ਟਰਾਂਟੋ -- ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ 11 ਮਈ 2013 ਨੂੰ ਲਖਨਊ ਪੈਲੇਸ ਹਾਲ ਵਿੱਚ ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਗ਼ਦਰ ਲਹਿਰ ਨਾਲ ਸਬੰਧਤ ਵਿਸ਼ਿਆਂ ਨੂੰ ਲੈ ਕੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ 20 ਸਾਲ ਤੀਕ ਦੇ ਹਰ ਉਮਰ ਗਰੁੱਪ ਦੇ ਬੱਚਿਆਂ ਦੀ ਭਰਵੀ ਹਾਜ਼ਰੀ ਰਹੀ।
ਇਹ ਸਮਾਗਮ ਸਵੇਰੇ 10 ਵਜੇ ਰਜਿਸਟਰੇਸ਼ਨ ਨਾਲ ਸ਼ੁਰੂ ਹੋਇਆ। ਬਰਾਜਿੰਦਰ ਗੁਲਾਟੀ ਅਤੇ ਮਨਮੋਹਨ ਗੁਲਾਟੀ ਹੁਰਾਂ ਨੇ ਬੜੇ ਪਿਆਰ ਅਤੇ ਉਤਸ਼ਾਹ ਨਾਲ ਬੱਚਿਆਂ ਦੇ ਨਾਮ ਦਰਜ ਕਰਦਿਆਂ ਉਹਨਾਂ ਨੂੰ ਜੀ-ਆਇਆਂ ਆਖਿਆ। ਲਿਖਾਈ ਮੁਕਾਬਲੇ 11 ਵਜੇ ਆਰੰਭ ਹੋਏ। ਲਿਖਾਈ ਮੁਕਾਬਲਿਆਂ ਦੇ ਵਿਸ਼ੇ ਸਨ: ਕਰਤਾਰ ਸਿੰਘ ਸਰਾਭਾ, ਗ਼ਦਰ ਅਖਬਾਰ, ਗ਼ਦਰ ਪਾਰਟੀ, ਬਾਬਾ ਸੋਹਣ ਸਿੰਘ ਭਕਨਾ, ਸ਼ਹੀਦ ਮੇਵਾ ਸਿੰਘ, ਕਾਮਾਗਾਟਾ ਮਾਰੂ, ਯੁਗਾਂਤਰ ਆਸ਼ਰਮ, ਦੇਸ਼ ਭਗਤ ਯਾਦਗਾਰ ਹਾਲ, ਮੌਲਵੀ ਬਰਕਤ ਉੱਲਾ, ਬੀਬੀ ਗੁਲਾਬ ਕੌਰ ਆਦਿ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀ ਖਾਸ ਕਿਸਮ ਦੀਆਂ ਲਿਖਾਈ ਖੇਡਾਂ ਦਾ ਪ੍ਰਬੰਧ ਸੀ ਜਿਹਨਾਂ ਰਾਹੀਂ ਬੱਚੇ ਖੇਡ-ਖੇਡ 'ਚ ਗ਼ਦਰ ਲਹਿਰ ਦੇ ਨਾਇਕਾਂ, ਇਤਿਹਾਸਕ ਥਾਵਾਂ ਅਤੇ ਘਟਨਾਵਾਂ ਦੇ ਨਾਲ ਸਹਿਜੇ ਹੀ ਜੁੜ ਰਹੇ ਸਨ।
ਲਿਖਾਈ ਮੁਕਾਬਲਿਆਂ ਉਪਰੰਤ ਭਾਸ਼ਨ ਮੁਕਾਬਲੇ ਸ਼ੁਰੂ ਹੋਏ। ਜਦੋਂ ਬੱਚੇ ਗ਼ਦਰ ਲਹਿਰ ਦੇ ਨਾਇਕਾਵਾਂ ਖਾਸ ਕਰ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਭਾਸ਼ਨ ਦੇ ਰੂਪ 'ਚ ਅਪਣੇ ਹਾਵਭਾਵ ਸਾਂਝੇ ਕਰ ਰਹੇ ਸਨ ਤਾਂ ਇੰਝ ਜਾਪਦਾ ਸੀ ਜਿਵੇਂ ਉਹਨਾਂ ਦਾ ਹੀ ਹਮ ਉਮਰ 18-19 ਸਾਲ ਦਾ ਕਰਤਾਰ ਸਿੰਘ ਸਰਾਭਾ ਕਿਤੇ ਉਹਨਾਂ ਵਿੱਚ ਹੀ ਸੀ। ਉਹਨਾਂ ਵਿੱਚੋਂ ਹੀ ਬੋਲ ਰਿਹਾ ਸੀ। ਮਾਹੌਲ ਇਸ ਕਦਰ ਗ਼ਦਰੀ ਭਾਵਨਾ ਨਾਲ ਭਰਪੂਰ ਸੀ ਕਿ ਸਰਾਭੇ ਅਤੇ ਭਗਤ ਸਿੰਘ ਦੀ ਦੁਹਰਾਈ ਤੁਕ, "ਫ਼ਜ਼ਾਓਂ ਮੇਂ ਰਹੇਂਗੀ ਮੇਰੇ ਖਿਆਲੋਂ ਕੀ ਬਿਜਲੀਆਂ" ਰਹਿ ਰਹਿ ਕੇ ਯਾਦ ਆਉਂਦੀ ਸੀ ਪਈ।
ਕਮਾਲ ਦੀ ਗੱਲ ਇਹ ਵੀ ਸੀ ਕਿ ਸਾਰੇ ਨੌਜਵਾਨ ਬੁਲਾਰੇ ਇਕਸੁਰ ਹੋ ਕੇ ਉਹਨਾਂ ਮਹਾਨ ਸੂਰਬੀਰਾਂ ਦੀ ਕੁਰਬਾਨੀ ਨੂੰ ਅਪਣੇ ਹਿੰਦੋਸਤਾਨ ਤੋਂ ਬਾਹਰਲੇ ਜੀਵਨ ਦੇ ਹਰ ਗੌਰਵ, ਪ੍ਰਾਪਤੀ ਅਤੇ ਮਾਣ ਦਾ ਆਧਾਰ ਮੰਨ ਰਹੇ ਸਨ। ਉਹ ਇਸ ਵਿਚਾਰ ਨੂੰ ਵੀ ਪੁਰਜ਼ੋਰ ਲਫ਼ਜਾਂ ਨਾਲ ਦੁਹਰਾ ਰਹੇ ਸਨ ਕਿ ਗ਼ਦਰੀ ਬਾਬਿਆਂ ਦਾ ਮਹਾਨ ਆਦਰਸ਼ ਕਿਸੇ ਇਕ ਜਾਤ, ਫਿਰਕੇ, ਇਲਾਕੇ, ਧਰਮ ਜਾਂ ਨਸਲ ਨਾਲ ਬੱਝਾ ਨਾ ਹੋ ਕੇ ਸੰਪੂਰਨ ਮਨੁੱਖੀ ਆਜ਼ਾਦੀ ਲਈ ਤਤਪਰ ਸੀ। ਨੌਜਵਾਨ ਬੁਲਾਰਿਆਂ ਨੇ ਅਪਣੇ ਭਾਸ਼ਨਾ 'ਚ ਗ਼ਦਰ ਲਹਿਰ ਦੀ ਵਿਚਾਰਧਾਰਾ ਅਤੇ ਗ਼ਦਰੀ ਬਾਬਿਆਂ ਦੇ ਧਰਮ-ਜਾਤ ਨਿਰਪੱਖ ਸੰਘਰਸ਼ ਨੂੰ ਅੱਜ 'ਕੁਝ ਲੋਕਾਂ' ਵਲੋਂ ਅਪਣੇ ਸੌੜੇ ਰਾਜਸੀ ਅਤੇ ਧਾਰਮਿਕ ਹਿੱਤਾਂ ਲਈ ਵਰਤਣ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਪੂਰੀ ਤਰਾਂ ਨਕਾਰਦਿਆਂ ਬਾਬਿਆਂ ਪ੍ਰਤੀ ਸੱਚੀ ਸੁੱਚੀ ਸੰਵੇਦਨਾ ਪ੍ਰਗਟਾਈ।
ਭਾਸ਼ਨ ਮੁਕਾਬਿਲਆਂ ਉਪਰੰਤ, ਲਿਖਾਈ ਮੁਕਾਬਲੇ ਦੇ ਜੱਜ ਸਾਹਿਬਾਨ ਡਾæ ਬਲਵਿੰਦਰ ਸਿੰਘ (ਰੇਡੀਓ ਸਰਗਮ) ਅਤੇ ਪ੍ਰੋ: ਗੁਰਬਖ਼ਸ਼ ਭੰਡਾਲ (ਪੰਜਾਬੀ ਪੋਸਟ) ਹੁਰਾਂ ਵਲੋਂ ਮੁਕਾਬਲਾ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾæ ਬਲਵਿੰਦਰ ਸਿੰਘ ਹੁਰਾਂ ਨੇ ਜਿੱਥੇ ਬੱਚਿਆਂ ਦੇ ਲਿਖਾਈ ਹੁਨਰ ਨੂੰ ਸਰਾਹਿਆ ਅਤੇ ਕੁਝ ਅਹਿਮ ਨੁਕਤੇ ਸਾਝੇ ਕੀਤੇ ਓਥੇ ਉਹਨਾਂ ਨੇ ਕੁਝ ਬੱਚਿਆਂ ਦੀ ਲਿਖਤ ਚੋਂ ਝਲਕਦੀ ਗ਼ਦਰੀ ਭਾਵਨਾ ਅਤੇ ਸਾਂਝ ਨੂੰ ਵੀ ਖਾਸ ਤੌਰ ਤੇ ਨੋਟ ਕੀਤਾ। ਹਰੇਕ ਉਮਰ ਗਰੁੱਪ ਚੋਂ ਜੇਤੂ ਬੱਚਿਆਂ ਨੂੰ ਸੋਨੇ, ਚਾਂਦੀ, ਤਾਂਬੇ ਅਤੇ ਹੌਸਲਾ ਵਧਾਊ ਮੈਡਲਾਂ ਨਾਲ ਸਨਮਾਨਿਆ ਗਿਆ। ਲਿਖਾਈ ਮੁਕਾਬਲੇ 'ਚ ਭਾਗ ਲੈਣ ਵਾਲੇ ਬਾਕੀ ਬੱਚਿਆਂ ਨੂੰ ਸਾਂਭਣਯੋਗ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਭਾਸ਼ਨ ਮੁਕਾਬਲਿਆਂ ਦੇ ਜੱਜ ਸਾਹਿਬਾਨ ਸਨ: ਸ੍ਰੀ ਇਕਬਾਲ ਰਾਮੂੰਵਾਲੀਆ, ਪ੍ਰੋ: ਜਾਗੀਰ ਸਿੰਘ ਕਾਹਲੋਂ ਅਤੇ ਡਾæ ਬਲਜਿੰਦਰ ਸੇਖੋਂ। ਇਸ ਮੌਕੇ ਡਾæ ਸੇਖੋਂ ਨੇ ਭਾਸ਼ਨ ਜੇਤੂਆਂ ਦਾ ਐਲਾਨ ਕੀਤਾ ਅਤੇ ਸਮੁੱਚੇ ਭਾਸ਼ਨ ਮੁਕਾਬਲੇ ਬਾਰੇ ਅਪਣੇ ਵੱਡਮੁੱਲੇ ਵਿਚਾਰ ਅਤੇ ਨੁਕਤੇ ਬੱਚਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਉਹਨਾਂ ਨੇ ਸਾਰੇ ਭਾਸ਼ਨ ਪ੍ਰਤੀਯੋਗੀਆਂ ਵਿਚਲੇ ਉਤਸ਼ਾਹ ਅਤੇ ਠਰੰਮੇਂ ਦੀ ਖਾਸ ਤੌਰ ਤੇ ਪ੍ਰਸ਼ੰਸਾ ਕੀਤੀ। ਇਸ ਮੌਕੇ ਬੋਲਦਿਆਂ ਇਕਬਾਲ ਰਾਮੂੰਵਾਲੀਆ ਨੇ ਸਮੂਹ ਮਾਪਿਆਂ ਦੀ ਭਰਪੂਰ ਸਰਾਹਨਾ ਕੀਤੀ ਜੋ ਅਪਣੇ ਬੱਚਿਆਂ ਨੂੰ ਇਸ ਇਤਿਹਾਸਕ ਸਮਾਗਮ ਲਈ ਤਿਆਰ ਕਰਕੇ ਲਿਆਏ ਸਨ। ਉਹਨਾਂ ਨੇ ਨੌਜਵਾਨ ਬੁਲਾਰਿਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਭਾਸ਼ਨਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਾਗਜ਼ / ਨੋਟਸ ਮੁਕਤ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨ। ਉਹਨਾਂ ਨੇ ਸਮੁੱਚੇ ਭਾਸ਼ਨ ਮੁਕਾਬਲੇ ਚੋਂ ਨੌਜਵਾਨ ਬੁਲਾਰੇ ਮਨਵੀਰ ਸਿੰਘ ਨੂੰ ਵਧੀਆਂ ਸੰਭਾਵਨਾਵਾਂ ਵਾਲੇ ਭਾਸ਼ਨਕਾਰ ਵਜੋਂ ਖਾਸ ਤੌਰ ਤੇ ਨੋਟ ਕੀਤਾ।ਹਰੇਕ ਉਮਰ ਗਰੁੱਪ ਚੋਂ ਜੇਤੂ ਬੱਚਿਆਂ ਨੂੰ ਸੋਨੇ, ਚਾਂਦੀ, ਤਾਂਬੇ ਅਤੇ ਹੌਸਲਾ ਵਧਾਊ ਮੈਡਲਾਂ ਨਾਲ ਸਨਮਾਨਿਆ ਗਿਆ। ਭਾਸ਼ਨ ਮੁਕਾਬਲੇ 'ਚ ਭਾਗ ਲੈਣ ਵਾਲੇ ਬਾਕੀ ਬੱਚਿਆਂ ਨੂੰ ਸਾਂਭਣਯੋਗ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਸਾਰੇ ਸਮਾਗਮ ਦੌਰਾਨ ਗ਼ਦਰ ਸ਼ਤਾਬਦੀ ਕਮੇਟੀ ਵਲੋਂ, ਤਿਆਰ ਕੀਤਾ ਗਿਆ ਗ਼ਦਰ ਲਹਿਰ ਨਾਲ ਸਬੰਧਤ ਸਲਾਈਡ ਸ਼ੋਅ ਚਲਦਾ ਰਿਹਾ ਜਿਸ ਦੀਆਂ ਸਲਾਈਡਾਂ ਨੂੰ ਬੱਚੇ ਅਤੇ ਮਾਪੇ ਗਹਿਰੀ ਦਿਲਚਸਪੀ ਨਾਲ ਵਾਚਦੇ ਨਜ਼ਰ ਆਏ। ਸ਼ਤਾਬਦੀ ਕਮੇਟੀ ਦੇ ਬੁਲਾਰੇ ਵੀ ਵਿੱਚ ਵਿੱਚ ਕਮੇਟੀ ਵਲੋਂ ਕੀਤੇ ਜਾ ਰਹੇ ਸਮਾਗਮਾਂ ਅਤੇ ਤਿਆਰੀਆਂ ਸਬੰਧੀ ਸਾਂਝ ਪਾਉਂਦੇ ਰਹੇ। ਸ਼ਤਾਬਦੀ ਕਮੇਟੀ ਵਲੋਂ ਸਾਰੇ ਬੱਚਿਆਂ ਅਤੇ ਮਾਪਿਆਂ ਨੂੰ 29 ਜੂਨ 2013 ਨੂੰ ਹੋਣ ਜਾ ਰਹੇ ਵਿਲੱਖਣ ਗ਼ਦਰ ਮਾਰਚ ਅਤੇ ਰੈਲੀ 'ਚ ਹੁੰਮ-ਹੁਮਾ ਕੇ ਪੁੱਜਣ ਦੀ ਅਤੇ ਸ਼ਤਾਬਦੀ ਸਮਾਗਮਾਂ ਲਈ ਤਨ-ਮਨ-ਧਨ ਨਾਲ ਯੋਗਦਾਨ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ ਗਈ।
ਉਂਕਾਰਪ੍ਰੀਤ