buy antidepressants
buy amitriptyline
17 ਮਾਰਚ, 2010 ਦੀ ਸਵੇਰ ਨੂੰ ਇਸਲਾਮਾਬਾਦ ਰਹਿੰਦੇ ਦੋ ਪੰਜਾਬੀ ਲੇਖਕ ਸਲੀਮ ਪਾਸ਼ਾ ਅਤੇ ਇਤਫਾਕ ਬੱਟ ਸਵੇਰੇ ਨੌਂ ਵਜੇ ਦੇ ਕਰੀਬ ਟੈਕਸੀ ਲੈ ਕੇ ਹੋਟਲ ਅਗੇ ਆ ਗਏ। ਉਹ ਸਫਰ ਲਈ ਪਰੌਠੇ ਵੀ ਪਕਵਾ ਕੇ ਲਿਆਏ ਸਨ ਕਿ ਰਾਹ ਵਿਚ ਜਦੋਂ ਭੁਖ ਲੱਗੀ ਤਾਂ ਖਾ ਲਵਾਂਗੇ। ਉਹ ਕੋਈ ਨਵੀਂ ਟੈਕਸੀ ਲੈ ਕੇ ਆਏ ਸਨ ਅਤੇ ਇਸ ਟੈਕਸੀ ਵਾਲੇ ਨੇ ਵੀ ਇਸਲਾਮਾਬਾਦ ਫਾਈਵ ਸਟਾਰ ਹੋਟਲ ਤੋਂ ਪੰਜਾ ਸਾਹਿਬ (ਹਸਨ ਅਬਦਾਲ) ਤਕ ਆਣ ਜਾਣ ਦੇ ਓਨੇ ਈ ਭਾਵ ਢਾਈ ਹਜ਼ਾਰ ਰੁਪੈ ਹੀ ਲੈਣੇ ਸਨ। ਹੋਟਲ ਵਿਚੋਂ ਕਾਫੀ ਲੇਖਕ ਅਤੇ ਡੈਲੀਗੇਟ ਚੈੱਕ ਇਨ ਕਰ ਕੇ ਜਾ ਚੁਕੇ ਸਨ ਪਰ ਕੁਝ ਅਜੇ ਬਾਕੀ ਸਨ ਜਿਨ੍ਹਾਂ ਦੀਆਂ ਫਲਾਈਟਾਂ ਅਗੇ ਪਿਛੇ ਹੋਣ ਕਾਰਨ ਉਹਨਾਂ ਨੇ ਅੱਜ 17 ਮਾਰਚ ਦੀ ਰਾਤ ਨੂੰ ਇਸ ਹੋਟਲ ਵਿਚ ਠਹਿਰਣਾ ਸੀ ਜਾਂ ਉਹਨਾਂ ਨੇ ਕਿਸੇ ਹੋਰ ਥਾਂ ਸ਼ਿਫਟ ਕਰਨਾ ਸੀ ਜਾਂ ਆਪਣਾ ਇੰਤਜ਼ਾਮ ਕਰਨਾ ਸੀ। ਕਾਨਫਰੰਸ ਵਾਲਿਆਂ ਦੀ ਮਹਿਮਾਨ ਨਿਵਾਜ਼ੀ ਦਾ ਇਹ ਆਖਰੀ ਦਿਨ ਸੀ। ਜਿਨ੍ਹਾਂ ਰਹਿਣਾ ਸੀ, ਉਹਨਾਂ ਆਪਣੇ ਖਰਚ ਤੇ ਰਹਿਣਾ ਸੀ। ਇਹ ਫੈਸਲਾ ਹੋ ਗਿਆ ਸੀ ਕਿ ਜਿਹੜੇ ਲੇਖਕ ਅਜੇ ਹੋਟਲ ਵਿਚ ਹਨ, ਉਹਨਾਂ ਨੂੰ ਬਰੇਕ ਫਾਸਟ ਦਾ ਕੂਪਨ ਇਸ਼ੂ ਕਰ ਦਿਤਾ ਜਾਵੇ। ਇਸ ਲਈ ਮੈਂ,ਅਸ਼ਫਾਕ ਅਤੇ ਕਈ ਹੋਰ ਬਰੇਕਫਾਸਟ ਹਾਲ ਵਿਚ ਇਕਠੇ ਹੋ ਕੇ ਬਰੇਕਫਾਸਟ ਕਰ ਰਹੇ ਸਾਂ ਅਤੇ ਅਲਵਿਦਾ ਹੋਣ ਦੀਆਂ ਗੱਲਾਂ ਵੀ। ਅਸ਼ਫਾਕ ਕਹਿ ਰਿਹਾ ਸੀ ਕਿ ਉਹ ਸਰਵਤ ਦੇ ਘਰੋਂ ਬਾਰਾਂ ਵਜੇ ਲੰਚ ਕਰ ਕੇ ਸਿੱਧਾ ਏਅਰਪੋਰਟ ਨੂੰ ਨਿਕਲ ਜਾਵੇਗਾ ਅਤੇ ਦੋ ਦਿਨ ਕਰਾਚੀ ਰਹਿ ਕੇ ਟਰਾਂਟੋ ਨੂੰ ਮੁੜ ਜਾਵੇਗਾ। ਮੈਂ ਅਸ਼ਫਾਕ ਨੂੰ ਦੱਸ ਦਿਤਾ ਕਿ ਮੈਂ ਸਰਵਤ ਦੇ ਘਰ ਲੰਚ ਤੇ ਨਹੀਂ ਪਹੁੰਚ ਸਕਾਂਗਾ ਪਰ ਮੈਂ ਤੇ ਸਰਵਤ ਸਵੇਰੇ 18 ਮਾਰਚ ਨੂੰ ਦੋ ਦਿਨਾਂ ਲਈ ਗੁਜਰਾਤ ਯੂਨੀਵਰਸਿਟੀ ਜਾ ਰਹੇ ਹਾਂ। ਓਥੋਂ ਮੈਂ 20 ਮਾਰਚ ਦੀ ਸ਼ਾਮ ਨੂੰ ਲਾਹੌਰ ਪਹੁੰਚ ਜਾਵਾਂਗਾ ਜਿਥੇ ਮੇਰੀ ਕਿਤਾਬ ਰੀਲੀਜ਼ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਅਸੀਂ ਕੈਨੇਡਾ ਮਿਲਣ ਦਾ ਵਾਅਦਾ ਕਰ ਕੇ ਬਗਲਗੀਰ ਹੋ ਕੇ ਵਿਛੜੇ ਅਤੇ ਮੈਂ ਅਤੇ ਦੋਵੇਂ ਪਾਕਿਸਤਾਨੀ ਲੇਖਕ ਟੈਕਸੀ ਤੇ ਪੰਜਾ ਸਾਹਿਬ ਨੂੰ ਚੱਲ ਪਏ। ਰਸਤੇ ਵਿਚ ਸਰਵਤ ਦਾ ਫੋਨ ਆਇਆ ਕਿ ਮੈਂ ਲੰਚ ਤੇ ਆਉਣ ਦੀ ਪੂਰੀ ਕੋਸ਼ਿਸ਼ ਕਰਾਂ। ਮੈਂ ਕਿਹਾ ਮੁਸ਼ਕਲ ਹੈ, ਆਇਆ ਨਹੀਂ ਜਾ ਸਕੇਗਾ ਕਿਉਂਕਿ ਮੈਂ ਪੰਜਾ ਸਾਹਿਬ ਦੇ ਰਾਹ ਵਿਚ ਹਾਂ। ਕੱਲ ਦੋਪਹਿਰ ਨੂੰ ਗੁਜਰਾਤ ਯੂਨੀਵਰਸਿਟੀ ਵਿਚ ਹੀ ਮਿਲਾਂਗੇ।
ਡਾ: ਨਿਜ਼ਾਮਉਦ-ਦੀਨ ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਰੀਲੀਜ਼ ਕਰਦੇ ਹੋਏ
ਨੀਮ ਪਹਾੜੀ ਰਸਤੇ ਵਿਚੋਂ ਸਾਡੀ ਟੈਕਸੀ ਪੰਜਾ ਸਾਹਿਬ ਨੂੰ ਜਾ ਰਹੀ ਸੀ ਅਤੇ ਮੈਂ ਪਾਕਿਸਤਾਨ ਦੇ ਇਸ ਇਲਾਕੇ ਦਾ ਜਨ ਜੀਵਨ ਵੇਖ ਰਿਹਾ ਸਾਂ। ਭਾਰਤ ਵਾਂਗ ਏਥੇ ਵੀ ਸੜਕਾਂ, ਦੁਕਾਨਾਂ ਅਤੇ ਘਰਾਂ ਦੀ ਕਨਸਟਰਕਸ਼ਨ ਕਾਰਨ ਸੜਕਾਂ ਤੇ ਅਵਾਜਾਈ ਵਿਚ ਰੁਕਾਵਟ ਪੈਂਦੀ ਸੀ ਪਰ ਨਵੀਆਂ ਸੜਕਾਂ ਵਧੀਆ ਸਨ ਅਤੇ ਉਰਦੂ ਵਿਚ ਦੁਕਾਨਾਂ ਦੇ ਨਾਂ ਲਿਖੇ ਹੋਏ ਜਿਨ੍ਹਾਂ ਵਿਚ ਕਿਧਰੇ ਕਿਧਰੇ ਅਰਬੀ ਵਿਚ ਕੁਰਾਨ ਸ਼ਰੀਫ ਦੀਆਂ ਆਇਤਾਂ ਵੀ ਦਰਜ ਸਨ। ਅਸੀਂ ਹਸਨ ਅਬਦਾਲ ਪਹੁੰਚ ਕੇ ਮੇਨ ਸੜਕ ਤੋਂ ਪੰਜਾ ਸਾਹਿਬ ਗੁਦਵਾਰੇ ਜਾਣ ਦਾ ਰਾਹ ਪੁਛਿਆ ਤਾਂ ਦੱਸਣ ਵਾਲੇ ਨੇ ਦਸਿਆ ਕਿ ਜਿਥੇ ਤੁਸੀਂ ਖੜ੍ਹੇ ਹੋ, ਇਹੀ ਰਾਹ ਸਿੱਧਾ ਗੁਰਦਵਾਰੇ ਜਾਂਦਾ ਹੈ। ਅਪ੍ਰੈਲ 1976 ਦੇ ਵਿਸਾਖੀ ਮੇਲੇ ਤੇ ਮੈਂ ਤੇ ਸਾਰਾ ਪਰਵਾਰ ਇਸ ਪੰਜਾ ਸਾਹਿਬ ਗੁਰਦਵਾਰੇ ਦੀ ਯਾਤਰਾ ਲਈ ਆਏ ਸਾਂ। ਡਾ: ਕਰਨੈਲ ਸਿੰਘ ਥਿੰਦ, ਡਾ: ਗੁਰਚਰਨ ਸਿੰਘ ਅਤੇ ਹੋਰ ਕਈ ਲੇਖਕ ਵੀ ਓਸ ਵੇਲੇ ਸਾਡੇ ਨਾਲ ਆਏ ਸਨ। ਜਿਥੇ ਅਸੀਂ ਖੜ੍ਹੇ ਸਾਂ, ਹਸਨ ਅਬਦਾਲ ਰੇਲਵੇ ਸਟੇਸ਼ਨ ਵੀ ਏਥੋਂ ਲਾਗੇ ਹੀ ਸੀ ਜਿਥੇ1922 ਵਿਚ ਹੋਏ ਸਾਕੇ ਸਮੇਂ ਗੁਰੂ ਕਾ ਬਾਗ ਅੰਮ੍ਰਿਤਸਰ ਮੋਰਚੇ ਦੇ ਸਿੱਖ ਕੈਦੀਆਂ ਨਾਲ ਭਰੀ ਅਟਕ ਜਾ ਰਹੀ ਗਡੀ ਪੰਜਾ ਸਾਹਿਬ ਦੇ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਕੇ ਰੋਕੀ ਤੇ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਛਕਾਇਆ ਸੀ।
ਏਸੇ ਹਸਨ ਅਬਦਾਲ ਸਟੇਸ਼ਨ ਤੇ ਅਪ੍ਰੈਲ 1976 ਵਿਚ ਜਦ ਅਸੀਂ ਪੰਜਾ ਸਾਹਿਬ ਦੀ ਯਾਤਰਾ ਕਰ ਕੇ ਵਾਪਸ ਭਾਰਤ ਜਾਣ ਲਈ ਗੱਡੀਆ ਵਿਚ ਬੈਠੇ ਸਾਂ ਤਾਂ ਸਿੰਧੀ ਹਿੰਦੂ ਕਵਾਲਾਂ ਨੇ ਜਦ ਪੂਰੇ ਰੌਂ ਵਿਚ ਆ ਕੇ ਸਿੱਖ ਯਾਤਰੀਆਂ ਨੂੰ ਮੁਖਾਤਬ ਹੋ ਕਵਾਲੀ ਸ਼ੁਰੀ ਕੀਤੀ ਸੀ ਕਿ "ਜਾਨੀ ਰਾਤ ਰਹਿ ਜਾ ਹਾਲੇ ਨਜ਼ਰਾਂ ਨਹੀਂ ਰੱਜੀਆਂ" ਤੇ ਤਰਨਤਾਰਨ ਦਾ ਮੈਜਿਸਟਰੇਟ ਮਿਸਟਰ ਖੁਸ਼ਦਿਲ ਪੂਰੇ ਤਾਲ ਵਿਚ ਆ ਕੇ ਨਚਿਆ ਸੀ ਤਾਂ ਗਡੀਆਂ ਕੁਝ ਘੰਟੇ ਲੇਟ ਹੋ ਗਈਆਂ ਸਨ।
