ਜਿਸ ਤਨ ਲਾਗੈ ਸੋ ਤਨ ਜਾਣੇ
(ਪਿਛਲ ਝਾਤ )
ਅਖ਼ਬਾਰਾਂ ਵਿਚ ਸੜਕ ਹਾਦਸਿਆਂ ਦੀਆਂ ਸੁਰਖੀਆਂ ਅਸੀਂ ਨਿੱਤ ਹੀ ਪੜ੍ਹਦੇ ਹਾਂ। ਅਜਿਹੀਆਂ ਦੁਖਦਾਈ ਖ਼ਬਰਾਂ ਪੜ੍ਹਦਿਆਂ ਦਿਲ ਚੋਂ ਆਹ ਨਿਕਲਦੀ ਹੈ। ਕਦੀ-ਕਦੀ ਇਨ੍ਹਾਂ ਹਾਦਸਿਆਂ ਵਿਚ ਕਈ ਘਰਾਂ ਦਾ ਇਕਲੌਤਾ ਚਿਰਾਗ ਵੀ ਬੁਝ ਜਾਂਦਾ ਹੈ। ਕਿਵੇਂ ਸਹਾਰਦੇ ਹੋਣਗੇ ਉਨ੍ਹਾਂ ਦੇ ਮਾਪੇ ਅਜਿਹੇ ਅਸਹਿ ਦੁੱਖ ਨੂੰ? ਅਸੀਂ ਸਿਰਫ ਮਿੰਟ ਦੋ ਮਿੰਟ ਹੀ ਉਸ ਘਟਨਾ ਬਾਰੇ ਸੋਚਦੇ ਹਾਂ, ਇਕ ਲੰਮਾ ਹੌਕਾ ਭਰ ਕੇ ਅਗਲੀ ਖ਼ਬਰ ਪੜ੍ਹਨ ਵਿਚ ਰੁਝ ਜਾਂਦੇ ਹਾਂ। ਸਾਡੇ ਲਈ ਇਹ ਇਕ ਮਹਿਜ਼ ਖ਼ਬਰ ਹੀ ਹੁੰਦੀ ਹੈ। ਪਰ, ਜਿਸ ਘਰ ਵਿਚ ਇਹ ਸਭ ਬੀਤਦਾ ਹੈ, ਉਨ੍ਹਾਂ ਦੀ ਹਾਲਤ ਕਹਿਣ-ਸੁਣਨ ਤੋਂ ਬਾਹਰ ਹੁੰਦੀ ਹੈ।
ਕਾਫੀ ਸਮਾਂ ਪਹਿਲਾਂ ਮੇਰੇ ਲਈ ਵੀ ਇਹ ਇਕ ਖ਼ਬਰ ਹੀ ਹੁੰਦੀ ਸੀ, ਪਰ ਹੁਣ ਜਦੋਂ ਕੋਈ ਅਜਿਹੀ ਖ਼ਬਰ ਪੜ੍ਹਦੀ ਹਾਂ ਤਾਂ ਮੇਰੀ ਰੂਹ ਕੁਰਲਾ ਉਠਦੀ ਏ, ਦਿਲ ਡੁੱਬਣ ਲੱਗਦਾ ਏ। ਮਰਨ ਵਾਲਿਆਂ ਨੌਜਵਾਨਾਂ ਦੀਆਂ ਮਾਵਾਂ ਦੇ ਨਿਮੋਝਾਣੇ ਚਿਹਰੇ ਮੱਲੋਮੱਲੀ ਮੇਰੇ ਸਾਹਮਣੇ ਆ ਖੜ੍ਹਦੇ ਨੇ। ਬੇਹੱਦ ਬੇਵੱਸ ਤੇ ਨਿਰਾਸ਼ ਚਿਹਰੇ ਨਾਲ ਮੈਂ ਅੱਖਾਂ ਬੰਦ ਕਰਕੇ ਮਨੋ-ਮਨੀ ਦੁਖ ਸਾਂਝਾ ਕਰ ਲੈਂਦੀ ਹੈ। ਸੋਚਦੀ ਹਾਂ ਪਤਾ ਨਹੀਂ ਕਿੰਨੇ ਕੁ ਵਸਦੇ-ਰਸਦੇ ਘਰ ਇਨ੍ਹਾਂ ਹਾਦਸਿਆਂ ਵਿਚ ਉਜੜ ਜਾਂਦੇ ਨੇ। ਚਿੱਟੇ ਦਿਨੇ ਹੀ ਮਾਪੇ ਸਹਾਰੇ ਤੋਂ ਵਾਂਝੇ ਹੋ ਜਾਂਦੇ ਨੇ। ਕਿੰਨੇ ਹੀ ਮਸੂਮ ਬਾਲ ਬਚਪਨ ਵਿਚ ਅਨਾਥ ਹੋ ਜਾਂਦੇ ਨੇ? ਪਰ, ਪਤਾ ਨਹੀਂ ਕਿਉਂ, ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਸਾਡਾ ਨੌਜਵਾਨ ਵਰਗ ਹੀ ਕਿਉਂ ਹੁੰਦਾ ਹੈ?
ਇਹੋ ਜਿਹੀਆਂ ਸੋਚਾਂ ਵਿਚ ਗਵਾਚਿਆਂ ਹੀ ਮੈਨੂੰ ਉਹ ਮਨਹੂਸ ਦਿਨ ਯਾਦ ਆਉਂਦਾ ਏ, ਜਦੋਂ ਮੇਰੀ ਭਰ ਜੁਆਨ ਹੰਸੂ-ਹੰਸੂ ਕਰਦੀ ਪਿਆਰੀ ਬੱਚੀ ਇਕ ਸੜਕ ਹਾਦਸੇ ਵਿਚ ਖ਼ਤਮ ਹੋ ਗਈ ਸੀ। ਦਿਲ ਤੇ ਦਿਮਾਗ ਆਪਸ ਵਿਚ ਝਗੜਦੇ ਨੇ ਕਿ ਇਹ ਰੱਬ ਦੀ ਮਰਜ਼ੀ ਹੁੰਦੀ ਹੈ ਜਾਂ ਕੋਈ ਤਕਨੀਕੀ ਗਲ਼ਤੀ। ਇਸ ਘਟਨਾਂ ਨੂੰ ਵਾਪਰਿਆਂ ਭਾਵੇਂ ਇਕ ਵਰ੍ਹਾ ਹੋਣ ਲੱਗਾ ਏ, ਪਰ ਮੈਨੂੰ ਇੰਜ ਜਾਪਦਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ। ਪਾਲ-ਪਲੋਸ ਕੇ ਸੌ ਸ਼ਗਨਾਂ ਨਾਲ ਵਿਆਹ ਕੀਤਾ ਸੀ, ਪਰ ਪਲਾਂ-ਛਿਣਾਂ 'ਚ ਹੀ ਅੱਖੋਂ ਉੱਝਲ ਹੋ ਗਈ। ਉਸ ਦੇ ਜਾਣ ਨਾਲ ਮੈਨੂੰ ਇਉਂ ਲੱਗਦਾ ਏ ਜਿਵੇਂ ਮੈਂ ਲੁੱਟੀ-ਪੁੱਟੀ ਗਈ ਹੋਵਾਂ; ਮਮਤਾ ਦੀ ਆਂਦਰ ਟੁੱਟ ਗਈ ਹੋਵੇ। ਭਾਵੇਂ ਮੇਰੇ ਦੋ ਪੁੱਤਰ ਵੀ ਹਨ, ਪਰ ਸੁੱਖਾਂ-ਲੱਦੀ ਧੀ ਇਕ ਹੀ ਸੀ, ਉਹ ਵੀ ਰੱਬ ਨੇ ਖੋਹ ਲਈ। ਇਸ ਘਟਨਾ ਨਾਲ ਮੈਂ ਸਮਝੋਤਾ ਨਹੀਂ ਕਰ ਸਕੀ ਅਜੇ ਤੀਕਰ।
ਅੱਜ ਵੀ ਮੈਨੂੰ ਇੰਝ ਜਾਪਦਾ ਏ ਜਿਵੇਂ ਉਹ ਭੱਜੀ-ਭੱਜੀ ਆਵੇਗੀ ਤੇ ਮੰਮੀ-ਮੰਮੀ ਕਹਿ ਕੇ ਮੇਰੇ ਗ਼ਲੇ ਨਾਲ ਲਿਪਟ ਜਾਵੇਗੀ। ਉਸ ਦੇ ਬੋਲ ਅਜੇ ਵੀ ਮੇਰੇ ਕੰਨਾਂ ਵਿਚ ਗੂੰਜਦੇ ਨੇ। ਉਸ ਦੀਆਂ ਹੋਈਆਂ ਨੇਕ-ਸਲਾਹਾਂ ਅੱਜ ਵੀ ਮੇਰੇ ਰੂਬਰੂ ਹੋ ਜਾਂਦੀਆਂ ਨੇ। ਉਸ ਦੀ ਯਾਦ ਵਿਚ ਡੁੱਬਿਆਂ ਜਦੋਂ ਯਾਦ ਆਉਂਦਾ ਏ ਕਿ ਹੁਣ ਮੇਰੀ ਧੀ ਨੇ ਜ਼ਿੰਦਗੀ ਵਿਚ ਮੁੜ ਕਦੀ ਨਹੀਂ ਆਉਣਾ, ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਏ। ਅਸੀਂ ਸਾਰੇ ਬਚਪਨ ਤੋਂ ਇਹੀ ਸੁਣਦੇ ਆਏ ਹਾਂ ਕਿ ਰੱਬ ਜੋ ਕਰਦਾ ਏ, ਚੰਗਾ ਹੀ ਕਰਦਾ ਏ; ਪਰ ਸਮਝ ਨਹੀਂ ਆਉਂਦੀ ਕਿ ਇਸ ਘਟਨਾ ਵਿਚ ਉਸ ਡਾਹਢੇ ਨੇ ਕੀ ਚੰਗਾ ਕੀਤਾ ਹੈ? ਪੰਜ-ਸਾਲਾਂ ਦਾ ਮਸੂਮ ਜਿਹਾ ਬੱਚਾ ਮਾਂ ਤੋਂ ਬਿਨਾਂ ਕਿਵੇਂ ਜੀਵੇਗਾ? ਉਸ ਦੀ ਮਾਂ ਦੀ ਅਣਹੋਂਦ ਨੂੰ ਕੌਣ ਪੂਰਾ ਕਰੇਗਾ?
ਅਜੇ ਤੀਕ ਵੀ ਪੂਰੀ ਰਾਤ ਸੁਪਨੇ ਵਿਚ ਮੈਂ ਆਪਣੀ ਪਿਆਰੀ ਧੀ ਨਾਲ ਗੱਲਾਂ ਕਰਦੀ ਰਹਿੰਦੀ ਹਾਂ। ਮੇਰੇ ਦਿਲ ਤੇ ਦਿਮਾਗ ਨੇ ਉਸ ਦੇ ਵਿਛੋੜੇ ਨੂੰ ਨਹੀਂ ਕਬੂਲਿਆ। ਮੈਨੂੰ ਆਪਣੀ ਪੂਰੀ ਉਮਰ ਵਿਚ ਉਸ ਜਿਹੀ ਧੀ ਕਿੱਥੋਂ ਮਿਲੇਗੀ? ਧੀਆਂ ਤਾਂ ਹਰ ਵੇਲੇ ਮਾਪਿਆਂ ਦਾ, ਖਾਸ ਕਰਕੇ ਉਨ੍ਹਾਂ ਦੇ ਦੁੱਖਾਂ-ਸੁੱਖਾਂ ਦਾ ਖ਼ਿਆਲ ਰੱਖਦੀਆਂ ਨੇ। ਬਿਗਾਨੇ ਘਰ ਜਾ ਕੇ ਵੀ ਉਹ ਆਪਣੇ ਮਾਪਿਆਂ ਦੀ ਸੁੱਖ ਮੰਗਦੀਆਂ ਨੇ, ਪਲ-ਪਲ ਖ਼ਬਰਸਾਰ ਲੈਂਦੀਆਂ ਰਹਿੰਦੀਆਂ ਨੇ।
ਧੀ ਨੂੰ ਗਵਾ ਕੇ ਮੈਨੂੰ ਇਉਂ ਲੱਗਦਾ ਏ ਜਿਉਂ ਰੱਬ ਨੇ ਕਿਸੇ ਵੱਡੇ ਸਾਰੇ ਗੁਨਾਹ ਦੀ ਸਜ਼ਾ ਦਿੱਤੀ ਹੋਵੇ। ਜਦੋਂ ਕੁੜੀਆਂ ਘਰ ਆ ਕੇ ਚਿੜੀਆਂ ਵਾਂਗਰ ਚਹਿ-ਚਹਿ ਕਰਦੀਆਂ ਨੇ ਤਾਂ ਸਾਰੇ ਘਰ ਦਾ ਮਾਹੌਲ ਹੀ ਬਦਲ ਜਾਂਦਾ ਏ। ਜਿਸ ਘਰ ਵਿਚ ਕੁੜੀਆਂ ਦਾ ਆਉਣਾ-ਜਾਣਾ ਨਹੀਂ ਹੁੰਦਾ, ਉਹ ਘਰ, ਘਰ ਨਹੀਂ, ਸਗੋਂ ਬੇ-ਭਾਗੇ ਹੁੰਦੇ ਨੇ। ਆਪਣੇ ਦੁੱਖ ਦਾ ਅਨੁਭਵ ਇਸ ਲਈ ਸਾਂਝਾ ਕਰ ਰਹੀ ਹਾਂ ਕਿਉਂਕਿ ਇਹ ਮੇਰੀ 'ਕੱਲੀ ਦੀ ਕਹਾਣੀ ਨਹੀਂ, ਸਗੋਂ ਉਨ੍ਹਾਂ ਸਾਰੇ ਮਾਪਿਆਂ ਦੇ ਦਿਲ ਦੀ ਗਾਥਾ ਹੈ, ਜਿਨ੍ਹਾਂ ਦੇ ਜੁਆਨ ਧੀ-ਪੁੱਤ ਅਣ-ਆਈ ਮੌਤੇ ਵਿਛੜ ਜਾਂਦੇ ਨੇ ।
