ਨਵੀਂ ਸਦੀ ਦੀ ਨਵੀਂ ਨਸਲ(ਕਾਵਿ-ਸੰਗ੍ਰਹਿ)
ਲੇਖਕ: ਰਵਿੰਦਰ ਰਵੀ - ਪੰਨੇਂ ੧੨੮, ਮੁੱਲ: ੨੦੦ ਰੁਪਏ
ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਦਿੱਲੀ - ਪ੍ਰਕਾਸ਼ਨ ਸਾਲ: ੨੦੧੩
ਪ੍ਰਸਤੁਤ ਪੁਸਤਕ ਰਵਿੰਦਰ ਰਵੀ ਦੀ ਉਨ੍ਹੀਵੀਂ ਕਾਵਿ-ਪੁਸਤਕ ਹੈ। ਕਵੀ ਨੇ "ਆਰੰਭਕ ਸ਼ਬਦ" ਵਿਚ ਇਸ ਕਾਵਿ-ਸੰਗ੍ਰਹਿ ਬਾਰੇ ਲਿਖਿਆ ਹੈ: " ਇਸ ਸੰਗ੍ਰਹਿ ਦੀਆਂ ਕਵਿਤਾਵਾਂ, ਨਵੀਂ ਸਦੀ ਦੀ, ਇਸ ਨਵੀਂ ਨਸਲ ਦੇ, ਬਦਲੇ ਹੋਏ ਮੁੱਲਾਂ ਨੂੰ, ਉਨ੍ਹਾਂ ਦੇ ਬਦਲੇ ਹੋਏ ਸੰਦਰਭਾਂ ਵਿਚ, ਸਮਝਣ ਤੇ ਸਿਰਜਣ ਦਾ ਹੀ ਇਕ ਚੇਤੰਨ ਤੇ ਕਲਾਤਮਕ ਉਪਰਾਲਾ ਹਨ।"
ਇਸ ਤੋਂ ਬਾਅਦ ਕਵੀ ਨੇ ਨਵੀਂ ਯੁਵਾ ਪੀੜ੍ਹੀ ਦੀਆਂ ਨਵੀਆਂ ਸਮੱਸਿਆਵਾਂ ਜਾਂ ਨਿਕਾਰਾਤਮਕ ਰੁਚੀਆਂ ਦੀ ਸੂਚੀ ਦਰਜ ਕੀਤੀ ਹੈ।ਇਹੋ ਨਹੀਂ, ਕਵੀ ਨੇ ਦੁਨੀਆਂ ਦੇ ਬਦਲਦੇ ਪਰਿਪੇਖ ਵਿਚ ਮਾਰਕਸਵਾਦੀ ਦੇਸ਼ਾਂ ਵਿਚ ਵੀ ਵਧ ਰਹੀਆਂ ਸਰਮਾਏਦਾਰਾਨਾਂ ਰੁਚੀਆਂ ਦੀ ਵੀ ਵਿਆਖਿਆ ਕੀਤੀ ਹੈ। ਇਸ ਦਾ ਭਾਵ ਇਹ ਹੈ ਕਿ ਇਹ ਕਾਵਿ-ਸੰਗ੍ਰਹਿ ਅੱਜ ਦੇ ਸਮਾਜਕ ਤੇ ਰਾਜਨੀਤਕ ਖੇਤਰ ਵਿਚ ਵਾਪਰ ਰਹੇ ਨਵੇਂ ਪਰਿਪੇਖਾਂ ਸੰਬੰਧੀ ਹੈ।
ਵਰਤਮਾਨ ਸਮੇਂ ਵਿਚ ਸਾਡੇ ਰੋਜ਼ਾਨਾਂ ਜੀਵਨ ਵਿਚ ਕੀ ਉਥੱਲ ਪੁਥੱਲ ਹੋ ਰਹੀ ਹੈ? ਇਸ ਨੂੰ ਰਵੀ ਨੇ "ਰਿਸ਼ਤਿਆਂ ਦੀ ਸ਼ੂਨਯਤਾ" ਦੀਆਂ ਇਹਨਾਂ ਸਤਰਾਂ ਰਾਹੀਂ ਰੂਪਮਾਨ ਕਰ ਦਿੱਤਾ ਹੈ:
