ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਜਾਦੂਈ ਕਲਮ (ਬਾਲ ਕਹਾਣੀ ) (ਕਹਾਣੀ)

    ਬਲਵਿੰਦਰ ਸਿੰਘ ਮਕੜੌਨਾ   

    Email: bsmakrauna@gmail.com
    Cell: +91 98550 20025
    Address: ਪਿੰਡ ਤੇ ਡਾਕਘਰ – ਮਕੜੌਨਾ ਕਲਾਂ
    ਰੋਪੜ India 140102
    ਬਲਵਿੰਦਰ ਸਿੰਘ ਮਕੜੌਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਭੁਪਿੰਦਰ ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀ  ਸੀ ਪਰ ਉਸਦੇ ਮਾਤਾ-ਪਿਤਾ ਉਸਨੂੰ ਇੱਕ ਹੁਸ਼ਿਆਰ  ਅਤੇ ਹੋਣਹਾਰ ਵਿਦਿਆਰਥੀ ਬਣਾਉਣਾ ਚਾਹੁੰਦੇ ਸਨ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਤਾ ਪਿਤਾ ਨੇ ਹਰ ਸੰਭਵ ਕੋਸ਼ਿਸ਼ ਕੀਤੀ ਪਰ ਭੁਪਿੰਦਰ ਤੇ ਕੁਝ ਵੀ ਅਸਰ ਨਾ ਹੁੰਦਾ। ਉਸਦੇ ਅਧਿਆਪਕ ਵੀ ਇਸ ਪੱਖੋਂ ਕੋਈ ਕਸਰ ਨਾ ਛੱਡਦੇ ਪਰ ਭੁਪਿੰਦਰ ਸੀ ਕਿ ਪੜ੍ਹਾਈ ਦੇ ਨਾਂ ਤੇ ਜੀਅ ਚੁਰਾਉਣ ਲੱਗ ਪੈਂਦਾ ਪਰ ਉਸਦੀ ਇਸ ਵਿੱਚ ਦਿਲਚਸਪੀ ਨਾ ਵਧਦੀ।

    ਇਸੇ ਗੱਲ ਨੂੰ ਲੈ ਕੇ ਘਰ ਵਿੱਚ ਮਾਤਾ ਜੀ ਕਾਫੀ ਪ੍ਰੇਸ਼ਾਨ ਰਹਿੰਦੇ ਤੇ ਇਸ ਪ੍ਰੇਸ਼ਾਨੀ  ਦਾ ਭਪਿੰਦਰ ਦੇ ਪਿਤਾ ਜੀ ਨੂੰ ਵੀ ਪਤਾ ਸੀ ਪਰ ਸਾਰੇ ਹੀਲੇ ਵਸੀਲੇ ਲਗਾਉਣ ਦੇ ਬਾਵਜੂਦ ਭੁਪਿੰਦਰ ਦੀ ਪੜ੍ਹਾਈ ਵਿੱਚ ਚੱਲ ਰਹੀ  ਹਾਲਤ ਵਿੱਚ ਸੁਧਾਰ ਨਾ ਹੋਇਆ। ਉਹ ਸਕੂਲ ਤੋਂ ਮਿਲੇ ਘਰ ਦੇ ਕੰਮ ਨੂੰ ਕਰਨ ਉਪਰੰਤ ਖੇਡਣ ਲਈ ਖੇਡ ਦੇ ਮੈਦਾਨ ਚਲੇ ਜਾਂਦਾ। ਮਾਤਾ ਜੀ ਆਵਾਜ਼ਾਂ ਮਾਰਦੇ ਰਹਿੰਦੇ, “ਭੁਪਿੰਦਰ ਪੁੱਤ, ਕੁਝ ਸਮਾਂ ਹੋਰ ਪੜ੍ਹ ਲੈ, ਬੈਠ ਜਾ ਪੁੱਤ।” ਪਰ ਉਹ ਸੀ ਕਿ ਸਿਰ ਤੇ ਜੂੰ ਤੱਕ ਨਾ ਸਿਰਕਦੀ। ਸਿੱਧਾ ਖੇਡ ਦੇ ਮੈਦਾਨ ਹੀ ਰੁੱਕਦਾ।

    ਮਹੀਨਾਵਾਰ ਪੇਰੈਂਟਸ ਮੀਟਿੰਗ ਵਿੱਚ ਇਸ  ਵਾਰ ਪਿਤਾ ਜੀ ਨੇ ਵੀ ਆਪਣੇ ਦਫਤਰ ਤੋਂ ਛੁੱਟੀ ਲੈ ਕੇ ਸਕੂਲ ਜਾਣ ਦਾ ਮਨ ਬਣਾਇਆ। ਪਹਿਲਾਂ ਹਰ ਵਾਰ ਉਸਦੇ ਮਾਤਾ ਜੀ ਹੀ ਇਸ ਮੀਟਿੰਗ ਵਿੱਚ ਜਾਂਦੇ ਸਨ। ਭੁਪਿੰਦਰ ਦੀ ਮਾਤਾ ਉਸ ਨੂੰ ਆਖਣ ਲੱਗੇ, “ਪੁੱਤਰ ਇਸ ਵਾਰ ਪੇਰੈਂਟਸ ਮੀਟਿੰਗ ਵਿੱਚ ਤੇਰੇ ਪਿਤਾ ਜੀ ਵੀ ਜਾਣਗੇ।” ਪਹਿਲਾਂ ਤਾਂ ਉਹ ਚੁੱਪ ਰਿਹਾ ਪਰ ਜਦੋਂ ਹੀ ਮਾਤਾ ਜੀ ਨੇ ਦੁਬਾਰਾ ਕਿਹਾ ਤਾਂ ਉਹ ਕਹਿਣ ਲੱਗਾ, “ਮਾਤਾ ਜੀ ਜੇ ਕੋਈ ਹੋਰ ਆਂਢੀ-ਗਵਾਂਢੀ ਵੀ ਲੈ ਕੇ ਜਾਣਾ ਹੈ ਤਾਂ ਲੈ ਚੱਲੋ।” ਭੁਪਿੰਦਰ ਦਾ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਮਾਤਾ ਜੀ ਹੱਕੀ ਬੱਕੀ ਰਹਿ ਗਏ। ਉਸਨੇ ਉਸਦੇ ਚਿਹਰੇ ਨੂੰ ਦੇਖ ਹੋਰ ਕੁਝ ਕਹਿਣਾ ਜ਼ਾਇਜ ਨਾ ਸਮਝਿਆ।

    ਪੇਰੈਂਟਸ ਮੀਟਿੰਗ ਵਾਲੇ ਦਿਨ ਭੁਪਿੰਦਰ  ਦੇ ਪਿਤਾ ਅਤੇ ਮਾਤਾ ਜੀ ਮੀਟਿੰਗ ਵਿੱਚ ਸਮੇਂ ਸਿਰ ਪੁੱਜ ਗਏ। ਹੋਰ ਵੀ ਵਿਦਿਆਰਥੀਆਂ ਦੇ ਮਾਤਾ ਪਿਤਾ ਇਸ ਮੀਟਿੰਗ ਲਈ ਆਏ ਹੋਏ ਸਨ। ਉਹ ਅਜੇ ਮੀਟਿੰਗ ਵਾਲੇ ਕਮਰੇ ਦੇ ਬਾਹਰ ਪੁੱਜੇ ਹੀ ਸਨ ਕਿ ਉੱਥੇ ਸਕੂਲ ਦੇ ਕੁਝ ਵਿਦਿਆਰਥੀ ਆਪਣੇ ਮਾਤਾ-ਪਿਤਾ ਵੱਲੋਂ ਲਿਆਂਦੀ ਜਾਦੂਈ ਕਲਮ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰ ਰਹੇ ਸਨ। ਭੁਪਿੰਦਰ ਦੇ ਪਿਤਾ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ। ਅਮਨ ਨਾਂ ਦਾ ਵਿਦਿਆਰਥੀ ਜੋ ਕਿ ਭੁਪਿੰਦਰ ਦੀ ਹੀ ਜਮਾਤ ਵਿੱਚ ਪੜ੍ਹਦਾ ਸੀ ਆਖ ਰਿਹਾ ਸੀ, “ਮੇਰੇ ਪਿਤਾ ਵੱਲੋਂ ਲਿਆਂਦੀ ਜਾਦੂਈ ਕਲਮ ਨਾਲ ਮੈਨੂੰ ਐਨੀ ਪੜ੍ਹਾਈ ਆ ਗਈ ਹੈ ਕਿ ਅੱਜ ਮੇਰੇ ਮਾਤਾ-ਪਿਤਾ ਨੂੰ ਕਿਸੇ ਹੋਰ ਕੰਮ ਤੇ ਜਾਣ ਕਾਰਨ ਇਸ ਮੀਟਿੰਗ ਤੇ ਆਉਣ ਦੀ ਅਧਿਆਪਕਾਂ ਨੇ ਛੋਟ ਵੀ ਦੇ ਦਿੱਤੀ।” ਤੇ ਨਾਲ ਹੀ ਇੱਕ ਹੋਰ ਵਿਦਿਆਰਥੀ ਨੇ ਉਸਦੀ ਸੁਰ ਵਿੱਚ ਸੁਰ ਮਿਲਾਉਂਦਿਆਂ ਕਿਹਾ, “ਮੈਂ ਵੀ ਆਪਣੇ ਪਿਤਾ ਤੋਂ ਤੇਰੇ ਵਾਂਗੂ ਹੀ ਜਾਦੂਈ ਕਲਮ ਮੰਗਾਵਾਂਗਾ।”

    ਇਸ ਉਪਰੰਤ ਮੀਟਿੰਗ ਸ਼ੁਰੂ ਹੋ ਗਈ। ਭਪਿੰਦਰ ਦੇ ਮਾਤਾ ਪਿਤਾ ਨੇ ਉਸਦੀ ਪੜ੍ਹਾਈ ਨਾਲ ਸਬੰਧਤ ਕਾਫੀ ਗੱਲਾਂ ਅਧਿਆਪਕਾਂ ਤੇ ਪਿੰ੍ਰਸੀਪਲ ਨਾਲ ਸਾਂਝੀਆਂ ਕੀਤੀਆ। ਪਰ ਮਾਜਰਾ ਉਸਦੇ ਪਿਤਾ ਨੂੰ ਕੁਝ ਕੁਝ ਸਮਝ ਆ ਚੁੱਕਾ ਸੀ। ਜਿਉਂ ਹੀ ਉਹ ਮੀਟਿੰਗ ਤੋਂ ਉਪਰੰਤ ਘਰ ਨੂੰ ਰਵਾਨਾ ਹੋਏ ਤਾਂ ਉਸਦੇ ਪਿਤਾ ਜੀ ਮਾਤਾ ਤੋਂ ਪੁੱਛਣ ਲੱਗੇ, “ਕੀ ਕਦੇ ਭੁਪਿੰਦਰ ਨੇ ਕਿਸੇ ਚੀਜ਼ ਲਈ ਜ਼ਿੱਦ ਵੀ ਕੀਤੀ ਹੈ?” ਕੁਝ ਪਲ ਸੋਚਣ ਤੋਂ ਬਾਅਦ ਭੁਪਿੰਦਰ ਦੇ ਮਾਤਾ ਜੀ ਕਹਿਣ ਲੱਗੇ, “ਪਰ ਕਦੇ ਬਹੁਤੀ ਤਾਂ ਨਹੀ, ਇੱਕ ਦੋ ਵਾਰ ਇਸਨੇ ਜਾਦੂਈ ਕਲਮ ਬਾਰੇ ਜਰੂਰ ਕਿਹਾ ਹੈ।” ਜਾਦੂਈ ਕਲਮ ਦਾ ਨਾਂ ਸੁਣਦੇ ਹੀ ਉਸਦੇ ਪਿਤਾ ਜੀ ਸਾਰਾ ਮਾਜਰਾ ਸਮਝ ਗਏ।

    ਜਦੋਂ ਹੀ ਸਕੂਲ ਤੋਂ ਛੁੱਟੀ  ਹੋਣ ਉਪਰੰਤ ਭੁਪਿੰਦਰ ਘਰ ਆਉਂਦਾ  ਹੈ ਤਾਂ ਉਹ ਉਸਨੂੰ ਕਹਿਣਾ ਸ਼ੁਰੂ ਕਰਦੇ ਹਨ, “ਪੁੱਤਰ ਹੁਣ ਅਸੀਂ ਵੀ ਤੈਨੂੰ ਜਾਦੂਈ ਕਲਮ ਲਿਆ ਦੇਣੀ ਹੈ, ਪਰ ਇਸ ਲਈ ਤੈਨੂੰ ਕੁਝ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਮੇਰੀ ਦੋ ਮਹੀਨਿਆਂ ਦੀ ਤਨਖਾਹ ਦੇਰੀ ਨਾਲ ਮਿਲਣੀ ਹੈ।” ਭੁਪਿੰਦਰ ਜਾਦੂਈ ਕਲਮ ਦੇ ਨਾਂ ਤੇ ਫੁਲਿਆਂ ਨਹੀਂ ਸਮਾਂ ਰਿਹਾ ਸੀ ਤੇ ਦੇਰੀ ਨਾਲ ਲਿਆਉਣ ਵਾਲੀ ਗੱਲ ਸੁਣ ਉਹ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ, “ਪਿਤਾ ਜੀ ਕੋਈ ਗੱਲ ਨੀ, ਤੁਸੀਂ ਮੈਨੂੰ ਦੇਰੀ ਨਾਲ ਤਨਖਾਹ ਪਏ ਤੋਂ ਹੀ ਜਾਦੂਈ ਕਲਮ ਦਿਵਾ ਦਿਓ ਪਰ ਦਿਵਾਇਓ ਜਰੂਰ।” ਪਿਉ ਪੁੱਤ ਦੀ ਇਸ ਤਰ੍ਹਾਂ ਦੀ ਵਾਰਤਾ ਤੋਂ ਮਾਤਾ ਜੀ ਕਾਫੀ ਭੈਅ-ਭੀਤ ਸਨ ਤੇ ਨਾਲ ਹੀ ਸਮਝ ਚੁੱਕੇ ਸਨ ਕਿ ਹੁਣ ਇਸਦੇ ਪਿਤਾ ਜੀ ਕਿਸੇ ਨਾ ਕਿਸੇ ਚੰਗੇ ਨਤੀਜੇ ਤੇ ਜਰੂਰ ਪੁੱਜਣਗੇ।

