ਚੰਨ ਬੱਦਲਾਂ ਦੇ ਉਹਲੇ - ਕਿਸ਼ਤ 12 (ਨਾਵਲ )

ਸੇਵਾ ਸਿੰਘ ਸੋਢੀ   

Email: sewasinghsodhi@yahoo.de
Address: 21745 Hemmoor Haupt Str.43
Hemmoor Germany
ਸੇਵਾ ਸਿੰਘ ਸੋਢੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਾਂਡ 22

ਨਵੇ ਪਿੰਡ ਦੇ ਲੋਕਾ ਦਾ ਜੀਵਨ ਕੁੱਝ ਮਹੀਨਿਆ ਵਿੱਚ ਏਨਾ ਕੁ ਬਦਲ ਗਿਆ ਸੀ ਕਿ ਉਹ ਖੁਦ ਹੈਰਾਨ ਸਨ, ਦੁਨੀਆ ਵਿੱਚ ਕਿਤੇ ਵੀ ਦੇਖਿਆ ਜਾਵੇ, ਮਨੁੱਖ ਤਬਦੀਲੀ ਨੂੰ ਪਸੰਦ ਵੀ ਕਰਦਾ ਆ ਤੇ ਬਹੁਤ ਬੇਪਸੰਦ ਵੀ ਕਰਦਾ ਆ, ਪਦਾਰਥਿਕ ਖੇਤਰ ਵਿੱਚ ਹੋਣ ਵਾਲੀ ਤਬਦੀਲੀ ਵਿੱਚ ਹਰ ਕੋਈ ਵੱਧ ਤੋ ਵੱਧ ਹਿੱਸਾ ਪਾਉਦਾ ਹੈ, ਮਾਡਰਨ ਹੋਣ ਦੇ ਨਾਮ ਤੇ ਲੋਕ ਅਪਣੀ ਭਾਸ਼ਾ, ਆਪਣਾ ਬੋਲ ਚਾਲ ਅਪਣਾ ਪਹਿਰਾਵਾ ਤੇ ਖਾਣ ਪੀਣ, ਗੱਲ ਕੀ ਸਭ ਕੁੱਝ ਬਦਲ ਲੈਦੇ ਆ ਤੇ ਇਸ ਤਬਦੀਲੀ ਲਈ ਹਰ ਕੋਈ ਬਹੁਤ ਕਾਹਲਾ ਆ, ਫੈਸ਼ਨ ਵਿੱਚ ਹਿੱਸਾ ਲੈਣ ਲਈ ਕੋਈ ਕਿਸੇ ਨੂੰ ਮਜਬੂਰ ਨਹੀ ਕਰਦਾ, ਕਿਸੇ ਨੂੰ ਵੀ ਕੋਈ ਮਿਹਨਤ ਨਹੀ ਕਰਨੀ ਪੈਦੀ, ਇੱਕ ਨੇ ਸ਼ੁਰੂ ਕੀਤਾ ਤਾ ਸਮਝੌ ਭੇਡਾ ਦਾ ਹੜ ਆ ਜਾਦਾ ਆ, ਪਰ ਨੈਤਿਕ, ਸਮਾਜਿਕ, ਧਾਰਮਿਕ ਤੇ ਸਿਆਸੀ ਖੇਤਰਾ ਵਿੱਚ ਤਬਦੀਲੀ ?
ਓ ਨੋ, ਅਸੀ ਬਚਪਨ ਤੋ ਸਿੱਖ ਆ ਤੇ ਸਿੱਖ ਹੀ ਰਹਾਗੇ, ਅਸੀ ਬਚਪਨ ਤੋ ਕਾਗਰਸੀ ਆ ਤੇ ਕਾਗਰਸੀ ਹੀ ਰਹਾਗੇ, ਅਸੀ ਬਚਪਨ ਤੋ ਜੱਟ ਆ ਤੇ ਜੱਟ ਹੀ ਰਹਾਗੇ, ਅਸੀ ਬਚਪਨ ਤੋ ਦੂਜਿਆ ਤੇ ਹੱਸਦੇ ਰਹੇ ਆ ਤੇ ਹੱਸਦੇ ਹੀ ਰਹਾਗੇ, ਅਸੀ ਬਚਪਨ ਤੋ ਵਿਰੋਧੀ ਬਣਾਉਦੇ ਆਏ ਹਾ ਤੇ ਬਣਾਉਦੇ ਰਹਾਗੇ, ਅਸੀ ਬਚਪਨ ਤੋ ਬੇਇਨਸਾਫੀ ਦੇਖੀ ਤੇ ਕੀਤੀ ਹੈ ਅਤੇ ਇਵੇ ਹੀ ਕਰਦੇ ਰਹਾਗੇ, ਅਸੀ ਬਚਪਨ ਤੋ ਲੋਕਾ ਤੋ ਡਰਦੇ, ਡਰਾਉਦੇ ਰਹੇ ਹਾ ਤੇ ਡਰਦੇ, ਡਰਾਉਦੇ ਰਹਾਗੇ, ਅਸੀ ਬਚਪਨ ਤੋ ਅੰਦਰੋ ਹੋਰ ਤੇ ਬਹਾਰੋ ਕੁੱਝ ਹੋਰ ਰਹੇ ਹਾ ਤੇ ਅੱਗੇ ਤੋ ਵੀ ਇੰਝ ਹੀ ਰਹਾਗੇ, ਤੇ ਜੇ ਕੋਈ ਦੇਬੀ ਕੋਸ਼ਿਸ਼ ਕਰੇ ਸਾਨੂੰ ਬਦਲਣ ਦੀ, ਤਾ ਅਸੀ ਸਮਾਜਿਕ ਪਰੰਪਰਾਵਾ ਦੀ ਰਾਖੀ ਦਾ ਬਹਾਨਾ ਕਰ ਕੇ ਦੇਬੀ ਦੇ ਹਰ ਪਲੈਨ ਨੂੰ ਬਿਨਾ ਸੁਣੇ, ਬਿਨਾ ਦੇਖੇ ਤੇ ਬਿਨਾ ਸਮਝੇ ਰੀਜੈਕਟ ਕਰ ਦਿਆਗੇ, ਗੱਡੀ ਕਿਵੇ ਨਾ ਕਿਵੇ ਚੱਲੀ ਈ ਜਾਦੀ ਆ, ਦੇਬੀ ਤਾ ਵਿਹਲਾ, ਸਾਨੂੰ ਬਹੁਤ ਕੰਮ ਆ, ਭਾਵੇ ਦੇਬੀ ਕੁੱਝ ਚੰਗਾ ਕਰਨਾ ਚਾਹੁੰਦਾ ਆ, ਕਰੇ ਜੀ ਸਦਕੇ ਪਰ ਕਿਸੇ ਹੋਰ ਪਿੰਡ, ਅਸੀ ਇੱਕ ਦੂਜੇ ਦੇ ਕੱਟੜ ਵਿਰੋਧੀ ਬਣ ਚੁੱਕੇ ਹਾ, ਸਾਡੀਆ ਪਾਰਟੀਆ ਬਣੀਆ ਪਈਆ, ਅਸੀ ਅਕਾਲੀ ਕਾਗਰਸੀ ਤੇ ਜਾਤ ਪਾਤ ਦੇ ਚੱਕਰ ਵਿੱਚ ਭਾਵੇ ਉਲਝੇ ਹੀ ਹਾ ਪਰ ਆਦਤ ਹੋ ਗਈ ਆ, ਅਸੀ ਅਪਣੇ ਵਿਰੋਧ ਕਿਵੇ ਛੱਡ ਦੇਈਏ ?
ਤਾਏ ਬੰਤਾ ਸਿੰਘ ਨੇ ਇੱਕ ਵਾਰੀ ਮੇਰੇ ਪਿਓ ਦੀ ਸ਼ਰਾਬ ਦੀ ਚਲਦੀ ਭੱਠੀ ਫੜਵਾਈ ਸੀ, ਹੁਣ ਜਦ ਤੱਕ ਮੈ ਜਿਊਦਾ ਆ ਇਸੇ ਤਾੜ ਵਿੱਚ ਰਹਿੰਨਾ ਬਈ ਕਦੋ ਤਾਇਆ ਤੇ ਉਹਦੀ ਔਲਾਦ ਕੋਈ ਗਲਤੀ ਕਰੇ ਤੇ ਕਦੋ ਮੈ ਉਨੀਆ ਦੀ ਇਕੀ ਪਾਵਾ ਤੇ ਇਹ ਦੇਬੀ ? ਇਹ ਬੇਸ਼ਰਮ ਜਿਹਾ ਲੋਕਾ ਕੋਲੋ ਕੁੱਟ ਖਾ ਕੇ ਵੀ ਕਹੂ ਬਈ ਹਰ ਕੋਈ ਗਲਤੀ ਕਰ ਸਕਦਾ ਆ, ਏਹਨੂੰ ਮਾਫ ਕਰ ਦੇਣਾ ਚਾਹੀਦਾ, ਸਾਡੇ ਕੋਲੋ ਇਹ ਜਨਾਨੜੇ ਜਿਹੇ ਕੰਮ ਨੀ ਹੁੰਦੇ, ਅਸੀ ਤਾ ਜਬਾੜਾ ਭੰਨ ਦੇਈਏ ਜੇ ਕੋਈ ਸਾਡੇ ਵਿਰੋਧ ਦੀ ਗੱਲ ਕਰੇ।
ਠੀਕ ਆ ਬਈ ਅਸੀ ਸਾਰੇ ਕਰਜੇ ਦੀ ਮਾਰ ਥੱਲੇ ਆਏ ਪਏ ਆ, ਪਰ ਦੁਨੀਆ ਦੇ ਨਾਲ ਈ ਆ, ਕੋਈ ਕੱਲੇ ਥੋੜਾ, ਜੇ ਸਾਰਾ ਸੰਸਾਰ ਦੁਖੀ ਆ ਤਾ ਅਸੀ ਵੀ ਹੋ ਜਾਵਾਗੇ, ਟਕੇ ਟਕੇ ਦੇ ਲੋਕ ਸਾਡੇ ਵੱਲ ਉਗਲੀ ਚੁੱਕਣ ?
ਨਹੀ ਕਿਸੇ ਤਬਦੀਲੀ ਦੀ ਲੋੜ ਨਹੀ, ਕਿਸੇ ਪਰੇਮ ਪਰੂਮ ਦੀ ਲੋੜ ਨਹੀ … ।।
ਪੰਜਾਬ ਵਿੱਚ ਪਾਣੀ ਦੀ ਥੁੜ ਆ ? ਜਿੱਥੇ ਦੂਜੇ ਪੀਣਗੇ ਅਸੀ ਵੀ ਪੀ ਲਵਾਗੇ, ਨਾਲੇ ਰੱਬ ਹੈਗਾ ਈ ਆ, ਜਿਨੇ ਪੈਦਾ ਕੀਤਾ ਆਪੇ ਰੋਟੀ ਖਾਣ ਨੂੰ ਦੇਊ … ।।ਅਸੀ ਕੋਈ ਖੇਚਲ ਕਿਓ ਕਰੀਏ ?
ਅਸੀ ਕਈ ਵਾਰ ਆਤਮਹੱਤਿਆ ਕਰ ਲਈਦੀ ਆ ਪਰ ਜਿਊਦੇ ਜੀ ਇਹ ਨਹੀ ਮੰਨੀਦਾ ਬਈ ਅਸੀ ਕਰਜਾਈ ਹੋ ਗਏ ਆ, ਸਾਨੂੰ ਮਦਦ ਦੀ ਲੋੜ ਆ, ਅਸੀ ਹਰ ਵਿਆਹ ਸ਼ਾਦੀ ਤੇ ਸ਼ਰੀਕਾ ਤੋ ਵੱਧ ਨੋਟ ਲੁਟਾਈਦੇ ਆ, ਭਾਵੇ ਵਿਆਜੀ ਹੋਣ, ਏਹਨੂੰ ਕਹਿੰਦੇ ਆ ਜੱਟ ਦਾ ਜਿਗਰਾ, ਚੌੜੀਆ ਛਾਤੀਆ ਵਿੱਚ ਪਹਾੜਾਂ ਜਿੱਡੇ ਦਿਲ ਰੱਖੀਦੇ ਆ, ਅਸੀ ਤਾ ਜਾ ਏਧਰ ਤੇ ਜਾ ਓਧਰ, ਬਹੁਤੀਆ ਬਰੀਕੀਆ ਦਾ ਸਾਨੂੰ ਨਹੀ ਪਤਾ, ਕਈ ਫਿਰਦੇ ਆ ਦੇਬੀ ਵਰਗੇ, ਵੱਡੇ ਸੁਧਾਰਕ … ।

ਨਵੇ ਪਿੰਡ ਦੀ ਨੁਹਾਰ ਨੂੰ ਬਹੁਤ ਲੋਕ ਦੇਖਣ ਆ ਰਹੇ ਸਨ, ਦੇਬੀ ਦੀ ਖੁਸ਼ੀ ਦਾ ਕੋਈ ਅੰਤ ਨਹੀ ਸੀ, ਹੁਣ ਉਹ ਚਾਹੁੰਦਾ ਸੀ ਕਿ ਇਨਾ ਲੋਕਾ ਦੇ ਮਨਾ ਵਿੱਚ ਜੋ ਨਫਰਤ ਹਾਲੇ ਘਰ ਕਰੀ ਬੈਠੀ ਆ ਉਸ ਨੂੰ ਹੌਲੀ ਹੌਲੀ ਖਤਮ ਕੀਤਾ ਜਾਵੇ, ਉਹਦੇ ਵਾਸਤੇ ਰਲ ਕੇ ਬਹਿਣ ਤੇ ਗੱਲ ਬਾਤ ਕਰਨ ਦੀ ਬਹੁਤ ਲੋੜ ਸੀ, ਉਹ ਚਾਹੁੰਦਾ ਸੀ ਕਿ ਸ਼ਾਮ ਨੂੰ ਰਹਿਰਾਸ ਦੇ ਸਮੇ ਤੋ ਬਾਅਦ ਗੁਰਦਵਾਰੇ ਵਿੱਚ ਸਮਾਜਿਕ ਮੁੱਦਿਆ ਤੇ ਗੱਲ ਬਾਤ ਕੀਤੀ ਜਾਵੇ, ਜਿਵੇ ਜਿਵੇ ਗੱਲ ਬਾਤ ਹੋਵੇਗੀ ਬਹੁਤ ਸਾਰੇ ਮੱਤਭੇਦ ਅਪਣੇ ਆਪ ਹੱਲ ਹੋ ਜਾਣਗੇ, ਪਰ ਇਹਨਾ ਕੱਟੜ ਵਿਰੋਧੀਆ ਦੀ ਬਿਨਾ ਝਗੜੇ ਤੋ ਗੱਲ ਬਾਤ ਕਰਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀ, ਸਾਝੀਵਾਲ ਵਿੱਚ ਹਿੱਸਾ ਤਾ ਇਹ ਇਸ ਲਈ ਲੈ ਰਹੇ ਕਿ ਇਨਾ ਦਾ ਆਰਥਿਕ ਫਾਇਦਾ ਹੋ ਰਿਹਾ ਨਹੀ ਤਾ ਕੋਈ ਗੱਲ ਸੁਣਨ ਲਈ ਵੀ ਤਿਆਰ ਨਹੀ ਤੇ ਨਾ ਹੀ ਸੁਣਾਉਣ ਲਈ ਤਿਆਰ ਹਨ, ਨਾ ਖੇਡਦੇ ਆ ਨਾ ਖੇਡਣ ਦਿੰਦੇ ਆ, ਇਸ ਸਿਲਸਿਲੇ ਤੋ ਪਹਿਲਾ ਦੇਬੀ ਗੋਬਰ ਗੈਸ ਵਾਲੇ ਪਲਾਟ ਨੂੰ ਸਿਰੇ ਚੜਾ ਕੇ ਹੌਲੀ ਹੌਲੀ ਦੂਜੇ ਪਿੰਡਾ ਦੇ ਲੋਕਾ ਨੂੰ ਵੀ ਪਰੇਰਨਾ ਚਾਹੁੰਦਾ ਸੀ, ਉਸ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀ ਸੀ ਕਿ ਇਹ ਮਿਹਨਤੀ ਲੋਕ ਸਵਰਗ ਧਰਤੀ ਤੇ ਉਤਾਰ ਸਕਦੇ ਆ, ਪਰ ਏਨਾ ਨੂੰ ਇਹ ਸਮਝਾਉਣਾ ਹੀ ਮੁਸ਼ਕਿਲ ਆ ਕਿ ਤੁਸੀ ਸੁਖੀ ਨਹੀ ਹੋ ਪਰ ਸੁਖੀ ਹੋ ਸਕਦੇ ਓ, ਗੁਰੂ ਦੀਆ ਗੱਲਾ ਬਚਪਨ ਤੋ ਸੁਣਦੇ ਆ ਰਹੇ ਪਰ ਸਮਝਣ ਤੇ ਮੰਨਣ ਦੀ ਲੋੜ ਮਹਿਸੂਸ ਨਹੀ ਕਰਦੇ, ਐਸੀ ਕਸ਼ਮਕਸ਼ ਵਿੱਚ ਘਿਰਿਆ ਦੇਬੀ ਹੁਣ ਗੋਬਰ ਗੈਸ ਪਲਾਟ ਲਈ ਭੱਜ ਦੌੜ ਕਰ ਰਿਹਾ ਸੀ, ਹਰਮਿੰਦਰ ਤੇ ਕਰਤਾਰ ਦੇ ਯਤਨਾ ਸਦਕਾ ਕੀੜੀ ਦੀ ਚਾਲ ਚੱਲਣ ਵਾਲੀ ਗੌਰਮਿੰਟ ਤੋ ਮਨਜੂਰੀ ਲੈ ਲਈ ਸੀ, ਐਮ ਐਲ ਏ ਨੀਹ ਪੱਥਰ ਤਾ ਭਾਵੇ ਬਹੁਤ ਚਿਰ ਦਾ ਰੱਖ ਗਿਆ ਸੀ ਪਰ ਇਹੋ ਜਿਹੇ ਨੀਹ ਪੱਥਰ ਤਾ ਭਾਰਤ ਦੇ ਹਰ ਕੋਨੇ ਵਿੱਚ ਅਪਣੀ ਸੰਪੂਰਨਾ ਨੂੰ ਉਡੀਕਦੇ ਬਚਪਨ ਵਿੱਚ ਹੀ ਬੁੱਢੇ ਹੋ ਗਏ ਤੇ ਉਹ ਚਾਰ ਇਟਾ ਲੋਕਾ ਨੇ ਅਪਣੇ ਪਸ਼ੂਆ ਵਾਲੇ ਵਾੜੇ ਵਿੱਚ ਲਾ ਲਈਆ, ਜਿਨਾ ਤੇ ਆਲੀਸ਼ਾਨ ਇਮਾਰਤਾ ਬਣਾਉਣ ਦੇ ਬਿੱਲ ਪਾਸ ਹੋ ਚੁਕੇ ਸਨ, ਬਜਟ ਪੂਰੇ ਦੇ ਪੂਰੇ ਹੜੱਪ ਕੀਤੇ ਜਾ ਚੁੱਕੇ ਸਨ।
ਕਣਕ ਦੀ ਫਸਲ ਦੋ ਦੋ ਗਿੱਠਾ ਹੋ ਚੁੱਕੀ ਸੀ, ਤੇ ਅੱਜ ਸੁਹਾਵਣਾ ਦਿਨ ਆ ਗਿਆ ਸੀ ਜਦੋ ਸਰਕਾਰੀ ਮਸ਼ਿਨਰੀ ਨੇ ਗੋਬਰ ਗੈਸ ਪਲਾਟ ਦਾ ਕੰਮ ਸ਼ੁਰੂ ਕਰਨਾ ਸੀ, ਇਸ ਦਿਨ ਤੇ ਐਮ ਐਲ ਏ ਸਾਹਿਬ ਰਸਮੀ ਤੌਰ ਤੇ ਕੰਮ ਚਾਲੂ ਕਰਾਉਣ ਲਈ ਖੁਦ ਆਏ ਸਨ, ਸਰਕਾਰੀ ਕਰਮਚਾਰੀ ਤੇ ਕੁੱਝ ਮਟੀਰੀਅਲ ਪਹੁੰਚ ਚੁੱਕਾ ਸੀ, ਇੱਕ ਰਸਮ ਨੂੰ ਪੂਰਾ ਕਰਦੇ ਹਰੀ ਝੰਡੀ ਐਮ ਐਲ ਏ ਨੇ ਦਿਖਾ ਦਿੱਤੀ ਸੀ ਤੇ ਕੰਮ ਸ਼ੁਰੂ ਹੋ ਗਿਆ ਸੀ, ਪਿੰਡ ਦੇ ਲੋਕ ਫਿਰ ਜੋਸ਼ ਨਾਲ ਬਿਨਾ ਕਹੇ ਹੀ ਸਰਕਾਰੀ ਕਰਮਚਾਰੀਆ ਦੀ ਮਦਦ ਕਰ ਰਹੇ ਸਨ ਤੇ ਉਨਾ ਨੂੰ ਰੋਟੀ ਪਾਣੀ ਵੀ ਪੁੱਛ ਰਹੇ ਸਨ, ਐਮ ਐਲ ਏ ਪੰਚਾਇਤ ਘਰ ਵਿੱਚ ਮਠਿਆਈ ਛਕ ਰਿਹਾ ਸੀ, ਦੇਬੀ ਨੂੰ ਲੋਕ ਵਧਾਈਆ ਦੇ ਰਹੇ ਸਨ,
"ਆਹ ਬਾਹਰਲੇ ਮੁੰਡੇ ਨੇ ਤਾ ਜਮਾ ਈ ਕਮਾਲ ਕਰਤੀ, ਬਹੁਤ ਕੁੱਝ ਕੀਤਾ ਪਿੰਡ ਲਈ"। 
ਐਮ ਐਲ ਏ ਦੇਬੀ ਦੀ ਸਿਫਤ ਕਰ ਰਿਹਾ ਸੀ, ਇਸ ਤੋ ਪਹਿਲਾ ਕਿ ਕੋਈ ਹੋਰ ਕੁੱਝ ਬੋਲਦਾ, ਤਾਇਆ ਨੰਬਰਦਾਰ ਕਹਿਣ ਲੱਗਾ
"ਸਾਡਾ ਪਿੰਡ ਤਾ ਏਨੇ ਸਵਰਗ ਬਣਾ ਤਾ ਜੀ, ਲੋਕਾ ਦੇ ਦਿਲ ਲੁੱਟ ਲਏ, ਉਹ ਦਿਨ ਦੂਰ ਨੀ ਜਦੋ ਇਹ ਅਲੈਕਸਨ ਤੇ ਖੜੂ ਤੇ ਜਮਾਨਤਾ ਜਬਤ ਕਰਾਦੂ ਵਿਰੋਧੀਆ ਦੀਆ"। 
ਤਾਏ ਨੰਬਰਦਾਰ ਨੇ ਜਹਿਰੀ ਤੀਰ ਛੱਡਿਆ ਸੀ, ਐਮ ਐਲ ਏ ਨੇ ਭਾਵੇ ਇਥੋ ਤੱਕ ਨਹੀ ਸੀ ਸੋਚਿਆ ਪਰ ਉਹ ਖਿਲਾੜੀ ਸੀ ਇਸ਼ਾਰਾ ਸਮਝ ਗਿਆ ਸੀ, ਮੂਹ ਵਿੱਚ ਪਾਇਆ ਰਸਗੁੱਲਾ ਹੁਣ ਉਹਦੇ ਅੰਦਰ ਨਹੀ ਸੀ ਉਤਰ ਰਿਹਾ, ਇਹ ਬੁੜਾ ਤਾ ਕਮਾਲ ਦੀ ਗੱਲ ਕਰ ਗਿਆ, ਮੈ ਹੱਥੀ ਅਪਣੇ ਸੰਭਾਵਿਤ ਵਿਰੋਧੀ ਨੂੰ ਤਾਕਤ ਦੇ ਰਿਹਾ, ਇਹ ਕਿਸੇ ਦਿਨ ਮੇਰੇ ਮੋਹਰੇ ਖੜੂ ਆ ਕੇ, ਕੱਲ ਦਾ ਕਾਕਾ ਸਾਨੂੰ ਅਕਲਾਂ ਦੇਊ ? ਨਹੀ, ਇਹ ਹੋ ਨਹੀ ਸਕਦਾ, ਸੱਪ ਨੂੰ ਪਾਲਣਾ ਸਿਆਣਪ ਨਹੀ, ਏਹਦੇ ਕੰਮ ਸਿਰੇ ਨਹੀ ਚੜਨ ਦੇਣੇ, ਲੋਕ ਸਿਆਣੇ ਹੋ ਗਏ ਤਾ ਸਾਡੇ ਘਰ ਰੋਜ ਦਿਵਾਲੀ ਕਿਵੇ ਮਨਾ ਹੋਊ ?
ਐਸੀਆ ਸੋਚਾ ਸੋਚਦਾ ਐਮ ਐਲ ਏ ਵਕਤ ਤੋ ਪਹਿਲਾ ਹੀ ਬਹਾਨਾ ਬਣਾ ਕੇ ਚੰਡੀਗੜ ਦੌੜ ਗਿਆ, ਪਿੰਡ ਵਾਲੇ ਰੋਟੀ ਤਿਆਰ ਕਰਦੇ ਰਹਿ ਗਏ, ਨੰਬਰਦਾਰ ਨੇ ਜੋ ਗੱਲ ਕੀਤੀ ਸੀ ਉਹ ਕਿਸੇ ਨੂੰ ਚੰਗੀ ਨਹੀ ਸੀ ਲੱਗੀ, ਨੰਬਰਦਾਰ ਕੋਲੋ ਨੰਬਰਦਾਰੀ ਭਾਵੇ ਖੋਹ ਲਈ ਗਈ ਸੀ ਪਰ ਉਸ ਦਿਨ ਤੋ ਬਾਅਦ ਪਿੰਡ ਦੇ ਲੋਕ ਉਸ ਨੂੰ ਚਿੜਾਉਣ ਲਈ ਸਗੋ ਘਰੋੜ ਕੇ ਨੰਬਰਦਾਰ ਕਹਿਣ ਲੱਗ ਪਏ ਸਨ, ਇਹ ਭੋਲੇ ਲੋਕ ਇਸ ਗੱਲ ਨੂੰ ਭੁਲ ਗਏ ਸਨ ਕਿ ਜਦੋ ਕਿਸੇ ਦਾ ਲੋੜ ਤੋ ਵੱਧ ਤਿਰਸਕਾਰ ਹੋ ਜਾਵੇ ਉਹ ਬਦਲਾ ਲਵੇਗਾ, ਪਿੰਡ ਦੇ ਲੋਕਾ ਨੇ ਅਪਣੇ ਪੈਰੀ ਆਪ ਕੁਹਾੜਾ ਮਾਰ ਲਿਆ ਸੀ, ਨੰਬਰਦਾਰ ਦੇਬੀ ਨੂੰ ਹਾਲੇ ਵੀ ਮਾਫ ਨਹੀ ਸੀ ਕਰ ਰਿਹਾ, ਉਸੇ ਨੇ ਹੀ ਉਹਦੀ ਨੰਬਰਦਾਰੀ ਖੋਹਣ ਲਈ ਕਿਹਾ ਸੀ, ਭਾਵੇ ਨੰਬਰਦਾਰ ਨੂੰ ਦੇਬੀ ਨੇ ਬਚਾ ਦਿੱਤਾ ਸੀ ਪਰ ਉਹ ਇਸ ਬੰਨੇ ਤਾ ਆਉਦਾ ਹੀ ਨਹੀ ਸੀ, ਉਸਨੇ ਜਾਣ ਬੁੱਝ ਕੇ ਐਮ ਐਲ ਏ ਦੇ ਮਨ ਵਿੱਚ ਜਹਿਰ ਦਾ ਬੀਜ ਬੋ ਦਿੱਤਾ ਸੀ ਤੇ ਹੁਣ ਉਹ ਹਰ ਪਲ ਆਪੇ ਵਧਦਾ ਰਹਿਣਾ ਸੀ, ਅਪਣੀ ਗਲਤੀ ਨਹੀ ਮੰਨਣੀ ਬਯੁਰਗਾ ਨੇ ਬੱਸ ਹਿੰਡ ਪੁਗਾਉਣੀ ਆ,
ਅਖੇ ਆਹ ਦਾਹੜੀ ਧੁੱਪੇ ਬਹਿ ਕੇ ਚਿੱਟੀ ਨਹੀ ਕੀਤੀ … 
ਬਯੁਰਗੋ ਜੇ ਇਨਸਾਫ ਕੀਤੇ ਹੁੰਦੇ, ਦੂਜਿਆ ਦੇ ਹੱਕ ਨਾ ਮਾਰੇ ਹੁੰਦੇ, ਅਪਣੇ ਗੁਰੂ ਦੀ ਥੋੜੀ ਬਹੁਤ ਮੰਨੀ ਹੁੰਦੀ, ਔਰਤ ਨੂੰ ਪੈਰ ਦੀ ਜੁੱਤੀ ਨਾ ਬਣਾਇਆ ਹੁੰਦਾ ਤਾ ਇਹ ਦਾਹੜੀਆ ਇਨੀ ਛੇਤੀ ਚਿੱਟੀਆ ਵੀ ਨਹੀ ਸੀ ਹੋਣੀਆ, ਇਹ ਤਜਰਬੇ ਨਾਲ ਘੱਟ ਤੇ ਫਿਕਰ, ਵਿਰੋਧ, ਚਿੰਤਾ ਤੇ ਦੁਸ਼ਮਣੀਆ ਨਾਲ ਵੱਧ ਚਿੱਟੀਆ ਹੋਈਆ ਹਨ, ਇਨਾ ਦਾਹੜੀਆ ਨੇ ਪੰਜਾਬ ਕਰਜਾਈ ਕਰ ਦਿੱਤਾ ਆ, ਨਹੀ ਤਾ ਅਪਣੇ ਮੁੰਡੇ ਪਰਦੇਸ ਭੇਜਣ ਦੀ ਕੀ ਲੋੜ ਸੀ ? ਪਰਦੇਸੀਆ ਦੇ ਭੇਜੇ ਹੋਏ ਪੈਸੇ ਅਪਣੇ ਘਰ ਵਿਚੋ ਘਟਾ ਦਿਓ, ਤੇ ਦੇਖੋ ਕਿ ਕੋਠੀਆ ਪੈ ਸਕਦੀਆ ਸਨ ?
ਸਾਈਕਲ ਦੀ ਥਾ ਕਾਰਾ ਖੜ ਸਕਦੀਆ ਸਨ ? ਧੀਆ ਦੇ ਵਿਆਹ ਠਾਠ ਨਾਲ ਹੋ ਸਕਦੇ ਸਨ ?
ਤੇ ਸਭ ਤੋ ਵੱਧ ਜੋ ਅੱਜ ਕੱਲ ਹਰ ਪੰਜਾਬੀ ਦਾ ਪੇਟ ਵਧਿਆ ਪਿਆ, ਵਿਹਲੇ ਰਹਿਣ ਨਾਲ, ਉਹ ਵਧ ਸਕਦੇ ਸਨ ?
ਖੈਰ, ਤੁਹਾਡੇ ਨਾਲ ਬਹੁਤਾ ਪੰਗਾ ਵੀ ਨਹੀ ਲਿਆ ਜਾ ਸਕਦਾ ਨਹੀ ਤਾ ਤੁਸੀ ਇਹ ਭੁੱਲਣ ਲੱਗੇ ਪਲ ਵੀ ਨਹੀ ਲਾਊਗੇ ਕਿ ਅਸੀ ਤੁਹਾਡੀ ਆਲਾਦ ਆ ਤੇ ਚੈਨ ਨਾਲ ਜੀਣਾ ਚਾਹੁੰਦੇ ਆ, ਤੁਹਾਡੀ ਮਰਜੀ ਹੋਈ ਤਾਂ ਐਸੀ ਚਾਲ ਚੱਲੋਗੇ ਕਿ ਨਾਨੀ ਯਾਦ ਕਰਾ ਦਿਓਗੇ, ਚਾਲਾ ਚੱਲਣ ਵਿੱਚ ਤਾ ਵਾਕਿਆ ਹੀ ਬਹੁਤ ਤਜਰਬਾ, ਇਸ ਲਈ ਥੋੜਾ ਡਰਨਾ ਈ ਚੰਗਾ, ਕਿਧਰੇ … 
ਬੀਤੇ ਦਸੰਬਰ ਵਿੱਚ ਬਿੰਦਰ ਤੇ ਕੁਲਦੀਪ ਦੋ ਹਫਤੇ ਲਈ ਪੰਜਾਬ ਆਏ ਸਨ, ਕਰਿਸਮਿਸ ਦੀਆ ਛੁੱਟੀਆ ਸਨ, ਦਸ ਦਿਨ ਪਿੰਡ ਦੇ ਲੋਕਾ ਨੇ ਉਨਾ ਨੂੰ ਹੱਥਾ ਤੇ ਚੱਕੀ ਰੱਖਿਆ, ਉਹ ਦੋਵੇ ਸੋਚਦੇ ਸਨ ਕਿ ਜਰਮਨ ਕੀ ਕਰ ਰਹੇ ਆ, ਏਨਾ ਪਿਆਰ ਮਿਲਦਾ ਪੰਜਾਬ ਵਿੱਚ, ਏਥੇ ਕਿਓ ਨਾ ਰਹਿ ਪਈਏ ? ਦੇਬੀ ਨੂੰ ਜਦ ਉਨਾ ਅਪਣੇ ਵਿਚਾਰ ਦੱਸੇ ਤਾ ਦੇਬੀ ਹੱਸ ਕੇ ਕਹਿਣ ਲੱਗਾ … ।।


