ਲਾਲੀ ਨੇ ਬਚਪਨ ਤੋਂ ਇਹੀ ਸੁਣਿਆ ਸੀ ਕਿ ਕੁੜੀਆਂ ਬੇਗਾਨਾ ਧਨ ਹੁੰਦੀਆ ਹਨ। ਪਰ ਉਹ ਇਸ ਗੱਲ ਤੋਂ ਅਣਜਾਣ ਸੀ। ਉਸ ਤੋਂ ਜੇ ਕੋਈ ਗਲ਼ਤੀ ਹੋ ਜਾਂਦੀ ਤਾਂ ਉਸ ਨੂੰ ਹਮੇਸ਼ਾ ਹੀ ਆਪਣੀ ਦਾਦੀ ਤੇ ਮਾਂ ਤੋਂ ਇਹੀ ਸੁਣਨ ਨੂੰ ਮਿਲਦਾ ਕਿ ਕੱਲ੍ਹ ਨੂੰ ਤੂੰ ਆਪਣੇ ਘਰ ਜਾਵੇਗੀ ਤਾਂ ਤੇਰੀ ਸੱਸ ਕੀ ਕਹੂੰ। ਕੁੜੀ ਨੂੰ ਕੁੱਝ ਵੀ ਨੀਂ ਸਿਖਾਇਆ । ਲਾਲੀ ਹੱਸ ਕੇ ਕਹਿ ਦਿੰਦੀ, "ਮਾਂ, ਮੈਂ ਜੰਮੀ ਪਲੀ ਤਾਂ ਇੱਥੇ ਹਾਂ, ਫੇਰ ਉਹ ਘਰ ਮੇਰਾ ਆਪਣਾ ਕਿਵੇਂ ਹੋਵੇਗਾ ?"ਮਾਂ ਅੱਖਾਂ ਭਰ ਕੇ ਲਾਲੀ ਨੂੰ ਬੁੱਕਲ ਵਿੱਚ ਲੈ ਲੈਂਦੀ।
ਲਾਲੀ ਨੇ ਹੌਲੀ-ਹੌਲੀ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਿਆ ਤੇ ਉਹ ਸਾਰੀਆਂ ਗੱਲਾਂ ਗੰਭੀਰਤਾ ਨਾਲ ਸੋਚਣ ਲੱਗੀ। ਲਾਲੀ ਨੇ ਸ਼ਗਨਾਂ ਦਾ ਚੂੜਾ ਪਾਇਆ , ਹੱਥਾਂ ਤੇ ਮਹਿੰਦੀ ਸਜਾਈ ਤੇ ਦਿਲ ਵਿੱਚ ਬਹੁਤ ਅਰਮਾਨ ਸਜਾਈ ਬੈਠੀ ਸੀ ਆਪਣੇ ਘਰ ਜਾਣ ਦੇ ਕਿ ਮੈਂ ਉਹ ਹਰ ਸੁਪਨਾ ਪੂਰਾ ਕਰਾਂਗੀ। ਜਿਸ ਤੋਂ ਮੈਨੂੰ ਦਾਦੀ ਤੇ ਮਾਂ, ਅਕਸਰ ਰੋਕਦੀਆਂ ਸਨ। ਕਿਉਂ ਕਿ ਉੱਥੇ ਮੈਂਨੁੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ। ਉਹ ਮੇਰਾ ਆਪਣਾ ਘਰ ਹੋਵੇਗਾ। ਉੱਥੋਂ ਦੇ ਲੋਕ ਮੇਰੇ ਆਪਣੇ ਹੋਣਗੇ, ਮੈਨੂੰ ਸਮਝਣ ਵਾਲੇ ਹੋਣਗੇ।
ਸ਼ਹਿਨਾਈਆਂ ਵੱਜੀਆਂ, ਵਾਜੇ ਵੱਜੇ , ਖੁਸ਼ੀਆਂ ਦੇ ਗੀਤ ਗਾਏ ਗਏ, ਕਿਸੇ ਨੇ ਬਰੂਹਾਂ ਤੇ ਤੇਲ ਚੋਇਆ। ਪਰ ਹੌਲੀ ਜਿਹੇ ਕਿਸੇ ਨੇ ਧਰਮ ਦੀ ਮਾਂ ਨੂੰ ਆਖਿਆ, " ਆ ਗਈ …ਬਿਗਾਨੀ ਧੀ …ਹੁਣ ਤੂੰ ਬੈਠ ਕੇ ਆਪਣੇ ਹੁਕਮ ਦੀ ਛਟੀ ਚਲਾਈ। ਆਪਣੇ ਹੱਥ ਵਿੱਚ ਰੱਖੀਂ ਘਰ ਦੀ ਮੁਖਿਤਆਰੀ । ਇਸ ਦਾ ਕੀ ਐ… ਇਹ ਤਾਂ ਬੇਗਾਨੀ ਆ…….ਦੇਖੀ ਕਿਤੇ , ਇਸ ਨੂੰ ਚਾਬੀਆਂ ਦਾ ਗੁੱਛਾ ਫੜਾ ਦੇਵੀਂ…….ਪਛਤਾਵੇਂਗੀ, ਫਿਰ ਵੇਲੇ ਨੂੰ"।
ਇਹ ਸੁਣ ਕੇ ਲਾਲੀ ਟੁੱਟੇ ਹੋਏ ਤਾਰੇ ਵਾਂਗ ਅਰਸ਼ ਤੋਂ ਫਰਸ਼ ਤੇ ਆ ਡਿੱਗੀ। ਉਸ ਨੂੰ ਲੱਗਿਆ, ਜਿਵੇਂ ਉਸ ਨੇ ਇੱਕ ਬੁਰਾ ਸਪਨਾ ਦੇਖਿਆ ਹੋਵੇ। ਉਸ ਦਾ ਸਰੀਰ ਪੂਰੀ ਤਰ੍ਹਾਂ ਕੰਬ ਉਠਿਆ, ਉਸ ਨੂੰ ਆਪਣਾ ਵਾਜੂਦ ਨ ਇੱਕ ਟੁੱਟੇ ਹੋਏ ਪੱਤੇ ਵਾਂਗ ਲੱਗਿਆ, ਜੋ ਹਵਾ ਦੇ ਇੱਕ ਬੁੱਲੇ ਦੇ ਆਉਣ ਨਾਲ ਪਤਾ ਨੀਂ ਕਿਧਰ ਨੂੰ ਜਾਵੇਗਾ। aਸ ਦਿਨ ਲਾਲੀ ਨੇ ਚੀਕ ਕੇ ਦੁਹਾਈ ਪਾਈ ਅਤੇ ਸਾਰਿਆਂ ਨੂੰ ਇਕ ਸਵਾਲ ਕੀਤਾ।
ਹਾਏ! ਉਏ ਮੇਰਿਆ ਰੱਬਾ। ਮੈਂ ਉੱਥੇ ਵੀ ਬੇਗਾਨੀ ਸਾਂ। ਮੈਂ ਏਥੇ ਵੀ ਬੇਗਾਨੀ ਹਾਂ । ਤੂੰ ਹੀ ਦੱਸ , ਕਿੱਥੇ ਹੈ, ਕਿੱਥੇ ਹੈ… ? ਮੇਰਾ ਆਪਣਾ ਘਰ।