    ਨਾਲ ਹੀ ਹੋਰ ਆਦੇਸ਼ ਦਿੰਦਿਆਂ ਉਸਦੇ ਪਿਤਾ ਜੀ ਕਹਿਣ ਲੱਗੇ, “ਬੱਸ ਇੱਕ ਗੱਲ ਦਾ ਖਿਆਲ ਰੱਖੀ, ਉਸ ਕਲਮ ਦੇ ਮਿਲਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਲਮ ਦੇ ਯੋਗ ਬਣਾ ਲੈ ਭਾਵ ਪੜ੍ਹਾਈ ਵਿੱਚ ਮਿਹਨਤ ਕਰਨੀ ਸ਼ੁਰੂ ਕਰ ਦੇ ਤਾਂ ਕਿ ਕਲਮ ਵੀ ਤੇਰੀ ਮਿਹਨਤ ਨੂੰ ਦੇਖ ਕੇ ਤੈਨੂੰ ਪਹਿਲੇ ਦਰਜੇ ਵਿੱਚ ਲਿਆਉਣ ਵਿੱਚ ਆਪਣਾ ਫਰਜ਼ ਅਦਾ ਕਰੇ।” ਆਪਣੇ ਪਿਤਾ ਜੀ ਦੀਆਂ ਇਨ੍ਹਾਂ ਗੱÑਲਾਂ ਨੂੰ ਭੁਪਿੰਦਰ ਬਹੁਤ ਹੀ ਧਿਆਨ ਨਾਲ ਸੁਣ ਰਿਹਾ ਸੀ ਤੇ ਉਸਨੇ ਉਸੇ ਦਿਨ ਤੋਂ ਹੀ ਆਪਣੇ ਪਿਤਾ ਜੀ ਅਤੇ ਮਾਤਾ ਜੀ ਦੇ ਕੋਲ ਬਹਿ ਕੇ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਖੇਡਣ ਦਾ ਸਮਾਂ ਵੀ ਨਿਯਮਤ ਕਰ ਦਿੱਤਾ।  ਅਗਲੇ ਮਹੀਨੇ ਤਿਮਾਹੀ ਇਮਤਿਹਾਨ ਸਨ ਜਿਸ ਵਿੱਚ ਉਸਦੇ ਚੰਗੇ ਅੰਕ ਹੀ ਨਹੀਂ ਪ੍ਰਾਪਤ ਹੋਏ ਸਗੋਂ ਜਮਾਤ ਵਿੱਚੋਂ ਦੂਜੇ ਦਰਜੇ ਵਿੱਚੋਂ ਪਾਸ ਵੀ ਹੋਇਆ। ਹੁਣ ਭੁਪਿੰਦਰ ਕਾਫੀ ਖੁਸ ਸੀ। ਉਸਦੇ ਅੰਕ ਚੰਗੇ ਆ ਰਹੇ ਸਨ ਅਤੇ ਅਜੇ ਉਸਨੂੰ ਜਾਦੂਈ ਕਲਮ ਦੀ ਮਿਲ ਜਾਣ ਦੀ ਵੀ ਆਸ ਸੀ।

    ਇੱਕ ਦਿਨ ਉਸਨੇ ਆਪਣੇ  ਪਿਤਾ ਜੀ ਨੂੰ ਕਿਹਾ, “ਪਿਤਾ ਜੀ, ਫਿਰ ਮੇਰੀ ਜਾਦੂਈ ਕਲਮ ਕਦੋਂ ਲਿਆ ਰਹੇ ਹੋ?” ਪਿਤਾ ਜੀ ਪਹਿਲਾਂ ਮੁਸਕਰਾਏ ਤੇ ਫਿਰ ਕਹਿਣ ਲੱਗੇ, “ਪੁੱਤਰ ਜੀ, ਜਾਦੂਈ ਕਲਮ ਤਾਂ ਤੁਸੀਂ ਕਦੋਂ ਦੀ ਪ੍ਰਾਪਤ ਕਰ ਲਈ ਹੈ।” ਉਹ ਹੈਰਾਨ ਹੋਇਆ ਬੋਲਣ ਲੱਗਾ, “ਨਾ ਨਾ, ਤੁਸੀਂ ਤਾਂ ਅਜੇ ਦਿਵਾਈ ਹੀ ਨਹੀਂ।” ਉਸਦੇ ਪਿਤਾ ਜੀ ਫਿਰ ਮੁਸਕਰਾ ਕੇ ਕਹਿਣ ਲੱਗੇ, “ਪੁੱਤਰ ਜੀ, ਜੋ ਤੁਸੀਂ ਤਿਮਾਹੀ ਇਮਤਿਹਾਨਾਂ ਵਿੱਚ ਦੂਜਾ ਦਰਜਾ ਪ੍ਰਾਪਤ ਕੀਤਾ ਹੈ ਇਹ ਇਸ ਜਾਦੂਈ ਕਲਮ ਦਾ ਹੀ ਨਤੀਜਾ ਹੈ, ਉਹ ਹੈ ਜਾਦੂਈ ਕਲਮ ਤੇਰੀ ਮਿਹਨਤ।” ਭੁਪਿੰਦਰ ਬਹੁਤ ਹੀ ਧਿਆਨ ਨਾਲ ਆਪਣੇ ਪਿਤਾ ਜੀ ਦੀ ਗੱਲ ਸੁਣ ਰਿਹਾ ਸੀ। ਉਹ ਫਿਰ ਅੱਗੇ ਬੋਲੇ, “ਮਿਹਨਤ ਸਦਕਾਂ ਤੇਰੇ ਵਿੱਚ ਆਤਮ ਵਿਸ਼ਵਾਸ਼ ਪੈਦਾ ਹੋਇਆ ਤੇ ਫਿਰ ਉਸੇ ਆਤਮ ਵਿਸ਼ਵਾਸ਼ ਨੇ ਤੇਰੇ ਇਨ੍ਹਾਂ ਹੱਥਾਂ ਵਿੱਚ ਫੜੀ ਕਲਮ ਨੂੰ ਜਾਦੂਈ ਕਲਮ ਦਾ ਰੂਪ ਦਿੱਤਾ ਜਿਸ ਸਦਕਾ ਹੁਣ ਤੂੰ ਮਿਹਨਤ ਕਰ ਰਿਹਾ ਏ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਰਦਾ ਰਹਾਂਗਾ, ਬੱਸ ਇਹ ਹੀ ਹੈ ਜਾਦੂਈ ਕਲਮ, ਮਿਹਨਤ ਦਾ ਪੱਲਾ ਫੜਨਾ। ਪਰ ਹਾਂ, ਜੇ ਤੇਰੀ ਮਾਤਾ ਜੀ ਮੈਨੂੰ ਪਹਿਲਾਂ ਹੀ ਇਸ ਬਾਰੇ ਦੱਸ ਦਿੰਦੀ ਤਾਂ ਅੱਜ ਨਤੀਜਾ ਹੋਰ ਦਾ ਹੋਰ ਹੀ ਹੋਣਾ ਸੀ।” ਉਸਦੇ ਮਾਤਾ ਜੀ ਕੁਝ ਬੋਲਣ ਹੀ ਲੱਗੇ ਸਨ ਕਿ ਭੁਪਿੰਦਰ ਨੇ ਆਪਣੇ ਪਿਤਾ ਅਤੇ ਮਾਤਾ ਦੇ ਪੈਰੀ ਹੱਥ ਲਾਉਂਦਿਆਂ ਕਿਹਾ, “ਪਿਤਾ ਜੀ, ਡੁਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆਂ, ਬੱਸ ਹੁਣ ਇਸ ਜਾਦੂਈ ਕਲਮ ਬਾਰੇ ਮੇਰਾ ਫਰਜ਼ ਸਾਰੀ ਜਮਾਤ ਨੂੰ ਸਮਝਾਉਣਾ ਹੈ ਤਾਂ ਕਿ ਮੈਂ ਆਪਣੀ ਤਰ੍ਹਾਂ ਆਪਣੇ ਵਿਦਿਆਰਥੀ ਦੋਸਤਾਂ ਵਿੱਚੋਂ ਵੀ ਅਗਿਆਨਤਾ ਦਾ ਨ੍ਹੇਰੇ ਤੋਂ ਦੂਰ ਕਰ ਸਕਾਂ।” ਭੁਪਿੰਦਰ ਵਿੱਚ ਆਈ ਇਸ ਤਬਦੀਲੀ ਨੂੰ ਦੇਖ ਮਾਤਾ ਪਿਤਾ ਫੁਲ੍ਹੇ ਨਹੀਂ ਸਮਾਂ ਰਹੇ ਸਨ।