ਰੁੱਤ ਬਦਲੀ ,ਪੰਛੀ ਕੋਈ ਆਵੇ ।
ਬੈਠ ਬੰਨੇ ਉਹ ਬੀਤੀ ਸੁਣਾਵੇ ।
ਸੁੰਨੇ ਵੇਹੜੇ ਕਿਰਨਾਂ ਬੀੱਜੇ ,
ਮੇਰੇ ਤੰਨ ਮੰਨ ਰੋਣਕ ਲਾਵੇ ।
ਲੰਮੀ ਉਡਾਰੀ ਥੱਕਿਆ ਥੱਕਿਆ ,
ਨਿੱਘ ਘਰ ਦਾ ਮੇਰੇ ਘਰ ਪਾਵੇ ।
ਜਿਸ ਚੋਗੇ ਲਈ ਇਹਨੀ ਖਵਾਰੀ ,
ਕਿੰਝ ਚੁਗਿਆ ਇਹ ਸੱਚ ਸਮਝਾਵੇ ।
ਸੱਭ ਸਾਗਰ ਦੇ ਪਾਣੀ ਖਾਰੇ ,
ਬਿੰਨ ਚੱਖਿਆਂ ਗੱਲ ਸਮਝ ਨਾਂ ਆਵੇ ।
ਨਜ਼ਰ ਉਸਦੀ ਕੁਝ ਢੂੰਡ ਰਹੀ ਏ ,
ਜੋ ਗਵਾਚਾ ਕੌਣ ਲੱਭ ਲਿਆਵੇ ।
ਬੰਦ ਬੂਹਿਆਂ ਦੇ ਪਿੱਛੇ ਕੀ ਏ ,
ਸਮਿਆਂ ਦੀ ਚੁਪ ਮੰਜੀ ਡਾਵੇ ।
ਡਾਰਾਂ ਦੇ ਨਾਲ ਉਡਕੇ ਜਾਣਾ ,
ਮਾਰ ਮੌਸਮ ਦੀ ਕਈਆਂ ਨੂੰ ਖਾਵੇ ।
ਕਿਉਂ ਲੱਭਣਾ ਏਂ ਉਡਗਏ ਤੀਲੇ ,
ਇੰਝ ਤਾਂ ਆਹਲਣਾ ਬਣ ਨਾਂ ਪਾਵੇ ।
ਵੇਹੜੇ ਮੇਰੇ ਖ਼ਾਬ ਦਾ ਬੂੱਟਾ ,
ਹਰ ਟਾਹਣੀ ਤੇਨੂੰ ਕੋਲ ਬੁਲਾਵੇ ।
ਟਾਹਣੀਆਂ ਦੀ ਬੁੱਕਲ ਦੇ ਅੰਦਰ ,
ਫਿਰ ਇੱਕ ਤੇਰਾ ਘਰ ਬਣ ਜਾਵੇ ।