ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ (ਪੁਸਤਕ ਪੜਚੋਲ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁਰਦੀਸ਼ ਕੌਰ ਗਰੇਵਾਲ ਇੱਕ ਸੁਦ੍ਰਿੜ੍ਹ,ਮਾਨਵੀ ਕਦਰਾਂ ਕੀਮਤਾਂ ਦੀ ਪਹਿਰੇਦਾਰ,ਸਮਾਜਿਕ ,ਧਾਰਮਿਕ,ਪਰਿਵਾਰਿਕ ਰਿਸ਼ਤਿਆਂ ਦੀ ਟੁੱਟ ਭੱਜ,ਪਰਵਾਸ ਦੀ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ,ਨਸ਼ੇ ਦੀਆਂ ਲਾਹਨਤਾਂ,ਬੇਰੋਜ਼ਗਾਰੀ ਅਤੇ ਇਸਤਰੀ ਜਾਤੀ ਦੇ ਸੰਬੰਧਾਂ ਵਰਗੇ ਨਾਜ਼ੁਕ ਵਿਸ਼ਿਆਂ ਨੂੰ ਸਰਲ,ਸ਼ਪੱਸ਼ਟ,ਸੰਜਮ,ਸੁਹਿਰਦਤਾ,ਸਿਆਣਪ,ਸ਼ਿਦੱਤ,ਸਹਿਜਤਾ,ਰਵਾਨਗੀ ਅਤੇ ਸੰਭਲ ਸੰਭਲਕੇ ਲਿਖਣ ਦੀ ਮਾਹਿਰ ਨਿਬੰਧਕਾਰ ਹੈ। ਹੈਰਾਨੀ ਦੀ ਗੱਲ ਹੈ ਕਿ ਸਾਰੀ ਉਮਰ ਹਿਸਾਬ ਵਰਗੇ ਰੁੱਖੇ ਵਿਸ਼ੇ ਪੜ੍ਹਾਉਣ ਵਾਲੀ ਗੁਰਦੀਸ਼ ਬੜੇ ਹੀ ਸੂਖਮ ਤੇ ਗੁੰਝਲਦਾਰ ਵਿਸ਼ਿਆਂ ਨੂੰ ਕਲਾਤਮਕਤਾ ਦਾ ਪਹਿਰਾਵਾ ਪੁਆ ਕੇ ਉਸਨੂੰ ਸਾਹਿਤਕ ਰੰਗਤ ਦੇ ਕੇ ਪਾਠਕਾਂ ਲਈ ਸੁਚੱਜੇ ਢੰਗ ਨਾਲ ਪ੍ਰੋਸਦੀ ਹੈ ਤੇ ਇਹ ਪ੍ਰੋਸਿਆ ਮੈਟਰ ਪਾਠਕਾਂ ਦੇ ਹਾਜਮੇਂ ਨੂੰ ਮਜ਼ਬੂਤ ਹੀ ਨਹੀਂ ਕਰਦਾ ਸਗੋਂ ਉਹਨਾਂ ਨੂੰ ਸਾਂਭਕੇ ਆਪਣੇ ਹਰ ਰੋਜ ਮਰਹਾ ਦੇ ਜੀਵਨ ਵਿੱਚ ਵਰਤਣ ਦੀ ਪ੍ਰੇਰਨਾ ਦਿੰਦਾ ਹੈ। ਗੁਰਦੀਸ਼ ਦਾ ਜਨਮ ਜਲੰਧਰ ਜਿਲ੍ਹੇ ਦੇ ਪਿੰਡ ਨਾਜ਼ਕ ਵਿੱਚ ਇੱਕ ਪੜ੍ਹੇ ਲਿਖੇ ਗੁਰਸਿਖ ਪਰਿਵਾਰ ਵਿੱਚ ਨੰਬਰਦਾਰ ਅਵਤਾਰ ਸਿੰਘ ਦੇ ਘਰ ਸ਼੍ਰੀਮਤੀ ਸੁਰਿੰਦਰ ਕੌਰ ਦੀ ਕੁਖੋਂ ਹੋਇਆ। ਉਹਨਾ ਬੀ ਏ ਲਾਇਲਪੁਰ ਖਾਲਸਾ ਕਾਲਜ ਅਤੇ ਐਮ ਏ ਪੰਜਾਬੀ,ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਉਸ ਸਮੇਂ ਲੜਕੀਆਂ ਨੂੰ ਪੜ੍ਹਨੇ ਨਹੀਂ ਪਾਇਆ ਜਾਂਦਾ ਸੀ। ਉਹਨਾ ਦਾ ਵਿਆਹ ਪ੍ਰੋ ਸੁਰਿੰਦਰ ਸਿੰਘ ਗਰੇਵਾਲ ਨਾਲ ਹੋਇਆ ।ਉਹਨਾਂ ਦੇ ਇੱਕ ਲੜਕਾ ਅਤੇ ਲੜਕੀ ਹਨ ਪ੍ਰੰਤੂ ਪ੍ਰੋ ਗਰੇਵਾਲ ਦੀ ਅਚਾਨਕ ਮੌਤ ਤੋਂ ਬਾਅਦ ਬੀਬੀ ਗੁਰਦੀਸ਼ ਨੇ ਹਿੰਮਤ ਨਹੀਂ ਹਾਰੀ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀ, ਜਿਸਦੇ ਸਿੱਟੇ ਵਜੋਂ ਲੜਕਾ ਸਤਪ੍ਰੀਤ ਕੈਨੇਡਾ ਵਿੱਚ ਦੰਦਾਂ ਦਾ ਡਾਕਟਰ ਅਤੇ ਲੜਕੀ ਕਿਰਨਜੋਤ ਇੰਜਨੀਅਰ ਹੈ। ਕਾਲਜ ਦੇ ਦਿਨਾਂ ਵਿੱਚ ਹੀ ਆਪਦੀਆਂ ਰਚਨਾਵਾਂ ਕਾਲਜ ਦੇ ਰਸਾਲੇ ਵਿੱਚ ਪ੍ਰਕਾਸ਼ਤ ਹੁੰਦੀਆਂ ਸਨ।ਗੁਰਦੀਸ਼ ਕੌਰ ਗਰੇਵਾਲ ਨੇ ਧਾਰਮਿਕ ਪ੍ਰਵਿਰਤੀ ਦੀ ਮਾਲਕ ਹੁੰਦਿਆਂ ਹੋਇਆਂ ਵੀ ਸਮਾਜਕ ਤੇ ਇਨਸਾਨੀਂ ਸਰੋਕਾਰਾਂ ਨੂੰ ਆਪਣੀ ਲਿਖਤ ਦੀ ਕਲਾ ਵਿੱਚ ਗੜੂੰਦ ਕਰਕੇ ਪਾਠਕਾਂ ਦੀ ਥਾਲੀ ਵਿੱਚ ਇਸ ਤਰ੍ਹਾਂ ਪ੍ਰੇਸਿਆ ਹੈ ਕਿ ਉਹਨਾਂ ਨੂੰ ਇਹ ਪ੍ਰਚਾਰ ਨਹੀਂ ਲੱਗਦਾ। ਅਸਲ ਵਿੱਚ ਗੁਰਦੀਸ਼ ਕੌਰ ਇੱਕ ਕਿਸਮ ਨਾਲ ਸਮਾਜਕ ਸਰੋਕਾਰਾਂ ਦੀ ਹੀ ੍ਰਪ੍ਰਚਾਰਕ ਹੈ ਪ੍ਰੰਤੂ ਉਹ ਆਪਣੀ ਲਿਆਕਤ ਅਤੇ ਕਲਮ ਦੇ ਕ੍ਰਿਸ਼ਮੇ ਰਾਹੀਂ ਲਫਜਾਂ ਨੂੰ ਇਸ ਤਰ੍ਹਾਂ ਪ੍ਰੋਂਦੀ ਹੈ ਕਿ ਉਹਦੀ ਮਾਲਾ ਪਾਠਕਾਂ ਦੇ ਹੱਥਾਂ ਵਿੱਚੋਂ ਥਿਰਕਦੀ ਨਹੀਂ ਸਗੋਂ ਉਹ ਉਸਨੂੰ ਹੋਰ ਘੁੱਟਕੇ ਫੜ੍ਹਨ ਦੀ ਕੋਸ਼ਿਸ਼ ਕਰਦੇ ਹਨ। 

Photo