ਓਸ ਵੇਲੇ ਯਾਤਰਾ ਤੋਂ ਬਾਅਦ ਜਦ ਅਸੀਂ ਵਾਪਸ ਭਾਰਤ ਨੂੰ ਰਵਾਨਾ ਹੋ ਰਹੇ ਸਾਂ ਤਾਂ ਗੁਰਦਵਾਰੇ ਦੀ ਦਹਿਲੀਜ਼ ਤੇ ਮਥਾ ਟੇਕ ਅਤੇ ਧੂੜ ਮਥੇ ਤੇ ਲਾ ਮਨ ਵਿਚ ਇਹ ਚਿਤਵਿਆ ਸੀ ਕਿ ਹੇ ਬਾਬਾ ਨਾਨਕ, ਤੇਰੇ ਉਚ ਸਥਾਨ ਦੀ ਮੇਰੀ ਇਹ ਆਖਰੀ ਫੇਰੀ ਕਬੂਲ ਕਰਨੀ ਤੇ ਹੋ ਸਕਦਾ ਹੈ ਕਿ ਮੁੜ ਏਥੇ ਕਦੀ ਨਾ ਆਇਆ ਜਾ ਸਕੇ। ਫਰ 35 ਸਾਲ ਬਾਅਦ ਅੱਜ ਦੀ ਫੇਰੀ ਤਾਂ ਇਕ ਸੁਪਨਾ ਸੱਚ ਹੋਣ ਵਾਲੀ ਫੇਰੀ ਸੀ। ਮੈਂ ਕਦੀ ਸੋਚ ਵੀ ਨਹੀਂ ਸਕਦਾ ਸਾਂ ਕਿ ਮੈਂਨੂੰ ਪਾਕਿਸਤਾਨ ਵਿਚ ਹੋ ਰਹੀ "ਸੂਫੀeਜ਼ਮ ਐਂਡ ਪੀਸ" ਕਾਨਫਰੰਸ ਤੇ ਪਾਕਿਸਤਾਨ ਸਰਕਾਰ ਦੇ ਸਟੇਟ ਗੈਸਟ ਵਜੋਂ ਤਿੰਨ ਮਹੀਨੇ ਦਾ ਓਪਨ ਵੀਜ਼ਾ ਅਤੇ ਆਣ ਜਾਣ ਦੀ ਟਿਕਟ ਤੇ ਫਾਈਵ ਸਟਾਰ ਹੋਟਲ ਦੀ ਰਹਾਇਸ਼ ਦੇ ਕੇ ਬੁਲਾਇਆ ਜਾਵੇਗਾ। 35 ਸਾਲਾਂ ਬਾਅਦ ਓਦੋਂ ਦੇ ਅਤੇ ਹੁਣ ਦੇ ਗੁਰਦਵਾਰੇ ਨੂੰ ਜਾਂਦੇ ਬਾਜ਼ਾਰ ਵਿਚ ਬੜਾ ਫਰਕ ਪੈ ਗਿਆ ਸੀ। ਬਾਜ਼ਾਰ ਬੜੇ ਭੀੜੇ ਹੋ ਗਏ ਸਨ ਅਤੇ ਲੰਘਣਾ ਮੁਸ਼ਕਲ ਹੋ ਰਿਹਾ ਸੀ। ਗੁਰਦਵਾਰੇ ਦੇ ਅਗੇ ਖੜ੍ਹੇ ਹੋ ਕੇ ਵੀ ਗੇਟ ਦਾ ਪਤਾ ਨਹੀਂ ਲਗ ਰਿਹਾ ਸੀ। ਕਈ ਪਰਕਾਰ ਦੀਆਂ ਤਬਦੀਲੀਆਂ ਆ ਚੁਕੀਆਂ ਸਨ। ਗੇਟ ਅਗੇ ਗਡੀ ਖੜ੍ਹੀ ਕਰਨ ਦੀ ਸਖਤ ਮਨਾਹੀ ਸੀ। ਪਾਰਕਿੰਗ ਦਾ ਪਤਾ ਕਰ ਕੇ ਡਰਾਈਵਰ ਗਡੀ ਖੜ੍ਹੀ ਕਰਨ ਲਈ ਚਲਾ ਗਿਆ ਅਤੇ ਅਸੀਂ ਪੰਜਾ ਸਾਹਿਬ ਗੁਰਦਵਾਰੇ ਦੇ ਗੇਟ ਅਗੇ ਆ ਕੇ ਤਸਵੀਰਾਂ ਖਿਚਣ ਲੱਗ ਪਏ। ਸਲੀਮ ਪਾਸ਼ਾ ਨੇ ਮੇਰੀਆਂ ਗੁਰਦਵਾਰੇ ਦੇ ਬਾਹਰ ਕਈ ਤਸਵੀਰਾਂ ਖਿਚੀਆਂ ਅਤੇ ਜਦ ਦੂਜੇ ਗੇਟ ਅਗੋਂ ਅੰਦਰ ਜਾਣ ਲਗੇ ਤਾਂ ਸਿਕਿਓਰਟੀ ਵਾਲਿਆਂ ਨੇ ਮੇਰਾ ਪਾਸਪੋਰਟ ਅਤੇ ਵੀਜ਼ਾ ਪੜਤਾਲ ਲਈ ਮੰਗ ਲਿਆ ਜੋ ਮੈਂ ਉਹਨਾਂ ਦੇ ਹਵਾਲੇ ਕਰ ਦਿਤਾ ਤੇ ਉਹਨਾਂ ਨੇ ਤੁਰਤ ਮੇਰੇ ਪਾਸਪੋਰਟ ਦਾ ਨੰਬਰ ਤੇ ਪਾਕਿਸਤਾਨ ਦੇ ਤਿੰਨ ਮਹੀਨੇ ਦੇ ਵੀਜ਼ੇ ਦਾ ਨੰਬਰ ਇਕ ਰਜਿਸਟਰ ਵਿਚ ਨੋਟ ਕਰ ਕੇ ਮੇਰੇ ਦਸਤਖਤ ਕਰਵਾਏ ਅਤੇ ਅੰਦਰ ਜਾਣ ਦੀ ਆਗਿਆ ਦੇ ਦਿਤੀ। ਮੇਰੇ ਕਹਿਣ ਤੇ ਉਹਨਾਂ ਨੇ ਦੋਵਾਂ ਪਾਕਿਸਤਾਨੀ ਪੰਜਾਬੀ ਲੇਖਕਾਂ ਨੂੰ ਵੀ ਅੰਦਰ ਜਾਣ ਦਿਤਾ ਅਤੇ ਮਹਿਕਮਾ ਔਕਾਫ ਦਾ ਇਕ ਮੁਸਲਮਾਨ ਕਰਮਚਾਰੀ ਜੋ ਬੜੀ ਨਿਘੀ ਤਬੀਅਤ ਵਾਲਾ ਸੀ, ਸਾਡੀ ਅਗਵਾਈ ਕਰਨ ਲਈ ਸਾਨੂੰ ਆਪਣੇ ਨਾਲ ਲੈ ਗੁਰਦਵਾਰੇ ਦੇ ਅੰਦਰ ਲੈ ਗਿਆ। ਵਿਸਾਖੀ ਦਾ ਮੇਲਾ ਨੇੜੇ ਹੋਣ ਕਾਰਨ ਮੇਨ ਗੁਰਦਵਾਰਾ ਸਾਹਿਬ ਦੀ ਮੁਰਮਤ ਹੋ ਰਹੀ ਸੀ। ਕੰਮ ਕਰਨ ਵਾਲੇ ਨੰਗੇ ਸਿਰ ਹੀ ਕੰਮ ਕਰ ਰਹੇ ਸਨ ਅਤੇ ਕਈ ਪਰਕਰਮਾਂ ਵਿਚ ਸਣੇ ਜੁਤੀਆਂ ਤੁਰੇ ਫਿਰਦੇ ਸਨ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਲਾਗੇ ਪੈਂਦੇ ਇਕ ਵਖਰੇ ਕਮਰੇ ਵਿਚ ਪਰਕਾਸ਼ ਕੀਤਾ ਹੋਇਆ ਸੀ। ਇਕ ਅਲੂੰਆ ਨੌਜਵਾਨ ਖੂਬਸੂਰਤ ਪਾਕਿਸਤਾਨੀ ਸਿੱਖ ਮੁੰਡਾ ਪਾਠ ਕਰ ਰਿਹਾ ਸੀ। ਮੈਂ ਆਦਰ ਨਾਲ ਮਥਾ ਟੇਕਿਆ, ਲੋਹੇ ਦੀ ਜਿੰਦਰੇ ਲੱਗੀ ਗੋਲਕ ਵਿਚ ਹਜ਼ਾਰ ਰੁਪੈ ਦਾ ਨੋਟ ਪਾਇਆ ਅਤੇ ਗੁਰਵਾਰੇ ਦੇ ਪਰਧਾਨ ਨੇ ਸਾਨੂੰ ਕੰਬਦੇ ਹਥਾਂ ਨਾਲ ਪਰਸ਼ਾਦ ਦਿਤਾ। ਉਹਦੀਆਂ ਅੱਖਾਂ ਤੇ ਬੋਲ ਬੜੇ ਖੌਫਜ਼ਦਾ ਸਨ। ਜੋ ਉਹ ਬੋਲਦਾ ਸੀ, ਸਾਡੀ ਸਮਝ ਵਿਚ ਨਹੀਂ ਆ ਰਿਹਾ ਸੀ। ਮੈਂ ਉਸਦੀ ਫੋਟੋ ਖਿਚੀ ਅਤੇ ਮਹਿਕਮਾ ਔਕਾਫ ਦਾ ਕਰਮਚਾਰੀ ਸਾਨੂੰ ਹੈੱਡ ਗ੍ਰੰਥੀ ਨੂੰ ਮਿਲਾਉਣ ਲਈ ਲੈ ਗਿਆ ਜੋ ਆਪਣੇ ਕਮਰੇ ਵਿਚ ਕੁੰਡੀ ਲਾ ਕੇ ਕੰਬਲ ਲੈ ਕੇ ਸੁੱਤਾ ਪਿਆ ਸੀ। ਅਭੜਵਾਹੇ ਉਠ ਓਸ ਕੁੰਡਾ ਖੋਲ੍ਹਿਆ, ਫਤਹਿ ਬੁਲਾਈ ਤੇ ਫਿਰ ਆਪਣੇ ਬਿਸਤਰ ਤੇ ਬੈਠ ਗਿਆ। ਉਸ ਨੀਲੀ ਪਗ ਬੰਨ੍ਹੀ ਹੋਈ ਸੀ ਤੇ ਉਸ ਦੀਆਂ ਅੱਖਾਂ ਵੀ ਬੜੀਆਂ ਡਰੀਆਂ ਡਰੀਆਂ ਹੋਈਆਂ ਲਗ ਰਹੀਆਂ ਸਨ। ਮੈਂ ਉਸ ਨਾਲ ਸੰਵਾਦ ਰਚਾਉਣ ਚਹੁੰਦਾ ਸਾਂ ਪਰ ਉਹ ਬੱਸ ਸਭ ਠੀਕ ਠਾਕ ਹੈ ਤੋਂ ਅਗੇ ਤੁਰਦਾ ਨਹੀਂ ਸੀ। ਪਰਧਾਨ ਵੀ ਓਸੇ ਕਮਰੇ ਵਿਚ ਆ ਕੇ ਬੈਠ ਗਿਆ ਸੀ। ਹੈੱਡ ਗ੍ਰੰਥੀ ਸਾਹਿਬ ਨੇ ਪੁਛਿਆ ਕਿ ਲੰਗਰ ਏਥੇ ਛਕੋਗੇ ਜਾਂ ਲੰਗਰ ਹਾਲ ਵਿਚ ਥੱਲੇ ਬੈਠ ਕੇ। ਅਸੀਂ ਕਿਹਾ ਕਿ ਏਥੇ ਹੀ ਛਕ ਲਵਾਂਗੇ ਪਰ ਅਸੀਂ ਪਹਿਲਾਂ ਬਾਬਾ ਜੀ ਦੇ ਪੰਜੇ, ਗੁਰਦਵਾਰਾ ਸਾਹਿਬ ਅਤੇ ਸਰਾਂ ਦੀਆਂ ਫੋਟੋਜ਼ ਖਿਚ ਲਈਏ। ਤਾਲਾਬ ਦਾ ਪਾਣੀ 35 ਸਾਲ ਪਹਿਲਾਂ ਵੇਖੇ ਪਾਣੀ ਵਾਂਗ ਹੀ ਬੜਾ ਸਾਫ ਤੇ ਨਿਰਮਲ ਸੀ ਅਤੇ ਮਛੀਆਂ ਵੀ ਓਸੇ ਤਰ੍ਹਾਂ ਤਰ ਰਹੀਆਂ ਸਨ ਪਰ ਪਾਣੀ ਬਹੁਤ ਥਲੇ ਵਗ ਰਿਹਾ ਸੀ। 1975 ਵਿਚ ਭਰ ਕੇ ਵਗਦੇ ਤਾਲਾਬ ਦਾ ਪਾਣੀ ਛਾਤੀ ਤਕ ਆਉਂਦਾ ਸੀ। ਹੁਣ ਤਾਂ ਬੱਸ ਗੋਡੇ ਗੋਡੇ ਹੀ ਪਾਣੀ ਸੀ ਜਿਸ ਦਾ ਵਹਾ ਵੀ ਬੜਾ ਘੱਟ ਸੀ। ਅਸੀਂ ਪਾਣੀ ਵਿਚ ਤਰਦੀਆਂ ਮਛੀਆਂ ਦੀਆਂ ਫੋਟੋਜ਼ ਖਿਚੀਆਂ ਅਤੇ ਬਾਬੇ ਨਾਨਕ ਦੇ ਪੰਜੇ ਤੇ ਪੰਜਾ ਰਖ ਕੇ ਅਤੇ ਬਗੈਰ ਪੰਜੇ ਦੇ ਵੀ ਫੋਟੋਜ਼ ਖਿਚੀਆਂ। ਸਲੀਮ ਪਾਸ਼ਾ ਨੇ ਵੀ ਬਾਬੇ ਦੇ ਪੰਜੇ ਤੇ ਪੰਜਾ ਰਖ ਕੇ ਫੋਟੋ ਖਿਚਵਾਈਆਂ। ਤਾਲਾਬ ਵਿਚ ਅਸ਼ਨਾਨ ਕਰਨ ਨੂੰ ਬੜਾ ਦਿਲ ਕਰਦਾ ਸੀ ਪਰ ਦਾੜ੍ਹੀ ਖੁਲ ਜਾਣ ਦੇ ਡਰੋਂ ਅਤੇ ਤੌਲੀਆ ਨਾ ਹੋਣ ਕਾਰਨ ਪੰਜ ਅਸ਼ਨਾਨਾ ਹੀ ਕੀਤਾ। ਪਾਕਿਸਤਾਨੀ ਪੰਜਾਬੀ ਲੇਖਕ ਸਲੀਮ ਪਾਸ਼ਾ ਨੇ ਤੁਰਤ ਕਪੜੇ ਉਤਾਰੇ ਅਤੇ ਕਈ ਟੁਭੀਆਂ ਮਾਰੀਆਂ ਤੇ ਅਸ਼ਨਾਨ ਕਰ ਕੇ ਬਾਹਰ ਆਇਆ ਤਾਂ ਕਹਿਣ ਲੱਗਾ ਕਿ ਇਸ ਪਾਣੀ ਵਿਚ ਜ਼ਰੂਰ ਕੋਈ ਕ੍ਰਿਸ਼ਮਾ ਹੈ। ਮੇਰਾ ਬੜਾ ਸਖਤ ਸਿਰ ਦਰਦ ਹੋ ਰਿਹਾ ਸੀ ਤੇ ਹੁਣ ਸਿਰ ਦਰਦ ਖਤਮ ਹੋ ਗਿਆ ਹੈ।
