ਕਾਂਡ 23
ਤਰਸੇਮ ਦਾ ਸਸਕਾਰ ਇਸ ਰੌਲੇ ਵਿੱਚ ਭੱਜੇ ਭਜਾਏ ਹੀ ਹੋਇਆ ਸੀ ਬਲਵੀਰ ਉਸ ਦਿਨ ਦਾ ਬਾਹਰ ਨਹੀ ਸੀ ਨਿਕਲਦਾ, ਭਾਵੇ ਉਸਨੂੰ ਕਿਸੇ ਨੇ ਕੁੱਝ ਨਹੀ ਸੀ ਕਿਹਾ ਪਰ ਉਹ ਏਨਾ ਕੁ ਸ਼ਰਮਸ਼ਾਰ ਸੀ ਕਿ ਕਿਸੇ ਨੂੰ ਮੂੰਹ ਨਹੀ ਸੀ ਦਿਖਾ ਰਿਹਾ, ਇੱਕ ਹਫਤੇ ਦੇ ਅੰਦਰ ਅੰਦਰ ਏਨੇ ਮਸਲੇ ਖੜੇ ਹੋ ਗਏ ਸਨ ਕਿ ਪਤਾ ਨਹੀ ਸੀ ਲਗਦਾ ਬਈ ਕਿਹੜਾ ਪਹਿਲਾ ਹੱਲ ਹੋਵੇ ਤੇ ਕਿਹੜਾ ਬਾਅਦ ਵਿੱਚ, ਦੇਬੀ ਨੇ ਮਨ ਹੀ ਮਨ ਕੁੱਝ ਫੈਸਲੇ ਲਏ ਸਨ ਤੇ ਹੁਣ ਉਨਾ ਨੂੰ ਉਹ ਛੇਤੀ ਤੋ ਛੇਤੀ ਲਾਗੂ ਵੀ ਕਰਨਾ ਚਾਹੁੰਦਾ ਸੀ, ਅੱਜ ਸਵੇਰੇ ਸਾਰੇ ਫਿਰ ਇਕੱਠੇ ਹੋ ਗਏ ਸਨ ਬੱਸ ਦੋ ਬੰਦੇ ਘੱਟ ਸੀ, ਤਰਸੇਮ ਤੇ ਨੰਬਰਦਾਰ, ਬਲਵੀਰ ਨੂੰ ਸਮਝਾ ਬੁਝਾ ਕੇ ਉਸਦੇ ਘਰਦੇ ਨਾਲ ਲੈ ਆਏ ਸਨ, ਤੇ ਉਹ ਸਹਿਮਿਆ ਜਿਹਾ ਇੱਕ ਕੋਨੇ ਵਿੱਚ ਬੈਠਾ ਸੀ, ਦੇਬੀ ਤੇ ਸਰਪੰਚ ਨੇ ਸਭ ਨੂੰ ਇਹ ਸਖਤ ਹਦਾਇਤ ਦਿੱਤੀ ਸੀ ਕਿ ਕੋਈ ਬਲਵੀਰ ਵੱਲ ਗੁੱਸੇ ਨਾਲ ਨਾ ਦੇਖੇ ਅਤੇ ਨਾ ਹੀ ਉਸ ਨੂੰ ਕੁੱਝ ਕਹੇ, ਸਭ ਇਕੱਤਰ ਸਨ, ਅੱਜ ਕੁੱਝ ਅਹਿਮ ਫੈਸਲੇ ਸੁਣਾਏ ਜਾਣੇ ਸਨ …
"ਹਾ ਬਈ ਕਾਕਾ, ਹੋ ਸ਼ੁਰੂ।"
ਸਰਪੰਚ ਨੇ ਦੇਬੀ ਨੂੰ ਇਸ਼ਾਰਾ ਕੀਤਾ, ਦੇਬੀ ਉਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ …
ਇਕੱਤਰ ਹੋਏ ਵੀਰੋ, ਭੈਣੋ, ਤੇ ਬਯੁਰਗੋ,
"ਜੋ ਕੁੱਝ ਸਾਡੇ ਨਾਲ ਪਿਛਲੇ ਦਿਨਾ ਵਿੱਚ ਹੋਇਆ ਇਹ ਸਾਡੀ ਸੋਚ ਤੋ ਬਾਹਰ ਦੀ ਗੱਲ ਆ, ਅਸੀ ਅਪਣੇ ਇੱਕ ਸਾਝੀਵਾਲ ਨੂੰ ਗਵਾ ਲਿਆ ਹੈ ਤੇ ਦੂਜਾ ਅਪਣਾ ਮਾਨਸਿਕ ਸੰਤੁਲਨ ਖੋ ਬੈਠਾ ਆ, ਮੈ ਜਦੋ ਇਸ ਪਿੰਡ ਵਿੱਚ ਆਇਆ ਸੀ ਤਾਂ ਐਸੀਆ ਦੁਰਘਟਨਾਵਾ ਦੀ ਕੋਈ ਕਲਪਨਾ ਨਹੀ ਸੀ ਕੀਤੀ, ਪਰ ਜੋ ਅੱਖਾ ਸਾਹਮਣੇ ਹੋਇਆ ਹੈ ਉਸਤੋ ਮੁਨਕਰ ਨਹੀ ਹੋਇਆ ਜਾ ਸਕਦਾ, ਅਸੀ ਸਾਰੇ ਬਲਵੀਰ ਨੂੰ ਅਪਣਾ ਵਿਰੋਧੀ ਨਹੀ ਸਮਝਦੇ, ਇਹ ਠੀਕ ਹੈ ਕਿ ਇਨਾ ਦੋਵਾ ਦੇ ਕਾਰਨ ਜੋ ਨੁਕਸਾਨ ਸਾਝੀਵਾਲ ਨੂੰ ਹੋਇਆ ਆ ਉਸ ਨੂੰ ਪੂਰਾ ਨਹੀ ਕੀਤਾ ਜਾ ਸਕਦਾ ਪਰ ਜੇ ਅਸੀ ਬਲਵੀਰ ਨੂੰ ਮੁੜ ਅਪਣੇ ਵਿੱਚ ਨਾ ਸਮਾ ਲਈਏ ਤਾ ਏਹ ਹੋਰ ਵੀ ਘਾਟਾ ਹੋਵੇਗਾ ਅਤੇ ਸਾਰੇ ਪਿੰਡ ਵਿੱਚ ਇੱਕ ਬੰਦੇ ਨੂੰ ਵੱਖਰਾ ਰਹਿ ਕੇ ਜੀਣਾ ਮੁਸ਼ਕਿਲ ਹੋ ਜਾਵੇਗਾ, ਜਿਵੇ ਨੰਬਰਦਾਰ ਫਿਲਹਾਲ ਪਿੰਡ ਛੱਡ ਚੁੱਕਾ ਆ, ਬਲਵੀਰ ਦੀ ਇਹ ਪਹਿਲੀ ਗਲਤੀ ਆ, ਸਾਡੇ ਕੋਲੋ ਕਿਸੇ ਕੋਲੋ ਵੀ ਹੋ ਸਕਦੀ ਆ, ਹਰ ਬੰਦਾ ਜੋ ਗਲਤੀ ਕਰਦਾ ਹੈ ਤੇ ਫਿਰ ਪਛਤਾਵਾ ਵੀ ਕਰਦਾ ਹੈ ਉਸ ਨੂੰ ਅਪਣੀ ਗਲਤੀ ਦੀ ਸਜਾ ਮਿਲ ਚੁੱਕੀ ਹੁੰਦੀ ਹੈ, ਬਲਵੀਰ ਪਛਤਾਵਾ ਕਰ ਚੁੱਕਾ ਆ, ਕੀ ਤੁਸੀ ਸਾਰੇ ਮੇਰੇ ਨਾਲ ਸਹਿਮਤ ਹੋ ਜੇ ਮੈ ਇਹ ਕਹਾ ਕਿ ਬਲਵੀਰ ਸਾਡਾ ਪਹਿਲਾ ਦੀ ਤਰਾ ਹੀ ਸਾਝੀਵਾਲ ਹੈ ?"
ਤੇ ਦੇਬੀ ਨੇ ਸਾਰਿਆ ਵੱਲ ਦੇਖਿਆ,
ਸਰਪੰਚ ਨੇ ਅਤੇ ਘੁੱਦੇ ਨੇ ਹੱਥ ਖੜਾ ਕਰ ਦਿੱਤਾ, ਹੌਲੀ ਹੌਲੀ ਬਾਕੀ ਵੀ ਏਧਰ ਓਧਰ ਦੇਖਦੇ ਬਾਹਾ ਉਪਰ ਕਰਦੇ ਗਏ, ਹੁਣ ਸਭ ਦੀਆ ਬਾਹਾ ਉਪਰ ਸਨ ਤੇ ਬਲਵੀਰ ਦੀਆ ਧਾਹਾ ਨਿਕਲ ਰਹੀਆ ਸਨ, ਉਹ ਭੱਜ ਕੇ ਸਰਪੰਚ ਦੇ ਪੈਰੀ ਪੈ ਗਿਆ ਤੇ ਹਿਚਕੀਆ ਲੈਦਾ ਹੋਇਆ ਕਹਿਣ ਲੱਗਾ … ।।
"ਚਾ … ਚਾ ਜੀ, ਬ ਬਹੁਤ ਗੁਨਾਹ ਹੋ ਗਿਆ, ਬਖਸ਼ ਲਓ"।
ਸਰਪੰਚ ਨੇ ਉਸ ਨੂੰ ਜੱਫੀ ਵਿੱਚ ਲੈ ਲਿਆ ਤੇ ਕਹਿਣ ਲੱਗਾ …
"ਜੇ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਤਾ ਉਸਨੂੰ ਭੁੱਲਿਆ ਨਹੀ ਕਹਿੰਦੇ, ਤੂੰ ਹਿੰਮਤ ਫੜ ਆਪਾ ਹਾਲੇ ਬਹੁਤ ਕੁੱਝ ਕਰਨਾ"।
ਬਲਵੀਰ ਦੀ ਮੁਆਫੀ ਨਾਲ ਮਹੋਲ ਕੁੱਝ ਠੀਕ ਹੋ ਗਿਆ ਸੀ, ਸਾਝੀਵਾਲ ਕਿਸੇ ਹੋਰ ਪੰਗੇ ਵਿੱਚ ਨਹੀ ਸੀ ਪੈਣਾ ਚਾਹੁੰਦੇ … ।।
ਇਹ ਜੋ ਘਟਨਾਵਾ ਸਾਡੇ ਨਾਲ ਘਟੀਆ ਹਨ ਇਨਾ ਤੋ ਤਾ ਹੀ ਬਚਿਆ ਜਾ ਸਕਦਾ ਹੈ ਜੇ ਅਸੀ ਇੱਕ ਦੂਜੇ ਤੇ ਯਕੀਨ ਕਰਾਗੇ, ਮੈ ਤੁਹਾਡੇ ਸਾਰਿਆ ਤੇ ਯਕੀਨ ਕਰਦਾ ਹਾ ਤੇ ਉਮੀਦ ਕਰਦਾ ਹਾ ਕਿ ਤੁਸੀ ਵੀ ਵਿਸ਼ਵਾਸ਼ ਕਰੋ, ਸਵਾਲ ਤਾ ਇਹ ਹੈ ਕਿ ਸਾਡਾ ਸਾਰਿਆ ਦਾ ਜੀਵਨ ਸੌਖਾ ਹੋਵੇ ਤੇ ਇਹ ਹੋ ਵੀ ਰਿਹਾ ਆ, ਜੇ ਸਾਡੇ ਵਿੱਚ ਵਿਰਲ ਨਾ ਹੋਵੇਗੀ ਤਾ ਕੋਈ ਨੰਬਰਦਾਰ ਸਾਨੂੰ ਆਪਸ ਵਿੱਚ ਲੜਾ ਨਹੀ ਸਕਦਾ, ਇਸ ਲਈ ਮੈ ਸੋਚਦਾ ਹਾ ਕਿ ਹਰ ਐਤਵਾਰ ਇੱਕ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਹਰ ਸਾਝੀਵਾਲ ਅਪਣੇ ਦਿਲ ਦੀ ਕੋਈ ਵੀ ਸ਼ੰਕਾ ਦੂਰ ਕਰ ਸਕਦਾ ਹੈ, ਕੋਈ ਵੀ ਬੁਰੀ ਖਬਰ ਕਿਤਿਓ ਵੀ ਮਿਲੇ ਉਸਨੂੰ ਮੀਟਿੰਗ ਵਿੱਚ ਰੱਖਣਾ ਜਰੂਰੀ ਹੈ, ਯਾਦ ਰਹੇ ਹੁਣ ਹੋਰ ਮੁਆਫੀ ਦੀ ਗੁੰਜਾਇਸ਼ ਨਹੀ, ਅਸੀ ਹੁਣ ਤੱਕ ਪਏ ਘਾਟੇ ਨੂੰ ਪੂਰਾ ਕਰਨਾ ਹੈ ਇਸਦਾ ਮਤਲਬ ਕਿ ਹੋਰ ਮਿਹਨਤ ਹੀ ਨਹੀ ਸਗੋ ਹੋਰ ਸਾਵਧਾਨੀ ਤੇ ਹੋਰ ਆਪਸੀ ਪਿਆਰ, ਅਸੀ ਕਿਸੇ ਨੂੰ ਡਰਾਉਦੇ ਵੀ ਨਹੀ ਤੇ ਕਿਸੇ ਤੋ ਡਰਨਾ ਵੀ ਨਹੀ, ਹਰ ਬੰਦਾ ਆਪੋ ਆਪਣੇ ਕੰਮ ਤੇ ਡਟ ਜਾਵੇ, ਸਾਝੀਵਾਲ ਡੇਅਰੀ ਦਾ ਵਕਾਰ ਮੁੜ ਬਹਾਲ ਕਰਨਾ ਆ ਅਤੇ ਸਭ ਤੋ ਖਾਸ ਗੱਲ ਜੋ ਹੈ ਉਹ ਇਹ ਕਿ ਸਾਡੇ ਵਿੱਚੋ ਪੰਜ ਬੰਦਿਆ ਦਾ ਇੱਕ ਸਿਕਿਓਰਟੀ ਗਰੁੱਪ ਬਣਾਇਆ ਜਾਵੇ, ਜਿਸ ਦਾ ਮੂਲ ਕੰਮ ਹਰ ਤਰਾ ਦੀ ਸਾਵਧਾਨੀ ਵਰਤਣਾ ਹੈ, ਸਾਨੂੰ ਕੀ ਕੀ ਖਤਰੇ ਹੋ ਸਕਦੇ ਹਨ ਇਹ ਅਸੀ ਹੁਣ ਕੁੱਝ ਜਾਣ ਗਏ ਹਾ, ਇਸ ਤੋ ਪਹਿਲਾ ਕਿ ਸਾਡੇ ਤੇ ਹਮਲਾ ਹੋਵੇ ਸਾਨੂੰ ਹਰ ਔਕੜ ਦਾ ਸਾਹਮਣਾ ਕਰਨ ਦੀ ਤਿਆਰੀ ਜਰੂਰੀ ਹੈ, ਇਸ ਵਾਸਤੇ ਫੌਜੀ ਤਾਏ ਦੀ ਡਿਊਟੀ ਹੈ ਕਿ ਉਹ ਬਾਕੀ ਦੇ ਬੰਦੇ ਚੁਣ ਕੇ ਅਪਣੀ ਟੀਮ ਤਿਆਰ ਕਰੇ ਤੇ ਐਤਵਾਰ ਹੋਣ ਵਾਲੀ ਮੀਟਿੰਗ ਵਿੱਚ ਰਿਪੋਰਟ ਦੇਵੇ, ਮੇਰੇ ਵੱਲੋ ਬੱਸ ਏਨਾ ਹੀ"। ਤੇ ਬੈਠ ਗਿਆ ਦੇਬੀ।
ਹੁਣ ਕੁੱਝ ਦੇਰ ਖੁੱਲਮ ਖੁੱਲੀ ਗੱਲਬਾਤ ਹੋਈ, ਵਾਰੀ ਵਾਰੀ ਡੇਅਰੀ ਤੇ ਪੋਲਟਰੀ ਦੇ ਲੀਡਰ ਬੋਲੇ, ਸਰਪੰਚ ਤੇ ਫੌਜੀ ਤਾਏ ਨੇ ਅਪਣੇ ਖਿਆਲ ਇਸ ਤਰਾ ਦੱਸੇ ਜਿਵੇ ਫੋਜੀ ਤਾਇਆ ਕਿਸੇ ਮੋਰਚੇ ਵਿੱਚ ਹੋਵੇ ਤੇ ਦੁਸ਼ਮਣ ਤੇ ਫਤਿਹ ਪਾਉਣ ਦੇ ਪੈਤੜੇ ਲੱਭ ਰਿਹਾ ਹੋਵੇ, ਥੋੜੀ ਹੀ ਦੇਰ ਵਿੱਚ ਹੌਸਲੇ ਫਿਰ ਬੁਲੰਦ ਸਨ ਤੇ ਸਭ ਜੋਸ਼ ਨਾਲ ਭਰ ਕੇ ਆਪੋ ਆਪਣੇ ਕੰਮਾ ਤੇ ਚਲੇ ਗਏ।
ਐਮ ਐਲ ਏ ਨੇ ਕਰਤਾਰ ਨੂੰ ਡਿਸਮਿਸ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਕਰਤਾਰ ਸਾਵਧਾਨ ਸੀ ਉਸਨੇ ਪਹਿਲਾ ਹੀ ਡੀ ਆਈ ਜੀ ਤੇ ਮੁੱਖ ਮੰਤਰੀ ਨੂੰ ਮਿਲ ਕੇ ਮਸਲੇ ਤੇ ਗੱਲਬਾਤ ਕਰ ਲਈ ਸੀ ਤੇ ਇਹ ਵੀ ਦੱਸ ਦਿੱਤਾ ਸੀ ਕਿ ਜੇ ਇਹ ਮਾਮਲਾ ਵਿਗੜ ਗਿਆ ਤਾ ਲੋਕ ਸ਼ੜਕਾ ਤੇ ਆ ਕੇ ਸਾੜ ਫੂਕ ਕਰ ਸਕਦੇ ਹਨ, ਇਸ ਤਰਾ ਮੁੱਖ ਮੰਤਰੀ ਵੱਲੋ ਐਮ ਐਲ ਏ ਨੂੰ ਹੋਸ਼ ਵਿੱਚ ਰਹਿਣ ਲਈ ਕਿਹਾ ਗਿਆ ਸੀ, ਇਸ ਗੱਲ ਤੇ ਉਹ ਹੋਰ ਚਿੜ ਗਿਆ ਸੀ ਪਰ ਜਖਮੀ ਸ਼ੇਰ ਵਾਗੂੰ ਹੋਰ ਵੀ ਖਤਰਨਾਕ ਹੋ ਗਿਆ ਸੀ, ਉਸ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਨੰਬਰਦਾਰ ਦਾ ਸਾਰਾ ਪਿੰਡ ਵਿਰੋਧੀ ਹੈ ਅਤੇ ਇਸ ਤਰਾ ਨੰਬਰਦਾਰ ਦੀ ਖੁੱਲੇਆਮ ਮਦਦ ਕਰਨ ਨਾਲ ਉਸਦਾ ਵਕਾਰ ਲੋਕਾ ਵਿੱਚ ਘਟ ਸਕਦਾ ਆ ਜਿਸ ਨਾਲ ਉਸਦੀ ਅਗਲੀ ਅਲੈਕਸ਼ਨ ਤੇ ਫਰਕ ਪੈ ਸਕਦਾ ਸੀ, ਉਹ ਦਾਅ ਪੇਚ ਜਾਨਣ ਵਾਲਾ ਬੰਦਾ ਸੀ ਉਸਨੇ ਨਵੇ ਪਿੰਡ ਦੇ ਲੋਕਾ ਦੇ ਮਨ ਜਿੱਤਣ ਲਈ ਕਰਤਾਰ ਦੀ ਮੁੜ ਨਕੋਦਰ ਬਦਲੀ ਕਰਾ ਦਿੱਤੀ ਅਤੇ ਨੰਬਰਦਾਰ ਨੂੰ ਡੇਅਰੀ ਕਾਡ ਦਾ ਮੁੱਖ ਦੋਸ਼ੀ ਬਣਾ ਕੇ ਜੇਹਲ ਭੇਜ ਦਿੱਤਾ, ਸਾਝੀਵਾਲਾਂ ਨੇ ਜਿਹੜਾ ਮੁਆਵਜਾ ਲੋਕਾ ਨੂੰ ਦਿੱਤਾ ਸੀ ਉਹਦੇ ਵਿੱਚੋ ਅੱਧਾ ਐਮ ਐਲ ਏ ਦੇ ਕੋਟੇ ਵਿਚੋ ਵਾਪਿਸ ਕਰਨ ਦਾ ਐਲਾਨ ਵੀ ਕਰ ਦਿੱਤਾ ਅਤੇ ਸਮੇ ਸਿਰ ਮਦਦ ਨਾ ਕਰ ਸਕਣ ਦੀ ਮਾਫੀ ਵੀ ਮੰਗੀ, ਲੋਕ ਐਮ ਐਲ ਏ ਦੀ ਜਿੰਦਾਬਾਦ ਕਰ ਰਹੇ ਸਨ ਪਰ ਸਮਝਣ ਵਾਲੇ ਸਮਝਦੇ ਸਨ ਕਿ ਇਹ ਕਿਸੇ ਹੋਰ ਸਾਜਿਸ਼ ਦੀ ਪਹਿਲੀ ਚਾਲ ਹੈ।