ਗੁਰਦੀਸ਼ ਕੌਰ ਗਰੇਵਾਲ ਦੀ ਇਹ ਪੁਸਤਕ ਸੋਚਾਂ ਦੇ ਸਿਰਨਾਵੇਂ ਦੂਜੀ ਅਤੇ ਵਾਰਤਕ ਦੀ ਪਲੇਠੀ ਪੁਸਤਕ ਹੈ। ਉਸਦੀ ਪਹਿਲੀ ਪੁਸਤਕ =ਹਰਫ ਯਾਦਾਂ ਦੇ= ਕਵਿਤਾ ਦੀ ਹੈ।ਪਹਿਲੇ ਪੜਾਅ ਵਿੱਚ ਹੀ ਉਸਨੇ ਮਾਅਰਕਾ ਮਾਰ ਲਿਆ ਹੈ ਤੇ ਇਸ ਪੁਸਤਕ ਦੇ ਲੇਖਾਂ ਦੇ ਵਿਸ਼ੇ ਅੱਜ ਦੇ ਆਧੁਨਿਕ ਅਤੇ ਤੇਜ਼ੀ ਦੇ ਸਮੇਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਉਸਨੇ ਇਸ ਪੁਸਤਕ ਦੇ ਲੇਖਾਂ ਨੂੰ ਚਾਰ ਭਾਗਾਂ ਪਰਿਵਾਰਕ,ਸਮਾਜਕ,ਸਾਹਿਤਕ ਅਤੇ ਸਿਹਤ ਸੰਭਾਲ ਵਿੱਚ ਵੰਡਿਆ ਹੈ। ਪਰਿਵਾਰਕ ਭਾਗ ਵਿੱਚ ਚਾਰ ਲੇਖ ਹਨ, ਜਿਹੜੇ ਅੱਜ ਦੇ ਸਮਾਜ ਵਿੱਚ ਵਾਪਰ ਰਹੀਆਂ ਪਰਿਵਾਰਿਕ ਤਾਣੇ ਪੇਟੇ ਦੀਆਂ ਉਲਝਣਾਂ ਦਾ ਪ੍ਰਤੀਕ ਹਨ।ਇਸੇ ਤਰ੍ਹਾਂ ਸਮਾਜਕ ਭਾਗ ਵਿੱਚ ਛੇ ਲੇਖ ਹਨ, ਜਿਹੜੇ ਸਮਾਜ ਵਿੱਚ ਆ ਰਹੀ ਗਿਰਾਵਟ ਦਾ ਪਾਜ ਉਘੇੜਦੇ ਹਨ। ਤੀਜਾ ਸਾਹਿਤਕ ਭਾਗ ਹੈ, ਜਿਸ ਵਿੱਚ ਸਮਾਜ ਆਪਣੇ ਵਿਰਸੇ ਨਾਲੋਂ ਟੁੱਟ ਕੇ ਕਿਧਰ ਨੂੰ ਜਾ ਰਿਹਾ ਹੈ ਦਾ ਵਿਸ਼ਲੇਸ਼ਣ ਹੈ ਅਤੇ ਅਖੀਰਲਾ ਭਾਗ ਸਿਹਤਮੰਦ ਸਮਾਜ ਦੀ ਮਜ਼ਬੂਤੀ ਰੱਖਣ ਬਾਰੇ ਜਾਣਕਾਰੀ ਦਿੰਦਾ ਹੈ। ਇਹ ਵਿਸ਼ੇ ਸਰਸਰੀ ਨਜ਼ਰ ਮਾਰਿਆਂ ਰੁੱਖੇ ਪ੍ਰਤੀਤ ਹੁੰਦੇ ਹਨ ਪ੍ਰੰਤੂ ਜਦੋਂ ਤੁਸੀਂ ਇਹਨਾਂ ਦੇ ਲੇਖਾਂ ਨੂੰ ਪੜ੍ਹਦੇ ਹੋ ਤਾਂ ਪੂਰਾ ਲੇਖ ਪੜ੍ਹਨ ਤੋਂ ਪਹਿਲਾਂ ਅੱਧ ਵਿਚਾਲੇ ਛੱਡਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਰੌਚਕਤਾ ਵਿੱਚ ਗੜੂੰਦ ਹਨ। ਇਸ ਪੁਸਤਕ ਦੇ ਨਿਬੰਧ ਪਾਠਕਾਂ ਨੂੰ ਗੁਝੀਆਂ ਚੋਭਾਂ ਲਾ ਕੇ ਸੁਜੱਗ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਤਾਂ ਜੋ ਅਸੀਂ ਆਪਣੀ ਵਿਰਾਸਤ ਤੋਂ ਮੁਨਕਰ ਨਾਂ ਹੋਈਏ ਸਗੋਂੋ ਉਸ ਉਪਰ ਮਜ਼ਬੂਤ ਇਰਾਦੇ ਨਾਲ ਪਹਿਰਾ ਦੇਈਏ। ਪਰਿਵਾਰ ਜੋ ਸਾਡੇ ਵਿਰਸੇ ਦਾ ਇੱਕ ਸਾਰਥਕ ਤੇ ਮਜ਼ਬੂਤ ਅੰਗ ਹਨ,ਉਹ ਵਿਖਰਦੇ ਜਾ ਰਹੇ ਹਨ। ਸੰਯੁਕਤ ਪਰਿਵਾਰ ਦੀ ਸਦੀਆਂ ਪੁਰਾਣੀ ਪ੍ਰਥਾ ਜਿਸਨੇ ਪਰਿਵਾਰਾਂ ਨੂੰ ਜੋੜਕੇ ਰੱਖਿਆ ਹੋਇਆ ਸੀ ਨੂੰ ਖੋਰਾ ਲੱਗ ਗਿਆ ਹੈ। ਗੁਰਦੀਸ਼ ਨੂੰ ਇਸਦਾ ਝੋਰਾ ਹੈ।ਸੰਯੁਕਤ ਪਰਿਵਾਰਾਂ ਉਪਰ ਆਧੁਨਿਕਤਾ ਦਾ ਗਹਿਰਾ ਪ੍ਰਭਾਵ ਪੈ ਰਿਹਾ ਹੈ। ਮੋਬਾਈਲ ,ਲੈਪਟਾਪ,ਕੰਪਿਊਟਰ,ਆਈ ਪੈਡ ਅਤੇ ਹੋਰ ਇਲੈਕਟਰਾਨਿਕ ਸਾਮਾਨ ਸਾਡੇ ਪਰਿਵਾਰਿਕ ਰਿਸ਼ਤਿਆਂ ਨੂੰ ਤਹਿਸ ਨਹਿਸ਼ ਕਰ ਰਿਹਾ ਹੈ। ਬਜ਼ੁਰਗ ਇਸ ਕਰਕੇ ਆਪਣੇ ਹੀ ਘਰਾਂ ਵਿੱਚ ਓਪਰੇ ਤੇ ਵਾਧੂ ਜਿਹੇ ਲੱਗਣ ਲੱਗ ਪਏ ਹਨ। ਬੱਚਿਆਂ ਦੀਆਂ ਰੁਚੀਆਂ ਇਹਨਾਂ ਸਾਧਨਾ ਵਲ ਜਿਆਦਾ ਪ੍ਰੇਰਤ ਹੋ ਗਈਆਂ , ਉਹਨਾਂ ਕੋਲ ਆਪਣੇ ਬਜ਼ੁਰਗਾਂ ਲਈ ਸਮਾਂ ਹੀ ਨਹੀਂ। ਬਜ਼ੁਰਗਾਂ ਦਾ ਸਤਿਕਾਰ ਘੱਟ ਰਿਹਾ ਹੈ।ਇਸਦਾ ਝੋਰਾ ਵੀ ਬਜ਼ੁਰਗਾਂ ਨੂੰ ਵੱਢ ਵੱਢ ਖਾ ਰਿਹਾ ਹੈ। ਨੂੰਹ ਸੱਸ ਨੂੰ ਤੇ ਸੱਸ ਨੂੰਹ ਨੂੰ ਬਰਦਾਸ਼ਤ ਨਹੀਂ ਕਰ ਰਹੀ,ਗੁਰਦੀਸ਼ ਲਈ ਇਹ ਚਿੰਤਾ ਦੇ ਵਿਸ਼ੇ ਹਨ ,ਉਹ ਇਹ ਸੰਬੰਧ ਠੀਕ ਰੱਖਣ ਦੇ ਫਾਰਮੂਲੇ ਵੀ ਦੱਸਦੀ ਹੈ। ਵਿਦੇਸ਼ਾਂ ਦੇ ਪਰਵਾਸ ਦੀਆਂ ਚਿੰਤਾਵਾਂ ਵੀ ਗਹਿਰੀਆਂ ਹਨ, ਉਥੇ ਵੀ ਇਹੋ ਹਾਲ ਹੈ। ਮਾਂ ਬਾਪ ,ਪਤੀ ਪਤਨੀ ਅਤੇ ਬੱਚਿਆਂ ਲਈ ਕਿਸੇ ਨੂੰ ਕੋਈ ਸਮਾਂ ਹੀ ਨਹੀਂ। ਸਾਰੇ ਆਪੋ ਆਪਣੇ ਕੰਮਾਂਕਾਰਾਂ ਵਿੱਚ ਹੀ ਲੱਗੇ ਰਹਿੰਦੇ ਹਨ। ਆਪਸੀ ਸੰਬੰਧ ਹੀ ਖਤਮ ਹੋ ਰਹੇ ਹਨ। ਉਹ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਰਹੇ ਹਨ। ਬੱਚਿਆਂ ਨੂੰ ਕਰੈਚਾਂ ਵਿੱਚ ਛੱਡੋਗੇ ਤਾਂ ਉਹ ਉਹੋ ਜਿਹੇ ਹੀ ਬਣਨਗੇ ,ਉਹਨਾ ਤੋਂ ਪਿਆਰ ਜਾਂ ਸਤਿਕਾਰ ਦੀ ਆਸ ਕੀ ਹੋ ਸਕਦੀ ਹੈ। ਉਹਨਾਂ ਨੂੰ ਸੰਸਕਾਰ ਕਿਥੋਂ ਮਿਲਣਗੇ। ਕਦੀ ਇਕੱਠੇ ਬੈਠਣਾ ਨਹੀਂ ਨਾ ਹੀ ਇੱਕਠੇ ਖਾਣਾ ਖਾਣਾ ਹੈ। ਪੰਜਾਬੀ ਘਰਾਂ ਵਿੱਚ ਬੋਲਣੀ ਨਹੀਂ।ਸਭਿਅਤਾ ਅਤੇ ਸਭਿਆਚਾਰ ਨੂੰ ਖੁਦ ਹੀ ਤਿਲਾਂਜਲੀ ਦੇ ਰਹੇ ਹੋ। ਇਹੋ ਅਣਹੋਂਦ ਦੀ ਚੀਸ ਗੁਰਦੀਸ਼ ਦੇ ਲੇਖਾਂ ਦੀ ਪੀੜ ਹੈ। ਇਨਸਾਨੀ ਈਰਖਾ ਵਿਵਹਾਰ,ਘੁਮੰਡ,ਵੱਡਾ ਘਰ, ਵੱਡੀ ਕਾਰ,ਕਿਸ਼ਤਾਂ ਦਾ ਭਾਰ ਗਲੇ ਦੀ ਹੱਡੀ ਬਣੇ ਹੋਏ ਹਨ। ਆਸ਼ਾਵਾਂ ਤੇ ਇਛਾਵਾਂ,ਲਾਲਚ,ਬੇਈਮਾਨੀ,ਬੁਰੀ ਸੰਗਤ ਨੇ ਸਾਡਾ ਵਿਰਸਾ ਪਲੀਤ ਕਰ ਦਿੱਤਾ ਹੈ। ਨਸ਼ਿਆਂ ਨੇ ਸਾਡੀ ਜਵਾਨੀ ਤਬਾਹ ਕਰ ਦਿੱਤੀ ਹੈ,ਮੁੰਡੇ ਕੁੜੀਆਂ ਇਕੱਠੇ ਬੈਠਕੇ ਨਸ਼ਿਆਂ ਦਾ ਸੇਵਨ ਕਰਦੇ ਹਨ। ਸਰਕਾਰਾਂ ਨਸ਼ਿਆਂ ਦੇ ਕਾਰੋਬਾਰਾਂ ਤੋਂ ਆਮਦਨ ਵਧਾ ਰਹੀਆਂ ਹਨ, ਇੱਕ ਕਿਸਮ ਨਾਲ ਸਰਕਾਰਾਂ ਨਸ਼ੇ ਖਤਮ ਕਰਨ ਲਈ ਸੰਜੀਦਾ ਹੀ ਨਹੀਂ ਹਨ।ਆਰਥਿਕਤਾ ਮਜਬੂਤ ਕਰਨ ਲਈ ਕੋਈ ਬਦਲਵਾਂ ਢੰਗ ਤਰੀਕਾ ਲੱਭਿਆ ਜਾ ਸਕਦਾ ਹੈ।ਭਰੂਣ ਹੱਤਿਆ ਵਿਰਸੇ ਚੋਂ ਹੀ ਮਿਲੀ ਹੈ ਪ੍ਰੰਤੂ ਹੁਣ ਢੰਗ ਤਰੀਕੇ ਨਵੇਂ ਆ ਗਏ ਹਨ।