"ਹਾਥੀ ਦੇ ਦੰਦ ਖਾਣ ਨੂੰ ਹੋਰ ਵਿਖਾਣ ਨੂੰ ਹੋਰ, ਇਸ ਪਿਆਰ ਪਿੱਛੇ ਹੋਰ ਕੀ ਕੀ ਛੁਪਿਆ ਪਿਆ ਕੋਈ ਨਹੀ ਜਾਣਦਾ, ਇਹ ਤੁਹਾਡੇ ਵੱਸ ਦਾ ਨਹੀ, ਜਦ ਸੱਚਾਈ ਨਾਲ ਵਾਹ ਪਊ ਫਿਰ ਸਿਰ ਤੇ ਪੈਰ ਰੱਖ ਕੇ ਭੱਜੋਗੇ"। 
ਦੋ ਹਫਤੇ ਬਾਅਦ ਉਹ ਸਭ ਨੂੰ ਮਿਲ ਕੇ ਵਾਪਿਸ ਹੋ ਗਏ।
ਪਲਾਂਟ ਦਾ ਕੰਮ ਕੁੱਝ ਨਿਬੜਿਆ ਸੀ, ਖੂਹ ਪੱਟਿਆ ਜਾ ਚੁੱਕਾ ਸੀ, ਤੇ ਉਸਦਾ ਪੱਕਾ ਕੀਤਾ ਜਾਣਾ ਚੱਲ ਰਿਹਾ ਸੀ, ਇੱਕ ਦਿਨ ਅਚਾਨਕ ਸਰਕਾਰੀ ਕਰਮਚਾਰੀ ਗਧੇ ਦੇ ਸਿਰ ਤੋ ਸਿੰਗਾ ਦੀ ਤਰਾਂ ਗਾਇਬ ਹੋ ਗਏ, ਦੋ ਦਿਨ ਉਡੀਕਣ ਤੋ ਬਾਅਦ ਦੇਬੀ ਨੇ ਜਲੰਧਰ ਪਤਾ ਕੀਤਾ ਤਾ ਪਤਾ ਲੱਗਾ ਕਿ ਕਰਮਚਾਰੀ ਕਿਤੇ ਹੋਰ ਕੰਮ ਕਰ ਰਹੇ ਆ, ਸਬੰਧਿਤ ਅਫਸਰ ਨੇ ਕਿਹਾ ਕਿ ਦੂਜਾ ਪਲਾਟ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਣਾ ਜਰੂਰੀ ਹੈ, ਉਸਤੋ ਬਾਅਦ ਫਿਰ ਨਵੇ ਪਿੰਡ ਦੀ ਵਾਰੀ ਆਵੇਗੀ, ਦੇਬੀ ਪਿੱਟ ਕੇ ਰਹਿ ਗਿਆ, ਇਹ ਕਿਵੇ ਹੋ ਸਕਦਾ ਆ ? ਇੱਕ ਚਲਦੇ ਕੰਮ ਨੂੰ ਰੋਕ ਕੇ ਦੂਜਾ ਕਿਵੇ ਸ਼ੁਰੂ ਕੀਤਾ ਜਾ ਸਕਦਾ ?
ਸਾਰੇ ਪਿੰਡ ਵਾਲੇ ਹੈਰਾਨ ਸਨ, ਇਕੋ ਬੰਦਾ ਖੁਸ਼ ਸੀ, ਸਾਬਕਾ ਨੰਬਰਦਾਰ, ਉਹਦਾ ਤੀਰ ਟਿਕਾਣੇ ਤੇ ਲੱਗਾ ਸੀ।
ਹਰਮਿੰਦਰ ਨੂੰ ਫੋਨ ਕੀਤਾ ਗਿਆ, ਉਸਨੇ ਐਮ ਐਲ ਏ ਨਾਲ ਗੱਲ ਕੀਤੀ ਤਾ ਪਤਾ ਲੱਗਾ ਕਿ ਇਹ ਦੂਜਾ ਪਲਾਂਟ ਇੱਕ ਕੇਂਦਰੀ ਮੰਤਰੀ ਦੇ ਹਲਕੇ ਦਾ ਆ ਤੇ ਉਸ ਨੇ ਅਪਣਾ ਕੰਮ ਪਹਿਲਾ ਕਰਾਉਣਾ ਆ, ਹੋ ਸਕਦਾ ਦੋ ਚਾਰ ਮਹੀਨੇ ਲੱਗ ਜਾਣ, ਇਸ ਖਬਰ ਨੇ ਦੇਬੀ ਦਾ ਸਾਰਾ ਜੋਸ਼ ਬਰਫ ਵਿੱਚ ਲਾ ਦਿੱਤਾ, ਉਹ ਸਮਝ ਰਿਹਾ ਸੀ ਕਿ ਇਹ ਕੋਈ ਚਾਲ ਹੈ, ਪਰ ਕਿਸ ਦੀ ਤੇ ਕਿਓ ? ਪਲਾਂਟ ਰੋਕਣ ਵਿੱਚ ਕਿਸਦਾ ਫਾਇਦਾ ?
ਵਿਚਾਰਾ ਦੇਬੀ ਇਹ ਨਹੀ ਸੀ ਜਾਣਦਾ ਕਿ ਚਿੱਟੀਆ ਦਾਹੜੀਆ ਵਾਲੇ ਬਾਪੂ ਸਾਰੇ ਕੰਮ ਫਾਇਦਾ ਨੁਕਸਾਨ ਦੇਖ ਕੇ ਨਹੀ ਕਰਦੇ ਸਗੋ ਬਦਲੇ ਲੈਣ ਲਈ, ਅਪਣੇ ਗੁਨਾਹ ਛੁਪਾਉਣ ਲਈ ਕਰਦੇ ਆ, ਲੋਕਾ ਤੋ ਗੁਨਾਹ ਛੁਪਾਉਣ ਲਈ ਚਿੱਟੀ ਦਾਹੜੀ ਦੀ ਲੋੜ ਆ, ਤਜਰਬਾ ਚਾਹੀਦਾ, ਤੇ ਚਿੱਟੇ ਦਿਨ ਲੋਕਾ ਦੀਆ ਅੱਖਾ ਵਿੱਚ ਧੂਲ਼ ਝੌਕੀ ਜਾ ਸਕਦੀ ਆ, ਇਹ ਗੱਲ ਵੱਖਰੀ ਆ ਕਿ ਆਖਰੀ ਵੇਲੇ ਤੇ ਬਹੁਤੇ ਬਯੁਰਗ ਉਦਾਸ ਫਿਰਦੇ ਆ, ਕਾਰਨ ? ਜਦੋ ਤਾਕਤ ਕੋਲ ਸੀ, ਉਸ ਨੂੰ ਗਲਤ ਵਰਤਿਆ, ਦੂਜਿਆ ਦੇ ਦਿਲ ਤੋੜੇ, ਹੁਣ ਜਦੋ ਸੂਰਜ ਢਲਣਾ ਸ਼ੁਰੂ ਹੋ ਗਿਆ ਤਾ ਪਛਤਾਵਾ ਵੀ ਸ਼ੁਰੂ ਹੋ ਗਿਆ, ਉਸ ਸਿਰਜਣਹਾਰ ਦੀ ਅੱਖ ਵਿੱਚ ਧੂਲ਼ ਕਿਸ ਚਿੱਟੀ ਦਾਹੜੀ ਦੇ ਤਜਰਬੇ ਨਾਲ ਝੌਕਣਗੇ ?
ਇਹ ਤਾ ਅਰਥੀ ਵਿੱਚ ਸੜ ਜਾਣੀ ਆ, ਇਹ ਜਾਣ ਕੇ ਹੁਣ ਚੇਹਰੇ ਦਾ ਨੂਰ ਉਡ ਗਿਆ, ਜਰਾ ਗੌਰ ਨਾਲ ਤੱਕੋ ਤਾ ਇਨਾ ਦੇ ਚਿਹਰਿਆ ਨੂੰ ? ਕਿੱਥੇ ਆ ਬਯੁਰਗੀ ਦਾ ਨੂਰ ? ਕਿੱਥੇ ਆ ਪੂਰੇ ਜੀਵਨ ਦੀ ਕਮਾਈ ? ਕੀ ਸਾਰੇ ਮਸਲੇ ਸੁਲਝਾ ਲਏ, ਪੰਜਾਹ, ਸੱਠ ਸਾਲਾ ਵਿੱਚ ?
ਨਹੀ, ਉਲਝਾ ਕੇ ਅਪਣੇ ਪਿਆਰੇ ਪੁੱਤਾ ਨੂੰ ਵਸੀਅਤ ਕਰ ਦਿੱਤੀ ਹੈ ਕਿ ਸੜੋ ਏਸੇ ਅੱਗ ਵਿੱਚ ਜਿਹੜੀ ਅਸੀ ਬਾਲੀ ਸੀ, ਪੂਰੇ ਸਮਾਜ ਨੂੰ ਗੰਦਾ ਕਰ ਕੇ ਸੋਚਦੇ ਆ ਕਿ ਜਿਹੜੇ ਪੈਸੇ ਕਮਾਏ ਸੀ ਉਨਾ ਦੇ ਸਿਰ ਤੇ ਬੱਚੇ ਐਸ਼ ਕਰਨਗੇ,
ਸਿਰਫ ਕੈਸ਼ ਨਹੀ ਚਾਹੀਦਾ ਐਸ਼ ਵਾਸਤੇ, ਚੰਗਾ ਮਹੋਲ ਵੀ ਚਾਹੀਦਾ … 


ਜਿੰਨੇ ਮੂੰਹ ਓਨੀਆ ਗੱਲਾ, ਦੇਬੀ ਪੰਚੈਤ ਲੈ ਕੇ ਫਿਰਦਾ ਰਿਹਾ, ਕਰਤਾਰ ਨਾਲ ਜਾਦਾ ਰਿਹਾ, ਲਾਰੇ ਤੇ ਲਾਰਾ, ਕਲਰਕਾ ਤੇ ਅਫਸਰਾ ਕੋਲ ਨਿੱਤ ਨਵੇ ਬਹਾਨੇ, ਕੰਮ ਤੋ ਹਟਾ ਕੇ ਬੰਦਿਆ ਨੂੰ ਰੋਲਣ ਲਾ ਦਿੱਤਾ ਐਮ ਐਲ ਏ ਦੇ ਇੱਕ ਫੋਨ ਨੇ, ਇਹਨੂੰ ਕਹਿੰਦੇ ਆ ਤਾਕਤ, ਆਹ ਜਰਮਨ ਦਾ ਪਰਧਾਨ ਮੰਤਰੀ ਜੇ ਕਿਸੇ ਅਫਸਰ ਨੂੰ ਐਸਾ ਫੋਨ ਕਰਦਾ ਤਾ ਦੂਜੇ ਦਿਨ ਉਸ ਨੂੰ ਅਸਤੀਫਾ ਦੇਣਾ ਪੈਣਾ ਸੀ। ਦੇਬੀ ਨੇ ਹਿੰਮਤ ਨਹੀ ਹਾਰੀ ਉਹ ਇਸ ਮਸਲੇ ਨੂੰ ਜਨਤਾ ਦੀ ਕਚਿਹਰੀ ਵਿੱਚ ਲਿਆਉਣਾ ਚਾਹੁੰਦਾ ਸੀ, ਇੱਕ ਅਖਬਾਰ ਵਿੱਚ ਖਬਰ ਲੱਗ ਗਈ ਕਿ ਸਰਕਾਰੀ ਅਫਸਰ ਕਿਸੇ ਦੇ ਅਸਰ ਹੇਠ ਸ਼ੁਰੂ ਕੀਤੇ ਕੰਮ ਨੂੰ ਅੱਗੇ ਨਹੀ ਚਲਾ ਰਹੇ, ਤੇ ਨਾਲ ਦੇਬੀ ਦੀ ਇੰਟਰਵਿਊ, ਇਸ ਕੋਸ਼ਿਸ਼ ਨੇ ਜਖਮੀ ਸ਼ੇਰ ਨੂੰ ਹੋਰ ਕਰੋਧਿਤ ਕਰ ਦਿੱਤਾ, ਇੱਕ ਦਿਨ ਉਸ ਨੇ ਨੰਬਰਦਾਰ ਨੂੰ ਸੁਨੇਹਾ ਭੇਜ ਕੇ ਨਕੋਦਰ ਮੰਗਵਾ ਲਿਆ … ।
"ਆਓ ਨੰਬਰਦਾਰ ਜੀ, ਮੈਨੂੰ ਲਗਦਾ ਆ ਬਈ ਸਾਰੇ ਪਿੰਡ ਚੋ ਤੁਸੀ ਕੰਮ ਦੇ ਬੰਦੇ ਓ, ਸਾਡਾ ਵੀ ਇੱਕ ਛੋਟਾ ਜਿਹਾ ਕੰਮ ਕਰ ਦਿਓ"। 
ਸਿਆਸਤ ਨੇ ਅਪਣੇ ਖੂੰਨੀ ਜਾਲ ਨੂੰ ਵਿਛਾਉਣਾ ਸ਼ੁਰੂ ਕਰ ਦਿੱਤਾ।
"ਤੁਸੀ ਹੁਕਮ ਤਾ ਕਰੋ ਜਨਾਬ"। 
ਐਮ ਐਲ ਏ ਦੀ ਪੂਰੀ ਚਮਚਾਗਿਰੀ ਕਰ ਰਿਹਾ ਸੀ ਸਾਬਕਾ ਨੰਬਰਦਾਰ।
"ਇਹ ਬਾਹਰਲੇ ਮੁੰਡੇ ਨਾਲ ਤੇਰਾ ਕੀ ਮਸਲਾ ?" 
ਐਮ ਏਲ ਏ ਜਾਨਣਾ ਚਾਹੁੰਦਾ ਸੀ ਕਿ ਇਹ ਕਿੰਨੀ ਕੁ ਨਫਰਤ ਰੱਖਦਾ ਦਿਲ ਵਿੱਚ, ਜਿੰਨੀ ਵੱਧ ਨਫਰਤ ਕੰਮ ਓਨਾ ਹੀ ਸੌਖਾ।
"ਜਿਸ ਦਿਨ ਦਾ ਇਹ ਮੁੰਡਾ ਪਿੰਡ ਵਿੱਚ ਆਇਆ ਮੇਰਾ ਜੀਣਾ ਹਰਾਮ ਕਰ ਤਾ, ਪਹਿਲਾ ਸਭ ਮੇਰੀ ਸਲਾਹ ਨਾਲ ਤੁਰਦੇ ਸੀ, ਹੁਣ ਸਾਰੇ ਉਹਨੂੰ ਪੁੱਛ ਕੇ ਤੁਰਦੇ ਆ"।ਨੰਬਰਦਾਰ ਦੇ ਚਿਹਰੇ ਤੇ ਉਹਦੇ ਦਿਲ ਦਾ ਹਾਲ ਲਿਖਿਆ ਪਿਆ ਸੀ।
"ਜੇ ਆਪਾ ਤੇਰੀ ਸਰਦਾਰੀ ਫੇਰ ਬਹਾਲ ਕਰ ਦੇਈਏ ਤਾ ਏਹਦੇ ਲਈ ਤੂੰ ਕੀ ਕਰ ਸਕਦਾ ?" 
ਐਮ ਐਲ ਏ ਸਮਝ ਗਿਆ ਸੀ ਕਿ ਗੱਲ ਬਣਜੂ,
"ਜੋ ਤੁਹਾਡਾ ਹੁਕਮ ਹੋਵੇ"। 
ਨੰਬਰਦਾਰ ਗਦਾਰੀ ਲਈ ਤਿਆਰ ਹੋ ਗਿਆ।
"ਜੋ ਕੁੱਝ ਉਸ ਨੇ ਬਣਾਇਆ, ਉਹ ਸਭ ਕੁੱਝ ਖੇਰੂ ਖੇਰੂ ਕਰਨਾ ਆ, ਜਦੋ ਲੋਕਾ ਨੂੰ ਉਹਦੇ ਤੋ ਕੋਈ ਲਾਭ ਨਾ ਹੋਇਆ, ਇਨਾ ਆਪੇ ਛਿੱਤਰ ਮਾਰ ਕੇ ਭਜਾ ਦੇਣਾ ਤੇ ਸਾਫ ਮੈਦਾਨ ਤੇਰੇ ਹੱਥ"। 
ਐਮ ਐਲ ਏ ਨੇ ਹੱਥ ਅੱਗੇ ਵਧਾ ਦਿੱਤਾ, ਨੰਬਰਦਾਰ ਨੇ ਦੋਵੇ ਹੱਥ ਅੱਗੇ ਕਰ ਦਿੱਤੇ, ਕਰੇਲਾ ਨਿੰਮ ਤੇ ਚੜ ਗਿਆ, ਹੁਣ ਕੁੜੱਤਣ ਦਾ ਹੜ ਵਗਣ ਨੂੰ ਰੱਬ ਵੀ ਨਹੀ ਸੀ ਰੋਕ ਸਕਦਾ।
"ਬਈ, ਗੱਲ ਏਦਾ ਆ ਕਿ ਤੂੰ ਕੁੱਝ ਬੰਦਿਆ ਨੂੰ ਉਹਦੇ ਵਿਰੋਧ ਵਿੱਚ ਕਰਨ ਦੀ ਕੋਸ਼ਿਸ਼ ਕਰ"। ਸਿਆਸੀ ਬੰਦੇ ਨੇ ਪਲੈਨ ਬਣਾਉਣਾ ਸ਼ੁਰੂ ਕਰ ਦਿੱਤਾ।
"ਜਨਾਬ, ਉਹਦੇ ਵਿਰੋਧ ਵਿੱਚ ਕੋਈ ਗੱਲ ਸੁਣਨ ਨੂੰ ਤਿਆਰ ਈ ਨਹੀ"।
ਨੰਬਰਦਾਰ ਨੇ ਦੱਸਿਆ।
"ਫਿਰ ਕੁੱਝ ਬੰਦੇ ਖਰੀਦ, ਨੋਟਾ ਦਾ ਲਾਲਚ ਦੇ, ਜਿਹੜਾ ਸ਼ਰਾਬ ਦਾ ਸ਼ੌਕੀਨ ਆ ਉਹਨੂੰ ਦਿਲ ਖੋਲ ਕੇ ਪਿਲਾ, ਸਾਡੇ ਠੇਕੇ ਤੇ ਜਦੋ ਚਾਹੇ ਜਿੰਨੀ ਚਾਹੇ ਸ਼ਰਾਬ ਮੁਫਤ ਮਿਲੂ, ਬੱਸ ਘੁਮਾ ਦੇ ਗੇੜੇ, ਬਾਕੀ ਹਰ ਹਫਤੇ ਇਸੇ ਵਕਤ ਆ ਕੇ ਸ਼ਮਸ਼ੇਰ ਨੂੰ ਰਿਪੋਰਟ ਦੇ, ਇਹ ਤੈਨੂੰ ਹਰ ਚੀਜ ਮੁਹੱਈਆ ਕਰਾਊ, ਜਿਵੇ ਕਹੂ ਓਦਾਂ ਕਰੀ ਜਾਈ, ਤੇ ਆਹ ਲੈ ਪਹਿਲੀ ਪੇਸ਼ਗੀ"। 
ਪੰਜਾਹ ਹਜਾਰ ਦੇ ਨੋਟਾ ਦਾ ਬੰਡਲ ਦੇਖ ਕੇ ਅਕਲ ਘੁੰਮ ਗਈ ਨੰਬਰਦਾਰ ਦੀ, ਉਹ ਸੁਨਹਿਰੀ ਸੁਪਨੇ ਲੈਦਾ ਪਿੰਡ ਆ ਗਿਆ, ਪਿੰਡ ਆ ਕੇ ਨੰਬਰਦਾਰ ਨੇ ਪਹਿਲਾ ਉਹ ਮੁੰਡੇ ਪਕੜੇ ਜਿਹੜੇ ਨਸ਼ੇ ਦੇ ਆਦੀ ਤੇ ਆਸ਼ਕ ਤਬੀਅਤ ਦੇ ਸਨ, ਸ਼ਰਾਬ ਤੇ ਸ਼ਬਾਬ ਹਰ ਬੰਦੇ ਦੀ ਕਮਜੋਰੀ ਆ, ਸੌਰੀ ਹਰ ਬੰਦੇ ਦੀ ਨਹੀ, ਤਕਰੀਬਨ ਹਰ ਬੰਦੇ ਦੀ।
"ਮੁੰਡਿਓ, ਤੁਸੀ ਸਾਰਾ ਦਿਨ ਏਥੇ ਖਪਦੇ ਰਹਿੰਦੇ ਓ ਤੇ ਦਲੀਪ ਤੁਹਾਡੀ ਕਮਾਈ ਤੇ ਸ਼ਹਿਰ ਗੁਲਸ਼ਰਰੇ ਉਡਾਉਦਾ"।
ਮੌਕਾ ਦੇਖ ਕੇ ਡੇਅਰੀ ਦੀ ਡਿਊਟੀ ਦੇਣ ਜਾ ਰਹੇ ਦੋ ਸਾਂਝੀਵਾਲ ਮੁੰਡਿਆ ਨੂੰ ਨੰਬਰਦਾਰ ਨੇ ਕਿਹਾ।
"ਕੀ ਮਤਲਬ ਆ ਤਾਇਆ ਤੇਰਾ, ਤੂੰ ਅੱਗੇ ਪਿੰਡ ਲੜਾ ਕੇ ਮਾਰਤਾ ਹੁਣ ਤੇਰੀ ਪੇਸ਼ ਨੀ ਜਾਣੀ"। ਤਰਸੇਮ ਤਾਏ ਦਾ ਵਿਸ਼ਵਾਸ਼ ਨਹੀ ਸੀ ਕਰਦਾ।
"ਮੈ ਤਾ ਕਾਕਾ ਐਵੇ ਬਦਨਾਮ ਆ, ਜੇ ਯਕੀਨ ਨਹੀ ਆਉਦਾ ਤਾ ਚੱਲੋ ਮੇਰੇ ਨਾਲ ਤੇ ਜੇ ਮੇਰੀ ਗੱਲ ਗਲਤ ਹੋਈ ਤਾ ਆਹ ਵੀਹ ਹਜਾਰ ਤੁਹਾਡਾ, ਤੇ ਜੇ ਮੇਰੀ ਗੱਲ ਸਹੀ ਹੋਈ ਤਾਂ ਮੈ ਤੁਹਾਡਾ ਗੁਰੂ, ਫਿਰ ਮੈ ਜਿਵੇ ਕਹੂੰ ਉਵੇ ਕਰਨਾ ਪਊ"। 
ਨੰਬਰਦਾਰ ਨੇ ਕਿਹਾ, ਐਮ ਐਲ ਏ ਵਾਸਤੇ ਲੋਕਾ ਦੇ ਲਹੂ ਦੇ ਇਕੱਠੇ ਕੀਤੇ ਨੋਟ ਕੋਈ ਖਾਸ ਮਾਇਨੇ ਨਹੀ ਸੀ ਰੱਖਦੇ, ਜਰੂਰੀ ਸੀ ਅਪਣੇ ਆਪ ਨੂੰ ਤਾਕਤ ਵਿੱਚ ਬਣਾਈ ਰੱਖਣਾ, ਸਧਾਰਨ ਪਰਾਣੀ ਇਹ ਕਦੇ ਨਹੀ ਸਮਝ ਪਾਉਦਾ ਕਿ ਕੋਈ ਬੰਦਾ ਕਿਸੇ ਤੀਜੇ ਬੰਦੇ ਦਾ ਕੋਈ ਔਗੁਣ ਜਨਤਾ ਦੇ ਸਾਹਮਣੇ ਲਿਆਉਣ ਲਈ ਰੁਪਏ ਦੀ ਇਨਵੈਸਟਮੈਟ ਕਿਓ ਕਰੇਗਾ ? ਇਹ ਦੋਵੇ ਗੱਭਰੂ, ਇਨਾ ਦੀ ਦਾਹੜੀ ਹਾਲੇ ਚਿੱਟੀ ਨਹੀ ਸੀ ਹੋਈ, ਤਜਰਬਾ ਨਹੀ ਸੀ, ਤੇ ਨੋਟਾ ਦੀ ਚਮਕ ?
ਭਾਵੇ ਸਾਝੀਵਾਲ ਹੁਣ ਗਰੀਬ ਨਹੀ ਸੀ ਰਹੇ ਤੇ ਹਰ ਮਹੀਨੇ ਅਮੀਰ ਹੋਣ ਦੀ ਸੰਭਾਵਨਾ ਬਣੀ ਹੋਈ ਸੀ ਫਿਰ ਵੀ ਮੁਫਤ ਵਿੱਚ ਮਿਲਦੇ ਨੋਟ ਦੇਖ ਕੇ ਤਕਰੀਬਨ ਮਨੁੱਖ ਹਾਰ ਜਾਂਦੇ ਆ, ਤਰਸੇਮ ਤੇ ਬਲਵੀਰ ਨੇ ਸੋਚਿਆ ਬਈ ਸਾਡਾ ਕੀ ਜਾਦਾ, ਜੇ ਦਲੀਪ ਫੜਿਆ ਗਿਆ ਤਾ ਸਾਡੀ ਤਾ ਵੀ ਪੌ ਬਾਰਾ ਜੇ ਨਾਂ ਫੜ ਹੋਇਆ ਤਾ ਤਾਏ ਦਾ ਕਚੂੰਬਰ ਕਢਾਂਵਾਗੇ।
"ਕਾਕਾ ਸੋਚੀ ਕੀ ਜਾਨੇ ਆ, ਜੇ ਕੱਲ ਨੂੰ ਨਕੋਦਰ ਡੀਲਕਸ ਰੈਸਟੋਰੈਟ ਵਿੱਚ ਮਿਲੋ ਤਾਂ ਪਹਿਲਾ ਉਹ ਕੁੜੀ ਮਿਲਾਊ ਜੀਹਦੇ ਨਾਲ ਦਲੀਪ ਐਸ਼ ਕਰਦਾ ਤੁਹਾਡੀ ਕਮਾਈ ਤੇ, ਬਾਕੀ ਫੇਰ, ਜੇ ਹੈ ਰਾਦਾ ਤਾ ਕਰੋ ਗੱਲ ਨਹੀ ਤਾ ਮੈ ਚੱਲਿਆ"। 
ਤਾਏ ਨੇ ਸ਼ੋਅ ਕੀਤਾ ਜਿਵੇ ਉਸ ਨੂੰ ਬਹੁਤੀ ਦਿਲਚਸਪੀ ਨਾਹ ਹੋਵੇ।
"ਓਹ ਤਾਇਆ ਇੱਕ ਤਾ ਤੂੰ ਗੁੱਸਾ ਬਹੁਤ ਕਰਦਾ, ਦੇਬੀ ਬਾਈ ਨੂੰ ਦੱਸਿਆ ?"
ਤਰਸੇਮ ਨੇ ਪੁੱਛਿਆ।
"ਉਹਨੂੰ ਤਾਂ ਤਾਂ ਦੱਸਾ ਜੇ ਉਹ ਆਪ ਦੁੱਧ ਧੋਤਾ ਹੋਵੇ, ਤੁਸੀ ਕਦੇ ਸੋਚਿਆ ਨਹੀ ਬਈ, ਕੁਆਰਾ ਮੁੰਡਾ, ਕੱਲਾ ਰਹਿੰਦਾ, ਬਿਨਾ ਅਯਾਸ਼ੀ ਤੋ ਕਿਵੇ ਰਹਿ ਸਕਦਾ ? ਜਿੰਨਾ ਕੋਈ ਜਾਦਾ ਸ਼ਰੀਫ ਹੋਣ ਦੀ ਕੋਸ਼ਿਸ਼ ਕਰੇ ਉਨਾ ਹੀ ਗੰਦਾ ਹੁੰਦਾ, ਨਾਲੇ ਜੇ ਉਸਨੂੰ ਪਤਾ ਲੱਗ ਗਿਆ ਤਾ ਉਹਨੇ ਦਲੀਪ ਨੂੰ ਵੀ ਦੱਸ ਦੇਣਾ ਫੇਰ ਨੀ ਫਸਣਾ ਕੋਈ, ਚਾਰ ਕੁ ਸੋਹਣੀਆ ਜਿਹੀਆ ਗੱਲਾ ਕਰਕੇ ਤੁਹਾਡੇ ਕੰਮ ਤੇ ਸਾਰੀ ਉਮਰ ਐਸ਼ ਕਰੂ"। 
ਤਾਏ ਨੇ ਇੱਕ ਹੋਰ ਜਹਿਰੀ ਤੀਰ ਮਾਰਿਆ, ਉਹ ਚਿੱਟੀ ਦਾਹੜੀ ਹੀ ਕਾਹਦੀ ਹੋਈ ਜਿਦੇ ਜਾਲ ਵਿੱਚ ਕੋਈ ਫਸੇ ਨਾ, … ।
"ਤਾਇਆ ਦੇਖਣ ਵਿੱਚ ਕੀ ਹਰਜ ਆ, ਦੱਸ ਕਦੋ ਆਈਏ ?" 
ਤਰਸੇਮ ਸਮਝਦਾ ਸੀ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਈ ਜਾਵੇ, ਤਾਏ ਦੇ ਦਿਲ ਦੀ ਹੋਗੀ, ਧਮਾਲਾ ਪਾਉਣ ਨੂੰ ਕਰਦਾ ਸੀ ਤਾਏ ਦਾ ਜੀ, ਜਵਾਨੀ ਮੁੜ ਆਉਦੀ ਦਿਸਦੀ ਸੀ, ਤੀਲੀ ਬਾਲ ਕੇ ਤਾਇਆ ਸ਼ਹਿਰ ਨੂੰ ਤੁਰ ਗਿਆ, ਸ਼ਮਸ਼ੇਰ ਨਾਲ ਇੰਤਜਾਮ ਕਰਨਾ ਸੀ, ਦੂਜੇ ਦਿਨ ਸਵੇਰ ਨੂੰ ਤਰਸੇਮ ਤੇ ਬਲਵੀਰ ਸੁੰਗੜੇ ਜਿਹੇ ਡੀਲਕਸ ਦੇ ਸਾਹਮਣੇ ਖੜੇ ਸੀ, ਅੰਦਰ ਬੈਠਾ ਤਾਇਆ ਪਹਿਲਾ ਹੀ ਉਡੀਕ ਰਿਹਾ ਸੀ, ਉਹ ਬਹਾਰ ਆ ਗਿਆ … ।
"ਆਜੋ ਭਤੀਜ ਬਾਹਰ ਕਾਹਨੂੰ ਖੜੇ ਓ ?" 
ਤੇ ਤਾਇਆ ਹੱਥ ਫੜ ਕੇ ਅੰਦਰ ਲੈ ਗਿਆ, ਤਰਸੇਮ ਤੇ ਬਲਵੀਰ ਢਾਬੇ ਵਿੱਚ ਤਾ ਕਈ ਵਾਰ ਬੈਠ ਚੁੱਕੇ ਸਨ ਪਰ ਰੈਸਟੋਰੈਟ ਵਿੱਚ ਕਦੀ ਮੌਕਾ ਨਹੀ ਸੀ ਮਿਲਿਆ, ਮਹਿੰਗਾ ਜੋ ਸੀ … 
"ਤਾਇਆ ਏਥੇ ਤਾ ਨੇਰਾ ਈ ਬਹੁਤ ਆ, ਬਿਜਲੀ ਹੈ ਨੀ ?"
ਤਰਸੇਮ ਅੰਦਰ ਥੋੜੀ ਲਾਈਟ ਦੇਖ ਕੇ ਬੋਲਿਆ।
"ਓਏ ਕਾਕਾ ਇਹ ਕਰਮੇ ਦਾ ਢਾਬਾ ਨਹੀ, ਏਥੇ ਏਦਾ ਈ ਹੁੰਦਾ ਆ, ਆਜੋ ਪਹਿਲਾ ਖਾਓ ਕੁੱਝ"। ਤਾਏ ਨੇ ਵੇਟਰ ਨੂੰ ਇਸ਼ਾਰਾ ਕੀਤਾ, ਉਹ ਪਹਿਲਾ ਹੀ ਸਿਖਾਏ ਹੋਏ ਸਨ, ਤੰਦੂਰੀ ਮੁਰਗਾ, ਚਿੱਲੀ ਚਿਕਨ ਤੇ ਸ਼ਾਹੀ ਪਨੀਰ, ਨਾਲ ਸਲਾਦ ਤੇ ਅੰਗਰੇਜੀ ਵਿਸਕੀ, ਤਰਸੇਮ ਤੇ ਬਲਵੀਰ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ ਸਨ, ਤਾਇਆ ਏਨਾ ਦਰਿਆ ਦਿਲ ਆ ਉਹਨਾ ਨੂੰ ਪਤਾ ਈ ਨਹੀ ਸੀ, ਐਵੇ ਤਾਏ ਦੇ ਵਿਰੋਧੀ ਬਣੇ ਰਹੇ।
"ਦੇਖੀ ਕੀ ਜਾਨੇ ਓ, ਤਾਇਆ ਦਿਲ ਦਾ ਬੁਰਾ ਨੀ, ਚੱਕ ਦਿਓ ਮੁਰਗਾ ਮੇਰੇ ਸ਼ੇਰੋ"। 
ਤਾਏ ਨੇ ਥਾਪੀ ਦਿੱਤੀ ਤੇ ਨਾਲ ਹੀ ਪੈਗ ਬਣਾ ਕੇ ਪਾ ਦਿੱਤੇ, ਹੁਣ ਤਰਸੇਮ ਨੇ ਸੰਗ ਨਹੀ ਕੀਤੀ, ਹੋ ਗਿਆ ਸ਼ੁਰੂ, ਅੰਗਰੇਜੀ ਸ਼ਰਾਬ ਦੇਖ ਕੇ ਉਹਦੇ ਮੂੰਹ ਵਿੱਚ ਪਾਣੀ ਆ ਗਿਆ ਸੀ, ਦੇਬੀ ਦੇ ਪ੍ਰਭਾਵ ਕਰ ਕੇ ਉਹ ਛੱਡ ਗਿਆ ਸੀ ਪਰ ਹੁਣ ਅਪਣੇ ਆਪ ਤੇ ਕੰਟਰੋਲ ਨਾ ਕਰ ਸਕਿਆ, ਬਲਵੀਰ ਵੀ ਮਗਰੇ ਪੈੜ ਦੱਬੀ ਆ ਰਿਹਾ ਸੀ।
ਦੋਵਾਂ ਨੇ ਚੰਗੀ ਲੇੜ ਪਾਈ, ਪਹਿਲੀ ਵਾਰ ਰੈਸਟੋਰੈਟ ਵਿੱਚ ਬੈਠੇ ਸਨ, ਤੰਦੂਰੀ ਮੁਰਗੇ ਆਈ ਗਏ ਤੇ ਉਹ ਖਾਈ ਗਏ, ਪੈਗ ਵੀ ਚੰਗੇ ਪੀ ਲਏ ਸਨ, ਢੇਡ ਕੁ ਘੰਟੇ ਵਿੱਚ ਉਨਾ ਦੇ ਪੈਰ ਹੁਣ ਧਰਤੀ ਤੇ ਨਹੀ ਸੀ ਟਿਕਦੇ … ।।
"ਤਾਇਆ, ਖੁਸ਼ ਕੀਤਾ ਈ, ਅੱਜ ਤੋ ਆਪਣੀ ਆੜੀ ਪੱਕੀ"। 
ਤਰਸੇਮ ਨੇ ਤਾਏ ਵੱਲ ਹੱਥ ਵਧਾਇਆ।
"ਹਾਲੇ ਤਾ ਸ਼ੁਰੂ ਈ ਹੋਏ ਆ, ਹਾਲੇ ਤਾ ਅੱਗੇ ਅੱਗੇ ਦੇਖੀ ਜਾ ਹੁੰਦਾ ਕੀ ਆ"। 
ਤਾਏ ਨੇ ਮੁੱਛ ਤੇ ਹੱਥ ਫੇਰਿਆ।

