਾਦੀ ਆ, ਕਮਾਈ ਆਪੋ ਆਪਣੀ, ਘਰ ਆਪੋ ਆਪਣੇ ਪਰ ਫਿਰ ਵੀ ਸ਼ਾਝੀਵਾਲਤਾ ਦੀ ਭਾਵਨਾ ਹਰ ਦਿਲ ਵਿੱਚ ਹੋਵੇ, ਬਿਨਾ ਇਸ ਤਜਰਬੇ ਨੂੰ ਅਮਲੀ ਰੂਪ ਦਿੱਤਿਆ ਮੈ ਕਿਵੇ ਦਿਖਾ ਸਕਦਾ ਹਾ ਕਿ ਇਸ ਦੇ ਕਿੰਨੇ ਫਾਇਦੇ ਹਨ ?"
ਦੇਬੀ ਨੇ ਜਵਾਬ ਦਿੱਤਾ।
"ਕੁਝ ਵੀ ਕਹੇ ਕਾਕਾ, ਆਹ ਜਮੀਨ ਜੱਟ ਦੀ ਮਾ ਹੁੰਦੀ ਆ ਤੇ ਮਾਂ ਹਰ ਕਿਸੇ ਦੀ ਆਪੋ ਆਪਣੀ ਈ ਠੀਕ ਆ, ਆਪਾ ਇਸ ਕੰਮ ਦੇ ਸਾਝੀਵਾਲ ਨਹੀ"।
ਬਾਪੂ ਸਾਫ ਨਾਹ ਕਰ ਗਿਆ।
"ਕਿਸੇ ਨੇ ਵੀ ਕਿਸੇ ਦੀ ਜਮੀਨ ਨਹੀ ਖੋਹਣੀ, ਅਸੀ ਸਿਰਫ ਕੰਮ ਦੇ ਤੌਰ ਤਰੀਕੇ ਬਦਲਣੇ ਆ, ਸਾਝੇ ਕੰਮ ਦੇ ਫਾਇਦੇ ਹੁਣ ਤੱਕ ਤੁਸੀ ਦੇਖ ਹੀ ਚੁੱਕੇ ਹੋ"।
ਦੇਬੀ ਨੇ ਕੋਸ਼ਿਸ਼ ਕੀਤੀ ਕਿ ਬਾਪੂ ਮੰਨ ਜਾਵੇ।
"ਸੋ ਗਜ ਰੱਸਾ ਸਿਰੇ ਤੇ ਗੰਢ, ਆਪਾ ਇਹ ਕੰਮ ਕਰਨਾ ਈ ਨਹੀ"।
ਤੇ ਬਾਪੂ ਉਠ ਕੇ ਤੁਰ ਗਿਆ।
ਬਹੁਤ ਦੇਰ ਮਸ਼ਵਰੇ ਹੁੰਦੇ ਰਹੇ, ਸਾਰਿਆ ਦਾ ਏਕਾ ਨਹੀ ਸੀ ਹੋ ਰਿਹਾ, ਕੁੱਝ ਬਾਪੂ ਉਠ ਕੇ ਚਲੇ ਵੀ ਗਏ ਸਨ, ਇਹ ਉਹ ਬਾਪੂ ਸਨ ਜੋ ਬਹੁਤ ਸਾਵਧਾਨੀ ਨਾਲ ਜੀਵਨ ਜਿਊਦੇ ਸਨ, ਜਿਨਾ ਦਾ ਕਿਸੇ ਤੇ ਕੋਈ ਵਿਸ਼ਵਾਸ਼ ਨਹੀ ਸੀ, ਕੁੱਝ ਮਹੀਨਿਆ ਵਿੱਚ ਏਨੀ ਜਿਆਦਾ ਤਬਦੀਲੀ ਉਹਨਾ ਨੂੰ ਪਚਦੀ ਨਹੀ ਸੀ,
ਭਾਵੇ ਕੁੱਝ ਚੰਗਾ ਹੀ ਹੋ ਰਿਹਾ ਸੀ ਪਰ ਸਾਥ ਨਹੀ ਦੇਣਾ, ਸਰਦਾ ਤਾ ਹੁਣ ਵੀ ਆ, ਕੀ ਲੋੜ ਆ ਤਬਦੀਲੀ ਦੀ ? ਦੇਬੀ ਦੀ ਸਮਝ ਇਹ ਨਹੀ ਸੀ ਪੈ ਰਿਹਾ ਕਿ ਇਹ ਲੋਕ ਅਪਣਾ ਫਾਇਦਾ ਕਿਓ ਨਹੀ ਕਰਾਉਣਾ ਚਾਹੁੰਦੇ ?
ਖੈਰ ਮੰਨੇ ਹੋਏ ਸਤਾਰਾ ਮੈਬਰਾ ਦੀ ਇਹ ਸਲਾਹ ਸੀ ਕਿ ਜੋ ਮੰਨਦੇ ਹਨ ਉਨਾ ਦੇ ਖੇਤਾ ਵਿੱਚ ਇਹ ਤਜਰਬਾ ਕਰ ਲਿਆ ਜਾਵੇ, ਹੁਣ ਸਾਰਿਆ ਦੇ ਖੇਤ ਇੱਕ ਦੂਜੇ ਦੇ ਨਾਲ ਲੱਗਵੇ ਨਹੀ ਸਨ, ਕਿਸੇ ਐਸੇ ਬੰਦੇ ਦੀ ਜਮੀਨ ਵੀ ਵਿੱਚ ਪੈਦੀ ਸੀ ਜਿਹੜਾ ਬਿਲਕੁਲ ਨਹੀ ਸੀ ਮੰਨਦਾ, ਸਰਪੰਚ ਨੇ ਦੋ ਕੁ ਬੰਦਿਆ ਤੇ ਜੋਰ ਪਾ ਕੇ ਉਨਾ ਨੁੰ ਮਨਾ ਲਿਆ ਤੇ ਇਸ ਤਰਾ ਇੱਕ ਸੌ ਨੱਬੇ ਖੇਤਾ ਦੇ ਮਾਲਕ ਇਸ ਤਜਰਬੇ ਲਈ ਤਿਆਰ ਹੋ ਗਏ, ਦੇਬੀ ਲਈ ਇਹ ਵੀ ਕਾਫੀ ਸੀ, ਉਹ ਜਾਣਦਾ ਸੀ ਕਿ ਬਾਅਦ ਵਿੱਚ ਬਾਕੀ ਵੀ ਨਾਲ ਮਿਲ ਜਾਂਣਗੇ, ਝੋਨੇ ਦੀ ਕਟਾਈ ਤੋ ਬਾਅਦ ਖੇਤਾ ਦੇ ਵਾਧੂ ਰਾਹ, ਸਾਰੀਆ ਖਾਲਾਂ ਤੇ ਖਾਲੀ ਪਏ ਤੌੜ ਤੇ ਵਾਧੂ ਮੋਟਰਾ ਦੀ ਸਮਾਪਤੀ ਦੀ ਗੱਲ ਹੋ ਗਈ ਸੀ, ਇਹ ਸਾਰਾ ਕੁੱਝ ਲਿਖਤੀ ਰੂਪ ਵਿੱਚ ਹੋਣਾ ਸੀ ਤੇ ਘੱਟੋ ਘੱਟ ਪੰਜ ਸਾਲ ਦਾ ਐਗਰੀਮੈਂਟ ਸਾਈਨ ਹੋਣਾ ਸੀ, ਇਸ ਤੋ ਪਹਿਲਾ ਕੋਈ ਵੀ ਅਪਣੀ ਜਮੀਨ ਅਪਣੀ ਮਰਜੀ ਨਾਲ ਨਹੀ ਸੀ ਵਾਹ ਸਕਦਾ, ਕੁੱਝ ਬਯੁਰਗਾ ਨੇ ਦੇਬੀ ਕੋਲੋ ਪੰਜ ਲੱਖ ਰੁਪਏ ਦੀ ਗਰੰਟੀ ਦੀ ਮੰਗ ਕੀਤੀ ਸੀ ਬਈ ਜੇ ਇਹ ਕੰਮ ਸਹੀ ਨਾ ਚੱਲਿਆ ਤਾ ਉਨਾ ਨੂੰ ਮੁੜ ਨਿੱਕੀਆ ਮੋਟਰਾਂ ਤੇ ਕੋਠੇ ਆਦਿ ਪਾਉਣੇ ਪੈਣਗੇ, ਇਸ ਗੱਲ ਤੇ ਸਰਪੰਚ ਨੇ ਉਨਾ ਨੂੰ ਫਿਟਕਾਰਦਿਆ ਕਿਹਾ ਸੀ ਬਈ ਇਹ ਮੁੰਡਾ ਕੋਈ ਚੀਜ ਚੱਕ ਕੇ ਨਹੀ ਲਿਜਾ ਰਿਹਾ, ਜਿਸ ਨੂੰ ਜਿਆਦਾ ਧੁੜਕੁ ਹੈ ਉਸ ਗੱਲ ਦੀ ਜਾਮਨੀ ਸਰਪੰਚ ਭਰਦਾ ਸੀ।