ਆਦਮੀ ਤੇ ਤੀਵੀਂ ਦੀ ਮਾਨਸਕਤਾ ਬਦਲਣ ਦੀ ਲੋੜ ਹੈ। ਵਹਿਮਾਂ ਭਰਮਾਂ ਦੀ ਲਾਹਨਤ ਨੇ ਵੀ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ।ਬੇਰੋਜਗਾਰੀ ਦੀ ਸਮੱਸਿਆ ਦਾ ਹਲ ਵੀ ਹੋਣਾ ਚਾਹੀਦਾ ਹੈ। ਇਸਤਰੀ ਨੂੰ ਆਦਮੀ ਸਿਰਫ ਭੋਗਣ ਦੀ ਵਸਤੂ ਹੀ ਸਮਝ ਰਿਹਾ ਹੈ। ਇਹ ਪ੍ਰਵਿਰਤੀ ਵੀ ਬਦਲਣ ਦੀ ਲੋੜ ਹੈ।ਇਸੇ ਲਈ ਇਸਤਰੀ ਜਾਤੀ ਤੇ ਕੁਕਰਮ ਹੋ ਰਹੇ ਹਨ। ਇਸਤਰੀ ਨੂੰ ਵੀ ਮਾਨਸਕ ਅਤੇ ਸਰੀਰਕ ਤੌਰ ਤੇ ਮਜਬੂਤ ਹੋਣ ਦੀ ਲੋੜ ਹੈ। ਇੱਕ ਹੋਰ ਫਜੂਲ ਖਰਚੀ ਦੀ ਬੀਮਾਰੀ ਤੋਂ ਵੀ ਖਹਿੜਾ ਛੁਡਾਉਣਾ ਪਵੇਗਾ।ਵਿਆਹਾਂ,ਸ਼ਾਦੀਆਂ,ਮੰਗਣੇ, ਪਾਰਟੀਆਂ ਅਤੇ ਮਰਗ ਦੇ ਭੋਗਾਂ ਤੇ ਅਥਾਹ ਖਰਚਾ ਕੀਤਾ ਜਾ ਰਿਹਾ ਹੈ।ਮੈਰਿਜ ਪੈਲਿਸਾਂ ਦੇ ਕਲਚਰ ਨੇ ਸਾਡੀ ਸਭਿਅਤਾ ਅਤੇ ਸਭਿਆਚਾਰ ਨੂੰ ਵੀ ਘੁਣ ਲਾ ਦਿੱਤਾ ਹੈ। ਵਿਆਹ ਸ਼ਾਦੀਆਂ ਮੌਕੇ ਵਰ ਦੀ ਚੋਣ ਸਮੇਂ ਲੜਕੇ ਤੇ ਲੜਕੀ ਦਾ ਵਿਰਸਾ ਨਹੀਂ ਵੇਖਿਆ ਜਾਂਦਾ, ਫਿਰ ਵਾਰਸ ਚੰਗੇ ਕਿਥੋਂ ਭਾਲਦੇ ਹੋ। ਪੁਸਤਕ ਦਾ ਆਖਰੀ ਭਾਗ ਚੰਗੀ ਸਿਹਤ ਲਈ ਨਕੁਤੇਆਂ ਦੀ ਭਰਪੂਰ ਜਾਣਕਾਰੀ ਦਿੰਦਾ ਹੈ ਜਿਸਤੇ ਅਮਲ ਕਰਨ ਨਾਲ ਨਿਰੋਗ ਤੇ ਸਿਹਤਮੰਦ ਸਮਾਜ ਬਰਕਰਾਰ ਰੱਖਿਆ ਜਾ ਸਕਦਾ ਹੈ। ਇਹ ਕੁਝ ਸਮਾਜਕ ਬੁਰਾਈਆਂ ਹਨ ਜਿਹਨਾਂ ਤੇ ਗੁਰਦੀਸ਼ ਨੇ ਚਾਨਣਾ ਪਾਇਆ ਹੈ।ਗੁਰਦੀਸ਼ ਦੀ ਸ਼ਬਦਾਵਲੀ ਵਿੱਚ ਰਵਾਨਗੀ ,ਸਰਲਤਾ ਵੰਨਗੀ ਤੇ ਵਖਰੇਵਾਂ ਹੈ ਜੋ ਉਸਨੂੰ ਦਿਲਚਸਪ ਬਣਾਉਂਦਾ ਹੈ।ਇ ਪੁਸਤਕ ਟੌਜਵਾਨ ਪੀੜ੍ਹੀ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ।