ਸੂਰਜ ਰੋਜ਼ ਮੇਰੇ ਬਨੇਰੇ 'ਤੇ ਆ ਬੈਠਦਾ ਹੈ
ਤੇ ਪੁੱਛਦਾ ਹੈ:
"ਉੱਠਿਆ ਨਹੀਂ ਅਜੇ?
ਕੀ ਤੇਰੇ ਪੈਰਾਂ ਦੀਆਂ ਮੰਜ਼ਲਾਂ,
ਪੈਰਾਂ ਵਿਚ ਹੀ ਸੌਂ ਗਈਆਂ ਹਨ?
ਤੇਰੀ ਕਲਪਨਾਂ – ਜੁ ਹਰ ਸਮੇਂ,
ਤੈਥੋਂ ਦੋ ਕਦਮ ਅੱਗੇ ਰਹਿੰਦੀ ਸੀ,
ਤੇਰੇ ਸੁਫਨਿਆਂ ਵਾਂਗ –
ਸੌਂ ਗਈ ਹੈ, ਪਲਕਾਂ ਪਿੱਛੇ?
ਤੈਨੂੰ ਤਾਂ "ਸੂਰਜ" ਨੂੰ
ਦੀਵੇ ਵਿਖਾਉਣ ਦੀ ਆਦਤ ਸੀ।
ਦੀਵੇ ਤੇਰੇ ਲਈ ਚਾਨਣ ਸਨ
ਤੇ "ਸੂਰਜ" ਖੌਲਦਾ ਲਾਵਾ,
ਅੱਗ ਦਾ ਸਮੁੰਦਰ,
ਜਿਸ ਵਿਚ ਜਦੋਂ ਜਵਾਰਭਾਟਾ
ਆਉਂਦਾ ਹੈ, ਤਾਂ ਟੱਕਰਾ ਜਾਂਦੀਆਂ ਹਨ
ਕੁਦਰਤ ਦੀਆਂ ਸ਼ਕਤੀਆਂ,
ਧਰਤੀ 'ਤੇ ਕਿਤੇ ਸੋਕਾ ਬਰਸਦਾ ਹੈ,
ਕਿਤੇ ਹੂੰਝੇ ਜਾਂਦੇ ਹਨ ਵਣ,
ਹੜ੍ਹਾਂ ਨਾਲ!
ਤੂੰ ਤਾਂ ਸਦਾ ਜਵਾਨ ਰਹਿਣ ਦੀ,
ਸੌਂਹ ਖਾਧੀ ਸੀ,
ਮੈਥੋਂ ਦੋ ਕਦਮ ਅੱਗੇ ਰਹਿਣ ਦੀ।
ਕੀ ਹੋ ਗਿਆ ਹੈ ਤੈਨੂੰ?
ਮੇਰੇ ਨਾਲ ਅੱਖ ਤਾਂ ਮਿਲਾ।"
ਸੂਰਜ ਦੇ ਬੋਲ,
ਮੇਰੀ ਹੋਂਦ ਦੇ ਦਰ ਖੋਲ੍ਹਦੇ ਹਨ,
ਤਾਂ ਮੈਂ ਉਸ ਨੂੰ ਕਹਿੰਦਾ ਹਾਂ:
"ਮੈਂ ਬੁੱਢਾ ਹੋ ਗਿਆ ਹਾਂ, ਠੀਕ ਹੈ!!!
ਸਰੀਰ ਫਨਾਹ ਹੋਣ ਲਈ ਹੀ ਬਣੇ ਹਨ!
ਮੈਂ ਤਾਂ,
ਨਸਲ-ਦਰ-ਨਸਲ ਵਿਚਰਦਾ ਪੈਗ਼ੰਬਰ ਹਾਂ!
ਤੂੰ ਬੇ-ਔਲਾਦਾ ਹੈਂ,
ਤੂੰ ਕੀ ਜਾਣੇ,
ਜਿਸਮ ਛੱਡਕੇ ਜਾਣ ਵਾਲੇ ਕਿਵੇਂ,
ਪੀੜ੍ਹੀਓ ਪੀੜ੍ਹੀ,
ਪੋਤਿਆਂ, ਪੜੋਤਿਆਂ ਵਿਚ ਤੁਰਦੇ ਹਨ….
….ਜਿਊਂਦੇ ਹਨ…… ਲਗਾਤਾਰ……
ਜਨਮ, ਜਵਾਨੀ, ਬੁਢਾਪਾ ਤੇ ਮੌਤ,
ਇਸ ਜੀਵਨ ਦੀਆਂ ਰੁੱਤਾਂ ਹਨ!
ਤੂੰ ਨਿਰੁੱਤਾ, ਇਕ-ਰੁੱਤਾ ਹੈਂ,
ਮੇਰੀਆਂ ਅੱਖੀਆਂ ਵਿਚ ਵੇਖ,
ਏਨ੍ਹਾਂ ਵਿਚ ਅਜੇ ਵੀ ਇਕ ਦੀਵਾ ਜੱਗਦਾ ਹੈ,
ਇਹ ਦੀਵਾ ਤੇਰੇ ਨਾਂ………!!!"