ਨੌਜਵਾਨੋ ਹੰਭਲਾ ਮਾਰੋ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਅਸੀਂ ਜੋ ਆਪਣੇ ਆਸ ਪਾਸ ਮਨੁੱਖ ਦੁਆਰਾ ਕੀਤੀ ਗਈ ਉਨਤੀ ਦੇਖਦੇ ਹਾਂ ਤਾਂ ਅਕਲ ਦੰਗ ਰਹਿ ਜਾਂਦੀ ਹੈ। ਮਨੁੱਖ ਨੇ ਸਮੁੰਦਰਾਂ ਨੂੰ ਹੰਗਾਲਿਆ ਹੈ, ਧਰਤੀ ਨੂੰ ਗਾਹਿਆ ਹੈ ਅਤੇ ਬ੍ਰਹਿਮੰਡ ਵਿਚ ਉਡਾਰੀਆਂ ਮਾਰੀਆਂ ਹਨ। ਅੱਜ ਮਨੁੱਖ ਸਾਰੇ ਜੀਵਾਂ ਦਾ ਸਿਰਤਾਜ ਹੈ। ਇਸੇ ਲਈ ਮਨੁੱਖੀ ਜੀਵਨ ਨੂੰ ਸਰਵਸ੍ਰੇਸ਼ਟ ਮੰਨਿਆਂ ਗਿਆ ਹੈ। ਇਹ ਸਭ ਮਨੁੱਖ ਦੀ ਮਿਹਨਤ ਸਦਕਾ ਹੀ ਹੈ। ਉਸਦੀ ਮਿਹਨਤ ਨੇ ਸਾਰੀ ਦੁਨੀਆਂ ਨੂੰ ਨੇੜੇ ਲਿਆਉਂਦਾ ਹੈ ਭਾਵ ਦੂਰੀਆਂ ਖਤਮ ਕੀਤੀਆਂ ਹਨ। ਸਾਰੀ ਦੁਨੀਆਂ ਇਕ ਛੋਟਾ ਜਿਹਾ ਪਿੰਡ ਬਣ ਕੇ ਰਹਿ ਗਈ ਹੈ। ਜੇ ਕਿਸੇ ਵੇਲੇ ਦੁਨੀਆਂ ਦੇ ਇਕ ਕੋਨੇ ਵਿਚ ਕੋਈ ਘਟਨਾ ਘਟਦੀ ਹੈ ਤਾਂ ਉਸੇ ਸਮੇਂ ਦੁਨੀਆਂ ਦੇ ਦੂਜੇ ਕੋਨੇ ਵਿਚ ਉਸਦਾ ਪ੍ਰਤੀਕਰਮ ਹੁੰਦਾ ਹੈ। ਤਕਨੀਕੀ, ਆਰਥਿਕ ਅਤੇ ਸਭਿਆਚਾਰਕ ਵਿਕਾਸ ਨਾਲ ਜਿੱਥੇ ਇਨਸਾਨ ਨੂੰ ਅਨੇਕਾਂ ਸੁੱਖ ਸਹੂਲਤਾਂ ਮਿਲੀਆਂ ਹਨ ਉੱਥੇ ਉਸਦੀਆਂ ਮਾਨਸਿਕ ਸਮੱਸਿਆਵਾਂ ਵਧੀਆਂ ਵੀ ਹਨ। ਮਾਨਸਿਕ ਤੌਰ ਤੇ ਉਸਦੀ ਜ਼ਿੰਦਗੀ ਕਠਿਨ ਹੋਈ ਹੈ। ਲੱਖਾਂ ਕਰੋੜਾਂ ਦੀ ਭੀੜ ਵਿਚ ਵੀ ਇਨਸਾਨ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ। ਇਕ ਸਮੇਂ ਹੀ ਮਨੁੱਖ ਨੂੰ ਕਈ ਤਰਾਂ੍ਹ ਦੀ ਜ਼ਿੰਦਗੀ ਜਿਉਣੀ ਪੈਂਦੀ ਹੈ। ਅੱਜ ਕੱਲ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਸਭ ਤੋਂ ਜਿਆਦਾ ਗੰਭੀਰ ਅਤੇ ਪੇਚੀਦਾ ਹਨ। ਸਭ ਤੋਂ ਪਹਿਲਾਂ ਉਨਾਂ੍ਹ ਨੂੰ ਪੜ੍ਹਾਈਦੀ ਚਿੰਤਾ ਹੈ। ਉਨਾਂ੍ਹ ਨੇ ਆਪਣਾ ਕੈਰੀਅਰ ਬਣਾਉਣਾ ਹੈ ਜਿਸ ਤੇ ਉਨਾਂ੍ਹ ਦਾ ਸਾਰਾ ਭਵਿਖ ਨਿਰਭਰ ਕਰਦਾ ਹੈ। ਅੱਜ ਕੱਲ ਕੰਪੀਟੀਸ਼ਨ ਦਾ ਜਮਾਨਾ ਹੈ। ਬੱਚੇ ਜਿੰਨੇ ਮਰਜੀ ਹੁਸ਼ਿਆਰ ਹੋਣ ਪਰ ਮਾਂ ਬਾਪ ਦਾ ਡੰਡਾ ਹਰ ਸਮੇਂ ਉਨਾਂ੍ਹ ਦੇ ਸਿਰ ਤੇ ਰਹਿੰਦਾ ਹੈ। ਉਹ ਹਮੇਸ਼ਾਂ ਬੱਚੇ ਨੂੰ ਹੋਰ ਮਿਹਨਤ ਕਰਕੇ ਪੜ੍ਹਾਈ ਕਰਨ ਨੂੰ ਕਹਿੰਦੇ ਹਨ। ਉਨਾਂ੍ਹ ਦਾ ਬਾਕੀ ਬੱਚਿਆਂ ਨਾਲ ਮੁਕਾਬਲਾ ਕਰਕੇ ਉਨਾਂ੍ਹ ਨੂੰ ਸ਼ਰਮਿੰਦਾ ਕਰਦੇ ਹਨ। ਅੱਜ ਕੱਲ ਅੱਧੇ ਅੱਧੇ ਨੰਬਰ ਨਾਲ ਹੀ ਬੱਚਾ ਕਿੰਨੇ ਦਰਜੇ ਪਿੱਛੇ ਪੈ ਜਾਂਦਾ ਹੈ।

ਛੋਟੇ ਛੋਟੇ ਬੱਚਿਆਂ ਦੇ ਬਸਤੇ ਹੀ ਉਨਾਂ੍ਹ ਦੇ ਆਪਣੇ ਭਾਰ ਤੋਂ ਵੀ ਭਾਰੀ ਹੁੰਦੇ ਹਨ। ਸਾਡੇ ਸਿਖਿਆ ਸ਼ਾਸਤਰੀ ਵੀ ਇਸ ਬਾਰੇ ਕੁਝ ਨਹੀਂ ਕਰਦੇ। ਅੱਜ ਕੱਲ ਅਸੀਂ ਦੋ ਢਾਈ ਸਾਲ ਦੇ ਬੱਚੇ ਨੂੰ ਹੀ ਸਕੂਲੇ ਪਾ ਦਿੰਦੇ ਹਾਂ। ਬੱਚਾ ਪੜਾਈ ਦੇ ਬੋਝ ਹੇਠਾਂ ਦੱਬਿਆ ਰਹਿੰਦਾ ਹੈ। ਉਸਨੂੰ ਖੇਡਣ ਮੱਲਣ ਦਾ ਪੂਰਾ ਸਮਾਂ ਨਹੀਂ ਮਿਲਦਾ। ਅਗਵਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਧਣ ਕਰਕੇ ਮਾਂ ਬਾਪ ਬੱਚੇ ਨੂੰ ਇਕੱਲਾ ਛੱਡਣ ਦਾ ਜੋਖਿਮ ਨਹੀਂ ਲੈਣਾ ਚਾਹੁੰਦੇ।ਇਸ ਲਈ ਬੱਚਾ ਘਰ ਜਾਂ ਸਕੂਲ ਵਿਚ ਕੈਦ ਜਿਹਾ ਹੋ ਕੇ ਹੀ ਰਹਿ ਜਾਂਦਾ ਹੈ। ਉਸਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ।

ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਪਿੱਛੋਂ ਨੌਜਵਾਨਾ ਨੂੰ ਪ੍ਰੋਫੈਸ਼ਨਲ ਪੜ੍ਹਾਈ ਲਈ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨਮਰਜੀ ਦੀ ਸੰਸਥਾ ਅਤੇ ਮਨਮਰਜੀ ਦੇ ਵਿਸ਼ੇ ਵਿਚ ਸੋਖਿਆਂ ਦਾਖਲਾ ਨਹੀਂ ਮਿਲਦਾ। ਫਿਰ ਹਰ ਥਾਂ ਨੌਟਾਂ ਦੇ ਬੁੱਕਾਂ ਦੇ ਬੁੱਕ ਖਰਚ ਕਰਨੇ ਪੈਂਦੇ ਹਨ। ਜੇ ਮਾਂ ਬਾਪ ਇਤਨਾ ਖਰਚਾ ਨਾ ਚੁੱਕ ਸੱਕਣ ਤਾਂ ਵੀ ਨੌਜਵਾਨਾ ਦੇ ਮਨ ਤੇ ਬੋਝ ਪੈ ਜਾਂਦਾ ਹੈ। ਕਈ ਸਾਲ ਪ੍ਰੋਫੈਸ਼ਨਲ ਵਿਦਿਆ ਲੈਣ ਤੋਂ ਬਾਅਦ ਚੰਗੀ ਨੌਕਰੀ ਲਈ ਦਰ ਦਰ ਭਟਕਣਾ ਪੈਂਦਾ ਹੈ। ਉੱਥੇ ਵੀ ਤਜਰਬੇ ਅਤੇ ਸਿਫਾਰਸ਼ ਦੀ ਲੋੜ ਹੁੰਦੀ ਹੈ। ਉਧਰੋਂ ਵਿਆਹ ਦੀ ਉਮਰ ਲੰਘਦੀ ਜਾਂਦੀ ਹੈ।ਜੇ ਬੱਚਾ ਸੈਟ ਨਾ ਹੋਵੇ ਤਾਂ ਸ਼ਾਦੀ ਲੇਟ ਹੋ ਜਾਂਦੀ ਹੈ। ਅਜਿਹਾ ਨੌਜਵਾਨ ਦੂਜੇ ਬੱਚਿਆਂ ਨਾਲ ਕਦਮ ਮਿਲਾ ਕੇ ਨਹੀਂ ਤੁਰ ਸਕਦਾ। ਉਹ ਆਪਣੇ ਆਪ ਨੂੰ ਪੱਛੜਿਆ ਹੋਇਆ ਸਮਝਣ ਲੱਗ ਪੈਂਦਾ ਹੈ। ਉਹ ਮਾਯੁਸੀ ਵਿਚ ਆ ਜਾਂਦਾ ਹੈ ਅਤੇ ਮਾਨਸਿਕ ਕੇਸ ਬਣ ਜਾਂਦਾ ਹੈ। ਨੌਜਵਾਨਾ ਲਈ ਇਹ ਸਮੱਸਿਆ ਬਹੁਤ ਗੰਭੀਰ ਹੈ। ਸਾਡੇ ਸਮਾਜ ਨੂੰ ਇਸ ਬਾਰੇ ਕੋਈ ਹੱਲ ਕੱਢਣ ਦੀ ਲੋੜ ਹੈ।

ਜਿਹੜੇ ਨੌਜਵਾਨ ਨਹੀਂ ਪੜ੍ਹ ਪਾਉਂਦੇ ਉਨਾਂ੍ਹ ਨੂੰ ਵੀ ਜ਼ਿੰਦਗੀ ਵਿਚ ਸਥਾਪਤ ਹੋਣ ਲਈ ਅਨੇਕ ਕਿਸਮ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ ਜਿਵੇਂ ਖੇਤੀ ਬਾੜੀ ਵਿਚ ਕਾਮਯਾਬ ਹੋਣ ਲਈ ਜ਼ਮੀਨ, ਖਾਦ, ਪਾਣੀ, ਬੀਜ, ਟਰੈਕਟਰ,ਜਨਸ਼ਕਤੀ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਪਰ ਇਹ ਸਭ ਚੀਜਾਂ ਸਭ ਨੂੰ ਉਪਲਭਧ ਨਹੀਂ ਹੁੰਦੀਆਂ। ਦੂਜੇ ਪਾਸੇ ਵਪਾਰ ਚਲਾਉਣਾ ਵੀ ਸੋਖਾ ਨਹੀਂ। ਉਸ ਲਈ ਵੀ ਧਂਨ ਤੇ ਤਜਰਬੇ ਦੀ ਲੋੜ ਹੁੰਦੀ ਹੈ।ਜੇ ਇਨਾਂ੍ਹ ਵਿਚੋਂ ਕੋਈ ਸਾਧਨ ਵੀ ਪਾਸ ਨਾ ਹੋਵੇ ਤਾਂ ਇਨਾਂ੍ਹ ਨੌਜਵਾਨਾ ਨੂੰ ਪ੍ਰਾਈਵੇਟ ਅਦਾਰਿਆਂ ਵਿਚ ਬਿਨਾ ਕਿਸੇ ਸਮੇਂ ਸਾਰਨੀ ਤੋਂ ਬਹੁਤ ਘੱਟ ਤਨਖਾਹਾਂ ਤੇ ਗੁਲਾਮੀ ਭਰੀ ਨੌਕਰੀ ਕਰਨੀ ਪੈਂਦੀ ਹੈ ਜਿਸ ਨਾਲ ਮਸਾਂ ਦੋ ਵੇਲੇ ਦੀ ਰੋਟੀ ਹੀ ਨਸੀਬ ਹੁੰਦੀ ਹੈ।

ਉੱਚੀ ਪੜਾ੍ਹਈ ਕਰ ਰਹੇ ਨੌਜਵਾਨਾ ਨੂੰ ਵੀ ਕਈ ਵਾਰੀ ਮਨਭਾਉਂਦੇ ਵਿਸ਼ੇ ਵਿਚ ਦਾਖਲਾ ਨਾ ਮਿਲਣ ਕਰਕੇ ਅਣਮੰਨੇ ਨੂੰ ਕਿਸੇ ਮਜਬੂਰੀ ਵਿਚ ਕਿਸੇ ਦੂਸਰੇ ਵਿਸ਼ੇ ਵਿਚ ਦਾਖਲਾ ਲੈ ਕੇ ਜ਼ਿੰਦਗੀ ਨਾਲ ਸਮਝੋਤਾ ਕਰਨਾ ਪੈਂਦਾ ਹੈ। ਮਨ ਆਪਣੇ ਮਨਭਾਉਂਦੇ ਵਿਸ਼ੇ ਵਲ ਉਡਾਰੀਆਂ ਮਾਰਦਾ ਹੈ। ਮੌਜੂਦਾ ਵਿਸ਼ਾ ਠੋਸਿਆ ਹੋਇਆ ਹੁੰਦਾ ਹੈ। ਇਸ ਲਈ ਉਸ ਨਾਲ ਦਿਲੋਂ ਇਨਸਾਫ ਨਹੀਂ ਹੋ ਪਾਉਂਦਾ। ਗਲ ਵਿਚ ਪਿਆ ਢੋਲ ਵਜਾਉਣ ਵਾਲੀ ਗੱਲ ਹੋ ਜਾਂਦੀ ਹੈ। ਇੰਜ ਲਗੱਦਾ ਹੈ ਜਿਵੇਂ ਇਨਸਾਨ ਜ਼ਿੰਦਗੀ ਦੇ ਗੋਲ ਸੁਰਾਖ ਵਿਚ ਆਪਣੇ ਚੋਰਸ ਗੁੱਲੇ ਹੀ ਫਿਟ ਕਰਨ ਦੀ ਕੋਸ਼ਿਸ਼ ਕਰਦਾ ਹੋਵੇ।

ਸਾਡੀਆਂ ਵਿਦਿਅਕ ਸੰਸਥਾਵਾਂ ਵੀ ਅੱਜ ਕੱਲ ਸੇਵਾ ਭਾਵਨਾ ਤੋਂ ਕੌਰੀਆਂ ਹੀ ਹਨ। ਇਹ ਕੇਵਲ ਵਪਾਰ ਦੇ ਅੱਡੇ ਬਣ ਕੇ ਹੀ ਰਹਿ ਗਈਆਂ ਹਨ। ਬੇਸ਼ੱਕ ਸਰਕਾਰ ਨੇ ਸਭ ਨੂੰ ਵਿਦਿਆ ਦਾ ਅਧਿਕਾਰ ਦੇ ਦਿੱਤਾ ਹੈ ਪਰ ਹਕੀਕਤ ਇਸ ਤੋਂ ਬਹੁਤ ਦੂਰ ਦੀ ਗੱਲ ਹੈ। ਅਨਭੋਲ ਬੱਚਪਨ ਤੇ ਮਜਬੂਰ ਜਵਾਨੀ ਵਿਦਿਆ ਦੀ ਰੌਸ਼ਨੀ ਦੀ ਤਲਾਸ਼ ਵਿਚ ਦਮ ਤੌੜ ਰਹੀ ਹੈ। ਕਈ ਬੱਚੇ ਸਵੇਰੇ ਸਵੇਰੇ ਕੂੜੇ ਦੇ ਢੇਰ ਵਿਚੋਂ ਆਪਣੇ ਪਾਪੀ ਪੇਟ ਨੂੰ ਪਾਲਣ ਲਈ ਕੂੜਾ ਫਰੌਲਦੇ ਸਾਫ ਨਜਰ ਆਉਂਦੇ ਹਨ। ਅਨਪੜ੍ਹ ਨੌਜਵਾਨ ਪ੍ਰਾਈਵੇਟ ਅਦਾਰਿਆਂ ਵਿਚ ਗੁਲਾਮਾ ਜਿਹੀ ਜ਼ਿੰਦਗੀ ਬਿਤਾ ਕੇ ਦੋ ਵਕਤ ਦੀ ਰੋਟੀ ਨਾਲ ਆਪਣਾ ਪੇਟ ਝੁਲਸਾ ਰਹੇ ਹਨ। ਅਜਿਹੇ ਨੌਜਵਾਨ 
ਆਪਣੇ ਬੱਚਪਨ ਤੇ ਜੁਆਨੀ ਨੂੰ ਨਹੀਂ ਮਾਣ ਸਕਦੇ। ਉਹ ਸਿੱਧਾ ਬੁਢਾਪੇ ਵਿਚ ਕਦਮ ਰੱਖਦੇ ਹਨ।ਕੀ ਇਹ ਲੋਕ ਆਜਾਦ ਭਾਰਤ ਦੇ ਸ਼ਹਿਰੀ ਨਹੀਂ? ਕੀ ਇਨਾਂ੍ਹ ਨੂੰ ਵਿਦਿਆ ਅਤੇ ਰੁਜਗਾਰ ਦਾ ਕੋਈ ਅਧਿਕਾਰ ਨਹੀਂ? ਅਜਿਹੇ ਬੱਚੇ ਤੇ ਨੌਜੁਆਨ ਤਾਂ ਸਰਕਾਰ ਦੇ ਕਿਸੇ ਅੰਕੜਿਆਂ ਵਿਚ ਵੀ ਨਹੀਂ ਆਉਂਦੇ।ਇਨਾਂ੍ਹ ਨੂੰ ਅਸਲੀ ਰਿਜਰਵੇਸ਼ਨ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਇਨਾਂ੍ਹ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰੇ ਤਾਂ ਕਿ ਇਹ ਵੀ ਜ਼ਿੰਦਗੀ ਦਾ ਅਨੰਦ ਮਾਣ ਸਕਣ ਦੇਸ਼ ਦੀ ਉੱਨਤੀ ਵਿਚ ਆਪਣਾ ਉਸਾਰੂ ਯੋਗਦਾਨ ਪਾ ਸਕਣ। ਵਿਦਿਅਕ ਸੰਸਥਾਵਾਂ ਅੱਜ ਕੱਲ ਵੱਡੇ ਵੱਡੇ ਪੂੰਜੀ ਪਤੀਆਂ ਦੇ ਹੱਥ ਵਿਚ ਹਨ ਜਿਨਾਂ੍ਹ ਦਾ ਮੁੱਖ ਮੰਤਵ ਆਰਥਿਕ ਲਾਭ ਉਠਾਉਣਾ ਹੈ। ਇਸੇ ਲਈ ਉਹ ਹੁਣ ਵਿਦਿਅਕ ਸੰਸਥਾਵਾਂ ਨੂੰ ਐਜੂਕੇਸ਼ਨ ੰਿeੰਡਸਟਰੀ ਕਹਿਣ ਲਗ ਪਏ ਹਨ। ਇਹ ਵਿਚਾਰ ਵਿਦਿਆ ਦੇ ਮਨੋਰਥ ਤੋਂ ਕੋਸਾਂ ਦੂਰ ਹਨ। ਅਜਿਹੇ ਵਿਚਾਰਾਂ ਨਾਲ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।ਪਹਿਲਾਂ ਵਿਦਿਆ ਮੁਫਤ ਦਿੱਤੀ ਜਾਂਦੀ ਸੀ।