ਤਾਇਆ ਹੁਣ ਦੋਵਾ ਨੂੰ ਸਹਾਰਾ ਜਿਹਾ ਦੇ ਕੇ ਰੈਸਟੋਰੈਟ ਦੀ ਉਪਰਲੀ ਮੰਜਿਲ ਤੇ ਲੈ ਗਿਆ, ਇਥੇ ਸ਼ਮਸ਼ੇਰ ਨਾਲ ਦੋ ਮੁਟਿਆਰਾ ਕੁੜੀਆ ਬੈਠੀਆ ਸਨ, ਤਰਸੇਮ ਤੇ ਬਲਵੀਰ ਅੰਦਰ ਆ ਗਏ … ।
"ਲੈ ਬਈ ਮੁੰਡਿਓ, ਅਸੀ ਚੱਲੇ ਆ ਤੇ ਹੁਣ ਤੁਸੀ ਕੁੜੀਆ ਨੂੰ ਦੇਬੀ ਤੇ ਦਲੀਪ ਬਾਰੇ ਜੋ ਮਰਜੀ ਪੁੱਛ ਲਿਓ"। 
ਤਾਏ ਨੇ ਸ਼ਮਸ਼ੇਰ ਨੂੰ ਅੱਖ ਮਾਰੀ ਤੇ ਉਹ ਦੌਵੇ ਬਾਹਰ ਨਿਕਲ ਗਏ, ਬਲਵੀਰ ਤੇ ਤਰਸੇਮ ਨੇ ਭਾਵੇ ਪੀਤੀ ਹੋਈ ਸੀ ਪਰ ਹੋਸ਼ ਨਹੀ ਸੀ ਗਵਾਈ, ਕੁੜੀਆ ਨਾਲ ਕੱਲੇ ਕਮਰੇ ਵਿੱਚ ਖੜੇ ਸਨ ਤੇ ਥੋੜੀ ਜਿਹੀ ਇਸੇ ਗੱਲ ਨਾਲ ਲਹਿ ਗਈ ਸੀ, ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ … 
"ਆਓ ਜੀ, ਬੈਠੋ ਤਾ ਸਹੀ, ਅੱਜ ਦੇਬੀ ਤੇ ਦਲੀਪ ਨਹੀ ਆਏ ?" 
ਇੱਕ ਕੁੜੀ ਨੇ ਬੜੀ ਅਦਾ ਨਾਲ ਕਿਹਾ ਤੇ ਨਾਲ ਹੀ ਬਲਵੀਰ ਦਾ ਹੱਥ ਫੜ ਲਿਆ, ਬਲਵੀਰ ਕੰਬ ਗਿਆ, ਕੁੜੀਆ ਦੇ ਸੁਪਨੇ ਤਾ ਲੈਦਾ ਰਹਿੰਦਾ ਸੀ ਪਰ ਹੁਣ ਸਾਹਮਣੇ ਦੇਖ ਕੇ ਉਹਦੀ ਸੋਚਣ ਸ਼ਕਤੀ ਜਵਾਬ ਦੇ ਗਈ ਸੀ।
"ਦੇਬੀ ਤੇ ਦਲੀਪ ? ਉਹ ਏਥੇ ਆਉਦੇ ਹੁੰਦੇ ?" 
ਤਰਸੇਮ ਦੇ ਹੱਥ ਕੰਬ ਗਏ।
"ਹਰ ਹਫਤੇ ਆਉਦੇ ਆ, ਕਦੇ ਕੱਠੇ ਤੇ ਕਦੇ ਕੱਲੇ ਕੱਲੇ, ਉਨਾ ਦਾ ਕਰਕੇ ਤਾ ਅਸੀ ਆਉਦੀਆ, ਪਰ ਕੁੱਝ ਹਫਤੇ ਪਹਿਲਾ ਉਨਾ ਕਿਸੇ ਹੋਰ ਨਾਲ ਯਾਰੀ ਲਾ ਲਈ ਤੇ ਅਸੀ ਸੋਚਿਆ ਬਈ ਸਾਨੂੰ ਕਿਹੜਾ ਮੁੰਡਿਆ ਦੀ ਘਾਟ ਆ, ਅਸੀ ਤੁਹਾਡੇ ਨਾਲ ਯਾਰੀ ਲਾ ਲੈਨੀਆ"। 
ਪੰਜਾਬੀ ਕੁੜੀ ਜੋ ਹੁਣ ਕਿਸੇ ਦੀ ਧੀ ਨਹੀ ਸੀ ਰਹਿ ਗਈ ਤੇ ਬਦਮਾਸ਼ ਗਰੁੱਪ ਦੇ ਹੱਥਾ ਵਿੱਚ ਆਈ ਉਨਾ ਦੀ ਬੋਲੀ ਬੋਲ ਰਹੀ ਸੀ, ਤਰਸੇਮ ਭੱਜਣ ਨੂੰ ਫਿਰਦਾ ਸੀ, ਕੁੜੀ ਨੇ ਭਾਪ ਲਿਆ ਕਿ ਇਹ ਨਰਵਸ ਆ, ਬੱਸ ਸ਼ਿਕਾਰ ਹੱਥੋ ਨਾ ਨਿਕਲ ਜਾਵੇ ਤੇ ਕੁੜੀ ਨੇ ਆ ਕੇ ਤਰਸੇਮ ਨੂੰ ਜੱਫੀ ਪਾ ਲਈ ਤੇ ਬੈਡ ਵੱਲ ਖਿੱਚ ਲਿਆ, ਦੂਜੀ ਕੁੜੀ ਬਲਵੀਰ ਨੂੰ ਲੈ ਕੇ ਅਟੈਚਡ ਕਮਰੇ ਵੱਲ ਚਲੀ ਗਈ ਤੇ ਅੰਦਰੋ ਬੂਹਾ ਬੰਦ, ਹੁਣ ਉਹ ਖੇਲ ਸ਼ੁਰੂ ਸੀ ਜਿਸ ਨੂੰ ਖੇਲਣ ਤੋ ਚਿੱਟੀ ਦਾੜੀ ਵਾਲੇ ਬਯੁਰਗ ਰੋਕਦੇ ਹਨ, ਤਰਸੇਮ ਤੇ ਬਲਵੀਰ ਦੀ ਲਗਦਾ ਲਾਟਰੀ ਨਿਕਲੀ ਸੀ ਪਰ ਵਿਚਾਰੇ ਨਹੀ ਸੀ ਜਾਣਦੇ ਕਿ ਅਲਮਾਰੀਆ ਵਿੱਚ ਫਿੱਟ ਕੀਤੇ ਦੋ ਵੀਡੀਓ ਕੈਮਰੇ ਉਨਾ ਦੀ ਪਰੇਮ ਲੀਲਾ ਕੈਚ ਕਰੀ ਜਾ ਰਹੇ ਆ।
ਸਬੂਤ ਹਾਸਲ ਹੋਣ ਤੋ ਦਸ ਕੁ ਮਿੰਟ ਬਾਅਦ ਹੀ ਕੁੜੀਆ ਨੇ ਰੰਗ ਬਦਲ ਲਿਆ ਤੇ ਉਨਾ ਨੂੰ ਬਹਾਰ ਭਜਾ ਦਿੱਤਾ, ਉਹ ਦੋਵੇ ਹਾਲੇ ਹੋਰ ਰੰਗਰਲੀਆ ਮਨਾਉਣਾ ਚਾਹੁੰਦੇ ਸੀ ਪਰ ਇੱਕ ਕੁੜੀ ਨੇ ਥੱਪੜ ਦਿਖਾਉਦੇ ਕਿਹਾ … 
"ਬੰਦੇ ਦੇ ਪੁੱਤ ਬਣ ਕੇ ਦੌੜ ਜਾਓ ਨਹੀ ਤਾ ਥਾਣੇ ਭੇਜ ਕੇ ਕੁਟਵਾਊ"। 
ਹੁਣ ਉਨਾ ਨੂੰ ਲਗਦਾ ਸੀ ਬਈ ਕਿਸੇ ਔਹਰੇ ਚੱਕਰ ਵਿੱਚ ਫਸੇ ਆ, ਤਾਇਆ ਕਦੋ ਦਾ ਉਥੋ ਕਿਧਰੇ ਨਿਕਲ ਗਿਆ ਸੀ, ਉਹ ਵੀ ਝੂਠੇ ਜਿਹੇ ਹੋਏ ਪਿੰਡ ਆ ਪਹੁੰਚੇ, ਪਿੰਡ ਆ ਕੇ ਉਨਾ ਦੇਖਿਆ ਤਾਇਆ ਕਿਤੇ ਨਹੀ ਸੀ ਲੱਭ ਰਿਹਾ … ।
"ਇਹ ਕਿੱਥੇ ਗਾਇਬ ਹੋ ਗਿਆ ਤਰਸੇਮ ?" 
ਬਲਵੀਰ ਨੇ ਪੁੱਛਿਆ।
"ਮੇਰੇ ਕੇਹੜਾ ਉਹ ਕੰਨ ਚ ਫੂਕ ਮਾਰ ਗਿਆ, ਮੈਨੂੰ ਕੀ ਪਤਾ"। 
ਤਰਸੇਮ ਬਲਵੀਰ ਤੇ ਖਿਝ ਗਿਆ।
"ਔਖਾ ਕਾਹਤੋ ਹੁੰਨਾ ਯਾਰ, ਤੂੰ ਹੀ ਕਹਿੰਦਾ ਸੀ ਬਈ ਤਾਏ ਦੀ ਮੰਨ ਕੇ ਦੇਖ ਲੈਦੇ ਆ, ਹੁਣ ਦੇਖ ਨਜਾਰੇ"। 
ਬਲਵੀਰ ਨੂੰ ਲਗਦਾ ਸੀ ਬਈ ਤਾਇਆ ਜਿਵੇ ਉਨਾ ਨੂੰ ਫਸਾ ਰਿਹਾ ਹੋਵੇ।
ਤਰਸੇਮ ਪਛਤਾ ਰਿਹਾ ਸੀ, ਪਰ ਇਹ ਕੁੜੀਆ ਦੇਬੀ ਤੇ ਦਲੀਪ ਬਾਰੇ ਜੋ ਕਹਿ ਰਹੀਆ ਸਨ ਇਥੇ ਤਾ ਤਾਏ ਦੀ ਗੱਲ ਸੱਚੀ ਨਿਕਲੀ, ਇਹ ਦੇਬੀ ਬਹੁਤਾ ਸਾਧ ਬਣਦਾ ਅਸਲ ਵਿੱਚ ਸਾਧ ਦੇ ਭੇਸ ਵਿੱਚ ਸਾਨ ਆ, ਪਰ ਹੁਣ ਤਾਏ ਨੂੰ ਮਿਲੇ ਬਿਨਾ ਗੱਡੀ ਅੱਗੇ ਨਹੀ ਸੀ ਤੁਰਦੀ, ਤਾਇਆ ਲੱਭਿਆ ਨਹੀ ਸੀ ਲੱਭਦਾ।
ਦੋ ਦਿਨ ਬੀਤ ਗਏ ਤਾਇਆ ਨਜਰ ਨਹੀ ਆਇਆ, ਇਨਾ ਦੋਵਾ ਦਾ ਕੰਮ ਵਿੱਚ ਮਨ ਨਹੀ ਸੀ ਲੱਗ ਰਿਹਾ, ਪਰ ਤਾਇਆ ਕਿਸੇ ਬਹੁਤ ਜਰੂਰੀ ਕੰਮ ਗਿਆ ਸੀ, ਏਨਾ ਦੋਵਾ ਦੀ ਅਸ਼ਲੀਲ ਫਿਲਮ ਸ਼ਮਸ਼ੇਰ ਦੀ ਸਕੀਮ ਸੀ ਪਰ ਤਾਏ ਦੀ ਦਾੜੀ ਸ਼ਮਸ਼ੇਰ ਨਾਲੋ ਜਿਆਦਾ ਚਿੱਟੀ ਸੀ ਤੇ ਇਸ ਹਿਸਾਬ ਤਜਰਬਾ ਵੀ ਜਿਆਦਾ ਸੀ, ਇਹ ਤਾਏ ਦੀ ਆਖਰੀ ਜੰਗ ਸੀ, ਜਾ ਤਾ ਦੇਬੀ ਖਤਮ ਸੀ ਤੇ ਜਾ ਤਾਏ ਨੂੰ ਆਤਮਹੱਤਿਆ ਕਰਨੀ ਪੈਣੀ ਸੀ, ਪਿੰਡ ਵਾਲਿਆ ਨੇ ਉਸ ਨੂੰ ਹੁਣ ਦੇਬੀ ਦੇ ਕਹੇ ਤੇ ਵੀ ਨਹੀ ਸੀ ਬਖਸ਼ਣਾ ਤੇ ਤਾਇਆ ਇਸ ਗੱਲ ਨੂੰ ਜਾਣਦਾ ਸੀ, ਸੋ ਇਸ ਲਈ ਉਸ ਨੇ ਅਪਣੇ ਦਿਮਾਗ ਦੀ ਚੱਕਰੀ ਬਹੁਤ ਘੁਮਾਈ, ਇਨੀ ਘੁਮਾਈ ਕਿ ਇੱਕ ਆਲੀਸ਼ਾਨ ਆਈਡੀਆ ਉਸਦੇ ਦਿਮਾਗ ਵਿੱਚ ਆ ਗਿਆ, ਉਹ ਬਹੁਤ ਹੱਸਿਆ, ਹੁਣ ਜਿੱਤ ਉਸਦੇ ਕਦਮਾ ਵਿੱਚ ਪੱਕੀ ਸੀ, ਸ਼ੈਤਾਨ ਦੀ ਮਦਦ ਲਗਦਾ ਕਈ ਵਾਰ ਰੱਬ ਆਪ ਕਰਦਾ, ਦੇਬੀ ਦੇ ਤਾਏ ਦੇ ਸਹੁਰੇ ਜਲੰਧਰ ਦੇ ਨੇੜੇ ਇੱਕ ਪਿੰਡ ਟਿੱਬੀ ਵਿੱਚ ਸਨ, ਤਾਏ ਨੇ ਤਕਰੀਬਨ ਸਹੁਰਿਆ ਦਾ ਸਾਰਾ ਪਰਵਾਰ ਕਨੇਡਾ ਸੱਦ ਲਿਆ ਸੀ ਤੇ ਪਿੱਛੇ ਉਹਦਾ ਇੱਕ ਸਾਲਾ ਗੁਰਬਚਨ ਸਿੰਘ ਰਹਿ ਗਿਆ ਸੀ ਜੋ ਖੇਤੀ ਤੇ ਘਰ ਦੀ ਸੰਭਾਲ ਕਰਦਾ ਸੀ, ਗੁਰਬਚਨ ਸਿੰਘ ਬਹੁਤ ਮੇਹਨਤੀ ਪਰ ਸਿਰੇ ਦਾ ਲਾਲਚੀ ਬੰਦਾ ਸੀ, ਉਸਨੇ ਅਪਣੀ ਮਿਹਨਤ ਤੇ ਕੰਜੂਸੀ ਸਦਕਾ ਜਮੀਨ ਦੋ ਗੁਣਾ ਕਰ ਲਈ ਸੀ ਤੇ ਜਿੱਥੇ ਕੋਈ ਮਜਬੂਰੀ ਦਾ ਮਾਰਿਆ ਥੋੜੀ ਬਹੁਤ ਜਮੀਨ ਵੇਚਦਾ ਗੁਰਬਚਨ ਸਿੰਘ ਉਥੇ ਪਹੁੰਚ ਜਾਦਾ ਤੇ ਕੌਡੀਆ ਦੇ ਭਾਅ ਜਮੀਨ ਖਰੀਦ ਲੈਦਾ, ਉਸ ਨੇ ਕਈ ਵਾਰ ਦੇਬੀ ਦੇ ਤਾਏ ਕੋਲੋ ਰਜਿਸਟਰੀ ਲਈ ਪੈਸੇ ਮੰਗਵਾਏ ਸਨ ਤੇ ਸਦਾ ਵਾਪਿਸ ਕਰਦਾ ਰਹਿੰਦਾ ਸੀ, ਅਸਲ ਵਿੱਚ ਉਸਦਾ ਮਨਸੂਬਾ ਇਹ ਸੀ ਕਿ ਇਤਬਾਰ ਬਣਾ ਕੇ ਭਣਵਈਏ ਨੂੰ ਤਕੜਾ ਚੂਨਾ ਲਾਉਗਾ, ਫੇਰ ਭਣਵਈਆ ਗੁੱਸੇ ਹੋ ਜਾਦਾ ਏ ਤਾ ਹੋ ਜਾਵੇ ਅੱਗੇ ਕਿਹੜਾ ਉਹ ਪੰਜਾਬ ਮੁੜ ਕੇ ਆਇਆ, ਹੁਣ ਉਹ ਕਿਸੇ ਵੱਢੇ ਟੱਕ ਦੀ ਭਾਲ ਵਿੱਚ ਸੀ, ਤੇ ਜਿਵੇ ਕਹਿੰਦੇ ਆ, ਕਮੀਨੇ ਨੂੰ ਕਮੀਨਾ ਮਿਲ ਈ ਜਾਦਾ ਆ, ਗੁਰਬਚਨ ਸਿੰਘ ਤਾਏ ਦਾ ਪੁਰਾਣਾ ਵਾਕਿਫ ਸੀ ਤੇ ਇਸ ਤਰਾ ਤਾਇਆ ਉਹਦੀ ਨਸ ਨਸ ਤੋ ਵਾਕਿਫ ਸੀ, ਤੇ ਤਾਇਆ ਆ ਪਹੁੰਚਾ ਗੁਰਬਚਨ ਸਿੰਘ ਦੇ ਘਰ … ।
"ਓਏ ਆਹ ਕੀ ਚੰਨ ਚੜ ਆਇਆ ਅੱਜ, ਨੰਬਰਦਾਰ ਜੀ ਤੁਸੀ ਸਾਡੇ ਗਰੀਬਖਾਨੇ ?" 
ਗੁਰਬਚਨ ਸਿੰਘ ਨੰਬਰਦਾਰ ਨੂੰ ਆਇਆ ਦੇਖ ਬਹੁਤ ਖੁਸ਼ ਹੋਇਆ।
"ਗੁਰਬਚਨ ਸਿੰਘ ਜੀ ਪਿਆਸਾ ਖੂਹ ਕੋਲ ਪਹੁੰਚ ਈ ਜਾਦਾ"। 
ਤਾਏ ਨੇ ਬੁਝਾਰਤ ਪਾਈ।
"ਆਓ ਬੈਠੋ ਤੇ ਲਾਉਨੇ ਆ ਗੱਪ ਸ਼ੱਪ, ਪੁੱਤ ਫਟਾ ਫਟ ਚਾਹ ਬਣਾ ਕੇ ਬੈਠਕ ਵਿੱਚ ਭੇਜ ਦੇ, ਮੇਰਾ ਪੁਰਾਣਾ ਆੜੀ ਆਇਆ"। ਤੇ ਗੁਰਬਚਨ ਸਿੰਘ ਉਸਨੂੰ ਲੈ ਕੇ ਬੈਠਕ ਵਿੱਚ ਆ ਗਿਆ।
"ਹੁਣ ਦੱਸ ਬਾਈ, ਕਿਵੇ ਯਾਦ ਆਈ ਭਰਾ ਦੀ ?" 

ਗੁਰਬਚਨ ਸਿੰਘ ਨੇ ਪੁੱਛਿਆ।
"ਇਕ ਖੁੱਭੀ ਕੱਢਣੀ ਆਹ ਮਿੱਤਰਾ ਤੇ ਉਹ ਗੁਰਬਚਨ ਸਿੰਘ ਤੋ ਬਿਨਾ ਕੋਈ ਨਹੀ ਕੱਢ ਸਕਦਾ"। ਨੰਬਰਦਾਰ ਨੇ ਉਸ ਨੂੰ ਗਰਮ ਕਰਨਾ ਸ਼ੁਰੂ ਕਰ ਦਿੱਤਾ।
"ਏਹੋ ਜਿਹੀ ਕਿਹੜੀ ਆਫਤ ਆ ਪਈ ਬਾਈ ?" 
ਗੁਰਬਚਨ ਸਿੰਘ ਸਾਵਧਾਨ ਹੋ ਗਿਆ।
"ਗੁਰਬਚਨ ਸਿਆ, ਤੀਹ ਕਿੱਲੇ ਦਾ ਟੱਕ, ਅੱਧਾ ਤੇਰਾ ਤੇ ਅੱਧਾ ਮੇਰਾ, ਤੇ ਸਵਾਦ ਦੀ ਗੱਲ ਇਹ ਆ ਕਿ ਰੁਪਈਆ ਇੱਕ ਨੀ ਲੱਗਣਾ"। 
ਤੀਰ ਛੱਡ ਦਿੱਤਾ ਤਾਏ ਨੇ।
"ਤੀਹ ਕਿੱਲੇ ਦਾ ਟੱਕ ਤੇ ਮੁਫਤ ? ਇਹ ਕਿਵੇ ਹੋ ਸਕਦਾ ? ਕੋਈ ਕਤਲ ਸ਼ਤਲ ਕਰਨ ਦੀ ਤਾ ਨਹੀ ਸੋਚੀ ਬੈਠਾ ?" 
ਗੁਰਬਚਨ ਸਿੰਘ ਨੂੰ ਲੱਗਿਆ ਨੰਬਰਦਾਰ ਮਜਾਕ ਕਰਦਾ।
"ਲੈ ਫੇ ਧਿਆਨ ਨਾਲ ਸੁਣ, ਤੇਰੇ ਭਣਵਈਏ ਕਨੇਡਾ ਵਾਲੇ ਦੀ ਤੇ ਉਹਦੇ ਭਰਾ ਦੀ ਜਮੀਨ ਆ ਅਪਣੇ ਪਿੰਡ, ਤੇਰੇ ਭਣਵਈਏ ਨੇ ਤਾ ਕਦੇ ਮੁੜਨਾ ਨਹੀ, ਨਾ ਹੀ ਉਹ ਹੁਣ ਜਮੀਨ ਦਾ ਠੇਕਾ ਵਗੈਰਾ ਲੈਦਾ, ਉਹਦੀ ਭੈਣ ਨਜਾਰੇ ਲੈਣ ਡਹੀ ਆ, ਤੇ ਹੁਣ ਉਹਦਾ ਇੱਕ ਭਤੀਜਾ ਆ ਗਿਆ ਜਰਮਨ ਤੋ ਤੇ ਹੁਣ ਉਹਦੀ ਲਾਟਰੀ ਨਿਕਲ ਆਈ ਆ, ਮੇਰਾ ਹੱਥ ਉਪਰ ਤੱਕ ਪੈਦਾ, ਜੇ ਤੂੰ ਭਣਵਈਏ ਕੋਲੋ ਆਮ ਮੁਖਤਾਰ ਦਾ ਕਾਗਜ ਬਣਵਾ ਲਵੇ ਤਾ ਸਹੁੰ ਗੁਰੂ ਦੀ ਅੱਧੀ ਤੇਰੀ ਅੱਧੀ ਮੇਰੀ"। 
ਨੰਬਰਦਾਰ ਨੇ ਸਕੀਮ ਦੱਸੀ।
"ਭੈਣ ਭਣਵਈਏ ਨਾਲ ਧੌਖਾ ? ਲੱਖ ਦੋ ਲੱਖ ਦਾ ਤਾ ਮੈ ਸੋਚੀ ਬੈਠਾ ਸੀ ਪਰ ਸਾਰੀ ਜਮੀਨ ਦਾ ਮਸਲਾ, ਇਹ ਨੀ ਹੋਣਾ ਨੰਬਰਦਾਰਾ, ਹਾਲੇ ਸਰੂਪ ਸਿੰਘ ਜੀਦਾ ਆ ਤੇ ਗਾਹ ਉਹਦੇ ਮੁੰਡੇ ਬੈਠੇ ਆ"। ਗੁਰਬਚਨ ਸਿੰਘ ਦੇ ਮੂੰਹ ਵਿੱਚ ਪੰਦਰਾ ਕਿੱਲੇ ਫਰੀ ਸੁਣ ਕੇ ਪਾਣੀ ਆ ਗਿਆ ਸੀ, ਇਨੀ ਜਮੀਨ ਲਈ ਤਾ ਉਹ ਲਾਸ਼ ਉਪਰ ਦੀ ਲੰਘ ਜਾਵੇ ਪਰ ਉਸਨੂੰ ਲਗਦਾ ਸੀ ਕਿ ਮਾਮਲਾ ਔਖਾ ਆ।
"ਤੇਰਾ ਕੰਮ ਆ, ਆਮ ਮੁਖਤਾਰ ਦਾ ਕਾਗਜ ਲੈਣਾ ਤੇ ਬਾਕੀ ਮੇਰਾ ਕੰਮ, ਤੇ ਹਾਲੇ ਹੋਰ ਸੁਣ, ਉਸ ਜਮੀਨ ਚ ਇੱਕ ਜਬਰਦਸਤ ਪੋਲਟਰੀ ਫਾਰਮ ਚੱਲਣ ਡਿਹਾ ਜਿਸਦੀ ਕੀਮਤ ਅੱਜ ਵੀਹ ਲੱਖ ਤੋ ਘੱਟ ਨਹੀ ਹੋਣੀ, ਇਹ ਵੀ ਫੇਰ ਅਪਣਾ ਈ ਆ"। 
ਨੰਬਰਦਾਰ ਨੇ ਹੋਰ ਚੋਗਾ ਪਾਇਆ।
"ਆਮ ਮੁਖਤਾਰ ਤਾ ਮੈ ਲੈ ਲਊ, ਮੇਰਾ ਬਥੇਰਾ ਇਤਬਾਰ ਕਰਦੇ ਆ ਦੋਵੇ ਪਰ ਜੇ ਤੇਰਾ ਕੰਮ ਤੇਰੇ ਕੋਲੋ ਨਾ ਹੋਇਆ ਤਾ ਮੈ ਓਨਾ ਵੱਲੋ ਜਾਦਾ ਲੱਗੂ"। 
ਗੁਰਬਚਨ ਪੱਕਾ ਸ਼ਿਕਾਰੀ ਸੀ ਤੇ ਚਾਰੇ ਪਾਸੇ ਦਾ ਧਿਆਨ ਰੱਖਦਾ ਸੀ।
"ਮੈਨੂੰ ਜਿੱਥੋ ਥਾਪੜਾ ਮਿਲਿਆ ਹੋਇਆ ਆ ਗੁਰਬਚਨ ਸਿਆ ਉਹਦੀ ਬੱਧੀ ਪਰਧਾਨ ਮੰਤਰੀ ਤੋ ਉਰੇ ਨੀ ਛੁੱਟਣੀ, ਤੇਰੀਆ ਕਿੱਥੇ ਭਾਉਦੀਆ ? ਤੂੰ ਪੰਦਰਾ ਕਿੱਲੇ ਨਹੀ ਵਾਹੁਣੇ ਤਾ ਤੇਰੀ ਮਰਜੀ"। ਕਹਿ ਕੇ ਨੰਬਰਦਾਰ ਬੇਪਰਵਾਹ ਜਿਹਾ ਹੋ ਗਿਆ ਜਿਵੇ ਉਹਦੇ ਲਈ ਕੋਈ ਖਾਸ ਗੱਲ ਨਾ ਹੋਵੇ।
"ਓਹ ਭਾਊ ਗੁੱਸਾ ਕਿਓ ਕਰਦਾ, ਜੇ ਤੂੰ ਹਿੱਕ ਥਾਪੜਦਾ ਆ ਤਾ ਮੇਰਾ ਕੀ ਲਗਦਾ, ਮੈ ਹੁਣੇ ਹੀ ਫੋਨ ਮਿਲਾਉਦਾ ਆ ਭੈਣ ਨੂੰ ਪਰ ਬਹਾਨਾ ਕੀ ਬਣਾਵਾ ?" 

ਗੁਰਬਚਨ ਨੇ ਕਿਹਾ।
"ਬੜੀ ਸੌਖੀ ਗੱਲ ਆ, ਤੂੰ ਕਹਿ ਕਿ ਸਾਰੀ ਜਮੀਨ ਤੁਹਾਡਾ ਭਤੀਜਾ ਹੜੱਪਣ ਨੂੰ ਫਿਰਦਾ, ਤੁਸੀ ਅਪਣੇ ਹਿੱਸੇ ਦੀ ਬਚਾਉਣੀ ਆ ਤਾ ਮੈਨੂੰ ਮੁਖਤਾਰ ਨਾਮਾ ਭੇਜ ਦਿਓ"।
ਨੰਬਰਦਾਰ ਨੇ ਕਿਹਾ।
"ਪਰ ਮੁਖਤਾਰ ਨਾਮਾ ਉਨਾ ਅਪਣੀ ਭੈਣ ਨੂੰ ਪਹਿਲਾ ਹੀ ਭੇਜ ਰੱਖਿਆ ਤੇ ਨਾਲੇ ਜੇ ਉਹਨਾ ਕਿਹਾ ਕਿ ਅਸੀ ਭਤੀਜੇ ਨੂੰ ਪੁੱਛ ਲੈਦੇ ਆ ਤਾ ਫੇਰ ਗੱਲ ਖੁੱਲਜੂ" ਗੁਰਬਚਨ ਨੇ ਅਗਲੀ ਮੁਸ਼ਕਿਲ ਦੱਸੀ।
"ਜਾਹ ਓਏ ਯਾਰ, ਤੂੰ ਗੱਲ ਈ ਏਦਾ ਕਰੀ ਬਈ ਉਹ ਭਤੀਜੇ ਨੂੰ ਪੁੱਛਣ ਦਾ ਨਾ ਈ ਨਾ ਲੈਣ, ਕਹੀ ਬਈ ਕੁਦਰਤੀ ਪਟਵਾਰੀ ਮੇਰਾ ਯਾਰ ਨਿਕਲਿਆ ਜਿਹਨੂੰ ਇਹ ਕੰਮ ਕਰਨ ਲਈ ਦੇਬੀ ਨੇ ਰਿਸ਼ਵਤ ਦਿੱਤੀ ਆ ਤੇ ਉਹਨੇ ਮੈਨੂੰ ਇਸ ਲਈ ਦੱਸਿਆ ਬਈ ਸਾਡੀ ਇੱਕ ਗੱਲ ਆ, ਜੇ ਹਫਤੇ ਚ ਮੁਖਤਾਰ ਨਾਮਾ ਨਾ ਆਇਆ ਤਾ ਜਮੀਨ ਨੂੰ ਭੁੱਲ ਜਾਇਓ"। 
ਨੰਬਰਦਾਰ ਨੇ ਤਰੀਕਾ ਦੱਸਿਆ।
"ਗੱਲ ਤਾ ਤੇਰੀ ਠੀਕ ਆ, ਤੂੰ ਏਦਾ ਕਰ ਚਾਹ ਪੀ ਕੇ ਆਪਾ ਫੋਨ ਕਰਦੇ ਆ ਐਸ ਟੀ ਡੀ ਤੋ, ਪਰ ਲਗਦਾ ਉਹ ਹਾਲੇ ਸੁੱਤੇ ਹੋਣੇ ਆ"। 
ਗੁਰਬਚਨ ਸਿੰਘ ਨੇ ਹਿਸਾਬ ਲਾ ਕੇ ਦੱਸਿਆ।
"ਇਹ ਤਾਂ ਹੋਰ ਵੀ ਵਧੀਆ, ਤੂੰ ਕਹੀ ਸੁੱਤਿਆ ਨੂੰ ਉਠਾਲਿਆ ਈ ਤਦ ਆ ਬਈ ਮਾਮਲਾ ਬਹੁਤ ਗੜਬੜ ਹੋ ਚੁੱਕਾ"। 
ਨੰਬਰਦਾਰ ਖੁਸ਼ਖਬਰੀ ਸੁਣ ਕੇ ਹੀ ਜਾਣਾ ਚਾਹੁੰਦਾ ਸੀ, ਚਾਹ ਪੀ ਕੇ ਉਹ ਐਸ ਟੀ ਡੀ ਨੂੰ ਤੁਰ ਗਏ, ਗੁਰਬਚਨ ਸਿੰਘ ਨੇ ਪਹਿਲਾ ਭੈਣ ਨਾਲ ਗੱਲ ਕੀਤੀ, ਦੇਬੀ ਦੇ ਖਿਲਾਫ ਚੰਗੀ ਅੱਗ ਉਗਲੀ, ਉਹ ਦੇਬੀ ਜਿਸ ਨੂੰ ਉਹਨੇ ਅੱਜ ਤੱਕ ਦੇਖਿਆ ਵੀ ਨਹੀ ਸੀ, ਭੈਣ ਨੇ ਤਾ ਭਰਾ ਦਾ ਯਕੀਨ ਮਿੰਟ ਵਿੱਚ ਕਰ ਲਿਆ, ਕਰਦੀ ਵੀ ਕਿਵੇ ਨਾ, ਕਦੇ ਗੁਰਬਚਨ ਸਿੰਘ ਨੇ ਸ਼ਿਕਾਇਤ ਦਾ ਮੌਕਾ ਹੀ ਨਹੀ ਸੀ ਦਿੱਤਾ, ਫੇਰ ਉਸਨੇ ਫੋਨ ਘਰਵਾਲੇ ਨੂੰ ਫੜਾ ਦਿੱਤਾ, ਦੇਬੀ ਦਾ ਤਾਇਆ ਸੁਣ ਕੇ ਹੈਰਾਨ ਹੋ ਗਿਆ … 
"ਕਮਾਲ ਹੋ ਗਈ, ਜੇ ਮੈ ਪਿੰਡ ਨੀ ਮੁੜਿਆ ਤਾ ਏਹਦਾ ਮਤਲਬ ਇਹ ਨਹੀ ਬਈ ਮੇਰਾ ਕੋਈ ਨਿਸ਼ਾਨ ਈ ਨਾ ਰਹਿ ਜਾਏ ਪਿੰਡ ਵਿੱਚ, ਭਾਵੇ ਅਸੀ ਜਮੀਨ ਆ ਕੇ ਵਾਹੁਣੀ ਨਹੀ ਪਰ ਮਾਲਕ ਆ ਇਸ ਜਮੀਨ ਦੇ, ਹੁਣ ਤੱਕ ਭੈਣ ਰਹੀ ਆ ਤੇ ਕਦੇ ਕੋਈ ਗੱਲ ਨੀ ਹੋਈ, ਮੈ ਉਹਨੂੰ ਪੁੱਛਦਾ ਫੋਨ ਕਰਕੇ, ਅਸੀ ਉਸਨੂੰ ਆਮ ਮੁਖਤਿਆਰ ਬਣਾਇਆ ਹੋਇਆ"।
ਦੇਬੀ ਦੇ ਤਾਏ ਨੇ ਕਿਹਾ।
"ਮੈ ਕਿਹਾ ਭਾਈਆ ਜੀ, ਤੁਹਾਡੀਆ ਕਿੱਥੇ ਭਾਉਦੀਆ, ਜਮੀਨ ਜਾਇਦਾਦ ਦੇ ਮਾਮਲੇ ਵਿੱਚ ਭੈਣਾ ਭਰਾ ਨੀ ਦੇਖਦੀਆ, ਨਾਲੇ ਤੁਸੀ ਤਾ ਮੁੜੇ ਨੀ ਕਦੇ, ਉਹ ਆ ਗਿਆ ਤੇ ਕਹਿੰਦਾ ਭੂਆ ਤੇਰੇ ਕੋਲ ਈ ਰਹਿਣਾ, ਏਥੇ ਹੀ ਵਿਆਹ ਕਰਾਉਣਾ ਤੇ ਤੇਰੀ ਸੇਵਾ ਕਰੂੰ, ਤੂੰ ਇੱਕ ਵਾਰੀ ਗੂਠਾ ਲਾ"। 
ਕੋਲੋ ਬਣਾ ਕੇ ਮਿੰਟ ਚ ਗੱਲ ਸੁਣਾ ਤੀ ਗੁਰਬਚਨ ਸਿੰਘ ਨੇ।
"ਅੱਛਾ ? ਕਦੇ ਕਦੇ ਫੋਨ ਤੇ ਉਹਦੇ ਨਾਲ ਗੱਲ ਹੁੰਦੀ ਆ, ਬੜਾ ਸ਼ਰੀਫ ਲਗਦਾ ਗੱਲਬਾਤ ਤੋ ਤੇ ਕੰਮ ਏਦਾ ਦੇ ?"
ਤਾਏ ਦੀ ਹੈਰਾਨੀ ਦੀ ਹੱਦ ਕੋਈ ਨਹੀ ਸੀ।

"ਭਾਈਆ ਜੀ, ਅੱਧੀਓ ਵੱਧ ਜਮੀਨ ਪਿੰਡ ਦੀ ਨਿਆਈ ਵਿੱਚ ਆ, ਹੁਣ ਜਮੀਨਾ ਦੇ ਭਾਅ ਪਹਿਲਾ ਵਾਲੇ ਨਹੀ ਰਹੇ, ਜੇ ਮੇਰੇ ਭਣਵਈਏ ਦੀ ਜਮੀਨ ਸ਼ਰੀਕ ਵਾਹ ਗਏ ਤਾ ਸਾਡਾ ਜੀਣਾ ਕਾਹਦਾ ? ਤੁਸੀ ਮੈਨੂੰ ਨਵਾ ਮੁਖਤਾਰ ਨਾਮਾ ਭੇਜੋ ਫਟਾਫਟ ਕੁਰੀਅਰ ਕਰਕੇ ਫਿਰ ਮੈ ਦੇਖਦਾ ਕਿਵੇ ਹੜੱਪਦੇ ਆ ਤੁਹਾਡੀ ਜਮੀਨ, ਪਟਵਾਰੀ ਮੇਰਾ ਯਾਰ ਆ, ਕੁੱਝ ਦਿਨ ਮੈ ਉਹਨੂੰ ਦਸ ਵੀਹ ਹਜਾਰ ਦੇ ਕੇ ਅਟਕਾ ਲਊ, ਜੇ ਕਾਗਜ ਆ ਗਿਆ ਤਾ ਮੇਰੀ ਗਰੰਟੀ, ਨਹੀ ਤਾ ਫੇ ਸ਼ਰੀਕ ਤਾ ਪੂਰੀ ਤਿਆਰੀ ਚ ਆ, ਉਹਨੇ ਜਮੀਨ ਵੇਚ ਕੇ ਡਾਲਰ ਵਟਾ ਕੇ ਫੇਰ ਬਾਹਰ ਉਡਾਰੀ ਮਾਰ ਜਾਣੀ ਆ ਤੇ ਤੁਹਾਡੀ ਭੈਣ ਕੋਲ ਤਾ ਰਹਿਣ ਲਈ ਕੋਠਾ ਵੀ ਨਹੀ ਰਹਿਣਾ, ਮੈ ਜੋ ਕੁੱਝ ਕਹਿਣਾ ਸੀ ਕਹਿ ਤਾ ਅੱਗੇ ਤੁਹਾਡੀ ਮਰਜੀ, ਚੰਗਾ ਫੇ ਸਾਸਰੀ ਕਾਲ"। ਤੇ ਨਾਲ ਹੀ ਫੋਨ ਰੱਖ ਤਾ ਗੁਰਬਚਨ ਸਿੰਘ ਨੇ ਮੀਟਰ ਤੇ ਵਧਦੇ ਰੁਪਈਏ ਦੇਖ ਕੇ ਉਸਨੂੰ ਹਾਰਟ ਅਟੈਕ ਹੋਣ ਨੂੰ ਕਰਦਾ ਸੀ, ਤਾਏ ਨੇ ਵੀ ਇਹ ਦੇਖ ਲਿਆ ਸੀ ਉਸਨੇ ਜੇਬ ਚੋ ਦੋ ਹਜਾਰ ਦੇ ਨੋਟ ਕੱਢ ਕੇ ਗੁਰਬਚਨ ਸਿੰਘ ਨੂੰ ਦੇ ਕੇ ਕਿਹਾ, ਲੈ ਬਾਕੀ ਜੋ ਬਚਣ ਕਿਤੇ ਫੇਰ ਫੋਨ ਕਰ ਲਈ।
"ਮੰਨ ਗਏ ਬਈ ਗੁਰਬਚਨ ਸਿਆ, ਜਿਵੇ ਤੂੰ ਗੱਲ ਕੀਤੀ ਆ, ਇਸ ਹਿਸਾਬ ਤਾ ਕਾਗਜ ਆਇਆ ਲੈ, ਜਿੱਦਣ ਆ ਗਿਆ ਮੇਰੇ ਵੱਲ ਉਡਦਾ ਆਈ, ਮੈ ਬਾਕੀ ਇੰਤਜਾਮ ਕਰ ਲਵਾ ਜਾ ਕੇ"। 
ਤੇ ਤਾਇਆ ਨੰਬਰਦਾਰ ਸ਼ਾਮ ਤੱਕ ਪਿੰਡ ਨੂੰ ਮੁੜ ਆਇਆ, ਬਲਵੀਰ ਤੇ ਤਰਸੇਮ ਰਾਹ ਵੱਲ ਹੀ ਦੇਖੀ ਜਾਦੇ ਸੀ, ਤਾਏ ਨੂੰ ਸਾਈਕਲ ਤੇ ਚੜਿਆ ਆਉਦੇ ਦੇਖ ਉਹ ਰਾਹ ਚ ਆ ਖੜੇ ਹੋਏ … ।
"ਓ ਕਿਵੇ ਨਾਕਾ ਲਾਇਆ ਭਤੀਜ ?" 
ਤਾਇਆ ਹੱਸ ਪਿਆ।
"ਤਾਇਆ ਸਾਨੂੰ ਪੰਗੇ ਵਿੱਚ ਪਾ ਕੇ ਆਪ ਪਤਾ ਨਹੀ ਕਿਧਰ ਅਲੋਪ ਹੋ ਗਿਆ, ਪਰਸੋ ਦੇ ਦੇਖ ਰਹੇ ਆ, ਕਿੱਧਰ ਚਲੇ ਗਿਆ ਸੀ ?" 
ਤਰਸੇਮ ਨੂੰ ਤਾਏ ਤੇ ਬਹੁਤ ਗੁੱਸਾ ਸੀ।
"ਮੁੰਡਿਓ ਹੁਣ ਕੰਨ ਖੋਲ ਕੇ ਸੁਣ ਲਓ, ਆਪਾ ਦੇਬੀ ਦਾ ਕੰਡਾ ਕੱਢਣਾ ਆ, ਤੇ ਤੁਸੀ ਮੇਰਾ ਸਾਥ ਦੇਣਾ ਆ, ਜੇ ਮੇਰਾ ਕਿਹਾ ਮੰਨਦੇ ਓ ਤਾ ਪੂਰਾ ਪੋਲਟਰੀ ਫਾਰਮ ਤੁਹਾਡਾ ਦੋਵਾ ਦਾ, ਜੇ ਨਹੀ ਮੰਨਦੇ ਤਾਂ ਐਮ ਐਲ ਏ ਦੇ ਇਸ਼ਾਰੇ ਤੇ ਥਾਣੇ ਭੇਜ ਕੇ ਦੇਬੀ ਵਾਲਾ ਹਾਲ ਕਰਾਊ, ਤੇ ਨਾਲੇ ਜਿਹੜੀ ਪਰਸੋ ਐਸ਼ ਕੀਤੀ ਸੀ ਕੁੜੀਆ ਨਾਲ ਉਹਦੀ ਫਿਲਮ ਬਣਾ ਰੱਖੀ ਆ ਸ਼ਮਸ਼ੇਰ ਨੇ ਸਾਰੇ ਪਿੰਡ ਚ ਦਿਖਾਊ, ਤੇ ਫੇਰ ਤੁਸੀ ਆਤਮਹੱਤਿਆ ਕਰ ਲਿਓ, ਮੈ ਬਹੁਤੀਆ ਗੱਲਾ ਨਹੀ ਕਰਨੀਆ, ਇੱਕ ਪਾਸੇ ਐਨਾ ਵੱਡਾ ਪੋਲਟਰੀ ਫਾਰਮ ਆ ਜੋ ਤੁਹਾਡਾ ਹੋ ਜਾਣਾ ਤੇ ਦੂਜੇ ਪਾਸੇ ਮੌਤ ਤੱਕ ਗੱਲ ਪਹੁੰਚ ਸਕਦੀ ਆ, ਸੋਚ ਕੇ ਮੈਨੂੰ ਦੱਸ ਦਿਓ ਕੱਲ ਤੱਕ, ਨਹੀ ਤਾ ਪਰਸੋ ਨੂੰ ਫਿਲਮ ਪਿੰਡ ਪਹੁੰਚ ਜਾਊ, ਤੇ ਵੀਡੀਓ ਤੇ ਦੇਖਿਓ ਫਿਰ ਨਜਾਰੇ, ਚੱਲ ਹਟੋ ਪਾਸੇ"। 
ਤੇ ਤਾਏ ਨੇ ਸਾਈਕਲ ਤੇ ਲੱਤ ਦਿੱਤੀ ਤੇ ਓਹ ਗਿਆ ਓਹ ਗਿਆ, ਦੋਵੇ ਇਸ ਤਰਾ ਖੜੇ ਰਹਿ ਗਏ ਜਿਵੇ ਸਰੀਰ ਚ ਸਾਹ ਸਤ ਹੀ ਨਾ ਰਹਿ ਗਿਆ ਹੋਵੇ … 
"ਓਏ ਅਪਣੀ ਫਿਲਮ ਬਣਾ ਲਈ, ਐਨਾ ਕੰਜਰਪੁਣਾ ? ਇਹ ਤਾਇਆ ਤਾ ਹੁਣ ਆਪਾ ਨੂੰ ਪਿੰਡੋ ਕਢਾ ਕੇ ਹਟੂ, ਹੁਣ ਕੀ ਕਰੀਏ ?" 
ਬਲਵੀਰ ਨੂੰ ਕਾਬਾ ਛਿੜਿਆ ਹੋਇਆ ਸੀ।

"ਫਿਲਮ ਫੁਲਮ ਦੀ ਮੈ ਬਹੁਤੀ ਪਰਵਾਹ ਨੀ ਕਰਦਾ, ਮੈਨੂੰ ਲਗਦਾ ਐਵੇ ਡਰਾਉਦਾ, ਪਰ ਆਹ ਐਮ ਐਲ ਏ ਨਾਲ ਇਹਦੀ ਬਣਦੀ ਆ ਇਹ ਮੈਨੂੰ ਪਤਾ, ਦੇਬੀ ਤਾ ਬਚ ਗਿਆ ਪਰ ਅਪਣਾ ਕੋਈ ਪਤਾ ਨੀ, ਸਾਲਿਆ ਨੇ ਗੋਲੀ ਮਾਰ ਕੇ ਕਹਿ ਦੇਣਾ ਬਈ ਅੱਤਵਾਦੀ ਸੀ"। ਤਰਸੇਮ ਡਰਿਆ ਤਾ ਹੈ ਸੀ ਪਰ ਉਹ ਥੋੜਾ ਦੂਰ ਅੰਦੇਸ਼ ਸੀ ਤੇ ਅਪਣੇ ਬਚਾ ਦੇ ਤਰੀਕੇ ਜਾਣਦਾ ਸੀ।
"ਫਿਰ ਆਪਾ ਕੀ ਕਰੀਏ ? ਦੇਬੀ ਬਾਈ ਨੇ ਅਪਣਾ ਤਾ ਕੁੱਝ ਵਿਗਾੜਿਆ ਨਹੀ, ਸਗੋ ਸਦਾ ਫੈਦਾ ਕਰਦਾ ਰਹਿੰਦਾ ਉਹਦੇ ਨਾਲ ਗਦਾਰੀ ਹੋ ਜੂ ਤਰਸੇਮ"। 
ਬਲਵੀਰ ਦੇਬੀ ਨੂੰ ਪਿੱਠ ਨਹੀ ਸੀ ਦਿਖਾਉਣੀ ਚਾਹੁੰਦਾ।
"ਚਾਹੁੰਦਾ ਤਾ ਮੈ ਵੀ ਨਹੀ, ਪਰ ਜੇ ਅਪਣੀ ਜਾਨ ਤੇ ਬਣੀ ਹੋਵੇ ਤਾ ਦੂਜੇ ਨੂੰ ਬਚਾਉਣਾ ਕਿੱਥੇ ਅਕਲਮੰਦੀ ਆ, ਜਾਨ ਆ ਤੇ ਜਹਾਨ ਆ, ਨਾਲੇ ਜੇ ਸਾਰਾ ਪੋਲਟਰੀ ਫਾਰਮ ਅਪਣਾ ਹੋ ਜਾਵੇ ਤਾ ਉਮਰ ਦੀਆ ਰੋਟੀਆ ਆ ਬਲਵੀਰ, ਨੌਕਰ ਰੱਖ ਕੇ ਕੰਮ ਕਰਾ ਸਕਦੇ ਆ, ਹੁਣ ਭੇਦ ਵੀ ਸਾਰਾ ਆ"।
ਤਰਸੇਮ ਦੂਰ ਦੀ ਸੋਚ ਰਿਹਾ ਸੀ।
"ਤਾਏ ਨੇ ਕਹਿ ਤਾ ਦਿੱਤਾ, ਇਹ ਦੇਬੀ ਦੀ ਜਮੀਨ ਤੇ ਬਣਿਆ ਪੋਲਟਰੀ ਫਾਰਮ ਤਾਇਆ ਆਪਾ ਨੂੰ ਕਿਵੇ ਲੈ ਦੂੰ ?" 
ਪਤੇ ਦੀ ਗੱਲ ਕੀਤੀ ਸੀ ਬਲਵੀਰ ਨੇ।
"ਜੇ ਤਾਏ ਨੇ ਕਿਹਾ ਤਾ ਉਹਦੀ ਸਕੀਮ ਕੋਈ ਗਹਿਰੀ ਆ, ਮੈ ਤਾਏ ਦੀ ਰਗ ਰਗ ਜਾਣਦਾ, ਜੇ ਉਹਦੇ ਹੱਥ ਕੋਈ ਗਿੱਦੜਸਿੰਘੀ ਨਾ ਆਈ ਹੁੰਦੀ ਤਾ ਅਪਣੇ ਨਾਲ ਐਦਾ ਵੇਰ ਕੇ ਨਹੀ ਸੀ ਗੱਲ ਕਰ ਸਕਦਾ, ਨਾਲੇ ਦੇਖਿਆ ਕਿੰਨੇ ਨੋਟ ਲਈ ਫਿਰਦਾ ਜੇਬ ਚ ? ਲਗਦਾ ਐਮ ਐਲ ਏ ਤਾਏ ਤੇ ਜਾਦਾ ਈ ਮੇਹਰਬਾਨ ਆ"। 
ਤਰਸੇਮ ਹੌਸਲਾ ਫੜ ਰਿਹਾ ਸੀ।
"ਆਪਾ ਏਦਾ ਕਰਦੇ ਆ, ਹਾਲੇ ਦੇਬੀ ਨੂੰ ਕੁੱਝ ਨਹੀ ਦੱਸਦੇ, ਜੇ ਤਾਏ ਨੇ ਕੋਈ ਚੱਕਰ ਚਲਾ ਤਾ ਤਾ ਤਾਏ ਨਾਲ ਦੇ ਹੋ ਜਾਵਾਗੇ, ਜੇ ਤਾਇਆ ਹਾਰ ਗਿਆ ਤਾ ਅਪਣੇ ਕੋਲ ਇਹ ਬਹਾਨਾ ਤਾ ਹੈਗਾ ਈ ਆ ਬਈ ਇਸਨੇ ਸਾਨੂੰ ਡਰਾਇਆ ਹੋਇਆ ਸੀ ਅਸੀ ਇਸ ਕਰਕੇ ਚੁੱਪ ਰਹੇ, ਤੇ ਦੇਬੀ ਦਾ ਤੈਨੂੰ ਪਤਾ ਈ ਆ, ਉਹਦੇ ਕੋਈ ਚਪੇੜ ਵੀ ਮਾਰ ਜੇ ਤਾ ਉਹਨੇ ਕਹਿਣਾ, ਲਗਦਾ ਤੁਹਾਥੋ ਗਲਤੀ ਨਾਲ ਵੱਜਗੀ, ਚੱਲ ਕੋਈ ਨੀ"। 
ਤੇ ਨਾਲ ਹੀ ਹੱਸ ਪਿਆ ਤਰਸੇਮ, ਇਹ ਹੈ ਪੰਜਾਬੀਆ ਦਾ ਕੌਮੀ ਕਰੈਕਟਰ, ਜਿਸ ਟਾਹਣੀ ਤੇ ਬੈਠਣਾ ਉਸੇ ਨੂੰ ਵੱਡਣਾ, ਦੋਵਾ ਨੇ ਤਾਏ ਦਾ ਸਾਥ ਦੇਣ ਲਈ ਸਹਿਮਤੀ ਪਰਗਟ ਕਰ ਲਈ। ਹੁਣ ਉਹ ਤਾਏ ਦੇ ਘਰ ਵੱਲ ਜਾ ਰਹੇ ਸਨ ਇਹ ਦੱਸਣ ਲਈ ਕਿ ਉਹ ਤਾਏ ਨਾਲ ਸਹਿਮਤ ਹਨ ।
ਤਾਏ ਕੋਲ ਹੁਣ ਗੁਰਬਚਨ ਸਿੰਘ, ਤਰਸੇਮ, ਬਲਵੀਰ ਤੇ ਐਮ ਐਲ ਏ ਦੀ ਹਮਾਇਤ ਸੀ, ਤਾਇਆ ਤਾ ਕੱਲਾ ਨਹੀ ਸੀ ਪਰਵਾਹ ਕਰਦਾ ਹੁਣ ਤਾ ਉਹ ਬਹੁਤ ਤਾਕਤ ਫੜ ਗਿਆ ਸੀ, ਅਗਲੇ ਦਿਨ ਜਦ ਤਾਏ ਨੇ ਐਮ ਐਲ ਏ ਨੂੰ ਫੋਨ ਤੇ ਸਕੀਮ ਦੱਸੀ ਤਾਂ ਐਮ ਐਲ ਏ ਬਹੁਤਾ ਈ ਖੁਸ਼ ਹੋਇਆ ਤੇ ਤਾਏ ਨੁੰ ਕਹਿਣ ਲੱਗਾ ਬਈ ਜਿਹੜੇ ਦਫਤਰ ਕੋਈ ਕੰਮ ਹੋਊ ਮੇਰਾ ਨਾ ਲੈ ਦੇਈ, ਬੱਸ ਦੇਬੀ ਦੇ ਚੌਟੇ ਚੱਕ ਦੇ, ਐਮ ਐਲ ਏ ਦਾ ਇਹ ਪੁਰਾਣਾ ਹਲਕਾ ਸੀ, ਉਸਦਾ ਅਸੂਲ ਸੀ ਕਿ ਵਰੋਧੀ ਨੂੰ ਛੋਟੇ ਨੂੰ ਹੀ ਦੱਬ ਲੈਦਾ ਸੀ, ਜੇ ਕੋਈ ਤਾਕਤ ਫੜ ਜਾਵੇ ਤਾ ਉਸਨੂੰ ਦਬਾਉਣਾ ਔਖਾ ਹੋ ਜਾਦਾ ਆ ਤੇ ਜਿਸ ਸਪੀਡ ਨਾਲ ਦੇਬੀ ਲੋਕਾ ਦੇ ਦਿਲ ਜਿੱਤ ਰਿਹਾ ਸੀ ਇਸ ਹਿਸਾਬ ਉਹ ਉਹਦੇ ਲਈ ਬਹੁਤ ਵੱਡਾ ਖਤਰਾ ਬਣ ਸਕਦਾ ਸੀ, ਨਾਲੇ ਐਮ ਐਲ ਏ ਦੇ ਤਾ ਦੋਵੇ ਹੱਥੀ ਲੱਡੂ ਸਨ, ਉਹਦੇ ਫੋਨ ਕਰਨ ਤੇ ਕੰਮ ਹੋਈ ਜਾਣੇ ਸੀ ਤੇ ਨੰਬਰਦਾਰ ਨੇ ਕਰੀ ਜਾਣੇ ਸੀ।
ਸਭ ਤੋ ਪਹਿਲਾ ਤਾਏ ਨੇ ਤਰਸੇਮ ਨੂੰ ਇੱਕ ਰਸਾਇਣਿਕ ਪਦਾਰਥ ਦੇ ਕੇ ਕਿਹਾ ਕਿ ਉਹ ਦੁੱਧ ਦੇ ਡਰੰਮ ਥੋੜਾ ਜਿਹਾ ਪਾ ਦੇਣ, ਇਹ ਸੀ ਸਕੀਮ ਨੰਬਰ ਤਿੰਨ, ਤਾਏ ਦੀ ਸੋਚ ਸੀ ਕਿ ਜੇ ਇੱਕ ਫੇਲ ਤਾ ਦੂਜੀ ਕੁੱਝ ਕਰੂ ਪਰ ਜੇ ਦੂਜੀ ਸਕੀਮ ਵੀ ਕੋਈ ਰੰਗ ਨਾ ਲਿਆਈ ਤਾ ਫੇਰ ਤੀਜੀ ਚਾਹੀਦੀ ਆ, ਮਨਿੰਦਰ ਸ਼ਾਮ ਨੂੰ ਮੂਹ ਹਨੇਰੇ ਦੁੱਧ ਲੈਣ ਆਉਦਾ ਸੀ ਤੇ ਤਰਸੇਮ ਦਾ ਕੰਮ ਸੀ ਦੁੱਧ ਦੀ ਦੇਖ ਰੇਖ, ਉਸਨੇ ਜਦ ਕੁੱਝ ਡਰੰਮਾ ਵਿੱਚ ਉਹ ਪੁੜੀਆ ਘੋਲੀਆ ਤਾ ਇੱਕ ਵਾਰ ਉਹਦਾ ਦਿਲ ਕੰਬਿਆ ਕਿ ਇਹ ਬਹੁਤ ਵੱਡਾ ਅਨਰਥ ਕਰ ਰਿਹਾ ਉਹ ਪਰ ਮਰਦਾ ਕੀ ਨਾ ਕਰਦਾ, ਕਰਤਾ ਕਾਰਾ, ਖਾ ਲਈ ਵਾੜ ਨੇ ਖੇਤੀ, ਦੁੱਧ ਸ਼ਹਿਰ ਪਹੁੰਚਿਆ, ਹਲਵਾਈ ਕੁੱਝ ਤਾ ਲੋਕਾ ਨੂੰ ਅੱਗੇ ਵੇਚਦੇ ਸਨ ਤੇ ਬਾਕੀ ਦੀ ਮਠਿਆਈ ਬਣਾਉਦੇ ਸਨ, ਜਿਨਾ ਘਰਾ ਵਿੱਚ ਦੁੱਧ ਸਿੱਧਾ ਹੀ ਪਹੁੰਚ ਗਿਆ, ਉਹਨਾ ਵਿੱਚੋ ਕਈਆ ਨੇ ਘਰ ਦਹੀ ਬਣਾ ਲਿਆ ਤੇ ਬਹੁਤਿਆ ਨੇ ਸਵੇਰੇ ਚਾਹ ਲਈ ਰੱਖ ਲਿਆ, ਹਲਵਾਈਆ ਨੇ ਰਾਤ ਨੂੰ ਦੁੱਧ ਕਾਹੜ ਕੇ ਸੰਭਾਲ ਕੇ ਰੱਖਣਾ ਸੀ, ਤਿੰਨ ਹਜਾਰ ਲੀਟਰ ਦੁੱਧ, ਸਾਰੇ ਸ਼ਹਿਰ ਵਿੱਚ ਥਾ ਥਾ ਤੇ ਵੰਡਿਆ ਗਿਆ ਸੀ, ਜਿਨਾ ਘਰਾ ਵਿੱਚ ਦੁੱਧ ਗਿਆ ਸੀ ਉਨਾ ਵਿਚੋ ਕਈਆ ਨੇ ਸਵੇਰੇ ਸਵੇਰੇ ਚਾਹ ਪੀ ਕੇ ਕੰਮਾ ਤੇ ਜਾਣਾ ਸੀ, ਉਹ ਚਾਹ ਪੀ ਕੇ ਤੁਰ ਗਏ, ਹਾਲੇ ਨੌ ਕੁ ਹੀ ਵੱਜੇ ਸਨ ਕਿ ਬਹੁਤ ਸਾਰੇ ਲੋਕਾ ਨੂੰ ਪੇਟ ਵਿੱਚ ਐਨੀ ਤਕਲੀਫ ਹੋਈ ਕਿ ਉਨਾ ਨੂੰ ਡਾਕਟਰ ਕੋਲ ਆਉਣਾ ਪਿਆ, ਹੌਲੀ ਹੌਲੀ ਸਾਰਾ ਸਿਵਲ ਹਸਪਤਾਲ ਪੇਟ ਦੀ ਤਕਲੀਫ ਵਾਲੇ ਲੋਕਾ ਨਾਲ ਭਰ ਗਿਆ, ਡਾਕਟਰ ਸੰਧੂ ਸਮਝ ਗਿਆ ਕਿ ਇਹ ਖਾਣ ਪੀਣ ਦੇ ਕਾਰਨ ਹੋਇਆ ਹੋਵੇਗਾ, ਉਸਨੇ ਬਹੁਤ ਸਾਰੇ ਲੋਕਾ ਦੇ ਬਿਆਨ ਲਏ ਕਿ ਉਨਾ ਨੇ ਕੀ ਖਾਧਾ ਪੀਤਾ ਸੀ, ਤਕਰੀਬਨ ਸਾਰਿਆ ਦੇ ਬਿਆਨ ਇਹ ਦੱਸਦੇ ਸਨ ਕਿ ਜਾ ਤਾ ਕਿਸੇ ਨੇ ਸਿਰਫ ਚਾਹ ਪੀਤੀ ਸੀ ਤੇ ਜਾ ਦਹੀ, ਲੱਸੀ ਆਦਿ ਖਾਧਾ ਤੇ ਪੀਤਾ ਸੀ, ਡਾਕਟਰ ਨੇ ਕੁੱਝ ਮਰੀਜਾ ਦੇ ਪਿਸ਼ਾਬ ਤੇ ਟੱਟੀ ਆਦਿ ਚੈਕ ਕਰਨ ਲਈ ਲੈਬਾਰਟਰੀ ਵਿੱਚ ਭੇਜ ਦਿੱਤੇ।
                                         ਦੁਪਹਿਰ ਤੱਕ ਮਿਲੀ ਐਕਸਪਰੈਸ ਰੀਪੋਰਟ ਵਿੱਚ ਇੱਕ ਰਸਾਇਣਿਕ ਪਦਾਰਥ ਦਾ ਜਿਕਰ ਸੀ ਜਿਹੜਾ ਕਿ ਸਿਰਫ ਖੇਤੀਬਾੜੀ ਵਿੱਚ ਕੀਟਨਾਸ਼ਕ ਦਵਾਈਆ ਵਿੱਚ ਵਰਤਿਆ ਜਾਦਾ ਸੀ, ਸ਼ਾਮ ਤੱਕ ਸਥਿਤੀ ਇਹ ਹੋ ਗਈ ਸੀ ਕਿ ਸਰਕਾਰੀ ਹਸਪਤਾਲ ਵਿੱਚ ਥਾ ਦੀ ਕਮੀ ਹੋਣ ਕਾਰਨ ਲੋਕ ਪਰਾਈਵੇਟ ਡਾਕਟਰ, ਤੇ ਜਲੰਧਰ ਵੱਲ ਨੂੰ ਤੁਰ ਪਏ ਸਨ, ਸਰਕਾਰੀ ਮਸ਼ਿਨਰੀ ਹਰਕਤ ਵਿੱਚ ਆ ਗਈ ਸੀ, ਡਾਕਟਰਾ ਦੀ ਟੀਮ ਜਲੰਧਰ ਤੋ ਪਹੁੰਚ ਗਈ ਸੀ, ਮਹਿਕਮੇ ਨੇ ਸ਼ਹਿਰ ਵਿੱਚ ਬਹੁਤ ਸਾਰੀਆ ਕਰਿਆਨੇ ਵਾਲੀਆ ਦੁਕਾਨਾ ਵਿਚੋ ਕਈ ਸੈਪਲ ਭਰ ਕੇ ਚੈਕਿੰਗ ਲਈ ਭੇਜੇ ਸਨ, ਇਵੇ ਹੀ ਹਲਵਾਈਆ ਦਾ ਦੁੱਧ ਤੇ ਦਹੀ ਆਦਿ ਵੀ ਸੈਪਲਾਂ ਦੀ ਲਪੇਟ ਵਿੱਚ ਆ ਗਿਆ, ਜਦ ਕੁੱਝ ਘੰਟਿਆ ਵਿੱਚ ਦੁੱਧ ਵਿੱਚੋ ਉਹੀ ਰਸਾਇਣਿਕ ਪਦਾਰਥ ਮਿਲਿਆ ਤਾ, ਹਲਵਾਈਆ ਦੀ ਸ਼ਾਮਤ ਆ ਗਈ, ਸਾਰੇ ਹਲਵਾਈਆ ਦੀਆ ਦੁਕਾਨਾ ਪੁਲੀਸ ਨੇ ਘੇਰ ਲਈਆ, ਤੇ ਦੁੱਧ ਸਪਲਾਇਰ ਬਾਰੇ ਪੁੱਛਿਆ, ਬਹੁਤ ਸਾਰੇ ਸਪਲਾਇਰ ਸਨ, ਪਰਾਈਵੇਟ ਲੋਕ, ਬਹੁਤ ਸਾਰੇ ਦੋਜੀ ਜੋ ਘਰਾ ਵਿਚੋ ਦੁੱਧ ਇਕੱਠਾ ਕਰ ਕੇ ਸ਼ਹਿਰ ਲਿਆਉਦੇ ਸਨ, ਹੁਣ ਇਹ ਕਿਵੇ ਪਤਾ ਲੱਗੇ ਕਿ ਕਿਸਦੀ ਡੇਅਰੀ ਦਾ ਦੁੱਧ ਖਰਾਬ ਹੈ ?

ਆਮ ਤੌਰ ਤੇ ਸਰਕਾਰੀ ਮਹਿਕਮੇ ਅਰਾਮ ਨਾਲ ਹੀ ਕੰਮ ਕਰਦੇ ਸਨ ਪਰ ਅੱਜ ਕੋਈ ਖਾਸ ਗੱਲ ਸੀ, ਥਾਣੇ ਵਿੱਚ ਇੱਕ ਫੋਨ ਆਇਆ ਸੀ ਜਿਸ ਨੇ ਇਹ ਕਿਹਾ ਸੀ ਕਿ ਖਰਾਬ ਦੁੱਧ ਨਵੇ ਪਿੰਡ ਦੀ ਡੇਅਰੀ ਦਾ ਹੈ, ਬੱਸ ਡਾਕਟਰਾ ਦੀ ਟੀਮ, ਮੋਹਰੇ ਮੋਹਰੇ ਪੁਲਿਸ ਦੀਆ ਜੀਪਾ ਨਵੇ ਪਿੰਡ ਨੂੰ ਘੂਕਦੀਆ ਜਾ ਰਹੀਆ ਸਨ, ਐਮ ਐਲ ਏ ਦੇ ਸਖਤ ਨਿਰਦੇਸ਼ ਸਨ ਕਿ ਖਰਾਬ ਦੁੱਧ ਸਪਲਾਈ ਕਰਨ ਵਾਲੇ ਦੀ ਡੇਅਰੀ ਸੀਲ ਕਰ ਦਿੱਤੀ ਜਾਵੇ, ਦੁੱਧ ਨਾਲ ਸਬੰਧਿਤ ਹਰ ਚੀਜ ਚੈਕਿੰਗ ਲਈ ਮਹਿਕਮੇ ਨੂੰ ਭੇਜ ਦਿੱਤੀ ਜਾਵੇ।
                                     ਸ਼ਾਮ ਰਾਤ ਵਿੱਚ ਬਦਲਣ ਤੋ ਪਹਿਲਾ ਨਵੇ ਪਿੰਡ ਦੀ ਸਾਝੀਵਾਲ ਡੇਅਰੀ ਪੰਜਾਬ ਪੁਲੀਸ ਨੇ ਘੇਰੀ ਹੋਈ ਸੀ, ਸਾਰਾ ਖਾਣਾ ਦਾਣਾ, ਵੰਡ, ਪਿਆ ਦੁੱਧ ਤੇ ਛੋਟੇ ਮੋਟੇ ਭਾਡੇ, ਗੱਲ ਕੀ ਹਰ ਚੀਜ ਜਬਤ ਕਰ ਕੇ ਜਲੰਧਰ ਭੇਜੀ ਜਾ ਰਹੀ ਸੀ, ਸਾਰੇ ਪਿੰਡ ਤੇ ਇੱਕ ਹੋਰ ਕਹਿਰ ਟੁੱਟ ਪਿਆ ਸੀ, ਇੱਕ ਅਣਜਾਣੀ ਬਲਾ ਜਿਸਦਾ ਕਿਸੇ ਨੂੰ ਕੋਈ ਯਾਦ ਚਿੱਤ ਵੀ ਨਹੀ ਸੀ ਨਵੇ ਪਿੰਡ ਨੂੰ ਆ ਚਿੰਬੜੀ ਸੀ, ਸਾਝੀਵਾਲ ਡੇਅਰੀ ਦੇ ਹਰ ਮੈਬਰ ਨੂੰ ਫੜ ਕੇ ਥਾਣੇ ਪੁਚਾ ਦਿੱਤਾ ਗਿਆ ਸੀ, ਡੇਅਰੀ ਵਿੱਚ ਕੋਈ ਨਹੀ ਸੀ ਰਹਿ ਗਿਆ, ਕੁੱਝ ਬਯੁਰਗ ਰਾਖੀ ਕਰਨ ਆ ਗਏ ਸਨ, ਪੰਜਾਬ ਪੁਲੀਸ ਦੇ ਕੁੱਝ ਮੁਲਾਜਮ ਉਥੇ ਛੱਡ ਦਿੱਤੇ ਗਏ ਸਨ, ਦੇਬੀ ਅਪਣੇ ਮਿੱਤਰਾ ਨਾਲ ਥਾਣੇ ਵਿੱਚ ਰਾਤ ਬਿਤਾ ਰਿਹਾ ਸੀ, ਐਮ ਐਲ ਏ ਨੇ ਐਸ ਐਸ ਪੀ ਨੂੰ ਕਹਿ ਕੇ ਕਰਤਾਰ ਨੂੰ ਕਿਸੇ ਖਾਸ ਕੰਮ ਚੰਡੀਗੜ ਭੇਜ ਦਿੱਤਾ ਸੀ ਤਾ ਕਿ ਦੇਬੀ ਦੀ ਕੋਈ ਮਦਦ ਨਾ ਹੋ ਸਕੇ, ਲੋਕ ਗੁੱਸੇ ਵਿੱਚ ਆਏ ਹੋਏ ਸਨ ਤੇ ਦੁੱਧ ਉਤਪਾਦਕਾ ਨੂੰ ਮੁਰਦਾਬਾਦ ਕਹਿ ਰਹੇ ਸਨ, ਮਾਮਲਾ ਬਹੁਤ ਵਿਗੜਦਾ ਲਗਦਾ ਸੀ, ਕਈਆ ਦੇ ਬੱਚੇ ਹਸਪਤਾਲਾ ਵਿੱਚ ਪਏ ਸਨ, ਹਾਲਾਤ ਵਿਗੜਦੇ ਦੇਖ ਐਸ ਡੀ ਐਮ ਨੇ ਕਰਫਿਊ ਲਗਾ ਦਿੱਤਾ, ਸਿਰਫ ਬੀਮਾਰ ਲੋਕ ਹੀ ਡਾਕਟਰ ਕੋਲ ਆ ਜਾ ਸਕਦੇ ਸਨ, ਦੇਬੀ ਸਾਰੀ ਸਥਿਤੀ ਨੂੰ ਸਮਝਣ ਦੀ ਕੋਸਿਸ਼ ਕਰ ਰਿਹਾ ਸੀ, ਉਹਦੇ ਹੋਸ਼ ਉਡੇ ਹੋਏ ਸਨ, ਪਿੰਡੋ ਸਰਪੰਚ ਹੋਰ ਪਤਵੰਤਿਆ ਨੂੰ ਲੈ ਕੇ ਥਾਣੇ ਜਾ ਰਿਹਾ ਸੀ ਕਿ ਉਸ ਨੂੰ ਬਾਈਪਾਸ ਤੇ ਹੀ ਰੋਕ ਲਿਆ ਗਿਆ ਅਤੇ ਵਾਪਿਸ ਪਿੰਡ ਭੇਜ ਦਿੱਤਾ, ਉਹ ਸਰਦਾਰਾ ਸਿੰਘ ਤੇ ਐਮ ਐਲ ਏ ਨੂੰ ਫੋਨ ਲਗਾ ਰਿਹਾ ਸੀ ਪਰ ਅੱਗੋ ਜਵਾਬ ਮਿਲ ਰਿਹਾ ਸੀ ਕਿ ਕਿਤੇ ਗਏ ਹੋਏ ਆ, ਜਦੋ ਆਉਣਗੇ ਫੋਨ ਕਰ ਲੈਣਗੇ, ਨਵੇ ਪਿੰਡੀਏ ਸਾਰੇ ਦੁਖੀ ਸਨ, ਇੱਕ ਬੰਦਾ ਪਿੰਡ ਵਿੱਚ ਬਹੁਤ ਖੁਸ਼ ਸੀ, ਤਾਇਆ ਨੰਬਰਦਾਰ … ।।
                                    ਦੂਜੇ ਦਿਨ ਹਸਪਤਾਲ ਵਿਚੋ ਲੋਕਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ, ਜਹਿਰੀਲੇ ਪਦਾਰਥ ਦੀ ਮਾਤਰਾ ਘੱਟ ਹੋਣ ਕਰਕੇ ਕੋਈ ਜਾਨੀ ਨੁਕਸਾਂਨ ਨਹੀ ਸੀ ਹੋਇਆ, ਬਾਲਿਗ ਛੇਤੀ ਠੀਕ ਹੋ ਗਏ ਸਨ ਤੇ ਛੋਟੇ ਬੱਚੇ ਹਾਲੇ ਸਾਵਧਾਨੀ ਦੇ ਤੌਰ ਤੇ ਜੇਰੇ ਇਲਾਜ ਸਨ, ਆਮ ਤੌਰ ਤੇ ਪੰਜਾਬ ਵਿੱਚ ਐਸੀਆ ਘਟਨਾਵਾਂ ਨਹੀ ਘਟਦੀਆ ਤੇ ਲੋਕਾਂ ਨੂੰ ਬਹੁਤੇ ਕਨੂੰਨੀ ਪਵਾਇਟਾ ਦਾ ਪਤਾ ਨਹੀ ਹੁੰਦਾ, ਇਥੇ ਵੀ ਲੋਕਾਂ ਨੇ ਸ਼ੁਕਰ ਕੀਤਾ ਸੀ ਕਿ ਚਲੋ ਬਚ ਗਏ ਤੇ ਅੱਗੇ ਤੋ ਦੁੱਧ ਨੂੰ ਖਰੀਦ ਕੇ ਵਰਤਦੇ ਸਮੇ ਜਿਆਦਾ ਧਿਆਨ ਦੇਣ ਦਾ ਸੋਚ ਰਹੇ ਸਨ, ਪਰ ਇਹ ਤਾਇਆ ਜਿਸਦੀ ਦਾਹੜੀ ਦੁੱਧ ਚਿੱਟੀ ਸੀ ਉਹ ਐਨੇ ਵਿੱਚ ਮੰਨਣ ਵਾਲਾ ਨਹੀ ਸੀ, ਉਸਨੇ ਦੋ ਕੁ ਪੀੜਤਾਂ ਨੂੰ ਜੇਬ ਵਿਚੋ ਪੈਸੇ ਦੇ ਕੇ ਕਿਹਾ ਕਿ ਤੁਸੀ ਮੁਆਵਜੇ ਦਾ ਕੇਸ ਕਰ ਦਿਓ, ਉਹ ਉਸੇ ਵੇਲੇ ਕਚਿਹਰੀ ਜਾ ਵੜੇ ਤੇ ਉਨਾ ਦੀ ਦੇਖੇ ਮੁਆਵਜਾ ਲੈਣ ਵਾਲਿਆ ਦੀਆ ਲਾਈਨਾ ਲੱਗ ਗਈਆ, ਹੁਣ ਬਹੁਤੇ ਬਿਮਾਰ ਘਰਾ ਨੁੰ ਵਾਪਸ ਆ ਗਏ ਸਨ ਤੇ ਲੋਕਾ ਦਾ ਧਿਆਨ ਜਿਆਦਾ ਮੁਆਵਜਾ ਲੈਣ ਲਈ ਕੇਸ ਕਰਨ ਵੱਲ ਹੋ ਗਿਆ ਸੀ, ਇਸ ਲਈ ਕਰਫਿਊ ਹਟਾ ਲਿਆ ਗਿਆ ਸੀ।

