ਬਚਪਨ ਵਿੱਚ ਦਾਦੇ-ਦਾਦੀ ਦੀ ਗੋਦ ਵਿੱਚ ਬੈਠਕੇ ਜਦੋਂ ਮੈਂ ਪੂਰਨ ਭਗਤ ਦਾ ਕਿੱਸਾ ਸੁਣਿਆ ਕਰਦੀ ਸੀ ਤਾਂ ਲੂਣਾ ਦਾ ਕਿਰਦਾਰ ਇੱਕ ਚਰਿਤਰਹੀਣ ਖਲਨਾਇਕਾ ਦੀ ਤਰ੍ਹਾਂ ਮੇਰੇ ਬਾਲ ਮਨ ਉੱਤੇ ਉਕਰਿਆ ਗਿਆ। ਫਿਰ ਜਦੋਂ ਸਿਲੇਬਸ ਦੀਆਂ ਕਿਤਾਬਾਂ ਵਿੱਚੋਂ ਪੜ੍ਹਨ-ਸੁਨਣ ਨੂੰ ਮਿਲਿਆ ਕਿ “ਲੂਣਾ” ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ਹੈ ਜਿਸ ਵਿੱਚ ਪਹਿਲੀ ਵਾਰ ਕਿਸੇ ਨੇ ਲੂਣਾ ਦਾ ਪੱਖ ਪੂਰਿਆ ਹੈ ਤਾਂ ਇਹ ਗੱਲ ਧੁਰ ਅੰਦਰ ਤੱਕ ਬੇਯਕੀਨੀ ਜਿਹੀ ਪੈਦਾ ਕਰਦੀ ਰਹਿੰਦੀ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਖਲਨਾਇਕਾ, ਉਹ ਵੀ ਚਰਿਤਰਹੀਣ, ਨੂੰ ਪੰਜਾਬੀ ਦੇ ਸਿਰਮੌਰ ਕਵੀ ਵੱਲੋਂ ਨਿਰਦੋਸ਼ ਸਾਬਤ ਕੀਤਾ ਗਿਆ ਹੋਵੇ ਤੇ ਸਾਡੇ ਸਮਾਜ ਨੇ ਉਸ ਰਚਨਾ ਨੂੰ ਪ੍ਰਵਾਨ ਕਰ ਲਿਆ ਹੋਵੇ।
ਅੱਜ ਤੋਂ ਦੋ ਕੁ ਵਰ੍ਹੇ ਪਹਿਲਾਂ ਜਦੋਂ ਮੇਰਾ ਖੁਦ ਦਾ ‘ਲੂਣਾ’ ਪੜ੍ਹਨ ਦਾ ਸਬੱਬ ਬਣਿਆ ਤਾਂ ਮਹਿਸੂਸ ਹੋਇਆ ਕਿ ਇਹ ਤਾਂ ਸੱਚਮੁਚ ਹੀ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਰਚਨਾ ਹੈ। ਕਿੰਨੀ ਖੂਬਸੂਰਤੀ ਨਾਲ਼ ਕਵੀ ਨੇ ਔਰਤ ਦੀ ਤਰਾਸਦੀ ਲਈ ਜ਼ਿੰਮੇਵਾਰ ਕੁਝ ਰਸਮਾਂ ਰਿਵਾਜਾਂ ਅਤੇ ਸਮਾਜਿਕ ਬੁਰਾਈਆਂ ਨੂੰ ਸਮਾਜ ਦੇ ਸਾਹਮਣੇ ਰੱਖਿਆ ਹੈ। ਬਹੁਤ ਹੀ ਕਲਾ ਅਤੇ ਸੁਹਜ ਨਾਲ਼ ਔਰਤ ਜ਼ਾਤ ਦੀ ਉਸ ਵੇਦਨਾ ਨੂੰ ਸ਼ਬਦ ਦਿੱਤੇ ਗਏ ਹਨ, ਜਿਸਨੂੰ ਕਿ ਅਕਸਰ ਉਹ ਸਮਾਜ ਦੇ ਰਸਮਾਂ-ਰਿਵਾਜਾਂ ਵਿੱਚ ਜਕੜੀ ਹੋਈ, ਬੁੱਲ੍ਹਾਂ ਤੱਕ ਲੈ ਕੇ ਆਉਣ ਤੋਂ ਡਰਦੀ ਹੈ। ਭਾਰਤ ਜਿਹੇ ਕਹਿੰਦੇ ਕਹਾਉਂਦੇ ਸੱਭਿਅਕ ਦੇਸ਼ ਵਿੱਚ ਔਰਤ ਦੀ ਕਹਾਣੀ ਨੂੰ ਲੂਣਾ ਦੇ ਪਾਤਰਾਂ ਦੇ ਮੂੰਹੋਂ ਬਾਖੂਬੀ ਬਿਆਨ ਕਰਵਾਇਆ ਗਿਆ ਹੈ।
ਕਹਾਣੀ ਦੀ ਸ਼ੁਰੂਆਤ ਪਹਾੜੀ ਸ਼ਹਿਰ ਚੰਬੇ ਦੀਆਂ ਖੂਬਸੂਰਤ ਵਾਦੀਆਂ ਦੀ ਬਾਤ ਪਾਉਂਦਿਆਂ ਸੂਤਰਧਾਰ ਅਤੇ ਨਟੀ ਦੇ ਰੋਮਾਂਚਿਕ ਵਾਰਤਾਲਾਪ ਤੋਂ ਹੁੰਦੀ ਹੈ। ਚੰਬੇ ਸ਼ਹਿਰ ਵਿੱਚ ਰਾਜੇ ਵਰਮਨ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੁੰਦਾ ਹੈ, ਜਿਸ ਵਿੱਚ ਕੋਟ ਸਿਆਲ ਦਾ ਰਾਜਾ ਸਲਵਾਨ, ਜੋ ਕਿ ਰਾਜੇ ਵਰਮਨ ਦਾ ਧਰਮ ਦਾ ਭਰਾ ਬਣਿਆ ਹੋਇਆ ਹੈ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਆਉਂਦਾ ਹੈ। ਰਾਜਾ ਸਲਵਾਨ ਉਸ ਸਮਾਗਮ ਵਿੱਚ ਆਈ ਹੋਈ ਇਕ ਸੁੰਦਰ ਤੇ ਚੰਚਲ ਸੁਭਾਅ ਦੀ ਮੁਟਿਆਰ ਦੇ ਹੁਸਨ ‘ਤੇ ਮੋਹਿਤ ਹੋ ਜਾਂਦਾ ਹੈ। ਅਗਲੀ ਸਵੇਰ ਉਹ ਆਪਣੇ ਮਨ ਦੀ ਗੱਲ ਰਾਜੇ ਵਰਮਨ ਨਾਲ਼ ਸਾਂਝੀ ਕਰਦਾ ਹੈ ਕਿ ਉਹ ਉਸ ਮੁਟਿਆਰ ਨੂੰ ਆਪਣੀ ਰਾਣੀ ਬਣਾਉਣਾ ਚਹੁੰਦਾ ਹੈ। ਵਰਮਨ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਲੂਣਾ ਨਾਮ ਦੀ ਉਹ ਕੁੜੀ ਇੱਕ ਸ਼ੂਦਰ ਦੀ ਧੀਅ ਹੈ, ਇਸ ਲਈ ਰਾਣੀ ਬਣਨ ਦੇ ਕਾਬਲ ਨਹੀਂ। ਪਰ ਜਿਵੇਂ ਕਿਵੇਂ ਸਲਵਾਨ ਉਸਨੂੰ ਆਪਣੀ ਪਹਿਲੀ ਪਤਨੀ ਇੱਛਰਾਂ ਨੂੰ ਰੂਪ ਵਿਹੂਣੀ ਦੱਸਕੇ ਅਤੇ ਮੁਹੱਬਤ ਨੂੰ ਜ਼ਾਤਾਂ-ਪਾਤਾਂ ਤੋਂ ਉੱਪਰ ਹੋਣ ਦਾ ਵਾਸਤਾ ਪਾ ਕੇ ਮਨਾ ਲੈਂਦਾ ਹੈ। ਵਰਮਨ ਤੇ ਉਸਦੀ ਪਤਨੀ ਦੀਆਂ ਕੋਸ਼ਿਸ਼ਾਂ ਨਾਲ਼ ਰਾਜਾ ਸਲਵਾਨ ਅਤੇ ਲੂਣਾ ਦਾ ਵਿਆਹ ਤੈਅ ਹੋ ਜਾਂਦਾ ਹੈ।
16-17 ਸਾਲ ਦੀ ਅੱਲ੍ਹੜ ਉਮਰ ਦੀ ਬੇਹੱਦ ਖੂਬਸੂਰਤ ਨਾਜ਼ੁਕ ਜਿਹੀ ਕੁੜੀ ਉਸਦੀ ਬਾਪ ਦੀ ਉਮਰ ਦੇ ਸਲਵਾਨ ਨਾਲ਼ ਆਪਣੇ ਬੇਜੋੜ ਵਿਆਹ ਤੋਂ ਨਾਖੁਸ਼ ਹੈ। ਗ਼ੁਰਬਤ ਦੀ ਜ਼ਿੰਦਗੀ ਜੀਅ ਰਹੇ ਉਸਦੇ ਸ਼ੂਦਰ ਬਾਪ ਬਾਰੂ ਨੂੰ ਲਾਲਚ ਜਾਂ ਫਿਰ ਮਜ਼ਬੂਰੀ ਵੱਸ ਇਸ ਰਿਸ਼ਤੇ ਲਈ ਸਹਿਮਤ ਹੋਣਾ ਹੀ ਪੈਂਦਾ ਹੈ। ਵਿਆਹ ਤੋਂ ਬਾਅਦ ਅਤੇ ਵਿਦਾਈ ਤੋਂ ਪਹਿਲਾਂ ਲੂਣਾ ਆਪਣੇ ਦਿਲ ਦਾ ਦਰਦ ਆਪਣੀ ਸਹੇਲੀ ਈਰਾ ਨਾਲ਼ ਸਾਂਝਾ ਕਰਦੀ ਹੈ।