ਇਸ ਦੁੱਖ ਦੀ ਘੜੀ ਵਿਚ ਮੇਰੇ ਸਾਰੇ ਰਿਸ਼ਤੇਦਾਰ, ਭੈਣ-ਭਾਈ ਅਤੇ ਆਂਢੀਆਂ-ਗੁਆਂਢੀਆਂ ਨੇ ਮੇਰਾ ਦੁੱਖ ਵੰਡਾਇਆ, ਹਮਦਰਦੀ ਕੀਤੀ ਤੇ ਅਪਣੱਤ ਜਿਤਾਈ। ਮੈਂ ਸਭ ਦੀ ਧੰਨਵਾਦੀ ਹਾਂ। ਦੁਨੀਆਂ ਦੇ ਰੀਤੀ-ਰਿਵਾਜਾਂ ਅਨੁਸਾਰ ਲੋਕੀਂ ਉਨ੍ਹਾਂ ਦਿਨਾਂ ਵਿਚ ਹੀ ਆਉਂਦੇ ਨੇ ਤੇ ਅਪਣੀ ਜ਼ਿੰਮੇਵਾਰੀ ਦਾ ਅਹਿਸਾਸ ਦਿਵਾ ਕੇ ਚਲੇ ਜਾਂਦੇ ਨੇ, ਪਰ ਜਿਨ੍ਹਾਂ ਘਰਾਂ ਵਿਚ ਇਹੋ ਜਿਹੇ ਹਾਦਸੇ ਵਾਪਰਦੇ ਨੇ, ਉਨ੍ਹਾਂ ਦੇ ਹੰਝੂ ਕਦੇ ਰੁਕਦੇ, ਸੁਕਦੇ ਨਹੀਂ। ਇਹ ਓਹੀ ਜਾਣਨ ਜਿਹੜਾ ਤੁਫ਼ਾਨ ਉ੍ਹਨਾਂ ਦੇ ਦਿਲ ਵਿਚ ਹਰ ਸਮੇਂ ਮਚਿਆ ਰਹਿੰਦਾ ਏ। ਅਜਿਹੀ ਪੀੜਾ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਉਫ਼! ਜ਼ਿੰਦਗੀ ਭਰ ਲਈ ਕਿਸੇ ਦੇ ਵਿਛੜ ਜਾਣ ਦਾ ਦੁੱਖ ਕੀ ਹੁੰਦਾ ਏ; ਇਹ ਮੈਂ ਹੁਣ ਜਾਣ ਸਕੀ ਹਾਂ।
ਭਾਵੇਂ ਦੁਨੀਆਂ ਤੋਂ ਇਕ ਨਾ ਇਕ ਦਿਨ ਸਭ ਨੇ ਤੁਰ ਜਾਣਾ ਹੈ, ਪਰ ਬੇ-ਵਕਤ ਹੋਈਆਂ ਮੌਤਾਂ, ਲੰਮੇ ਵਿਛੋੜੇ ਬਹੁਤ ਦੁੱਖ ਦਿੰਦੇ ਨੇ। ਇਸ ਗੱਲ ਦਾ ਅਹਿਸਾਸ ਮੈਨੂੰ ਆਪਣੀ ਪਿਆਰੀ ਬੱਚੀ ਦੇ ਵਿਛੜ ਜਾਣ ਤੋਂ ਬਾਅਦ ਹੀ ਹੋਇਆ ਹੈ। ਇਸੇ ਲਈ ਤਾਂ ਕਿਹਾ ਜਾਂਦਾ ਏ, ਜਿਸ ਤਨ ਲਾਗੈ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ?