ਅਗਲਾ ਦਿਨ-ਪਹੁੰਚਣਾ ਗੁਜਰਾਤ ਯੂਨੀਵਰਸਿਟੀ
18 ਮਾਰਚ ਸਵੇਰੇ ਠੀਕ ਨੌਂ ਵਜੇ ਯੂਨੀਵਰਸਿਟੀ ਦੀ ਗੱਡੀ ਆ ਗਈ ਤੇ ਡਰਾਈਵਰ ਨੇ ਮੈਨੂੰ ਫੋਨ ਕਰ ਦਿਤਾ ਕਿ ਹੋਟਲ ਦੇ ਕਮਰੇ ਵਿਚੋਂ ਥਲੇ ਆ ਜਾਓ। ਮੈਂ ਤਾਂ ਪਹਿਲਾਂ ਹੀ ਥੱਲੇ ਲਾਬੀ ਵਿਚ ਆ ਚੁੱਕਾ ਸਾਂ ਤੇ ਬਹਿਰਿਆਂ ਨੇ ਮੇਰੇ ਸੂਟ ਕੇਸ ਵੀ ਥਲੇ ਲੈ ਆਂਦੇ ਸਨ। ਉਹਨਾਂ ਮੇਰਾ ਸਾਰਾ ਸਾਮਾਨ ਗੱਡੀ ਵਿਚ ਰੱਖ ਦਿਤਾ। ਮੈਂ ਬਹਿਰਿਆਂ ਨੂੰ ਬਣਦੇ ਟਿੱਪ ਦਿਤੇ ਤੇ ਫਾਈਵ ਸਟਾਰ ਹੋਟਲ ਇਸਲਾਮਾਬਾਦ ਹੋਟਲ ਨੂੰ ਅਲਵਿਦਾ ਆਖ ਗਡੀ ਵਿਚ ਬੈਠ ਗਿਆ। ਸਿਕਿਓਰਟੀ ਗੇਟ ਚੋਂ ਲੰਘ ਕੇ ਕਾਰ ਇਸਲਾਬਾਦ ਦੀਆਂ ਸੜਕਾਂ ਤੋਂ ਹੁੰਦੀ ਹੋਈ ਗੁਜਰਾਤ ਜਾਣ ਵਾਲੀ ਸੜਕ ਤੇ ਪੈ ਗਈ। ਮੈਂ ਹਸਰਤ ਭਰੀਆਂ ਅਖਾਂ ਨਾਲ ਪਾਕਿਸਤਾਨ ਦੀ ਪਾਰਲੀਮੈਂਟ ਤੇ ਹੋਰ ਬਿਲਡਿੰਗਜ਼ ਨੂੰ ਵੇਖਿਆ ਤੇ ਮਨ ਨੇ ਕਿਹਾ ਕਿ ਰਹਿੰਦੀ ਜ਼ਿੰਦਗੀ ਵਿਚ ਸ਼ਾਇਦ ਹੀ ਕਦੀ ਦੋਬਾਰਾ ਏਥੇ ਆਉਣ ਦਾ ਮੌਕਾ ਮਿਲੇ। ਅਣਜਾਣ ਸੜਕਾਂ ਤੋਂ ਲੰਘ ਰਹੇ ਸਾਂ ਕਿ ਸਲੀਮ ਪਾਸ਼ਾ ਦਾ ਫੋਨ ਆ ਗਿਆ ਕਿ ਅਸੀਂ ਮਿਲਣ ਅਤੇ ਅਲਵਿਦਾ ਕਹਿਣ ਲਈ ਹੋਟਲ ਆ ਰਹੇ ਹਾਂ। ਮੈਂ ਕਿਹਾ ਕਿ ਮੈਂ ਤਾਂ ਹੋਟਲ ਛਡ ਕੇ ਗੁਜਰਾਤ ਦੇ ਰਾਹ ਦੇ ਰਾਹ ਪੈ ਗਿਆ ਹਾਂ। ਹੁਣ ਤਾਂ ਟੈਲੀਫੋਨ ਤੇ ਹੀ ਅਲਵਿਦਾ ਹੋਵੇਗੀ ਤੇ ਹੋ ਵੀ ਗਈ। ਸਲੀਮ ਪਾਸ਼ਾ ਤੇ ਇਤਫਾਕ ਬੱਟ ਨੇ ਕਾਨਫਰੰਸ ਦੌਰਾਨ ਬੜਾ ਦਿਲ ਲਾਈ ਰਖਿਆ ਸੀ। ਉਹਨਾਂ ਦੋਵਾਂ ਦੀਆਂ ਕਿਤਾਬਾਂ ਮੈਂ ਨਾਲ ਰੱਖ ਲਈਆਂ ਸਨ ਤੇ ਪਾਕਿਸਤਾਨੀ ਲੇਖਕਾਂ ਵਲੋਂ ਮਿਲੀਆਂ ਅਨੇਕਾਂ ਕਿਤਾਬਾਂ ਤੇ ਰਸਾਲੇ ਸਾਮਾਨ ਦਾ ਭਾਰ ਵਧ ਜਾਣ ਕਰ ਕੇ ਉਹਨਾਂ ਨੂੰ ਦੇ ਦਿਤੇ ਸਨ। ਗੁਜਰਾਤ ਪੁਜਣ ਲਈ ਕਾਰ ਤੇ ਤਿੰਨ ਘੰਟਿਆਂ ਦਾ ਸਫਰ ਸੀ। ਵਿਚ ਕਈ ਛੋਟੇ ਵਡੇ ਸ਼ਹਿਰ ਆ ਰਹੇ ਸਨ ਤੇ ਟਰੈਫਿਕ ਦਾ ਹਾਲ ਭਾਰਤੀ ਪੰਜਾਬ ਵਰਗਾ ਹੀ ਸੀ। ਕਿਧਰੇ ਧਰਤੀ ਵੀਰਾਨ, ਕਿਧਰੇ ਖੇਤੀ ਬਾੜੀ ਅਧੀਨ ਤੇ ਕਿਧਰੇ ਨੀਮ ਪਹਾੜੀ ਇਲਾਕਾ ਸੀ। ਪਿੰਡ ਵੀ ਕੱਚੇ ਪੱਕੇ ਸਨ ਤੇ ਨੀਮ ਪਹਾੜੀ ਇਲਾਕਾ ਹਰਿਆਵਲ ਵਾਲਾ ਵੀ ਸੀ। ਮੈਂ ਕਿਡਾ ਖੁਸ਼ਕਿਸਮਤ ਸਾਂ ਕਿ ਪਾਕਿਸਤਾਨ ਦੇ ਇਸ ਇਲਾਕੇ ਵਿਚ ਇਕੱਲਾ ਘੁੰਮਦਾ ਤੇ ਇਸਲਾਮਾਬਾਦ ਤੋਂ ਸੋਹਨੀ ਦੇ ਸ਼ਹਿਰ ਗੁਜਰਾਤ ਨੂੰ ਜਾ ਰਿਹਾ ਸਾਂ।
ਕੁਝ ਘੰਟਿਆਂ ਬਾਅਦ ਅਸੀਂ ਦਰਿਆ ਜਿਹਲਮ ਤੇ ਆ ਗਏ ਤੇ ਦਰਿਆ ਕਰਾਸ ਕਰ ਕੇ ਮੈਂ ਡਰਾਈਵਰ ਨੂੰ ਆਖਿਆ ਕਿ ਇਕ ਪਾਸੇ ਗਡੀ ਖੜ੍ਹੀ ਕਰ ਲਵੋ। ਪੇਸ਼ਾਬ ਵਗੈਰਾ ਵੀ ਕਰ ਲੈਂਦੇ ਹਾਂ ਅਤੇ ਜਿਹਲਮ ਦਰਿਆ ਦੀਆਂ ਫੋਟੋਜ਼ ਵੀ ਖਿਚਾਂਗੇ। ਦੋ ਸਿਕਿਓਰਟੀ ਵਾਲੇ ਸਿਪਾਹੀ ਰਫਲਾਂ ਲਈ ਪੁਲ ਤੇ ਤਾਇਨਾਤ ਸਨ। ਮੈਂ ਉਹਨਾਂ ਨੂੰ ਪੁਛਿਆ ਕਿ ਫੋਟੋ ਖਿਚਣ ਦੀ ਕੋਈ ਮਨਾਹੀ ਤਾਂ ਨਹੀਂ ਹੈ ਜੋ ਉਹਨਾਂ ਬੜੀ ਖੁਸ਼ੀ ਨਾਲ ਕਿਹਾ ਕਿ ਸਰਦਾਰ ਜੀ ਜ਼ਰੂਰ ਖਿਚੋ, ਸਾਡੇ ਨਾਲ ਵੀ ਫੋਟੋ ਖਿਚਵਾਓ ਤੇ ਸਾਨੂੰ ਯਾਦ ਵੀ ਰਖਣਾ। ਮੈਂ ਜਿਹਲਮ ਦਰਿਆ ਅਤੇ ਪੁਲ ਦੀਆਂ ਕੁਝ ਫੋਟੋ ਖਿਚੀਆਂ ਤੇ ਮੇਰੀਆਂ ਫੋਟੋ ਸਿਪਾਹੀਆਂ ਨਾਲ ਡਰਾਈਵਰ ਬੱਟ ਨੇ ਖਿਚ ਦਿਤੀਆਂ। ਸਿਪਾਹੀਆਂ ਨੇ ਸਿਕ ਸਿਖ ਪਹਿਲੀ ਵਾਰ ਐਨਾ ਨੇੜੇ ਤੋਂ ਵੇਖਿਆ ਸੀ ਤੇ ਨਾਲ ਫੋਟੋਜ਼ ਵੀ ਖਿਚਵਾਈਆਂ ਸਨ। ਜਦ ਅਸੀਂ ਸ਼ਹਿਰ ਗੁਜਰਾਤ ਵਿਚੋਂ ਲੰਘ ਕੇ ਯੂਨੀਵਰਸਿਟੀ ਨੂੰ ਜਾ ਰਹੇ ਸਾਂ ਤਾਂ ਸੋਹਣੀ ਅਤੇ ਮਹੀਂਵਾਲ ਤੋਂ ਇਲਾਵਾ ਇਸ ਸ਼ਹਿਰ ਦੇ ਪੰਜਾਬੀ ਦੇ ਮਸ਼ਹੂਰ ਲੇਖਕ ਫਖਰ ਜ਼ਮਾਨ ਦੀ ਯਾਦ ਆ ਰਹੀ ਸੀ। ਫਖਰ ਜ਼ਮਾਨ ਮੇਰਾ ਬਹੁਤ ਪੁਰਾਣਾ ਦੋਸਤ ਸੀ ਜਦ ਅਸੀਂ 1975 ਵਿਚ ਪਹਿਲੀ ਵਾਰ ਲਾਹੌਰ ਗੁਲਬਰਗ ਵਿਚ ਉਹਦੇ ਘਰ ਮਿਲੇ ਸਾਂ ਤੇ ਓਸ ਮੈਨੂੰ ਆਪਣੇ ਘਰ ਬੁਲਾ, ਦਾਰੂ ਪਾਣੀ ਪਿਆਇਆ, ਲੰਚ ਕਰਵਾਇਆ ਤੇ ਬਹੁਤ ਹੋਰ ਪਾਕਿਸਤਾਨੀ ਪੰਜਾਬੀ ਲੇਖਕਾਂ ਨੂੰ ਵੀ ਮਿਲਾਇਆ ਸੀ। ਇਨ੍ਹਾਂ ਵਿਚ ਮੁਨੀਰ ਨਿਆਜ਼ੀ ਅਤੇ ਆਲੋਚਕ ਪ੍ਰੋ: ਜ਼ਮੁਰਦ ਮਲਕ ਵੀ ਸ਼ਾਮਲ ਸਨ। ਹੁਣ ਉਹ ਦੋਵੇਂ ਇਸ ਫਾਨੀ ਦੁਨੀਆ ਤੋਂ ਕੂਚ ਕਰ ਚੁਕੇ ਹਨ। ਅਜ ਮੈਂ ਗੁਜਰਾਤ ਸ਼ਹਿਰ ਵਿਚੋਂ ਲੰਘ ਰਿਹਾ ਸਾਂ। ਲੋਕਾਂ ਦਾ ਲਿਬਾਸ ਉਹੀ ਸਲਵਾਰ ਕਮੀਜ਼ ਵਾਲਾ ਸੀ ਅਤੇ ਦੁਕਾਨਾਂ ਤੇ ਭੀੜ ਸੀ। ਦਸਿਆ ਗਿਆ ਸੀ ਕਿ ਫਖਰ ਜ਼ਮਾਨ ਦਾ ਇਕ ਘਰ ਗੁਜਰਾਤ ਵਿਚ ਵੀ ਸੀ ਇਸ ਜ਼ਿਲੇ ਵਿਚ ਉਹ ਚੋਖੀ ਜ਼ਮੀਨ ਜਾਇਦਾਦ ਦਾ ਮਾਲਕ ਸੀ। ਉਸਦਾ ਬਾਪ ਇਕ ਰੀਟਾਇਰਡ ਫੌਜੀ ਅਫਸਰ ਸੀ।