ਇਸ ਸਮੇ ਤੱਕ ਸਰਪੰਚ ਪਰੇਮ ਚੰਦ ਤੇ ਕੁੱਝ ਵਕੀਲਾਂ ਨੂੰ ਲੈ ਕੇ ਥਾਣੇ ਪਹੁੰਚ ਗਿਆ ਸੀ ਤੇ ਸਾਰੀ ਪੰਚੈਤ ਨੇ ਮੁੰਡਿਆ ਦੀ ਜਮਾਨਤ ਕਰਾ ਲਈ ਸੀ, ਮੋਹਣ ਸਿੰਘ ਹਾਲੇ ਵੀ ਇਥੇ ਐਸ ਐਚ ਓ ਸੀ, ਉਸ ਨੂੰ ਭਾਵੇ ਐਮ ਐਲ ਏ ਦੇ ਸਖਤੀ ਦੇ ਨਿਰਦੇਸ਼ ਸੀ ਪਰ ਉਹ ਚੰਗੀ ਤਰਾ ਜਾਣਦਾ ਸੀ ਕਿ ਇਹ ਕੋਈ ਹੋਰ ਸਾਜਿਸ਼ ਹੈ ਜੋ ਮੁੰਡੇ ਦੇ ਵਿਰੋਧ ਵਿੱਚ ਰਚੀ ਗਈ ਹੈ, ਪਹਿਲੇ ਦੋ ਕੇਸ ਸਾਝੀਵਾਲ ਨਾਲ ਸਬੰਧਿਤ ਉਸ ਦੀ ਫਾਈਲ ਵਿੱਚ ਸਨ ਤੇ ਉਨਾ ਨੂੰ ਕਰਨ ਵਾਲੇ ਦਾ ਵੀ ਪਤਾ ਲੱਗ ਗਿਆ ਸੀ, ਇਹ ਤਾਂ ਦੇਬੀ ਦੀ ਮੂਰਖਤਾ ਸੀ ਕਿ ਇਸ ਦੋਸ਼ੀ ਨੂੰ ਬਖਸ਼ ਦਿੱਤਾ ਗਿਆ ਸੀ, ਮੋਹਣ ਸਿੰਘ ਨੰਬਰਦਾਰ ਨੂੰ ਪੁੱਛਗਿੱਛ ਲਈ ਲਿਆਉਣਾ ਚਾਹੁੰਦਾ ਸੀ ਪਰ ਅੱਜ ਸਵੇਰੇ ਹੀ ਐਮ ਐਲ ਏ ਦੇ ਫੋਨ ਨੇ ਇਹ ਕਲੀਅਰ ਕਰ ਦਿੱਤਾ ਸੀ ਕਿ ਨਵੇ ਪਿੰਡ ਦੇ ਸਾਬਕਾ ਨੰਬਰਦਾਰ ਨੂੰ ਮਾਮਲੇ ਚੋ ਬਾਹਰ ਰੱਖਿਆ ਜਾਵੇ, ਮੋਹਣ ਸਿੰਘ ਸਮਝ ਗਿਆ ਸੀ ਕਿ ਮਾਮਲਾ ਦੂਰ ਤੱਕ ਪਹੁੰਚ ਗਿਆ ਹੈ, ਉਹ ਐਮ ਐਲ ਏ ਨੂੰ ਕੁੱਝ ਕਹਿ ਤਾ ਨਹੀ ਸੀ ਸਕਦਾ ਪਰ ਮੁੰਡਿਆ ਦੀ ਜਮਾਨਤ ਦੇ ਮਾਮਲੇ ਵਿੱਚ ਜੱਜ ਨਾਲ ਗੱਲ ਕਰਕੇ ਉਸਨੇ ਛੇਤੀ ਕੰਮ ਨਿਬੇੜ ਦਿੱਤਾ ਸੀ, ਇਸ ਤੋ ਇਲਾਵਾ ਕਰਤਾਰ ਨਾਲ ਉਸਦੀ ਬਹੁਤ ਬਣਦੀ ਸੀ ਤੇ ਪਹਿਲੇ ਕੀਤੇ ਜੁਲਮ ਦੀ ਯਾਦ ਹਾਲੇ ਉਸ ਨੂੰ ਨਹੀ ਸੀ ਭੁੱਲੀ, ਮੋਹਣ ਸਿੰਘ ਨੇ ਕਰਤਾਰ ਨੂੰ ਵਾਇਰਲੈਸ ਰਾਹੀ ਸੂਚਿਤ ਕਰ ਦਿੱਤਾ ਸੀ, ਉਹ ਜਾਣਦੇ ਸਨ ਕਿ ਐਮ ਐਲ ਏ ਉਨਾ ਦੀ ਬਦਲੀ ਤੋ ਵੱਧ ਕੁੱਝ ਨਹੀ ਸੀ ਕਰ ਸਕਦਾ, ਸੂਚਨਾ ਮਿਲਦੇ ਹੀ ਕਰਤਾਰ ਚੰਡੀਗੜੋ ਵਾਪਿਸ ਆ ਗਿਆ, ਉਹ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦਾ ਸੀ।
                                        ਪਿੰਡ ਵਾਪਿਸ ਆ ਕੇ ਸਭ ਸਾਝੀਵਾਲ ਗੁਰਦਵਾਰੇ ਕੱਠੇ ਹੋਏ ਬੈਠੇ ਸਨ, ਸਾਰਿਆ ਦੇ ਮੂੰਹ ਲਟਕੇ ਹੋਏ ਸਨ, ਹਲਵਾਈਆ ਨੇ ਦੁੱਧ ਖਰੀਦਣ ਤੋ ਇਨਕਾਰ ਕਰ ਦਿੱਤਾ ਸੀ, ਰੋਜਾਨਾ ਇਨੇ ਦੁੱਧ ਦਾ ਹੁਣ ਕੀ ਕੀਤਾ ਜਾਵੇ ? ਤਰਸੇਮ ਤੇ ਬਲਵੀਰ ਦੇ ਚਿਹਰਿਆ ਤੇ ਇੱਕ ਰੰਗ ਆਉਦਾ ਤੇ ਇੱਕ ਜਾਦਾ ਸੀ, ਉਹ ਵੀ ਥਾਣੇ ਰਾਤ ਕੱਟ ਆਏ ਸਨ, ਕਦੇ ਦਿਲ ਕਰਦਾ ਸੀ ਕਿ ਦੱਸ ਦੇਈਏ, ਪਰ ਹੋਏ ਨੁਕਸਾਨ ਦਾ ਅੰਦਾਜਾ ਲਾ ਕੇ ਉਨਾ ਨੂੰ ਗਸ਼ ਪੈਦੀ ਸੀ, ਉਹ ਸੋਚ ਵੀ ਨਹੀ ਸੀ ਸਕਦੇ ਕਿ ਤਾਏ ਦੀ ਇਹ ਬੇਲੋੜੀ ਈਰਖਾ ਇਥੋ ਤੱਕ ਪਹੁੰਚ ਸਕਦੀ ਆ, ਸਭ ਸਿਰ ਸੁੱਟੀ ਬੈਠੇ ਸਨ ਕਿਸੇ ਨੂੰ ਕੁੱਝ ਸੁਝ ਨਹੀ ਸੀ ਰਿਹਾ … 
ਇਹ ਰਸਾਇਣਿਕ ਪਦਾਰਥ ਦੁੱਧ ਵਿੱਚ ਆਇਆ ਕਿੱਥੋ ? ਸਭ ਏਸੇ ਸਵਾਲ ਦਾ ਜਵਾਬ ਲੱਭ ਰਹੇ ਸਨ, ਏਨੇ ਨੂੰ ਕਰਤਾਰ ਧੂੜ ਉਡਾਉਦਾ ਆ ਪਹੁੰਚਾ, ਦੇਬੀ ਉਹਦੇ ਗਲ ਲੱਗ ਕੇ ਰੋ ਪਿਆ … ।
"ਮਾਮਾ ਜੀ, ਲੋਕਾ ਨੂੰ ਬਹੁਤ ਤਕਲੀਫ ਸਹਿਣੀ ਪਈ ਆ, ਸਾਡਾ ਸੋਨੇ ਵਰਗਾ ਦੁੱਧ ਜਹਿਰੀਲਾ ਕਿਵੇ ਹੋ ਗਿਆ ?" 
ਇਹ ਪਹਿਲਾ ਮੌਕਾ ਸੀ ਜਦੋ ਉਹਦਾ ਦਿਲ ਹਾਰ ਗਿਆ ਸੀ, ਤੇ ਹੌਸਲੇ ਪਸਤ ਹੋ ਗਏ ਸਨ।
"ਪੁੱਤਰਾ, ਦੁੱਧ ਜਹਿਰੀਲਾ ਹੋਇਆ ਨਹੀ ਕੀਤਾ ਗਿਆ ਤੇ ਤੇਰੇ ਸਾਹਮਣੇ ਹੁਣੇ ਆਪਾ ਚੋਰ ਲੱਭ ਲੈਣਾ, ਜਿੰਨੇ ਬੰਦੇ ਡੇਅਰੀ ਵਿੱਚ ਕੰਮ ਕਰਦੇ ਆ ਸਭ ਦੀ ਲਾਈਨ ਲਗਾ ਕੇ ਖੜੇ ਕਰ ਦਿਓ"। ਕਰਤਾਰ ਸਿੰਘ ਦਾ ਯਕੀਨ ਸੀ ਕਿ ਦੋਸ਼ੀ ਇਨਾ ਬੰਦਿਆ ਦੇ ਵਿੱਚ ਆ।
ਇਹ ਸ਼ਬਦ ਸੁਣ ਕੇ ਤਰਸੇਮ ਦਾ ਪਜਾਮਾ ਗਿੱਲਾ ਹੋਣ ਨੂੰ ਫਿਰਦਾ ਸੀ, ਬਲਵੀਰ ਦਾ ਦਿਲ ਕਰਦਾ ਸੀ ਭੱਜ ਜਾਵੇ ਪਰ ਕਿੱਥੇ ? ਸਭ ਦੀ ਲਾਈਨ ਲੱਗ ਗਈ, ਕਰਤਾਰ ਨੇ ਹੱਥ ਵਿੱਚ ਡੰਡਾ ਫੜਿਆ ਹੋਇਆ ਸੀ ਤੇ ਇੱਕ ਇਕ ਦਾ ਮੁਆਇਨਾ ਕਰਦਾ ਅੱਗੇ ਲੰਘ ਰਿਹਾ ਸੀ, ਉਹਦੀਆ ਵੱਡੀਆ ਅੱਖਾ ਗੁੱਸੇ ਨਾਲ ਸੁਰਖ ਹੋਈਆ ਪਈਆ ਸਨ, ਸਧਾਰਨ ਬੰਦਾ ਖਾਕੀ ਵਰਦੀ ਦੇ ਰੋਅਬ ਅੱਗੇ ਈ ਹਿੱਲ ਜਾਦਾ ਸੀ ਤੇ ਉਪਰੋ ਡੀ ਐਸ ਪੀ ? 
ਮੁੰਡਿਆ ਲਈ ਕਿਸੇ ਆਫਤ ਤੋ ਘੱਟ ਨਹੀ ਸੀ ।
"ਮੂੰਹ ਉਤਾਹ ਰੱਖੋ ਸਾਰੇ।" 
ਇੱਕ ਸਾਝੀਵਾਲ ਨੂੰ ਚਿਹਰਾ ਨੀਵਾ ਕਰਦੇ ਦੇਖ ਕੇ ਕਰਤਾਰ ਨੇ ਦਬਕਾ ਮਾਰਿਆ, ਇਹ ਗੁਰਦੇਵ ਸੀ, ਕੁੱਝ ਜਿਆਦਾ ਡਰਾਕਲ ਸੀ, ਡੀ ਐਸ ਪੀ ਨੇ ਉਸ ਨੂੰ ਲਾਈਨ ਚੋ ਪਾਸੇ ਕਰ ਦਿੱਤਾ।
ਹੁਣ ਜਿਵੇ ਜਿਵੇ ਉਹ ਅੱਗੇ ਆ ਰਿਹਾ ਸੀ, ਤਰਸੇਮ ਦੇ ਮੱਥੇ ਤੇ ਪਸੀਨਾ ਛੁੱਟ ਰਿਹਾ ਸੀ, ਤੇ ਤਰਸੇਮ ਦੀ ਵਾਰੀ ਆ ਹੀ ਗਈ, ਕਰਤਾਰ ਨੇ ਉਹਦੀਆ ਅੱਖਾ ਵਿੱਚ ਦੇਖਿਆ, ਅੱਖਾ ਜਿਹੜੀਆ ਚੀਕ ਚੀਕ ਕੇ ਕਹਿ ਰਹੀਆ ਸਨ ਕਿ ਮੈ ਦੋਸ਼ੀ ਆ, ਕਰਤਾਰ ਨੇ ਕੁੱਝ ਪੜਿਆ ਤੇ ਅੱਗੇ ਲੰਘ ਗਿਆ, ਉਸਨੂੰ ਅੱਗੇ ਜਾਦਾ ਦੇਖ ਕੇ ਤਰਸੇਮ ਨੇ ਸੌਖਾ ਸਾਹ ਹੀ ਲਿਆ ਸੀ ਕਿ ਕਰਤਾਰ ਨੇ ਉਸਨੂੰ ਗਲੇ ਤੋ ਫੜ ਲਿਆ … 
"ਆਜਾ ਪੁੱਤ ਬਾਹਰ, ਚਲਾਕੀ ਕਰਦਾ ? ਜਦੋ ਤੇਰੇ ਤੂੰਬੇ ਉਡਾਏ ਫਿਰ ਦੇਖੀ ਕਿਸ ਭਾਅ ਵਿਕਦੀ ਆ"। ਕਰਤਾਰ ਨੇ ਹਾਲੇ ਡੰਡਾ ਉਪਰ ਚੱਕਿਆ ਹੀ ਸੀ ਕਿ ਤਰਸੇਮ ਚੀਕ ਪਿਆ … ।
"ਮਾਰਿਓ ਨਾ ਜੀ, ਮੈ।। ਮੈ ਕੁੱਝ ਨੀ ਕੀਤਾ, ਮੈ, ਮੈ … ''। 
ਉਹਦੇ ਬੋਲ ਨਹੀ ਸੀ ਨਿਕਲ ਰਹੇ, ਬਲਵੀਰ ਪਿੱਛੇ ਨੂੰ ਖਿਸਕਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਕਿਰਪਾਲ ਨੇ ਉਹਦੀ ਧੌਣ ਤੇ ਠਾਹ ਕਰਦੀ ਚਪੇੜ ਛੱਡ ਦਿੱਤੀ।
"ਤੂੰ ਕਿੱਧਰ ਨੂੰ ਚੱਲਿਆ ਓਏ"।ਸਭ ਸਾਝੀਵਾਲ ਹੈਰਾਨ, ਇਨਾ ਨੇ ਏਨਾ ਵੱਡਾ ਕਾਰਾ ਕਰ ਦਿੱਤਾ ?
"ਹਾ ਬਈ ਮੁੰਡਿਓ, ਮੈਨੂੰ ਪਤਾ ਬਈ ਤੁਹਾਡੇ ਵੱਸ ਦਾ ਇਹ ਰੋਗ ਨਹੀ, ਤੁਸੀ ਇਹ ਕਾਰਾ ਕੀਤਾ ਤਾ ਜਰੂਰ ਆ ਪਰ ਕੱਲਿਆ ਨੇ ਨਹੀ, ਜੇ ਅਪਣੀ ਖੱਲ ਬਚਾਉਣੀ ਆ ਤਾ ਮੇਰੇ ਇੱਕ ਵਾਰ ਕਹਿਣ ਤੇ ਅਸਲੀ ਬੰਦੇ ਦਾ ਨਾ ਲੈ ਦਿਓ, ਨਹੀ ਤਾ ਮੇਰਾ ਗੁੱਸਾ ਜੇ ਤੁਹਾਡੇ ਤੇ ਵਰ ਗਿਆ, ਪਤਾ ਨੀ ਮੁੜ ਅਪਣੇ ਪੈਰਾ ਤੇ ਖੜ ਸਕੋ ਜਾ ਨਾ"। 
ਕਰਤਾਰ ਨੇ ਜਦੋ ਦੋਵਾ ਨੂੰ ਅੱਖਾ ਦਿਖਾਈਆ ਤਾ ਉਹ ਪੈਰੀ ਪੈ ਗਏ ਤੇ ਰੋ ਰੋ ਕੇ ਸਾਰਾ ਹਾਲ ਸੁਣਾ ਦਿੱਤਾ, ਤਾਇਆ ਵੀ ਪਿੱਛੇ ਖੜਾ ਸੀ, ਉਹਦੇ ਹੋਸ਼ ਫਿਰ ਉਡਣੇ ਸ਼ੁਰੂ ਹੋ ਗਏ ਸਨ, ਐਮ ਐਲ ਏ ਨੇ ਕਿਹਾ ਸੀ ਕਿ ਕੋਈ ਪੁਲਸ ਵਾਲਾ ਉਹਦੀ ਵਾਅ ਵੱਲ ਨਹੀ ਦੇਖ ਸਕਦਾ, ਹੁਣ ਉਸਨੂੰ ਕੀ ਪਤਾ ਸੀ ਬਈ ਮੋਹਣ ਸਿੰਘ ਤੇ ਕਰਤਾਰ ਐਮ ਐਲ ਏ ਤੋ ਬਾਹਰੇ ਹੋਏ ਪਏ ਆ।
ਇਸ ਕਾਰੇ ਵਿੱਚ ਵੀ ਨੰਬਰਦਾਰ ਦਾ ਹੱਥ ਆ ਇਹ ਸੁਣ ਕੇ ਨੰਬਰਦਾਰ ਦੇ ਦੋਵਾ ਮੁੰਡਿਆ ਕੋਲੋ ਹੁਣ ਸਬਰ ਨਾ ਹੋਇਆ, ਉਹ ਉਠ ਕੇ ਮੋਹਰੇ ਆ ਗਏ … ।।
"ਜਨਾਬ, ਇਹ ਦੋਸ਼ੀ ਸਾਡਾ ਪਿਓ ਆ, ਏਹਦੇ ਜੁਲਮ ਹੁਣ ਬਹੁਤ ਹੋ ਗਏ, ਅਸੀ ਏਹਨੂੰ ਥੋੜਾ ਸਵਾਦ ਇਸ ਜੁਲਮ ਦਾ ਦੇਣਾ ਆ, ਸਾਨੂੰ ਰੋਕਿਓ ਨਾ"। 
ਮੁੰਡੇ ਹੱਥ ਜੋੜੀ ਖੜੇ ਸਨ, ਕਰਤਾਰ ਨੇ ਸੈਨਤ ਕਰ ਦਿੱਤੀ ਕਿ ਜੋ ਮਰਜੀ ਕਰੋ, ਬੱਸ ਫਿਰ ਕੀ ਸੀ, ਉਹਦੇ ਅਪਣੇ ਮੁੰਡਿਆ ਨੇ ਨੰਬਰਦਾਰ ਨੂੰ ਢਾਹ ਕੇ ਕੁਟਾਪਾ ਚਾੜਨਾ ਸ਼ੁਰੂ ਕਰ ਦਿੱਤਾ, ਹਰ ਕੋਈ ਚਾਹੁੰਦਾ ਸੀ ਕਿ ਨੰਬਰਦਾਰ ਦੇ ਛਿੱਤਰ ਪਰੇਡ ਕਰੇ, ਨੰਬਰਦਾਰ ਨੇ ਇਥੋ ਤੱਕ ਨਹੀ ਸੀ ਸੋਚਿਆ, ਹੁਣ ਕਿਹਦੀ ਮਾ ਨੂੰ ਮਾਸੀ ਕਹੇ ? ਉਹਦੀਆ ਚੀਕਾ ਲੋਕਾ ਦੀ ਛਾਤੀ ਵਿੱਚ ਠੰਡ ਪਾ ਰਹੀਆ ਸਨ, 

ਮੁੰਡੇ ਹੁਣ ਥੱਕ ਗਏ ਤੇ ਕਰਤਾਰ ਨੇ ਦੇਖਿਆ ਬੰਦਾ ਬਯੁਰਗ ਆ ਕਿਤੇ ਦਮ ਈ ਨਾ ਤੋੜ ਜਾਵੇ, ਇਹ ਦੇਖ ਕੇ ਉਸਨੇ ਮੁੰਡਿਆ ਨੂੰ ਹਟਾ ਦਿੱਤਾ, ਨਿੱਕਾ ਮੁੰਡਾ ਹਾਲੇ ਵੀ ਝਵੀਆ ਲੈ ਲੈ ਕੇ ਆਉਦਾ ਸੀ … 
"ਕੁੱਤਿਆ ਬੁੱਢਿਆ ਤੂੰ ਸਾਨੂੰ ਜੀਣ ਨੀ ਦੇਣਾ ਕੰਜਰਾ, ਕੁੱਤੇ ਦੀ ਪੂਛ ਸਿੱਧੀ ਨੀ ਹੁੰਦੀ, ਦੇਬੀ ਵੀਰ ਦੇ ਅਹਿਸਾਨਾ ਦਾ ਇਹ ਬਦਲਾ ਦਿੰਨਾ ਆ ?" 
ਤੇ ਧਾਹਾ ਮਾਰ ਉਠਿਆ ਮੁੰਡਾ, ਅਪਣੇ ਪਿਓ ਦੀ ਇਹ ਕਰਤੂਤ ਸਹਿ ਨਹੀ ਹੋਈ ਉਦੇ ਕੋਲੋ, ਦੇਬੀ ਉਸ ਨੂੰ ਹੌਸਲਾ ਦੇ ਰਿਹਾ ਸੀ … 
"ਬਾਈ ਸਾਰਾ ਕਸੂਰ ਤੇਰਾ, ਇਸ ਕੰਜਰ ਨੂੰ ਜੇ ਪਹਿਲੀ ਵਾਰੀ ਜੇਲ ਭੇਜਿਆ ਹੁੰਦਾ ਤਾ ਆਹ ਦਿਨ ਨਹੀ ਸੀ ਦੇਖਣੇ ਪੈਣੇ "। 
ਦਲੀਪ ਨੂੰ ਦੇਬੀ ਦੇ ਰਹਿਮਦਿਲ ਤੇ ਗੁੱਸਾ ਆ ਰਿਹਾ ਸੀ।
"ਇਹ ਲੋਕ ਇਨੇ ਪਾਪੀ ਆ, ਮੈਨੂੰ ਨਹੀ ਸੀ ਪਤਾ, ਮੈ ਤਾ ਦਿਲ ਦਾ ਕਿਹਾ ਮੰਨਦਾ ਰਿਹਾ ਤੇ ਦਿਮਾਗ ਕਦੇ ਵਰਤਿਆ ਹੀ ਨਹੀ, ਮੇਰੀ ਗਲਤੀ ਆ"। 
ਦੇਬੀ ਪਛਤਾ ਰਿਹਾ ਸੀ ਕਿ ਇੱਕ ਬੁੱਢਾ ਸਾਰੇ ਪਿੰਡ ਦੀ ਭੰਬੀਰੀ ਘੁਮਾਈ ਜਾ ਰਿਹਾ।
ਨੰਬਰਦਾਰ ਨੂੰ ਪਾਣੀ ਪਿਆਇਆ ਗਿਆ ਤੇ ਨਾਲ ਹੀ ਜਿਪਸੀ ਵਿੱਚ ਲੱਧ ਲਿਆ, ਤਰਸੇਮ ਤੇ ਬਲਵੀਰ ਦੂਜੀ ਜਿਪਸੀ ਵਿੱਚ ਬਿਠਾ ਲਏ, ਉਹ ਦੇਬੀ ਨੂੰ ਬਚਾਉਣ ਲਈ ਵਾਸਤੇ ਪਾ ਰਹੇ ਸਨ, ਪਰ ਇਸ ਤੋ ਪਹਿਲਾ ਕਿ ਦੇਬੀ ਉਨਾ ਦੀ ਸ਼ਿਫਾਰਿਸ਼ ਕਰਦਾ ਦਲੀਪ ਨੇ ਰੋਕ ਲਿਆ … ।
"ਬਾਈ, ਹੁਣ ਕੁੱਝ ਨਾ ਬੋਲੀ, ਹੁਣ ਮਾਮਲਾ ਸਾਨੂੰ ਹੱਲ ਕਰਨ ਦੇ"। 
ਕਰਤਾਰ ਸਰਪੰਚ ਨੂੰ ਕੁੱਝ ਹਦਾਇਤਾ ਦੇ ਕੇ ਦੋਸ਼ੀਆ ਨੂੰ ਲੈ ਕੇ ਨਕੋਦਰ ਵੱਲ ਚੱਲ ਪਿਆ, ਸਾਰੇ ਪਿੰਡ ਵਿੱਚ ਨੰਬਰਦਾਰ ਦੀ ਕਰਤੂਤ ਦਾ ਪਤਾ ਲੱਗ ਗਿਆ ਸੀ, ਕੁੱਝ ਲੋਕ ਨੰਬਰਦਾਰ ਦੇ ਪਰਵਾਰ ਨੂੰ ਵੀ ਗਾਲਾ ਦੇ ਰਹੇ ਸਨ, ਇਸ ਗੱਲ ਦਾ ਦੇਬੀ ਨੇ ਸਖਤ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਜੋ ਗਲਤੀ ਕਰੇਗਾ ਸਜਾ ਵੀ ਉਹੀ ਪਾਵੇਗਾ, ਉਸਦੀ ਔਲਾਦ ਤੇ ਘਰਵਾਲੀ ਨਹੀ, ਨੰਬਰਦਾਰ ਦੇ ਮੁੰਡਿਆ ਨੇ ਤਾ ਇਹ ਵੀ ਕਹਿ ਦਿੱਤਾ ਸੀ ਕਿ ਅਸੀ ਨਾ ਉਹਦੀ ਪੈਰਵਾਈ ਕਰਨੀ ਆ ਤੇ ਨਾ ਉਹਨੂੰ ਘਰ ਵੜਨ ਦੇਣਾ ਆ, ਬਾਕੀ ਸਾਝੀਵਾਲ ਦੁਖੀ ਹੋਏ ਕੰਮਾ ਨੂੰ ਤੁਰ ਗਏ, ਮੱਝਾ ਸਵੇਰੇ ਚੋ ਨਹੀ ਸੀ ਹੋਈਆ, ਤੇ ਹੁਣ ਚੋ ਹੋਣ ਲਈ ਅੜਿੰਗ ਰਹੀਆ ਸਨ, ਕੁੱਝ ਬੰਦਿਆ ਨੂੰ ਪਿੰਡਾ ਦੇ ਹਲਵਾਈਆ ਵੱਲ ਤੋਰ ਕੇ ਦਲੀਪ ਆਪ ਜਲੰਧਰ ਕੁੱਝ ਦੁੱਧ ਦੇ ਵਪਾਰੀਆ ਨਾਲ ਗੱਲ ਕਰਨ ਚਲੇ ਗਿਆ, ਸਰਕਾਰੀ ਹਦਾਇਤ ਸੀ ਕਿ ਅਗਲੇ ਦੁੱਧ ਦਾ ਪਹਿਲਾ ਸੈਪਲ ਭਰਿਆ ਜਾਵੇਗਾ ਤੇ ਚੈਕ ਕਰਨ ਤੋ ਬਾਅਦ ਵਰਤੋ ਲਈ ਫਰੀ ਕੀਤਾ ਜਾਵੇਗਾ, ਇੱਕ ਪੁਲੀਸ ਮੁਲਾਜਮ ਦੀ ਏਸੇ ਕੰਮ ਦੀ ਡਊਟੀ ਲਗਾ ਦਿੱਤੀ ਗਈ ਸੀ, ਸ਼ਮਸ਼ੇਰ ਕਿਸੇ ਕੰਮ ਥਾਣੇ ਆਇਆ ਹੋਇਆ ਸੀ ਤੇ ਉਧਰੋ ਕਰਤਾਰ ਹੋਰੀ ਤਿੰਨਾ ਦੋਸ਼ੀਆ ਨੂੰ ਲੈ ਕੇ ਆ ਗਏ, ਜਿਪਸੀ ਚੋ ਉਤਰਦਿਆ ਨੰਬਰਦਾਰ ਨੇ ਸ਼ਮਸ਼ੇਰ ਨੂੰ ਦੇਖ ਲਿਆ ਸੀ,
"ਓਹ ਸਰਦਾਰਾ ਦੇਖ ਲਾ ਮੇਰਾ ਕੀ ਹਾਲ ਕਰ ਦਿੱਤਾ"। ਸ਼ਮਸ਼ੇਰ ਨੂੰ ਦੇਖ ਕੇ ਤਾਏ ਦੇ ਸਾਹ ਵਿੱਚ ਸਾਹ ਆਇਆ।
"ਇਹ ਅਪਣਾ ਬੰਦਾ ਆ, ਏਹਦੀ ਆਹ ਹਾਲਤ ਕੀਹਨੇ ਕੀਤੀ ਆ ?" 
ਸ਼ਮਸ਼ੇਰ ਨੂੰ ਗੁੱਸਾ ਆ ਗਿਆ।
"ਤੁਹਾਡਾ ਬੰਦਾ ਤਾ ਠੀਕ ਆ ਸ਼ਮਸ਼ੇਰ ਜੀ ਪਰ ਇਹਨੇ ਗੁਨਾਹ ਬਹੁਤ ਵੱਡਾ ਕੀਤਾ"।
ਕਰਤਾਰ ਨੇ ਦੱਸਿਆ।

"ਕੀ ਸਬੂਤ ਆ ਇਹਦੇ ਗੁਨਾਹ ਦਾ ?" 
ਸ਼ਮਸ਼ੇਰ ਨੂੰ ਲਗਦਾ ਸੀ ਕਿਤੇ ਕੋਈ ਪੰਗਾ ਪੈ ਗਿਆ।
"ਆਹ ਦੋਵਾ ਮੁੰਡਿਆ ਕੋਲੋ ਇਸ ਨੇ ਦੁੱਧ ਵਿੱਚ ਜਹਰੀਲੇ ਪਦਾਰਥ ਪਵਾ ਕੇ ਅੱਧੇ ਸ਼ਹਿਰ ਨੂੰ ਬਿਮਾਰ ਕਰਤਾ"। 
ਕਰਤਾਰ ਨੇ ਦੱਸਿਆ।
"ਇਹ ਮੁੰਡੇ ਝੂਠ ਬੋਲਦੇ ਆ, ਇਨਾ ਦੀ ਜਰਾ ਤੌਣੀ ਲਾਹੋ ਫੇਰ ਸੱਚ ਉਗਲਣਗੇ, ਨੰਬਰਦਾਰ ਸ਼ਰੀਫ ਆਦਮੀ ਆ, ਮੈ ਇਹਦੀ ਜਮਾਨਤ ਦਿੰਨਾ"। 
ਸ਼ਮਸ਼ੇਰ ਨੰਬਰਦਾਰ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ।
"ਸ਼ਮਸ਼ੇਰ ਜੀ ਇਹ ਤਾ ਹੁਣ ਸਿੱਧਾ ਹਵਾਲਾਤ ਜਾਊ, ਤੇ ਤੁਸੀ ਹੁਣ ਮੈਨੂੰ ਮੇਰਾ ਕੰਮ ਕਰਨ ਦਿਓ"।  ਕਰਤਾਰ ਨੂੰ ਸ਼ਮਸ਼ੇਰ ਤੇ ਗੁੱਸਾ ਆ ਰਿਹਾ ਸੀ।
"ਸਾਡਾ ਬੰਦਾ ਜੇ ਹਵਾਲਾਤ ਜਾਊ ਤਾ ਇਹਨੂੰ ਹਵਾਲਾਤ ਭੇਜਣ ਵਾਲਾ ਵੀ ਏਥੇ ਨੀ ਰਹਿਣਾ"। ਸ਼ਮਸ਼ੇਰ ਅਪਣੀ ਸਿਆਸੀ ਪਾਵਰ ਦਿਖਾ ਰਿਹਾ ਸੀ।
"ਇਹ ਧਮਕੀ ਤੁਸੀ ਕਿਸੇ ਹੋਰ ਨੂੰ ਦੇਇਓ, ਬਦਲੀ ਕਰਾਉਗੇ ਮੇਰੀ ? ਉਦੋ ਤੱਕ ਮੈ ਏਹਦੇ ਪੇਪਰ ਬਣਾ ਕੇ ਕੇਸ ਫਾਈਲ ਕਰ ਦੇਣਾ"। 
ਤੇ ਕਰਤਾਰ ਉਹਨਾ ਨੂੰ ਲੈ ਕੇ ਦਫਤਰ ਜਾ ਵੜਿਆ, ਉਸ ਨੂੰ ਪਤਾ ਸੀ ਕਿ ਥੋੜੀ ਦੇਰ ਤੱਕ ਐਮ ਐਲ ਏ ਦਾ ਫੋਨ ਆ ਜਾਣਾ ਤੇ ਕੰਮ ਖਰਾਬ ਹੋਊ, ਉਸਨੇ ਝੱਟ ਪੱਟ ਕਾਗਜੀ ਕਾਰਵਾਈ ਕੀਤੀ ਤੇ ਨੰਬਰਦਾਰ ਤੇ ਦੂਜੇ ਦੋਵਾ ਦੇ ਸਾਈਨ ਕਰਾ ਕੇ ਤਿੰਨਾ ਨੂੰ ਹਵਾਲਾਤ ਵਿੱਚ ਭੇਜ ਦਿੱਤਾ, ਕਾਫੀ ਸਮਾ ਬੀਤ ਗਿਆ ਸੀ ਕੋਈ ਫੋਨ ਨਹੀ ਆਇਆ, ਇਸਦਾ ਮਤਲਬ ਸੀ ਕੁੱਝ ਹੋਰ ਹੋਵੇਗਾ, ਕਰਤਾਰ ਨੇ ਮੋਹਣ ਸਿੰਘ ਨੂੰ ਧਿਆਨ ਰੱਖਣ ਲਈ ਕਿਹਾ ਤੇ ਆਪ ਡਾਕਟਰ ਸੰਧੂ ਨਾਲ ਸਲਾਹ ਮਸ਼ਵਰਾ ਕਰਨ ਚਲੇ ਗਿਆ, ਅਗਲੀ ਸਵੇਰੇ ਹਾਲੇ ਦਸ ਵੱਜੇ ਸਨ ਕਿ ਜਲੰਧਰੋ ਐਸ ਪੀ ਖੁਦ ਇੱਕ ਡੀ ਐਸ ਪੀ ਨੂੰ ਨਾਲ ਲੈ ਕੇ ਅਤੇ ਕਰਤਾਰ ਦੀ ਬਦਲੀ ਦੇ ਆਰਡਰ ਲੈ ਕੇ ਆ ਗਿਆ, ਇਹ ਉਹੀ ਐਸ ਪੀ ਸੀ ਜਿਹੜਾ ਕਰਤਾਰ ਦਾ ਮਦਦਗਾਰ ਸੀ … ।
"ਕਰਤਾਰ ਸੋਰੀ ਯਾਰ, ਉਪਰੋ ਆਰਡਰ ਆਏ ਆ, ਤਿੰਨਾ ਦੋਸ਼ੀਆ ਦੀ ਜਮਾਨਤ ਐਮ ਐਲ ਏ ਨੇ ਆਪ ਦਿੱਤੀ ਆ, ਤੇ ਤੂੰ ਚੱਲ ਅਮਰਿਤਸਰ"। 
ਐਸ ਪੀ ਵੀ ਹੁਕਮ ਦਾ ਬੱਧਾ ਸੀ।
"ਜਨਾਬ ਇਸ ਗੱਲ ਦਾ ਮੈਨੂੰ ਪਹਿਲਾ ਹੀ ਪਤਾ ਸੀ, ਪਰ ਬਹੁਤ ਜੁਲਮ ਹੋਇਆ ਡੇਅਰੀ ਵਾਲਿਆ ਨਾਲ, ਜੇ ਇਨਾ ਨਾਲ ਜਿਆਦਾ ਧੱਕਾ ਹੋਇਆ ਤਾ ਰੱਬ ਨੇ ਸਾਨੂੰ ਵੀ ਮਾਫ ਨਹੀ ਕਰਨਾ"। 
ਕਰਤਾਰ ਹੁਣ ਬੇਵੱਸ ਹੋ ਗਿਆ ਸੀ।
"ਮੈ ਵੀ ਕੁੱਝ ਨੀ ਕਰ ਸਕਦਾ ਕਰਤਾਰ, ਆਹ ਭੁੱਲਰ ਸਾਹਿਬ ਨੂੰ ਚਾਰਜ ਦੇ ਕੇ ਤੁਸੀ ਅਪਣੀ ਰਿਪੋਰਟ ਮੇਰੇ ਕੋਲ ਭੇਜ ਦੇਣਾ"। 
ਤੇ ਐਸ ਪੀ ਜਲੰਧਰ ਨੂੰ ਰਵਾਨਾ ਹੋ ਗਿਆ, ਪੰਜਾਬ ਦੇ ਸਿਆਸੀ ਲੋਕ ਪੁਲੀਸ ਅਫਸਰਾ ਨੂੰ ਲੋਕਾ ਦਾ ਕੰਮ ਕਰਨ ਕਿੱਥੇ ਦਿੰਦੇ ਆ, ਬੱਸ ਆਪੋ ਆਪਣੇ ਕੰਮਾ ਵਿੱਚ ਭਜਾਈ ਫਿਰਦੇ ਆ, ਤਿੰਨੇ ਦੋਸ਼ੀ ਜਮਾਨਤ ਤੇ ਰਿਹਾਅ, ਨੰਬਰਦਾਰ ਨੂੰ ਸ਼ਮਸ਼ੇਰ ਨੇ ਪਿੱਕ ਅੱਪ ਕਰ ਲਿਆ ਸੀ, ਤਰਸੇਮ ਤੇ ਬਲਵੀਰ ਹੁਣ ਪਿੰਡ ਨਹੀ ਸੀ ਜਾਣਾ ਚਾਹੁੰਦੇ, ਉਨਾ ਨੂੰ ਪਤਾ ਸੀ ਕਿ ਪਿੰਡ ਸ਼ਿਤਰੌੜ ਫਿਰਨੀ ਆ, ਉਨਾ ਤਾਏ ਨੂੰ ਕਿਹਾ ਕਿ ਉਨਾ ਨੂੰ ਵੀ ਨਾਲ ਲੈ ਜਾਵੇ, ਪਰ ਤਾਏ ਨੇ ਤਰਸੇਮ ਦੇ ਠਾਹ ਕਰਦੀ ਚਪੇੜ ਮਾਰੀ ਤੇ ਨਾਲੇ ਕਿਹਾ … ।
"ਹੁਣ ਤੁਹਾਡੀ ਕੋਈ ਲੋੜ ਨੀ ਗਦਾਰੋ, ਜੇ ਤੁਸੀ ਦੇਬੀ ਨਾਲ ਗਦਾਰੀ ਕਰ ਸਕਦੇ ਓ ਤਾ ਮੇਰੇ ਕਿਹੜੇ ਕੰਮ ਆਓਗੇ ?" 
ਤੇ ਤਾਇਆ ਸ਼ਮਸ਼ੇਰ ਨਾਲ ਜੀਪ ਵਿੱਚ ਬਹਿ ਕੇ ਉਡ ਗਿਆ।
ਇਹ ਦੋਵੇ ਹੁਣ ਨਾ ਘਰ ਦੇ ਰਹੇ ਸਨ ਨਾ ਘਾਟ ਦੇ, ਕੀ ਕਰਨ ? ਕਿੱਥੇ ਜਾਣ ?
ਜੇ ਕੁੱਝ ਦਿਨ ਕਿਸੇ ਰਿਸ਼ਤੇਦਾਰ ਕੋਲ ਵੀ ਚਲੇ ਗਏ ਤਾ ਹਰ ਥਾ ਉਨਾ ਦੀ ਕਰਤੂਤ ਦਾ ਪਤਾ ਲੱਗ ਜਾਣਾ, ਤਰਸੇਮ ਦਾ ਦਿਲ ਬਹੁਤਾ ਹਿੱਲ ਗਿਆ ਸੀ, ਉਸ ਨੂੰ ਵਾਰ ਵਾਰ ਤਾਏ ਦਾ ਗਦਾਰ ਸ਼ਬਦ ਯਾਦ ਆ ਰਿਹਾ ਸੀ, ਉਹ ਵਾਕਿਆ ਹੀ ਗਦਾਰ ਸੀ, ਦੇਬੀ ਨੇ ਉਨਾ ਨੂੰ ਰੋਟੀ ਤੇ ਲਾਇਆ ਤੇ ਉਨਾ ਕੀ ਸਿਲਾ ਦਿੱਤਾ? ਕਦੇ ਧੰਨਵਾਦ ਤਾ ਕੀ ਕਰਨਾ ਸੀ ਸਗੋ ਸਾਰੇ ਪਿੰਡ ਦੀ ਰੋਟੀ ਤੇ ਲੱਤ ਮਾਰੀ ਸੀ, ਤੇ ਕਿੰਨੇ ਲੋਕ ਇਸ ਜਹਿਰੀਲੇ ਪਦਾਰਥ ਨਾਲ ਮਰ ਵੀ ਸਕਦੇ ਸਨ, ਤਰਸੇਮ ਨੂੰ ਹੁਣ ਸਭ ਕੁੱਝ ਖਤਮ ਹੋਇਆ ਲਗਦਾ ਸੀ, ਉਹ ਕਿਹੜੇ ਮੂੰਹ ਨਾਲ ਹੁਣ ਪਿੰਡ ਜਾਵੇ ? ਸਾਰੀ ਉਮਰ ਐਸਾ ਜੀਵਨ ਜੀਉਣ ਨਾਲੋ ਮਰਨਾ ਚੰਗਾ ਆ, ਮਰਨਾ ? ਹਾ, ਮਰ ਕੇ ਹੀ ਹੁਣ ਕੋਈ ਮਸਲਾ ਹੱਲ ਹੋ ਸਕਦਾ, ਤਾਇਆ ਪਿੱਠ ਦਿਖਾ ਗਿਆ, ਪਿੰਡ ਦੇ ਹੁਣ ਪੱਕੇ ਵੈਰੀ ਬਣ ਜਾਣੇ ਆ, ਹੁਣ ਦੇਬੀ ਵੀ ਉਨਾ ਨੂੰ ਮਾਫ ਨਹੀ ਕਰਨ ਲੱਗਾ, ਜੀਵਨ ਲੀਲਾ ਸਮਾਪਤ ਕਰਨੀ ਹੀ ਠੀਕ ਆ, ਉਹ ਦੋਵੇ ਬੱਸ ਅੱਡੇ ਵੱਲ ਤੁਰੇ ਜਾ ਰਹੇ ਸਨ, ਬਲਵੀਰ ਵਿੱਚ ਕੋਈ ਸਾਹ ਸਤ ਨਹੀ ਸੀ, ਸਾਰੀ ਦੁਨੀਆ ਹਨੇਰ ਜਾਪਦੀ ਸੀ, ਬਲਵੀਰ ਅਪਣੀਆ ਸੋਚਾ ਦੇ ਵਹਿਣ ਵਿੱਚ ਤਰਸੇਮ ਦੇ ਨਾਲ ਤੁਰਿਆ ਹੀ ਜਾ ਰਿਹਾ ਸੀ ਕਿ ਉਸ ਨੂੰ ਉਦੋ ਹੋਸ਼ ਆਈ ਜਦੋ ਤਰਸੇਮ ਸਾਹਮਣਿਓ ਆਉਦੀ ਬੱਸ ਮੋਹਰੇ ਆ ਡਿੱਗਿਆ, ਬੱਸ ਵਾਲੇ ਨੇ ਜੋਰਦਾਰ ਬਰੇਕਾ ਮਾਰੀਆ ਪਰ ਅਗਲਾ ਤੇ ਪਿਛਲਾ ਟਾਈਰ ਉਦੋ ਤੱਕ ਤਰਸੇਮ ਦੇ ਉਪਰ ਦੀ ਲੰਘ ਚੁੱਕਿਆ ਸੀ, ਬਲਵੀਰ ਥਾ ਤੇ ਖੜਾ ਹੀ ਚੀਕਾ ਮਾਰੀ ਜਾ ਰਿਹਾ ਸੀ, ਲੋਕ ਇਕੱਠੇ ਹੋ ਗਏ ਸਨ, ਕਿਸੇ ਨੇ ਹਸਪਤਾਲ ਫੋਨ ਕਰ ਦਿੱਤਾ ਸੀ, ਹਸਪਤਾਲ ਨੇੜੇ ਹੋਣ ਕਾਰਨ ਅਤੇ ਡੇਅਰੀ ਕਾਂਡ ਕਰਕੇ ਹਾਲੇ ਵੀ ਸਾਰੇ ਬਹੁਤ ਹੁਸ਼ਿਆਰੀ ਨਾਲ ਕੰਮ ਕਰ ਰਹੇ ਸਨ, ਡਾਕਟਰ ਸੰਧੂ ਨੇ ਮੌਕਾ ਦੇਖਿਆ, ਪਰ ਭੌਰ ਉਡਾਰੀ ਮਾਰ ਚੁੱਕਾ ਸੀ, ਇਹ ਨੌਜੁਆਨ ਇੱਕ ਚਿੱਟੀ ਦਾਹੜੀ ਦੇ ਤਜਰਬੇ ਦੀ ਝਾਲ ਨਾ ਝੱਲ ਸਕਦਾ ਹੋਇਆ ਇਸ ਦੁਨੀਆ ਦੇ ਦੁੱਖਾ ਤੋ ਛੁਟਕਾਰਾ ਪਾ ਗਿਆ ਸੀ, ਪਿੰਡ ਸੁਨੇਹਾ ਭੇਜਿਆ ਗਿਆ, ਜੀਹਨੇ ਵੀ ਸੁਣਿਆ ਸ਼ਹਿਰ ਨੂੰ ਦੌੜ ਪਿਆ, ਤਰਸੇਮ ਦੇ ਘਰ ਵੈਣ ਪੈਣ ਲੱਗ ਪਏ ਸਨ, ਇਹ ਖਬਰ ਸੁਣ ਕੇ ਪਹਿਲੀ ਵਾਰ ਦੇਬੀ ਬੱਚਿਆ ਵਾਗ ਰੋਇਆ ਸੀ … ।
"ਮੈ ਤੁਹਾਡਾ ਭਲਾ ਕਰਨ ਆਇਆ ਸੀ ਪਿੰਡ ਵਾਲਿਓ, ਜਾਨਾਂ ਲੈਣ ਨਹੀ"। 
ਤਰਸੇਮ ਦੀ ਮੌਤ ਦੇਬੀ ਦੇ ਵਿਸ਼ਵਾਸ਼ ਦੀ ਅਧਾਰ ਸ਼ਿਲਾ ਨੂੰ ਤੋੜ ਗਈ ਸੀ, ਪਹਿਲਾ ਕਾਕੇ ਦੀ ਮੌਤ ਤੇ ਹੁਣ ਤਰਸੇਮ? ਜੇ ਉਹ ਇਥੇ ਨਾ ਆਉਦਾ ਤਾ ਐਸੇ ਕੇਸ ਹੋਣੇ ਹੀ ਨਹੀ ਸੀ।
"ਕਾਕਾ ਏਦੇ ਵਿੱਚ ਤੇਰਾ ਕੀ ਦੋਸ਼, ਗਲਤੀ ਸਾਡੇ ਮੁੰਡੇ ਦੀ ਆ, ਹੁਣ ਜਦੋ ਸਮਝ ਆਈ ਹੋਊ ਤਾ ਆਤਮਾ ਦੀ ਲਾਹਨਤ ਸਹਾਰ ਨੀ ਹੋਈ, ਉਹ ਨਰਮ ਦਿਲ ਦਾ ਸੀ ਮੇਰਾ ਪੁੱਤ"। 
ਤਰਸੇਮ ਦੇ ਪਿਓ ਨੇ ਦੇਬੀ ਨੂੰ ਅਪਣੇ ਆਪ ਨੂੰ ਦੋਸ਼ੀ ਨਾ ਮੰਨਣ ਲਈ ਕਿਹਾ ਤੇ ਨਾਲੇ ਅਪਣੇ ਪੁੱਤ ਦੀ ਮੌਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।

ਸਾਰਾ ਪਿੰਡ ਹੁਣ ਹਸਪਤਾਲ ਇਕੱਠਾ ਹੋ ਗਿਆ ਸੀ, ਤਰਸੇਮ ਦੀ ਲਾਸ਼ ਦੇ ਵੱਖੋ ਵੱਖਰੇ ਟੁਕੜੇ ਹਸਪਤਾਲ ਇੱਕ ਸਟਰੈਚਰ ਤੇ ਪਏ ਸਨ, ਜਿਹੜਾ ਦੇਖਦਾ ਬਾਹਰ ਨੂੰ ਭੱਜਦਾ, ਤਰਸੇਮ ਦੀ ਮਾ ਨੂੰ ਗਸ਼ ਪੈ ਗਈ ਸੀ ਤੇ ਡਾਕਟਰ ਉਹਦੇ ਦੁਆਲੇ ਹੋਇਆ ਪਿਆ ਸੀ, ਹੁਣ ਹੋਰ ਕਿਸੇ ਨੂੰ ਤਰਸੇਮ ਦੀ ਲਾਸ਼ ਕੋਲ ਆਉਣੋ ਰੋਕ ਦਿੱਤਾ ਗਿਆ ਸੀ, ਡਾਕਟਰ ਦਾ ਖਿਆਲ ਸੀ ਕਿ ਤਾਜੀ ਸੱਟ ਆ ਦਿਲਾ ਤੇ, ਥੋੜੀ ਦੇਰ ਤੱਕ ਲੋਕ ਕੁੱਝ ਸਮਝਣ ਦੀ ਕੋਸ਼ਿਸ਼ ਕਰਨਗੇ ਤੇ ਸਦਮਾ ਸਹਿਣਾ ਸੌਖਾ ਹੋ ਜਾਊ, ਲੋਕ ਨੰਬਰਦਾਰ ਨੂੰ ਤਰਸੇਮ ਦੀ ਮੌਤ ਦਾ ਦੋਸ਼ੀ ਠਹਿਰਾ ਰਹੇ ਸਨ, ਇਸ ਕਮੀਨੇ ਨੇ ਹੀ ਉਨਾ ਮਾਸੂਮਾ ਨੂੰ ਗਲਤ ਰਾਹ ਤੇ ਤੋਰਿਆ ਸੀ, ਬਲਵੀਰ ਨੂੰ ਲੋਕਾ ਨੇ ਹੌਸਲਾ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਘਬਰਾਵੇ ਨਾ ਸਾਰਾ ਕਸੂਰ ਨੰਬਰਦਾਰ ਦਾ ਆ, ਲੋਕਾ ਨੂੰ ਡਰ ਸੀ ਕਿ ਕਿਧਰੇ ਬਲਵੀਰ ਵੀ ਕੋਈ ਕਾਰਾ ਨਾ ਕਰ ਬੈਠੇ, ਬਲਵੀਰ ਨੂੰ ਪਿੰਡ ਪੁਚਾ ਦਿੱਤਾ ਗਿਆ ਸੀ ਤੇ ਕੁੱਝ ਬੰਦਿਆ ਦੀ ਡਿਊਟੀ ਸੀ ਕਿ ਉਸਦਾ ਧਿਆਨ ਰੱਖਣ।
ਲੋਕ ਨੰਬਰਦਾਰ ਨੂੰ ਲੱਭ ਰਹੇ ਸਨ ਪਰ ਉਹ ਸ਼ਮਸ਼ੇਰ ਨਾਲ ਡੀਲਕਸ ਰੈਸਟੋਰੈਟ ਵਿੱਚ ਲੁਕਿਆ ਬੈਠਾ ਸੀ, ਉਹਦੇ ਕੋਲ ਵੀ ਤਰਸੇਮ ਦੀ ਆਤਮਹੱਤਿਆ ਦੀ ਖਬਰ ਪਹੁੰਚ ਗਈ ਸੀ, ਉਹਦਾ ਕਠੋਰ ਦਿਲ ਵੀ ਹਿੱਲ ਗਿਆ ਸੀ … 
"ਸ਼ਮਸ਼ੇਰ ਸਿਆ, ਮੁੰਡੇ ਨਾਲ ਮਾੜੀ ਹੋਈ ਆ, ਗੱਲ ਮੌਤ ਤੱਕ ਪਹੁੰਚ ਜਾਊ ਇਹ ਮੈ ਨਹੀ ਸੀ ਸੋਚਿਆ"। 
ਨੰਬਰਦਾਰ ਖੁਦ ਨੂੰ ਤਰਸੇਮ ਦਾ ਕਾਤਲ ਮੰਨ ਰਿਹਾ ਸੀ।
"ਐਵੇ ਮੋਕ ਨਾ ਮਾਰੀ ਜਾ ਨੰਬਰਦਾਰਾ, ਜੰਗ ਵਿੱਚ ਲਾਸ਼ਾ ਡਿਗਦੀਆ ਈ ਹੁੰਦੀਆ, ਕੋਈ ਬਿਮਾਰ ਹੋ ਕੇ ਮਰ ਜਾਦਾ ਤੇ ਕੋਈ ਤੁਰਿਆ ਫਿਰਦਾ, ਤੂੰ ਅਪਣੇ ਕੰਮ ਵੱਲ ਧਿਆਨ ਰੱਖ"। 
ਸ਼ਮਸ਼ੇਰ ਵਾਸਤੇ ਏਹੋ ਜਿਹੀਆ ਘਟਨਾਵਾ ਆਮ ਸਨ ਪਰ ਨੰਬਰਦਾਰ ਸੋਚ ਰਿਹਾ ਸੀ ਜੇ ਉਹ ਮੁੰਡਿਆ ਨੂੰ ਨਾਲ ਲੈ ਆਉਦਾ ਤਾ ਇਹ ਘਟਨਾ ਨਹੀ ਸੀ ਵਾਪਰਨੀ, ਹੁਣ ਜਦੋ ਉਹ ਪਿੰਡ ਜਾਊ ਲੋਕ ਉਹਦਾ ਕੀ ਹਾਲ ਕਰਨਗੇ ਇਹ ਨੰਬਰਦਾਰ ਸੋਚ ਕੇ ਕੰਬ ਗਿਆ, ਉਸਨੇ ਸਾਹਮਣੇ ਪਿਆ ਪੈਗ ਖਾਲੀ ਕਰ ਕੇ ਹੋਰ ਭਰ ਲਿਆ, ਹੌਸਲਾ ਉਸ ਦਾ ਸਾਥ ਛੱਡੀ ਜਾ ਰਿਹਾ ਸੀ।
ਸ਼ਮਸ਼ੇਰ ਨੇ ਐਮ ਐਲ ਏ ਨੂੰ ਫੋਨ ਕਰਕੇ ਸਾਰਾ ਹਾਲ ਦੱਸ ਦਿੱਤਾ ਸੀ ਤੇ ਇਹ ਵੀ ਕਹਿ ਦਿੱਤਾ ਸੀ ਨੰਬਰਦਾਦ ਥਿੜਕ ਰਿਹਾ, ਐਮ ਐਲ ਏ ਨੇ ਅਪਣੇ ਸਾਰੇ ਕੰਮ ਛੱਡ ਦਿੱਤੇ ਤੇ ਨਕੋਦਰ ਆ ਵੱਜਿਆ, ਨੰਬਰਦਾਰ ਨੂੰ ਥਾਪੜਾ ਦਿੱਤਾ ਤੇ ਕਈ ਤਰਾ ਦੇ ਹੋਰ ਲਾਲਚ ਦਿੱਤੇ, ਨਾਲ ਇਹ ਪੇਸ਼ਕਸ਼ ਵੀ ਕਰ ਦਿੱਤੀ ਕਿ ਉਹ ਜੇ ਚਾਹੇ ਤਾ ਚੰਡੀਗੜ ਆ ਕੇ ਰਹਿ ਸਕਦਾ ਆ ਪਰ ਪਹਿਲਾ ਏਥੇ ਸ਼ਮਸ਼ੇਰ ਕੋਲ ਰਹਿ ਕੇ ਕੰਮ ਪੂਰਾ ਕਰੇ ਤੇ ਨੋਟਾਂ ਦੀ ਇੱਕ ਥਹੀ ਹੋਰ ਉਹਦੇ ਮੋਹਰੇ ਰੱਖ ਦਿੱਤੀ, ਨੰਬਰਦਾਰ ਫਿਰ ਹੌਸਲਾ ਫੜ ਗਿਆ, ਹੁਣ ਉਹ ਇਸ ਕੰਮ ਨੂੰ ਛੇਤੀ ਤੋ ਛੇਤੀ ਨੇਪਰੇ ਚਾੜਨਾ ਚਾਹੁੰਦਾ ਸੀ, ਸ਼ਮਸ਼ੇਰ ਨੂੰ ਲੈ ਕੇ ਉਸ ਨੇ ਗੁਰਬਚਨ ਵੱਲ ਚਾਲੇ ਪਾ ਦਿੱਤੇ, ਜਾਦੇ ਨੂੰ ਗੁਰਬਚਨ ਨੇ ਖੁਸ਼ਖਬਰੀ ਸੁਣਾਉਦੇ ਮੁਖਤਾਰ ਨਾਮੇ ਦਾ ਕਾਗਜ ਫੜਾ ਦਿੱਤਾ।
"ਹੁਣ ਦੇਖੀ ਗੁਰਬਚਨ ਸਿਆ ਨੰਬਰਦਾਰ ਦੀ ਖੇਡ"। 
ਉਹ ਗੁਰਬਚਨ ਨੂੰ ਨਾਲ ਲੈ ਕੇ ਜਲੰਧਰ ਆ ਗਿਆ, ਹਰ ਦਫਤਰ ਵਿੱਚ ਹਰ ਕਲਰਕ ਨੰਬਰਦਾਰ ਦੀ ਗੱਲ ਸੁਣ ਰਿਹਾ ਸੀ ਜਿਹੜਾ ਨਹੀ ਸੀ ਸੁਣਦਾ ਉਸ ਨੂੰ ਸ਼ਮਸ਼ੇਰ ਸੁਣਾ ਦਿੰਦਾ, ਨਕਲੀ ਕਾਗਜਾ ਦੀ ਤਿਆਰੀ ਤੇ ਨਕਲੀ ਗੁਰਦਾਵਰੀਆ, ਤੇ ਨਕਲੀ ਅੰਗੂਠੇ ਲਵਾ ਕੇ ਦੋ ਦਿਨਾ ਵਿੱਚ ਸ਼ਮਸ਼ੇਰ ਤੇ ਨੰਬਰਦਾਰ ਨੇ ਜੋ ਸਕੀਮ ਤਿਆਰ ਕੀਤੀ ਸੀ ਉਹ ਇਹ ਸੀ ਕਿ ਸਰੂਪ ਸਿੰਘ ਨੂੰ ਉਹਦੇ ਪਿਓ ਵੱਲੋ ਜਾਇਦਾਦ ਵਿਚੋ ਬੇਦਖਲ ਸਾਬਿਤ ਕਰ ਦਿੱਤਾ ਸੀ, ਕਾਗਜਾ ਤੇ ਲੱਗਾ ਅਗੂੰਠਾ ਉਹਦੇ ਪਿਓ ਦਾ ਹੈ ਜਾ ਕਿਸੇ ਹੋਰ ਦਾ, ਇਥੋ ਤੱਕ ਗੱਲ ਹੀ ਕਿਸ ਨੇ ਪਹੁੰਚਣ ਦੇਣੀ ਸੀ ?
ਜੇ ਸਰੂਪ ਸਿੰਘ ਬੇਦਖਲ ਹੈ ਤਾ ਉਸਦੀ ਔਲਾਦ ਦਾ ਕੋਈ ਹੱਕ ਵੈਸੇ ਹੀ ਨਹੀ ਬਣਦਾ, ਰਹਿ ਗਿਆ ਕਨੇਡਾ ਵਾਲਾ ਤਾਇਆ ? ਉਸਨੇ ਆਮ ਮੁਖਤਾਰ ਗੁਰਬਚਨ ਸਿੰਘ ਨੂੰ ਬਣਾ ਦਿੱਤਾ ਸੀ, ਸਾਰੇ ਕਾਗਜ ਕੱਠੇ ਕਰ ਕੇ ਗੁਰਬਚਨ ਸਿੰਘ ਨੇ ਨਕੋਦਰ ਕੇਸ ਦਾਇਰ ਕਰਨਾ ਸੀ, ਬਾਕੀ ਦੀ ਤਿਆਰੀ ਉਸ ਨੂੰ ਸਮਝਾ ਕੇ ਨੰਬਰਦਾਰ ਨਕੋਦਰ ਵਾਪਿਸ ਆ ਗਿਆ ਤੇ ਆਉਦੇ ਹੀ ਸ਼ਮਸ਼ੇਰ ਨੂੰ ਭੇਜ ਕੇ ਕੁੱਝ ਪੀੜਤ ਜਿਨਾ ਨੇ ਮੁਆਵਜੇ ਦਾ ਕੇਸ ਕੀਤਾ ਸੀ ਉਨਾ ਦੀ ਮਦਦ ਨਾਲ ਬਾਕੀ ਸਾਰੇ ਵੀ ਲੱਭ ਲੱਭ ਕੇ ਸੱਠ ਸੱਤਰ ਪੀੜਤ ਇਕੱਠੇ ਕਰ ਲਏ ਤੇ ਉਹ ਐਸ ਡੀ ਐਮ ਦੇ ਜਾ ਪੇਸ਼ ਹੋਏ। ਐਸ ਡੀ ਐਮ ਨੂੰ ਐਮ ਐਲ ਏ ਦਾ ਫੋਨ ਪਹਿਲਾ ਹੀ ਆ ਚੁੱਕਾ ਸੀ … ।।
"ਜਨਾਬ ਸਾਡੇ ਕੇਸ ਅਦਾਲਤ ਵਿੱਚ ਲਟਕਦੇ ਰਹਿਣੇ ਆ, ਅਸੀ ਇਨਾ ਦਾ ਨਿਪਟਾਰਾ ਬਾਹਰੋ ਬਾਹਰ ਕਰਨਾ ਚਾਹੁੰਦੇ ਆ, ਤੁਸੀ ਦੋਸ਼ੀਆ ਨੂੰ ਬੁਲਾ ਕੇ ਏਹ ਕੇਸ ਆਪ ਹੱਲ ਕਰੋ"। ਉਨਾ ਦੇ ਮੋਹਰੀ ਨੇ ਐਸ ਡੀ ਐਮ ਨੂੰ ਕਿਹਾ।
"ਤੁਸੀ ਕੇਸ ਦਾਇਰ ਕਰ ਦਿੱਤੇ ਆ ਤੇ ਅਦਾਲਤੀ ਕਾਰਵਾਈ ਨੂੰ ਕੁੱਝ ਵਕਤ ਤਾ ਲੱਗਣਾ ਈ ਆ, ਏਨੀ ਕਾਹਲ ਕਿਸ ਗੱਲ ਦੀ ਆ, ਸ਼ੁਕਰ ਕਰੋ ਕਿ ਤੁਹਾਡੀਆ ਜਾਨਾ ਬਚ ਗਈਆ"। 
ਐਸ ਡੀ ਐਮ ਸਮਝਦਾਰ ਬੰਦਾ ਸੀ ਤੇ ਇਲਾਕੇ ਵਿੱਚ ਹੋਣ ਵਾਲੀਆ ਘਟਨਾਵਾ ਦੀ ਬਹੁਤ ਜਾਣਕਾਰੀ ਰੱਖਦਾ ਸੀ, ਐਸ ਐਚ ਓ ਮੋਹਣ ਸਿੰਘ ਨੇ ਉਸ ਨੂੰ ਸਭ ਕੁੱਝ ਦੱਸ ਦਿੱਤਾ ਸੀ, ਐਸ ਡੀ ਐਮ ਚਾਹੁੰਦਾ ਸੀ ਕਿ ਦੋਸ਼ੀਆ ਨੂੰ ਸਜਾ ਮਿਲੇ ਪਰ ਸਿਆਸੀ ਦਬਾਅ ਬਹੁਤ ਪੈ ਗਿਆ ਸੀ।
"ਤੁਸੀ, ਡੇਅਰੀ ਦੇ ਬੰਦੇ ਸੱਦ ਲਓ, ਮੇਰਾ ਖਿਆਲ ਆ ਮਾਮਲਾ ਆਪਸੀ ਗੱਲਬਾਤ ਨਾਲ ਛੇਤੀ ਨਿੱਬੜ ਜਾਣਾ, ਲੋਕ ਬਹੁਤੇ ਰੋਹ ਵਿੱਚ ਆਏ ਪਏ ਆ, ਇਹ ਕੋਈ ਨੁਕਸਾਨ ਨਾ ਕਰਨ"। 
ਸ਼ਮਸ਼ੇਰ ਨੇ ਅਪਣੀ ਗੱਲ ਕੀਤੀ, ਐਸ ਡੀ ਐਮ ਕੋਲ ਹੋਰ ਕੋਈ ਚਾਰਾ ਨਹੀ ਸੀ, ਉਸ ਨੇ ਬੰਦਾ ਨਵੇ ਪਿੰਡ ਨੂੰ ਭੇਜ ਦਿੱਤਾ ਕਿ ਮੋਹਤਬਰ ਬੰਦੇ ਕੱਲ ਨੂੰ ਸਵੇਰੇ ਉਥੇ ਪਹੁਚ ਜਾਣ, ਨੰਬਰਦਾਰ ਦੀ ਸਕੀਮ ਇਹ ਸੀ ਕਿ ਦੇਬੀ ਨੂੰ ਝਟਕੇ ਤੇ ਝਟਕਾ ਦਿੱਤਾ ਜਾਵੇ ਤਾ ਕਿ ਉਹ ਘਬਰਾ ਕੇ ਦੌੜ ਜਾਵੇ, ਦੂਜੇ ਦਿਨ ਸਰਪੰਚ ਅਪਣੀ ਪੰਚਾਇਤ ਸਮੇਤ ਅਤੇ ਦੇਬੀ ਅਪਣੇ ਸਾਝੀਵਾਲਾ ਸਮੇਤ ਐਸ ਡੀ ਐਮ ਤੋ ਇਹ ਸੁਣ ਰਿਹਾ ਸੀ … ।।
"ਦੇਖੋ ਬਈ, ਮਾਮਲਾ ਅਦਾਲਤ ਤੋ ਬਾਹਰ ਨਜਿੱਠ ਲਓ ਤੇ ਤਰੀਕਾਂ ਵਿੱਚ ਰੁਲਣੋ ਬਚ ਜਾਓਗੇ, ਤੇ ਸਸਤੇ ਵਿੱਚ ਸਰ ਜਾਉ, ਜੇ ਕਿਸੇ ਸਖਤ ਜੱਜ ਦੇ ਪੇਸ਼ੀ ਪੈ ਗਈ ਤਾ ਏਨੇ ਪੈਸੇ ਤੁਹਾਡੇ ਕੋਲੋ ਦੇ ਨਹੀ ਹੋਣੇ"।
"ਜਨਾਬ, ਮੁਅਵਜਾ ਤਾ ਉਹ ਦੇਵੇ ਜਿਸ ਨੇ ਇਹ ਕੰਮ ਕੀਤਾ ਆ, ਦੋਸ਼ੀ ਦੀ ਪਛਾਣ ਵੀ ਹੋ ਗਈ ਆ ਤੇ ਉਹ ਮੰਨ ਵੀ ਗਿਆ"। 
ਸਰਪੰਚ ਨੇ ਦੱਸਿਆ।
"ਮੇਰੀ ਜਾਣਕਾਰੀ ਵਿੱਚ ਕੋਈ ਦੋਸ਼ੀ ਫੜ ਨਹੀ ਹੋਇਆ, ਜਿਸ ਬੰਦੇ ਨੂੰ ਫੜਿਆ ਸੀ ਉਸਨੇ ਇਹ ਬਿਆਨ ਦਿੱਤਾ ਆ ਕਿ ਉਹਦੇ ਤੇ ਪਰੈਸ਼ਰ ਪਾ ਕੇ ਤੇ ਪੁਲੀਸ ਪਾਰਟੀ ਨੇ ਟਾਰਚਰ ਕਰ ਕੇ ਧੱਕੇ ਨਾਲ ਮਨਵਾਇਆ ਹੈ, ਸਬੰਧਿਤ ਡੀ ਐਸ ਪੀ ਦੇ ਵਿਰੁੱਧ ਸ਼ਿਕਾਇਤ ਦਰਜ ਹੋ ਚੁੱਕੀ ਆ ਤੇ ਹੋ ਸਕਦਾ ਕੱਲ ਤੱਕ ਉਸ ਨੂੰ ਵਕਤੀ ਤੌਰ ਤੇ ਸਸਪੈਡ ਕਰ ਦਿੱਤਾ ਜਾਵੇ, ਲੋਕਾ ਦਾ ਨੁਕਸਾਨ ਬਹੁਤ ਹੋਇਆ, ਸਰਕਾਰੀ ਮੁਲਾਜਮਾ ਦੀ ਬਹੁਤ ਭੱਜ ਦੌੜ ਹੋਈ ਆ, ਚੰਗਾ ਤਾ ਇਹ ਹੋਵੇ ਕਿ ਪੀੜਤਾ ਦੀ ਮੰਗ ਮੰਨ ਕੇ ਮਾਮਲਾ ਰਫਾ ਦਫਾ ਹੋ ਜਾਵੇ"। 
ਅੱਜ ਸਵੇਰੇ ਉਪਰ ਤੋ ਐਸ ਡੀ ਐਮ ਨੂੰ ਹੋਰ ਹਦਾਇਤਾ ਆ ਚੁੱਕੀਆ ਸਨ।
"ਜਨਾਬ ਅਸੀ ਕੇਸ ਲੜਾਗੇ, ਜੋ ਅਦਾਲਤ ਫੈਸਲਾ ਕਰੇਗੀ ਦੇਖੀ ਜਾਊ, ਇਸ ਮਾਮਲੇ ਵਿੱਚ ਸਿਆਸੀ ਦਖਲ ਦਿੱਤਾ ਜਾ ਰਿਹਾ ਤੇ ਸਚਾਈ ਨੂੰ ਅੱਖੋ ਓਹਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ"। 
ਪਰੇਮ ਚੰਦ ਲਈ ਕੇਸ ਲੜਨਾ ਕੋਈ ਖਾਸ ਗੱਲ ਨਹੀ ਸੀ ਉਹ ਬਹੁਤ ਦਾਅ ਪੇਚ ਜਾਣਦਾ ਸੀ।
"ਤੇਰਾ ਡੇਅਰੀ ਨਾਲ ਕੀ ਸਬੰਧ ਆ ਪਰੇਮ ਚੰਦ ?" 
ਐਸ ਡੀ ਐਮ ਉਹਦੇ ਤੇ ਵਰ ਪਿਆ।
"ਜਨਾਬ ਡੇਅਰੀ ਦੇ ਮਾਲਕ ਮੇਰੇ ਵਾਕਿਫ ਹਨ"। 
ਪਰੇਮ ਨੇ ਕਿਹਾ।
"ਤਾ ਫਿਰ ਇਹਨਾ ਨੂੰ ਸਮਝਾ ਬਈ ਕੇਸ ਛੇਤੀ ਹੱਲ ਕਰਨ, ਇਨਾ ਦੇ ਭਲੇ ਦੀ ਗੱਲ ਆ"। 
ਐਸ ਡੀ ਐਮ ਨੇ ਸਮਝਾਇਆ।
"ਸਰ, ਕੀ ਮੰਗ ਕਰਦੇ ਹਨ ਉਹ ਲੋਕ ਜਿਨਾ ਨੂੰ ਸਰੀਰਕ ਹਾਨੀ ਦੁੱਧ ਦੇ ਕਾਰਨ ਪਹੁੰਚੀ ਆ"। ਦੇਬੀ ਨੇ ਪੁੱਛਿਆ।
"ਵੈਸੇ ਪੀੜਤਾ ਦੀ ਗਿਣਤੀ ਤਾ ਬਹੁਤ ਜਿਆਦਾ ਆ, ਪਰ ਜਿਨਾ ਨੂੰ ਜਿਆਦਾ ਨੁਕਸਾਨ ਹੋਇਆ ਉਹ ਦੋ ਸੌ ਪੰਜਾਹ ਹਨ ਤੇ ਸਾਡੀ ਮੰਗ ਇਹ ਆ ਕਿ ਹਰ ਪੀੜਤ ਨੂੰ ਉਸਦੇ ਅਪਣੇ ਖਰਚੇ ਤੋ ਇਲਾਵਾ ਦਸ ਦਸ ਹਜਾਰ ਰੁਪਏ ਦਿੱਤੇ ਜਾਣ"। 
ਸ਼ਮਸ਼ੇਰ ਦੇ ਖੜੇ ਕੀਤੇ ਮੋਹਰੀ ਚਮਚੇ ਨੇ ਕਿਹਾ।
ਕੁੱਲ ਰਕਮ ਬਣ ਜਾਣੀ ਆ ਜੀ ਪੱਚੀ ਲੱਖ ਰੁਪਿਆ"। 
ਇਹ ਸੁਣ ਕੇ ਡੇਅਰੀ ਵਾਲਿਆ ਨੂੰ ਹਾਰਟ ਅਟੈਕ ਹੋਣ ਵਾਲਾ ਹੋ ਗਿਆ।
ਡੇਅਰੀ ਵਾਲੇ ਕੋਈ ਮੁਆਵਜਾ ਨਹੀ ਸੀ ਦੇਣਾ ਚਾਹੁੰਦੇ, ਇਸ ਗੱਲ ਤੇ ਸ਼ਹਿਰ ਦੇ ਲੋਕਾ ਨੇ ਕਿਹਾ ਕਿ ਜੇ ਉਹ ਹਾ ਨਹੀ ਕਰਨਗੇ ਤਾਂ ਕੱਲ ਨੂੰ ਅੱਧੇ ਸ਼ਹਿਰ ਨੇ ਨਵੇ ਪਿੰਡ ਆ ਵੜਨਾ ਆ ਤੇ ਡੇਅਰੀ ਨੂੰ ਢਹਿ ਢੇਰੀ ਕਰ ਦੇਣਾ ਆ ਤੇ ਨਾਲ ਹੀ ਡੇਅਰੀ ਮੁਰਦਾਬਾਦ, ਸਾਝੀਵਾਲ ਮੁਰਦਾਬਾਦ ਦੇ ਨਾਹਰੇ ਲੱਗਣ ਲੱਗ ਪਏ … 
"ਸਾਝੀਵਾਲ ਮੁਰਦਾਬਾਦ", 
ਇਹ ਸ਼ਬਦ ਦੇਬੀ ਦੇ ਦਿਲ ਨੂੰ ਚੀਰ ਗਏ ਸਨ, ਉਹ ਸਮਝ ਗਿਆ ਸੀ ਕਿ ਖੇਲ ਖਤਮ ਹੋ ਗਿਆ, ਹੁਣ ਜਿੰਨਾ ਵੀ ਵਿਰੋਧ ਕੀਤਾ ਜਾਵੇਗਾ ਉਨਾ ਹੀ ਕੇਸ ਮੁਸ਼ਕਿਲ ਹੋ ਜਾਊ ਉਹ ਰੁਪਏ ਦਾ ਨੁਕਸਾਨ ਝੱਲਣ ਲਈ ਤਿਆਰ ਸੀ ਪਰ ਸਾਝੀਵਾਲ ਦੇ ਨਾਮ ਤੇ ਲੱਗੇ ਧੱਬੇ ਬਰਦਾਸ਼ਤ ਤੋ ਬਾਹਰ ਸਨ।
"ਸਾਨੂੰ ਹਰ ਪੀੜਤ ਲਈ ਪੰਜ ਹਜਾਰ ਰੁਪਿਆ ਮਨਜੂਰ ਹੈ, ਇਸ ਤੋ ਵੱਧ ਡੇਅਰੀ ਨਹੀ ਦੇ ਸਕਦੀ, ਇਸ ਰਕਮ ਦੇ ਬੰਦੋਬਸਤ ਲਈ ਸਾਨੂੰ ਕੁੱਝ ਸਮਾ ਚਾਹੀਦਾ ਹੈ, ਮੈ ਮਾਨਯੋਗ ਐਸ ਡੀ ਐਮ ਸਾਹਿਬ ਨੂੰ ਖੁਦ ਸੂਚਿਤ ਕਰ ਦੇਵਾਗਾ"। 