ਅਸੀਂ ਨਾਈਟ ਕਲੱਬਾਂ ਵਿਚ ਜਾਗਦੇ
ਤੇ ਘਰਾਂ ਵਿਚ ਸੌਂਦੇ ਹਾਂ।
ਸਾਡਾ ਸਮਾਂ ਸੂਰਜ ਨਾਲ ਨਹੀਂ,
ਸਾਡੇ ਨਾਲ ਚੜ੍ਹਦਾ ਹੈ।
ਕਵੀ ਨੇ ਥਾਂ ਪਰ ਥਾਂ ਅਜੋਕੇ ਸਮੇਂ ਦੇ ਬਦਲ ਰਹੇ ਵਰਤਾਰਿਆਂ - ਵੈੱਬ-ਸਾਈਟ, ਪੱਬ, ਕੈਸੀਨੋ, ਖਪਤ-ਕਲਚਰ, ਬਹੁ-ਰਾਸ਼ਟਰੀ ਕੰਪਨੀਆਂ ਦਾ ਪਾਸਾਰਾ, ਪਰਿਵਾਰਕ ਰਿਸ਼ਤਿਆਂ ਵਿਚ ਨਿਘਾਰ, ਆਤਮ-ਘਾਤੀ ਬੰਬ, ਇੰਟਰਨੈੱਟ ਦੇ ਨੰਗੇਜ ਕਲੱਬ, ਮਾਨਸਿਕ ਟੁੱਟ ਭੱਜ ਆਦਿ ਦਾ ਅਜਿਹਾ ਮਾਰਮਿਕ ਚਿਤ੍ਰਣ ਕੀਤਾ ਹੈ ਕਿ ਕਵਿਤਾ ਦਾ ਆਮ ਪਾਠਕ ਵੀ ਇਹਨਾਂ ਨੂੰ ਸਹਿਜੇ ਹੀ ਸਵੀਕਾਰ ਕਰ ਲੈਂ ਦਾ ਹੈ ਅਤੇ ਇਹਨਾਂ ਸੰਬੰਧੀ ਸੋਚਣ ਲਈ ਮਜਬੂਰ ਵੀ ਹੁੰਦਾ ਹੈ।
ਅਸਲ ਵਿਚ ਕਿਸੇ ਵੀ ਰਚਨਾਂ ਦੀ ਸਾਰਥਿਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਮ ਪਾਠਕ ਉਸ ਰਚਨਾਂ ਨੂੰ ਕਿੰਨਾਂ ਕੁ ਮਾਣ ਸਕਦਾ ਹੈ। ਕੇਵਲ ਬੁੱਧੀਜੀਵੀਆਂ ਲਈ ਰਚੀਆਂ ਰਚਨਾਵਾਂ ਦਾ ਘੇਰਾ ਅਤੇ ਸਮਾਂ ਸੀਮਤ ਹੀ ਹੁੰਦਾ ਹੈ।
"ਬਿਨਾਂ ਦਰੋਂ ਦੀਵਾਰ" ਕਵਿਤਾ ਵਿਚ ਪਿਓ ਦੀ ਲਾਚਾਰੀ ਦੇਖਣ ਵਾਲੀ ਹੈ, ਜੋ ਆਪਣੇ ਚਾਲੀ ਸਾਲਾ ਪੁੱਤਰ ਤੋਂ ਇਸ ਲਈ ਖਫਾ ਹੈ ਕਿ ਉਹ ਬਾਹਰ ਤਾਂ ਧੱਕੇ ਖਾਂਦਾ ਫਿਰਦਾ ਹੈ("ਬਾਹਰਲੀਆਂ ਬੱਕਰੀਆਂ ਨੂੰ ਮੇਮਣੇਂ ਦਿੰਦਾ") ਪਰ ਪਰਿਵਾਰਕ ਬੰਧਨ ਵਿਚ ਨਹੀਂ ਬੱਝ ਰਿਹਾ। ਉਸ ਨੂੰ ਇਸ ਗੱਲ ਦਾ ਵੀ ਫਿਕਰ ਹੈ ਕਿ ਨਸਲ ਅੱਗੇ ਨਹੀਂ ਚੱਲੇਗੀ("ਇਸ ਨੇ ਤਾਂ ਪਿਤਾ ਨਹੀਂ ਬਣਨਾ, ਮੈਂ ਵੀ ਬਾਬਾ ਬਣਨੋਂ ਰਹਿ ਗਿਆ")। ਇਸ ਕਵਿਤਾ ਵਿਚ ਕਵੀ ਨੇ ਪੀੜ੍ਹੀਆਂ ਦੇ ਵਧਦੇ ਫਾਸਲਿਆਂ ਨੂੰ ਸਫਲਤਾਪੂਰਵਕ ਪੇਸ਼ ਕੀਤਾ ਹੈ("ਕੀਮਤਾਂ ਤੇ ਪੀੜ੍ਹੀਆਂ ਦਾ ਗੇੜ ਕੈਸਾ"?)।
ਇਸੇ ਤਰ੍ਹਾਂ ਹੀ "ਮਾਨਸਕ ਗੁੰਝਲਾਂ ਦਾ ਚੱਕ੍ਰਵਯੂਹ ਤੇ ਨਵੀਂ ਨਸਲ" ਵਿਚ ਵੀ ਨਵੀਂ ਪੀੜ੍ਹੀ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਾ ਚਿਤ੍ਰਣ ਹੈ। "ਮੋਬਾਈਲ ਟਾਪੂ" ਕਵਿਤਾ ਵਿਚ ਵਰਤਮਾਨ ਪੀੜ੍ਹੀ ਵਿਚ ਵਧ ਰਹੇ "ਮੈਂ-ਯੁੱਧ"(ਹਉਮੈਂ) ਦਾ ਜ਼ਿਕਰ ਕਤਾ ਹੈ।
ਕਵੀ ਦੁਨੀਆਂ ਵਿਚ ਫੈਲ ਰਹੇ ਖਪਤ-ਸੱਭਿਆਚਾਰ ਤੋਂ ਵੀ ਪੂਰੀ ਤਰ੍ਹਾਂ ਵਾਕਿਫ ਹੈ। ਇਸ ਲਈ ਅਜਿਹੇ ਸੱਭਿਆਚਾਰ ਵਿਚ ਤਨ, ਮਨ ਦਾ ਵਿਓਪਾਰ ਹੋ ਰਿਹਾ ਹੈ ਅਤੇ ਰਿਸ਼ਤੇ ਵੀ "ਗਲੋਬਲ ਮੰਡੀ" ਵਿਚ ਵਿਕਣ ਵਾਲੀ ਚੀਜ਼ ਬਣ ਗਏ ਹਨ।
ਦਿੱਲੀ ਵਿਚ ੧੬ ਦਸੰਬਰ, ੨੦੧੨ ਨੂੰ ਵਾਪਰੀ ਗੈਂਗ ਰੇਪ ਦੀ ਘਟਨਾਂ ਨੇ ਵੀ ਕਵੀ ਨੂੰ ਹਲੂਣਿਆਂ ਹੈ। ਇਸ ਲਈ ਉਹ ਅਜਿਹੇ ਕਾਰੇ ਕਰਨ ਵਾਲਿਆਂ ਨੂੰ ਪਸ਼ੂ ਕਹਿਣਾਂ "ਪਸ਼ੂਆਂ ਦਾ ਨਿਰਾਦਰ" ਸਮਝਦਾ ਹੈ। "ਸਦੀਆਂ ਦੀ ਪਿਆਸ" ਅਤੇ "ਨਵੀਂ ਸਦੀ ਦਾ ਨਵਾਂ ਘਰ" ਕਵਿਤਾਵਾਂ ਵਿਚ ਅਜੋਕੇ ਪਰਿਵਾਰਾਂ ਦੇ ਦਵੰਧ ਨੂੰ ਚਿਤਰਿਆ ਹੈ, ਜੋ ਇਕ ਘਰ ਵਿਚ ਰਹਿੰਦੇ ਹੋਏ ਵੀ ਇਕ ਦੂਜੇ ਦੀ ਸੰਗਤ ਨਹੀਂ ਮਾਣ ਸਕਦੇ।
ਰਵਿੰਦਰ ਰਵੀ ਕੋਲ ਵੱਖ, ਵੱਖ ਦੇਸ਼ਾਂ ਵਿਚ ਵਰਤ ਰਹੇ ਵਰਤਾਰਿਆਂ ਨੂੰ ਦੇਖਣ ਵਾਲੀ ਤੇਜ਼ ਦ੍ਰਿਸ਼ਟੀ ਹੈ। ਇਸੇ ਲਈ ਉਸ ਨੇ "ਉੱਤਰ ਮਾਰਕਸਵਾਦ" ਕਵਿਤਾ ਵਿਚ ਬਹੁ-ਰਾਸ਼ਟਰੀ ਕੰਪਨੀਆਂ ਦੀ ਤਾਨਾਂਸ਼ਾਹੀ ਦਾ ਜ਼ਿਕਰ ਕੀਤਾ ਹੈ ਅਤੇ ਚੀਨ ਵਰਗੇ ਦੇਸ਼ ਵਿਚ ਹੋ ਰਹੀ ਮਜ਼ਦੂਰਾਂ ਦੀ ਲੁੱਟ ਵੀ ਉਸ ਤੋਂ ਗੁੱਝੀ ਨਹੀਂ।
"ਨਵੀਂ ਸਦੀ ਦੀ ਨਵੀਂ ਨਸਲ" ਜਿਸਦੇ ਆਧਾਰ ਤੇ ਇਸ ਪੁਸਤਕ ਦਾ ਨਾਮਕਰਨ ਕੀਤਾ ਹੈ, ਬਹੁਤ ਹੀ ਭਾਵਪੂਰਨ ਕਵਿਤਾ ਹੈ। ਇਸ ਵਿਚ ਕਵੀ ਨੇ ਬਾਹਰਲੇ ਬੂਹੇ ਦੇ ਖੁੱਲ੍ਹਣ ਦੀ ਤੁਲਨਾ 'ਉਬਾਸੀ' ਨਾਲ ਕੀਤੀ ਹੈ। ਕਾਰਾਂ ਵਾਂਗ ਬਦਲਦੇ ਮਿੱਤਰਾਂ ਦੀ ਗੱਲ ਹੈ, ਸਮਲਿੰਗੀ, ਬਹੁ-ਲਿੰਗੀ, ਵਿਰੋਧ ਲਿੰਗ-ਭੋਗੀਆਂ ਦਾ ਜ਼ਿਕਰ ਹੈ। ਘਰਾਂ ਨੂੰ ਨੁਮਾਇਸ਼ ਵਾਂਗ ਸਜਾਉਣ ਦੇ ਰੁਝਾਣ ਦੀ ਗੱਲ ਹੈ, ਆਪੋ ਆਪਣੀ ਦੁਨੀਆਂ ਵਿਚ ਗੁਆਚੇ ਲੋਕਾਂ ਦਾ ਜ਼ਿਕਰ ਹੈ।
ਸ਼ਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਰਾਹੀਂ ਰਵਿੰਦਰ ਰਵੀ ਨੇ ਪੰਜਾਬੀ ਕਵਿਤਾ ਦੇ ਅਮੀਰ ਵਿਰਸੇ ਨੂੰ ਹੋਰ ਅਮੀਰ ਕੀਤਾ ਹੈ।