ਹਰਮਿੰਦਰ ਤੇ ਦੀਪੀ ਨੇ ਐਮ ਐਲ ਏ ਤੇ ਬਹੁਤ ਜੋਰ ਪਾਇਆ ਸੀ, ਹੁਣ ਐਮ ਐਲ ਏ ਅਪਣੀਆ ਗਲਤੀਆ ਨੂੰ ਸੁਧਾਰਨਾ ਚਾਹੁੰਦਾ ਸੀ, ਉਸ ਨੇ ਗੋਬਰ ਗੈਸ ਪਲਾਂਟ ਦਾ ਕੰਮ ਫੇਰ ਸ਼ੁਰੂ ਕਰਵਾ ਦਿੱਤਾ, ਹੁਣ ਉਸਦੀ ਫਿਰ ਜੈ ਜੈ ਕਾਰ ਹੋ ਗਈ ਸੀ ਪਰ ਨਾਲ ਦੀ ਨਾਲ ਦੇਬੀ ਦਾ ਅਸਰ ਰਸੂਖ ਵਧ ਰਿਹਾ ਸੀ, ਐਮ ਐਲ ਏ ਕੁੱਝ ਦੇਰ ਲਈ ਚੁੱਪ ਰਹਿਣਾ ਚਾਹੁੰਦਾ ਸੀ, ਉਹ ਜਾਣਦਾ ਸੀ ਕਿ ਲੋਕ ਬਹੁਤ ਜਲਦੀ ਗੱਲਾ ਭੁੱਲ ਜਾਦੇ ਹਨ, ਬੱਸ ਹੁਣ ਉਸਨੇ ਇੱਕ ਹੀ ਡੰਗ ਮਾਰਨਾ ਸੀ ਜਿਹੜਾ ਸਾਰੇ ਮਸਲੇ ਹੱਲ ਕਰ ਦਿੰਦਾ, ਹੁਣ ਉਹ ਕੋਈ ਜਬਰਦਸਤ ਨੀਤੀ ਤਿਆਰ ਕਰ ਰਿਹਾ ਸੀ।
ਗੈਸ ਪਲਾਟ ਸੰਪੂਰਨ ਹੋ ਗਿਆ ਸੀ, ਉਦਘਾਟਨ ਤੇ ਲੋਕਾ ਨੇ ਸਿਰਫ ਐਮ ਐਲ ਏ ਦੇ ਹੀ ਫੁੱਲਾ ਦੇ ਹਾਰ ਨਹੀ ਪਾਏ ਸਗੋ ਦੇਬੀ ਨੂੰ ਵੀ ਫੁੱਲਾ ਨਾਲ ਲੱਦ ਦਿੱਤਾ ਗਿਆ ਸੀ, ਕਰਤਾਰ, ਸਤਿੰਦਰ, ਦੀਪੀ, ਹਰਮਿੰਦਰ ਤੇ ਹੋਰ ਸਭ ਨੇੜਲੇ ਸੱਜਣ ਮਿੱਤਰ ਆਏ ਹੋਏ ਸਨ, ਨੇੜੇ ਤੇੜੇ ਦੇ ਪਿੰਡਾ ਦੇ ਲੋਕ ਵੀ ਪਹੁੰਚੇ ਹੋਏ ਸਨ, ਐਮ ਐਲ ਏ ਨੇ ਅਪਣੀ ਸਪੀਚ ਵਿੱਚ ਦੇਬੀ ਦੀ ਬੱਲੇ ਬੱਲੇ ਕਰ ਦਿੱਤੀ, ਲੋਕ ਤਾੜੀਆ ਮਾਰਦੇ ਨਹੀ ਸੀ ਥੱਕਦੇ, ਨਵਾ ਪਿੰਡ ਲੋਕਾ ਲਈ ਇੱਕ ਅਜੂਬਾ ਬਣ ਗਿਆ ਸੀ, ਸਾਰੇ ਇਲਾਕੇ ਵਿੱਚ ਨਵੇ ਪਿੰਡ ਦੀ ਚਰਚਾ ਹੋ ਰਹੀ ਸੀ, ਸਾਝੀਵਾਲ ਫਾਰਮ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ, ਕਣਕਾਂ ਜਵਾਨ ਹੋ ਰਹੀਆ ਸਨ, ਤੇ ਸਾਝੀਵਾਲ ਫਾਰਮ ਵਾਲੇ ਉਸ ਦਿਨ ਨੂੰ ਉਡੀਕ ਰਹੇ ਸਨ ਜਦੋ ਕਿ ਫਸਲ ਘਰ ਆ ਜਾਵੇ, ਸਾਝੀਵਾਲ ਦੇ ਨਾਮ ਤੇ ਇੱਕ ਆੜਤ ਖੋਲ ਦਿੱਤੀ ਗਈ ਸੀ ਤੇ ਇਸ ਵਾਰ ਸਾਰੀ ਫਸਲ ਅਪਣੀ ਆੜਤ ਤੇ ਹੀ ਰਹਿਣੀ ਸੀ ਇਸਦਾ ਮਤਲਬ ਸੀ ਕਿ ਆੜਤ ਦੀ ਕਮਾਈ ਵੀ ਘਰ ਵਿੱਚ, ਜਮੀਨ ਪੱਧਰੀ ਹੋਣ ਕਾਰਨ, ਬਾਰਸ਼ਾ ਦਾ ਪਾਣੀ ਕੁੱਝ ਨੀਵੇ ਖੇਤਾ ਦਾ ਜੋ ਨੁਕਸਾਨ ਕਰ ਜਾਦਾ ਸੀ ਉਹ ਨੁਕਸਾਨ ਹੋਣੋ ਵੀ ਬਚ ਗਿਆ ਸੀ, ਹਰ ਬੂਟਾ ਪੂਰੀ ਤਰਾ ਪਲਿਆ ਖੜਾ ਸੀ, ਹੁਣ ਸਾਝੀਵਾਲ ਹਰ ਐਤਵਾਰ ਮੀਟਿੰਗ ਕਰਦੇ ਸਨ ਤੇ ਕੋਈ ਮਸਲਾ ਖੜਾ ਹੁੰਦੇ ਹੀ ਨਿਪਟਾ ਲੈਦੇ ਸਨ, ਲਗਦਾ ਸੀ ਚੰਗੇ ਦਿਨ ਫੇਰ ਆ ਜਾਣਗੇ, ਕੰਤੀ ਹੁਣ ਪੈਰਾਂ ਤੋ ਭਾਰੀ ਸੀ, ਨਿਰਮਲ ਪਿਓ ਬਣਨ ਵਾਲਾ ਸੀ, ਮਨਿੰਦਰ ਤੇ ਪਰੀਤੀ ਦੇ ਦਿਨ ਬਹੁਤ ਵਧੀਆ ਲੰਘ ਰਹੇ ਸਨ, ਪਰੀਤੀ ਦੀ ਪੜਾਈ ਜਾਰੀ ਸੀ ਤੇ ਨਾਲ ਦੀ ਨਾਲ ਉਹ ਅਪਣੀ ਦੁਕਾਨ ਖੋਹਲਣ ਲਈ ਮੁਢਲੀ ਤਿਆਰੀ ਵਾਸਤੇ ਇੱਕ ਟੇਲਰ ਤੋ ਕੁੱਝ ਕਢਾਈ ਆਦਿ ਵੀ ਸਿੱਖ ਰਹੀ ਸੀ।
ਦੀਪੀ ਤੇ ਹਰਮਿੰਦਰ ਇੱਕ ਖੂਬਸੂਰਤ ਤੇ ਪਰੇਮੀ ਜੋੜੀ ਬਣ ਚੁੱਕੇ ਸਨ, ਫਿਲਹਾਲ ਹਰ ਪਾਸੇ ਤੋ ਚੰਗੀਆ ਖਬਰਾ ਹੀ ਆ ਰਹੀਆ ਸਨ, ਹੁਣ ਉਹ ਦਿਨ ਵੀ ਆ ਗਿਆ ਜਦੋ ਸਾਝੀਵਾਲ ਫਾਰਮ ਦੀ ਅਪਣੀ ਕੰਬਾਈਨ ਨਾਲ ਵਾਢੀ ਹੋਣੀ ਸੀ, ਸ਼ਗਨਾ ਨਾਲ ਘਰਦੀ ਕੰਬਾਈਨ ਖੇਤਾ ਵਿੱਚ ਵਾੜੀ ਸੀ, ਐਨੇ ਵੱਡੇ ਖੇਤ ਦੇ ਚੌਥਾ ਹਿੱਸਾ ਗੇੜੇ ਤੋ ਪਹਿਲਾਂ ਹੀ ਟਰਾਲੀ ਦਾਣਿਆ ਦੀ ਭਰ ਜਾਦੀ ਸੀ, ਹੁਣ ਇਹ ਦਾਣੇ ਮੰਡੀ ਵੀ ਨਹੀ ਸੀ ਜਾ ਰਹੇ ਸਗੋ ਪੋਲਟਰੀ ਦਾ ਇੱਕ ਵੱਡਾ ਸ਼ੈਡ ਜੋ ਚੂਚਿਆ ਦੀ ਉਡੀਕ ਕਰ ਰਿਹਾ ਸੀ ਉਸ ਵਿੱਚ ਦਾਣੇ ਢੇਰੀ ਕੀਤੇ ਜਾ ਰਹੇ ਸਨ, ਕਣਕ ਦਾ ਝਾੜ ਵੀ ਬਹੁਤ ਵਧੀਆ ਰਿਹਾ ਸੀ ਤੇ ਖਾਦ ਆਦਿਕ ਦੀ ਖਰੀਦ ਵੀ ਵਿਆਜੀ ਪੈਸੇ ਲਾ ਕੇ ਨਹੀ ਸੀ ਕੀਤੀ ਗਈ, ਜਿਹੜੇ ਪੈਸੇ ਥੁੜੇ ਸਨ ਉਹ ਡੇਅਰੀ ਤੇ ਪੋਲਟਰੀ ਕੋਲੋ ਬਿਨ ਵਿਆਜ ਉਧਾਰੇ ਲਏ ਗਏ ਸਨ, ਇਸ ਤਰਾ ਬਹੁਤ ਬੱਚਤ ਹੋ ਗਈ ਸੀ, ਦਲੀਪ ਨੇ ਪਹਿਲਾ ਹੀ ਖਰੀਦ ਏਜੰਸੀ ਵਿੱਚ ਗੱਲਬਾਤ ਕੀਤੀ ਹੋਈ ਸੀ, ਜਦੋ ਖਰੀਦ ਸ਼ੁਰੂ ਹੋਈ ਤਾ ਉਨਾ ਦੀ ਕਣਕ ਮੰਡੀ ਵਿੱਚ ਜਾਣ ਦੀ ਬਜਾਏ ਸਿੱਧੀ ਹੀ ਟਰੱਕਾਂ ਰਾਹੀ ਵੇਅਰਹਾਉਸਾ ਵਿੱਚ ਚਲੀ ਗਈ ਸੀ, ਕੋਈ ਜਿਮੀਦਾਰ ਮੰਡੀ ਵਿੱਚ ਨਹੀ ਸੀ ਰੁਲਿਆ, ਲਗਦਾ ਸੀ ਇਸ ਵਾਰ ਵਾਢੀ ਕਰਨਾ ਕੋਈ ਮੁਸ਼ਕਿਲ ਕੰਮ ਨਹੀ ਸੀ, ਤੂੜੀ ਬਣਾਊਣ ਵਾਲੀ ਮਸ਼ੀਨ ਨਾਲ ਬਹੁਤ ਸਾਰੀ ਤੂੜੀ ਬਣਾ ਲਈ ਗਈ ਸੀ ਜੋ ਸਾਝੀਵਾਲ ਡੇਅਰੀ ਦੇ ਕੰਮ ਆਉਣੀ ਸੀ, ਨਵੇ ਪਿੰਡ ਦੀ ਛੱਤ ਥੱਲੇ ਤਿੰਨ ਮਜਬੂਤ ਥੰਮ ਬਣ ਗਏ ਸਨ, ਦੇਬੀ ਅਗਲੇ ਸਾਲ ਵਿੱਚ ਕੋਈ ਐਸਾ ਕੰਮ ਕਰਨਾ ਚਾਹੁੰਦਾ ਸੀ ਜਿਸ ਨਾਲ ਘਰ ਵਿਹਲੀਆ ਬੈਠੀਆ ਬੀਬੀਆ ਵੀ ਬਿਜੀ ਹੋ ਜਾਣ ਅਤੇ ਕੁੱਝ ਹੋਰ ਕਮਾਈ ਪਿੰਡ ਵਿੱਚ ਆਉਣੀ ਸ਼ੁਰੂ ਹੋ ਜਾਵੇ।
ਜਦੋ ਕਣਕ ਦੀ ਫਸਲ ਦਾ ਚੈਕ ਆਇਆ ਤਾ ਉਸ ਤੇ ਲਿਖੀ ਰਕਮ ਦੇਖ ਕੇ ਲੋਕ ਹੈਰਾਨ ਰਹਿ ਗਏ, ਪਿਛਲਿਆ ਸਾਲਾ ਵਿੱਚ ਜਿਮੀਦਾਰਾ ਨੂੰ ਜੋ ਕਮਾਈ ਆਈ ਸੀ ਉਹ ਹੱਥ ਵਿੱਚ ਨਹੀ ਸੀ ਆਈ, ਸਿਰਫ ਆੜਤੀਆ ਦੀ ਵਹੀ ਵਿੱਚ ਹੀ ਪਲੱਸ ਮਾਈਨਸ ਹੋ ਗਈ ਸੀ ਤੇ ਪਿਛਲੇ ਪੈਸੇ ਤੇ ਵਿਆਜ ਦੇ ਕੇ ਛੋਟੇ ਜਿਮੀਦਾਰਾ ਲਈ ਕੁੱਝ ਵੀ ਨਹੀ ਸੀ ਬਚਿਆ, ਇਸ ਵਾਰ ਹਰ ਸਾਝੀਵਾਲ ਦੇ ਰਕਬੇ ਅਨੁਸਾਰ ਜਦੋ ਉਸਦੀ ਰਾਸ਼ੀ ਦਾ ਚੈਕ ਉਸ ਨੂੰ ਦਿੱਤਾ ਗਿਆ ਤਾ ਯਕੀਨ ਨਹੀ ਸੀ ਕਰ ਪਾ ਰਹੇ ਜਿਮੀਦਾਰ, ਇਸ ਰਕਮ ਵਿੱਚੋ ਪਿਛਲੀ ਛਿਮਾਹੀ ਦਾ ਕੋਈ ਵਿਆਜ ਨਹੀ ਸੀ ਕੱਟ ਹੋਣਾ, ਕਿਸੇ ਦਿਹਾੜੀਏ ਦੇ ਪੈਸੇ ਬਕਾਇਆ ਨਹੀ ਸਨ, ਕਿਸੇ ਕੰਬਾਈਨ ਜਾ ਥਰੈਸ਼ਰ ਵਾਲੇ ਨੂੰ ਕੁੱਝ ਨਹੀ ਸੀ ਦੇਣਾ, ਇਹ ਪਹਿਲਾ ਮੌਕਾ ਸੀ ਕਿ ਨਵੇ ਪਿੰਡ ਦੇ ਜਿਮੀਦਾਰ ਚੈਕਬੁੱਕ ਲੈ ਕੇ ਅਪਣੇ ਆੜਤੀਏ ਨਾਲ ਪੁਰਾਣਾ ਹਿਸਾਬ ਕਰਨ ਗਏ ਸਨ ਤੇ ਕੋਲੋ ਪੈਸੇ ਦੇਣੇ ਸਨ, ਆੜਤੀਏ ਇਓ ਦੇਖ ਰਹੇ ਸਨ ਜਿਵੇ ਕੋਈ ਭੂਤ ਦੇਖ ਲਿਆ ਹੋਵੇ, ਸੂਰਜ ਪੱਛਮ ਵਿੱਚੋ ਨਿਕਲ ਆਇਆ ਸੀ।
ਸਭ ਤੋ ਵੱਡੀ ਖੁਸ਼ੀ ਉਦੋ ਹੋਈ ਜਦੋ ਪਿੰਡ ਦੇ ਛੇ ਕੰਮੀਆ ਦੇ ਘਰਾ ਦੀ ਵਾਰੀ ਆਈ, ਉਨਾ ਨੂੰ ਜਦੋ ਚੈਕ ਮਿਲੇ ਤਾ ਕਈਆ ਦੀਆ ਤਾ ਅੱਖਾ ਵਹਿ ਤੁਰੀਆ, ਉਹ ਸਦੀਆ ਤੋ ਕੰਮ ਕਰਦੇ ਆਏ ਸਨ ਪਰ ਕਦੇ ਸੌ ਕਦੇ ਪੰਜਾਹ ਜਿਮੀਦਾਰਾ ਕੋਲੋ ਲੈ ਕੇ ਗੁਜਾਰੇ ਕਰਦੇ ਆ ਰਹੇ ਸਨ, ਅੱਜ ਉਨਾ ਨੂੰ ਹਜਾਰਾਂ ਦੇ ਚੈਕ ਮਿਲੇ ਸਨ, ਬਿਨਾ ਜਮੀਨ ਦੇ ਉਹ ਜਿਮੀਦਾਰ ਬਣ ਗਏ ਸਨ, ਤੇ ਧੰਨ ਸਨ ਉਹ ਜਿਮੀਦਾਰ ਜਿਨਾ ਨੇ ਦੇਬੀ ਦੇ ਇਸ ਸੁਝਾਅ ਨੂੰ ਮੰਨ ਲਿਆ ਸੀ, ਹਰ ਜਿਮੀਦਾਰ ਨੇ ਜਦ ਅਪਣੀ ਪਿਛਲੀ ਕਮਾਈ ਦਾ ਹਿਸਾਬ ਲਗਾਇਆ ਤਾ ਉਸ ਨੇ ਇਹ ਨਤੀਜਾ ਕੱਢਿਆ ਕਿ ਇਸ ਵਾਰ ਉਸ ਨੂੰ ਤੀਹ ਪ੍ਰਤੀਸ਼ਤ ਜਿਆਦਾ ਕਮਾਈ ਹੋਈ ਸੀ, ਮਤਲਬ ਕਿ ਜਿਸਦੇ ਦਸ ਕਿੱਲੇ ਜਮੀਨ ਦੇ ਸੀ ਉਸਨੂੰ ਤੇਰਾ ਕਿੱਲੇ ਦੀ ਕਮਾਈ ਹੋਈ ਸੀ, ਕਾਰਨ ਸਨ, ਵਾਧੂ ਖਰਚਿਆ ਦਾ ਰੁਕਣਾ ਤੇ ਕਿਸੇ ਵਿਆਜ ਦਾ ਨਾ ਪੈਣਾ, ਅੱਜ ਨਵੇ ਪਿੰਡ ਦੇ ਲੋਕ ਸਾਰੀ ਰਾਤ ਨਹੀ ਸੀ ਸੁੱਤੇ, ਜਿਵੇ ਵਿਆਹ ਰੱਖਿਆ ਹੋਵੇ, ਅੱਜ ਪੰਚੈਤੀ ਤੌਰ ਤੇ ਸ਼ਰਾਬ ਪੀਣ ਦੀ ਵੀ ਖੁੱਲ ਸੀ ਪਰ ਸਕਿਊਰਟੀ ਗਰੁੱਪ ਦੀ ਨਿਗਰਾਨੀ ਸੀ ਕਿ ਕੋਈ ਸ਼ਰਾਬੀ ਹੋ ਕੇ ਅਬਾ ਤਬਾ ਨਾ ਬੋਲੇ … ।
ਦੇਬੀ ਅਪਣੀ ਡਿਊਟੀ ਨਿਭਾ ਕੇ ਘਰ ਬੈਠਕ ਵਿੱਚ ਪਿਆ ਸੀ ਤੇ ਸਤਗੁਰ ਦਾ ਧੰਨਵਾਦ ਕਰ ਰਿਹਾ ਸੀ ਜਿਸਨੇ ਬਲਦੀ ਅੱਗ ਵਿਚੋ ਉਸ ਨੂੰ ਕਈ ਵਾਰ ਬਚਾਇਆ ਸੀ, ਦੇਬੀ ਦੇ ਅਕਾਉਟ ਵਿੱਚ ਪਿਆ ਘਾਟਾ ਹੁਣ ਫਸਲ ਨਾਲ ਤੇ ਡੇਅਰੀ ਪੋਲਟਰੀ ਦੇ ਹਿੱਸੇ ਨਾਲ ਅੱਧਿਓ ਵੱਧ ਪੂਰਾ ਹੋ ਚੁਕਿਆ ਸੀ, ਭੂਆ ਹੁਣ ਦੇਬੀ ਤੇ ਵਿਆਹ ਕਰਨ ਲਈ ਜੋਰ ਪਾ ਰਹੀ ਸੀ, ਪਿਛਲੀ ਵਾਰ ਜਦੋ ਦੀਪੀ ਤੇ ਹਰਮਿੰਦਰ ਪਿੰਡ ਆਏ ਤਾ ਉਹ ਵੀ ਉਸ ਨੂੰ ਕਹਿ ਰਹੇ ਸਨ ਕਿ ਹੁਣ ਉਹ ਇਕੱਲਾ ਨਾ ਰਹੇ, ਤੇ ਦੇਬ ਨੇ ਹੱਸ ਕੇ ਕਿਹਾ ਸੀ … ।।
"ਕੱਲਾ ਮੈ ਕਿੱਥੇ ਆ, ਤੁਸੀ ਸਾਰੇ ਮੇਰੇ ਨਾਲ ਹੋ"।
ਪਰੀਤੀ ਤੇ ਪੰਮੀ ਨੇ ਵੀ ਦੇਬੀ ਨੂੰ ਕਾਲਜ ਵਿੱਚ ਪੜਦੀਆ ਸੋਹਣੀਆ ਸੋਹਣੀਆ ਕੁੜੀਆ ਦੀਆ ਫੋਟੋ ਦਿਖਾ ਦਿੱਤੀਆ ਸਨ, ਲਗਦਾ ਸੀ ਜਿਵੇ ਸਾਰਾ ਪਿੰਡ ਹੁਣ ਉਸਦਾ ਵਿਆਹ ਕਰਾ ਕੇ ਹੀ ਸਾਹ ਲਊਗਾ,
"ਵੀਰੇ ਦੀਦੀ ਦਾ ਜੀਵਨ ਬਹੁਤ ਸੋਹਣਾ ਚੱਲ ਰਿਹਾ, ਤੂੰ ਹੁਣ ਹੋਰ ਕਿਸੇ ਕੁੜੀ ਦਾ ਜੀਵਨ ਸਵਰਗ ਬਣਾ, ਪਤਾ ਨਹੀ ਕਿਹੜੀ ਖੁਸ਼ਕਿਸਮਤ ਹੋਣੀ ਆ ਜਿਸਨੂੰ ਮੇਰੇ ਵੀਰ ਦਾ ਪਿਆਰ ਮਿਲੂ"।
ਪੰਮੀ, ਸਤਿੰਦਰ ਤੇ ਪਰੀਤੀ ਕੁੱਝ ਏਹੋ ਜਿਹੀਆ ਗੱਲਾ ਕਰਦੀਆ ਸਨ।
"ਜਿਨਾ ਚਿਰ ਮੈ ਅਪਣੀਆ ਭੈਣਾ ਲਈ ਰਾਜਕੁਮਾਰ ਨਹੀ ਲੱਭ ਲੈਦਾ ਉਦੋ ਤੱਕ ਮੇਰੀ ਵਾਰੀ ਕਿਵੇ ਆ ਸਕਦੀ ਆ ?"
