ਤੂੰ ਠੀਕ ਕਿ ਮੈਂ ਠੀਕ
(ਕਵਿਤਾ)
ਤੂੰ ਵੀ ਠੀਕ ਉਹ ਵੀ ਠੀਕ ਤੇ ਮੈਂ ਵੀ ਠੀਕ ਹਾਂ
ਮੇਰੀ ਸੋਚ ਠੀਕ ਨਹੀਂ ਮੈ ਬੰਦਾ ਨਾਮ ਧਰੀਕ ਹਾਂ
ਮੇਰੀ ਸੋਚ ਦੀ ਕੋਈ ਵਿਧੀ ਤੇ ਕੋਈ ਵਿਧਾਨ ਨਹੀਂ
ਗੱਲ ਸਾਨ ਤੇ ਨਹੀਂ ਲੱਗਦੀ ਨਾ ਮੈਂ ਬੁੱਧੀ ਬਰੀਕ ਹਾਂ
ਅਖਬਾਰਾਂ ਤੇ ਅਫਵਾਹਾਂ ਨੂੰ ਝੱਟ ਵਿੱਚ ਸੱਚ ਮੰਨ ਲੈਨਾਂ
ਬੋਦੀ ਸੋਚ ਨੂੰ ਛੱਡਦਾ ਨਹੀਂ ਬਸ ਲੀਕ ਉਤੇ ਲੀਕ ਹਾਂ
ਉਹ, ਤੂੰ ਤੇ ਮੈਂ ਮੇਰੇ ਸਾਥੀ ਇਕੋ ਦੁੱਖ ਦੇ ਭੰਨੇ ਹਾਂ
ਭੰਨਣ ਵਾਲੇ ਮਿੱਤਰ ਨੇ ਅਸੀਂ ਆਪਸ ਵਿੱਚ ਸ਼ਰੀਕ ਹਾਂ
ਜੋ ਹੋਣਾ ਸੀ ਉਹ ਹੋ ਚੁਕਿਆ ਉਹ ਬੀਤੇ ਦੀਆਂ ਗੱਲਾਂ ਨੇ
ਵਰਤਮਾਨ ਨੂੰ ਸਮਝਦੇ ਨਹੀ ਰਹਿੰਦੇ ਵਿੱਚ ਅਤੀਤ ਹਾਂ
ਜੇ ਅੱਗੇ ਵਧਣਾ ਚਾਹੁਣਾ ਤੂੰ ਗਿਆਨ ਸਮੇਂ ਦਾ ਲੈਣਾ ਹੈ
ਲੋਕੀ ਪਹੁੰਚੇ ਚੰਨ ਉਤੇ ਅਸੀਂ ਧਰਤੀ ਤੋਂ ਵੀ ਨੀਚ ਹਾਂ
ਅਸੀਂ ਰਹਿਨੇ ਧੁੰਦ ਹਨੇਰੇ 'ਚ ਕੂੜ ਕੁਫਰ ਦੇ ਸਾਥੀ ਹਾਂ
ਦਿਲਾਂ ਨੂੰ ਰੋਸ਼ਨ ਹੀਂ ਕਰਦੇ ਨ੍ਹੇਰਿਆਂ ਦੇ ਪ੍ਰਤੀਕ ਹਾਂ
ਕੀ ਕਿਉਂ ਤੇ ਕਿਵੇਂ ਹੋਇਆ ਤਿੰਨ ਵੱਟੇ ਨੇ ਕਸਵਟੀ ਦੇ
ਮਨ ਦੀ ਤੱਕੜੀ ਜੇ ਰੱਖੀਏ ਪਹੁੰਚ ਜਾਂਦੇ ਧੁਰ ਤੀਕ ਹਾਂ
ਗੁਰਬਤ,ਭੁੱਖਮਰੀ ਤੇ ਲਾਲਚ ,ਤੇ ਲਹੂ ਲੁਹਾਨ ਰੂਹਾਂ ਜੋ
ਜੁੰਮੇਵਾਰੀ ਸਮਝਣੀ ਹੈ ਬਾਸੀ ਤੂੰ ਠੀਕ ਜਾਂ ਮੈਂ ਠੀਕ ਹਾਂ