ਇਸ ਕੰਮ ਲਈ ਸਾਰੇ ਮੈਬਰਾ ਦੀ ਆਪੋ ਆਪਣੀ ਡਿਊਟੀ ਸੀ, ਵੱਡੇ ਬੋਰਾ ਦਾ ਸਹੀ ਸਮੇ ਤੇ ਇੰਤਜਾਮ, ਵਾਧੂ ਟਰੈਕਟਰ ਤੇ ਛੋਟੀਆ ਮੋਟਰਾ ਵੇਚ ਕੇ ਵੱਡੀਆ ਮੋਟਰਾ ਤੇ ਜਮੀਨ ਦੋਜ ਖਾਲ ਲਈ ਪੁਲੀਆ ਖਰੀਦਣੀਆ, ਖਾਦ ਖੁਰਾਕ ਦੀ ਖਰੀਦਾਰੀ, ਇੱਕ ਵੱਡੀ ਕੰਬਾਈਨ ਦੀ ਖਰੀਦ ਜਿਸ ਨਾਲ ਪਿੰਡ ਦੀ ਕਣਕ ਵੱਢਣ ਤੋ ਬਾਅਦ ਹੋਰ ਲੋਕਾ ਦੀ ਕਣਕ ਵੱਡ ਕੇ ਕੁੱਝ ਵਾਧੂ ਕਮਾਈ ਕਰਨ ਦੀ ਪਲੈਨਿੰਗ, ਉਚੀ ਨੀਵੀ ਜਮੀਨ ਨੂੰ ਪੱਧਰੇ ਕਰਨ ਲਈ ਇੱਕ ਵੱਡੇ ਐਕਸ਼ਨ ਦੀ ਤਿਆਰੀ ਆਦਿ, ਸਭ ਕੰਮਾ ਲਈ ਵੱਖੋ ਵੱਖਰੇ ਬਾਪੂਆ ਨੂੰ ਜਿੰਮੇਦਾਰੀ ਦੇ ਕੇ ਦੇਬੀ ਅਤੇ ਸਰਪੰਚ ਦੇਖ ਰੇਖ ਲਈ ਚੁਣੇ ਗਏ।
ਦੇਬੀ ਹਰ ਰੋਜ ਕਿਸੇ ਨਾ ਕਿਸੇ ਬਾਪੂ ਨੂੰ ਨਾਲ ਲੈ ਕੇ ਨਿਕਲ ਜਾਦਾ ਅਤੇ ਹਰ ਜਰੂਰਤ ਦੀ ਚੀਜ ਦੀ ਟੈਮਪਰੇਰੀ ਖਰੀਦ, ਉਸਦਾ ਰੇਟ ਅਤੇ ਕਦੋ ਜਰੂਰਤ ਹੈ ਆਦਿ ਤੈਅ ਕਰ ਕੇ ਸ਼ਾਮ ਨੂੰ ਘਰ ਮੁੜਦਾ, ਇੱਕ ਹਫਤੇ ਵਿੱਚ ਅੱਧਿਓ ਵੱਧ ਲੋੜ ਦੀਆ ਚੀਜਾਂ, ਜਿਵੇ ਮੋਟਰਾ, ਬੋਰ ਦਾ ਸਮਾਨ, ਪੁਲੀਆ, ਕੰਮ ਕਰਨ ਵਾਲੇ ਕਾਰੀਗਰ ਅਤੇ ਪਿੰਡ ਦਾ ਵੇਚਣ ਵਾਲਾ ਸਮਾਨ ਤੇ ਉਹਦੇ ਲਈ ਗਾਹਕ ਆਦਿ ਨਾਲ ਗੱਲਬਾਤ ਹੋ ਚੁੱਕੀ ਸੀ, ਉਧਰੋ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਸੀ, ਬਹੁਤ ਸਾਰੇ ਕੰਮ ਸਨ ਤੇ ਸਮਾ ਥੋੜਾ ਸੀ, ਤਿੰਨ ਚਾਰ ਪਰੋਜੈਕਟ ਇਕੱਠੇ ਚਲ ਰਹੇ ਸਨ ਪਰ ਹੋ ਇਸ ਲਈ ਰਹੇ ਸਨ ਕਿ ਹਰ ਕਿਸੇ ਦੀ ਆਪੋ ਆਪਣੀ ਡਿਊਟੀ ਸੀ ਤੇ ਕੋਈ ਕਿਸੇ ਦੇ ਮਾਮਲੇ ਵਿੱਚ ਲੱਤ ਨਹੀ ਸੀ ਅੜਾ ਰਿਹਾ, ਦੇਬੀ ਰੋਜ ਵੱਖਰੇ ਵੱਖਰੇ ਬਾਪੂ ਨਾਲ ਬੈਠ ਕੇ ਗੱਲ ਕਰਦਾ ਅਤੇ ਉਨਾ ਦੇ ਮਨ ਦੀਆ ਸ਼ੱਕਾ ਦੂਰ ਕਰਦਾ ਰਹਿੰਦਾ ਸੀ।
ਪਰੀਤੀ ਦਾ ਵਿਆਹ ਹੋ ਚੁੱਕਾ ਸੀ, ਉਹਦੇ ਸਹੁਰੇ ਪੰਦਰਾ ਕੁ ਮੈਬਰਾਂ ਦੀ ਬਰਾਤ ਲੈ ਕੇ ਆਏ, ਗੁਰਦਵਾਰੇ ਵਿੱਚ ਅਨੰਦ ਕਾਰਜ ਹੋਣ ਤੋ ਬਾਅਦ ਇੱਕ ਚਾਹ ਪਾਰਟੀ ਤੋ ਬਾਅਦ ਡੋਲੀ ਲੈ ਕੇ ਤੁਰਦੇ ਬਣੇ, ਪਰੀਤੀ ਦੇਬੀ ਨਾਲੋ ਚੰਬੜੀ ਲਹਿੰਦੀ ਨਹੀ ਸੀ, ਮਨ ਚਾਹੇ ਪਤੀ ਦੇ ਮਿਲਣ ਤੇ ਵੀ ਤੁਰਨ ਵੇਲੇ ਉਹਦੇ ਹਾਉਕੇ ਝੱਲੇ ਨਹੀ ਸੀ ਜਾਦੇ, ਕਾਰ ਵਿੱਚ ਬੈਠਦੀ ਬੈਠਦੀ ਫਿਰ ਭੱਜ ਕੇ ਦੇਬੀ ਦੇ ਗਲ ਲੱਗ ਗਈ, ਦੇਬੀ ਖੁਦ ਹੰਝੂ ਵਹਾ ਰਿਹਾ ਸੀ, ਬੋਲ ਨਹੀ ਸੀ ਨਿਕਲ ਰਹੇ, ਕੈਸਾ ਰਿਸ਼ਤਾ ਸੀ ਇਹ ?
ਜਿਵੇ ਮੁੜ ਕੇ ਕਿਤੇ ਮਿਲਣਾ ਨਾ ਹੋਵੇ, ਸਭ ਜਾਣਦੇ ਸੀ ਕਿ ਦੇਬੀ ਤੋ ਬਿਨਾ ਇਹ ਵਿਆਹ ਹਾਲੇ ਹੋਣਾ ਨਹੀ ਸੀ ਤੇ ਏਨਾ ਸਸਤੇ ਵਿੱਚ ਵੀ ਨਹੀ ਸੀ ਹੋਣਾ, ਜਦ ਵੀ ਕਦੇ ਹੁੰਦਾ ਪਰੀਤੀ ਦੇ ਪਿਓ ਦਾ ਆਰਥਿਕ ਤੌਰ ਤੇ ਲੱਕ ਤੋੜ ਜਾਦਾ, ਪਰੀਤੀ ਦਾ ਪਿਓ ਅੱਜ ਰੋ ਨਹੀ ਸੀ ਰਿਹਾ, ਉਹ ਖੁਸ਼ ਸੀ, ਧੀ ਅੱਜ ਕੋਈ ਭਾਰ ਨਹੀ ਸੀ, ਮਨਿੰਦਰ ਦੇ ਘਰ ਬਹੁਤ ਲੋਕ ਨਹੀ ਸਨ ਪਰ ਖੁਸ਼ੀ ਬਹੁਤ ਸੀ, ਕਿਸੇ ਕੋਲੋ ਕੋਈ ਕੱਪੜਾ ਨਾ ਤਾ ਲਿਆ ਗਿਆ ਸੀ ਤੇ ਨਾ ਹੀ ਦਿੱਤਾ ਗਿਆ ਸੀ, ਮਨਿੰਦਰ ਦੀ ਇੱਕ ਭੂਆ ਨੱਕ ਬੁੱਲ ਕੱਢਦੀ ਸੀ ਪਰ ਮਨਿੰਦਰ ਨੇ ਉਸਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਸੀ ਕਿ
"ਭੂਆ ਜੇ ਤੈਨੂੰ ਸਾਡੀ ਖੁਸ਼ੀ ਚੰਗੀ ਨਹੀ ਲਗਦੀ ਤਾ ਬੇਸ਼ੱਕ ਘਰ ਨੂੰ ਚਲੀ ਜਾ, ਪਰ ਰੰਗ ਵਿੱਚ ਭੰਗ ਪਾਇਆ ਜਾ ਭੁੱਖ ਦਿਖਾਈ ਤਾ ਮੈਥੋ ਬੁਰਾ ਕੋਈ ਨਹੀ"।
ਭੂਆ ਮੂੰਹ ਫੁਲਾ ਕੇ ਬੈਠੀ ਰਹੀ, ਕਿਤੇ ਕੋਈ ਵਿਘਨ ਨਹੀ ਪਿਆ, ਵਿਆਹ ਸੰਪੂਰਨ ਹੋਇਆ, ਨਵੇ ਬਣਾਏ ਚੁਬਾਰੇ ਵਿੱਚ ਦੋ ਪਰੇਮੀਆ ਦੀ ਜੋੜੀ ਦੁਨੀਆ ਨੂੰ ਭੁੱਲ ਇੱਕ ਦੂਸਰੇ ਵਿੱਚ ਸਮਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਸਾਹਮਣੇ ਕੰਧ ਤੇ ਦੇਬੀ ਦੀ ਵੱਡੇ ਸਾਈਜ ਦੀ ਤਸਵੀਰ ਲਟਕ ਰਹੀ ਸੀ, ਦੇਬੀ ਉਹਨਾ ਦੀ ਖੁਸ਼ੀ ਦੇਖ ਕੇ ਖੁਸ਼ ਹੋ ਰਿਹਾ ਸੀ।
ਸੱਜਣ ਸਹੁਰੇ ਚਲੇ ਗਏ ਸਨ, ਜਾਦੇ ਜਾਦੇ ਦੇਬੀ ਨੂੰ ਕੁੱਝ ਦੇਰ ਲਈ ਮਿਲੇ ਸਨ, ਪਰ ਜਾਣ ਤੋ ਪਹਿਲਾ ਦੇਬੀ ਨੂੰ ਫੋਨ ਤੇ ਹਰਮਿੰਦਰ ਬਾਰੇ ਸਭ ਕੁੱਝ ਦੱਸ ਦਿੱਤਾ ਸੀ, ਦੇਬੀ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਸੀ ਕਿ ਹਰਮਿੰਦਰ ਨਾਲ ਉਹਦੇ ਤੋ ਵੀ ਬੁਰੀ ਹੋਈ ਸੀ, ਦੇਬੀ ਤਾ ਦੀਪੀ ਨੂੰ ਦੇਖ ਸਕਦਾ, ਬੁਲਾ ਸਕਦਾ ਪਰ ਹਰਮਿੰਦਰ ਸਿਰਫ ਯਾਦ ਕਰ ਸਕਦਾ, ਇਹ ਬਹੁਤ ਹਮਦਰਦੀ ਦਾ ਪਾਤਰ ਆ, ਸੁਹਾਗ ਰਾਤ ਵਾਲੇ ਸਮੇ ਅਪਣੀ ਪਰੇਮ ਕਹਾਣੀ ਸੁਣਾ ਰਿਹਾ, ਕੋਈ ਪਰਦਾ ਨਹੀ ਰੱਖ ਰਿਹਾ, ਇਹ ਦੋਸਤੀ ਦੇ ਲਾਇਕ ਹੈ …
"ਕੀ ਵਿਵਹਾਰ ਕਰਾ ਹਰਮਿੰਦਰ ਨਾਲ ?"