ਇਸੇ ਲਈ ਕਹਿੰਦੇ ਸਨ—"ਵਿਦਿਆ ਵਿਚਾਰੀ ਤਾਂ ਪਰਉਪਕਾਰੀ" ਪਰ ਹੁਣ ਵਿਦਿਆ ਨੂੰ ਪਰਉਪਕਾਰ ਦੀ ਭਾਵਨਾ ਨਾਲ ਨਹੀਂ ਦਿੱਤਾ ਜਾਂਦਾ। ਹੁਣ ਵਿਦਿਆ ਨੂੰ ਮੰਡੀ ਦੀ ਵਸਤੂ ਬਣਾ ਦਿੱਤਾ ਗਿਆ ਹੈ। ਹੁਣ ਵਿਦਿਆ ਕੇਵਲ ਵੇਚੀ ਹੀ ਨਹੀਂ ਜਾਂਦੀ ਸਗੋਂ ਬੇਰੋਜਗਾਰ ਨੌਜੁਆਨਾ ਦੀ ਅੱਨੀ੍ਹ ਲੁੱਟ ਖਸੁੱਟ ਕੀਤੀ ਜਾਂਦੀ ਹੈ। ਦਾਖਲਾ ਫਾਰਮ ਅਤੇ ਦਾਖਲਾ ਟੈਸਟਾਂ ਦੇ ਨਾਮ ਤੇ ਹੀ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ ਜਿਨਾਂ੍ਹ ਨਾਲ ਨਾਲ ਇਨਾਂ੍ਹ ਸੰਸਥਾਵਾਂ ਨੂੰ ਚਲਾਉਣ ਵਾਲਿਆਂ ਦੀਆਂ ਕੋਠੀਆਂ ਤੇ ਕਾਰਾਂ ਬਣਦੀਆਂ ਹਨ। ਫਿਰ ਦਾਨ, ਸਾਲਾਨਾ ਫੰਡ, ਡਿਵੈਲਪਮੈਂਟ ਫੰਡ, ਮੌਟੀਆਂ ਫੀਸਾਂ ਅਤੇ ਮਹਿੰਗੀਆਂ ਕਿਤਾਬਾਂ ਦੇ ਨਾਮ ਤੇ ਬੱਚਿਆਂ ਦੇ ਮਾਂ ਬਾਪ ਦੀ ਕਮਾਈ ਤੇ ਡਾਕਾ ਮਾਰਿਆ ਜਾਂਦਾ ਹੈ। ਨੌਜਵਾਨ ਇਸ ਸਭ ਵਰਤਾਰੇ ਨੂੰ ਸਮਝਦੇ ਹਨ । ਇਸਦਾ ਉਨਾਂ੍ਹ ਦੇ ਦਿਮਾਗ ਤੇ ਨਾਂਹ ਪੱਖੀ ਪ੍ਰਭਾਵ ਪੈਂਦਾ ਹੈ ਪਰ ਉਹ ਮਜਬੂਰ ਹੁੰਦੇ ਹਨ ਕਰ ਕੁਝ ਨਹੀਂ ਸਕਦੇ।ਇਹ ਤੰਦੂਆ ਜਾਲ ਵਿਚੋਂ ਉਹ ਬਾਹਰ ਨਹੀਂ ਨਿਕਲ ਸਕਦੇ। ਇਨਾਂ੍ਹ ਵਿਦਿਅਕ ਸੰਸਥਾਵਾਂ ਦੇ ਕੰਟਰੋਲ ਲਈ ਸਰਕਾਰ ਨੇ ਕਈ ਬੋਰਡ, ਯੂਨੀਵਰਸਟੀਆਂ ਅਤੇ ਵਿਭਾਗ ਬਣਾਏ ਹੋਏ ਹਨ ਪਰ ਉਹ ਵੀ ਭਰਿਸ਼ਟਾਚਾਰ ਦਾ ਸ਼ਿਕਾਰ ਹਨ ਇਨਾਂ੍ਹ ਸੰਸਥਾਂਵਾਂ ਨੂੰ ਰਜਿਸਟਰ ਕਰਨ ਲਈ ਜਾਂ ਰੈਗੁਲਰ ਕਰਨ ਲਈ ਉਨਾਂ੍ਹ ਨੂੰ ਵੀ ਮੌਟੀਆਂ ਰਕਮਾਂ ਚੜ੍ਹਦੀਆਂ ਹਨ ਅਤੇ ਇਹ ਵਿਦਿਅਕ ਸੰਸਥਾਵਾਂ ਖੁੰਬਾਂ ਦੀ ਤਰਾਂ੍ਹ ਵਧੀ ਫੁੱੱਲੀ ਜਾ ਰਹੀਆਂ ਹਨ। ਹਮਾਮ ਵਿਚ ਸਾਰੇ ਹੀ ਨੰਗੇ ਹਨ। ਪਿਛਲੇ ੧੦ ਸਾਲਾਂ ਵਿਚ ਅਜਿਹੀਆਂ ਪ੍ਰਾਈਵੇਟ ਸੰਸਥਾਵਾਂ ਹਜਾਰਾਂ ਦੀ ਗਿਣਤੀ ਵਿਚ ਮਾਨਤਾ ਪ੍ਰਾਪਤ ਕਰ ਗਈਆਂ ਹਨ। ਸਰਕਾਰ ਮਚਲੀ ਬਣ ਕੇ ਦੇਖ ਰਹੀ ਹੈ।

ਅਜਿਹੇ ਵਿਦਿਅਕ ਅਦਾਰੇ ਪੈਸੇ ਲੈ ਕੇ ਡਿਗਰੀਆਂ ਦੇਣ ਤਕ ਹੀ ਸੀਮਿਤ ਹਨ। ਅਸਲੀ ਵਿਦਿਆ ਬਹੁਤ ਦੂਰ ਦੀ ਗਲ ਹੈ। ਕਈ ਵਿਦਿਆਰਥੀਆਂ ਨੂੰ ਤਾਂ ਇਮਤਿਹਾਨ ਵਿਚ ਬੈਠਣ ਤੋਂ ਬਿਨਾ ਹੀ ਡਿਗਰੀਆਂ ਮਿਲ ਜਾਂਦੀਆਂ ਹਨ। ਵਿਦਿਆਰਥੀਆਂ ਵਿਚ ਅਸਲੀ ਗਿਆਨ ਦੀ ਅਨਹੋਂਦ ਕਾਰਨ ਇਹ ਨੌਜਵਾਨ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ।ਉਹ ਅਮਲੀ ਜ਼ਿੰਦਗੀ ਵਿਚ ਅਸਫਲ ਹੋ ਕੇ ਰਹਿ ਜਾਂਦੇ ਹਨ। ਉਹ ਰੋਜਗਾਰ ਵਿਚ ਕਾਮਯਾਬ ਨਹੀਂ ਹੋ ਸਕਦੇ। ਉਨਾਂ ਨੂੰ ਆਪਣੇ ਸਾਥੀਆਂ ਤੇ ਅਫਸਰਾਂ ਪਾਸੋਂ ਤਾਨ੍ਹੇ ਮਹਿਣੇ ਸੁਣਨੇ ਪੈਂਦੇ ਹਨ ਅਤੇ ਜਲਾਲਤ ਝੱਲਣੀ ਪੈਂਦੀ ਹੈ।

ਲੜਕਪਨ ਦੀ ਉਮਰ ਵਿਚ ਬੱਚਿਆਂ ਦੇ ਸਰੀਰ ਵਿਚ ਕੁਝ ਕੁਦਰਤੀ ਤਬਦੀਲੀਆਂ ਆਉਂਦੀਆਂ ਹਨ। ਸਰੀਰ ਬਚਪਨ ਤੋਂ ਬਾਲਗ ਹੋਣਾ ਸ਼ੁਰੂ ਹੁੰਦਾ ਹੈ। ਬੱਚਿਆਂ ਲਈ ਇਹ ਨਵੀਂ ਗੱਲ ਹੁੰਦੀ ਹੈ। ਕਈ ਵਾਰੀ ਬੱਚੇ ਹੈਰਾਨ ਅਤੇ ਪ੍ਰੇਸ਼ਾਨ ਵੀ ਹੋ ਜਾਂਦੇ ਹਨ। ਉਨਾਂ੍ਹ ਨੂੰ ਬਾਲਗ ਸਿੱਖਿਆ ਨਹੀਂ ਮਿਲੀ ਹੁੰਦੀ। ਇਸ ਵਿਸ਼ੇ ਤੇ ਧਾਰਮਿਕ ਅਤੇ ਸਮਾਜਿਕ ਤੋਰ ਤੇ ਖੁੱਲ੍ਹ ਕੇ ਗੱਲ ਕਰਨ ਦਾ ਵੀ ਬੁਰਾ ਹੀ ਮਨਾਇਆ ਜਾਂਦਾ ਹੈ। ਅਧਿਆਪਕ ਤੇ ਮਾਂ ਬਾਪ ਵੀ ਬੱਚਿਆਂ ਦੇ ਅਜਿਹੇ ਸੁਆਲਾਂ ਦਾ ਜੁਆਬ ਦੇਣ ਤੋਂ ਟਾਲਾ ਹੀ ਵੱਟ ਜਾਂਦੇ ਹਨ। ਅਧੂਰੀ ਜਾਣਕਾਰੀ ਹੋਣ ਕਰਕੇ ਬੱਚੇ ਭਟਕ ਜਾਂਦੇ ਹਨ। ਉਹ ਆਪਣੀ ਯੂਵਾ ਸ਼ਕਤੀ ਦਾ ਦੁਰਉਪਯੋਗ ਕਰ ਬੈਠਦੇ ਹਨ। ਉਨਾਂ੍ਹ ਦੇ ਮਨ ਤੇ ਪਾਪ ਬੋਧ ਭਾਰੀ ਹੋ ਜਾਂਦਾ ਹੈ। ਉਨਾਂ੍ਹ ਦੀਆਂ ਮਾਨਸਿਕ ਸੱਮਸਿਅਵਾਂ ਵਧਦੀਆਂ ਜਾਂਦੀਆਂ ਹਨ। ਬਾਲਗ ਸਿਖਿਆ ਦੀ ਅਣਹੋਂਦ ਕਰਕੇ ਉਹ ਕਈ ਗਲਤ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਕੁਦਰਤ ਨੇ ਨਰ ਤੇ ਮਾਦਾ ਇਕ ਦੂਸਰੇ ਦੇ ਪੂਰਕ ਬਣਾਏ ਹਨ। ਇਸਤ੍ਰੀ ਪੁਰਸ਼ ਇਕ ਦੂਜੇ ਤੋਂ ਬਿਨਾ ਅਧੂਰੇ ਹਨ। ਦੋਵੇਂ ਮਿਲਕੇ ਹੀ ਇਕ ਨਵਾਂ ਸੰਸਾਰ ਸਿਰਜਦੇ ਹਨ ਅਤੇ ਸੰਸਾਰ ਨੂੰ ਅੱਗੇ ਵਧਾਉਂਦੇ ਹਨ। ਇਸ ਲਈ ਨੌਜੁਵਾਨ ਲੜਕੇ ਅਤੇ ਲੜਕੀਆਂ ਦੀ ਇਕ ਦੂਸਰੇ ਪ੍ਰਤੀ ਖਿੱਚ ਕੁਦਰਤੀ ਹੈ। ਅੱਜ ਕੱਲ ਸਹਿ ਸਿਖਿਆ ਹੋਣ ਕਰਕੇ ਵੀਨੌਜਵਾਨ ਲੜਕੇ ਲੜਕੀਆਂ ਇਕ ਦੂਸਰੇ ਦੇ ਸੰਪਰਕ ਵਿਚ ਆਉਂਦੇ ਹਨ। ਉਨਾਂ੍ਹ ਵਿਚ ਦੋਸਤੀ ਵੀ ਕੁਦਰਤੀ ਹੈ। ਲੜਕਾ ਲੜਕੀ ਆਪਸ ਵਿਚ ਬੈਠਕੇ ਅਪਣੀਆਂ ਪੜਾਈ ਦੀਆਂ ਸਮੱਸਿਅਵਾਂ ਹੱਲ ਕਰਦੇ ਅਤੇ ਆਪਸ ਵਿਚ ਸਹਿਯੋਗ ਕਰਦੇ ਸੋਹਣੇ ਲੱਗਦੇ ਹਨ।ਅਜਿਹਾ ਦੋਸਤੀ ਦਾ ਰਿਸ਼ਤਾ ਬਣਾਉਣ ਵਿਚ ਉਨਾਂ੍ਹ ਨੂੰ ਬੜੀ ਸਾਵਧਾਨੀ ਦੀ ਜਰੂਰਤ ਹੁੰਦੀ ਹੈ। ਉਨਾਂ੍ਹ ਨੂੰ ਇਹ ਰਿਸ਼ਤਾ ਉਸ ਹੱਦ ਤੱਕ ਹੀ ਅੱਗੇ ਵਧਾਉਣਾ ਚਾਹੀਦਾ ਹੈ ਕਿ ਰਿਸ਼ਤਾ ਟੁੱਟਣ ਤੇ ਭਵਿਖ ਵਿਚ ਉਨਾਂ੍ਹ ਲਈ ਕੋਈ ਉਲਝਣ ਨਾ ਪੈਦਾ ਹੋਵੇ।ਇਸ ਉਮਰ ਵਿਚ ਪੁੱਟਿਆ ਹੋਇਆ ਕੋਈ ਗਲਤ ਕਦਮ ਕਿਧਰੇ ਸਾਰੀ ਉਮਰ ਦਾ ਕਲੰਕ ਬਣ ਕੇ ਨਾ ਰਹਿ ਜਾਵੇ। ਸਮਾਜਿਕ ਅਤੇ ਧਾਰਮਿਕ ਮਰਿਆਦਾ ਦੀ ਵੀ ਕਦਰ ਕਰਨੀ ਚਾਹੀਦੀ ਹੈ। ਮਾਂ ਬਾਪ ਬਹੁਤ ਸਤਿਕਾਰ ਅਤੇ ਪਿਆਰ ਦੇ ਹੱਕਦਾਰ ਹਨ। ਬਾਪ ਦੀ ਪੱਗ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਤੁਹਾਡੇ ਕਿਸੇ ਗਲਤ ਕੰਮ ਕਾਰਨ ਉਨਾਂ੍ਹ ਦੀ ਪੱਗ ਨੂੰ ਦਾਗ ਨਹੀਂ ਲੱਗਣਾ ਚਾਹੀਦਾ।

ਇਹ ਜਵਾਨੀ ਦੀ ਉਮਰ ਵੀ ਬੜੀ ਹੁਸੀਨ ਹੁੰਦੀ ਹੈ। ਮਨ ਉੱਚੇ ਅਤੇ ਸੁਨਹਿਰੀ ਸੁਪਨੇ ਦੇਖਦਾ ਹੈ। ਇਸ ਸਮੇਂ ਮਨ ਦਾ ਮੀਤ ਮਨ ਮੰਦਰ ਵਿਚ ਆ ਬੈਠਦਾ ਹੈ। ਆਪਣਾ ਭਵਿਖ ਬਣਾਉਣ ਲਈ ਵੀ ਨੌਜਵਾਨ ਉੱਚੇ ਅਤੇ ਸੁਨਹਿਰੀ ਸੁਪਨੇ ਦੇਖਦੇ ਹਨ। ਜੇ ਇਹ ਸੁਪਨੇ ਪੂਰੇ ਨਾ ਹੋਣ ਤਾਂ ਜ਼ਿੰਦਗੀ ਸਖਤ ਹਕੀਕਤ ਨਾਲ ਟਕਰਾ ਕੇ ਚੂਰ ਚੂਰ ਹੋ ਜਾਂਦੇ ਹਨ। ਅਜਿਹੇ ਨੌਜਵਾਨਾ ਦੀ ਹਾਲਤ ਬਹੁਤ ਤਰਸਯੋਗ ਹੋ ਜਾਂਦੀ ਹੈ। ਉਹ ਆਪਣੇ ਮਨ ਦੀ ਗਲ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ ਤਾਂ ਕਿ ਕਿਧਰੇ ਦੂਜੇ ਲੋਕ ਉਨਾਂ੍ਹ ਨੂੰ ਘਟੀਆ ਸਮਝ ਕੇ ਉਨਾਂ੍ਹ ਦਾ ਮਜਾਕ ਹੀ ਨਾ ਉਡਾਉਣ। ਉਮਰ ਬੀਤਦੀ ਜਾਂਦੀ ਹੈ ਸੁਪਨੇ ਟੁੱਟਦੇ ਜਾਂਦੇ ਹਨ। ਨੌਜਵਾਨਾ ਦੇ ਮਨ ਅੰਦਰ ਹੀਨ ਭਾਵਨਾ ਵਧਦੀ ਜਾਂਦੀ ਹੈ।