ਗੁਜਰਾਤ ਯੂਨੀਵਰਸਿਟੀ ਪਾਕਿਸਤਾਨ ਵਿਚ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ। ਨਾਲ ਬੈਠੀ ਹੈ ਪਾਕਿਸਤਾਨ ਦੀ ਪ੍ਰਸਿਧ ਲੇਖਿਕਾ ਸਰਵਤ ਮੁਹਓਦੀਨ ਅਤੇ ਦੋ ਪ੍ਰੋਫੈਸਰ ਸਾਹਿਬਾਨ
ਲੋਕਲ ਮੁਸਲਮਾਨ ਔਰਤਾਂ ਵੀ ਬੜੇ ਇਹਤਰਾਮ ਨਾਲ ਗੁਰਦਵਾਰੇ ਵੱਲ ਮੂੰਹ ਕਰ ਕੇ ਮਥੇ ਟੇਕ ਰਹੀਆਂ ਸਨ ਅਤੇ ਪਾਣੀ ਭਰ ਕੇ ਘਰਾਂ ਨੂੰ ਲਿਜਾ ਰਹੀਆਂ ਸਨ। ਗੁਰਦਵਾਰੇ ਵਿਚ ਰਹਿੰਦੇ ਸਿੱਖ ਪਰਵਾਰਾਂ ਦੇ ਬੱਚੇ ਵੀ ਸਰੋਵਰ ਵਿਚ ਨਹਾ ਰਹੇ ਸਨ ਪਰ ਕੋਈ ਸਾਡੇ ਨਾਲ ਬੋਲਦਾ ਜਾਂ ਸਤਿ ਸ੍ਰੀ ਅਕਾਲ ਨਹੀਂ ਬੁਲਾਂਦਾ ਸੀ। ਲਗਦਾ ਸੀ ਜਿਵੇਂ ਉਹਨਾਂ ਨੂੰ ਓਪਰਿਆਂ ਨਾਲ ਖਲ੍ਹਣ ਤੋਂ ਵਰਜਿਆ ਗਿਆ ਹੋਵੇ। ਗਰਮੀ ਕਾਫੀ ਹੋ ਗਈ ਸੀ ਅਤੇ ਮੇਰੇ ਪੇਟ ਵਿਚ ਬੜੀ ਗੜ ਬੜ ਸੀ। ਮਹਿਕਮਾ ਔਕਾਫ ਦਾ ਕਰਮਚਾਰੀ ਮੈਨੂੰ ਗੁਰਦਵਾਰੇ ਵਿਚ ਖੁਲ੍ਹੀ ਛੋਟੀ ਜਹੀ ਡਿਸਪੈਂਸੀ ਵਿਚ ਲੈ ਗਿਆ ਅਤੇ ਡਾਕਟਰ ਨੇ ਫੌਰਨ ਮੈਨੂੰ ਦਾਵਾਈ ਦਿਤੀ ਅਤੇ ਕਹਿਣ ਲੱਗਾ ਕਿ ਤੁਹਾਨੂੰ ਪੇਟ ਵਿਚ ਗਰਮੀ ਬਹੁਤ ਹੋ ਗਈ ਹੈ, ਇਸ ਲਈ ਗਰਮ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਡਾਕਟਰ ਲੋੜੋਂ ਵਧ ਨੇਕ ਸੀ ਅਤੇ ਡਿਸਪੈਂਸਰੀ ਵਿਚੋਂ ਬਾਹਰ ਆ ਕੇ ਉਸ ਸਾਡੇ ਨਾਲ ਫੋਟੋਜ਼ ਖਿਚਵਾਈਆਂ। ਦਿੱਲੀ ਯੂਨੀਵਰਸਿਟੀ ਦਾ ਉਰਦੂ ਦਾ ਇਕ ਮੁਸਲਮਾਨ ਪ੍ਰੋਫੈਸਰ ਜੋ ਸੂਫੀਇਜ਼ਮ ਐਂਡ ਪੀਸ ਵਿਚ ਸ਼ਿਰਕਤ ਕਰਨ ਲਈ ਆਇਆ ਹੋਇਆ ਸੀ। ਉਹਦੀ ਘਰ ਵਾਲੀ ਸਿੱਖ ਔਰਤ ਹੈ ਤੇ ਕੁਝ ਮਹੀਨੇ ਪਹਿਲਾਂ ਉਹਦੀ ਸੱਸ ਦਿੱਲੀ ਵਿਚ ਮਰ ਗਈ ਸੀ। ਮਰਦੀ ਮਰਦੀ ਮਰਦੀ ਸੱਸ ਆਖਰੀ ਖਾਹਿਸ਼ ਦੇ ਤੌਰ ਤੇ ਕਹਿ ਗਈ ਸੀ ਕਿ ਉਹਦੀ ਮਰਨ ਦੀ ਅਰਦਾਸ ਗੁਰਦਵਾਰਾ ਪੰਜਾ ਸਾਹਿਬ ਕਰਵਾਈ ਜਾਵੇ ਅਤੇ ਪੰਜਾ ਸਾਹਿਬ ਤੋਂ ਜਲ ਦੀ ਬੋਤਲ ਵੀ ਲਿਆਂਦੀ ਜਾਵੇ। ਉਸ ਮੁਸਲਮਾਨ ਪ੍ਰੋਫੈਸਰ ਨੇ ਬੜੀ ਸ਼ਰਧਾ ਨਾਲ ਆਪਣੀ ਸੱਸ ਦੀ ਅਰਦਾਸ ਕਰਵਾਈ, ਨਿਰਮਲ ਜਲ ਦੀ ਤਲਾ ਵਿਚੋਂ ਵਡੀ ਬੋਤਲ ਭਰੀ, ਪਿਆਰ ਨਾਲ ਸਾਡੇ ਨਾਲ ਫੋਟੋਜ਼ ਖਿਚਵਾਈਆਂ ਤੇ ਆਪਣੇ ਮੁਸਲਿਮ ਦੋਸਤਾਂ ਨਾਲ ਜਲਦੀ ਵਾਪਸ ਚਲਾ ਗਿਆ ਕਿਉਂਕਿ ਸ਼ਾਮੀਂ ਉਸਦੀ ਦਿੱਲੀ ਲਈ ਫਲਾਈਟ ਸੀ। ਪਰ ਪੰਜਾ ਸਾਹਿਬ ਦੇ ਜਲ ਦੀ ਪਾਣੀ ਦੀ ਬੋਤਲ ਬਹੁਤ ਵਡੀ ਹੋਣ ਕਰ ਕੇ ਦੋ ਛੋਟੀਆਂ ਬੋਤਲਾਂ ਵਿਚ ਜਲ ਭਰ ਕੇ ਇਕ ਬੋਤਲ ਹੋਟਲ ਵਿਚ ਮੇਰੇ ਕਮਰੇ ਵਿਚ ਛਡ ਗਿਆ। ਅਸੀਂ ਹੈੱਡ ਗ੍ਰੰਥੀ ਸਾਹਿਬ ਦੇ ਕਮਰੇ ਵਿਚ ਆ ਕੇ ਲੰਗਰ ਛਕਿਆ, ਗਰਮ ਗਰਮ ਦਾਲਾ ਅਤੇ ਤਾਜ਼ਾ ਪਰਸ਼ਾਦੇ। ਭੁੱਖ ਵੀ ਚਮਕੀ ਹੋਈ ਸੀ ਅਤੇ ਲੰਗਰ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ, ਥੋੜ੍ਹੀ। ਦੋਵੇਂ ਮੁਸਲਮਾਨ ਲਿਖਾਰੀ ਕਹਿਣ ਲੱਗੇ ਕਿ ਅਸੀਂ ਜ਼ਿੰਦਗੀ ਵਿਚ ਕਦੇ ਐਨਾ ਸਵਾਦ ਲੰਗਰ ਨਹੀਂ ਖਾਧਾ। ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਤੋਂ ਉਹਨਾਂ ਦੀ ਪ੍ਰਸੰਨਤਾ ਦਾ ਕੋਈ ਅੰਤ ਨਹੀਂ ਸੀ। ਜਦ ਮੈਂ ਹਾਲੇ ਦਸਾਂ ਸਾਲਾਂ ਦਾ ਸਾਂ ਅਤੇ ਆਪਣੇ ਮਾਪਿਆਂ ਨਾਲ 1945 ਵਿਚ ਏਥੇ ਵਿਸਾਖੀ ਦੇ ਮੇਲੇ ਤੇ ਆਇਆ ਸਾਂ ਤਾਂ ਓਦੋਂ ਦਾਲ ਵਿਚ ਦੇਸੀ ਘਿਓ ਪਾ ਕੇ ਲੰਗਰ ਮਿਲਦਾ ਸੀ ਅਤੇ ਉਸਦਾ ਸਵਾਦ ਵੀ ਮੈਨੂੰ ਹਾਲੇ ਤੀਕ ਯਾਦ ਸੀ। ਇਸੇ ਤਰ੍ਹਾਂ ਅਪਰੈਲ 1975 ਵਿਚ ਜਦ ਮੈਂ ਭਾਰਤ ਵਿਚੋਂ ਜਥੇ ਨਾਲ ਇਥੇ ਆਇਆ ਸਾਂ ਤਾਂ ਸਿੰਧੀਆਂ ਦਾ ਲੰਗਰ ਵੀ ਬੜਾ ਸਵਾਦ ਸੀ। ਏਥੇ ਤਿਆਰ ਕੀਤੇ ਜਾਂਦੇ ਲੰਗਰ ਦੇ ਸਵਾਦਿਸ਼ਟ ਹੋਣ ਵਿਚ ਇਸ ਗੁਰਦਵਾਰੇ ਦੇ ਪਾਣੀ ਦੀ ਕੋਈ ਬਖਸ਼ ਜ਼ਰੂਰ ਸੀ।
ਗੁਰਦਵਾਰੇ ਦੀ ਯਾਤਰਾ ਕਰ ਕੇ ਸਾਡਾ ਵਿਚਾਰ ਪਹਾੜੀ ਦੀ ਚੋਟੀ ਤੇ ਬਣੀ ਵਲੀ ਕੰਧਾਰੀ ਦੀ ਕਬਰ ਤੇ ਜਾਣ ਦਾ ਸੀ ਜਿਥੋਂ ਵਲੀ ਕੰਧਾਰੀ ਨੇ ਗੁਰੂ ਨਾਨਕ ਦੇ ਤੇ ਪਥਰ ਸੁਟਿਆ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹਥ ਦੇ ਪੰਜੇ ਨਾਲ ਪਥਰ ਰੋਕਿਆ ਸੀ। ਉਸ ਪੰਜੇ ਦੀਆਂ ਅਸਾਂ ਬਹੁਤ ਫੋਟੋਜ਼ ਖਿਚੀਆਂ ਸਨ ਤੇ ਆਪਣੇ ਪੰਜੇ ਵੀ ਉਸ ਪੰਜੇ ਤੇ ਰੱਖ ਫੋਟੋ ਖਿਚਵਾਈਆਂ ਸਨ। ਕਈ ਲੋਕਾਂ ਦਾ ਵਿਚਾਰ ਸੀ ਕਿ ਇਹ ਸੱਚ ਨਹੀਂ ਹੈ ਪਰ ਇਤਿਹਾਸ ਵਿਚ ਜੋ ਇਕ ਵਾਰ ਪਰਵਾਨ ਹੋ ਜਾਵੇ, ਉਸ ਨੂੰ ਝੁਠਲਾਣਾ ਮੁਸ਼ਕਲ ਹੁੰਦਾ ਹੈ। ਪਹਾੜੀ ਦੀ ਚੜ੍ਹਾਈ ਬੜੀ ਸਿੱਧੀ ਤੇ ਉਚੀ ਸੀ। ਪਹਾੜ ਦੀ ਸਿਖਰ ਤੇ ਬਣੀ ਇਹ ਉਹ ਥਾਂ ਸੀ ਜਿਥੋਂ ਗੁਸੇ ਵਿਚ ਆ ਕੇ ਵਲੀ ਕੰਧਾਰੀ ਨੇ ਬਾਬੇ ਨਾਨਕ ਤੇ ਪਥਰ ਸੁਟਿਆ ਸੀ, ਵਲੀ ਕੰਧਾਰੀ ਦੀ ਭੁੱਲ ਬਖਸ਼ੀ ਜਾਣ ਤੇ ਬਾਬੇ ਨੇ ਕਿਹਾ ਸੀ ਕਿ ਜੋ ਮੇਰੇ ਪੰਜੇ ਦੇ ਦਰਸ਼ਨਾਂ ਨੂੰ ਆਏਗਾ, ਉਹ ਪਹਾੜ ਦੀ ਟੀਸੀ ਤੇ ਬਣੀ ਤੇਰੀ ਦਰਗਾਹ ਤੇ ਵੀ ਪਹੁੰਚੇਗਾ। 