ਦੀਪੀ ਨੇ ਫੋਨ ਤੇ ਪੁੱਛਿਆ ਸੀ।
"ਤੇਰਾ ਦਿਲ ਕੀ ਕਹਿੰਦਾ ?"
ਦੇਬੀ ਨੇ ਵੀ ਸਵਾਲ ਕੀਤਾ।
"ਮੇਰਾ ਦਿਲ ਇਹ ਕਹਿੰਦਾ ਕਿ ਇਹ ਕਿਸੇ ਹੋਰ ਚੋਟ ਨੂੰ ਬਰਦਾਸ਼ਤ ਨਹੀ ਕਰ ਸਕਦੇ, ਇਨਾ ਨਾਲ ਬਹੁਤ ਹਮਦਰਦੀ ਆ ਮੈਨੂੰ"।
ਦੀਪੀ ਨੇ ਕਿਹਾ।
"ਹਮਦਰਦੀ ਨਾਲ ਕੰਮ ਨਹੀ ਚੱਲਣਾ, ਉਹ ਪਰੇਮ ਦੇ ਲਾਇਕ ਹੈ, ਹੁਣ ਜਦ ਤੂੰ ਜਿਉਣਾ ਹੀ ਉਹਦੇ ਨਾਲ ਹੈ ਤਾ ਜੇ ਤੇਰਾ ਤਨ ਕਿਤੇ ਤੇ ਮਨ ਕਿਤੇ ਰਿਹਾ, ਨਾ ਜੀ ਪਾਏਗੀ ਨਾ ਮਰ ਪਾਏਗੀ, ਉਸ ਨੂੰ ਏਨਾ ਕੁ ਪਰੇਮ ਦੇ ਕਿ ਉਹ ਪਹਿਲੇ ਗਮ ਭੁੱਲ ਜਾਵੇ, ਹਰਮਿੰਦਰ ਦਾ ਕਿਤੇ ਵੀ ਦੋਸ਼ ਨਹੀ, ਮੇਰਾ ਯਕੀਨ ਆ ਕਿ ਜੇ ਉਸ ਨੂੰ ਪਤਾ ਹੁੰਦਾ ਤਾ ਉਸ ਨੇ ਵਿਆਹ ਲਈ ਹਾ ਹੀ ਨਹੀ ਸੀ ਕਰਨੀ"।
ਦੇਬੀ ਨੇ ਕਿਹਾ।
"ਤੁਸੀ ਅਪਣਾ ਪਿਆਰ ਕਿਸੇ ਹੋਰ ਨੂੰ ਸੌਪ ਰਹੇ ਓ ?"
ਦੀਪੀ ਉਹਦੀ ਗੱਲ ਤੇ ਹੈਰਾਨ ਸੀ।
"ਪਿਆਰ ਕਿਸੇ ਦੀ ਜਾਇਦਾਦ ਨਹੀ, ਇਨਸਾਨ ਦਾ ਫਰਜ ਆ ਅਪਣੇ ਘਰ ਵਿੱਚ ਹਰ ਕਿਸੇ ਨਾਲ ਇਨਸਾਫ ਕਰੇ, ਜੇ ਤੂੰ ਅਪਣੇ ਆਪ ਤੇ ਅਪਣੇ ਪਤੀ ਨਾਲ ਬੇਇਨਸਾਫੀ ਕਰਦੀ ਰਹੀ ਤਾ ਇਹ ਗੁਨਾਹ ਹੋਵੇਗਾ, ਪਰੇਮੀਆ ਦਾ ਦਿਲ ਸਮੁੰਦਰ ਹੁੰਦਾ ਜਿਸ ਵਿੱਚ ਸਭ ਕੁੱਝ ਸਮਾ ਜਾਵੇ, ਅਪਣੇ ਪਤੀ ਨੂੰ ਉਸਦਾ ਹੱਕ ਦੇਹ, ਇਹਦੇ ਵਿੱਚ ਤੈਨੂੰ ਖੁਸ਼ੀ ਮਿਲੇਗੀ"।
ਦੇਬੀ ਚਾਹੁੰਦਾ ਸੀ ਕਿ ਦੀਪੀ ਦੋ ਪੁੜਾ ਵਿਚਾਲੇ ਨਾ ਪਿਸੇ।
"ਤੇ ਤੁਹਾਡੀ ਖੁਸ਼ੀ ? ਉਸਦਾ ਕੀ ਬਣੇਗਾ ?"
ਦੀਪੀ ਨੂੰ ਦੇਬੀ ਦੀ ਚਿੰਤਾ ਸੀ।
"ਮੈਨੂੰ ਮੇਰੇ ਹਿੱਸੇ ਦੀ ਖੁਸ਼ੀ ਮਿਲ ਜਾਵੇਗੀ, ਜੇ ਤੂੰ ਮੇਰੀ ਚਿੰਤਾ ਵਿੱਚ ਪਈ ਰਹੀ ਤਾ ਨਾ ਖੁਦ ਸੁਖੀ ਰਹਿ ਪਾਵੇਗੀ ਨਾ ਮੈਨੂੰ ਰਹਿਣ ਦੇਵੇਗੀ, ਜਿਸ ਦਿਨ ਮੈਨੂੰ ਯਕੀਨ ਹੋ ਗਿਆ ਕਿ ਤੂੰ ਅਪਣੇ ਘਰ ਪੂਰੀ ਤਰਾ ਖੁਸ਼ ਹੈ ਉਸ ਦਿਨ ਮੇਰੀ ਖੁਸ਼ੀ ਸ਼ੁਰੂ ਹੋ ਜਾਵੇਗੀ ਇਹ ਤੇਰੇ ਤੇ ਨਿਰਭਰ ਕਰਦਾ ਆ ਕਿ ਇਹ ਖਬਰ ਤੂੰ ਮੈਨੂੰ ਕਦੋ ਸੁਣਾਉਦੀ ਹੈ, ਬਹੁਤ ਵੱਡਾ ਇਮਾਤਿਹਾਨ ਹੈ ਦੀਪੋ, ਮੇਰੀ ਤੇ ਤੇਰੇ ਪਤੀ ਦੀ ਖੁਸ਼ੀ ਤੇਰੇ ਹੱਥ ਵਿੱਚ ਹੈ"।
ਦੇਬੀ ਉਸਨੂੰ ਹੈਰਾਨ ਕਰੀ ਜਾ ਰਿਹਾ ਸੀ।
ਦੀਪੀ ਨੂੰ ਹਰਮਿੰਦਰ ਆ ਕੇ ਲੈ ਗਿਆ, ਜਿੰਨੇ ਦਿਨ ਦੀਪੀ ਉਸਤੋ ਦੂਰ ਰਹੀ ਉਨੇ ਦਿਨ ਉਹ ਮੁਰਝਾਇਆ ਰਿਹਾ, ਸਰਪੰਚ ਪਰਵਾਰ ਦਾ ਦਿਲ ਉਸ ਨੇ ਇੱਕ ਦਿਨ ਵਿੱਚ ਹੀ ਜਿੱਤ ਲਿਆ ਸੀ, ਦੂਜੇ ਦਿਨ ਜਾਣ ਲੱਗੇ ਉਹਦੇ ਸਿਰ ਤੇ ਹੱਥ ਫੇਰਦੀ ਦੀਪੀ ਦੀ ਮਾ ਨੇ ਪਹਿਲੀ ਵਾਰ ਉਸ ਨੂੰ ਇੱਕ ਜਵਾਈ ਦੇ ਤੌਰ ਤੇ ਦੇਖਿਆ ਸੀ।