ਦੇਬੀ ਨੇ ਉਠ ਕੇ ਕਿਹਾ, ਸਰਪੰਚ ਤੇ ਪਰੇਮ ਉਸ ਨੂੰ ਰੋਕਦੇ ਹੀ ਰਹਿ ਗਏ, ਏਨੀ ਗੱਲ ਕਹਿ ਕੇ ਉਹ ਉਹ ਪਿੰਡ ਨੂੰ ਚਲੇ ਗਿਆ, ਉਹਦਾ ਦਿਲ ਕਿਤੇ ਛੁਪ ਕੇ ਧਾਹਾ ਮਾਰਨ ਨੂੰ ਕਰਦਾ ਸੀ, ਸ਼ਮਸ਼ੇਰ ਦੀ ਪਾਰਟੀ ਦੀ ਬੱਲੇ ਬੱਲੇ ਹੋ ਗਈ, ਉਹ ਦੁਰਲੀਆ ਮਾਰਦੇ ਚਲੇ ਗਏ, ਨੰਬਰਦਾਰ ਦੀ ਗੇਮ ਸਿਰ ਚੜ ਕੇ ਬੋਲ ਰਹੀ ਸੀ।
ਪਿੰਡ ਆ ਕੇ ਫਿਰ ਮੀਟਿੰਗ ਹੋਈ, ਸਾਰੇ ਦੇਬੀ ਨਾਲ ਨਰਾਜ ਸਨ, ਕੋਈ ਚੱਜ ਤਰਾ ਬੋਲ ਨਹੀ ਸੀ ਰਿਹਾ
"ਮੈ ਜਾਣਦਾ ਹਾ ਕਿ ਤੁਸੀ ਮੇਰੇ ਨਾਲ ਨਰਾਜ ਹੋ, ਜਿਸ ਦਿਨ ਮੈ ਪੰਜਾਬ ਆਉਣ ਦਾ ਫੈਸਲਾ ਕੀਤਾ ਸੀ ਉਸ ਦਿਨ ਮੈ ਸੋਚਿਆ ਸੀ ਕਿ ਮੈ ਅਪਣੇ ਪਰਵਾਰ ਵਿੱਚ ਜਾ ਰਿਹਾ, ਮੈ ਉਥੇ ਜਾ ਰਿਹਾ ਜਿਸ ਧਰਤੀ ਤੇ ਸਰਦਾਰ ਰਹਿੰਦੇ ਆ, ਉਹ ਧਰਤੀ ਜਿਸ ਨੂੰ ਗੁਰੂਆ ਪੀਰਾ ਦੀ ਛੋਹ ਪਰਾਪਤ ਆ, ਪਰ ਇਸ ਇੱਕ ਸਾਲ ਵਿੱਚ ਮੈ ਏਹ ਦੇਖ ਸਕਿਆ ਹਾ ਕਿ ਇਥੇ ਬਹੁਤੇ ਲੋਕ ਜੋ ਰਹਿ ਰਹੇ ਹਨ ਉਹ ਬਹੁਤ ਡਰੇ ਹੋਏ ਹਨ, ਤੇ ਕੁੱਝ ਐਸੇ ਲੋਕ ਹਨ ਜੋ ਸ਼ੈਤਾਨ ਦੇ ਰਿਸ਼ਤੇਦਾਰ ਹਨ, ਮੇਰੇ ਕੋਲ ਸਿਵਾਏ ਪਰੇਮ ਦੇ ਹੋਰ ਕੋਈ ਪੂੰਜੀ ਨਹੀ ਹੈ, ਇਹ ਪਰੇਮ ਮਨੁੱਖ ਵਾਸਤੇ ਆ, ਸ਼ੈਤਾਨ ਨੂੰ ਇਸ ਦੀ ਲੋੜ ਨਹੀ, ਸ਼ੈਤਾਨ ਨਾਲ ਲੜਨ ਦੀ ਕਲਾ ਮੇਰੇ ਕੋਲ ਨਹੀ ਹੈ, ਮੈ ਨੰਬਰਦਾਰ ਤਾਏ ਨੂੰ ਹਰ ਵਾਰ ਮਾਫ ਕਰਦਾ ਰਹਾਂਗਾ ਤੇ ਤੁਸੀ ਹੋਰ ਨਰਾਜ ਹੁੰਦੇ ਰਹੋਗੇ, ਜਦੋ ਦਾ ਮੈ ਆਇਆ ਹਾ ਇਸ ਪਿੰਡ ਵਿੱਚ ਬੁਰੀਆ ਘਟਨਾਵਾ ਵਾਪਰਨੀਆ ਸ਼ੁਰੂ ਹੋ ਗਈਆ ਹਨ, ਮੇਰਾ ਏਥੇ ਰਹਿਣਾ ਤੁਹਾਡੇ ਲਈ ਸ਼ੁੱਭ ਨਹੀ, ਮੈ ਸਾਝੀਵਾਲ ਦੇ ਮੈਨੇਜਰ ਪਦ ਤੋ ਅਸਤੀਫਾ ਦਿੰਦਾ ਹਾ ਤੇ ਇਹ ਡਿਊਟੀ ਆਪ ਸਭ ਨੂੰ ਸੌਪਦਾ ਹਾ, ਮੁਆਵਜੇ ਦੀ ਰਕਮ ਸਾਢੇ ਬਾਰਾ ਲੱਖ ਰੁਪਏ ਹੈ, ਸਾਝੀਵਾਲ ਦੇ ਅਕਾਉਟ ਵਿੱਚ ਚਾਰ ਲੱਖ ਰੁਪਏ ਹਨ, ਛੇ ਲੱਖ ਰੁਪਏ ਮੇਰੀ ਹੁਣ ਤੱਕ ਦੀ ਅਪਣੀ ਕਮਾਈ ਦੇ ਮੇਰੇ ਕੋਲ ਹਨ, ਫਿਰ ਵੀ ਢਾਈ ਲੱਖ ਰੁਪਏ ਬਾਕੀ ਹਨ ਤੇ ਉਨਾ ਲਈ ਮੈ ਅਪਣੇ ਭਰਾਵਾ ਅੱਗੇ ਬੇਨਤੀ ਕਰਦਾ ਆ ਕਿ ਸਾਰੇ ਰਲ ਕੇ ਹਿੱਸਾ ਪਾਉਣ ਅਤੇ ਇਸ ਆਫਤ ਤੋ ਬਚਿਆ ਜਾ ਸਕੇ"। 
ਇੱਕ ਛੋਟਾ ਜਿਹਾ ਭਾਸ਼ਨ ਸੀ ਸਾਝੀਵਾਲ ਦੇ ਮੋਢੀ ਦਾ।
ਦੇਬੀ ਦੇ ਅਸਤੀਫੇ ਦੀ ਗੱਲ ਸੁਣ ਕੇ ਸਾਰੇ ਘਬਰਾ ਗਏ, ਉਹ ਜਾਣਦੇ ਸਨ ਕਿ ਸਾਰਿਆ ਨੂੰ ਕੱਠੇ ਰੱਖਣ ਲਈ ਦੇਬੀ ਦੀ ਲੋੜ ਆ।
"ਕਾਕਾ ਜੀ ਤੁਹਾਡੇ ਤੋ ਬਿਨਾ ਸਾਝੀਵਾਲ ਦਿਨਾ ਵਿੱਚ ਖਤਮ ਹੋ ਜਾਣਾ, ਇੱਕ ਛੋਟੀ ਜਿਹੀ ਘਟਨਾ ਕਾਰਨ ਦਿਲ ਛੱਡਣ ਦੀ ਕੀ ਲੌੜ ਆ ? ਆਪਾ ਸਾਰੇ ਰਲ ਕੇ ਕੋਈ ਹੱਲ ਲੱਭ ਲਵਾਗੇ"। 
ਸਰਪੰਚ ਨੇ ਕਿਹਾ ਉਹ ਨਹੀ ਸੀ ਚਾਹੁੰਦਾ ਕਿ ਦੇਬੀ ਸਾਝੀਵਾਲ ਤੋ ਕਿਨਾਰਾ ਕਰੇ।
"ਗੱਲ ਇੱਕ ਘਟਨਾ ਦੀ ਨਹੀ ਹੈ, ਇਹ ਘਟਨਾਵਾ ਭਵਿੱਖ ਵਿੱਚ ਹੋਰ ਵਾਪਰਨਗੀਆ, ਇਸ ਦੇਸ਼ ਦੇ ਲੋਕ ਹਾਲੇ ਅਪਣਾ ਫਾਇਦਾ ਕਰਾਉਣ ਦੇ ਯੋਗ ਨਹੀ ਹੋਏ ਤੇ ਮੈ ਵਗਦੇ ਲਹੂ ਨੂੰ ਦੇਖ ਸਕਣ ਦੀ ਤਾਕਤ ਨਹੀ ਰੱਖਦਾ, ਤੁਸੀ ਦੇਖ ਲਿਆ ਹੈ ਕਿ ਏਕੇ ਦੀ ਕਿੰਨੀ ਤਾਕਤ ਆ, ਇਹ ਮੇਰੇ ਤੋ ਬਿਨਾ ਵੀ ਚੱਲਣਾ ਚਾਹੀਦਾ, ਕੱਲ ਨੂੰ ਜੇ ਮੇਰੀ ਮੌਤ ਹੋ ਜਾਵੇ ਤਾ ਕੀ ਸਾਂਝੀਵਾਲ ਖਤਮ ਹੋ ਜਾਊ ? ਨਹੀ, ਤੁਸੀ ਵੀ ਸਾਝੀਵਾਲ ਚਲਾ ਸਕਦੇ ਹੋ, ਤੁਹਾਡਾ ਜੀਵਨ ਹੈ, ਅਪਣੇ ਹੱਥ ਵਿੱਚ ਲਓ, ਮੈਨੂੰ ਜੋ ਸ਼ਕਤੀ ਦਾਤੇ ਨੇ ਦਿੱਤੀ ਸੀ ਉਹ ਖਰਚ ਹੋ ਚੁੱਕੀ ਆ, ਮੈ ਸਿਰਫ ਵਰਕਰ ਹਾ, ਸਿਆਸੀ ਖੇਡਾ ਦਾ ਤੋੜ ਮੇਰੇ ਕੋਲ ਨਹੀ, ਇਸ ਦੇਸ਼ ਵਿੱਚ ਬਹੁਤ ਲੋਕ ਐਸੇ ਹਨ, ਜਿਨਾ ਕੋਲ ਤਾਕਤ ਹੈ ਤੇ ਉਹ ਜਦ ਚਾਹੁਣ ਮੇਰੇ ਘਰ ਅੱਗ ਲਾ ਸਕਦੇ ਹਨ, ਮੈ ਹਾਲੇ ਇਨਾ ਦੀਆ ਚਾਲਾ ਤੋ ਵਾਕਿਫ ਨਹੀ, ਹੁਣ ਤੁਸੀ ਅਪਣੇ ਤਰੀਕੇ ਨਾਲ ਦੋਸ਼ੀਆ ਨਾਲ ਨਜਿੱਠੋ, ਜਦ ਕਦੇ ਮੇਰੇ ਕੋਲ ਫਿਰ ਸ਼ਕਤੀ ਹੋਈ ਮੈ ਬਿਨਾ ਬੁਲਾਏ ਹਾਜਰ ਹੋ ਜਾਵਾਗਾ"। 
ਦੇਬੀ ਕੋਈ ਸੋਚ ਵਿਚਾਰ ਕਰਨ ਵਾਲਾ ਬੰਦਾ ਨਹੀ ਸੀ, ਇਸ ਗੱਲ ਨੂੰ ਸਿਆਣੇ ਲੋਕ ਸਮਝ ਨਹੀ ਸਕਦੇ, ਸਿਆਣੇ ਸੋਚਦੇ ਰਹਿੰਦੇ ਹਨ ਤੇ ਦੇਬੀ ਕਰ ਜਾਦਾ ਹੈ, ਭਾਵੇ ਚੰਗਾ ਹੋਵੇ ਭਾਵੇ ਬੁਰਾ, ਬੱਸ ਭਾਵਨਾ ਚੰਗੇ ਦੀ ਰੱਖਣੀ ਆ।
ਸਾਝੀਵਾਲ ਬਹੁਤ ਦੇਰ ਤੱਕ ਸਲਾਹ ਕਰਦੇ ਰਹੇ ਆਖਿਰ ਉਹ ਦੇਬੀ ਦੀ ਗੱਲ ਮੰਨ ਗਏ ਤੇ ਦੂਜੇ ਦਿਨ ਮੁਆਵਜੇ ਦੀ ਰਾਸ਼ੀ ਸਾਰਿਆ ਵੱਲੋ ਇਕੱਠੀ ਕਰ ਕੇ ਡੇਅਰੀ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕਰ ਲਿਆ ਗਿਆ।
ਦੇਬੀ ਨੇ ਚਾਰ ਲੱਖ ਰੁਪਏ ਅਪਣੇ ਤੇ ਦੋ ਲੱਖ ਭੂਆ ਦੇ ਅਕਾਉਟ ਚੋ ਕਢਾ ਕੇ ਸਰਪੰਚ ਨੂੰ ਸੌਪ ਦਿੱਤੇ, ਬਾਕੀ ਸਾਰੇ ਵੀ ਆਪੋ ਅਪਣੀ ਕੀਤੀ ਕਮਾਈ ਚੋ ਕੋਈ ਦਸ ਦਸ ਹਜਾਰ ਰੁਪਏ ਕਢਾ ਕੇ ਸਰਪੰਚ ਕੋਲ ਚਲੇ ਗਏ, ਅਗਲੇ ਦਿਨ ਐਸ ਡੀ ਐਮ ਨੂੰ ਸੁਨੇਹਾ ਭੇਜ ਦਿੱਤਾ ਗਿਆ ਤੇ ਦੋ ਦਿਨ ਤੱਕ ਦਾ ਵਕਤ ਲੈ ਕੇ ਸਾਰਿਆ ਨੂੰ ਸੂਚਿਤ ਕਰ ਦਿੱਤਾ ਗਿਆ, ਪਰੇਮ ਚੰਦ ਨੇ ਲੋੜੀਦੇ ਕਾਗਜ ਤਿਆਰ ਕਰਨੇ ਸਨ, ਜਿਨਾ ਲਈ ਦੋ ਦਿਨ ਦਾ ਸਮਾ ਮੰਗਿਆ ਸੀ, ਆਖਿਰ ਤਿੰਨ ਦਿਨ ਬਾਅਦ ਮੁੜ ਇੱਕ ਮੀਟਿੰਗ ਹੋਈ, ਜਿਸ ਵਿੱਚ ਸਭ ਪੀੜਤਾ ਜਿਨਾ ਨੇ ਕੇਸ ਦਰਜ ਕੀਤੇ ਹੋਏ ਸਨ ਨੂੰ ਪੰਜ ਪੰਜ ਹਜਾਰ ਦਾ ਚੈਕ ਕੱਟ ਕੇ ਦੇ ਦਿੱਤਾ ਗਿਆ ਤੇ ਨਾਲ ਉਨਾ ਤੋ ਹਲਫੀਆ ਬਿਆਨ ਲੈ ਲਏ ਗਏ ਕਿ ਉਹ ਅਪਣਾ ਕੇਸ ਵਾਪਿਸ ਲੈ ਰਹੇ ਹਨ, ਮਿਲਦੇ ਪੈਸੇ ਦੇਖ ਕੇ ਹਲਵਾਈ ਯੁਨੀਅਨ ਵੀ ਆ ਧਮਕੀ ਤੇ ਉਹ ਵੀ ਮੁਆਵਜਾ ਮੰਗਣ ਲੱਗ ਲਏ, ਹੁਣ ਮੋਹਣ ਸਿੰਘ ਐਸ ਐਚ ਓ ਕੋਲੋ ਇਹ ਬੇਸ਼ਰਮੀ ਸਹਿ ਨਹੀ ਹੋਈ, ਉਸਨੇ ਹਲਵਾਈਆ ਨੂੰ ਦਬਕਾ ਮਾਰਨੇ ਹੀ ਸ਼ੁਰੂ ਕੀਤੇ ਸਨ ਕਿ ਦੇਬੀ ਵਿੱਚ ਆ ਟਪਕਿਆ … ।
"ਸਰ, ਏਨਾ ਦਾ ਵੀ ਨੁਕਸਾਨ ਹੋਇਆ, ਅਸੀ ਭਾਵੇ ਕੋਈ ਕਸੂਰ ਨਹੀ ਕੀਤਾ ਪਰ ਇਨਾ ਹਲਵਾਈਆ ਦਾ ਵੀ ਕੋਈ ਕਸੂਰ ਨਹੀ, ਜਿੰਨਾ ਦੁੱਧ ਇਨਾ ਨੇ ਉਸ ਦਿਨ ਮੰਗਵਾਇਆ ਸੀ ਉਸਤੋ ਦੋ ਗੁਣਾ ਦੁੱਧ ਇਨਾ ਨੂੰ ਫਰੀ ਮਿਲੇਗਾ ਜੇ ਅੱਗੇ ਤੋ ਸਾਡਾ ਦੁੱਧ ਖਰੀਦਣ ਦਾ ਵਾਅਦਾ ਕਰਨ"। ਹਲਵਾਈ ਸਾਝੀਵਾਲ ਦੇ ਸ਼ੁੱਧ ਦੁੱਧ ਤੋ ਬਹੁਤ ਖੁਸ਼ ਸਨ, ਉਨਾ ਨੇ ਆਪਸੀ ਸਲਾਹ ਕਰ ਕੇ ਦੇਬੀ ਦਾ ਸੁਝਾਅ ਮੰਨ ਲਿਆ ਤੇ ਮੁੜ ਗਏ, ਹੁਣ ਸਾਝੀਵਾਲ ਹਾਰੇ ਜੁਆਰੀਏ ਦੀ ਤਰਾ ਪਿੰਡ ਨੂੰ ਆ ਰਹੇ ਸਨ, ਡੇਅਰੀ ਦਾ ਲੱਕ ਇੱਕ ਵਾਰ ਟੁੱਟ ਚੁੱਕਿਆ ਸੀ ਤੇ ਹੁਣ ਹੋਰ ਮਿਹਨਤ ਦੀ ਲੋੜ ਸੀ ।
ਜਿਵੇ ਕਹਿੰਦੇ ਆ ਬਈ ਮੁਸ਼ਕਿਲ ਕਦੇ ਕੱਲੀ ਨੀ ਆਉਦੀ, ਆਉਦਿਆ ਨੂੰ ਦੇਬੀ ਦੇ ਘਰ ਮੋਹਰੇ ਮੇਲਾ ਲੱਗਾ ਸੀ ਤੇ ਤੀਹ ਚਾਲੀ ਪੁਲਸੀਆ ਦੀ ਹਾਜਰੀ ਵਿੱਚ ਗੁਰਬਚਨ ਸਿੰਘ ਭੂਆ ਨੂੰ ਘਰੋ ਬਾਹਰ ਕੱਢ ਰਿਹਾ ਸੀ, ਭੂਆ ਨੂੰ ਦੰਦਲਾ ਪੈ ਰਹੀਆ ਸਨ, ਸਾਰੇ ਇਹ ਨਵੀ ਆਫਤ ਦੇਖ ਕੇ ਅਪਣੀਆ ਅੱਖਾ ਤੇ ਯਕੀਨ ਨਹੀ ਸੀ ਕਰ ਰਹੇ, ਤਾਇਆ ਨੰਬਰਦਾਰ ਗੁਰਬਚਨ ਦੇ ਕੋਲ ਖੜਾ ਮੁੱਛ ਨੂੰ ਤਾਅ ਦੇ ਰਿਹਾ ਸੀ, ਹੁਣ ਉਸ ਕੋਲ ਜਲੰਧਰ ਪੁਲੀਸ ਦੀ ਪੂਰੀ ਪਰੋਟੈਕਸ਼ਨ ਸੀ ਕੋਈ ਉਹਦੀ ਹਵਾ ਵੱਲ ਨਹੀ ਸੀ ਦੇਖ ਸਕਦਾ … ।
"ਕਿਓ, ਮੁੰਡਿਆ, ਦੇਖਿਆ ਨੰਬਰਦਾਰ ਨਾਲ ਪੰਗਾ ਲੈਣ ਦਾ ਸੁਆਦ ?" 
ਨੰਬਰਦਾਰ ਦੇਬੀ ਦੀ ਬੇਇਜਤੀ ਹੁੰਦੀ ਦੇਖਣੀ ਚਾਹੁੰਦਾ ਸੀ।
"ਮੈ ਤੁਹਾਡੇ ਨਾਲ ਨਾ ਤਾ ਕੋਈ ਪੰਗਾ ਲਿਆ ਤੇ ਨਾ ਹੀ ਕੋਈ ਪੰਗਾ ਲੈਣ ਦਾ ਮੇਰਾ ਖਿਆਲ ਆ, ਜੇ ਤੁਸੀ ਇਹ ਸਮਝਦੇ ਹੋ ਕਿ ਇਨਾ ਤਰੀਕਿਆ ਨਾਲ ਤੁਸੀ ਮੈਨੂੰ ਮੇਰੇ ਰਾਹ ਤੋ ਮੈਨੂੰ ਉਖਾੜ ਸਕਦੇ ਓ ਤਾ ਤੁਹਾਡਾ ਵਹਿਮ ਆ ਤੁਸੀ ਸੱਪ ਵਾਗ ਜਿੰਨੇ ਡੰਗ ਮਾਰਨੇ ਹਨ ਮਾਰੋ"। 
ਦੇਬੀ ਨੇ ਕਿਹਾ, ਦੇਬੀ ਹੁਣ ਤੱਕ ਸੰਭਲ ਚੁੱਕਾ ਸੀ, ਕੁੱਝ ਦਿਨਾ ਤੋ ਉਸਨੇ ਦਾਤੇ ਅੱਗੇ ਅਰਦਾਸ ਵੀ ਨਹੀ ਸੀ ਕੀਤੀ, ਇਹ ਨਹੀ ਕਿ ਪਹਿਲੀਆ ਕੀਤੀਆ ਅਰਦਾਸਾ ਦਾ ਅਸਰ ਮੁੱਕ ਗਿਆ ਹੋਵੇ, ਨਹੀ, ਦੇਬੀ ਅਪਣੇ ਮਨ ਨੂੰ ਸਥਿਰ ਨਹੀ ਸੀ ਕਰ ਸਕਿਆ, ਨਕੋਦਰ ਤੋ ਘਰ ਆਉਦੇ ਆਉਦੇ ਰਾਹ ਵਿੱਚ ਜੋ ਅਰਜੋਈ ਉਹ ਦਾਤੇ ਅੱਗੇ ਕਰਦਾ ਆ ਰਿਹਾ ਸੀ ਉਸ ਅਰਦਾਸ ਨੇ ਜਿਵੇ ਉਸ ਨੂੰ ਫੇਰ ਫੜ ਕੇ ਖੜਾ ਕਰ ਦਿੱਤਾ ਸੀ, ਹੁਣ ਉਹ ਹਰ ਔਕੜ ਬਿਨਾ ਰੋਏ ਚੀਕੇ ਸੁਣ ਤੇ ਸਮਝ ਸਕਦਾ ਸੀ।
"ਮੈਨੂੰ ਇਹ ਦੱਸੋ ਜਨਾਬ ਬਈ ਇਹ ਕੀ ਮਸਲਾ ਆ, ਮੇਰੇ ਤਾਏ ਦਾ ਸਾਲਾ ਮੇਰੇ ਘਰ ਦਾ ਮਾਲਕ ਕਿਵੇ ਬਣ ਸਕਦਾ ?" 
ਦੇਬੀ ਨੇ ਨਾਲ ਆਏ ਇੱਕ ਸਰਕਾਰੀ ਅਫਸਰ ਨੂੰ ਪੁੱਛਿਆ, ਤਾਇਆ ਜਾਣਦਾ ਸੀ ਕਿ ਰੌਲਾ ਪਵੇਗਾ ਇਸੇ ਲਈ ਉਹ ਪੁਲੀਸ, ਪਟਵਾਰੀ, ਤਹਿਸੀਲਦਾਰ ਆਦਿ ਨੂੰ ਨਾਲ ਲੈ ਕੇ ਆਇਆ ਸੀ, ਐਮ ਐਲ ਏ ਦੇ ਹੁਕਮ ਨੂੰ ਉਹ ਵੀ ਨਹੀ ਸੀ ਟਾਲ ਸਕਦੇ।
"ਕਾਕਾ ਜੀ, ਗੁਰਬਚਨ ਸਿੰਘ ਕੋਲ ਮੁਖਤਾਰ ਨਾਮਾ ਹੈ ਤੇ ਇਸ ਹਿਸਾਬ ਨਾਲ ਉਹ ਸਾਰੀ ਜਮੀਨ ਤੇ ਘਰ ਦਾ ਫੈਸਲਾ ਕਰ ਸਕਦਾ ਹੈ ਕਿ ਉਸ ਨੇ ਕੀ ਕਰਨਾ ਆ"।
ਤਹਿਸੀਲਦਾਰ ਨੇ ਦੱਸਿਆ।
"ਠੀਕ ਆ, ਜੇ ਤਾਇਆ ਜੀ ਨੇ ਉਸ ਨੂੰ ਮੁਖਤਾਰ ਨਾਮਾ ਦਿੱਤਾ ਤਾ ਉਹ ਅਪਣੇ ਹਿੱਸੇ ਦੀ ਜਮੀਨ ਦਾ ਦੇ ਸਕਦੇ ਆ, ਮੇਰੇ ਪਿਤਾ ਜੀ ਦੀ ਵੀ ਅੱਧੀ ਜਮੀਨ ਆ ਤੇ ਘਰ ਵਿੱਚ ਵੀ ਅੱਧ ਦਾ ਹਿੱਸਾ ਆ"। ਦੇਬੀ ਨੇ ਅਪਣੀ ਕਨੂੰਨੀ ਪੁਜੀਸ਼ਨ ਦੱਸੀ।
"ਇਹ ਠੀਕ ਆ ਕਾਕਾ ਜੀ, ਪਰ ਤੁਹਾਡੇ ਦਾਦਾ ਜੀ ਨੇ ਤੁਹਾਡੇ ਪਿਤਾ ਨੂੰ ਬੇਦਖਲ ਕੀਤਾ ਹੋਇਆ, ਇਸ ਤਰਾ ਤੁਹਾਡਾ ਕੋਈ ਹੱਕ ਨਹੀ ਰਹਿ ਜਾਦਾ, ਮੈਨੂੰ ਅਫਸੋਸ ਆ ਪਰ ਇਹ ਕਨੂੰਨੀ ਕਾਰਵਾਈ ਆ ਇਹਦੇ ਵਿੱਚ ਜੇ ਦਖਲ ਦੇਵੋਗੇ ਤਾਂ ਮਜਬੂਰਨ ਤੁਹਾਨੂੰ ਗਰਿਫਤਾਰ ਕਰਨਾ ਪਊ"। ਤਹਿਸੀਲਦਾਰ ਨੇ ਦੱਸਿਆ, ਦੇਬੀ ਨੇ ਸਰਪੰਚ ਵੱਲ ਦੇਖਿਆ, ਸਰਪੰਚ ਨੇ ਸਾਰੇ ਕਾਗਜ ਦੇਖੇ, ਕਾਗਜਾ ਅਨੁਸਾਰ ਤਹਿਸੀਲਦਾਰ ਜੋ ਕਹਿ ਰਿਹਾ ਸੀ ਉਹ ਠੀਕ ਸੀ।
"ਪਰ ਤਹਿਸੀਲਦਾਰ ਸਾਹਿਬ ਸਾਨੂੰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀ ਬਈ ਸਰੂਪ ਸਿੰਘ ਨੂੰ ਬੇਦਖਲ ਕੀਤਾ ਗਿਆ ਆ"। 
ਸਰਪੰਚ ਹੈਰਾਨੀ ਦੇ ਸਾਗਰ ਵਿੱਚ ਗੋਤੇ ਖਾ ਰਿਹਾ ਸੀ।
"ਤੁਹਾਨੂੰ ਪਤਾ ਹੋਣਾ ਜਰੂਰੀ ਵੀ ਨਹੀ, ਜੇ ਕਿਸੇ ਪਿਓ ਨੇ ਪੁੱਤ ਨੂੰ ਬੇਦਖਲ ਕਰਨਾ ਆ ਤਾ ਇਹ ਉਸਦੀ ਮਰਜੀ ਆ, ਇਹ ਬੇਦਖਲੀ ਦੇ ਪੇਪਰ ਕਨੇਡਾ ਚੋ ਆਏ ਹਨ ਜਿਨਾ ਤੇ ਬਯੁਰਗ ਦਾ ਅੰਗੂਠਾ ਲੱਗਿਆ ਹੋਇਆ ਹੈ"। 
ਤਹਿਸੀਲਦਾਰ ਨੇ ਸਰਪੰਚ ਦੀ ਬੋਲਤੀ ਬੰਦ ਕਰ ਦਿੱਤੀ।
"ਦੇਖੋ ਸਰਪੰਚ ਸਾਹਿਬ, ਗੁਰਬਚਨ ਸਿੰਘ ਨੂੰ ਕਬਜਾ ਤਾ ਦੇਣਾ ਈ ਪਊ, ਜੇ ਕਿਸੇ ਨੇ ਉਨੀ ਇੱਕੀ ਕੀਤੀ ਤਾ ਅਸੀ ਸਾਰੇ ਫੜ ਕੇ ਲੈ ਜਾਣੇ ਆ, ਕਨੂੰਨੀ ਕਾਰਵਾਈ ਲਈ ਸਭ ਲਈ ਦਰਵਾਜੇ ਖੁੱਲੇ ਆ, ਜੇ ਪਰਵਾਰ ਨੇ ਕੇਸ ਕਰਨਾ ਹੋਵੇ ਤਾ ਜਾ ਕੇ ਅਦਾਲਤ ਦਾ ਬੂਹਾ ਖੜਕਾਉਣ"। 
ਨਾਲ ਆਏ ਏ ਐਸ ਆਈ ਨੇ ਸਖਤ ਰੁੱਖ ਅਪਣਾਉਦਿਆ ਕਿਹਾ, ਸਰਪੰਚ ਨੇ ਦੇਬੀ ਨੂੰ ਪਾਸੇ ਕਰ ਲਿਆ, ਫੌਜੀ ਤਾਇਆ ਤੇ ਹਮੈਤੀ ਬਾਪੂ ਤੋ ਇਲਾਵਾ ਕੁੱਝ ਹੋਰ ਸਿਆਣੇ ਬਯੁਰਗ ਨਾਲ ਲੈ ਕੇ ਮਸ਼ਵਰਾ ਕੀਤਾ … ।
"ਦੇਬੀ, ਲਗਦਾ ਤੇਰੀ ਗੱਲ ਸਹੀ ਆ, ਮੈਨੂੰ ਲਗਦਾ ਇਹ ਸਾਰਾ ਕੁੱਝ ਤੈਨੂੰ ਏਥੋ ਭਜਾਉਣ ਲਈ ਕੀਤਾ ਜਾ ਰਿਹਾ, ਇਹ ਗੁਰਬਚਨ ਸਿੰਘ ਨੇ ਜਿਹੜਾ ਮੁਖਤਾਰ ਨਾਮਾ ਮੰਗਵਾਇਆ ਆ ਇਹ ਸਾਰੀ ਨੰਬਰਦਾਰ ਦੀ ਕਾਰਸਤਾਨੀ ਆ"।
ਸਰਪੰਚ ਨੇ ਦੱਸਿਆ।
"ਬਯੁਰਗੋ, ਕੀ ਜੋ ਇਹ ਆਫੀਸਰ ਕਹਿ ਰਹੇ ਆ ਉਹ ਕਨੂੰਨੀ ਤੌਰ ਤੇ ਸਹੀ ਆ ?"
ਦੇਬੀ ਪੁਸ਼ਟੀ ਕਰਨੀ ਚਹੁੰਦਾ ਸੀ।
"ਬਦਕਿਸਮਤੀ ਤਾ ਏਹੀ ਆ, ਕਨੂੰਨੀ ਤੌਰ ਤੇ ਗੁਰਬਚਨ ਸਿੰਘ ਜਮੀਨ ਦਾ ਜੋ ਚਾਹੇ ਕਰ ਸਕਦਾ ਆ, ਤੇਰੇ ਤਾਏ ਤੇ ਮੈਨੂੰ ਆਉਦਾ ਬਈ ਭੈਣ ਕੋਲੋ ਮੁਖਤਾਰ ਨਾਮਾ ਖੋਹ ਕੇ ਸਾਲੇ ਦੇ ਹੱਥ ਸੌਪ ਤੀ ਜਮੀਨ, ਤੇ ਜਿਹੜਾ ਇਹ ਤੇਰੇ ਪਿਓ ਦੀ ਬੇਦਖਲੀ ਦਾ ਮਾਮਲਾ ਆ ਇਹ ਬਿਲਕੁਲ ਫਰਾਡ ਆ, ਪਰ ਏਸ ਫਰਾਡ ਨੂੰ ਗਲਤ ਸਾਬਤ ਕਰਨ ਲਈ ਸਾਰੀ ਉਮਰ ਵੀ ਲੱਗ ਸਕਦੀ ਆ"। 
ਸਰਪੰਚ ਨੇ ਦੱਸਿਆ।
"ਕੀ ਕੋਈ ਐਸਾ ਕਨੂੰਨ ਨਹੀ ਜਿਸ ਨਾਲ ਅਸੀ ਏਸ ਨੂੰ ਰੋਕ ਸਕੀਏ ਤੇ ਪਹਿਲਾ ਇਹ ਇਨਾ ਪੇਪਰਾ ਦੇ ਅਸਲੀ ਹੋਣ ਦੀ ਤਸਦੀਕ ਕਰ ਸਕੀਏ ?" 
ਦੇਬੀ ਨੇ ਪੁੱਛਿਆ।
"ਕਨੂੰਨਨ ਐਸਾ ਕੀਤਾ ਜਾ ਸਕਦਾ ਆ, ਪਰ ਤੂੰ ਜਰਮਨ ਵਿੱਚ ਨਹੀ, ਏਥੇ ਜਿਸਦੀ ਲਾਠੀ ਉਹਦੀ ਮੱਝ, ਇਹ ਚੱਕਰ ਸਿਆਸੀ ਲੋਕਾ ਦਾ ਆ ਤੇ ਜਿਸ ਜੱਜ ਨੇ ਤੇਰਾ ਫੈਸਲਾ ਕਰਨਾ ਆ ਉਹ ਵੀ ਏਨਾ ਦੀ ਜੁੰਡੀ ਦਾ ਯਾਰ ਹੋਣਾ ਆ, ਜੇ ਇਹ ਚਾਹੁਣ ਤਾ ਤੈਨੂੰ ਫੇਰ ਫੇਰ ਕੇ ਬੁੱਢਾ ਕਰ ਦੇਣਗੇ ਪਰ ਕੇਸ ਦੀਆ ਤਰੀਕਾ ਸਾਰੀ ਉਮਰ ਪੈ ਸਕਦੀਆ ਤੇ ਹੋ ਸਕਦਾ ਕਿ ਤੇਰੀ ਔਲਾਦ ਨੂੰ ਵੀ ਇਨਸਾਫ ਨਾ ਮਿਲੇ"। ਸਰਪੰਚ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਇਸ ਦੇਸ਼ ਦਾ ਕਨੂੰਨ ਅਪਾਹਜ ਸੀ, ਸਿਰਫ ਅੰਨਾ ਹੀ ਨਹੀ ਸਗੋ ਗੁੰਗਾ ਤੇ ਬੋਲਾ ਵੀ ਸੀ, ਜਿਸਨੂੰ ਰਿਸ਼ਵਤ ਦੇ ਰੁਪਏ ਦਾ ਸਹਾਰਾ ਚਾਹੀਦਾ ਸੀ।
"ਫਿਰ ਤਾ ਸਾਡੇ ਕੋਲ ਕੋਈ ਚਾਰਾ ਨਹੀ, ਸਿਵਾਏ ਹਥਿਆਰ ਸੁੱਟਣ ਤੋ"। 
ਦੇਬੀ ਦਾ ਆਖਰੀ ਸਵਾਲ।
"ਅਫਸੋਸ਼ ਆ ਕਿ ਇਹ ਸਹੀ ਆ"। 
ਸਰਪੰਚ ਸਿਰ ਹਿਲਾ ਗਿਆ।
"ਜਰਾ ਜਲਦੀ ਫੈਸਲਾ ਕਰੋ ਅਸੀ ਰਾਤ ਏਥੇ ਨੀ ਕੱਟਣੀ"। 
ਏ ਐਸ ਆਈ ਛੇਤੀ ਕੋਈ ਫੈਸਲਾ ਚਾਹੁੰਦਾ ਸੀ।
"ਪਰ ਜਨਾਬ ਏਹ ਮੁੰਡਾ ਹੁਣ ਜਾਊ ਕਿੱਥੇ ਏਹ ਏਹਦਾ ਘਰ ਆ"। 
ਸਰਪੰਚ ਨੇ ਆਖਰੀ ਤਰਲਾ ਮਾਰਿਆ।
"ਜੇ ਇਹਦੇ ਕੋਲ ਕੋਈ ਘਰ ਨਹੀ ਤਾ ਹਫਤਾ ਏਥੇ ਰਹਿ ਸਕਦਾ ਆ ਤੇ ਏਨੇ ਸਮੇ ਵਿੱਚ ਅਪਣਾ ਇੰਤਜਾਮ ਕਰ ਲਵੇ "। 
ਗੁਰਬਚਨ ਸਿੰਘ ਨੇ ਕਿਹਾ।