ਦੇਬੀ ਸਾਰੀਆ ਨੂੰ ਇਹੀ ਜਵਾਬ ਦੇ ਛੱਡਦਾ ਸੀ।
ਕਣਕ ਦੀ ਵਢਾਈ ਤੋ ਬਾਅਦ ਬਾਕੀ ਰਹਿੰਦੇ ਘਰਾ ਦੀ ਜਮੀਨ ਵੀ ਸਾਝੀਵਾਲ ਫਾਰਮ ਵਿੱਚ ਸ਼ਾਮਿਲ ਕਰ ਲਈ ਗਈ ਸੀ, ਗੁਰਬਚਨ ਸਿੰਘ ਦਾ ਸਾਝੀਵਾਲ ਨੇ ਕਾਫੀਆ ਟਾਈਟ ਕਰ ਦਿੱਤਾ ਸੀ, ਦੇਬੀ ਨੇ ਦੂਜੇ ਦਿਨ ਹੀ ਤਾਏ ਨਾਲ ਫੋਨ ਤੇ ਗੱਲ ਕਰਕੇ ਜਦੋ ਸਾਰੀ ਸੱਚਾਈ ਦੱਸੀ ਤਾ ਤਾਏ ਨੇ ਗੁਰਬਚਨ ਸਿੰਘ ਨੂੰ ਕਿਹਾ ਕਿ ਉਹ ਸਾਰੇ ਕਾਗਜ ਦੇਬੀ ਨੂੰ ਫੜਾ ਦੇਵੇ ਨਹੀ ਤਾ ਉਹ ਖੁਦ ਆ ਕੇ ਉਸ ਤੇ ਧੌਖਾ ਧੜੀ ਦਾ ਕੇਸ ਕਰੇਗਾ ਅਪਣੀ ਸਕੀਮ ਖਰਾਬ ਹੁੰਦੀ ਦੇਖ ਕੇ ਉਸਨੇ ਕੋਸ਼ਿਸ਼ ਕੀਤੀ ਕਿ ਮੁਖਤਾਰ ਨਾਮੇ ਦੇ ਅਧਾਰ ਤੇ ਉਹ ਜਮੀਨ ਸਸਤੇ ਭਾਅ ਵੇਚ ਦੇਵੇ, ਫੇਰ ਉਸ ਨੂੰ ਕਿਸੇ ਨੇ ਕੀ ਕਰ ਲੈਣਾ ਸੀ, ਇੱਕ ਗਾਹਕ ਉਸ ਨੂੰ ਮਿਲ ਗਿਆ, ਜਦੋ ਉਸਨੇ ਜਮੀਨ ਦਿਖਾਉਣ ਦੀ ਗੱਲ ਕਿਤੀ ਤਾ ਗੁਰਬਚਨ ਨੂੰ ਦੱਸਣਾ ਪਿਆ ਬਈ ਰਜਿਸਟਰੀ ਤਾ ਕਰ ਦਊ ਪਰ ਕਬਜਾ ਆਪ ਲੈਣਾ ਪਊ, ਓਹ ਗਾਹਕ ਬਿਦਕ ਗਿਆ, ਤੇ ਗੱਲਾ ਗੱਲਾ ਵਿੱਚ ਹੀ ਉਸ ਗਾਹਕ ਨੇ ਕਿਸੇ ਕੋਲ ਗੱਲ ਕਰ ਦਿੱਤੀ ਜੋ ਉਡਦੀ ਉਡਦੀ ਨਵੇ ਪਿੰਡ ਆ ਪਹੁੰਚੀ, ਫੇਰ ਕੀ ਸੀ, ਸਾਰਾ ਪਿੰਡ ਗੁਰਬਚਨ ਦੇ ਪਿੰਡ ਆ ਧਮਕਿਆ, ਉਥੋ ਦੀ ਪੰਚੈਤ ਬੁਲਾ ਕੇ ਗੁਰਬਚਨ ਦੀ ਉਹ ਬੇਇਜਤੀ ਕੀਤੀ ਕਿ ਗੁਰਬਚਨ ਪੰਚੈਤ ਵਿੱਚ ਹੀ ਰੋ ਪਿਆ, ਉਹਦੇ ਕੋਲੋ ਮੁਖਤਾਰ ਨਾਮਾ ਸਮੇਤ ਫੋਟੋ ਕਾਪੀਆ ਲੈ ਲਿਆ ਗਿਆ ਤੇ ਪੰਚਾਇਤ ਵਿੱਚ ਲਿਖਵਾ ਵੀ ਲਿਆ ਕਿ ਮੁੜ ਉਹ ਦੇਬੀ ਦੀ ਜਮੀਨ ਬਾਰੇ ਕੋਈ ਗੱਲ ਨਹੀ ਕਰੇਗਾ, ਨੰਬਰਦਾਰ ਤੇ ਕੇਸ ਚਲਦਾ ਸੀ, ਉਸਦੀ ਪੈਰਵਾਈ ਕੋਈ ਨਹੀ ਸੀ ਕਰ ਰਿਹਾ, ਐਮ ਐਲ ਏ ਨੂੰ ਨੰਬਰਦਾਰ ਵਿੱਚ ਕੋਈ ਦਿਲਚਸਪੀ ਨਹੀ ਸੀ, ਹੁਣ ਗੁਰਬਚਨ ਸਿੰਘ ਦੇ ਖੰਭ ਕੱਟੇ ਗਏ ਸਨ ਤੇ ਸਾਝੀਵਾਲ ਦੀ ਜੈ ਜੈ ਕਾਰ ਹੋ ਗਈ ਸੀ, ਕੁੱਝ ਮਹੀਨਿਆ ਵਿੱਚ ਲੋਕਾ ਦੇ ਏਕੇ ਨੇ ਨਵੇ ਪਿੰਡ ਨੂੰ ਸਵਰਗ ਬਣਾ ਦਿੱਤਾ ਸੀ, ਤੇ ਆਉਣ ਵਾਲੇ ਸਮੇ ਵਿੱਚ ਹੋਰ ਕਈ ਕੁੱਝ ਹੋਣਾ ਸੀ।
ਕਣਕ ਦੀ ਫਸਲ ਵੱਢਣ ਤੋ ਬਾਅਦ ਹੁਣ ਜਮੀਨ ਦੀ ਵੰਡ ਹੋਣੀ ਸੀ, ਪਾਣੀ ਦੀ ਕਮੀ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਫਸਲ ਘੱਟ ਲਾਉਣੀ ਸੀ ਤੇ ਹੋਰ ਮੋਸਮੀ ਫਸਲਾ, ਸਬਜੀਆ, ਦਾਲਾ ਆਦਿ ਲਾਉਣ ਦੀ ਸਕੀਮ ਸੀ ਅਤੇ ਖੇਤੀਬਾੜੀ ਯੁਨੀਵਰਸਿਟੀ ਤੋ ਮਾਹਿਰ ਸੱਦੇ ਹੋਏ ਸਨ, ਫਾਰਮਰ ਸਾਰੇ ਇਕੱਠੇ ਹੋਏ ਪਏ ਸਨ, ਉਹ ਆਪਸ ਵਿੱਚ ਮਸ਼ਵਰੇ ਹੀ ਕਰ ਰਹੇ ਸਨ ਕਿ ਕਿਸੇ ਨੇ ਰਾਹ ਵੱਲ ਧਿਆਨ ਦਵਾਇਆ, ਦੋ ਕਾਰਾ ਤੇ ਇੱਕ ਜੀਪ ਪਿੰਡ ਵੱਲ ਨੂੰ ਆ ਰਹੀ ਸੀ, ਸਿਵਲ ਕਾਰਾਂ ਤੇ ਜੀਪ ਜਿਨਾ ਵਿੱਚ ਸਿਵਲ ਕੱਪੜਿਆ ਵਿੱਚ ਹੀ ਕੁੱਝ ਬਾਬੂ ਟਾਈਪ ਤੇ ਕੁੱਝ ਸਰਦਾਰ ਬੈਠੇ ਸਨ, ਪਿੰਡੋ ਉਹ ਦੇਬੀ ਦਾ ਪੁੱਛ ਰਹੇ ਸਨ ਤੇ ਇੱਕ ਬੰਦੇ ਨੂੰ ਨਾਲ ਬਿਠਾ ਕੇ ਖੇਤਾ ਵਿੱਚ ਜਿੱਥੇ ਮਾਹਿਰ ਲੋਕਾ ਨੂੰ ਕੁੱਝ ਦੱਸ ਰਹੇ ਸਨ ਉਥੇ ਆ ਗਏ …
ਓਪਰੇ ਲੋਕਾ ਨੂੰ ਦੇਖ ਦੇਬੀ ਦਾ ਮੱਥਾ ਠਣਕਿਆ, ਲਗਦਾ ਕੋਈ ਨਵਾ ਪੰਗਾ ਆ … ।
"ਤੁਹਾਡੇ ਵਿੱਚੋ ਦਵਿੰਦਰ ਸਿੰਘ ਸੰਨ ਆਫ ਸਰੂਪ ਸਿੰਘ ਕੌਣ ਆ ?"
ਇੱਕ ਬਾਬੂ ਨੇ ਫਾਈਲ ਵਿੱਚ ਦੇਖਦੇ ਹੋਏ ਪੁੱਛਿਆ।
"ਮੈ ਹਾਂ ਜੀ, ਤੁਸੀ ਕੋਣ ਹੋ ?"
ਦੇਬੀ ਨੇ ਹੈਰਾਨੀ ਨਾਲ ਪੁੱਛਿਆ।
"ਸੀ ਬੀ ਆਈ, ਸ਼ਪੈਸ਼ਲ ਬਰਾਚ, ਤੁਹਾਨੂੰ ਸਾਡੇ ਨਾਲ ਚੱਲਣਾ ਪਵੇਗਾ"।
ਅਫਸਰ ਨੇ ਕਿਹਾ।
"ਮੇਰਾ ਦੋਸ਼ ?"
ਦੇਬੀ ਦੇ ਪੈਰਾ ਦੀ ਮਿੱਟੀ ਨਿਕਲ ਗਈ ਸੀ, ਸੀ ਬੀ ਆਈ ਦਾ ਨਾ ਸੁਣ ਕੇ ਪਿੰਡ ਦੇ ਲੋਕਾ ਦਾ ਤਰਾਹ ਨਿਕਲ ਗਿਆ ਸੀ, ਪੁਲਿਸ਼ ਤੇ ਸੀ ਆਰ ਪੀ ਤਾ ਉਹ ਜਾਣਦੇ ਸੀ ਪਰ ਸੀ ਬੀ ਆਈ ?