1975 ਵਿਚ ਵਲੀ ਕੰਧਾਰੀ ਦੀ ਕਬਰ ਨੂੰ ਜਾਂਦਿਆਂ ਸ਼ੁਰੂ ਵਿਚ ਮਛੀਆਂ ਦਾ ਇਕ ਛੋਟਾ ਜਿਹਾ ਤਾਲਾਬ ਸੀ, ਜਿਸ ਬਾਰੇ ਮਸ਼ਹੂਰ ਸੀ ਕਿ ਜੇ ਇਥੋਂ ਦੀ ਮੱਛੀ ਨੂੰ ਕੱਟ ਕੇ ਦੋਬਾਰਾ ਇਸ ਪਾਣੀ ਵਿਚ ਸੁੱਟ ਦਿਓ ਤਾਂ ਉਹ ਜ਼ਿੰਦਾ ਹੋ ਜਾਏਗੀ। ਉਹ ਥਾਂ ਦੋਬਾਰਾ ਵੇਖਣ ਗਏ ਤਾਂ ਓਥੇ ਪਾਰਕ ਬਣ ਗਈ ਸੀ ਅਤੇ ਮੱਛੀਆਂ ਦਾ ਕੋਈ ਨਾ ਨਿਸ਼ਾਨ ਨਹੀਂ ਸੀ। ਲਾਗੇ ਏਨੇ ਮਕਾਨ ਬਣ ਗਏ ਸਨ ਕਿ ਵਲੀ ਕੰਧਾਰੀ ਨੂੰ ਜਾਣ ਵਾਲੀ ਡੰਡੀ ਲਭਨ ਲਈ ਇਹਨਾਂ ਮਕਾਨਾਂ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ ਅਤੇ ਭੀੜੇ ਬਣੇ ਮਕਾਨਾਂ ਕਾਰਨ ਓਥੋਂ ਲੰਘਣਾ ਬੜਾ ਔਖਾ ਸੀ। ਅਜੇ ਅਸੀਂ ਮਸੀਂ ਵੀਹ ਕੁ ਪੌੜੀਆਂ ਹੀ ਚੜ੍ਹੇ ਸਾਂ ਕਿ ਮੇਰਾ ਸਾਹ ਫੁੱਲ ਗਿਆ ਤੇ ਮੈਂ ਸਮਝ ਗਿਆ ਕਿ ਮੈਂ ਇਸ ਉਮਰੇ ਕਈ ਘਮਟਿਆਂ ਦਾ ਸਫਰ ਕਰ ਕੇ ਵਲੀ ਕੰਧਾਰੀ ਦੀ ਥਾਂ ਤਕ ਨਹੀਂ ਪਹੁੰਚ ਸਕਾਂਗਾ। ਸਖਤ ਗਰਮੀ ਕਾਰਨ ਸਿਰ ਤੋਂ ਪੈਰਾਂ ਤਕ ਪਸੀਨਾ ਚੋ ਰਿਹਾ ਸੀ। ਮੈਂ ਪਿਛੇ ਆ ਕੇ ਇਕ ਥੜ੍ਹੇ ਤੇ ਬੈਠ ਗਿਆ। ਸਲੀਮ ਤੇ ਇਤਫਾਕ ਵੀ ਮੁੜ ਆਏ।
ਪੰਜਾ ਸਾਹਿਬ ਨੂੰ ਅਲਵਿਦਾ ਕਹਿ ਅਸੀਂ ਟੈਕਸੀ ਵਾਲੇ ਨੂੰ ਲਭ ਕੇ ਟੈਕਸਲਾ ਆ ਗਏ। ਦਾਖਲਾ ਟਿਕਟਾਂ ਦੇ ਪੈਸੇ ਭਰ ਕੇ ਅੰਦਰ ਗਏ ਤਾਂ ਗੌਤਮ ਬੁੱਧ ਵੇਲੇ ਦੀਆਂ ਕਈ ਪਰਕਾਰ ਦੀਆਂ ਵਸਤੂਆਂ, ਬੁੱਤ, ਗਹਿਣੇ, ਬਰਤਨ, ਘੜੇ, ਭਾਂਡੇ ਆਦਿ ਵੇਖ ਕੇ ਟੈਕਸਲਾ (ਭਾਰਤ) ਦੀ ਪੁਰਾਣੀ ਸਭਿਅਤਾ ਤੇ ਜਿੰਨਾ ਵੀ ਮਾਣ ਕਰੀਏ ਘੱਟ ਹੈ। ਗਾਈਡ ਨੇ ਸਾਡੇ ਨਾਲ ਕਾਫੀ ਸਮਾਂ ਬਤਾਇਆ ਅਤੇ ਅਸੀਂ ਟੈਕਸਲਾ ਦੀ ਪੁਰਾਤਨਤਾ ਦੀ ਫੋਟੋਗਰਾਫੀ ਕੀਤੀ। ਗਾਈਡ ਨੂੰ ਬਣਦਾ ਫਬਦਾ ਟਿੱਪ ਦੇ ਕੇ ਬਾਹਰ ਆ ਗਏ। ਜੇਕਰ ਟੈਕਸਲਾ ਯੂਨੀਵਰਸਿਟੀ ਵੇਖਣ ਚਲੇ ਜਾਂਦੇ ਤਾਂ ਸ਼ਾਮ ਤਕ ਵਿਹਲੇ ਹੋਣਾ ਮੁਸ਼ਕਲ ਸੀ। ਮੈਂ ਕਿਓਂਕਿ ਸਵੇਰੇ ਗੁਜਰਾਤ ਯੂਨੀਵਰਸਿਟੀ ਨੂੰ ਜਾਣਾ ਸੀ ਅਤੇ ਆਪਣਾ ਸਾਮਾਨ ਵੀ ਪੈਕ ਕਰਨਾ ਸੀ, ਇਸ ਲਈ ਬਾਅਦ ਦੋਪਹਿਰ ਅਸੀਂ ਵਾਪਸ ਹੋਟਲ ਪਹੁੰਚ ਗਏ। ਇਤਫਾਕ ਬੱਟ ਕਹਿਣ ਲੱਗਾ ਕਿ ਤੁਸੀਂ ਰੈਸਟ ਕਰ ਲਵੋ, ਮੈਂ ਸ਼ਾਮੀਂ ਆ ਕੇ ਤੁਹਡਾ ਸਾਮਾਨ ਪੈਕ ਕਰਵਾ ਦਿਆਂਗਾ। ਸਲੀਮ ਪਾਸ਼ਾ ਜੋ ਘਰੋਂ ਪਰੌਠੇ ਪਕਵਾ ਕੇ ਲਿਆਇਆ ਸੀ, ਨੂੰ ਖਾਣ ਦਾ ਵਕਤ ਈ ਨਾ ਮਿਲਿਆ ਤੇ ਨਾ ਲੋੜ ਹੀ ਪਈ। ਪਰੌਠੇ ਉਹਦੇ ਨਾਲ ਈ ਵਾਪਸ ਉਹਦੇ ਘਰ ਨੂੰ ਚਲੇ ਗਏ।
