ਲੁਧਿਆਣਾ: ਪੰਜਾਬੀ ਭਵਨ ਵਿਚ ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਵੱਲੋਂ ਜਨਾਬ ਤਾਬਿਸ਼ ਧਰਮਕੋਟੀ ਦੀ ਪੁਸਤਕ 'ਖੱਟੀਆਂ-ਮਿੱਠੀੰਆਂ ਯਾਦਾਂ' ਦਾ ਰਿਲੀਜ਼ ਸਮਾਰੋਹ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਸ. ਪ. ਸਿੰਘ ਸਨ ਅਤੇ ਪ੍ਰਧਾਨਗੀ ਗ਼ਜ਼ਲ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਨੇ ਕੀਤੀ। ਮੰਚ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਡਾ. ਗੁਲਜ਼ਾਰ ਪੰਧੇਰ, ਸ. ਕਰਮਜੀਤ ਸਿੰਘ ਔਜਲਾ ਅਤੇ ਲੇਖਕ ਜਨਾਬ ਤਾਬਿਸ਼ ਧਰਮਕੋਟੀ ਸੁਸ਼ੋਭਿਤ ਸਨ।
ਇਸ ਮੌਕੇ 'ਤੇ ਬੋਲਦਿਆਂ ਡਾ. ਸਿੰਘ ਨੇ ਕਿਹਾ ਕਿ ਬਚਪਨ ਵਿਚ ਆਪਣੇ ਪਿੰਡ ਧਰਮਕੋਟ ਹੰਢਾਏ ਹੋਏ ਦਿਨਾਂ ਦੀ ਗਾਥਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪੁਸਤਕ ਵਿਚ ਜੋ ਲੋਕ ਪੰਜਾਬ ਦੀ ਧਰਤੀ ਨਾਲੋਂ ਟੁੱਟ ਕੇ ਹੋਰਨਾਂ ਥਾਵਾਂ 'ਤੇ ਰੁਜ਼ਗਾਰ ਦੇ ਸਿਲਸਿਲੇ ਵਿਚ ਵਸ ਗਏ ਹਨ ਉਹ ਪੰਜਾਬੀ ਲਈ ਬਹੁਤ ਕੰਮ ਕਰ ਰਹੇ ਹਨ। ਤਾਬਿਸ਼ ਨੇ ਵੀ ਇੰਝ ਹੀ ਕੀਤਾ ਹੈ।
ਪੁਸਤਕ 'ਤੇ ਗੱਲ ਕਰਦਿਆਂ ਪ੍ਰੋ: ਗਿੱਲ ਨੇ ਕਿਹਾ ਕਿ ਬੰਦਾ ਜਿੱਥੇ ਮਰਜ਼ੀ ਚਲਿਆ ਜਾਵੇ, ਪਰ ਉਸ ਨੂੰ ਸੁਪਨੇ ਪਿੰਡ ਵਰਗੇ ਹੀ ਆਉਂਦੇ ਨੇ, ਕਿਉਂ ਕਿ ਉੱਥੇ ਉਸ ਨੇ ਬਚਪਨ ਗੁਜ਼ਾਰਿਆਂ ਹੁੰਦਾ ਹੈ। ਆਪਣੇ ਬਚਪਨ ਦੇ ਦਿਨਾਂ ਨਾਲੋਂ ਮਨੁੱਖ ਟੁੱਟ ਨਹੀਂ ਸਕਦਾ। ਤਾਬਿਸ਼ ਧਰਮਕੋਟੀ ਦੀ ਰਚਨਾਵਾਂ ਵਿਚ ਬਚਪਨ ਦੇ ਦਿਨਾਂ ਦੀ ਮਹਿਕ ਹੈ, ਪੜ੍ਹਨਯੋਗ ਪੁਸਤਕ ਹੈ।
ਜਨਾਬ ਪੰਛੀ ਨੇ ਕਿਤਾਬ ਨੂੰ ਸੱਭਿਆਚਾਰਕ ਦਸਤਾਵੇਜ਼ ਕਿਹਾ। ਡਾ. ਪੰਧੇਰ ਨੇ ਕਿਹਾ ਕਿ ਪੁਸਤਕ ਖੱਟੀਆਂ-ਮਿੱਠੀਆਂ ਯਾਦਾਂ ਸਾਡੀ ਸਾਹਿਤਕ ਪੂੰਜੀ ਹੈ, ਜਿਸ ਨੂੰ ਹਰ ਇੱਕ ਘਰ ਵਿਚ ਹੋਣਾ ਚਾਹੀਦਾ ਹੈ।
ਮਹਾਰਾਣੀ ਅਤੇ ਰੀਆ ਸੂਦ ਨੇ ਵੀ ਪੁਸਤਕ ਸਬੰਧੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਕਵੀ ਦਰਬਾਰ ਵਿਚ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਜਾਗੀਰ ਸਿੰਘ ਪ੍ਰੀਤ, ਤਰਲੋਚਨ ਝਾਂਡੇ, ਪ੍ਰੀਤਮ ਪੰਧੇਰ, ਦਲਵੀਰ ਸਿੰਘ ਲੁਧਿਆਣਵੀ, ਅਜੀਤ ਪਿਆਸਾ, ਸੰਤ ਸਿੰਘ ਸੋਹਲ, ਜਸਪ੍ਰੀਤ ਫਲਕ, ਰਵਿੰਦਰ ਦੀਵਾਨਾ, ਸਾਥੀ ਕੈਸਰ, ਸੁਰਜਨ ਸਿੰਘ, ਰਾਜਿੰਦਰ ਵਰਮਾ, ਤਰਸੇਮ ਨੂਰ, ਜਰਸ਼ਰਨ ਛੀਨਾ, ਕੁਲਵਿੰਦਰ ਕੌਰ ਕਿਰਨ, ਬਲਵੰਤ ਸਿੰਘ ਮੁਸਾਫਿਰ, ਦਲਜਿੰਦਰ ਸਾਗਰ, ਜੈ ਕ੍ਰਿਸ਼ਨ ਬੀਰ, ਸਰਬਜੀਤ ਵਿਰਦੀ, ਕੰਵਲ ਵਾਲੀਆ, ਦਲੀਪ ਕੁਮਾਰ, ਅਵਧ ਆਦਿ ਨੇ ਭਾਗ ਲਿਆ। ਜਨਾਬ ਪੰਛੀ ਨੇ ਆਏ ਹੋਏ ਸਾਰੇ ਵਿਦਵਾਨਾਂ, ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਜਿਨਾਂ ਦੀ ਬਦੌਲਤ ਹੀ ਇਹ ਸਮਾਰੋਹ ਸਫਲਤਾਪੂਰਵਕ ਸਿਰੇ ਚੜ੍ਹਿਆ।
ਦਲਵੀਰ ਸਿੰਘ ਲੁਧਿਆਣਵੀ
ਪ੍ਰੈਸ ਸਕੱਤਰ