"ਸਾਡੀ ਇੰਟੈਲੀਜੈਸੀ ਨੂੰ ਤੁਹਾਡੇ ਤੇ ਸ਼ੱਕ ਆ ਕਿ ਤੁਸੀ ਕੁੱਝ ਗਲਤ ਅਨਸਰਾ ਦੀ ਆਰਥਿਕ ਸਹਾਇਤਾ ਕਰਦੇ ਹੋ, ਜਿਸ ਨਾਲ ਭਾਰਤੀ ਸ਼ਾਤੀ ਨੂੰ ਨੁਕਸਾਨ ਹੋ ਸਕਦਾ"।
ਇਕ ਅਫਸਰ ਨੇ ਦੱਸਿਆ।
"ਮੈ ਕਿਸੇ ਦੀ ਸਹਾਇਤਾ ਨਹੀ ਕਰਦਾ ਆਪ ਨੂੰ ਗਲਤ ਫਹਿਮੀ ਹੈ, ਕਿਤੇ ਕੋਈ ਗਲਤ ਸੂਚਨਾ ਹੈ ਅਪਦੇ ਦਫਤਰ ਕੋਲ"।
ਦੇਬੀ ਨੂੰ ਸਮਝ ਨਹੀ ਸੀ ਆ ਰਹੀ ਕਿ ਕੀ ਕਹੇ।
"ਦੇਖੋ ਗਲਤ ਕੀ ਹੈ ਤੇ ਸਹੀ ਕੀ, ਇਸ ਬਾਰੇ ਫੈਸਲਾ ਅਸੀ ਨਹੀ ਕਰਨਾ, ਫਿਲਹਾਲ ਸੂਚਨਾ ਇਹ ਹੈ ਕਿ ਤੁਹਾਡਾ ਵੀਜਾ ਕੈਸਲ ਕਰ ਦਿੱਤਾ ਗਿਆ ਹੈ ਤੇ ਜਰਮਨ ਐਮਬੈਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਤੁਹਾਨੂੰ ਪੁੱਛਗਿੱਛ ਕਰਨ ਤੋ ਬਾਅਦ ਜਰਮਨ ਡੀਪੋਰਟ ਕਰ ਦਿੱਤਾ ਜਾਵੇਗਾ"।
ਅਫਸਰ ਦੀ ਗੱਲ ਸੁਣ ਕੇ ਲੋਕਾਂ ਦੀ ਹੈਰਤ ਦਾ ਕੋਈ ਟਿਕਾਣਾ ਨਹੀ ਸੀ।
"ਜਨਾਬ ਇਹ ਮੁੰਡਾ ਇੱਕ ਸ਼ੋਸ਼ਲ ਵਰਕਰ ਆ ਤੇ ਪਿੰਡ ਵਾਲਿਆ ਦੀ ਸੇਵਾ ਕਰਦਾ ਆ, ਆਪ ਕੋਲ ਜਰੂਰ ਕੋਈ ਗਲਤ ਇਨਫਾਰਮੇਸ਼ਨ ਹੈ"।
ਸਰਪੰਚ ਨੇ ਉਸਦੇ ਹੱਕ ਦੀ ਗੱਲ ਕੀਤੀ।
"ਦੇਖੋ ਜੀ ਅੱਜ ਕੱਲ ਸ਼ੋਸ਼ਲ ਵਰਕ ਦੀ ਆੜ ਵਿੱਚ ਲੋਕ ਬਹੁਤ ਉਲਟੇ ਸਿੱਧੇ ਕੰਮ ਕਰਦੇ ਆ, ਸਾਨੂੰ ਕਿਸੇ ਨੂੰ ਕੋਈ ਸਫਾਈ ਦੇਣ ਦੀ ਲੋੜ ਨਹੀ, ਜਿਹੜਾ ਵੀ ਚਾਹੇ ਕੱਲ ਨੂੰ ਦਿੱਲੀ ਵਿਦੇਸ਼ ਮੰਤਰਾਲੇ ਕੋਲ ਆ ਕੇ ਪਤਾ ਕਰ ਸਕਦਾ ਕਿ ਇਸਦੇ ਕੇਸ ਵਿੱਚ ਕਿੰਨੀ ਸਚਾਈ ਆ, ਦਵਿੰਦਰ ਸਿੰਘ ਤੁਸੀ ਅਪਣੀ ਕੋਈ ਚੀਜ ਲੈਣੀ ਹੋਵੇ ਤਾ ਲੈ ਲਓ ਤੇ ਅਪਣਾ ਪਾਸਪੋਰਟ ਮੈਨੂੰ ਦੇਵੋ"।
ਕਹਿ ਕੇ ਅਫਸਰ ਨੇ ਦੇਬੀ ਨੂੰ ਜੀਪ ਵਿੱਚ ਬੈਠਣ ਲਈ ਕਿਹਾ, ਹੁਣ ਕੀ ਹੋ ਸਕਦਾ ਸੀ, ਦੇਬੀ ਨੂੰ ਘਰ ਲਿਆਦਾ ਗਿਆ ਉਸਦੇ ਘਰ ਦੀ ਤਲਾਸ਼ੀ ਲਈ ਗਈ, ਕੁੱਝ ਵੀ ਇਤਰਾਜ ਯੋਗ ਨਹੀ ਸੀ ਮਿਲਿਆ, ਚੀਕਾ ਮਾਰਦੀ ਭੂਆ ਤੇ ਅੱਖਾ ਅੱਡੀ ਖੜੇ ਪਿੰਡ ਦੇ ਲੋਕਾ ਨੂੰ ਛੱਡ ਕੇ ਸੀ ਬੀ ਆਈ ਦੀ ਟੀਮ ਦੇਬੀ ਨੂੰ ਲੈ ਕੇ ਅੱਖੋ ਉਹਲੇ ਹੋ ਗਈ, ਸਾਝੀਵਾਲ ਹਰਕਤ ਵਿੱਚ ਆ ਗਏ, ਚਾਰੇ ਪਾਸੇ ਫੋਨ ਘੁੰਮਣ ਲੱਗ ਪਏ, ਪਿੰਡ ਦੇ ਕੁੱਝ ਮੋਹਤਬਰ ਤੇ ਕਰਤਾਰ ਸਿੰਘ ਉਸੇ ਵੇਲੇ ਚੰਡੀਗੜ ਨੂੰ ਤੁਰ ਪਏ, ਸੀ ਬੀ ਆਈ ਦੀਆ ਗੱਡੀਆ ਦੇ ਨੰਬਰ ਪਲੇਟ ਦਿੱਲੀ ਦੇ ਸਨ।
ਚੰਡੀਗੜ ਐਮ ਐਲ ਏ ਦੇ ਘਰ ਪਹੁੰਚ ਕੇ ਉਸ ਨਾਲ ਗੱਲ ਕੀਤੀ, ਕੁਦਰਤੀ ਹੀ ਉਹ ਘਰੇ ਹੀ ਮਿਲ ਪਿਆ, ਗੱਲ ਸੁਣ ਕੇ ਦੀਪੀ ਤੇ ਹਰਮਿੰਦਰ ਦੇ ਪੈਰਾ ਦੀ ਮਿੱਟੀ ਨਿਕਲ ਗਈ, ਉਨਾ ਐਮ ਐਲ ਏ ਤੇ ਜੋਰ ਪਾਇਆ ਕਿ ਉਹ ਕੁੱਝ ਕਰੇ, ਦਿੱਲੀ ਤੱਕ ਹੋਰ ਕਿਸੇ ਦੀ ਪਹੁੰਚ ਨਹੀ ਸੀ, ਐਮ ਐਲ ਏ ਨੇ ਕਿਹਾ ਆਪਾ ਹੁਣੇ ਦਿੱਲੀ ਚਲਦੇ ਆ, ਤੇ ਕਾਰਾ ਦਾ ਕਾਫਲਾ ਦਿੱਲੀ ਨੂੰ ਹੋ ਤੁਰਿਆ, ਦੀਪੀ ਤੇ ਹਰਮਿੰਦਰ ਵੀ ਨਾਲ ਸਨ, ਐਮ ਐਲ ਏ ਨੇ ਕੋਈ ਇਤਰਾਜ ਨਹੀ ਸੀ ਕੀਤਾ, ਉਹ ਸਾਰਿਆ ਵਿੱਚ ਅਪਣਾ ਵਿਸ਼ਵਾਸ਼ ਬਹਾਲ ਕਰਨਾ ਚਾਹੁੰਦਾ ਸੀ, ਅੱਧੀ ਰਾਤ ਤੋ ਬਾਅਦ ਉਹ ਦਿੱਲੀ ਪਹੁੰਚ ਗਏ, ਇੱਕ ਹੋਟਲ ਵਿੱਚ ਕੁੱਝ ਘੰਟੇ ਸੌਣ ਦਾ ਇੰਤਜਾਮ ਕੀਤਾ ਗਿਆ, ਸਭ ਸੁੱਤੇ ਸਨ ਸਿਵਾਏ ਦੇਬੀ ਦੇ ਸ਼ੁੱਭਚਿੰਤਕਾ ਤੋ, ਸਵੇਰੇ ਹੀ ਉਹ ਵਿਦੇਸ਼ ਮੰਤਰਾਲੇ ਵਿੱਚ ਪਹੁੰਚ ਗਏ, ਉਥੇ ਦੇਬੀ ਦੀ ਗਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਉਸ ਨੂੰ ਕੁੱਝ ਸ਼ੱਕੀ ਵਿਅਕਤੀਆ ਨਾਲ ਦੇਖਿਆ ਗਿਆ ਹੈ, ਉਸਦੇ ਅਪਣੇ ਖਿਲਾਫ ਕੋਈ ਠੋਸ ਸਬੂਤ ਨਹੀ ਹੈ ਪਰ ਅੱਤਵਾਦ ਕਨੂੰਨ ਤਹਿਤ ਸ਼ੱਕ ਦੀ ਬਿਨਾ ਤੇ ਉਸ ਨੂੰ ਅੱਜ ਸ਼ਾਮ ਦੀ ਫਲਾਈਟ ਤੇ ਡੀਪੋਰਟ ਕੀਤਾ ਜਾਣਾ ਹੈ ਤੇ ਹੁਣ ਉਸਦਾ ਮੁੜ ਕੇ ਭਾਰਤ ਆਉਣਾ ਸੰਭਵ ਨਹੀ।
ਸਭ ਤੋ ਵੱਡਾ ਕਹਿਰ ਸੀ ਇਹ, ਸਾਝੀਵਾਲਾ ਵਾਸਤੇ, ਐਮ ਐਲ ਏ ਨੇ ਪੂਰੀ ਵਾਹ ਲਾਈ ਪਰ ਕੋਈ ਸੁਣਵਾਈ ਨਾ ਹੋਈ, ਉਹ ਸਾਰਾ ਦਿਨ ਏਧਰ ਓਧਰ ਅਫਸਰਾਂ ਕੋਲ ਸਭ ਨੂੰ ਲੈ ਕੇ ਭਟਕਦਾ ਰਿਹਾ ਪਰ ਕਿਸੇ ਨੇ ਬਾਹ ਨਾ ਫੜੀ, ਹੁਣ ਸਿਰਫ ਇਹ ਰਹਿ ਗਿਆ ਸੀ ਕਿ ਉਹ ਦੇਬੀ ਨੂੰ ਆਖਰੀ ਵਾਰ ਮਿਲ ਸਕਣ, ਐਮ ਐਲ ਏ ਦੀ ਗਰੰਟੀ ਤੇ ਸਾਰਿਆ ਨੂੰ ਦਸ ਮਿੰਟ ਮਿਲਣ ਦੀ ਆਗਿਆ ਮਿਲ ਗਈ, ਹੁਣ ਸ਼ੁਰੂ ਸੀ ਧੱਕ ਧੱਕ ਕਰਦੇ ਦਿਲਾ ਨਾਲ ਸ਼ਾਮ ਦੀ ਫਲਾਈਟ ਦਾ ਇੰਤਜਾਰ, ਉਹ ਸਾਰੇ ਹੁਣ ਏਅਰਪੋਰਟ ਆ ਰਹੇ ਸਨ ਕਿ ਰਾਹ ਵਿੱਚ ਦੀ ਲੰਘਦੇ ਅਚਾਂਨਕ ਕਰਤਾਰ ਦੀ ਨਜਰ ਜਰਮਨ ਐਮਬੈਸੀ ਦੇ ਬੋਰਡ ਤੇ ਪਈ, ਤੇ ਝਬਦੇ ਹੀ ਉਸਦੇ ਮਨ ਵਿੱਚ ਇੱਕ ਗੱਲ ਆ ਗਈ … ।
"ਜਰਾ ਗੱਡੀ ਰੋਕੀ ਬਈ"। ਕਰਤਰਾਰ ਨੇ ਡਰਾਇਵਰ ਨੂੰ ਕਿਹਾ, ਸਾਰੇ ਇਸ ਗੱਲ ਤੇ ਹੈਰਾਨ ਸੀ ਬਈ ਕੀ ਗੱਲ ਹੋਈ, ਡਰਾਈਵਰ ਨੇ ਗੱਡੀ ਸਾਈਡ ਤੇ ਕੀਤੀ ਅਤੇ ਰੋਕ ਲਈ, ਹੁਣ ਉਹ ਸੜਕ ਦੇ ਇੱਕ ਪਾਸੇ ਖੜੇ ਸਨ।
"ਕੀ ਗੱਲ ਹੋਈ ਮਾਮਾ ਜੀ ?"
ਦੀਪੀ ਨੇ ਪੁੱਛਿਆ, ਕਰਤਾਰ ਨੂੰ ਹੁਣ ਉਹ ਸਭ ਮਾਮਾ ਹੀ ਕਹਿੰਦੇ ਸਨ।
"ਮੇਰਾ ਖਿਆਲ ਇੱਕ ਚਾਨਸ ਸਾਡੇ ਕੋਲ ਹੋਰ ਹੈ, ਜਰਮਨ ਐਮਬੈਸੀ, ਮੈਨੂੰ ਦਾਲ ਵਿੱਚ ਕੁੱਝ ਕਾਲਾ ਲਗਦਾ ਆ ਚਲੋ ਕੋਸ਼ਿਸ਼ ਕਰ ਕੇ ਦੇਖਦੇ ਆ"।
ਕਰਤਾਰ ਨੇ ਕਿਹਾ, ਸੁਣਦੇ ਹੀ ਸਭ ਨੂੰ ਇੱਕ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ, ਐਮਬੈਸੀ ਦਾ ਖੁੱਲਣ ਦਾ ਵਕਤ ਹੁਣ ਖਤਮ ਹੋ ਚੁੱਕਾ ਸੀ ਤੇ ਉਹ ਬੰਦ ਬੂਹੇ ਮੋਹਰੇ ਖੜੇ ਸਨ।
"ਲਗਦਾ ਅੱਜ ਰੱਬ ਵਾਕਿਆ ਹੀ ਨਰਾਜ ਆ ਸਾਡੇ ਨਾਲ"।ਹਰਮਿੰਦਰ ਹੌਸਲਾ ਛੱਡ ਚੁੱਕਾ ਸੀ।
ਕਰਤਾਰ ਨੇ ਬਾਹਰ ਲਿਖਿਆ ਇੱਕ ਸਰਵਿਸ ਫੋਨ ਨੰਬਰ ਨੋਟ ਕੀਤਾ ਅਤੇ ਨਾਲ ਲਗਵੇ ਇੱਕ ਘਰ ਵਿੱਚ ਫੋਨ ਕਰਨ ਲਈ ਚਲੇ ਗਿਆ, ਘਰ ਵਾਲਿਆ ਨੂੰ ਅਪਣਾ ਆਈਡੈਟੀ ਕਾਰਡ ਦਿਖਾ ਕੇ ਉਸ ਨੇ ਫੋਨ ਦੀ ਇਜਾਜਤ ਲੈ ਲਈ … ।।
"ਹੈਲੌ, ਜਰਮਨ ਐਮਬੈਸੀ"।
ਅੱਗਿਓ ਕਿਸੇ ਨੇ ਕਿਹਾ।
"ਸ਼ਿਰੀ ਮਾਨ ਜੀ ਮੈ ਪੰਜਾਬ ਪੁਲੀਸ ਦਾ ਆਫੀਸਰ ਕਰਤਾਰ ਸਿੰਘ ਬੋਲ ਰਿਹਾ ਹਾ ਅਤੇ ਮੇਰੀ ਸੂਚਨਾ ਅਨੁਸਾਰ ਇੱਕ ਜਰਮਨ ਨਾਗਰਿਕ ਨੂੰ ਨਜਾਇਜ ਤਰੀਕੇ ਨਾਲ ਸੀ ਬੀ ਆਈ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ ਅਤੇ ਕੁੱਝ ਦੇਰ ਤੱਕ ਉਸਨੂੰ ਜਰਮਨ ਡੀਪੋਰਟ ਕਰ ਰਹੇ ਹਨ, ਕੀ ਆਪ ਕੁੱਝ ਮਦਦ ਕਰ ਸਕਦੇ ਹੋ ?"
ਕਰਤਾਰ ਨੇ ਕੁੱਝ ਐਸੇ ਵਿਸਵਾਸ਼ ਨਾਲ ਕਿਹਾ ਸੀ ਕਿ ਅੱਗਿਓ ਕੁੱਝ ਪਲ ਸੋਚਣ ਤੋ ਬਾਅਦ ਕਿਹਾ ਗਿਆ।
"ਤੁਸੀ ਕਿੱਥੋ ਬੋਲ ਰਹੇ ਹੋ ?"
"ਜੀ ਮੈ ਆਪ ਦੇ ਨਾਲ ਦੇ ਮਕਾਨ ਵਿੱਚੋ ਫੋਨ ਕਰ ਰਿਹਾ ਹਾ ਕਿਉਕਿ ਐਮਬੈਸੀ ਦਾ ਦਰਵਾਜਾ ਬੰਦ ਹੈ" । ਕਰਤਾਰ ਨੇ ਦੱਸਿਆ।
"ਤੁਸੀ ਆਓ ਮੈ ਦਰਵਾਜਾ ਖੁਲਾ ਰਿਹਾ ਹਾਂ"।
ਬੋਲਣ ਵਾਲੇ ਨੇ ਕਿਹਾ, ਇਹ ਵਾਰਤਾਲਾਪ ਅੰਗਰੇਜੀ ਵਿੱਚ ਹੋ ਰਿਹਾ ਸੀ, ਹੁਣ ਕਰਤਾਰ ਫੋਨ ਰੱਖ ਕੇ ਜਲਦੀ ਨਾਲ ਉਡੀਕਦੇ ਸਾਥੀਆ ਵੱਲ ਗਿਆ ਜੋ ਉਤਸੁਕਤਾ ਨਾਲ ਉਡੀਕ ਰਹੇ ਸਨ।
"ਕੁਝ ਹੋਇਆ ਮਾਮਾ ਜੀ ?"
ਦੀਪੀ ਸਭ ਤੋ ਕਾਹਲੀ ਵਿੱਚ ਸੀ।
"ਲਗਦਾ ਕੁੱਝ ਹੋ ਜਾਵੇਗਾ, ਆਓ ਮੇਰੇ ਨਾਲ"।
ਤੇ ਉਹ ਕਾਹਲੀ ਨਾਲ ਐਮਬੈਸੀ ਵੱਲ ਤੁਰ ਪਏ, ਇਕ ਭਾਰਤੀ ਕਰਮਚਾਰੀ ਨੇ ਬੂਹਾ ਖੋਲਿਆ ਅਤੇ ਕਹਿਣ ਲੱਗਾ।
"ਹੁਣੇ ਫੋਨ ਤੁਸੀ ਕੀਤਾ ਸੀ ?"
"ਜੀ ਹਾ, ਮੇਰੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੈ "।
ਕਰਤਾਰ ਨੇ ਕਿਹਾ।
"ਆਓ ਮੇਰੇ ਨਾਲ"।
ਕਹਿ ਕੇ ਕਰਮਚਾਰੀ ਮੋਹਰੇ ਮੋਹਰੇ ਤੁਰ ਪਿਆ ਤੇ ਬਾਕੀ ਕਾਹਲੇ ਕਦਮਾ ਨਾਲ ਪਿੱਛੇ ਪਿੱਛੇ, ਇੱਕ ਕਾਰੀਡੋਰ ਰਾਹੀ ਲੰਘਦੇ ਇੱਕ ਲਿਫਟ ਮੋਹਰੇ ਆ ਗਏ, ਹੁਣ ਲਿਫਟ ਉਪਰ ਵੱਲ ਜਾ ਰਹੀ ਸੀ ਤੇ ਨਾਲ ਹੀ ਸਭ ਦੇ ਦਿਲ ਧੜਕ ਰਹੇ ਸਨ ਕਿ ਕੀ ਹੁੰਦਾ ਹੈ, ਕੋਈ ਦੋ ਕੁ ਮਿੰਟ ਬਾਅਦ ਉਹ ਇੱਕ ਲੰਬੇ ਚੌੜੇ ਕਮਰੇ ਵਿੱਚ ਖੜੇ ਸਨ ਤੇ ਸਾਹਮਣੇ ਕੰਪਿਊਟਰ ਤੇ ਝੁਕਿਆ ਇੱਕ ਪ੍ਰਭਾਵਸ਼ਾਲੀ ਗੋਰਾ ਬੈਠਾ ਸੀ, ਉਨਾ ਨੂੰ ਅੰਦਰ ਆਉਦੇ ਦੇਖ ਕੇ ਉਹ ਉਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ,
"ਮਿਸਟਰ ਕਰਤਾਰ ਸਿੰਘ ?" ਆਓ ਬੈਠੋ"।
ਕਰਤਾਰ ਵੱਲ ਹੱਥ ਵਧਾਉਦੇ ਹੋਏ ਉਸ ਨੇ ਕਿਹਾ, ਉਸ ਦੇ ਟੇਬਲ ਸਾਹਮਣੇ ਪਈਆ ਕੁਰਸੀਆ ਤੇ ਉਹ ਬੈਠ ਗਏ।
"ਵੈੱਲ, ਹੁਣ ਦੱਸੋ ਕੀ ਮੁਸ਼ਕਲ ਹੈ"।
ਗੋਰੇ ਨੇ ਪੁੱਛਿਆ, ਇਹ ਐਮਬੈਸਡਰ ਦਾ ਰੀਡਰ ਸੀ।
ਕਰਤਾਰ ਨੇ ਜਲਦੀ ਜਲਦੀ ਸਾਰੀ ਗੱਲ ਦੱਸੀ ਤੇ ਸੁਣਦੇ ਸੁਣਦੇ ਗੋਰੇ ਦੇ ਮੱਥੇ ਤੇ ਵਲ ਪੈਣ ਲੱਗ ਪਏ ਉਹ ਸੋਚ ਦੀ ਮੁਦਰਾ ਵਿੱਚ ਆ ਗਿਆ।
"ਜੋ ਤੁਸੀ ਕਹਿ ਰਹੇ ਹੋ ਅਗਰ ਉਹ ਸਹੀ ਹੈ ਤਾਂ ਮੈ ਯਕੀਨ ਦਿਵਾਉਦਾ ਹਾਂ ਕਿ ਸਾਡੇ ਜਰਮਨ ਨਾਗਰਿਕ ਨੂੰ ਕੋਈ ਮੁਸ਼ਕਿਲ ਪੇਸ਼ ਨਹੀ ਆ ਸਕਦੀ, ਇੱਕ ਮਿੰਟ ਵੇਟ ਕਰੋ"।
ਕਹਿ ਕੇ ਗੋਰੇ ਨੇ ਇੱਕ ਫੋਨ ਘੁਮਾਉਣਾ ਸ਼ੁਰੂ ਕਰ ਦਿੱਤਾ, ਕੁੱਝ ਦੇਰ ਉਹ ਕਿਸੇ ਨਾਲ ਜਰਮਨ ਭਾਸ਼ਾ ਵਿੱਚ ਗੱਲ ਕਰਦਾ ਰਿਹਾ ਤੇ ਫਿਰ ਫੋਨ ਰੱਖ ਕੇ ਕਹਿਣ ਲੱਗਾ।
"ਮੈ ਐਮਬੈਸਡਰ ਸਾਹਿਬ ਨੂੰ ਸੂਚਿਤ ਕਰ ਦਿੱਤਾ ਹੈ ਉਹ ਹੁਣੇ ਏਅਰਪੋਰਟ ਅਥਾਰਟੀ ਨਾਲ ਗੱਲ ਕਰ ਕੇ ਕੇਸ ਦੀ ਪੈਰਵਾਈ ਕਰਨਗੇ, ਕੋਈ ਗੈਰ ਕਾਨੂੰਨੀ ਕਾਰਵਾਈ ਨਹੀ ਹੋਣ ਦਿੱਤੀ ਜਾਵੇਗੀ"। ਗੋਰੇ ਦੀ ਗੱਲ ਸੁਣਦੇ ਹੀ ਸਭ ਦੇ ਚਿਹਰਿਆ ਤੇ ਰੌਣਕ ਮੁੜ ਆਈ।
"ਤੁਸੀ ਏਅਰਪੋਰਟ ਤੇ ਪਹੁੰਚੋ, ਸਾਡੇ ਕੁੱਝ ਕਰਮਚਾਰੀ ਵੀ ਉਥੇ ਆ ਰਹੇ ਹਨ"।
ਏਨਾ ਕਹਿ ਕੇ ਗੋਰਾ ਖੜਾ ਹੋ ਗਿਆ ਤੇ ਕਰਤਾਰ ਹੁਣੀ ਉਸਦਾ ਧੰਨਵਾਦ ਕਰਦੇ ਬਾਹਰ ਆ ਗਏ, ਹੁਣ ਉਹ ਏਅਰਪੋਰਟ ਵੱਲ ਉਡੇ ਜਾ ਰਹੇ ਸਨ, ਏਅਰਪੋਰਟ ਦੇ ਬਾਹਰ ਐਮ ਐਲ ਏ ਅਪਣੇ ਲਸ਼ਕਰ ਨਾਲ ਖੜਾ ਉਨਾ ਨੂੰ ਉਡੀਕ ਰਿਹਾ ਸੀ।
"ਤੁਸੀ ਕਿੱਥੇ ਰੁਕ ਗਏ ਸੀ, ਕਦੋ ਦੇ ਉਡੀਕ ਰਹੇ ਆ"।
ਉਸ ਨੂੰ ਕਰਤਾਰ ਸਿੰਘ ਤੇ ਸ਼ੱਕ ਸੀ ਕਿ ਇਹ ਕੋਈ ਚੱਕਰ ਨਾ ਚਲਾਵੇ।
"ਰਸਤੇ ਵਿੱਚ ਇੱਕ ਵਾਕਿਫ ਮਿਲ ਗਿਆ ਸੀ"।
ਕਰਤਾਰ ਨੇ ਕੋਰਾ ਝੂਠ ਬੋਲਿਆ।
ਹੁਣ ਉਹ ਵੀ ਆਈ ਪੀ ਵੇਟਿੰਗ ਰੂਮ ਵਿੱਚ ਬੈਠੇ ਸਨ, ਸਾਰੇ ਵਾਰ ਵਾਰ ਘੜੀ ਵੱਲ ਦੇਖ ਰਹੇ ਸਨ, ਐਨਾ ਪਰੈਸ਼ਰ ਸਭ ਨੂੰ ਉਸ ਵੇਲੇ ਨਹੀ ਸੀ ਜਦੋ ਦੇਬੀ ਹਸਪਤਾਲ ਪਿਆ ਸੀ ਉਦੋ ਉਹ ਨਜਰਾਂ ਦੇ ਕੋਲ ਸੀ ਤੇ ਹੁਣ ਲਗਦਾ ਸੀ ਹੱਥੋ ਨਿਕਲੀ ਜਾ ਰਿਹਾ, ਦੋ ਘੰਟੇ ਬਾਅਦ ਸੀ ਬੀ ਆਈ ਦੀ ਟੀਮ ਦੇਬੀ ਨੂੰ ਲੈ ਕੇ ਆ ਗਈ, ਉਨਾ ਨੂੰ ਇੱਕ ਬੰਦ ਕਮਰੇ ਵਿੱਚ ਮਿਲਣ ਦੀ ਆਗਿਆ ਦੇ ਦਿੱਤੀ ਗਈ …
"ਉਦਾਸ ਕਿਓ ਹੋ ਸਭ, ਅਸੀ ਇੱਕ ਦੂਜੇ ਦੇ ਦਿਲਾ ਵਿੱਚ ਵਸਦੇ ਆ, ਇਹ ਦੇਸ਼ ਵਿੱਚੋ ਕੱਢ ਸਕਦੇ ਆ, ਦਿਲ ਵਿੱਚੋ ਨਹੀ, ਮੇਰੀ ਸਭ ਨੂੰ ਇਹ ਬੇਨਤੀ ਹੈ ਕਿ ਸਾਝੀਵਾਲ ਦੀ ਚੜਦੀ ਕਲਾ ਲਈ ਮੇਰੇ ਤੋ ਬਾਅਦ ਕੋਸ਼ਿਸ਼ ਜਾਰੀ ਰਹੇ, ਅਸੀ ਫੋਨ ਤੇ ਅਤੇ ਚਿੱਠੀ ਪੱਤਰ ਰਾਹੀ ਇੱਕ ਦੂਜੇ ਨਾਲ ਜੁੜੇ ਰਹਾਗੇ"। ਦੇਬੀ ਇਓ ਬੋਲ ਰਿਹਾ ਸੀ ਜਿਵੇ ਕੋਈ ਖਾਸ ਗੱਲ ਨਾ ਹੋਵੇ, ਉਸਦਾ ਮਨ ਹੁਣ ਸਥਿਰ ਹੋ ਚੁੱਕਾ ਸੀ, ਸਭ ਉਡਾਣਾਂ ਖਤਮ ਹੋ ਗਈਆ ਸਨ, ਦੇਬੀ ਹੁਣ ਕੁੱਝ ਸਾਹ ਲੈਣਾ ਚਾਹੁੰਦਾ ਸੀ, ਕੁੱਝ ਸੋਚਣਾ ਚਾਹੁੰਦਾ ਸੀ ਅਤੇ ਲੱਭਣਾ ਚਾਹੁੰਦਾ ਸੀ ਕਿ ਇਸ ਦੁਨੀਆ ਵਿੱਚ ਕੀ ਗਲਤ ਹੋ ਰਿਹਾ, ਕੋਈ ਕੁੱਝ ਨਹੀ ਬੋਲਿਆ, ਕਰਤਾਰ ਨੇ ਦੇਬੀ ਨੂੰ ਜੱਫੀ ਪਾ ਲਈ ਤੇ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ, ਬਾਕੀਆ ਦੀਆ ਅੱਖਾ ਪਹਿਲਾ ਹੀ ਭਰੀਆ ਹੋਈਆ ਸਨ, ਸਿਰਫ ਦੋ ਅੱਖਾ ਚਮਕ ਰਹੀਆ ਸਨ ਤੇ ਇਹ ਸਨ ਇੱਕ ਚਿੱਟੀ ਦਾੜੀ ਵਾਲੇ ਤੇ ਸਿਆਸੀ ਬੰਦੇ ਦੀਆ, ਜੋ ਇੱਕ ਤਾ ਕਰੇਲਾ ਸੀ ਦੂਸਰਾ ਨਿੰਮ ਤੇ ਚੜਿਆ ਪਿਆ।
"ਓਹੋ ਮਾਮਾ ਜੀ, ਕਿਓ ਦਿਲ ਹਲਕਾ ਕਰਦੇ ਓ, ਜਦੋ ਦਾ ਮੈ ਆਇਆ ਤੁਹਾਡੇ ਸਭ ਦੀ ਜਿੰਦਗੀ ਨੂੰ ਉਥੱਲ ਪੁਥੱਲ ਕਰ ਦਿੱਤਾ ਆ, ਚੰਗਾ ਸਗੋ ਹੁਣ ਚੈਨ ਨਾਲ ਜੀ ਸਕੋਗੇ"।
ਦੇਬੀ ਬਿਲਕੁਲ ਉਦਾਸ ਨਹੀ ਸੀ।
"ਪੁੱਤ ਤੂੰ ਸਾਨੂੰ ਪਸ਼ੂਆ ਨੂੰ ਬੰਦੇ ਬਣਾ ਦਿੱਤਾ ਆ, ਵੰਡ ਕੇ ਖਾਣ ਦਾ ਵੱਲ ਸਿਖਾਇਆ ਆ, ਤੇ ਪਰੇਮ ਦੀ ਤਾਕਤ ਦਿਖਾਈ ਆ, ਸਲਾਮ ਕਰਦੇ ਆ ਤੈਨੂੰ"।
ਸਰਪੰਚ ਨੇ ਇੱਕ ਫੌਜੀ ਦੀ ਤਰਾ ਦੇਬੀ ਨੂੰ ਸਲੂਟ ਕੀਤਾ।
"ਦੇਖੋ ਦੋ ਮਿੰਟ ਹੋਰ ਆ, ਮੈਨੂੰ ਰੋ ਕੇ ਵਿਦਾ ਨਾ ਕਰੋ, ਹਰਮਿੰਦਰ ਯਾਰ ਤੇਰੇ ਨਾਲ ਬਹਿਣ ਦਾ ਤਾ ਵਕਤ ਈ ਨੀ ਲੈ ਪਾਇਆ, ਤੁਸੀ ਦੋਵੇ ਇੱਕ ਦੂਜੇ ਨੂੰ ਭਰਭੂਰ ਪਿਆਰ ਦੇਣਾ, ਇਹ ਮੇਰੇ ਤੱਕ ਪਹੁੰਚਦਾ ਰਹੇਗਾ, ਕੀ ਹੋਇਆ ਜੇ ਮੈ ਭਾਰਤ ਨਹੀ ਆ ਸਕਦਾ, ਤੁਸੀ ਤਾ ਜਰਮਨ ਆ ਸਕਦੇ ਓ, ਜਿਸਦਾ ਦਿਲ ਜਦੋ ਕਰੇ ਮੈਨੂੰ ਮਿਲਣ ਆ ਸਕਦੇ ਓ, ਗਲਤੀ ਸ਼ਲਤੀ ਦੀ ਮਾਫੀ, ਖੁਸ਼ ਰਹੌ"।
ਏਨਾ ਕਹਿ ਕੇ ਦੇਬੀ ਸਭ ਨੂੰ ਹੱਥ ਹਿਲਾਉਦਾ ਇੱਕ ਅਫਸਰ ਦੇ ਨਾਲ ਇਮੀਗਰੇਸ਼ਨ ਵਾਲੇ ਕਾਉਟਰ ਵੱਲ ਜਾ ਰਿਹਾ ਸੀ, ਕਰਤਾਰ ਤੇ ਉਹ ਸਭ ਸੋਚ ਰਹੇ ਸੀ ਕਿ ਐਮਬੈਸੀ ਵਾਲਿਆ ਨੇ ਕੁੱਝ ਨਹੀ ਕੀਤਾ, ਕੋਈ ਆ ਕਿਓ ਨਹੀ ਸੀ ਰਿਹਾ, ਇਹ ਆਖਰੀ ਆਸ ਦੀ ਕਿਰਨ ਵੀ ਅੱਖੋ ਉਹਲੇ ਹੁੰਦੀ ਜਾਪਦੀ ਸੀ।
ਸੱਜਣਾ ਨੇ ਅਪਣੇ ਮੂੰਹ ਵਿੱਚ ਚੁੰਨੀ ਦੇ ਕੇ ਰੋਣ ਤੇ ਕਾਬੂ ਪਾਇਆ ਹੋਇਆ ਸੀ, ਐਮ ਐਲ ਏ ਕਿਸੇ ਅਫਸਰ ਨਾਲ ਬਾਹਰ ਗੱਲ ਕਰਨ ਨਿਕਲ ਗਿਆ, ਉਸਦੇ ਬਾਹਰ ਨਿਕਲਦੇ ਤੇ ਦਰਵਾਜਾ ਬੰਦ ਹੁੰਦੇ ਹੀ ਦੀਪੀ ਹਰਮਿੰਦਰ ਨੂੰ ਚਿੰਬੜ ਕੇ ਧਾਹਾਂ ਮਾਰ ਉਠੀ, ਹਰਮਿੰਦਰ ਉਸ ਨੂੰ ਚੁੱਪ ਕਰਾ ਰਿਹਾ ਸੀ, ਏਨੀ ਉਦਾਸੀ ਤੇ ਕਮਜੋਰੀ ਕਰਤਾਰ ਨੂੰ ਕਦੇ ਮਹਿਸੂਸ ਨਹੀ ਸੀ ਹੋਈ, ਹਾਲੇ ਜਦੋ ਪਿੰਡ ਪਤਾ ਲੱਗਣਾ ਸੀ ਤਾ ਪਤਾ ਨਹੀ ਕਿੰਨੇ ਕੁ ਦਿਲਾ ਦੇ ਟੋਟੇ ਹੋਣੇ ਸਨ, ਹਰਮਿੰਦਰ ਨੇ ਦੀਪੀ ਤੇ ਮਸਾ ਕਾਬੂ ਪਾਇਆ ਸੀ, ਉਹ ਆਪ ਰੋ ਰਿਹਾ ਸੀ, ਹੁਣ ਸਰਪੰਚ ਦੀਪੀ ਨੂੰ ਦਿਲਾਸਾ ਦੇ ਰਿਹਾ ਸੀ, ਹਰਮਿੰਦਰ ਬਾਹਰ ਆ ਕੇ ਦੀਪੀ ਲਈ ਕੁੱਝ ਪੀਣ ਦਾ ਬੰਦੋਬਸਤ ਕਰਨਾ ਚਾਹੁੰਦਾ ਸੀ, ਬਾਹਰ ਆ ਕੇ ਉਸ ਨੇ ਦੇਖਿਆ ਕਿ ਉਸਦਾ ਪਿਓ ਦੋ ਸੀ ਬੀ ਆਈ ਦੇ ਅਫਸਰਾ ਨੂੰ ਇੱਕ ਬਰੀਫਕੇਸ ਦਿੰਦਾ ਹੋਇਆ ਕਹਿ ਰਿਹਾ ਸੀ … ।
"ਸ਼ਰਮਾ ਜੀ, ਬਹੁਤ ਧੰਨੇਆਵਾਦ, ਨਾਕ ਮੇ ਦਮ ਕਰ ਦੀਆ ਥਾ ਇਸ ਛੋਕਰੇ ਨੇ, ਅਬ ਜਰਮਨ ਮੇ ਰਹੇਗਾ, ਨਾ ਰਹੇਗਾ ਬਾਸ ਔਰ ਨਾ ਬਜੇਗੀ ਬਾਸੁਰੀ, ਆਪ ਕੀ ਮੇਹਰਬਾਨੀ ਹੈ, ਯੇ ਰਹੀ ਆਪ ਕੀ ਸੌਗਾਤ"।
ਹਰਮਿੰਦਰ ਹੁਣ ਤੱਕ ਪਿੱਛੇ ਆ ਕੇ ਖੜਾ ਸੀ ਤੇ ਉਸ ਨੇ ਸਭ ਸੁਣ ਲਿਆ ਸੀ, ਅਫਸਰਾ ਨਾਲ ਹੱਥ ਮਿਲਾਕੇ ਜਦੋ ਐਮ ਐਲ ਏ ਵਾਪਿਸ ਮੁੜਿਆ ਤਾ ਹਰਮਿੰਦਰ ਅੱਖਾ ਵਿੱਚ ਖੂਨ ਲਈ ਖੜਾ ਸੀ … ।।
"ਮਿਸਟਰ ਐਮ ਐਲ ਏ, ਅੱਜ ਤੋ ਬਾਅਦ ਤੂੰ ਮੇਰਾ ਪਿਓ ਨਹੀ ਤੇ ਮੈ ਤੇਰਾ ਪੁੱਤ ਨਹੀ, ਦੇਬੀ ਦੇ ਸ਼ੁਰੂ ਕੀਤੇ ਕੰਮ ਮੈ ਪਿੰਡ ਜਾ ਕੇ ਪੂਰੇ ਕਰਾਗਾ, ਅੱਜ ਤੋ ਬਾਅਦ ਮੈਨੂ ਅਪਣੀ ਸ਼ਕਲ ਦਿਖਾਈ ਤਾ ਸਾਡੇ ਦੋਵਾ ਵਿੱਚੋ ਇੱਕ ਲਾਸ਼ ਗਿਰੇਗੀ, ਨਫਰਤ ਹੈ ਮੈਨੂੰ ਤੇਰੀ ਜਹਿਰੀ ਸਿਆਸਤ ਨਾਲ, ਇਸ ਤੋ ਪਹਿਲਾ ਕਿ ਮੇਰਾ ਹੱਥ ਤੇਰੇ ਤੇ ਉਠ ਜਾਵੇ ਦਫਾ ਹੋ ਜਾ ਅਪਣੇ ਜਲਾਦਾ ਨਾਲ"।
ਕਹਿਰਾ ਦਾ ਗੁੱਸਾ ਆਇਆ ਸੀ ਹਰਮਿੰਦਰ ਨੂੰ ਅਪਣੇ ਪਿਓ ਤੇ, ਹੁਣ ਉਸਨੂੰ ਯਕੀਨ ਹੋ ਗਿਆ ਸੀ ਕਿ ਸੁੰਦਰੀ ਨੂੰ ਵੀ ਇਸੇ ਨੇ ਕਿਨਾਰੇ ਲਾਇਆ ਸੀ।
"ਕਾਕਾ ਤੈਨੂੰ ਕੋਈ ਗਲਤਫਹਿਮੀ ਹੋਈ ਆ, ਮੈ … ''।
ਐਮ ਐਲ ਏ ਦੀ ਜਬਾਨ ਥੜਕ ਗਈ ਤੇ ਉਸਦੀ ਗੱਲ ਵਿੱਚੇ ਕੱਟ ਕੇ ਹਰਮਿੰਦਰ ਬੋਲਿਆ।
"ਤੂੰ ਮੇਰੇ ਕੋਲੋ ਮੇਰੀ ਸੁੰਦਰੀ ਖੋਹ ਲਈ, ਜਿਸ ਨੂੰ ਮੈ ਜਾਨ ਤੋ ਵੱਧ ਚਾਹੁੰਦਾ ਸੀ, ਮੈ ਸਬਰ ਕਰ ਲਿਆ, ਫਿਰ ਤੂੰ ਦੀਪੀ ਦੇ ਜੀਵਨ ਨੂੰ ਫੁੱਟਬਾਲ ਬਣਾ ਲਿਆ ਉਸਦੀ ਸਜਾ ਵੀ ਤੈਨੂੰ ਨਹੀ ਮਿਲੀ ਪਰ ਅੱਜ ਤੂੰ ਦੇਬੀ ਦੀ ਪਿੱਠ ਵਿੱਚ ਜੋ ਛੁਰਾ ਖੋਭਿਆ ਹੈ ਇਹ ਬਰਦਾਸ਼ਤ ਤੋ ਬਾਹਰ ਹੈ, ਪਤਾ ਨਹੀ ਕਿੰਨੇ ਦਿਲ ਅੱਜ ਟੁੱਟਣੇ ਆ ਨਵੇ ਪਿੰਡ ਜਦੋ ਦੇਬੀ ਦੇ ਡੀਪੋਰਟ ਹੋਣ ਦੀ ਖਬਰ ਉਥੇ ਗਈ, ਇਸ ਪਿੰਡ ਦੇ ਲੋਕਾ ਨੇ ਤੈਨੂੰ ਵੋਟਾ ਪਾਈਆ ਸਨ ਤੇ ਤੂੰ ਉਨਾ ਦੀ ਏਹ ਮਦਦ ਕਰ ਰਿਹਾ ? ਘਟੀਆ ਬੰਦੇ, ਅੱਜ ਤੋ ਬਾਅਦ ਤੂੰ ਨਵੇ ਪਿੰਡ ਜੇ ਪੈਰ ਰੱਖਿਆ ਤਾ ਤੈਨੂੰ ਗੋਲੀ ਮੈ ਮਾਰੂੰਗਾ ਤੇ ਜਿਸ ਵਾਰਿਸ ਨੂੰ ਦੇਖਣ ਲਈ ਤੂੰ ਇਨੇ ਪਾਪ ਕੀਤੇ ਹਨ ਉਹ ਦੀਪ ਦੀ ਕੁੱਖ ਵਿੱਚ ਸਾਹ ਲੈ ਰਿਹਾ ਹੈ ਪਰ ਤੂੰ ਉਸਨੂੰ ਕਦੇ ਦੇਖ ਨਹੀ ਸਕੇਗਾ, ਤੇਰਾ ਗੰਦਾ ਪਰਛਾਵਾ ਮੈ ਉਹਦੇ ਤੇ ਪੈਣ ਨਹੀ ਦੇਣਾ ਤੇ ਹੁਣ ਦਫਾ ਹੋ ਜਾ"। ਹਰਮਿੰਦਰ ਅੱਗ ਦੀ ਨਾੜ ਬਣਿਆ ਹੋਇਆ ਸੀ, ਸਾਲਾ ਦਾ ਬੰਨਿਆ ਬੰਨ ਅੱਜ ਟੁੱਟ ਗਿਆ ਸੀ, ਉਹ ਮਰਨ ਮਾਰਨ ਤੇ ਉਤਰ ਆਇਆ ਸੀ, ਐਮ ਐਲ ਏ ਨੂੰ ਕਿਸੇ ਹੋਰ ਨੇ ਏਨੀ ਗੱਲ ਕਹੀ ਹੁੰਦੀ ਤਾ ਹੁਣ ਤੱਕ ਪਤਾ ਨਹੀ ਕੀ ਹੋ ਜਾਣਾ ਸੀ ਪਰ ਇਕਲੋਤੇ ਪੁੱਤ ਨੂੰ ਕੀ ਕਰੇ ? ਤੇ ਹੁਣ ਹੋਣ ਵਾਲੇ ਵਾਰਿਸ ਦੀ ਗੱਲ ਸੁਣ ਕੇ ਉਹ ਹੋਰ ਵੀ ਮੱਠਾ ਪੈ ਗਿਆ ਸੀ, ਹਰਮਿੰਦਰ ਨੂੰ ਉਹ ਚੰਗੀ ਤਰਾ ਜਾਣਦਾ ਸੀ ਕਿ ਜੋ ਕਹੇਗਾ ਕਰ ਵੀ ਦੇਵੇਗਾ, ਐਮ ਐਲ ਏ ਨੂੰ ਲੱਗਿਆ ਕਿ ਉਹ ਇਹ ਬਾਜੀ ਜਿੱਤ ਕੇ ਵੀ ਹਾਰ ਗਿਆ ਸੀ, ਉਹ ਹਰਮਿੰਦਰ ਨੂੰ ਰੋਕਦਾ ਹੀ ਰਹਿ ਗਿਆ ਪਰ ਹਰਮਿੰਦਰ ਹੁਣ ਜਾ ਚੁੱਕਾ ਸੀ, ਐਮ ਐਲ ਏ ਨੇ ਜੋ ਟੋਆ ਪੱਟਿਆ ਸੀ ਉਸ ਵਿੱਚ ਆਪ ਹੀ ਜਾ ਡਿੱਗਾ ਸੀ।
ਹੁਬਕੀਆ ਲੈਦੀ ਦੀਪੀ ਨੂੰ ਸਰਪੰਚ ਤੇ ਕਰਤਾਰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅੰਦਰੋ ਦੋਵੇ ਟੁੱਟ ਚੁੱਕੇ ਸਨ, ਏਨੇ ਨੂੰ ਹਰਮਿੰਦਰ ਗੁੱਸੇ ਵਿੱਚ ਲਾਲ ਹੋਇਆ ਅੰਦਰ ਆ ਗਿਆ, ਦੀਪੀ ਦੀ ਹਾਲਤ ਦੇਖ ਕੇ ਉਹ ਉਸ ਨੂੰ ਜੱਫੀ ਵਿੱਚ ਲੈ ਕੇ ਦਿਲਾਸਾ ਦੇਣ ਲੱਗ ਪਿਆ, ਥੋੜੀ ਦੇਰ ਬਾਅਦ ਉਹ ਟੁੱਟੇ ਹੋਏ ਦਿਲ ਤੇ ਬੋਝਲ ਕਦਮਾਂ ਨਾਲ ਏਅਰਪੋਰਟ ਦੇ ਮੇਨ ਹਾਲ ਵਿੱਚੋ ਹੌਲੀ ਹੌਲੀ ਬਾਹਰ ਵੱਲ ਜਾ ਰਹੇ ਸਨ, ਦੇਬੀ ਨੂੰ ਗਵਾ ਦੇਣ ਦਾ ਦੁੱਖ ਕਿਸੇ ਕੋਲੋ ਝੱਲਿਆ ਨਹੀ ਸੀ ਜਾ ਰਿਹਾ, ਕੀ ਮੂੰਹ ਦਿਖਾਉਣਗੇ ਉਹ ਭੂਆ ਨੂੰ ? ਤੇ ਕੀ ਬਣੇਗਾ ਹੁਣ ਸਾਝੀਵਾਲ ਦਾ ?
"ਅਟੈਨਸ਼ਨ ਪਲੀਜ, ਮਿਸਟਰ ਕਰਤਾਰ ਸਿੰਘ ਫਰੌਮ ਪੰਜਾਬ ਪਲੀਜ ਕਮ ਟੂ ਪੁਲੀਸ ਇਨਕਵਾਰੀ'' ਬਾਰ ਬਾਰ ਹੋਣ ਵਾਲੀ ਇਸ ਅਨਾਉਸਮੈਟ ਨੇ ਉਨਾ ਦਾ ਧਿਆਨ ਖਿੱਚਿਆ।
"ਕਰਤਾਰ, ਤੁਹਾਨੂੰ ਬੁਲਾਇਆ ਜਾ ਰਿਹਾ"।
ਸਰਪੰਚ ਨੇ ਕਿਹਾ।
"ਆਓ ਮੁੜੀਏ, ਕੀ ਗੱਲ ਹੋ ਸਕਦੀ ਆ ?"
ਉਹ ਹੈਰਾਨ ਜਿਹੇ ਪੁਲੀਸ ਇਨਕਵਾਰੀ ਲੱਭਣ ਲੱਗ ਪਏ, ਕਰਤਾਰ ਸਿੰਘ ਖੁਦ ਪੁਲੀਸ ਅਫਸਰ ਸੀ ਉਸ ਨੇ ਇੱਕ ਏਅਰਪੋਰਟ ਕਰਮਚਾਰੀ ਨੂੰ ਆਈਡੈਟੀਕਾਰਡ ਦਿਖਾਇਆ ਅਤੇ ਪੁਲੀਸ ਇਨਕਵਾਰੀ ਤੱਕ ਲੈ ਕੇ ਜਾਣ ਲਈ ਕਿਹਾ, ਹੁਣ ਕੁੱਝ ਦੇਰ ਬਾਅਦ ਉਹ ਇੱਕ ਕਾਉਟਰ ਤੇ ਖੜੇ ਸਨ, ਇੱਕ ਇੰਸਪੈਕਟਰ ਨੇ ਉਸਦਾ ਕਾਰਡ ਦੇਖ ਕੇ ਕਿਹਾ,
"ਕਰਤਾਰ ਸਿੰਘ ਜੀ ਆਓ ਮੇਰੇ ਨਾਲ"।
ਹੁਣ ਉਹ ਇੱਕ ਲਿਫਟ ਰਾਹੀ ਬੇਸਮੇਟ ਵਿੱਚ ਆ ਰਹੇ ਸਨ, ਲਿਫਟ ਦਾ ਦਰਵਾਜਾ ਖੁੱਲਿਆ ਤੇ ਦੋ ਮਿੰਟ ਤੱਕ ਹੁਣ ਉਹ ਇੱਕ ਵੱਡੇ ਰੂਮ ਵਿੱਚ ਦਾਖਲ ਹੋ ਰਹੇ ਸਨ, ਅੰਦਰਲਾ ਸੀਨ ਦੇਖ ਕੇ ਉਨਾ ਦੇ ਦਿਲ ਦੀ ਧੜਕਨ ਰੁਕ ਗਈ …
ਐਮਬੈਸੀ ਵਾਲਾ ਗੋਰਾ ਦੋ ਹੋਰ ਬੰਦਿਆ ਨਾਲ ਉਥੇ ਬੈਠਾ ਸੀ ਤੇ ਨਾਲ ਦੀ ਕੁਰਸੀ ਤੇ ਦੇਬੀ ਬੈਠਾ ਸੀ, ਦੇਬੀ ਨੂੰ ਦੇਖਦੇ ਹੀ ਦੀਪੀ ਨੇ ਸਾਰੀ ਸ਼ਰਮ ਵਗਾਹ ਮਾਰੀ ਤੇ ਦੌੜ ਕੇ ਦੇਬੀ ਨੂੰ ਜੱਫੀ ਪਾ ਲਈ, ਉਹਦੇ ਹਾਉਕੇ ਹੁਣ ਰੁਕ ਨਹੀ ਸੀ ਰਹੇ, ਉਥੇ ਮੌਜੂਦ ਸਭ ਲੋਕ ਇਸ ਪਰੇਮ ਮਿਲਣ ਨੂੰ ਹੈਰਾਨ ਹੋ ਕੇ ਦੇਖ ਰਹੇ ਸਨ, ਹਰਮਿੰਦਰ ਨੇ ਜਾ ਕੇ ਦੋਵਾ ਨੂੰ ਕੱਠਿਆ ਨੂੰ ਬਾਹਾ ਵਿੱਚ ਲੈ ਲਿਆ ਤੇ ਇਵੇ ਹੀ ਕਰਤਾਰ ਤੇ ਸਰਪੰਚ, ਹੁਣ ਕਿਸੇ ਨੂੰ ਇਹ ਪਤਾ ਨਹੀ ਸੀ ਲੱਗ ਰਿਹਾ ਕਿ ਕਿਸਨੇ ਕਿਸਨੂੰ ਜੱਫੀ ਪਾਈ ਹੋਈ ਆ, ਐਸਾ ਦਰਿਸ਼ ਸ਼ਾਇਦ ਕਿਸੇ ਫਿਲਮ ਵਿੱਚ ਵੀ ਨਾ ਫਿਲਮਾਇਆ ਜਾ ਸਕੇ, ਇਹ ਹੰਝੂ ਜੋ ਗਿਰ ਰਹੇ ਸਨ ਇਨਾ ਨੂੰ ਗਿਰਾਉਣ ਲਈ ਕਿਸੇ ਗਲਿਸਰੀਨ ਦੀ ਵਰਤੋ ਨਹੀ ਸੀ ਕੀਤੀ ਜਾ ਰਹੀ, ਇਹ ਸ਼ੁੱਧ ਮੋਤੀ ਸਨ, ਤਿੰਨ ਚਾਰ ਮਿੰਟ ਉਹ ਸਭ ਏਸੇ ਅਵਸਥਾ ਵਿੱਚ ਰਹੇ, ਹੁਣ ਦੀਪੀ ਨੂੰ ਯਕੀਨ ਹੋ ਰਿਹਾ ਸੀ ਕਿ ਚੰਨ ਬੱਦਲੀ ਉਹਲਿਓ ਮੁੜ ਆਇਆ ਸੀ,
ਥੋੜੀ ਦੇਰ ਬਾਅਦ ਉਹ ਆਹਮੋ ਸਾਹਮਣੇ ਬੈਠੇ ਸਨ, ਲਗਦਾ ਸੀ ਰੱਬ ਨੇ ਖੁਦ ਵਿੱਚ ਪੈ ਕੇ ਜਰਮਨ ਐਮਬੈਸੀ ਰਾਹੀ ਪਰੇਮ ਦੀ ਜਿੱਤ ਕਰਵਾਈ ਸੀ "ਮਿਸਟਰ ਕਰਤਾਰ, ਇਹ ਰਿਹਾ ਤੁਹਾਡਾ ਮਿਸਟਰ ਦਵਿੰਦਰ"।
ਗੋਰਾ ਇਹ ਮਿਲਾਪ ਕਰਾ ਕੇ ਖੁਦ ਵੀ ਖੁਸ਼ ਹੋ ਰਿਹਾ ਸੀ।
ਹੁਣ ਸਾਰਿਆ ਨੂੰ ਹੋਸ਼ ਆਈ ਕਿ ਇਸੇ ਬੰਦੇ ਦੀ ਕਮਾਲ ਸੀ ਜੋ ਉਡਦੇ ਜਹਾਜ ਵਿੱਚੋ ਦੇਬੀ ਨੂੰ ਲਾਹ ਲਿਆ ਸੀ, ਉਹ ਸਾਰੇ ਗੋਰੇ ਦਾ ਧੰਨਵਾਦ ਕਰਦੇ ਨਹੀ ਸੀ ਥੱਕਦੇ, ਗੋਰਾ ਅਪਣੇ ਬੰਦਿਆ ਸਮੇਤ ਹੁਣ ਜਾਣਾ ਚਾਹੁੰਦਾ ਸੀ।
"ਮਿਸਟਰ ਦਵਿੰਦਰ, ਸਭ ਠੀਕ ਹੈ ? ਕਿ ਕਿਸੇ ਹੋਰ ਮਦਦ ਦੀ ਲੋੜ ਹੈ ?"
ਉਸ ਨੇ ਹੱਥ ਅੱਗੇ ਵਧਾਉਦੇ ਹੋਏ ਕਿਹਾ।
"ਨਹੀ, ਮਿਸਟਰ ਹੈਰਮਾਨ ਬਹੁਤ ਸ਼ੁਕਰੀਆ, ਹੁਣ ਮੈ ਸਭ ਸਾਭ ਲਵਾਗਾ।"
ਦੇਬੀ ਨੇ ਫਿਰ ਧੰਨਵਾਦ ਕੀਤਾ ਤੇ ਗੋਰਾ ਚਲੇ ਗਿਆ, ਉਹ ਵੀ ਹੁਣ ਏਅਰਪੋਰਟ ਤੋ ਬਾਹਰ ਆ ਰਹੇ ਸਨ, ਦੇਬੀ ਸੰਨ ਵਿੱਚ ਤੇ ਦੋਵੇ ਪਾਸਿਓ ਹਰਮਿੰਦਰ ਤੇ ਦੀਪੀ ਨੇ ਉਸਦਾ ਹੱਥ ਫੜਿਆ ਹੋਇਆ ਸੀ ਜਿਵੇ ਉਨਾ ਨੂੰ ਫੇਰ ਉਸਦੇ ਭੱਜ ਜਾਣ ਦਾ ਖਤਰਾ ਹੋਵੇ, ਉਹ ਏਅਰਪੋਰਟ ਤੋ ਬਾਹਰ ਨਿਕਲੇ ਹੀ ਸਨ ਕਿ ਦੇਬੀ ਨੂੰ ਇੱਕ ਜਾਣਿਆ ਪਹਿਚਾਣਿਆ ਚੇਹਰਾ ਨਜਰ ਆਇਆ …
"ਓ ਜੈਲਿਆ, ਤੂੰ ਇਥੇ ?" ਜਰਨੈਲ ਨੂੰ ਦੇਖ ਕੇ ਦੇਬੀ ਹੈਰਾਨ ਤੇ ਖੁਸ਼ ਹੋ ਗਿਆ, ਇਹ ਜਰਨੈਲ ਸਿੰਘ ਸੀ ਜਿਸਨੂੰ ਦੇਬੀ ਪਿਆਰ ਨਾਲ ਜੈਲਾ ਕਹਿੰਦਾ ਸੀ।
"ਓ ਦੇਬੀ ਯਾਰ, ਮੈਨੂੰ ਤਾ ਲਗਦਾ ਸੀ ਬਈ ਪਿੰਡ ਆ ਕੇ ਈ ਤੇਰੀ ਖਬਰ ਲੈਣੀ ਪੈਣੀ ਆ, ਤੂੰ ਚੰਗਾ ਕਰ ਕੇ ਨਹੀ ਆਇਆ ਸਾਡੇ ਨਾਲ"।
ਜਰਨੈਲ ਦੇਬੀ ਨੂੰ ਦੇਖਦੇ ਹੀ ਆ ਚੁੰਬੜਿਆ ਤੇ ਨਾਲੇ ਸ਼ਿਕਾਇਤ ਕਰਨ ਲੱਗਾ।
"ਜੇ ਮੈ ਤੁਹਾਨੂੰ ਦੱਸਣ ਦੇ ਚੱਕਰ ਵਿੱਚ ਪੈ ਜਾਦਾ ਤਾ ਮੈਨੂੰ ਪੰਜਾਬ ਆਉਣ ਕਿਸ ਨੇ ਦੇਣਾ ਸੀ ?"
ਦੇਬੀ ਅਪਣੇ ਗੂੜੇ ਮਿੱਤਰਾ ਤੋ ਚੋਰੀ ਪੰਜਾਬ ਆਇਆ ਸੀ, ਸਾਰਿਆ ਨੂੰ ਉਸਦੇ ਜਾਣ ਤੋ ਬਾਦ ਬਿੰਦਰ ਨੇ ਦੱਸਿਆ ਸੀ ਕਿ ਵੀਰਾ ਹੁਣ ਲੰਬੇ ਸਮੇ ਲਈ ਇੰਡੀਆ ਚਲੇ ਗਿਆ।
ਦੇਬੀ ਨੇ ਜੈਲੇ ਦੀ ਜਾਣ ਪਛਾਣ ਸਭ ਨਾਲ ਕਰਾਈ ਤੇ ਜੈਲੇ ਨੇ ਦੱਸਿਆ ਕਿ ਉਸਦੀ ਸਿਆਸੀ ਸ਼ਰਨ ਦੀ ਅਰਜੀ ਖਾਰਿਜ ਕਰ ਦਿੱਤੀ ਗਈ ਸੀ ਤੇ ਹੁਣ ਉਹ ਡੀਪੋਰਟ ਹੋ ਕੇ ਵਾਪਿਸ਼ ਆਇਆ ਹੈ ਤੇ ਹੁਣ ਪਿੰਡ ਰਹਿ ਕੇ ਅਪਣਾ ਨਵਾ ਜੀਵਨ ਸ਼ੁਰੂ ਕਰੇਗਾ, ਕੁੱਝ ਦੇਰ ਬਾਅਦ ਉਹ ਏਅਰਪੋਰਟ ਦੇ ਬਾਹਰ ਇੱਕ ਹੋਟਲ ਵਿੱਚ ਬੈਠੇ ਸਨ, ਹੁਣ ਤੱਕ ਸਭ ਦੇ ਪੇਟ ਵਿੱਚ ਚੂਹੇ ਦੌੜ ਰਹੇ ਸਨ, ਖਾਣੇ ਦੀ ਟੇਬਲ ਤੇ ਬੈਠੇ ਉਹ ਸਾਰੇ ਹੁਣ ਖੁਸ਼ ਹੋ ਰਹੇ ਸਨ, ਦੇਬੀ ਨੇ ਦੱਸਿਆ ਕਿ ਉਸਦੀ ਇਮੀਗਰੇਸ਼ਨ ਕਰਵਾ ਕੇ ਜਦੋ ਸੀ ਬੀ ਆਈ ਵਾਲੇ ਉਸ ਨੂੰ ਫਲਾਈਟ ਹੋਣ ਤੋ ਪਹਿਲਾ ਬੈਠਣ ਵਾਲੇ ਵੇਟਿੰਗ ਰੂਮ ਵਿੱਚ ਬਿਠਾ ਰਹੇ ਸਨ ਤਾਂ ਮਿਸਟਰ ਹੈਰਮਾਨ ਏਅਰਪੋਰਟ ਦੇ ਦੋ ਉਚ ਅਧਿਕਾਰੀਆ ਨਾਲ ਉਥੇ ਆ ਗਿਆ, ਜਦੋ ਉਚ ਅਧਿਕਾਰੀਆ ਨੇ ਸਖਤੀ ਨਾਲ ਸੀ ਬੀ ਆਈ ਦੇ ਮੁਲਾਜਮਾ ਨੂੰ ਪੁੱਛਿਆ ਕਿ ਇਸ ਕੇਸ ਦੀ ਫਾਈਲ ਕਿੱਥੇ ਹੈ ਤਾ ਮਾਮਲਾ ਵਿਗੜਦਾ ਦੇਖ ਕੇ ਉਨਾ ਮੰਨ ਲਿਆ ਕਿ ਇਹ ਕਿਸੇ ਸਿਆਸੀ ਬੰਦੇ ਦੇ ਕਹਿਣ ਤੇ ਕੀਤਾ ਗਿਆ ਸੀ, ਦੇਬੀ ਦੇ ਪਾਸਪੋਰਟ ਤੇ ਕੋਈ ਡੀਪੋਰਟੇਸ਼ਨ ਦੀ ਜੋ ਮੋਹਰ ਲੱਗੀ ਸੀ ਉਹ ਨਕਲੀ ਅਤੇ ਬਿਨਾ ਕਿਸੇ ਸਬੂਤ ਦੇ ਸੀ, ਉਚ ਅਧਿਕਾਰੀਆ ਨੇ ਉਸੇ ਵੇਲੇ ਸੀ ਬੀ ਆਈ ਦੇ ਦਫਤਰ ਫੋਨ ਕਰ ਕੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਸੀ ਤੇ ਉਹ ਦੋਵੇ ਮੁਲਾਜਮ ਸਮੇਤ ਰਿਸ਼ਵਤ ਦੇ ਪੈਸਿਆ ਦੇ ਜੋ ਕਿ ਐਮ ਐਲ ਏ ਵੱਲੋ ਮਿਲੇ ਸਨ ਗਰਿਫਤਾਰ ਕਰ ਲਏ ਗਏ ਸਨ ਅਤੇ ਸੀ ਬੀ ਆਈ ਦੇ ਹੀ ਕੁੱਝ ਬੰਦੇ ਐਮ ਐਲ ਏ ਦੀ ਤਲਾਸ਼ ਵੀ ਕਰ ਰਹੇ ਸਨ, ਉਹ ਹਾਲੇ ਕਾਬੂ ਨਹੀ ਸੀ ਆਇਆ।
"ਹੁਣੇ ਤੁਰੀਏ ਪੰਜਾਬ ਨੂੰ ਕਿ ਸਵੇਰੇ ?"
ਕਰਤਾਰ ਨੇ ਦੇਬੀ ਨੂੰ ਪੁੱਛਿਆ।
"ਮਾਮਾ ਜੀ, ਜਾਣਾ ਸਵੇਰੇ ਆ ਪਰ ਮੈ ਨਹੀ, ਤੁਸੀ ਜਾਓਗੇ, ਮੈ ਕੱਲ ਦੀ ਫਲਾਈਟ ਫਰੈਂਕਫਰਟ ਦੀ ਲਵਾਗਾ"।
ਕਹਿ ਕੇ ਧਮਾਕਾ ਕਰ ਦਿੱਤਾ ਦੇਬੀ ਨੇ।
"ਕਿਓ ????" ਸਾਰਿਆ ਦੇ ਮੂੰਹ ਅੱਡੇ ਰਹਿ ਗਏ।
"ਮੇਰੀ ਗੱਲ ਜਰਾ ਧਿਆਨ ਨਾਲ ਸੁਣੋ, ਹੁਣ ਮੈ ਡੀਪੋਰਟ ਨਹੀ ਕੀਤਾ ਜਾ ਰਿਹਾ ਜਿਹੜਾ ਮੁੜ ਕੇ ਨਹੀ ਆ ਸਕਦਾ, ਮੈ ਜੋ ਕੰਮ ਕਰਨ ਆਇਆ ਸੀ ਉਹ ਕਰ ਚੁੱਕਿਆ ਹਾ, ਮੈ ਇਹ ਵੀ ਦੇਖਣਾ ਚਾਹੁੰਦਾ ਹਾ ਕਿ ਜੋ ਪਰੇਮ ਦਾ ਬੀਜ ਮੈ ਨਵੇ ਪਿੰਡ ਬੀਜਿਆ ਸੀ ਕਿ ਉਹ ਮੇਰੇ ਤੋ ਬਿਨਾ ਵਧੇ ਫੁੱਲੇਗਾ ਜਾ ਫਿਰ ਮੈਨੂੰ ਹੀ ਉਸਦਾ ਪਹਿਰੇਦਾਰ ਬਣ ਕੇ ਰਹਿਣਾ ਪਊ, ਅਸੀ ਸਾਰੇ ਇੱਕ ਦੂਜੇ ਦੇ ਏਨਾ ਨੇੜੇ ਹਾ ਕਿ ਹੁਣ ਵੱਖ ਨਹੀ ਹੋ ਸਕਦੇ ਪਰ ਹੁਣ ਮੈ ਜਰਮਨ ਵਾਪਿਸ ਜਾ ਕੇ ਉਥੇ ਵੀ ਕੁੱਝ ਕਰਨਾ ਚਾਹੁੰਦਾ ਹਾ, ਉਥੇ ਵੀ ਪਰੇਮ ਦਾ ਇੱਕ ਬੀਜ ਬੀਜਣਾ ਚਾਹੁੰਦਾ ਹਾ, ਜਰਮਨ ਸਭ ਵਧੀਆ ਰੋਟੀ ਖਾ ਰਹੇ ਆ, ਪਰ ਉਥੇ ਵੀ ਈਰਖਾ ਤੇ ਨਫਰਤ ਰੋਗ ਪੰਜਾਬੀਆ ਦੇ ਦਿਲਾ ਤੇ ਕਬਜਾ ਕਰੀ ਬੈਠਾ, ਮੈ ਉਥੇ ਜਾ ਕੇ ਅਪਣੇ ਪਰਵਾਸੀ ਭੈਣਾ ਤੇ ਭਰਾਵਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ, ਏਨਾ ਦੀ ਵੀ ਬਹੁਤ ਕੁਰਬਾਨੀ ਆ, ਤੁਸੀ ਸਾਰੇ ਇਥੇ ਸਾਝੀਵਾਲ ਦੀ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਦੇ ਰਹਿਣਾ, ਮੈ ਡੀਪੋਰਟ ਹੋ ਕੇ ਵਾਪਿਸ ਨਹੀ ਸੀ ਜਾਣਾ ਚਾਹੁੰਦਾ ਇਸ ਆਫਤ ਤੋ ਸਤਗੁਰ ਨੇ ਬਚਾ ਦਿੱਤਾ ਆ, ਇਸ ਤੋ ਇਲਾਵਾ ਮੈਨੂੰ ਵਾਪਿਸ ਜਾਣ ਦਾ ਹੁਣ ਇੱਕ ਹੋਰ ਕਾਰਨ ਮਿਲ ਗਿਆ ਹੈ"।
ਦੇਬੀ ਵਾਪਿਸ ਜਾਣ ਦਾ ਫੈਸਲਾ ਕਰ ਚੁੱਕਾ ਸੀ।
"ਉਹ ਕੀ ?" ਕਰਤਾਰ ਨੇ ਪੁੱਛਿਆ।
"ਮੇਰੀ ਥਾ ਜੈਲਾ ਸਾਝੀਵਾਲ ਦੀ ਅਗਵਾਹੀ ਕਰੇਗਾ, ਜੈਲੇ ਦੇ ਦਿਲ ਵਿੱਚ ਵੀ ਮਨੁੱਖਤਾ ਲਈ ਅਥਾਹ ਪਰੇਮ ਆ, ਸਾਝੀਵਾਲ ਦੀ ਅਗਵਾਹੀ ਕਰਨ ਦੀ ਇਕੋ ਸ਼ਰਤ ਹੈ, ਦੂਜਿਆ ਲਈ ਪਰੇਮ, ਮੇਰੀ ਨਜਰ ਵਿੱਚ ਜੈਲੇ ਕੋਲ ਇਹ ਜਜਬਾਤ ਮੌਜੂਦ ਹਨ, ਦੋ ਸਾਲ ਪਹਿਲਾਂ ਜਰਮਨ ਵਿੱਚ ਅਸੀ ਦੋਵੇ ਉਥੋ ਦੀ ਇੱਕ ਸਮਾਜ ਸੁਧਾਰ ਸੰਸਥਾ ਦੇ ਮੈਬਰ ਹੁੰਦੇ ਸੀ ਤੇ ਜੈਲੇ ਦੀ ਲੋਕ ਸੇਵਾ ਦੀ ਭਾਵਨਾ ਅਤੇ ਲਗਨ ਮੈ ਉਸ ਵੇਲੇ ਦੇਖੀ ਸੀ ਇਹਦੇ ਨਾਲ ਯਾਰੀ ਦਾ ਮੁੱਖ ਕਾਰਨ ਵੀ ਇਸਦੀ ਲੋਕ ਸੇਵਾ ਹੀ ਸੀ ਨਾਲੇ ਇਸਨੂੰ ਨਵੀ ਜਿੰਦਗੀ ਸ਼ੁਰੂ ਕਰਨ ਲਈ ਬਹੁਤੀ ਜੱਦੋਜਹਿਦ ਨਹੀ ਕਰਨੀ ਪਵੇਗੀ ਅਤੇ ਸਾਝੀਵਾਲ ਦਾ ਇੱਕ ਮੈਬਰ ਘੱਟ ਨਹੀ ਹੋਵੇਗਾ"।
ਦੇਬੀ ਨੇ ਅਪਣਾ ਪਲੈਨ ਦੱਸਿਆ।
"ਜੈਲਾ ਵੀਰ ਅਪਣੀ ਥਾ ਹੈ ਤੇ ਤੁਸੀ ਅਪਣੀ ਥਾਂ, ਕੀ ਸਾਰੇ ਪਿੰਡ ਵਾਲਿਆ ਨਾਲ ਇਹ ਧੋਖਾ ਨਹੀ ਹੋਵੇਗਾ, ਤੁਸੀ ਕੁੱਝ ਤਾ ਸੋਚੋ ?"
ਦੀਪੀ ਲਈ ਇਹ ਇੱਕ ਹੋਰ ਨਵੀ ਆਫਤ ਆ ਖੜੀ ਹੋਈ ਸੀ।
"ਇਹੀ ਤਾ ਮੇਰੀ ਮੁਸ਼ਕਿਲ ਆ ਕਿ ਮੈ ਸੋਚਦਾ ਨਹੀ, ਜੇ ਮੇਰੇ ਦਿਲ ਨੇ ਹੁਣ ਵਾਪਿਸ ਜਾਣ ਦਾ ਫੈਸਲਾ ਲੈ ਲਿਆ ਹੈ ਤਾ ਹੁਣ ਇਸਤੇ ਅਮਲ ਹੋਣਾ ਜਰੂਰੀ ਹੈ, ਪਿੰਡ ਵਾਲਿਆ ਨਾਲ ਕੋਈ ਧੋਖਾ ਨਹੀ, ਉਨਾ ਕੋਲੋ ਕੁੱਝ ਮੈ ਖੋਹ ਕੇ ਨਹੀ ਲੈ ਜਾ ਰਿਹਾ, ਮੈਨੂੰ ਪਤਾ ਬਈ ਮੇਰੇ ਹੁੰਦਿਆ ਉਹ ਕੁੱਝ ਅਵੇਸਲੇ ਰਹਿੰਦੇ ਆ, ਮੇਰੇ ਤੋ ਬਾਅਦ ਕੁੱਝ ਸਾਵਧਾਨ ਰਹਿਣਗੇ ਅਤੇ ਮੇਰੀ ਮੌਜੂਦਗੀ ਐਮ ਐਲ ਏ ਵਰਗਿਆ ਲਈ ਅੱਖ ਦੀ ਰੜਕ ਹੈ, ਮੈ ਕੁੱਝ ਦੇਰ ਜਰਮਨ ਰਹਿ ਕੇ ਇੱਕ ਵਾਰ ਸ਼ਾਤੀ ਬਹਾਲ ਕਰਨੀ ਚਾਹੁੰਦਾ ਹਾ, ਤੁਸੀ ਇਹ ਵੀ ਸਮਝ ਸਕਦੇ ਹੋ ਕਿ ਮੈ ਥੱਕ ਗਿਆ ਹਾ ਤੇ ਕੁੱਝ ਅਰਾਮ ਕਰਨਾ ਚਾਹੁੰਦਾ ਹਾਂ"।
ਦੇਬੀ ਨੂੰ ਪਤਾ ਸੀ ਕਿ ਹੁਣ ਉਹ ਪਿੰਡ ਨਹੀ ਜਾਵੇਗਾ।
"ਭੂਆ ਦਾ ਕੀ ਬਣੇਗਾ ?"
ਦੀਪੀ ਨੇ ਇੱਕ ਹੋਰ ਕੋਸ਼ਿਸ਼ ਕੀਤੀ।
"ਭੂਆ ਦਾ ਖਿਆਲ ਤੁਸੀ ਸਾਰੇ ਰੱਖੋਗੇ, ਹੁਣ ਉਹ ਇਕੱਲੀ ਨਹੀ, ਜੈਲਾ ਹੈ, ਸਾਰਾ ਪਿੰਡ ਹੈ, ਮੈ ਜਲਦੀ ਹੀ ਫੇਰਾ ਪਾਵਾਗਾ"।
ਦੇਬੀ ਸਿਰਫ ਇੱਕ ਭੂਆ ਦਾ ਖਿਆਲ ਰੱਖਣ ਕਾਰਨ ਪਿੰਡ ਨਹੀ ਸੀ ਰਹਿ ਸਕਦਾ, ਉਸਦੀ ਨਜਰ ਅੱਗੇ ਪਤਾ ਨਹੀ ਹੋਰ ਕਿੰਨੀਆ ਕੁ ਭੂਆ ਘੁੰਮ ਰਹੀਆ ਸਨ।
"ਕਾਕਾ ਜੀ, ਤੁਹਾਡਾ ਇਹ ਫੈਸਲਾ ਮੇਰੀ ਸਮਝ ਤਾ ਨਹੀ ਆਇਆ, ਪਰ ਜੇ ਤੁਸੀ ਇਸ ਤਰਾ ਕਰਨਾ ਈ ਆ ਤਾ ਇੱਕ ਬੇਨਤੀ ਆ ਕਿ ਜਦ ਤੱਕ ਸਾਝੀਵਾਲ ਮਜਬੂਤ ਨਹੀ ਹੋ ਜਾਦਾ ਉਨੀ ਦੇਰ ਚਿੱਠੀ ਪੱਤਰ ਰਾਹੀ ਸਬੰਧ ਬਣਾਈ ਰੱਖਣੇ ਤੇ ਲੋੜ ਪੈਣ ਤੇ ਵਾਪਿਸ ਆਉਣ ਦੀ ਖੇਚਲ ਵੀ ਕਰਨੀ"। ਸਰਪੰਚ ਨੇ ਕਿਹਾ, ਉਹ ਸਮਝ ਗਿਆ ਸੀ ਕਿ ਦੇਬੀ ਹੁਣ ਰੁਕਣ ਵਾਲਾ ਨਹੀ।
"ਕੀ ਜੇ ਮੈ ਤਹਾਡਾ ਕੁੱਝ ਖੋਹਿਆ ਹੋਇਆ ਵਾਪਿਸ ਕਰ ਦਿਆ ਤਾ ਫੇਰ ਪਿੰਡ ਰੁਕ ਸਕਦੇ ਓ ?" ਹਰਮਿੰਦਰ ਵਿੱਚੋ ਹੀ ਕੱਟ ਕੇ ਕਹਿਣ ਲੱਗਾ, ਉਹ ਹਰ ਕੁਰਬਾਨੀ ਲਈ ਤਿਆਰ ਸੀ।
"ਤੁਸੀ ਮੇਰੇ ਕੋਲੋ ਕੁੱਝ ਵੀ ਨਹੀ ਖੋਹਿਆ, ਜੋ ਕੁੱਝ ਤੁਹਾਡੇ ਕੋਲ ਹੈ ਉਹ ਹੈ ਈ ਤੁਹਾਡਾ ਸੀ, ਮੈ ਸਤਗੁਰ ਦੇ ਹਰ ਭਾਣੇ ਨੂੰ ਮੰਨ ਚੁੱਕਾ ਹਾ ਤੇ ਕੋਈ ਸ਼ਿਕਾਇਤ ਨਹੀ ਕਰਦਾ, ਮੇਰੀ ਗੈਰਹਾਜਰੀ ਵਿੱਚ ਤੁਹਾਡੇ ਰੂਪ ਵਿੱਚ ਸਾਝੀਵਾਲ ਕੋਲ ਇੱਕ ਮਜਬੂਤ ਸਹਾਰਾ ਹੋਰ ਹੋ ਗਿਆ, ਮੈ ਜਿੰਨੀ ਪੂੰਜੀ ਪਿੰਡ ਲੈ ਕੇ ਆਇਆ ਸੀ ਉਸ ਤੋ ਹਜਾਰਾ ਗੁਣਾ ਵੱਧ ਲੈ ਕੇ ਜਾ ਰਿਹਾ, ਮੈ ਇਹੀ ਚਾਹੁੰਦਾ ਹਾ ਕਿ ਤੁਸੀ ਮੇਰੇ ਕਾਰਣ ਕਮਜੋਰ ਨਾ ਹੋਵੋ, ਮੈ ਹਰ ਪਲ ਨਵੇ ਪਿੰਡ ਦੇ ਨੇੜੇ ਤੇੜੇ ਹੀ ਰਹਿਣਾ ਆ ਹੁਣ ਤੁਸੀ ਵੀ ਮੈਨੂੰ ਇਜਾਜਤ ਦੇਵੋ ਤੇ ਅੱਜ ਕੋਈ ਹੰਝੂ ਮੈ ਨਹੀ ਦੇਖਣਾ ਚਾਹੁੰਦਾ।"
ਦੇਬੀ ਦਾ ਫੈਸਲਾ ਅਟੱਲ ਸੀ।
"ਮੈ ਤੁਹਾਡੇ ਨਾਲ ਜਰਮਨ ਜਿੰਨਾ ਕੁ ਸਮਾ ਬਿਤਾਇਆ, ਉਸ ਸਮੇ ਵਿੱਚ ਤੁਹਾਡੇ ਇਨਾ ਅਚਾਕਨ ਫੈਸਲਿਆ ਨੂੰ ਮੈ ਕਦੇ ਸਮਝ ਨਹੀ ਸੀ ਸਕਿਆ ਪਰ ਹੁਣ ਲਗਦਾ ਕਿ ਤੁਸੀ ਫੈਸਲੇ ਆਪ ਲੈਦੇ ਹੀ ਨਹੀ, ਕੋਈ ਹੋਰ ਸ਼ਕਤੀ ਹੈ ਜੋ ਤੁਹਾਨੂੰ ਚਲਾ ਰਹੀ ਆ, ਮੈ ਸਭ ਸਮਝ ਗਿਆ, ਘਰ ਜਾਣ ਦੀ ਬਜਾਏ ਮੈ ਪਹਿਲਾ ਸਾਝੀਵਾਲ ਦੇ ਦਰਸ਼ਨ ਕਰਾਗਾ ਅਤੇ ਨਵੇ ਪਿੰਡ ਨੂੰ ਕਹਾਗਾ ਕਿ ਮੈ ਦੇਬੀ ਦਾ ਬਦਲ ਨਹੀ ਪਰ ਸਾਝੀਵਾਲ ਤੇ ਕੋਈ ਔਕੜ ਨਹੀ ਆਉਣ ਦਿਆਗਾ, ਸਾਝੀਵਾਲ ਤੋ ਤੁਸੀ ਬੇਫਿਕਰ ਰਹੋ ਤੇ ਕਿਤੇ ਹੋਰ ਜਾ ਕੇ ਪਰੇਮ ਨੂੰ ਵੰਡੋ, ਵਾਕਿਆ ਹੀ ਪਰੇਮ ਨੂੰ ਇੱਕ ਥਾ ਕੈਦ ਕਰ ਕੇ ਰੱਖਣਾ ਇਨਸਾਫ ਨਹੀ"।
ਜੈਲਾ ਕਾਫੀ ਦੇਰ ਚੁੱਪ ਰਹਿਣ ਬਾਅਦ ਬੋਲਿਆ, ਜੈਲਾ ਬਹੁਤ ਸਾਵਧਾਨੀ ਵਰਤਣ ਵਾਲਾ ਮੁੰਡਾ ਸੀ, ਉਹ ਦੇਬੀ ਵਾਂਗ ਤੇਜ ਭਾਵੇ ਨਹੀ ਸੀ ਪਰ ਪਿੱਠ ਦਿਖਾਉਣ ਵਾਲਾ ਵੀ ਨਹੀ ਸੀ, ਹੈ ਉਹ ਇਸੇ ਰਾਹ ਦਾ ਹੀ ਰਾਹੀ ਸੀ ਪਰ ਖੁਦ ਇਸ ਰਾਹ ਨੂੰ ਬਣਾਉਣ ਦੀ ਹਾਲੇ ਹਿੰਮਤ ਨਹੀ ਸੀ ਰੱਖਦਾ, ਲੇਕਿਨ ਦੇਬੀ ਵੱਲੋ ਬਣਾਏ ਇਸ ਸਾਝੀਵਾਲ ਰਾਹ ਤੇ ਚੱਲਣ ਲਈ ਉਹ ਹਰ ਯੋਗਤਾ ਰੱਖਦਾ ਸੀ।
"ਖੁਸ਼ ਕੀਤਾ ਈ ਜੈਲਿਆ"।
ਦੇਬੀ ਨੇ ਜੈਲੇ ਨੂੰ ਜੱਫੀ ਪਾ ਲਈ।
"ਪੁੱਤਰਾ ਜੇ ਤੇਰਾ ਇਹੀ ਫੈਸਲਾ ਆ ਤਾ ਮੈ ਵੀ ਤੈਨੂੰ ਯਕੀਨ ਦਿਵਾਉਦਾ ਆ ਕਿ ਹੁਣ ਸਾਝੀਵਾਲ ਤੇ ਆਉਣ ਵਾਲੀ ਹਰ ਆਫਤ ਨੂੰ ਪਹਿਲਾ ਮੇਰੇ ਨਾਲ ਸਾਹਮਣਾ ਕਰਨਾ ਪਵੇਗਾ, ਤੂੰ ਨਿਧੜਕ ਹੋ ਕੇ ਵਾਪਿਸ ਜਾ ਤੇ ਕੁੱਝ ਅਰਾਮ ਕਰ, ਮੈਨੂੰ ਪਤਾ, ਸਾਡੇ ਪਰੇਮ ਨੇ ਤੈਨੂੰ ਉਥੇ ਟਿਕਣ ਨਹੀ ਦੇਣਾ, ਜਿਵੇ ਅਚਾਨਕ ਜਾ ਰਿਹਾ ਹੈ ਇਵੇ ਹੀ ਅਚਾਂਨਕ ਕਿਸੇ ਦਿਨ ਨਵੇ ਪਿੰਡ ਖੜਾ ਹੋਵੇਗਾ"।
ਕਰਤਾਰ ਸਿੰਘ ਭਾਣਜੇ ਦੀ ਕਮਜੋਰੀ ਪਕੜ ਚੁੱਕਾ ਸੀ।
"ਹੁਣ ਸਿਰਫ ਦੀਪੋ ਤੇ ਹਰਮਿੰਦਰ ਰਹਿ ਗਏ, ਬਾਕੀ ਤਾਂ ਮੇਰੀਆ ਵੋਟਾ ਆ, ਤੁਸੀ ਦੱਸੋ ਹੁਣ ਸਰਬਸੰਮਤੀ ਕਰਨੀ ਆ ਕਿ ਜਮਾਨਤ ਜਬਤ ਕਰਾਉਣੀ ਆ ?"