ਹੋਟਲ ਵਿਚ ਮੈਂ ਅਤੇ ਬਹੁਤ ਥੋੜ੍ਹੇ ਲਿਖਾਰੀ ਹੀ ਰਹਿ ਗਏ ਸਨ ਜਿਨ੍ਹਾਂ ਨੇ ਅਗਲੇ ਦਿਨ ਭਾਵ 18 ਮਾਰਚ ਨੂੰ ਚਲੇ ਜਾਣਾ ਸੀ। ਅਕੈਡਮੀ ਵਾਲੇ ਕਹਿ ਰਹੇ ਸਨ ਕਿ ਹੋਟਲ ਵਾਲਿਆਂ ਨਾਲ ਸਾਡਾ ਕਾਂਟਰੈਕਟ ਖਤਮ ਹੋ ਗਿਆ ਹੈ, ਤੁਹਾਨੂੰ ਅਸੀਂ ਅਕੈਡਮੀ ਆਫ ਲੈਟਰਜ਼ ਦੇ ਗੈਸਟ ਹਾਊਸ ਵਿਚ ਛਡ ਆਉਂਦੇ ਹਾਂ। ਤੁਸੀਂ ਓਥੋਂ ਸਵੇਰੇ ਜਿਧਰ ਜਿਧਰ ਜਾਣਾ ਹੈ, ਚਲੇ ਜਾਇਓ। ਮੈਂ ਅਕੈਡਮੀ ਦੇ ਇਕ ਅਧਿਕਾਰੀ ਨੂੰ ਕਿਹਾ ਕਿ ਰਾਤ ਤਾਂ ਪੈ ਗਈ ਹੈ ਅਤੇ ਦਸ ਬਾਰਾਂ ਘੰਟਿਆਂ ਲਈ ਤੁਸੀਂ ਸਾਡਾ ਅਡਾ ਕਿਉਂ ਪੱਟਦੇ ਹੋ। ਓਸ ਅਧਿਕਾਰੀ ਨੇ ਮੇਰੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਮੈਂ ਉਪਰ ਗੱਲ ਕਰ ਕੇ ਵੇਖਦਾ ਹਾਂ। ਕੁਝ ਚਿਰ ਬਾਅਦ ਫੈਸਲਾ ਹੋ ਗਿਆ ਕਿ ਅਸੀਂ ਇਹ ਰਾਤ ਅਕਾਡਮੀ ਦੇ ਖਰਚ ਤੇ ਏਸੇ ਹੋਟਲ ਵਿਚ ਹੀ ਕੱਟਾਂਗੇ। ਸਾਨੂੰ ਰਾਤ ਦਾ ਡਿਨਰ ਅਤੇ ਸਵੇਰ ਦਾ ਬਰੇਕਫਾਸਟ ਵੀ ਮਿਲੇਗਾ ਤੇ ਅਸੀਂ ਸਵੇਰੇ ਚੈੱਕ ਇਨ ਕਰ ਸਕਾਂਗੇ। ਮੈਂ ਤੇ ਇਤਫਾਕ ਬੱਟ ਨੇ ਸਾਰਾ ਸਾਮਾਨ ਰਾਤ ਹੀ ਪੈਕ ਕਰ ਦਿਤਾ। ਹੋਰ ਬਹੁਤ ਕਿਤਾਬਾਂ ਇਕਠੀਆਂ ਹੋ ਗਈਆਂ ਸਨ ਜੋ ਨਾਲ ਲਿਜਾਣੀਆਂ ਔਖੀਆਂ ਸਨ। ਮੇਰੇ ਕੋਲ ਤਾਂ ਪਹਿਲਾਂ ਹੀ ਬੜਾ ਸਾਮਾਨ ਸੀ ਜੋ ਮੈਂ ਹੌਲਾ ਕਰਨਾ ਚਹੁੰਦਾ ਸਾਂ। ਮੈਂ ਭਰੇ ਮਨ ਨਾਲ ਇਤਫਾਕ ਬੱਟ ਨੂੰ ਬੜੇ ਭਰੇ ਦਿਲ ਨਾਲ ਢੇਰ ਸਾਰੀਆਂ ਕਿਤਾਬਾਂ ਅਤੇ ਰਸਾਲੇ ਦੇ ਦਿਤੇ ਜੋ ਬੜੇ ਨਾਯਾਬ ਸਨ। ਕੈਨੇਡਾ ਵਿਚੋਂ ਯਾਰਾਂ ਦੋਸਤਾਂ ਲਈ ਲਿਆਂਦੇ ਗਿਫਟ ਜੋ ਵਧੇਰੇ ਤੌਰ ਤੇ ਕਪੜੇ ਹੀ ਸਨ, ਮੈਂ ਇਤਫਾਕ ਅਗੇ ਰੱਖ ਦਿਤੇ ਕਿ ਜੋ ਮਰਜ਼ੀ ਚੁਕ ਲੈ ਤਾਂ ਜੋ ਅਗਲੇ ਸਫਰ ਲਈ ਮੇਰਾ ਭਾਰ ਕੁਝ ਹੌਲਾ ਹੋ ਜਾਵੇ। ਇਤਫਾਕ ਬੱਟ ਦਾ ਮਨ ਭਰ ਆਇਆ ਸੀ ਤੇ ਕਹਿ ਰਿਹਾ ਸੀ ਪਤਾ ਨਹੀਂ ਫਿਰ ਕਦੋਂ ਮਿਲਾਂਗੇ। ਚੇਤੇ ਰਖਿਓ, ਭੁੱਲ ਨਾ ਜਾਣਾ। ਸਲੀਮ ਪਾਸ਼ਾ ਵੀ ਫੋਨ ਤੇ ਕਹਿ ਰਿਹਾ ਸੀ ਕਿ ਉਹ ਸਵੇਰੇ ਮੈਨੂੰ ਜ਼ਰੂਰ ਅਲਵਿਦਾ ਕਹਿਣ ਲਈ ਆਵੇਗਾ। ਗੁਜਰਾਤ ਯੂਨੀਵਰਸਿਟੀ ਤੋਂ ਤਾਰਿਕ ਗੁੱਜਰ ਦੇ ਦੋ ਫੋਨ ਆ ਗਏ ਸਨ ਕਿ ਸਵੇਰੇ ਠੀਕ ਨੌਂ ਵਜੇ ਯੂਨੀਵਰਸਿਟੀ ਦੀ ਗੱਡੀ ਤੁਹਾਨੂੰ ਲੈਣ ਲਈ ਪਹੁੰਚ ਜਾਵੇਗੀ ਅਤੇ ਤੁਸੀਂ ਬਾਰਾਂ ਵਜੇ ਤਕ ਯੂਨੀਵਰਸਿਟੀ ਪੁਜਣਾ ਤੇ ਜਰਨਲਿਜ਼ਮ ਦੇ ਤਾਲਬ-ਇਲਮਾਂ ਨੂੰ ਮੁਖਾਤਬ ਕਰਨਾ ਹੈ। ਤਾਰਿਕ ਨੇ ਗਡੀ ਦੇ ਡਰਾਈਵਰ ਦਾ ਨਾਂ ਅਤੇ ਸੈੱਲ ਨੰਬਰ ਵੀ ਮੈਨੂੰ ਲਿਖਾ ਦਿਤਾ। ਸਰਵਤ ਨੇ ਆਪਣੀ ਗੱਡੀ ਵਿਚ ਵਖਰੇ ਗੁਜਰਾਤ ਯੂਨੀਵਰਸਿਟੀ ਪਹੁੰਚਣਾ ਸੀ।
---ਚਲਦਾ---