ਕਹਿੰਦੇ ਹਨ ਜੇ ਬੰਦੇ ਦਾ ਸਭ ਕੁਝ ਖਤਮ ਵੀ ਹੋ ਜਾਵੇ ਤਾਂ ਵੀ ਉਸਦੇ ਭਾਗ ਬਚ ਹੀ ਜਾਂਦੇ ਹਨ। ਅਸੀਂ ਹੱਥ ਤੇ ਹੱਥ ਰੱਖ ਕੇ ਬੈਠਣ ਅਤੇ ਅਤੇ ਭਾਗਾਂ ਜਾਂ ਕਿਸਮਤ ਤੇ ਯਕੀਨ ਨਹੀਂ ਰੱਖਦੇ। ਕਿਸਮਤ ਨੂੰ ਕਰਮ ਨਾਲ ਬਦਲਿਆ ਜਾ ਸਕਦਾ ਹੈ। ਇਨਾਂ੍ਹ ਸਾਰੀਆਂ ਮਾਨਸਿਕ, ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਆਸ ਦੀ ਕਿਰਨ ਬਾਕੀ ਹੈ ਜੋ ਸਾਰਿਆਂ ਹਨੇਰਿਆਂ ਨੂੰ ਚੀਰਨ ਦੇ ਸਮਰਥ ਹੈ। ਇਹ ਹੈ ਮਨੁੱਖ ਦੀ ਕ੍ਰਿਆਸ਼ੀਲਤਾ। ਜ਼ਿੰਦਗੀ ਵਿਚ ਅੱਜ ਤੱਕ ਜਿਤਨੇ ਮਰਜੀ ਭੁਚਾਲ ਆਏ, ਤੂਫਾਨ ਆਏ, ਸੁਨਾਮੀਆਂ ਆਈਆਂ, ਟਰੈਂਡੋ ਆਏ, ਯੁਗਗਰਦੀਆਂ ਹੋਈਆਂ ਅਤੇ ਮਨੱਖੀ ਜੀਵਨ ਖਤਮ ਹੋਣ ਕਿਨਾਰੇ ਪਹੁੰਚ ਗਿਆ। ਸਭ ਦੌਲਤਾਂ ਤੇ ਉੱਚੀਆਂ ਇਮਾਰਤਾਂ ਢਹਿ ਢੇਰੀ ਹੋ ਕੇ ਮਿੱਟੀ ਵਿਚ ਮਿਲ ਗਈਆਂ ਪਰ ਮਨੱਖ ਨੇ ਕਦੀ ਕੁਦਰਤ ਤੋਂ ਕਦੀ ਹਾਰ ਨਹੀਂ ਮੰਨੀ। ਉਸ ਨੇ ਬਚੇ ਹੋਏ ਤੀਲਿਆਂ ਨਾਲ ਹੀ ਜ਼ਿੰਦਗੀ ਮੁੜ ਤੋਂ ਸ਼ੁਰੂ ਕੀਤੀ  ਤੇ ਫਿਰ ਤੋਂ ਬੁਲੰਦੀਆਂ ਨੂੰ ਛੂਹਿਆ ਅਤੇ ਬ੍ਰਹਿਮੰਡ ਵਿਚ ਆਪਣੇ ਝੰਡੇ ਗੱਡੇ। ਇਹ ਸਭ ਮਨੱਖ ਦੀ ਕ੍ਰਿਆਸ਼ੀਲਤਾ ਸਦਕਾ ਹੀ ਹੈ।ਪ੍ਰਮਾਤਮਾ ਨੇ ਮਨੁੱਖ ਨੂੰ ਬੇਹੱਦ ਸਿਰਜਕ ਸ਼ਕਤੀ ਦਿੱਤੀ ਹੈ। ਦੁਨੀਆਂ ਦਾ ਸਾਰਾ ਗਿਆਨ ਮਨੁੱਖ ਦੇ ਅੰਦਰ ਭਰਿਆ ਹੈ। ਪਰ ਮਨੁੱਖ ਆਪਣੀ ਇਸ ਸਿਰਜਕ ਸ਼ਕਤੀ ਦੀ ਇਕਾਗਰਤਾ ਦਾ ਕੇਵਲ ੧੬-੧੭% ਭਾਗ ਹੀ ਉਸਾਰੂ ਕੰਮਾਂ ਵਿਚ ਖਰਚ ਕਰਦਾ ਹੈ। ਸਾਡੀ ਬਾਕੀ ਸਿਰਜਕ ਸ਼ਕਤੀ ਬੇਧਿਆਨੇ ਹੀ ਜਾਇਆ ਚਲੀ ਜਾਂਦੀ ਹੈ। ਫਿਰ ਵੀ ਇਸ ੧੬-੧੭% ਸ਼ਕਤੀ ਸਦਕਾ ਹੀ ਇਹ ਸਾਰੀ ਉਨਤੀ ਹੋਈ ਹੈ ਅਤੇ ਅੱਜ ਸਾਨੂੰ ਮੱਨੁਖ ਦੁਆਰਾ ਧਰਤੀ ਤੇ ਸਿਰਜਿਆ ਹੋਇਆ ਸਵਰਗ ਸਾਹਮਣੇ ਨਜਰ ਆਉਂਦਾ ਹੈ। ਜਿਹੜੀਆਂ ਗਲਾਂ ਸਾਨੂੰ  ਕੱਲ ਤੱਕ ਅਸੰਭਵ ਜਾਪਦੀਆਂ ਸਨ ਉਹ ਅੱਜ ਮਨੱਖ ਨੇ ਪ੍ਰਤੱਖ ਕਰ ਦਿਖਾਈਆਂ ਹਨ। ਇਹ ਹੱਥਾਂ ਤੇ ਸਰੌਂ ਜਮਾਉਣ ਵਾਲੀ ਗਲ ਹੈ। ਸੋਚੋ ਜੇ ਅਸੀਂ ਇਸ ਉਸਾਰੂ ਸ਼ਕਤੀ ਦੀ ਇਕਾਗਰਤਾ ਨੂੰ ਜਰਾ ਵਧਾ ਕੇ ੨੨-੨੫ % ਕਰ ਲਈਏ ਤਾਂ ਕਿਤਨੀ ਉਨਤੀ ਹੋਵੇਗੀ। ਆਪਣੀ ਇਸ ਕ੍ਰਿਆਸ਼ੀਲਤਾ ਨੂੰ ਵਧਾਉਣਾ ਅੱਜ ਕੱਲ ਦੇ ਨੌਜਵਾਨਾ ਲਈ ਇਕ ਚੁਨੋਤੀ ਹੈ।ਜਿਸ ਪੇੜ ਦੀਆਂ ਜੜਾਂ੍ਹ ਜਿਤਨੀਆਂ ਗਹਿਰੀਆਂ ਅਤੇ ਤਣਾ ਮਜਬੂਤ ਹੋਵੇਗਾ। ਉੇਹ ਹੀ ਸੰਘਣੀ ਛਾਂ ਤੇ ਫਲ ਦੇ ਸਕੇਗਾ।