ਸਹੁਰੇ ਘਰ ਵਾਪਿਸ ਆ ਕੇ ਦੀਪੀ ਨੇ ਹਰਮਿੰਦਰ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ, ਉਹਦੀ ਪਸੰਦ ਦੇ ਕੱਪੜੇ, ਉਹਦੀ ਪਸੰਦ ਦਾ ਖਾਣਾ, ਹਰਮਿੰਦਰ ਨੂੰ ਲੱਗਿਆ ਜਿਵੇ ਦੀਪੀ ਤੋ ਬਿਨਾ ਜੀਵਨ ਅਧੂਰਾ ਸੀ, ਹੁਣ ਉਸਦੇ ਸੁਪਨੇ ਵਿੱਚ ਆਉਦੀ ਸੁੰਦਰੀ ਦਾ ਚਿਹਰਾ ਖਿੜਿਆ ਰਹਿੰਦਾ ਸੀ, ਜਿਵੇ ਉਹ ਵੀ ਖੁਸ਼ ਹੋਵੇ, ਹੌਲੀ ਹੌਲੀ ਸੁਪਨਿਆ ਦੀ ਗਿਣਤੀ ਘੱਟਦੀ ਗਈ ਤੇ ਦੀਪੀ ਨਾਲ ਨੇੜਤਾ ਵਧਦੀ ਗਈ, ਦੀਪੀ ਨੂੰ ਦੇਬੀ ਦੇ ਸ਼ਬਦ ਵਾਰ ਵਾਰ ਯਾਦ ਆਉਦੇ ਸਨ, ਅਪਣੇ ਫਰਜ ਦੀ ਯਾਦ ਆਉਦੀ ਪਰ ਹਰਮਿੰਦਰ ਦੇ ਨੇੜੇ ਹੁੰਦੇ ਹੀ ਘਬਰਾ ਜਾਦੀ, ਉਹਦੇ ਨੇੜੇ ਹੋਣਾ ਚੰਗਾ ਵੀ ਲਗਦਾ ਸੀ, ਹੌਲੀ ਹੌਲੀ ਦੀਪੀ ਸਮਝ ਰਹੀ ਸੀ ਕਿ ਦੇਬੀ ਦੀ ਗੱਲ ਬਿਲਕੁਲ ਸਹੀ ਹੈ, ਜਦੋ ਰਹਿਣਾ ਹੀ ਹੁਣ ਇਸ ਘਰ ਵਿੱਚ ਹੈ ਤਾ ਇਹ ਰੌਣਾ ਧੋਣਾ ਕਾਹਦੇ ਵਾਸਤੇ ?
ਅਪਣਾ ਜੀਵਨ ਅਪਣੇ ਹੱਥ ਹੈ, ਦੂਜਿਆ ਦੇ ਗੁਣ ਦੇਖੋ ਪਰੇਮ ਖੁਦ ਉਪਜੇਗਾ, ਵਿਆਹ ਹੋਏ ਨੂੰ ਢੇਡ ਮਹੀਨਾ ਹੋ ਗਿਆ ਸੀ ਤੇ ਅੱਜ ਰਾਤ ਦੀਪੀ ਤੇ ਹਰਮਿੰਦਰ ਦੀ ਸੁਹਾਗ ਰਾਤ ਸੀ, ਫਰਕ ਮਿਟ ਗਏ ਸੀ, ਦੀਪੀ ਅਪਣੇ ਇਮਤਿਹਾਨ ਵਿੱਚ ਪਾਸ ਹੋ ਗਈ ਸੀ, ਹਰਮਿੰਦਰ ਦਾ ਨਵਾ ਜੀਵਨ ਸ਼ੁਰੂ ਹੋ ਗਿਆ ਸੀ।
ਝੋਨੇ ਦੀ ਫਸਲ ਦੀ ਕਟਾਈ ਤਕਰੀਬਨ ਹੋ ਗਈ ਸੀ, ਡਿਸਪੈਸਰੀ ਦੇ ਦੋ ਕਮਰੇ ਬਣ ਕੇ ਪੂਰੇ ਹੋ ਚੁੱਕੇ ਸਨ, ਡਾਕਟਰ ਆ ਕੇ ਬਹਿਣ ਲੱਗ ਪਿਆ ਸੀ, ਸਾਰੇ ਪਿੰਡ ਦੇ ਲੋਕਾ ਦੀ ਲਿਸਟ ਬਣ ਗਈ ਸੀ ਤੇ ਹਰ ਕਿਸੇ ਦਾ ਬੜੇ ਧਿਆਨ ਨਾਲ ਚੈਕਅੱਪ ਕੀਤਾ ਜਾਦਾ ਸੀ, ਜਿਸ ਮਰੀਜ ਦਾ ਕੇਸ ਸੀਰੀਅਸ ਸੀ ਉਸ ਨੂੰ ਸੰਧੂ ਕੋਲ ਰੈਫਰ ਕੀਤਾ ਜਾਦਾ ਸੀ ਤੇ ਸੰਧੂ ਨਵੇ ਪਿੰਡੋ ਆਏ ਹਰ ਬੰਦੇ ਦਾ ਖਾਸ ਖਿਆਲ ਰੱਖਦਾ ਸੀ, ਹੌਲੀ ਹੌਲੀ ਨਾਲ ਦੇ ਪਿੰਡਾ ਦੇ ਲੋਕ ਵੀ ਡਿਸਪੈਸਰੀ ਵਿੱਚ ਆਉਣ ਲੱਗ ਪਏ ਸਨ ਜਿਨਾ ਦਾ ਸਸਤੇ ਵਿੱਚ ਇਲਾਜ ਕੀਤਾ ਜਾਦਾ ਸੀ, ਇੱਕ ਐਮਬੂਲੈਂਸ ਹਰ ਸਮੇ ਤਿਆਰ ਖੜੀ ਸੀ ਕਿਸੇ ਵੀ ਐਮਰਜੈਂਸੀ ਕੇਸ ਲਈ, ਦੇਬੀ ਦਾ ਇੱਕ ਹੋਰ ਸੁਪਨਾ ਸਾਕਾਰ ਹੋ ਗਿਆ ਸੀ।