"ਨਹੀ, ਅੰਕਲ ਜੀ, ਬੜੀ ਮੇਹਰਬਾਨੀ, ਜੇ ਏਹ ਮੇਰਾ ਘਰ ਨਹੀ ਤਾ ਇਸ ਵਿੱਚ ਰਹਿ ਵੀ ਨਹੀ ਸਕਦਾ"। ਦੇਬੀ ਦੀ ਥਾ ਕੋਈ ਹੋਰ ਹੁੰਦਾ ਤਾ ਦੁਹੱਥੜਾ ਮਾਰਦਾ, ਪਰ ਦੇਬੀ ਦੇ ਦਿਲ ਦੀ ਅਵਾਜ ਸੀ ਕਿ ਜਿੰਨਾ ਨਾਤੀ ਓਨਾ ਪੁੰਨ, ਏਹਦੇ ਵਿੱਚ ਵੀ ਰੱਬ ਦੀ ਕੋਈ ਰਜਾ ਹੈ।
"ਤੇਰੀ ਮਰਜੀ"। 
ਕਿਹਾ ਗੁਰਬਚਨ ਸਿੰਘ ਨੇ।
"ਪਰ ਸਾਡੇ ਪੋਲਟਰੀ ਦਾ ਕੀ ਬਣੂੰ ?" 
ਇੱਕ ਸਾਝੀਵਾਲ ਨੇ ਕਿਹਾ, ਹੁਣ ਸਾਰੇ ਘਬਰਾ ਗਏ ਸਨ ਕਿ ਕਿਤੇ ਪੋਲਟਰੀ ਫਾਰਮ ਨਾ ਜਾਦਾ ਲੱਗੇ।
"ਮੇਰੀ ਜਮੀਨ ਵਿੱਚ ਜਿਹੜੀ ਚੀਜ ਆ ਉਹ ਮੇਰੀ ਆ, ਤੇ ਪੋਲਟਰੀ ਵੀ ਮੇਰਾ"। 
ਗੁਰਬਚਨ ਸਿੰਘ ਦੀ ਲਾਟਰੀ ਨਹੀ ਲਾਟਰੀਆ ਨਿਕਲੀਆ ਸਨ।
"ਦੇਬੀ ਕੋਲੋ ਤਾ ਕਬਜਾ ਸੌਖਾ ਮਿਲ ਗਿਆ ਪਰ ਜੇ ਪੋਲਟਰੀ ਤੇ ਕਿਸੇ ਨੇ ਅੱਖ ਰੱਖੀ ਤਾ ਏਥੇ ਲਾਸ਼ਾ ਵਿਛ ਜਾਣੀਆ, ਤੇ ਤਾਇਆ ਤੂੰ ਕੰਨ ਖੋਲ ਕੇ ਸੁਣ ਲਾ, ਸਾਰੀ ਉਮਰ ਪੁਲਸ ਨੇ ਤੈਨੂੰ ਨਹੀ ਬਚਾਉਣਾ, ਜਿਹੜਾ ਵੀ ਏਥੇ ਰਹੂ ਉਹ ਪੂਰੇ ਪਿੰਡ ਨਾਲ ਪੰਗਾ ਲੈ ਕੇ ਕਦ ਤੱਕ ਖੈਰ ਮਨਾਊ ?" ਦਲੀਪ ਕੋਲੋ ਹੁਣ ਹੋਰ ਸਹਿ ਨਹੀ ਸੀ ਹੋ ਰਿਹਾ।
"ਤੇਰੀ ਅਵਾਜ ਕੁੱਝ ਜਾਦਾ ਈ ਉਚੀ ਆ ਕਾਕਾ"। 
ਏ ਐਸ ਆਈ ਨੇ ਦਲੀਪ ਨੂੰ ਤਾੜਿਆ।
"ਜਨਾਬ, ਤੁਹਾਡੇ ਘਰ ਤੇ ਕੋਈ ਆ ਕੇ ਨਜਾਇਜ ਕਬਜਾ ਕਰੇ ਤਾ ਤੁਹਾਡੀ ਅਵਾਜ ਉਚੀ ਨਹੀ ਹੋਵੇਗੀ ?" 
ਦਲੀਪ ਨੂੰ ਏ ਐਸ ਆਈ ਤੋ ਕੋਈ ਡਰ ਨਹੀ ਸੀ, ਏ ਐਸ ਆਈ ਬਗਲੀ ਝਾਕਣ ਲੱਗ ਪਿਆ।
"ਦੇਖੋ ਅੰਕਲ, ਸਾਡਾ ਜੋ ਪਰਾਈਵੇਟ ਮਸਲਾ ਆ ਉਹਦੇ ਵਿੱਚ ਮੈ ਤਾਇਆ ਜੀ ਤੋ ਬਾਹਰਾ ਨਹੀ, ਜੇ ਉਨਾ ਦੀ ਏਹ ਮਰਜੀ ਆ ਤਾ ਕੋਈ ਗੱਲ ਨਹੀ, ਪਰ ਪੋਲਟਰੀ ਵਾਲੇ ਦੋ ਕਿੱਲੇ ਭਾਪਾ ਜੀ ਦੀ ਬੇਦਖਲੀ ਵੀ ਹੋਵੇ ਤਾ ਵੀ ਕਿਸੇ ਨੂੰ ਨਹੀ ਮਿਲਣੇ, ਜੇ ਤੁਸੀ ਏਹ ਸਮਝਦੇ ਓ ਬਈ ਪੋਲਟਰੀ ਫਾਰਮ ਹੜੱਪਣਾ ਆ ਤਾ ਸਾਰਾ ਪਿੰਡ ਅੰਦਰ ਵੀ ਹੋ ਗਿਆ ਤਾ ਵੀ ਤੁਹਾਨੂੰ ਏਥੇ ਕਿਸੇ ਨੇ ਵੜਨ ਨਹੀ ਦੇਣਾ, ਲਾਲਚ ਨਾ ਕਰੋ, ਪੋਲਟਰੀ ਵਾਲੇ ਦੋ ਕਿੱਲੇ ਦਾ ਕਬਜਾ ਤੁਸੀ ਜੇ ਅੱਜ ਲੈ ਲਿਆ ਤਾ ਕੱਲ ਨੂੰ ਕਿੱਥੋ ਦੀ ਲੰਘ ਕੇ ਉਥੇ ਪਹੁੰਚੋਗੇ ? ਏਹਨਾ ਮੁੰਡਿਆ ਦਾ ਪਸੀਨਾ ਡੁੱਲਿਆ ਪੋਲਟਰੀ ਵਿੱਚ ਤੇ ਜੇ ਮੈਨੂੰ ਏਥੇ ਲਹੂ ਵੀ ਵਹਾਉਣਾ ਪਿਆ ਤਾ ਤੁਹਾਡੀ ਪੁਲੀਸ ਨੂੰ ਮੇਰੀ ਲਾਸ਼ ਉਪਰ ਦੀ ਲੰਘਣਾ ਪA"। 
ਦੇਬੀ ਜਮੀਨ ਛੱਡ ਸਕਦਾ ਸੀ ਪਰ ਸਾਝੀਵਾਲ ਦੀ ਮੌਤ ਨਹੀ ਸੀ ਦੇਖ ਸਕਦਾ।
"ਅਸੀ ਚੱਲੇ ਆ ਸਾਰੇ ਪੋਲਟਰੀ, ਜੀਹਨੇ ਉਥੇ ਵੜਨਾ ਉਹ ਆਪਣਾ ਬੰਦੋਬਸਤ ਕਰ ਕੇ ਆਵੇ"। ਦੇਬੀ ਦੀ ਯੁਰਅੱਤ ਦੇਖ ਕੇ ਦਲੀਪ ਹੋਰ ਵੀ ਗੁੱਸੇ ਵਿੱਚ ਆ ਗਿਆ … ।
"ਆਓ ਪਿੰਡ ਵਾਲਿਓ, ਦੇਖਦੇ ਆ ਅੱਜ ਕਿੰਨਿਆ ਕੁ ਦੇ ਗੋਲੀ ਵੱਜਦੀ ਆ"। 
ਦਲੀਪ ਨੇ ਸਾਰੇ ਨਾਲ ਤੌਰ ਲਏ, ਏ ਐਸ ਆਈ ਮੁੰਡਿਆ ਦਾ ਗੁੱਸਾ ਦੇਖ ਕੇ ਥੋੜਾ ਮੱਠਾ ਪੈ ਗਿਆ ਸੀ।
"ਪੋਲਟਰੀ ਸਾਰੀ ਉਮਰ ਲਈ ਤੁਹਾਡੀ, ਮੈਨੂੰ ਜਮੀਨ ਦਾ ਮੁੱਲ ਜਦੋ ਮਰਜੀ ਦੇ ਦਿਓ, ਮੈ ਕਿਹੜਾ ਏਥੇ ਆ ਕੇ ਆਡੇ ਵੇਚਣੇ ਆ"।

ਗੁਰਬਚਨ ਸਿੰਘ ਗੱਲ ਵਿਗੜਦੀ ਦੇਖ ਕੇ ਬੋਲਿਆ।
"ਗੁਰਬਚਨ ਸਿੰਘ ਜੀ ਅਸੀ ਦੇਬੀ ਦੇ ਤਾਏ ਨੂੰ ਜਾਣਦੇ ਆ ਤੇ ਕੱਲ ਤੱਕ ਅਸੀ ਉਹਦੇ ਕੋਲੋ ਪੁੱਛ ਲੈਣਾ ਬਈ ਸਰੂਪ ਸਿੰਘ ਦੀ ਬੇਦਖਲੀ ਦਾ ਕੀ ਮਾਮਲਾ ਜੇ ਇਹ ਗਲਤ ਹੋਇਆ ਤਾ ਗੁਰਬਚਨ ਸਿਆ ਤੂੰ ਸਾਡੇ ਪਿੰਡ ਨੀ ਵੜ ਸਕਦਾ, ਸਰਕਾਰ ਨੇ ਤੈਨੂੰ ਪੱਕੀ ਸਿਕਿਓਰਟੀ ਨਹੀ ਦੇਣੀ ਤੇ ਨੰਬਰਦਾਰਾ ਤੂੰ ਤਾ ਹੁਣ ਪਿੰਡ ਵਿੱਚ ਜੇ ਰਿਹਾ ਵੀ ਤਾ ਕੁੱਤੇ ਤੋ ਵੱਧ ਮੁੱਲ ਨਹੀ ਪੈਣਾ ਤੇਰਾ, ਜੇ ਭਲੀ ਚਾਹੁੰਦੇ ਓ ਤਾ ਸੱਚ ਦੱਸ ਦੇਵੋ, ਸਰੂਪ ਸਿੰਘ ਦੇ ਹਿੱਸੇ ਦੀ ਪੈਲੀ ਜੇ ਤੁਸੀ ਦੇਬੀ ਤੇ ਉਹਦੀ ਭੂਆ ਕੋਲ ਰਹਿਣ ਦੇਦੇ ਓ ਤਾ ਮੈ ਅੱਧੇ ਕਬਜੇ ਲਈ ਰਾਜੀ ਆ ਤੇ ਜੇ ਏਦਾ ਨਹੀ ਕਰਨਾ ਤਾ ਦੇਖ ਲਓ ਦੋਵੇ ਅਸੀ ਪਿੰਡ ਰਹਿੰਦੇ ਆ ਤੇ ਤੁਸੀ ਬਾਹਰੋ ਆਉਣਾ"। 
ਸਰਪੰਚ ਨੇ ਵੀ ਦਾਬਾ ਮਾਰਿਆ।
"ਬਾਪੂ ਜੇ ਤੂੰ ਦੇਬੀ ਬਾਈ ਦਾ ਨੁਕਸਾਨ ਕੀਤਾ ਤਾ ਸਾਰੇ ਸੁਣ ਲਓ, ਵਿੱਚੇ ਇਹ ਪੁਲੀਸ ਸੁਣ ਲਵੇ ਬਈ ਅਪਣੇ ਪਿਓ ਨੂੰ ਗੋਲੀ ਮੈ ਮਾਰਨੀ ਆ, ਤੇ ਜਦੋ ਮਰਜੀ ਚੜਾ ਦਿਓ ਮੈਨੂੰ ਫਾਸੀ, ਕੋਈ ਪਰਵਾਹ ਨਹੀ"। 
ਨੰਬਰਦਾਰ ਦੇ ਛੋਟੇ ਮੁੰਡੇ ਨੇ ਲਲਕਾਰ ਕੇ ਕਹਿ ਦਿੱਤਾ, ਹੁਣ ਨੰਬਰਦਾਰ ਤੇ ਗੁਰਬਚਨ ਸਿੰਘ ਦਾ ਪਜਾਮਾ ਗਿੱਲਾ ਹੋ ਰਿਹਾ ਸੀ, ਗੁਰਬਚਨ ਸਿੰਘ ਸਮਝ ਗਿਆ ਸੀ ਕਿ ਸਾਰੇ ਪਿੰਡ ਨਾਲ ਹੀ ਨਹੀ ਸਗੋ ਇਲਾਕੇ ਨਾਲ ਪੰਗਾ ਪੈ ਜਾਣਾ ਤੇ ਕੀਹਦੇ ਕੀਹਦੇ ਨਾਲ ਲੜਦਾ ਫਿਰੂ ? ਨੰਬਰਦਾਰ ਦੀ ਪਿੰਡ ਵਿੱਚ ਕੁੱਤੀ ਨਹੀ ਮੰਨਦੀ, ਉਹ ਇੱਕ ਪਲ ਵਿੱਚ ਹੀ ਰੰਗ ਬਦਲ ਗਿਆ।
"ਮੈ ਤਾ ਆਪ ਸਰੂਪ ਸਿੰਘ ਦੀ ਬੇਦਖਲੀ ਨੂੰ ਗਲਤ ਸਮਝਦਾ, ਠੀਕ ਆ ਉਹਦੇ ਲੱਛਣ ਚੰਗੇ ਨਹੀ ਸੀ ਪਰ ਉਹਦੀ ਔਲਾਦ ਤਾ ਨਿਰੀ ਹੀਰਾ ਆ, ਮੈ ਭਾਈਏ ਨਾਲ ਕੱਲ ਹੀ ਗੱਲ ਕਰਦਾ ਬਈ ਭਰਾ ਦਾ ਹੱਕ ਉਹਨੂੰ ਦੇਵੇ, ਨਾ ਮੈਨੂੰ ਘਰ ਦੀ ਲੋੜ ਆ ਤੇ ਨਾ ਬਾਹਰਲੀ ਜਮੀਨ ਦੀ, ਭਾਈਏ ਨੇ ਕਿਹਾ ਸੀ ਬਈ ਉਹਦੀ ਜਮੀਨ ਠੇਕੇ ਤੇ ਦੇ ਦੇਵਾ ਤੇ ਠੇਕਾ ਉਹਨੂੰ ਭੇਜ ਦਿਆ ਕਰਾ, ਸਰਪੰਚ ਸਾਹਿਬ ਤੁਸੀ ਪੰਦਰਾ ਕਿੱਲੇ ਜਿਹੜੇ ਮਰਜੀ ਮੈਨੂੰ ਦੁਆ ਦਿਓ"। 
ਗੁਰਬਚਨ ਸਿੰਘ ਸੋਚਦਾ ਸੀ ਕਿ ਨੰਬਰਦਾਰ ਦੇ ਪੰਦਰਾਂ ਗਏ ਪਰ ਮੇਰੇ ਤਾ ਰਹਿਣਗੇ ਹੀ, ਉਹ ਛੇਤੀ ਸਮਝੌਤਾ ਕਰਨਾ ਚਾਹੁੰਦਾ ਸੀ।
"ਹਾ ਜੀ ਸਰਪੰਚ ਜੀ ਮਾਰੋ ਫਿਰ ਘੁੱਗੀ ਤੁਸੀ ਵੀ ਤੇ ਨਿਬੇੜੋ ਰੇੜਕਾ।" 
ਤਹਿਸੀਲਦਾਰ ਕੰਮ ਨਿਬੇੜ ਕੇ ਜਾਣ ਲਈ ਕਾਹਲਾ ਸੀ, ਐਮ ਐਲ ਏ ਨੇ ਉਹਨੂੰ ਨਾਲ ਆਉਣ ਲਈ ਕਿਓ ਕਹਿ ਦਿੱਤਾ ਸੀ, ਸਾਹਮਣੇ ਹੁੰਦਾ ਧੱਕਾ ਉਹਦੀ ਜਮੀਰ ਬਰਦਾਸ਼ਤ ਤਾ ਨਹੀ ਸੀ ਕਰ ਰਹੀ ਪਰ ਮਰਦਾ ਕੀ ਨਾ ਕਰਦਾ ?
"ਮੁਡਿਓ ਬਾਹਲੇ ਗੁੱਸੇ ਵਿੱਚ ਨਹੀ ਆਈਦਾ, ਅਸੀ ਤਾ ਸਰਕਾਰੀ ਨੌਕਰੀ ਕਰ ਰਹੇ ਆ, ਨਬੇੜੋ ਗੱਲ ਕਿਸੇ ਬੰਨੇ"।
ਏ ਐਸ ਆਈ ਵੀ ਹੁਣ ਕੁੱਝ ਢਿੱਲਾ ਪੈ ਰਿਹਾ ਸੀ।
"ਠੀਕ ਆ, ਗੁਰਬਚਨ ਸਿੰਘ ਸਾਰੇ ਕਾਗਜਾ ਦੀਆ ਕਾਪੀਆ ਸਾਨੂੰ ਦੇ ਦੇਵੇ, ਫਿਲਹਾਲ ਫਸਲ ਬੀਜੀ ਪਈ ਆ, ਫਸਲ ਵੱਢਣ ਤੋ ਬਾਅਦ ਅੱਧੀ ਜਮੀਨ ਦਾ ਅਸੀ ਆਪ ਠੇਕਾ ਦੇ ਦਿਆ ਕਰਾਗੇ, ਮਨਜੂਰ ਆ ਗੁਰਬਚਨ ਸਿੰਘ ਜੀ ?" 

ਸਰਪੰਚ ਨੇ ਪੁੱਛਿਆ।
"ਜੇ ਤੁਸੀ ਠੇਕੇ ਦੀ ਗਰੰਟੀ ਲੈਦੇ ਆ ਤਾ ਮੈਨੂੰ ਏਥੇ ਆਉਣ ਦੀ ਵੀ ਲੋੜ ਨਹੀ, ਤੁਸੀ ਲਿਖ ਕੇ ਦੇ ਦਿਓ ਤੇ ਜਮੀਨ ਜਿਹੜਾ ਮਰਜੀ ਵਾਹੀ ਫਿਰੇ, ਮੈਨੂੰ ਮਨਜੂਰ ਆ।" 
ਗੁਰਬਚਨ ਸਿੰਘ ਚਾਹੁੰਦਾ ਸੀ ਕਿ ਕਿਵੇ ਨਾ ਕਿਵੇ ਗੱਲ ਠੰਡੀ ਪੈ ਜਾਵੇ ਇਹ ਨਾ ਹੋਵੇ ਬਈ ਕਨੇਡਾ ਤੋ ਭਾਈਆ ਆ ਕੇ ਉਹਦਾ ਕਾਫੀਆ ਤੰਗ ਕਰ ਦੇਵੇ, ਪੰਦਰਾ ਕਿੱਲੇ ਦੇ ਠੇਕੇ ਦੀ ਗਰੰਟੀ ਪਿੰਡ ਦੀ ਪੰਚਾਇਤ ਨੇ ਲੈ ਲਈ ਬਈ ਗੁਰਬਚਨ ਸਿੰਘ ਨੂੰ ਠੇਕਾ ਮਿਲ ਜਾਊ, ਚਾਰ ਅੱਖਰ ਲਿਖ ਕੇ ਦਸਤਖਤ ਹੋ ਗਏ, ਗੁਰਬਚਨ ਸਿੰਘ ਹੁਣ ਪਿੰਡ ਨੂੰ ਮੁੜਨ ਲੱਗਾ ਸੀ।
"ਕਿਓ ਤਾਇਆ ਅੱਜ ਪਿੰਡ ਰਹਿਣਾ ਕਿ ਕਿਤੇ ਹੋਟਲ ਵਿੱਚ ਰਾਤ ਕੱਟਣੀ ਆ "? 
ਇੱਕ ਗੁੱਸੇਖੋਰਾ ਸਾਝੀਵਾਲ ਮੌਕਾ ਲੱਭ ਰਿਹਾ ਸੀ ਕਿ ਕਦੋ ਤਾਇਆ ਅੜਿੱਕੇ ਆਉਦਾ ਆ, ਨੰਬਰਦਾਰ ਕੰਬ ਉਠਿਆ, ਉਸਨੂੰ ਲਗਦਾ ਸੀ ਕਿ ਐਮ ਐਲ ਏ ਦੇ ਉਹਦੇ ਮਗਰ ਹੋਣ ਨਾਲ ਵੀ ਉਹ ਜੋ ਮਰਜੀ ਨਹੀ ਸੀ ਕਰ ਸਕਦਾ, ਪਿੰਡ ਵਾਲਿਆ ਦੇ ਇਤਫਾਕ ਅੱਗੇ ਐਮ ਐਲ ਏ ਵੀ ਕੁੱਝ ਨਹੀ ਸੀ ਕਰ ਸਕਦਾ, ਉਹ ਗੁਰਬਚਨ ਸਿੰਘ ਦੇ ਨਾਲ ਹੀ ਉਹਦੇ ਪਿੰਡ ਨੂੰ ਮੁੜ ਗਿਆ, ਜਾਦੇ ਜਾਦੇ ਨੂੰ ਉਹਦੇ ਮੁੰਡੇ ਨੇ ਕਹਿ ਦਿੱਤਾ ਸੀ … ।
"ਕਿੰਨੀ ਕੁ ਦੇਰ ਬਾਹਰ ਰਹਿ ਲਵੇਗਾ ਬੁੱਢਿਆ, ਆਉਣਾ ਤਾ ਪਿੰਡ ਈ ਪੈਣਾ"। 
ਇਕ ਬਹੁਤ ਵੱਡੀ ਹੋਰ ਬਲਾ ਟਲ ਗਈ ਸੀ, ਦੇਬੀ ਨੁੰ ਅੱਧੀ ਜਮੀਨ ਦੀ ਬਿਲਕੁਲ ਹੀ ਪਰਵਾਹ ਨਹੀ ਸੀ ਉਹ ਹੈ ਈ ਉਹਦੇ ਤਾਏ ਦੀ ਸੀ ਤੇ ਤਾਇਆ ਜੋ ਮਰਜੀ ਕਰ ਸਕਦਾ ਸੀ, ਇੱਕ ਵਾਰ ਦੇਬੀ ਦੇ ਮਨ ਵਿੱਚ ਆਇਆ ਕਿ ਉਹ ਇਨਾ ਵਹਿਸ਼ੀ ਲੋਕਾ ਦੇ ਵਿਰੋਧ ਵਿੱਚ ਲੋਕਾ ਨੂੰ ਲਾਮਬੰਦ ਕਰ ਕੇ ਇਨਾ ਨੂੰ ਲੋਕਾ ਵਿੱਚ ਨੰਗਾ ਕਰੇ ਪਰ ਫਿਰ ਉਹਦੀ ਅੰਦਰਲੀ ਅਵਾਜ ਨੇ ਕਿਹਾ ਕਿ ਤੂੰ ਏਥੇ ਪਰੇਮ ਦਾ ਸੁਨੇਹਾ ਦੇਣ ਆਇਆ ਹੈ ਨਾ ਕਿ ਸਿਆਸਤ ਤੇ ਲੜਾਈ ਕਰਨ ਵਾਸਤੇ।
"ਬਯੁਰਗੋ ਲਗਦਾ ਇਹ ਸਾਰਾ ਸਿਸਟਮ ਆਪਣੇ ਵਿਰੁੱਧ ਹੋ ਗਿਆ"। 
ਦੇਬੀ ਸਰਪੰਚ ਨਾਲ ਗੱਲ ਕਰ ਰਿਹਾ ਸੀ।
"ਪੁੱਤਰਾ ਜੋ ਕੁੱਝ ਤੂੰ ਕੀਤਾ ਆ ਇਹ ਇਥੋ ਦੇ ਲੋਕਾ ਦੀ ਪਾਚਣ ਸ਼ਕਤੀ ਤੋ ਬਾਹਰ ਦੀ ਗੱਲ ਆ, ਏਨੀ ਜਿਆਦਾ ਤਰੱਕੀ ਨੰਬਰਦਾਰ ਵਰਗੇ ਦੇਖ ਨਹੀ ਸਕਦੇ, ਹੁਣ ਏਹਦੀ ਪੁੱਛ ਗਿੱਛ ਘਟ ਗਈ ਸੀ ਇਸ ਲਈ ਏਹ ਏਨਾ ਕਮੀਨਾ ਹੋ ਗਿਆ ਪਰ ਮੈਨੂੰ ਇਹ ਸਮਝ ਨਹੀ ਆਈ ਬਈ ਸ਼ਮਸ਼ੇਰ ਇਹਦੇ ਨਾਲ ਕਿਓ ਫਿਰਦਾ ਤੇ ਕੀਹਦੀ ਪਾਵਰ ਕੰਮ ਕਰਦੀ ਆ ਨੰਬਰਦਾਰ ਪਿੱਛੇ, ਇਸ ਗੱਲ ਦਾ ਪਤਾ ਲੱਗਣ ਤੇ ਹੀ ਕੋਈ ਪੱਕੀ ਠੱਲ ਪੈ ਸਕਦੀ ਆ ਨਹੀ ਤਾ ਨੰਬਰਦਾਰ ਫੇਰ ਕੋਈ ਕਾਰਾ ਕਰੂ"। ਸਰਪੰਚ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ ਸੀ।
"ਤੁਸੀ ਅਪਣੇ ਕੁੜਮ ਨਾਲ ਗੱਲ ਕਰੋ, ਜਦੋ ਵੀ ਅਪਣੇ ਤੇ ਭੀੜ ਪੈਦੀ ਆ ਉਹ ਉਦੋ ਲੱਭਦਾ ਨਹੀ, ਮੇਰੇ ਖਿਆਲ ਵਿੱਚ ਨੰਬਰਦਾਰ ਤੇ ਐਮ ਐਲ ਏ ਦੀ ਇੱਕ ਗੱਲ ਆ ਤੇ ਸ਼ਮਸ਼ੇਰ ਵੀ ਇਹਦੀ ਮਦਦ ਇਸੇ ਕਰਕੇ ਕਰਦਾ"। 
ਦੇਬੀ ਨੇ ਅਪਣਾ ਖਿਆਲ ਦੱਸਿਆ।
"ਲਾਉਦੇ ਆ ਕੋਈ ਸਕੀਮ"। 
ਸੋਚਦੇ ਸਰਪੰਚ ਨੇ ਕਿਹਾ।
"ਲਓ ਬਈ, ਸਾਝੀਵਾਲੋ ਕੱਲ ਸਵੇਰੇ ਆਪਾ ਰਲ ਕੇ ਬਹਿਣਾ ਆ ਤੇ ਅਗਲੀ ਪਲੈਨਿੰਗ ਤਿਆਰ ਕਰਨੀ ਆ, ਸਵੇਰੇ ਦਸ ਵਜੇ ਗੁਰਦਵਾਰੇ ਆ ਜਾਇਓ ਸਾਰੇ।" ਦੇਬੀ ਨੇ ਸਾਰਿਆ ਨੂੰ ਕਿਹਾ ਤੇ ਸਭ ਆਪੋ ਆਪਣੇ ਕੰਮੀ ਤੇ ਘਰੀ ਤੁਰ ਗਏ, ਭੂਆ ਦੀ ਜਾਨ ਵਿੱਚ ਜਾਨ ਆਈ ਸੀ, ਘੁੱਦੇ ਦੀ ਬੇਬੇ ਤੇ ਸਰਪੰਚਣੀ ਉਸ ਨੂੰ ਸੰਭਾਲ ਰਹਿਆ ਸਨ।

 

..........................ਚਲਦਾ...................