ਇਸੇ ਤਰਾਂ੍ਹ ਜਿਹੜੇ ਜਵਾਨਾ ਵਿਚ ਚੰਗੀਆਂ ਆਦਤਾਂ ਹੋਣਗੀਆਂ ਅਤੇ ਸਰੀਰ ਸਾਧਿਆ ਹੋਵੇਗਾ ਉਹ ਹੀ ਜ਼ਿੰਦਗੀ ਦੇ ਤੁਫਾਨਾ ਦਾ ਮੁਕਾਬਲਾ ਕਰ ਸਕਣਗੇ ਅਤੇ ਜ਼ਿੰਦਗੀ ਦਾ ਅਸਲੀ ਅਨੰਦ ਪ੍ਰਾਪਤ ਕਰ ਸਕਣਗੇ।ਬਨਾਉਟੀ ਸਾਧਨਾ ਨਾਲ ਚਿਹਰੇ ਦੀ ਸੁੰਦਰਤਾ ਥੋੜ੍ਹੀ ਦੇਰ ਲਈ ਹੀ ਹੁੰਦੀ ਹੈ ਪਰ ਅਤਮਵਿਸ਼ਵਾਸ ਅਤੇ ਗੁਣਾਂ ਕਰਕੇ ਚਿਹਰੇ ਦੀ ਚਮਕ ਸਦੀਵੀ ਹੁੰਦੀ ਹੈ। ਤੁਹਾਡਾ ਚਿਹਰਾ ਆਤਮ ਵਿਸ਼ਵਾਸ ਨਾਲ ਹਰ ਸਮੇਂ ਹੰਸੁਂ ਹੰਸੁਂ ਕਰਦਾ ਹੋਣਾ ਚਾਹੀਦਾ ਹੈ। ਇਸ ਤਰਾਂ੍ਹ ਹਰ ਕੋਈ ਤੁਹਾਡੇ ਵਲ ਆਕਰਸ਼ਿਤ ਹੋਵੇਗਾ।ਤੁਹਾਡੀ ਹਰ ਗਲ ਮੰਨੇਗਾ। ਤੁਸੀਂ ਅਗੁਆਈ ਕਰੋਗੇ। ਜਿਵੇਂ ਗਿਆਨ ਦਾ ਕੋਈ ਅੰਤ ਨਹੀਂ ਉਵੇਂ ਹੀ ਉਨਤੀ ਦੀਆਂ ਸਿਖਰਾਂ ਦਾ ਕੋਈ ਅੰਤ ਨਹੀਂ। ਇਹ ਕਦੀ ਨਹੀਂ ਸੋਚਣਾ ਚਾਹੀਦਾ ਕਿ ਸਾਰੀ ਉਨਤੀ ਤਾਂ ਹੋ ਗਈ ਹੈ—ਮੇਰੇ ਕਰਨ ਲਈ ਤਾਂ ਹੁਣ ਕੁਝ ਬਚਿਆ ਹੀ ਨਹੀਂ—ਮੈਂ ਹੁਣ ਕੀ ਕਰਾਂ? ਨੌਜਵਾਨਾ ਵਿਚ ਅਥਾਹ ਸ਼ਕਤੀ ਹੈ। ਜਰੂਰਤ ਹੈ ਇਸ ਸ਼ਕਤੀ ਨੂੰ ਬਰਬਾਦ ਹੋਣ ਤੋਂ ਰੋਕ ਕੇ ਕਿਸੇ ਉਸਾਰੂ ਪਾਸੇ ਲਾਇਆ ਜਾਵੇ। ਬਜੁਰਗ ਲੋਕ ਵੀ ਬੱਚਿਆਂ ਨੂੰ ਸੇਧ ਦੇ ਕੇ ਜਾਂ ਕੋਈ ਉਸਾਰੂ ਕੰਮ ਕਰਕੇ ਆਪਣੀ ਹੌਂਦ ਦਿਖਾ ਸਕਦੇ ਹਨ। ਉਹ ਉਮਰ ਪੱਖੋਂ ਬੇਸ਼ੱਕ ਬੁੱਢੇ ਹੋ ਜਾਣ ਪਰ ਜੋਸ਼ ਉਨਾਂ੍ਹ ਵਿਚ ਨੌਜਵਾਨਾ ਵਾਲਾ ਹੀ ਹੁੰਦਾ ਹੈ। ਨੌਜਵਾਨਾ ਲਈ ਉਹ ਸਦਾ ਪ੍ਰੇਰਨਾ ਸ੍ਰੋਤ ਅਤੇ ਸਤਿਕਾਰ ਦੇ ਹੱਕਦਾਰ ਹੁੰਦੇ ਹਨ।

ਅੱਜ ਕੱਲ ਲੜਕੀਆਂ ਲੜਕਿਆਂ ਤੋਂ ਕਿਸੇ ਗਲੋਂ ਘੱਟ ਨਹੀਂ। ਉਹ ਪੜ੍ਹ ਲਿਖ ਕੇ ਲੜਕਿਆਂ ਦੇ ਬਰਾਬਰ ਜ਼ਿੰਦਗੀ ਵਿਚ ਹਿੱਸਾ ਪਾ ਰਹੀਆਂ ਹਨ। ਉਨਾਂ੍ਹ ਨੇ ਹਰ ਮੈਦਾਨ ਵਿਚ ਆਪਣੀ ਯੋਗਤਾ ਦਾ ਸਿੱਕਾ ਜਮਾਇਆ ਹੈ। ਉਹ ਅਧਿਆਪਨ ਦੇ ਕਿੱਤੇ ਵਿਚ, ਬੈਂਕਾਂ ਵਿਚ, ਮੈਡੀਕਲ ਲਾਈਨ ਵਿਚ, ਰਿਸੈਪਸਨਿਸ਼ਟ ਦੇ ਤੌਰ ਤੇ ਏਅਰ ਹੋਸਟੈਸਟ ਦੇ ਤੌਰ ਤੇ ਅਤੇ ਇੰਡਸਟ੍ਰੀ ਵਿਚ ਐਗਜੈਕਟਿਵ ਦੀ ਪੋਸਟ ਤੇ ਬਿਰਾਜਮਾਨ ਨਜਰ ਆਉਂਦੀਆਂ ਹਨ। ਹੁਣ ਤਾਂ ਉਨਾਂ੍ਹ ਨੇ ਸਖਤ ਕੰਮਾਂ ਵਿਚ ਜਿਵੇਂ ਪੁਲੀਸ ਅਤੇ ਫੌਜ ਵਿਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ।ਇਸ ਨਾਲ ਲੜਕਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਇਹ ਲੜਕੀਆਂ ਉਨਾਂ੍ਹ ਦੀਆਂ ਜੀਵਨ-ਸੰਗਨੀਆਂ ਬਣਨਗੀਆਂ ਅਤੇ ਉਨਾਂ੍ਹ ਦੇ ਪੂਰੇ ਪਰਿਵਾਰ ਦੀ ਉਨਤੀ ਹੋਵੇਗੀ। ਪਰਿਵਾਰ ਵਿਚ ਖੁਸ਼ਹਾਲੀ ਆਵੇਗੀ। ਪਤੀ ਪਤਨੀ ਕਦਮ ਨਾਲ ਕਦਮ ਮਿਲਾ ਕੇ ਆਪਣੇ ਦੇਸ਼, ਸਮਾਜ ਅਤੇ ਪਰਿਵਾਰ ਦੇ ਪੱਧਰ ਨੂੰ ਉੱਚਾ ਚੁੱਕ ਸਕਣਗੇ। ਯਾਦ ਰੱਖੋ ਤੁਸੀਂ ਜ਼ਿੰਦਗੀ ਦੀ ਮਸ਼ਾਲ ਨੂੰ ਫੜ ਕੇ ਇਕੱਠਿਆਂ ਅੱਗੇ ਵਧਣਾ ਹੈ ਅਤੇ ਪੂਰੀ ਦੁਨੀਆਂ ਨੂੰ ਰੌਸ਼ਨਂੀ ਦਿਖਾਉਣੀ ਹੈ।