ਹਰ ਬਾਬਲ ਵਰ ਢੂੰਡਣ ਜਾਵੇ, ਹਰ ਅਗਨੀ ਦੇ ਮੇਚ।
ਹਰ ਅੱਗ ਹੀ ਛੱਡ ਜਾਵੇ ਸਈੳ, ਹਰ ਬਾਬਲ ਦਾ ਦੇਸ।
ਨੀਂ ਮੈਂ ਅੱਗ ਟੁਰੀ ਪ੍ਰਦੇਸ।
ਪਰ ਸਈੳ ਮੈਂ ਕੈਸੀ ਅੱਗ ਹਾਂ ਕੈਸੇ ਮੇਰੇ ਲੇਖ।
ਜੋ ਬਾਬਲ ਵਰ ਢੂੰਡ ਲਿਆਇਆ ਸੋ ਨਾ ਆਇਆ ਮੇਚ।
ਨੀਂ ਮੈਂ ਅੱਗ ਟੁਰੀ ਪ੍ਰਦੇਸ।
ਈਰਾ ਉਸਨੂੰ ਸਮਝਾਉਂਦੀ ਹੈ ਕਿ ਸਾਡੇ ਸਮਾਜ ਵਿੱਚ ਔਰਤ ਵੱਲੋਂ ਆਪਣੇ ਵਿਆਹ ਸਬੰਧੀ ਪਸੰਦ ਜਾਂ ਨਾਪਸੰਦ ਲਈ ਜ਼ੁਬਾਨ ਖੋਲ੍ਹਣਾ ਜਾਂ ਬਗਾਵਤ ਕਰਨਾ ਅਧਰਮ ਹੈ।
ਅੱਗ ਦਾ ਧਰਮ ਸਦਾ ਹੈ ਬਲਣਾ, ਕਦੇ ਬਗਾਵਤ ਕਰਦੀ ਨਾਹੀਂ।
ਚਾਹੇ ਪੂਜਾ ਲਈ ਕੋਈ ਬਾਲੇ, ਜਾਂ ਕੋਈ ਬਾਲੇ ਵਿੱਚ ਕੁਰਾਹੀਂ।
ਇਸਦੇ ਜਵਾਬ ਵਿੱਚ ਲੂਣਾ ਅਖੌਤੀ ਧਰਮਾਂ ਤੇ ਰਿਵਾਜਾਂ ‘ਤੇ ਚੋਟ ਕਰਦੀ ਹੋਈ ਕਹਿੰਦੀ ਹੈ:
ਸੁਣ ਸਖੀਏ ਨੀ ਭੈਣਾਂ ਈਰੇ,
ਭਰਮ ਦਾ ਪਿੰਡਾ ਕਿੰਜ ਕੋਈ ਚੀਰੇ।
ਭਰਮ ਤਾਂ ਸਾਡੇ ਧਰਮਾਂ ਜਾਏ,
ਜਿਨ੍ਹਾਂ ਸਾਡੇ ਕੂਲੇ ਪੈਰੀਂ,
ਸ਼ਰਮਾਂ ਵਾਲੇ ਸੰਗਲ ਪਾਏ,
ਜੋ ਨਾ ਸਾਥੋਂ ਜਾਣ ਛੁਡਾਏ,
ਮਰਯਾਦਾ ਦੇ ਕਿਲੇ ਬੱਝੀ,
ਢੋਰਾ ਵਾਕਣ ਰੂਹ ਕੁਰਲਾਏ
ਪਰ ਨਾ ਕਿੱਲੇ ਜਾਣ ਪੁਟਾਏ
ਤੇ ਇਹ ਨਿਰਸਫਲ ਯਤਨ ਅਸਾਡਾ
ਸਾਡੀ ਹੀ ਕਿਸਮਤ ਕਹਿਲਾਏ।
ਮਥੁਰੀ ਲੂਣਾ ਨੂੰ ਲਾਲਚ ਦੇ ਕੇ ਵਰਚਾਉਣਾ ਚਹੁੰਦੀ ਹੈ ਕਿ ਤੈਨੂੰ ਹੋਰ ਕੀ ਚਾਹੀਦਾ ਹੈ ਤੈਨੂੰ ਤਾਂ ਇਕ ਅਛੂਤ ਨੂੰ ਰਾਜੇ ਨੇ ਆਪਣੇ ਮਹਿਲਾਂ ਦੀ ਰਾਣੀ ਬਣਾ ਦਿੱਤਾ ਹੈ। ਇਸਤੇ ਲੂਣਾ ਤੜਪ ਕੇ ਕਹਿੰਦੀ ਹੈ:
ਮੈਨੂੰ ਭਿੱਟ-ਅੰਗੀ ਨੂੰ ਭਿੱਟ-ਅੰਗਾ ਵਰ ਦੇਵੋ
ਮੋੜ ਲਵੋ ਇਹ ਫੁੱਲ ਤਲੀ ਸੂਲਾਂ ਧਰ ਦੇਵੋ
ਲੂਣਾ ਤੁਰਨ ਵੇਲੇ ਤੱਕ ਵਾਸਤੇ ਪਾਉਂਦੀ ਰਹਿੰਦੀ ਹੈ ਕਿ ਇਸ ਵਿਆਹ ਵਿੱਚ ਮੇਰੀ ਖੁਸ਼ੀ ਨਹੀਂ ਹੈ, ਮੈਨੂੰ ਚਾਹੇ ਮੇਰੀ ਜ਼ਾਤ ਦਾ ਗਰੀਬ ਵਰ ਲੱਭ ਦੇਵੋ ਪਰ ਉਹ ਮੇਰੇ ਜਜ਼ਬਾਤਾਂ ਦੇ ਹਾਣ ਦਾ ਤਾਂ ਹੋਵੇ। ਪਰ ਉਸਦੇ ਤਰਲਿਆਂ ਨੂੰ ਹਰ ਕਿਸੇ ਨੇ ਔਰਤ ਧਰਮ ਦਾ ਪਾਲਣ ਕਰਨ ਦਾ ਵਾਸਤਾ ਪਾ ਕੇ ਅਣਗੌਲਿਆਂ ਕਰ ਦਿੱਤਾ। ਬਾਰੂ ਬਾਬਲ ਨੇ ਵੀ ਆਪਣੀ ਗੁਰਬਤ ਦੀ ਬੇਵੱਸੀ ਜ਼ਾਹਰ ਕਰਕੇ ਉਸਨੂੰ ਵਿਦਾਅ ਕਰ ਦਿੱਤਾ। ਉਸਦੀ ਸਹੇਲੀ ਈਰਾ ਵੀ ਕੁਝ ਦਿਨਾਂ ਲਈ ਉਸਦੇ ਨਾਲ਼ ਸਹੁਰੇ ਘਰ ਭੇਜ ਦਿੱਤੀ ਜਾਂਦੀ ਹੈ।
ਓਧਰ ਔਰਤ ਦੇ ਦੂਜੇ ਰੂਪ ਵਿੱਚ ਇੱਛਰਾਂ ਹੈ ਜੋ ਆਪਣੇ ਪਤੀ ਦੀ ਬੇਵਫ਼ਾਈ ਦੇ ਦਰਦ ਨਾਲ਼ ਰੁੰਨ੍ਹੀ ਹੋਈ ਆਪਣੀ ਦਾਸੀ ਨਾਲ਼ ਗੱਲਾਂ ਕਰਦੀ ਹੈ।
ਜੇ ਮੈਂ ਬਾਂਝ ਹੁੰਦੀ ਤੇ ਨਾ ਦੁੱਖ ਹੁੰਦਾ
ਉਹਦੇ ਵਿਹੜੇ ਮੈਂ ਚਾਨਣਾ ਰੋੜਿਆ ਨੀ
ਚੰਨ ਹੁੰਦਿਆਂ ਚੱਠ ਵਿਆਹ ਲਿਆਂਦੀ
ਮੇਰੀ ਪੀੜ ਦਾ ਮੁੱਲ ਨਾ ਮੋੜਿਆ ਨੀ।
ਅਖੀਰ ਸੋਚ ਵਿਚਾਰ ਮਗਰੋਂ ਇਛਰਾਂ ਆਪਣੇ ਪਤੀ ਦੀ ਬੇਵਫਾਈ ਦੇ ਜ਼ਖਮ ਉੱਤੇ ਪੁੱਤਰ ਦੇ ਮੋਹ ਦਾ ਮਲ੍ਹਮ ਲਾਉਂਦੀ ਹੋਈ ਆਪਣੇ ਮਨ ਨਾਲ਼ ਸਮਝੌਤਾ ਕਰ ਲੈਂਦੀ ਹੈ।
ਨਾਰੀ ਪਤੀ ਦਾ ਹਿਜਰ ਤਾਂ ਸਹਿ ਸਕਦੀ
ਪਰ ਪੁੱਤ ਦਾ ਹਿਜ਼ਰ ਨਾ ਸਹਿ ਸਕੇ
ਝਿੰਝਨ ਵੇਲ ਬੇਜੜ੍ਹੀ ਵੱਤ ਨਾਰ ਜੀਵੇ
ਪਰ ਪੱਤਿਆਂ ਬਾਝ ਨਾ ਰਹਿ ਸਕਦੀ
ਇੱਛਰਾਂ ਨਾਰੀ ਨੂੰ ਇਕ ਬੇ-ਜੜ੍ਹੀ ਵੇਲ ਨਾਲ਼ ਸਮਾਨਤਾ ਦੇਂਦੀ ਹੈ, ਜਿਹੜੀ ਜੜ੍ਹਾਂ ਤੋਂ ਬਿਨਾ ਰਹਿ ਸਕਦੀ ਹੈ ਪਰ ਪੱਤਿਆਂ ਤੋਂ ਬਿਨ੍ਹਾਂ ਨਹੀਂ। ਇੰਝ ਮਨ ਸਮਝਾਵਾ ਕਰਦੀ ਹੋਈ, ਇਨ੍ਹਾਂ ਉਦਾਸ ਹਾਲਾਤਾਂ ਤੋਂ ਦੂਰ ਕੁਝ ਦਿਨਾਂ ਲਈ ਪੇਕੇ ਚਲੀ ਜਾਂਦੀ ਹੈ।
ਓਧਰ ਪੂਰਨ(ਸਲਵਾਨ ਅਤੇ ਇੱਛਰਾਂ ਦਾ ਪੁੱਤਰ) ਆਪਣੇ ਭੋਰੇ ‘ਚੋਂ ਨਿੱਕਲ ਕੇ ਕੁਝ ਦਿਨਾਂ ਲਈ ਲੂਣਾ ਦੇ ਮਹਿਲਾਂ ਵਿੱਚ ਠਹਿਰਿਆ ਹੋਇਆ ਹੈ। ਲੂਣਾ ਜਦੋਂ ਪੂਰਨ ਨੂੰ ਤੱਕਦੀ ਹੈ ਤਾਂ ਸੋਚਾਂ ਦੇ ਵਹਿਣ ਵਿੱਚ ਵਹਿ ਜਾਂਦੀ ਹੈ ਕਿ ਪੂਰਨ ਤਾਂ ਬਿਲਕੁਲ ਉਹੋ ਜਿਹਾ ਹੀ ਹੈ, ਜਿਹੋ ਜਿਹਾ ਹਾਣੀ ਉਸਨੇ ਆਪਣੇ ਬਾਬਲ ਦੇ ਵਿਹੜੇ ਵਿੱਚ ਰਹਿੰਦਿਆਂ ਕਲਪ ਲਿਆ ਸੀ। ਇਹ ਤਾਂ ਉਸਦੇ ਉਸ ਸੁਪਨੇ ਦਾ ਨਾਇਕ ਸੀ ਜੋ ਉਸਨੇ ਜੋਬਨ ਰੁੱਤੇ ਜਾਗਦੀ ਅੱਖ ਨਾਲ਼ ਵੇਖਿਆ ਸੀ। ਕਦੀ ਕਦਾਈਂ ਉਸਦੀ ਅਕਲ ਉਸਨੂੰ ਪੂਰਨ ਨਾਲ਼ ਬਣਦੇ ਸਮਾਜਿਕ ਰਿਸ਼ਤੇ ਦਾ ਵਾਸਤਾ ਪਾਉਂਦੀ ਹੋਈ ਉਸਨੂੰ ਵਰਜਦੀ ਵੀ ਹੈ, ਪਰ ਹਰ ਵਾਰ ਉਸਦੇ ਜਜ਼ਬਾਤਾਂ ਦਾ ਪੱਲੜਾ ਅਕਲ ਦੇ ਪੱਲੜੇ ਤੋਂ ਭਾਰਾ ਹੋ ਜਾਂਦਾ ਹੈ।
ਕੋਈ ਕੋਈ ਪੱਤ ਅਕਲ ਦਾ ਝੜਦਾ
ਪਰ ਇਹ ਅਗਨ-ਮਿਰਗ ਨਾ ਚਰਦਾ
ਜਦ ਇਸ ਗੱਲ ਦਾ ਇਲਮ ਈਰਾ ਨੂੰ ਹੁੰਦਾ ਹੈ ਤਾਂ ਉਹ ਲੂਣਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।
ਲੂਣਾ ਕਦੇ ਵਿਵਰਜਿਤ ਅੱਗ ਨੂੰ
ਸੱਚ ਕਹਿੰਦੀ ਹਾਂ ਹੱਥ ਨਾ ਲਾਈਂ
ਧਰਤੀ ਦੀ ਨਾਰੀ ਨੂੰ ਵੇਖੀਂ
ਚ੍ਰਿਤਰਹੀਣ ਨਾ ਕਦੇ ਕਹਾਈਂ।
ਇਸਦੇ ਜਵਾਬ ਵਿੱਚ ਜੋ ਲੂਣਾ ਕਹਿੰਦੀ ਹੈ, ਇਸ ਵਿੱਚ ਪੂਰੀ ਕਹਾਣੀ ਦਾ ਸਾਰ ਛਿਪਿਆ ਹੋਇਆ ਹੈ
ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਮੇਰੇ ਫੁੱਲ ਕੁਮਲਾਇਆ
ਜਿਸਦਾ ਇਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ ਪੁਰਨ ਦੇ ਹਾਣ ਦੀ
ਸਈੳ ਨੀ ਮੈਂ ਧੀ ਵਰਗੀ ਸਲਵਾਨ ਦੀ
ਮੌਕਾ ਮਿਲਣ ‘ਤੇ ਲੂਣਾ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਪੂਰਨ ਅੱਗੇ ਕਰਦੀ ਹੈ। ਕਹਾਣੀ ਦਾ ਸਭ ਤੋਂ ਖੂਬਸੂਰਤ ਪੜਾਅ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਅੱਲ੍ਹੜ ਉਮਰ ਦਾ ਪੂਰਨ ਉਸੇ ਦੇ ਹਾਣ ਦੀ ਲੂਣਾ ਨੂੰ ਪ੍ਰੇਮ ਅਤੇ ਵਾਸ਼ਨਾ ਵਿਚਲਾ ਅੰਤਰ ਸਮਝਾਉਂਦਾ ਹੈ। ਪੂਰਨ ਆਪਣੀ ਦਾਰਸ਼ਨਿਕ ਸੂਝ-ਬੂਝ ਨਾਲ਼ ਲੂਣਾ ਨੂੰ ਸਮਝਾਉਂਦਾ ਹੈ ਕਿ ਮੈਨੂੰ ਤੇਰੇ ਨਾਲ਼ ਹੋਈ ਨਾ-ਇਨਸਾਫ਼ੀ ਦੀ ਵਜ੍ਹਾ ਕਰਕੇ ਤੇਰੇ ਨਾਲ਼ ਹਮਦਰਦੀ ਜ਼ਰੂਰ ਹੈ, ਪਰ ਤੂੰ ਆਪਣੇ ਦੱਬੇ ਹੋਏ ਜਜ਼ਬਾਤਾਂ ਨੂੰ ਪਾਕ ਪਵਿੱਤਰ ਪ੍ਰੇਮ ਦਾ ਨਾਮ ਨਾ ਦੇ, ਮੁਹੱਬਤ ਦਾ ਨਾਮ ਨਾ ਦੇ। ਲੂਣਾ ਦੇ ਬਜ਼ਿੱਦ ਰਹਿਣ ‘ਤੇ ਕਿ ਉਹ ਉਸਨੂੰ ਪ੍ਰੇਮ ਕਰਦੀ ਹੈ, ਪੂਰਨ ਪ੍ਰੇਮ ਦੇ ਰਿਸ਼ਤੇ ਨੂੰ ਪ੍ਰਭਾਸ਼ਿਤ ਕਰਦਾ ਹੈ ਕਿ ਪ੍ਰੇਮ ਨੂੰ ਤਾਂ ਕਦੇ ਵੀ ਇਜ਼ਹਾਰ ਵਾਸਤੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ। ਪ੍ਰੇਮ ਤਾਂ ਮਾਂ ਦੀ ਮਮਤਾ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਸੀ। ਸਗੋਂ ਮਮਤਾ ਹੀ ਤਾਂ ਪ੍ਰੇਮ ਦਾ ਸਰਵੋਤਮ ਰੂਪ ਹੈ। ਪੂਰਨ ਅਨੁਸਾਰ ਜੇਕਰ ਲੂਣਾ ਨੇ ਮਰਿਆਦਾ ਦੀ ਉਲੰਘਣਾ ਕਰਕੇ, ਆਪਣੇ ਜਜ਼ਬਾਤਾਂ ਨੂੰ ਬੁੱਲ੍ਹਾਂ ਤੱਕ ਲਿਆ ਕੇ ਜਿਸਮਾਨੀ ਮਿਲਾਪ ਦੀ ਇੱਛਾ ਸਾਹਮਣੇ ਰੱਖੀ ਹੈ ਤਾਂ ਉਹ ਪ੍ਰੇਮ ਨਾ ਹੋ ਕੇ ਵਾਸ਼ਨਾ ਹੈ।
ਮਾਏਂ! ਮੁਹੱਬਤ ਇਕ ਦੂਜੇ ਦੇ ਰੰਗਾਂ ਦਾ ਸਤਿਕਾਰ ਹੈ ਹੁੰਦੀ.....
ਰੰਗ ਨੇ ਰੰਗ ਦੀ ਹੋਂਦ ਗਵਾਨੀ ਪਿਆਰ ਨਹੀਂ ਵਿਭਚਾਰ ਹੈ ਹੁੰਦੀ......
ਪਿਆਰ ਤਾਂ ਚੁੱਪ ਨਿਰਸ਼ਬਦ ਕਥਾ ਹੈ ਪਿਆਰ ਕਦੇ ਰੌਲਾ ਨਾਂ ਪਾਂਦਾ....
ਪਿਆਰ ਸਦਾ ਅੰਤਰ ਵਿੱਚ ਬਲਦਾ ਬਾਹਰ ਉਸਦਾ ਸੇਕ ਨਾ ਆਉਂਦਾ....
ਜਦੋਂਕਿ ਲੂਣਾ ਦੀ ਨਾ-ਬਾਲਗ ਬੁੱਧੀ ਇਸ ਰਮਜ਼ ਨੂੰ ਸਮਝ ਨਹੀਂ ਪਾਉਂਦੀ ਤੇ ਉਹ ਮਰਦ ਜ਼ਾਤ ਕੋਲੋਂ ਇਸ ਇਨਕਾਰ ਦਾ ਬਦਲਾ ਪੂਰਨ ਉੱਪਰ ਝੂਠਾ ਦੋਸ਼ ਲਗਾ ਕੇ ਲੈਂਦੀ ਹੈ।
ਕਿਸੇ ਵੀ ਸਾਹਿਤਕ ਰਚਨਾ ਨੂੰ ਸਾਰਥਕ ਕਹਾਉਣ ਦਾ ਹੱਕ ਤਦ ਹੀ ਹੁੰਦਾ ਹੈ, ਜਦ ਉਹ ਕੇਵਲ ਮੰਨੋਰੰਜਨ ਦਾ ਸਾਧਨ ਹੀ ਨਾ ਹੋ ਕੇ ਸਮਾਜ ਲਈ ਕੋਈ ਸੁਨੇਹਾ ਵੀ ਦਿੰਦੀ ਹੋਵੇ। ਸੋ ਸ਼ਿਵ ਨੇ ਵੀ ਲੂਣਾ ਦੀ ਵਕਾਲਤ ਕਰਦਿਆਂ ਹੋਇਆਂ ਕੁਝ ਅਜਿਹੇ ਰੂੜੀਵਾਦੀ ਸਮਾਜਿਕ ਵਰਤਾਰਿਆਂ ਨੂੰ ਸਾਡੇ ਸਾਹਮਣੇ ਰੱਖਿਆ ਹੈ ਜਿਨ੍ਹਾਂ ਨੂੰ ਕਿ ਸਮਾਜ ਦੇ ਇਜ਼ੱਤਦਾਰ ਅਤੇ ਸਮਝਦਾਰ ਵਰਗ ਨੇ ਵੀ ‘ਸੱਭਿਅਤਾ’ ਦੇ ਨਾਮ ਹੇਠ ਸਵੀਕਾਰ ਕਰ ਰੱਖਿਆ ਹੈ। ਕੁਦਰਤ ਨੇ ਔਰਤ ਅਤੇ ਮਰਦ ਦੀ ਸਿਰਜਣਾ ਇਕ ਦੂਜੇ ਦੇ ਪੂਰਕ ਦੇ ਰੂਪ ਵਿੱਚ ਹੀ ਕੀਤੀ ਹੈ। ਦੋਵੇਂ ਹੀ ਇਕ ਦੂਜੇ ਤੋਂ ਬਿਨ੍ਹਾਂ ਅਧੂਰੇ ਹਨ। ਸਾਡੇ ਸਮਾਜ ਵਿੱਚ ਇਸ ਰਿਸ਼ਤੇ ਦੀ ਪ੍ਰਵਾਨਗੀ ਲਈ ਵਿਆਹ ਦਾ ਵਿਕਲਪ ਬਣਾਇਆ ਜ਼ਰੂਰ ਗਿਆ ਹੈ, ਪ੍ਰੰਤੂ ਅਕਸਰ ਇਸਨੂੰ ਸਾਰਥਕ ਤਰੀਕੇ ਨਾਲ਼ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ। ਅੱਜ ਵੀ ਜਦੋਂ ਹਕੀਕਤ ਵਿੱਚ ਬਾਹਰਲੇ ਦੇਸ਼ ਜਾਣ ਦੇ ਲਾਲਚ ਵੱਸ ਜਾਂ ਕਿਸੇ ਮਜ਼ਬੂਰੀ ਵੱਸ ਕਿਸੇ ਮਾਸੂਮ ਲੜਕੀ ਨੂੰ ਕਿਸੇ ਬੇਜੋੜ ਵਿਆਹ ਦੇ ਬੰਧਨ ਵਿੱਚ ਬੱਝਦਾ ਦੇਖਦੀ ਹਾਂ ਤਾਂ ਲੂਣਾ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਆ ਖਲੋਂਦੀ ਹੈ। ਕਈ ਵਾਰ ਤਾਂ ਬਿਨ੍ਹਾਂ ਕਿਸੇ ਮਜ਼ਬੂਰੀ ਦੇ ਵੀ ਅਸੀਂ ਆਪਣੀਆਂ ਮਾਸੂਮ ਬੱਚੀਆਂ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰ ਜਾਂਦੇ ਹਾਂ। ਸ਼ਾਦੀ ਦੀ ਉਮਰ ਹੋਣ ‘ਤੇ ਲੜਕੀ ਦੇ ਮਨ ਅੰਦਰ ਆਪਣੇ ਜੀਵਨ ਸਾਥੀ ਨੂੰ ਲੈ ਕੇ ਕੁਝ ਅਰਮਾਨਾਂ ਦਾ ਹੋਣਾ ਕੋਈ ਅਸਾਧਾਰਣ ਗੱਲ ਨਹੀਂ ਹੈ। ਪਰ ਜਦੋਂ ਉਸਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਣ ਫੈਸਲਾ ਲੈਣ ਵਕਤ ਉਸਦੀ ਖਾਹਿਸ਼ ਨੂੰ ਤਰਜੀਹ ਨਾ ਦੇ ਕੇ ਕੇਵਲ ਭੌਤਿਕ ਲੋੜਾਂ ਦੀ ਪੂਰਤੀ ਕਰਦਾ ਜੀਵਨਸਾਥੀ ਨੂੜ੍ਹ ਦਿੱਤਾ ਜਾਂਦਾ ਹੈ ਤਾਂ ਅਕਸਰ ਮਜ਼ਬੂਰੀਵੱਸ ਉਹ ਆਪਣੀਆਂ ਰੀਝਾਂ ਨੂੰ ਦਬਾਅ ਕੇ ਸਹਿਮਤ ਤਾਂ ਹੋ ਹੀ ਜਾਂਦੀ ਹੈ ਪ੍ਰੰਤੂ ਭਾਵਨਾਵਾਂ ਵਗਦੇ ਪਾਣੀ ਦੀ ਨਿਆਈਂ ਹੁੰਦੀਆ ਹਨ। ਇੱਕ ਪਾਸਿਓਂ ਜਬਰੀ ਬੰਨ੍ਹ ਲਾ ਕੇ ਰੋਕਿਆ ਗਿਆ ਪਾਣੀ ਕੋਈ ਨਾ ਕੋਈ ਵਿਰਲ ਵਿੱਥ ਜਾਂ ਨਿਵਾਣ ਮਿਲਦਿਆਂ ਸਾਰ ਹੀ ਉਧਰ ਨੂੰ ਵਹਿ ਤੁਰਦਾ ਹੈ। ਕਿਤੇ ਸਾਡੇ ਵੱਲੋਂ ਜ਼ਬਰਦਸਤੀ ਠੋਸਿਆ ਗਿਆ ਫੈਸਲਾ ਸਾਡੇ ਬੱਚੇ ਦੀ ਜ਼ਿੰਦਗੀ ਦਾ ਖੌਅ ਹੀ ਨਾ ਬਣ ਜਾਵੇ। ਜੇਕਰ ਇਸ ਤਰ੍ਹਾਂ ਦੀ ਸਖਤਾਈ ਦਾ ਕਾਰਨ ਸਿਰਫ਼ ਸਮਾਜ ਦੀ ਲੋਕ ਲਾਜ ਹੀ ਹੈ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮਾਜ ਵੀ ਸਾਡੇ ਵਰਗੇ ਲੋਕਾਂ ਦਾ ਹੀ ਬਣਿਆ ਹੈ। ਹਰ ਇਨਸਾਨ ਸਮਾਜ ਦੀ ਇਕਾਈ ਹੈ ਅਤੇ ਇਸਦੇ ਕਾਇਦੇ-ਕਨੂੰਨ ਵੀ ਸਾਡੇ ਵੱਲੋਂ ਹੀ ਸਿਰਜੇ ਗਏ ਹਨ, ਜੋ ਕਿ ਵਕਤ ਦੇ ਨਾਲ਼ ਨਾਲ਼ ਅਗਾਂਹਵਧੂ ਹੋਣੇ ਚਾਹੀਦੇ ਹਨ। ਜਿਸ ਤਰ੍ਹਾਂ ਬਹੁਤਾ ਚਿਰ ਇੱਕੋ ਥਾਂ ਖੜ੍ਹਾ ਪਾਣੀ ਬਦਬੂ ਮਾਰ ਜਾਂਦਾ ਹੈ, ਇਸੇ ਤਰ੍ਹਾਂ ਇਹ ਰਸਮਾਂ-ਰਿਵਾਜ਼ ਜੇਕਰ ਹਮੇਸ਼ਾ ਸਥਾਈ ਰਹਿਣ, ਹਾਲਾਤ ਦੇ ਅਨੁਸਾਰ ਬਦਲੇ ਨਾ ਜਾਣ ਤਾਂ ਇਹ ਵੀ ਮਨੁੱਖੀ ਜੀਵਨ ਲਈ ਸਰਾਪ ਬਣਕੇ ਰਹਿ ਜਾਂਦੇ ਹਨ।
ਇਨ੍ਹਾਂ ਸਤਰਾਂ ਦੀ ਲੇਖਿਕਾ ਦੀ ਸਮਾਜ ਨੂੰ ਏਹੀ ਅਪੀਲ ਹੈ ਕਿ ਅਗਰ ਤੁਸੀਂ ਧੀਆਂ ਨੂੰ ਜਨਮ ਦੇਣ ਦਾ ਉਪਕਾਰ ਕੀਤਾ ਹੈ ਤਾਂ ਇੱਕ ਉਪਕਾਰ ਹੋਰ ਵੀ ਕਰੋ ਕਿ ਓਨ੍ਹਾਂ ਨੂੰ ਪੜ੍ਹਾਈ ਲਿਖਾਈ ਦੇ ਨਾਲ਼-ਨਾਲ਼ ਚੰਗੇ ਸੰਸਕਾਰ ਵੀ ਦੇਵੋ ਤੇ ਯੋਗ ਉਮਰ ਆਉਣ ‘ਤੇ ਓਨ੍ਹਾਂ ਨੂੰ ਜੀਵਨ ਸਾਥੀ ਚੁਣਨ ਦਾ ਹੱਕ ਵੀ ਦੇਵੋ। ਕਿਤੇ ਇਹ ਨਾ ਹੋਵੇ ਕਿ ਰਸਮਾਂ ਦੇ ਕਿੱਲੇ ਨਾਲ਼ ਬੱਝੀ ਸਾਡੀ ਲਾਡਲੀ ਬੇਟੀ ਕਿਸੇ ਦਿਨ ਦੋਰਾਹੇ ‘ਤੇ ਖੜ੍ਹੀ ਹੋਵੇ- ਕਿ ਜਾਂ ਤਾਂ ਈਰਾ, ਮਥੁਰਾ ਤੇ ਇੱਛਰਾਂ ਵਾਂਗ ਹੋਣੀ ਨੂੰ ਆਪਣੀ ਕਿਸਮਤ ਜਾਣ ਕੇ ਸਾਰੀ ਉਮਰ ਇਕ ਘੁਟਣ ਵਿੱਚ ਹੀ ਗੁਜ਼ਾਰ ਦੇਵੇ ਤੇ ਜਾਂ ਫਿਰ ਕਦੀ ਲੂਣਾ ਵਾਂਗ ਬਗਾਵਤ ਕਰਨ ਲਈ ਮਜ਼ਬੂਰ ਹੋ ਜਾਵੇ। ਸ਼ਾਇਦ ਲੂਣਾ ਖ਼ੁਦ ਵੀ ਏਹੀ ਚਹੁੰਦੀ ਸੀ:
ਜਦ ਲੋਕ ਕਿਧਰੇ ਜੁੜਨਗੇ
ਜਦ ਲੋਕ ਕਿਧਰੇ ਬਹਿਣਗੇ
ਲੂਣਾ ਨੂੰ ਗਾਲਾਂ ਦੇਣਗੇ
ਪੂਰਨ ਨੂੰ ਗਲ ਥੀਂ ਲਾਣਗੇ
ਸ਼ਾਇਦ ਕਿਸੇ ਸਲਵਾਨ ਸੰਗ
ਲੂਣਾ ਨਾ ਮੁੜ ਪਰਨਾਣਗੇ
ਮੇਰੇ ਜਿਹੀ ਕਿਸੇ ਧੀਅ ਦੇ
ਅਰਮਾਨ ਨਾ ਰੁਲ਼ ਜਾਣਗੇ . . .