ਦੇਬੀ ਨੇ ਉਨਾ ਦੋਵਾ ਵੱਲ ਦੇਖ ਕੇ ਕਿਹਾ। ਉਹ ਦੋਵੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ।
"ਇਕ ਸ਼ਰਤ ਤੇ, ਅਸੀ ਦੋਵੇ ਜਦੋ ਵੀ ਚਾਹੀਏ ਤੁਹਾਨੂੰ ਮਿਲਣ ਆ ਸਕੀਏ"।
ਹਰਮਿੰਦਰ ਵੀ ਹੁਣ ਬਹੁਤਾ ਖਹਿੜਾ ਨਹੀ ਸੀ ਕਰਨਾ ਚਾਹੁੰਦਾ, ਉਸ ਨੇ ਦੀਪੀ ਵੱਲ ਦੇਖਿਆ, ਦੀਪੀ ਵੀ ਮਨ ਹੀ ਮਨ ਅਪਣੀ ਕਮਜੋਰੀ ਤੇ ਜਿੱਤ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਸੋਚ ਰਹੀ ਸੀ ਕਿ ਜੇ ਉਹ ਸੱਚੀ ਹੀ ਡੀਪੋਰਟ ਹੋ ਜਾਦਾ ਤਾ ਵੀ ਜਰਨਾ ਸੀ, ਹੁਣ ਤਾ ਚੰਨ ਥੋੜੀ ਦੇਰ ਲਈ ਬੱਦਲਾ ਉਹਲੇ ਹੋ ਰਿਹਾ, ਵੈਸੇ ਵੀ ਹੁਣ ਦੇਬੀ ਉਹਦੇ ਲਈ ਪਰੇਮੀ ਘੱਟ ਤੇ ਦੋਸਤ ਜਿਆਦਾ ਸੀ, ਹਰਮਿੰਦਰ ਦੇ ਪਰੇਮ ਨੇ ਪੁਰਾਣੇ ਜਖਮ ਬਹੁਤ ਹੱਦ ਤੱਕ ਭਰ ਦਿੱਤੇ ਸਨ, ਮਹਿਬੂਬ ਜੋਗੀ ਨੂੰ ਰੋਕਣਾ ਹੁਣ ਠੀਕ ਨਹੀ ਹੋਵੇਗਾ, ਜੋਗੀ ਦਾ ਇਕੱਲੇ ਰਹਿਣਾ ਦੀਪੀ ਨੂੰ ਵੈਸੇ ਵੀ ਖਟਕਦਾ ਸੀ, ਸ਼ਾਇਦ ਹੁਣ ਉਹ ਜਰਮਨ ਵਿੱਚ ਕਿਸੇ ਜੋਗਣ ਨੂੰ ਮਿਲਣ ਹੀ ਜਾ ਰਿਹਾ ਹੋਵੇ ? ਹਾ, ਇਹੀ ਹੋ ਸਕਦਾ, ਬਿਲਕੁਲ ਜਿਵੇ ਪਰੇਮ ਦੇ ਹੱਥੋ ਮਜਬੂਰ ਉਹ ਪੰਜਾਬ ਆ ਗਿਆ ਸੀ ਇਵੇ ਹੀ ਕੋਈ ਉਸ ਨੂੰ ਜਰਮਨ ਵੱਲ ਖਿੱਚ ਰਿਹਾ, ਜੋਗੀ ਨੂੰ ਰੋਕਣਾ ਠੀਕ ਨਹੀ ਹੋਵੇਗਾ, ਵਾਗਾਂ ਢਿੱਲੀਆ ਛੱਡ ਦਿੱਤੀਆ ਜਾਣੀਆ ਚਾਹੀਦੀਆ ਹਨ, ਜੋਗੀ ਕੈਦ ਨਹੀ ਰਹਿ ਸਕਦਾ, ਜੋਗੀ ਦਾ ਉਡਦੇ ਰਹਿਣਾ ਹੀ ਠੀਕ ਹੈ, ਦਿਲ ਵਿੱਚ ਤਾ ਸਦਾ ਰਹੇਗਾ ਹੀ … ।।
"ਅਸੀ ਦੋਵੇ ਸਾਝੀਵਾਲ ਲਈ ਅਪਣਾ ਸਭ ਕੁੱਝ ਦਾਅ ਤੇ ਲਾ ਦਿਆਗੇ, ਤੁਸੀ ਵੀ ਜਰਮਨ ਤੋ ਜਲਦੀ ਕੋਈ ਚੰਗੀ ਖਬਰ ਭੇਜਿਓ, ਸਾਡੀ ਚਿੰਤਾ ਨਹੀ ਕਰਨੀ"।
ਦੀਪੀ ਦੇ ਇਹ ਬੋਲ ਦੇਬੀ ਨੂੰ ਏਨਾ ਹੌਸਲਾ ਦੇ ਗਏ ਸਨ ਕਿ ਹੁਣ ਕੋਈ ਸੰਤਾਪ ਨਹੀ ਸੀ ਰਹਿ ਗਿਆ, ਪਰੇਮ ਦੀ ਜਿੱਤ ਹਰ ਤਰਾ ਹੋ ਚੁੱਕੀ ਸੀ, ਉਸ ਨੇ ਦੀਪੀ ਨੂੰ ਗਵਾਇਆ ਨਹੀ ਸੀ, ਸਗੋ ਹਰਮਿੰਦਰ ਵਰਗਾ ਪਰੇਮ ਦਾ ਸਾਗਰ ਇੱਕ ਦੋਸਤ ਦੇ ਰੂਪ ਵਿੱਚ ਮਿਲ ਗਿਆ ਸੀ।
"ਬਾਈ ਇੱਕ ਗੱਲ ਮੈ ਕਹਿਣੀ ਚਾਹੁੰਦਾ ਤੇ ਉਹ ਵੀ ਸਭ ਦੀ ਹਾਜਰੀ ਵਿੱਚ, ਜੇ ਤੂੰ ਦੀਪੀ ਨੂੰ ਪਰੇਮ ਦਾ ਪਾਠ ਨਾ ਪੜਾਇਆ ਹੁੰਦਾ ਤੇ ਦੀਪੀ ਮੇਰੇ ਜੀਵਨ ਵਿੱਚ ਇਸ ਪਰੇਮ ਤੋ ਬਿਨਾ ਆਈ ਹੁੰਦੀ ਤਾ ਸਾਡਾ ਜੀਵਨ ਅੱਜ ਵਾਗੂੰ ਸਵਰਗ ਨਹੀ ਸੀ ਹੋਣਾ, ਇਹ ਤੇਰੇ ਤੰਦਰੁਸਤ ਪਰੇਮ ਦੀ ਮਿਹਰਬਾਨੀ ਆ, ਸਲਾਮ ਹੈ ਇਸ ਪਰੇਮ ਨੂੰ"।
ਹਰਮਿੰਦਰ ਨੇ ਸਭ ਦੀ ਹਾਜਰੀ ਵਿੱਚ ਬੇਝਿਝਕ ਹੋ ਕੇ ਜਦ ਇਹ ਗੱਲ ਕਹੀ ਤਾਂ ਦੇਬੀ ਪਲ ਵਿੱਚ ਹੀ ਸਮਝ ਗਿਆ ਸੀ ਕਿ ਪਰੇਮ ਦੀ ਭਾਵੇ ਕਿੱਲਤ ਹੈ ਪਰ ਬਹੁਤ ਬੈਠੇ ਹਨ ਪਰੇਮ ਦੇ ਵਣਜਾਰੇ, ਇਨਾ ਵਣਜਾਰਿਆ ਦੇ ਸਿਰ ਤੇ ਹੀ ਸ਼ਾਇਦ ਧਰਤੀ ਏਨੀ ਨਫਰਤ ਦਾ ਬੋਝ ਉਠਾਈ ਜਾ ਰਹੀ ਆ।
"ਤੇਰੇ ਜਿੰਨਾ ਪਰੇਮ ਨੂੰ ਸਮਝਣ ਵਾਲਾ ਵੀ ਮੈਨੂੰ ਪਹਿਲੀ ਵਾਰ ਮਿਲਿਆ ਤੇ ਸਰਪੰਚ ਸਾਹਿਬ ਵਰਗੇ ਹਿੰਮਤੀ ਬੰਦੇ ਬਹੁਤ ਵਿਰਲੇ ਆ, ਤੁਹਾਡੇ ਦੋਵਾ ਤੋ ਬਿਨਾ ਮੈ ਟੁੱਟ ਸਕਦਾ ਸੀ, ਤੁਹਾਡੀ ਕੀਤੀ ਮਦਦ ਸਦਾ ਯਾਦ ਰਹੇਗੀ, ਤੇ ਹੁਣ ਇਸ ਤੋ ਪਹਿਲਾ ਕਿ ਮੇਰੀਆ ਅੱਖਾ ਵਿੱਚ ਹੰਝੂ ਆਉਣ ਮੈਨੂੰ ਵਿਦਾ ਕਰ ਦਿਓ"।
ਦੇਬੀ ਹਰਮਿੰਦਰ ਤੇ ਸਰਪੰਚ ਦਾ ਜਿੰਨਾ ਵੀ ਧੰਨਵਾਦ ਕਰਦਾ ਉਨਾ ਹੀ ਥੋੜਾ ਸੀ।
"ਤੂੰ ਹੁਣ ਕਿੱਥੇ ਜਾਣਾ, ਸਵੇਰੇ ਜਾਈ ਪੁੱਤਰ"।
ਕਰਤਾਰ ਨੂੰ ਦੇਬੀ ਦੇ ਹੁਣੇ ਜਾਣ ਦੀ ਗੱਲ ਸਮਝ ਨਹੀ ਸੀ ਆਈ।
"ਮਾਮਾ ਜੀ, ਮੇਰੀ ਸਵੇਰ ਹਰ ਪਲ ਹੁੰਦੀ ਆ, ਪਤਾ ਨਹੀ ਮੈ ਏਨਾ ਕਾਹਲਾ ਕਿਓ ਆ, ਮੈ ਖੁਦ ਵੀ ਚਾਹੁੰਦਾ ਹਾ ਕਿ ਜਰਾ ਧੀਰਜ ਰੱਖਾਂ ਪਰ ਗੱਲ ਬਣਦੀ ਨਹੀ, ਹੁਣ ਏਅਰਪੋਰਟ ਤੇ ਜਿਹੜੀ ਵੀ ਟਿਕਟ ਮਿਲੀ ਲੈ ਕੇ ਉਡਾਰੀ ਮਾਰ ਜਾਣੀ ਆ, ਕਿਧਰੇ ਫੇਰ ਕਮਜੋਰ ਨਾ ਪੈ ਜਾਵਾ"।
ਦੇਬੀ ਨੇ ਕਿਹਾ ਤੇ ਨਾਲ ਹੀ ਹਰਮਿੰਦਰ ਤੇ ਦੀਪੀ ਨੂੰ ਦੋਵਾ ਨੂੰ ਕੱਠਿਆ ਹੀ ਜੱਫੀ ਪਾ ਲਈ, ਕਿੰਨੀ ਦੇਰ ਉਹ ਏਦਾ ਹੀ ਖੜੇ ਰਹੇ, ਫਿਰ ਸਰਪੰਚ ਸਾਹਿਬ ਤੇ ਕਰਤਾਰ ਦੇ ਪੈਰੀ ਹੱਥ ਲਾਇਆ, ਦੋਵਾ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਸਰਪੰਚ ਨੂੰ ਦੇਬੀ ਦਲੀਪ ਤੋ ਘੱਟ ਪਿਆਰਾ ਨਹੀ ਸੀ।
"ਜੈਲਿਆ, ਨਵੇ ਪਿੰਡ ਨੂੰ ਮੇਰੀ ਕਮੀ ਮਹਿਸੂਸ ਨਾ ਹੋਵੇ ਤੇ ਪਰੀਤੀ ਤੇ ਪੰਮੀ ਨੂੰ ਕਹੀ ਬਈ ਉਨਾ ਨੂੰ ਜਲਦੀ ਚਿੱਠੀ ਲਿਖਾਗਾ"।
ਦੇਬੀ ਨੇ ਪੁਰਾਣੇ ਦੋਸਤ ਨੂੰ ਜੱਫੀ ਪਾਉਦਿਆ ਕਿਹਾ।
"ਸਾਰੇ ਫਿਕਰ ਏਅਰਪੋਰਟ ਤੇ ਛੱਡ ਕੇ ਜਾਈ ਯਾਰਾ"।
ਜੈਲਾ ਹੁਣ ਦੇਬੀ ਦਾ ਰੂਪ ਧਾਰਨ ਕਰਨ ਦੀ ਤਿਆਰੀ ਕਰ ਰਿਹਾ ਸੀ।
ਤੇ ਹੁਣ ਜੋਗੀ ਅਪਣਾ ਛੋਟਾ ਜਿਹਾ ਬੈਗ ਹੱਥ ਵਿੱਚ ਫੜੀ ਹੋਟਲ ਤੋ ਬਾਹਰ ਵੱਲ ਜਾ ਰਿਹਾ ਸੀ, ਉਸ ਨੂੰ ਵਿਦਾ ਕਰਨ ਵਾਲੇ ਅਪਣੇ ਆਪ ਨੂੰ ਕਮਜੋਰ ਹੋਣ ਤੋ ਰੋਕ ਰਹੇ ਸਨ, ਕੋਈ ਹੰਝੂ ਨਹੀ ਸੀ ਵਹਿ ਰਿਹਾ, ਦਰਵਾਜੇ ਵਿੱਚ ਖੜ ਕੇ ਦੇਬੀ ਇੱਕ ਵਾਰ ਫੇਰ ਘੁੰਮਿਆ, ਸਾਰਿਆ ਦੇ ਚਿਹਰਿਆ ਤੇ ਇੱਕ ਨਜਰ ਫੇਰਨ ਤੋ ਬਾਅਦ ਇੱਕ ਆਖਰੀ ਮੁਸਕਰਾਹਟ ਭੇਜਦਾ ਹੋਇਆ ਬੂਹਿਓ ਬਾਹਰ ਹੋ ਗਿਆ, ਹੁਣ ਉਹ ਬਾਹਰ ਆ ਕੇ ਇੱਕ ਟੈਕਸੀ ਲੇ ਕੇ ਏਅਰਪੋਰਟ ਵੱਲ ਜਾ ਰਿਹਾ ਸੀ, ਮਿਸਟਰ ਹੈਰਮਾਨ ਨੇ ਸਾਰਾ ਜੀਵਨ ਹੀ ਬਦਲ ਦਿੱਤਾ ਸੀ, ਹੁਣ ਉਹ ਕਿਸੇ ਅਜਾਦ ਪੰਛੀ ਵਾਂਗ ਅਸਮਾਨ ਵਿੱਚ ਤੈਰ ਰਿਹਾ ਸੀ, ਏਨੇ ਪਰੇਮ ਨਾਲ ਸਰੋਬਾਰ ਹੋ ਕੇ ਕੋਈ ਵਿਰਲਾ ਹੀ ਫਲਾਈਟ ਕਰਦਾ, ਏਅਰਪੋਰਟ ਤੇ ਜਾ ਕੇ ਲਾਸਟ ਮਿੰਟ ਵਾਲੀ ਇੱਕ ਟਿਕਟ ਖਰੀਦ ਕੇ ਜਦੋ ਦੂਜੀ ਸਵੇਰ ਉਹ ਲੁਫਥਾਸਾ ਦੇ ਬੋਇੰਗ ਸੱਤ ਸੌ ਸੰਤਾਲੀ ਦੀ ਸ਼ੀਸ਼ੇ ਵਾਲੀ ਸੀਟ ਤੇ ਬੈਠ ਕੇ ਫਰੈਕਫਰਟ ਨੂੰ ਵਾਪਿਸ ਉਡ ਰਿਹਾ ਸੀ ਤਾ ਪਲੇਨ ਹੁਣ ਪੰਜਾਬ ਦੇ ਉਪਰ ਦੀ ਉਡ ਰਿਹਾ ਸੀ, ਦੇਬੀ ਨੂੰ ਲਗਦਾ ਸੀ ਕਿ ਹੁਣ ਉਹ ਨਵੇ ਪਿੰਡ ਦੇ ਉਪਰ ਦੀ ਉਡ ਰਿਹਾ ਸੀ, ਉਸ ਨੂੰ ਲੱਗਿਆ ਜਿਵੇ ਸਾਰਾ ਪਿੰਡ ਬਾਹਰ ਖੜਾ ਉਸਦੀ ਰਾਹ ਦੇਖ ਰਿਹਾ, ਪਰੀਤੀ ਚਟਣੀ ਰਗੜ ਰਹੀ ਆ, ਦੀਪੀ ਤੇ ਹਰਮਿੰਦਰ ਦੇ ਨਾਲ ਸਾਰੇ ਸਾਝੀਵਾਲ ਉਸਦੀ ਤਸਵੀਰ ਨੂੰ ਸਲੂਟ ਦੇ ਰਹੇ ਆ, ਹੁਣ ਇਹ ਉਹ ਦੇਬੀ ਨਹੀ ਸੀ ਜਿਹੜਾ ਪਿਛਲੇ ਸਾਲ ਪਹਿਲਾ ਪੰਜਾਬ ਆਇਆ ਸੀ, ਉਹ ਦੇਬੀ ਮਰ ਚੁੱਕਾ ਸੀ ਤੇ ਨਵੇ ਦੇਬੀ ਦਾ ਜਨਮ ਹੋਇਆ ਸੀ। ਜਰਮਨ ਉਸ ਨੂੰ ਅਵਾਜਾ ਮਾਰ ਰਿਹਾ ਸੀ, ਉਥੇ ਬਿੰਦਰ ਤੇ ਕੁਲਦੀਪ ਲਈ ਅੱਜ ਦੀਵਾਲੀ ਹੋਣੀ ਸੀ ਤੇ ਨਵੇ ਪਿੰਡ ਲਈ ਇੱਕ ਉਦਾਸ ਦਿਨ, ਪਰ ਜੋ ਬੀਜ ਉਹ ਨਵੇ ਪਿੰਡ ਵਿੱਚ ਬੀਜ ਗਿਆ ਸੀ ਉਸ ਨੂੰ ਸਿੰਜਣ ਵਾਲੇ ਹੁਣ ਬਹੁਤ ਸਾਝੀਵਾਲ ਜਾਗ ਚੁੱਕੇ ਸਨ, ਦੇਬੀ ਅਪਣੀ ਸੀਟ ਤੇ ਅੱਖਾ ਬੰਦ ਕਰਕੇ ਬੈਠ ਗਿਆ ਸੀ, ਉਸਦੇ ਚੇਹਰੇ ਤੇ ਇੱਕ ਗਹਿਰੀ ਪਰਸੰਨਤਾ ਦਾ ਡੇਰਾ ਸੀ।
ਸਮਾਪਤ