ਸਾਡੇ ਦੇਸ਼ ਦੇ ਨੌਜਵਾਨਾਂ ਨੇ ਜ਼ਿੰਦਗੀ ਵਿਚ ਬਹੁਤ ਮੱਲਾਂ ਮਾਰੀਆਂ ਹਨ। ਦੁਨੀਆਂ ਦੇ ਕੋਨੇ  ਕੋਨੇ ਵਿਚ ਜਾ ਕੇ ਦੁਨੀਆਂ ਭਰ ਨੂੰ ਆਪਣੀ ਬੁੱਧੀ ਦਾ ਕਾਇਲ ਕਰਾਇਆ ਹੈ ਅਤੇ ਹਰ ਮੈਦਾਨ ਵਿਚ ਉੱਚੀਆਂ ਪੁਜੀਸ਼ਨਾ ਹਾਸਲ ਕੀਤੀਆਂ ਹਨ। ਸਾਡੇ ਨੌਜਵਾਨ ਸਾਡੇ ਵਾਰਿਸ ਹਨ। ਦੇਸ਼ ਦਾ ਭਵਿੱਖ ਹਨ। ਇਨਾਂ੍ਹ ਨੇ ਹੀ ਕੱਲ ਨੂੰ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਅਤੇ ਦੇਸ਼ ਨੂੰ ਅੱਗੇ ਉਨਤੀ ਦੇ ਮਾਰਗ ਤੇ ਲਿਜਾਉਣਾ ਹੈ।ਇਨਾਂ੍ਹ ਨੇ ਹੀ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ। ਇਕ ਨਵੇਂ ਅਤੇ ਨਰੋਏ ਸਮਾਜ ਦੀ ਉਸਾਰੀ ਕਰਨੀ ਹੈ। ਤੁਹਾਡੇ ਦ੍ਰਿੜ ਇਰਾਦੇ, ਅੱਖਾਂ ਵਿਚ ਆਤਮਵਿਸ਼ਵਾਸ ਦੀ ਚਮਕ ਅਤੇ ਮੁਸਕਰਾਉਂਦੇ ਹੋਏ ਚਿਹਰਿਆਂ ਅੱਗੇ ਕੋਈ ਮੁਸ਼ਕਲ ਨਹੀਂ ਠਹਿਰ ਸਕਦੀ। ਕੀ ਹੋਇਆ ਜੇ ਬੀਤਿਆ ਕੱਲ ਤੁਹਾਡਾ ਨਹੀਂ ਸੀ। ਯਕੀਨ ਰੱਖੋ ਆਉਣ ਵਾਲਾ ਕੱਲ ਤੁਹਾਡਾ ਹੀ ਹੈ। ਸਭ ਦੌਲਤਾਂ ਅਤੇ ਸਭ ਸੁੱਖ ਸਹੁਲਤਾਂ ਤੁਹਾਡੇ ਲਈ ਹੀ ਹਨ। ਚੰਦ ਜਾਂ ਮੰਗਲ ਗ੍ਰਿਹ ਉਤੇ ਪਹੁੰਚਣਾ ਤੁਹਾਡੇ ਲਈ ਕੋਈ ਮੁਸ਼ਕਲ ਨਹੀਂ। ਤੁਸੀਂ ਤਾਂ ਦਿਸਹੱਦਿਆਂ ਤੋਂ ਪਾਰ ਜਾਣਾ ਹੈ ਅਤੇ ਨਵੀਆਂ ਸਿਖਰਾਂ ਛੂਹਣੀਆਂ ਹਨ। ਇਹ ਨਾ ਸੋਚੋ ਕੇ ਕੋਈ ਬਾਹਰੋਂ ਆ ਕੇ ਤੁਹਾਡੀ ਮਦਦ ਕਰੇਗਾ ਤੇ ਤੁਸੀਂ ਇਕ ਦਮ ਟੀਸੀ ਤੇ ਪਹੁੰਚ ਜਾਵੋਗੇ। ਉਧਾਰ ਦੀਆਂ ਪੌੜੀਆਂ ਸਹਾਰੇ ਜਿਆਦਾ ਦੂਰੀ ਤਹਿ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਆਪਣੀ ਸ਼ਕਤੀ ਤੇ ਯਕੀਨ ਰੱਖ ਕੇ ਹੀ ਉੱਠਣਾ ਪਵੇਗਾ ਤਾਂ ਹੀ ਪੰਧ ਮੁਕੇਗਾ। ਤੁਸੀਂ ਵੀ ਸਫਲਤਾ ਦੀ ਟੀਸੀ ਤੇ ਪਹੁੰਚ ਸਕਦੇ ਹੋ ਅਤੇ ਬੁਲੰਦੀਆਂ ਨੂੰ ਛੂਹ ਸਕਦੇ ਹੋ। ਫਿਰ ਦੇਰ ਕਿਸ ਗਲ ਦੀ? ਉੱਠੋ ਸ਼ੁਰੂ ਕਰੋ। ਤੁਸੀਂ ਆਪਣੀ ਕਿਸਮਤ ਆਪ ਬਣਾਉਣੀ ਹੈ। ਗਮ ਨਾ ਕਰੋ ਕੇ ਅੱਜ ਤੁਹਨੂੰ ਛੋਟੇ ਛੋਟੇ ਕੰਮਾਂ ਲਈ ਲੋਕਾਂ ਦੇ ਪਿੱਛੇ ਪਿੱਛੇ ਭੱਜਣਾ ਪੈਂਦਾ ਹੈ। ਆਪਣੇ ਵਿਚਲੇ ਗੁਣਾਂ ਨੂੰ ਉਭਾਰੋ। ਆਪਣੇ ਵਿਚ ਕੋਈ ਖਿੱਚ ਪੈਦਾ ਕਰੋ ਤਾਂ ਕਿ ਫਿਰ ਇਹ ਹੀ ਲੋਕ ਤੁਹਾਡੇ ਪਿੱਛੇ ਪਿੱਛੇ ਫਿਰਨ। ਕੀ ਹੋਇਆ ਕਿ ਗਮ ਦੀ ਰਾਤ ਲੰਬੀ ਸੀ। ਯਾਦ ਰੱਖੋ ਰਾਤ ਕਿੰਨੀ ਵੀ ਕਾਲੀ ਕਿਉਂ ਨਾ ਹੋਵੇ ਉਸ ਪਿੱਛੋਂ ਦਿਨ ਦਾ ਸੂਰਜ ਨਿਕਲਣਾ ਅਵਸ਼ਕ ਹੈ। ਦੇਸ਼ ਦੇ ਨੌਜਵਾਨੋ ਦਿਲ ਛੋਟਾ ਕਰਨ ਦੀ ਲੋੜ ਨਹੀਂ। ਜ਼ਿੰਦਗੀ ਵਿਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ ਫਿਰ ਕਾਹਦਾ ਘਭਰਾਉਣਾ? ਉੱਠੋ ਹੰਭਲਾ ਮਾਰੋ ਅਤੇ ਜ਼ਿੰਦਗੀ ਦੀ ਜੰਗ ਜਿੱਤ ਲਓ। ਜਿਵੇਂ ਅਹਲਿਆ ਦੇ ਪੱਥਰ ਬਣੇ ਬੁੱਤ ਨੂੰ ਰਾਮ ਦੀ ਉਡੀਕ ਸੀ ਉਵੇਂ ਹੀ ਤੁਹਾਡਾ ਸੁਨਹਿਰੀ ਭਵਿਖ ਬਾਹਵਾਂ ਪਸਾਰੀ ਤੁਹਾਡੀ ਉਡੀਕ ਕਰ ਰਿਹਾ ਹੈ।