ਡੇਅਰੀ ਤੇ ਪੋਲਟਰੀ ਅਪਣੀ ਵਧੀਆ ਪਰੋਗਰੈਸ ਦੇ ਰਹੀਆ ਸਨ, ਹੁਣ ਹੌਲੀ ਹੌਲੀ ਦੁੱਧ ਦੇਣ ਵਾਲੀਆ ਮੱਝਾ ਦੁੱਧੋ ਭੱਜ ਰਹੀਆ ਸਨ ਤੇ ਉਨਾ ਨੂੰ ਵਿਹਲੀਆ ਨੂੰ ਪੱਠੇ ਪਾਉਣੇ ਪੈ ਰਹੇ ਸਨ, ਸਾਝੀਵਾਲ ਕਿਉਕਿ ਪੈਸੇ ਜਮਾ ਕਰ ਚੁੱਕਿਆ ਸੀ ਅਤੇ ਦੂਜੇ ਪਾਸੇ ਪੋਲਟਰੀ ਪੂਰੇ ਜੋਰ ਤੇ ਸੀ ਇਸ ਲਈ ਸਾਝੀਵਾਲ ਬਿਜਨਸ ਵਿੱਚ ਕੋਈ ਕਮੀ ਨਹੀ ਸੀ ਆਈ, ਨਾਲ ਦੀ ਨਾਲ ਮੱਝਾ ਦੀ ਗਿਣਤੀ ਵਧ ਰਹੀ ਸੀ, ਹੁਣ ਇਸ ਬਿਜਨਸ ਦੀ ਪੂਰੀ ਜਿੰਮੇਵਾਰੀ ਦਲੀਪ ਦੇ ਹੱਥ ਦੇ ਕੇ, ਡਿਸਪੈਸਰੀ ਲਈ ਫੌਜੀ ਤੇ ਹਮੈਤੀ ਤਾਇਆ, ਸਕੂਲ ਤੇ ਗੁਰਦਵਾਰੇ ਦੀ ਡੀਵੈਲਪਮੈਂਟ ਲਈ ਦੋ ਹੋਰ ਬਯੁਰਗ ਨਿਯੁਕਤ ਕਰ ਕੇ ਦੇਬੀ ਆਪ ਸਿਰਫ ਫਾਰਮ ਹਾਉਸ ਅਤੇ ਰੁਕ ਚੁੱਕੇ ਗੋਭਰ ਗੈਸ ਪਲਾਂਟ ਲਈ ਯਤਨਸ਼ੀਲ ਸੀ, ਸਤਿੰਦਰ ਤੇ ਅਮਰੀਕ ਹੁਣ ਅਕਸਰ ਪਿੰਡ ਗੇੜਾ ਮਾਰਦੇ ਤੇ ਕੁੱਝ ਦਿਨ ਉਥੇ ਰਹਿ ਵੀ ਜਾਦੇ, ਮਾਮਾ ਸੁਰਿੰਦਰ ਸਿੰਘ ਸਮੇਤ ਪਰਵਾਰ ਕਦੇ ਕਦੇ ਗੇੜਾ ਮਾਰਦਾ ਸੀ, ਜਦੋ ਉਹ ਦੇਬੀ ਨੂੰ ਅਪਣੇ ਕੋਲ ਆਉਣ ਲਈ ਕਹਿੰਦੇ ਤਾ ਉਹ ਕਹਿੰਦਾ ਕਿ ਬੱਸ ਦੋ ਪਰੋਜੈਕਟ ਪੂਰੇ ਕਰ ਲਵਾ ਫਿਰ ਹੋਰ ਕੰਮ ਸ਼ੁਰੂ ਹੋਣ ਤੋ ਪਹਿਲਾ ਕੁੱਝ ਦਿਨ ਹੌਲੀਡੇਅ ਮਨਾਵਾਗੇ, ਪਰੀਤੀ ਦਾ ਜਦੋ ਦਿਲ ਕਰਦਾ ਮਨਿੰਦਰ ਨਾਲ ਪਿੰਡ ਆ ਜਾਦੀ ਤੇ ਕੋਲ ਹੁੰਦਾ ਕਦੇ ਚਟਣੀ ਦਾ ਡੱਬਾ ਤੇ ਕਦੇ ਖੀਰ, ਦੇਬੀ ਇਸ ਜੀਵਨ ਦਾ ਆਦੀ ਹੋ ਗਿਆ ਸੀ।
ਹੁਣ ਸੋਚਣ ਦਾ ਕੰਮ ਘੱਟ ਤੇ ਕਰਨ ਦਾ ਜਿਆਦਾ ਸੀ, ਝੋਨੇ ਦੀ ਫਸਲ ਕੱਟਦੇ ਕੱਟਦੇ ਉਨਾ ਨੇ ਤਿੰਨ ਵੱਡੇ ਬੋਰ ਕਰਾ ਲਏ ਸਨ, ਪਰੇਮ ਚੰਦ ਦੀ ਅਤੇ ਬਿਜਲੀ ਬੋਰਡ ਦੀ ਮਦਦ ਨਾਲ ਕਨੈਕਸ਼ਨ ਪਹਿਲਾ ਹੀ ਮਨਜੂਰ ਕਰਵਾ ਲਏ ਸਨ, ਕੁੱਝ ਰਹਿੰਦੀ ਕਸਰ ਹਰਮਿੰਦਰ ਦੇ ਫੋਨ ਨੇ ਕੱਢ ਦਿੱਤੀ ਸੀ, ਦੀਪੀ ਨੇ ਉਸਨੂੰ ਦੇਬੀ ਬਾਰੇ ਬਿਲਕੁਲ ਇਊ ਹੀ ਦੱਸਿਆ ਸੀ ਜਿਵੇ ਹਰਮਿੰਦਰ ਨੇ ਉਸਨੂੰ ਸੁੰਦਰੀ ਬਾਰੇ ਦੱਸਿਆ ਸੀ, ਹਰਮਿੰਦਰ ਕਿਉਕਿ ਖੁਦ ਇੱਕ ਪਰੇਮੀ ਸੀ ਇਸ ਲਈ ਉਹ ਅਪਣੀ ਮੌਜੂਦਾ ਪਤਨੀ ਦੇ ਪਹਿਲੇ ਪਰੇਮ ਸਬੰਧ ਤੇ ਭੜਕਿਆ ਨਹੀ ਸੀ ਸਗੋ ਇਸ ਸੱਚਾਈ ਦੀ ਕਦਰ ਕਰਦਾ ਸੀ, ਤੇ ਜਦੋ ਦੇਬੀ ਦੀ ਬਚਪਨ ਤੋ ਲੈ ਕੇ ਹੁਣ ਤੱਕ ਦੀ ਸਾਰੀ ਵਿਥਿਆ ਦੀਪੀ ਤੋ ਸੁਣੀ ਤਾ ਉਹਦਾ ਦਿਲ ਦੇਬੀ ਪ੍ਰਤੀ ਸ਼ਰਧਾ ਨਾਲ ਭਰ ਗਿਆ ਸੀ, ਦੀਪੀ ਦਾ ਰਿਸ਼ਤਾ ਲੈਣ ਲਈ ਅਪਣੇ ਪਿਓ ਵੱਲੋ ਪਾਏ ਦਬਾਅ ਦਾ ਜਦੋ ਉਸਨੂੰ ਪਤਾ ਲੱਗਾ ਤਾ ਉਹ ਅਪਣੇ ਪਿਓ ਨਾਲ ਝਗੜ ਪਿਆ ਸੀ, ਦੋਵੇ ਪਿਓ ਪੁੱਤ ਹੱਥੋ ਪਾਈ ਹੋਣ ਤੱਕ ਗਏ ਸਨ, ਜੇ ਦੀਪੀ ਕੋਲ ਨਾ ਹੁੰਦੀ ਤਾ ਕੁੱਝ ਹੋਰ ਵੀ ਹੋ ਸਕਦਾ ਸੀ, ਹਰਮਿੰਦਰ ਹੁਣ ਐਮ ਐਲ ਏ ਨੂੰ ਬਿਨਾ ਮਤਲਬ ਬੁਲਾਉਦਾ ਵੀ ਨਹੀ ਸੀ, ਦੇਬੀ ਨੂੰ ਉਹ ਦੋ ਵਾਰ ਮਿਲ ਚੁੱਕਾ ਸੀ ਤੇ ਉਹਦੇ ਸਮਾਜ ਭਲਾਈ ਦੇ ਕੰਮਾ ਵਿੱਚ ਹਰ ਤਰਾ ਦੀ ਮਦਦ ਵੀ ਕਰਨ ਲਈ ਤਿਆਰ ਸੀ।
ਜਿਵੇ ਜਿਵੇ ਝੋਨੇ ਦੀ ਫਸਲ ਕੱਟੀ ਜਾ ਰਹੀ ਸੀ ਤਿਵੇ ਤਿਵੇ ਜਮੀਨ ਦੋਜ ਪੁਲੀਆ ਪਾਉਣ ਲਈ ਪੁਟਾਈ ਸ਼ੁਰੂ ਹੋ ਚੁੱਕੀ ਸੀ, ਸਾਝੀਵਾਲ ਮੁੰਡਿਆ ਦੀ ਹੁਣ ਲੰਬੀ ਡਿਊਟੀ ਹੋ ਗਈ ਸੀ, ਹਰ ਸਾਝੀਵਾਲ ਨੂੰ ਰੋਜਾਨਾ ਛੇ ਘੰਟੇ ਵਾਧੂ ਕੰਮ ਲਈ ਮਨਾਇਆ ਗਿਆ ਸੀ, ਦੇਬੀ ਵਾਧੂ ਖਰਚਿਆ ਨੂੰ ਕਰਨ ਦੇ ਹੱਕ ਵਿੱਚ ਨਹੀ ਸੀ, ਉਹ ਪਿੰਡ ਦੀ ਮੈਨ ਪਾਵਰ ਨੂੰ ਕਿਸੇ ਫੌਜੀ ਜਨਰਲ ਵਾਗ ਵਰਤ ਰਿਹਾ ਸੀ, ਜਿਹੜੇ ਟਰੈਕਟਰ ਪਿੰਡ ਵਿੱਚ ਮੌਜੂਦ ਸਨ ਉਨਾ ਤੋ ਇਲਾਵਾ ਦੋ ਹੋਰ ਵੱਡੀ ਹਾਰਸ ਪਾਵਰ ਵਾਲੇ ਟਰੈਕਟਰ ਲਿਆਦੇ ਗਏ ਸਨ, ਜਮੀਨ ਦੀ ਵਹਾਈ ਤੇ ਪਧਰਾਈ ਨਾਲ ਦੀ ਨਾਲ ਹੋ ਰਹੀ ਸੀ, ਤੇਲ ਦੇ ਬਹੁਤ ਸਾਰੇ ਡਰੰਮ ਲਿਆ ਕੇ ਰੱਖੇ ਗਏ ਸਨ, ਟਰੈਕਟਰ ਦਿਨ ਰਾਤ ਵਗਦੇ ਸਨ, ਡਰਾਈਵਰ ਬਦਲ ਰਹੇ ਸਨ, ਦੇਬੀ ਖੁਦ ਸਾਰਾ ਦਿਨ ਟਰੈਕਟਰ ਤੇ ਬੈਠਾ ਰਹਿੰਦਾ, ਛੇ ਹਫਤਿਆ ਦੇ ਅੰਦਰ ਅੰਦਰ ਪੁਲੀਆ ਪਾ ਦਿੱਤੀਆ ਗਈਆ ਸਨ, ਵਾਧੂ ਰਾਹ ਹੁਣ ਨਜਰ ਨਹੀ ਸੀ ਆਉਦੇ, ਇਸ ਸਾਲ ਕਣਕ ਦੀ ਖੇਤੀ ਕਰਨ ਦਾ ਹੀ ਵਿਚਾਰ ਬਣਿਆ ਸੀ, ਆਉਣ ਵਾਲੇ ਵੇਹਲੇ ਦਿਨਾ ਵਿੱਚ ਖੇਤੀਬਾੜੀ ਵਿਭਾਗ ਦੀ ਮਦਦ ਨਾਲ ਇਸ ਫਾਰਮ ਨੂੰ ਆਧੁਨਿਕ ਫਾਰਮ ਬਣਾਉਣ ਲਈ ਸਰਕਾਰੀ ਯੋਜਨਾਵਾ ਦਾ ਫਾਇਦਾ ਲਿਆ ਜਾਣਾ ਸੀ ਤੇ ਕਣਕ ਤੋ ਵੀ ਵੱਧ ਲਾਹੇਵੰਦੀ ਖੇਤੀ ਅਗਲੇ ਸੀਜਨ ਤੋ ਹੋਣੀ ਸੀ।
ਇਸ ਸਿਲਸਿਲੇ ਨੇ ਗੋਭਰ ਗੈਸ ਪਲਾਟ ਦਾ ਕੰਮ ਬਹੁਤ ਪਿੱਛੇ ਪਾ ਦਿੱਤਾ ਸੀ ਪਰ ਦੇਬੀ ਲਈ ਫਾਰਮ ਹਾਉਸ ਵੱਧ ਜਰੂਰੀ ਸੀ, ਜਦੋ ਦੂਰ ਦੂਰ ਤੱਕ ਇੱਕ ਹੀ ਖੇਤ ਨਜਰ ਆ ਰਿਹਾ ਸੀ, ਤੇ ਵੱਡੇ ਬੋਰ ਹੋ ਗਏ ਸੀ ਤੇ ਪੁਲੀਆ ਪੈ ਗਈਆ ਸਨ ਤਾ ਜਿਹੜੇ ਘਰ ਇਸ ਸਕੀਮ ਵਿੱਚ ਹਿੱਸਾ ਲੈਣ ਤੋ ਆਕੀ ਹੋ ਗਏ ਸਨ ਉਨਾ ਵਿਚੋ ਕੁੱਝ ਨੇ ਹੌਲੀ ਹੌਲੀ ਦੇਬੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਉਨਾ ਨੂੰ ਵੀ ਨਾਲ ਰਲਾ ਲਿਆ ਜਾਵੇ, ਇਸ ਤਰਾ ਹੁਣ ਤੱਕ ਪੱਚੀ ਘਰ ਹੋ ਗਏ ਸਨ ਤੇ ਰਕਬਾ ਵਧ ਕੇ ਦੋ ਸੌ ਸੱਠ ਕਿੱਲੇ ਹੋ ਗਿਆ ਸੀ, ਨਵੇ ਰਲੇ ਘਰਾ ਦੇ ਖੇਤਾ ਵਿੱਚ ਹੁਣ ਇਹ ਕੰਮ ਨਵੇ ਸਿਰੇ ਤੋ ਕਰਨਾ ਸੀ ਪਰ ਰਲੇ ਹੋਏ ਘਰਾਂ ਦੇ ਜੋਸ਼ ਨੂੰ ਦੇਖਦੇ ਦੇਬੀ ਨੇ ਸਾਰੀ ਤਾਕਤ ਨਾਲ ਹੋ ਕੇ ਅਗਲੇ ਸੱਤਰ ਕਿੱਲਿਆ ਨੂੰ ਸੈਟ ਕਰਨ ਤੇ ਲਾ ਦਿੱਤੀ, ਇਹਦੇ ਵਿੱਚ ਵੱਡੇ ਬੋਰ ਨੂੰ ਕੁੱਝ ਲੇਟ ਕਰ ਦਿੱਤਾ ਗਿਆ, ਕਾਰਨ ਸੀ ਬਜਟ ਦਾ ਪੂਰਾ ਨਾ ਹੋਣਾ, ਜੋ ਪੈਸੇ ਪੁਰਾਣੇ ਟਰੈਕਟਰ ਤੇ ਮੋਟਰਾ ਆਦਿ ਵੇਚ ਕੇ ਵੱਟੇ ਸਨ ਉਹ ਖਰਚ ਹੋ ਚੁੱਕੇ ਸਨ, ਬਾਕੀ ਕੰਮ ਅਗਲੀ ਛਿਮਾਹੀ ਤੇ ਛੱਡ ਦਿੱਤਾ ਗਿਆ, ਹੁਣ ਕਣਕ ਦੀ ਬਿਜਾਈ ਦਾ ਸਮਾ ਆ ਚੱਲਿਆ ਸੀ, ਸਾਰੇ ਕੰਮ ਸਹੀ ਸਮੇ ਤੇ ਹੋ ਜਾਣ ਕਾਰਨ ਨਵੇ ਪਿੰਡ ਵਿੱਚ ਮਹੋਲ ਫਿਰ ਸਵਰਗੀ ਬਣ ਗਿਆ ਸੀ, ਜਦੋ ਕਣਕ ਦੀ ਬਿਜਾਈ ਸ਼ੁਰੂ ਹੋਈ ਤਾ ਨਜਾਰਾ ਦੇਖਣ ਵਾਲਾ ਸੀ, ਜਿਹੜਾ ਟਰੈਕਟਰ ਕਣਕ ਕੇਰਨ ਲਈ ਗੇੜਾ ਕੱਢਦਾ ਉਸ ਨੂੰ ਮੁੜ ਕੇ ਆਉਦੇ ਨੂੰ ਢੇਡ ਘੰਟਾ ਲੱਗ ਜਾਦਾ, ਇਨਾ ਵਿਛਾਲ ਖੇਤ ਕਿਸੇ ਨੇ ਕਦੇ ਨਹੀ ਸੀ ਦੇਖਿਆ, ਦੇਬੀ ਨੇ ਜਰਮਨ ਵਿੱਚ ਲੰਬੇ ਚੌੜੇ ਫਾਰਮ ਦੇਖੇ ਸਨ ਜਿਨਾ ਦੀ ਮੀਲਾ ਵਿੱਚ ਲੰਬਾਈ ਹੋਇਆ ਕਰਦੀ ਸੀ, ਪਰ ਨਵੇ ਪਿੰਡੀਆ ਲਈ ਇਹ ਅਜੂਬਾ ਸੀ, ਉਨਾ ਨੂੰ ਕਣਕ ਕੇਰਦਿਆ ਨੂੰ ਕਈ ਪਿੰਡਾ ਦੇ ਲੋਕ ਦੇਖਣ ਆਏ ਸਨ, ਇਸ ਅਜੀਬ ਤਜਰਬੇ ਦੀ ਘਰ ਘਰ ਚਰਚਾ ਸੀ, ਅਜੀਤ ਅਖਬਾਰ ਦਾ ਪ੍ਰਤੀਨਿਧੀ ਇਸ ਐਕਸ਼ਨ ਦੀਆ ਤਸਵੀਰਾ ਖਿੱਚ ਕੇ ਲੈ ਗਿਆ ਸੀ, ਅਗਲੇ ਦਿਨ ਨਵਾ ਪਿੰਡ ਪੂਰੇ ਪੰਜਾਬ ਵਿੱਚ ਮਸ਼ਹੂਰ ਹੋਇਆ ਪਿਆ ਸੀ, ਇਸ ਪਰੋਜੈਕਟ ਦੇ ਮੁਖੀ ਦੇਬੀ ਦੀ ਤਸਵੀਰ ਪਹਿਲੇ ਸਫੇ ਤੇ ਛਪੀ ਸੀ।
ਇਨਾ ਪੱਚੀ ਘਰਾ ਦਾ ਆਪਸੀ ਪਰੇਮ ਵਧਣਾ ਸ਼ੁਰੂ ਹੋ ਗਿਆ ਸੀ, ਲਗਦਾ ਸੀ ਕਿ ਇਹ ਇੱਕ ਵੱਢੇ ਖਾਨਦਾਨ ਦੇ ਬੱਚੇ ਸਨ, ਜਿਮੀਦਾਰਾ ਤੋ ਇਲਾਵਾ ਕੰਮੀਆ ਦੇ ਜੋ ਛੇ ਘਰ ਸਨ ਉਨਾ ਦੀ ਕਾਰਗੁਜਾਰੀ ਇਸ ਪਰੋਜੈਕਟ ਵਿੱਚ ਦੇਖਣਯੋਗ ਸੀ, ਕੰਮੀਆ ਦੇ ਨੋਜਵਾਨ ਮੁੰਡੇ ਤਾ ਰਹਿੰਦੇ ਹੀ ਖੇਤਾ ਵਿੱਚ ਸਨ, ਉਨਾ ਨੂੰ ਲਗਦਾ ਸੀ ਜਿਵੇ ਇਹ ਖੇਤ ਉਨਾ ਦੇ ਵੀ ਹੋਣ, ਜੋ ਰਕਬਾ ਵਧਿਆ ਸੀ ਉਸਦੀ ਕਮਾਈ ਇਨਾ ਕੰਮੀਆ ਦੇ ਘਰਾ ਵਿੱਚ ਵੰਡ ਹੋਣੀ ਸੀ, ਕਣਕ ਦੀ ਬਿਜਾਈ ਪੂਰੀ ਹੋ ਗਈ, ਸਭ ਵੇਹਲੇ ਹੋ ਚੁਕੇ ਸਨ, ਤੇ ਹੁਣ ਦਿਲ ਕਰਦਾ ਸੀ ਕਿ ਪਿੰਡ ਵਿੱਚ ਖੁਸ਼ੀ ਮਨਾਈ ਜਾਵੇ … ।।
ਨਵਾ ਪਿੰਡ ਇੱਕ ਮਾਡਲ ਪਿੰਡ ਬਣ ਗਿਆ ਸੀ ਤੇ ਉਹ ਵੀ ਬਿਨਾ ਕਿਸੇ ਬਾਹਰੀ ਮਦਦ ਦੇ ਪਿੰਡ ਵਾਲੇ ਖੁਦ ਹੀ ਅਪਣੀ ਕਿਸਮਤ ਦੇ ਸੁਨਿਆਰੇ ਸਨ, ਜਿਨਾ ਨੇ ਅਪਣੀ ਕਿਸਮਤ ਸੋਨੇ ਦੀ ਬਣਾ ਲਈ ਸੀ।
..........ਚਲਦਾ........