ਅਗਲੇ ਕੁਝ ਮਿੰਟਾਂ ਵਿਚ ਸਾਡੀ ਕਾਰ ਯੂਨੀਵਰਸਿਟੀ ਦੇ ਆਹਾਤੇ ਵਿਚ ਦਾਖਲ ਹੋ ਰਹੀ ਸੀ। ਅਸੀਂ ਸਿੱਧੇ ਵਾਈਸ ਚਾਂਸਲਰ ਡਾ: ਨਿਜ਼ਾਮਉਦ-ਦੀਨ ਦੇ ਦਫਤਰ ਵਿਚ ਪਹੁੰਚੇ ਜਿਥੇ ਵੀ ਸੀ ਸਾਹਿਬ ਅਤੇ ਸਟਾਫ ਨੇ ਮੇਰਾ ਫੁੱਲਾਂ ਦੇ ਬੁਕੇ ਦੇ ਕੇ ਸਵਾਗਤ ਕੀਤਾ। ਪੀਣ ਲਈ ਠੰਢਾ ਸ਼ਰਬਤ ਅਤੇ ਸਾਰੇ ਬਗਲਗੀਰ ਹੋ ਕੇ ਮਿਲੇ। ਇਸ ਤੋਂ ਬਾਅਦ ਚਾਹ ਪਾਣੀ ਦਾ ਪਰੋਗਰਾਮ ਸੀ ਕੁਝ ਸਮੇਂ ਬਾਅਦ ਸਰਵਤ ਵੀ ਆਪਣੀ ਕਾਰ ਵਿਚ ਯੂਨੀਵਰਸਿਟੀ ਪਹੁੰਚ ਗਈ। ਵੀ. ਸੀ. ਅਤੇ ਸਟਾਫ ਵੱਲੋਂ ਉਸਦਾ ਵੀ ਸਵਾਗਤ ਕੀਤਾ ਗਿਆ।
ਅਸੀਂ ਸਵਾਗਤ ਕਮਰੇ ਦੇ ਖੂਬਸੂਰਤ ਸੋਫਿਆਂ ਤੇ ਬੈਠ ਕੇ ਵੀ ਸੀ ਸਾਹਿਬ ਅਤੇ ਸਟਾਫ ਖਾਸਕਰ ਪ੍ਰੋ: ਡਾ: ਸ਼ਾਹ ਅਤੇ ਪ੍ਰੋ: ਮਾਸੂਦ-ਉਰ-ਰਹਿਮਾਨ ਛਿੱਬਰ ਜਿਸ ਦਾ ਸਬੰਧ ਭਾਈ ਮਤੀਦਾਸ ਖਾਨਦਾਨ ਨਾਲ ਸੀ, ਨਾਲ ਗੱਲਾਂ ਬਾਤਾਂ ਕਰਦੇ ਰਹੇ। ਕੁਝ ਸਦੀਆਂ ਪਹਿਲਾਂ ਭਾਈ ਮਤੀ ਦਾਸ ਦੇ ਖਾਨਦਾਨ ਵਿਚ ਬੱਚਾ ਪੈਦਾ ਹੋ ਕੇ ਬਚਦਾ ਨਹੀਂ ਸੀ। ਇਸ ਲਈ ਕਿਸੇ ਸਿਆਣੇ ਦੇ ਕਹਿਣ ਤੇ ਪਰਵਾਰ ਨੇ ਅਗਲਾ ਬੱਚਾ ਇਕ ਪੀਰ ਫਕੀਰ ਨੂੰ ਬਖਸ਼ ਦਿਤਾ ਸੀ। ਉਹ ਬੱਚਾ ਬਚ ਗਿਆ ਤੇ ਵਡਾ ਹੋ ਕੇ ਮੁਸਲਮਾਨ ਹੋ ਗਿਆ। ਪ੍ਰੋ: ਮਾਸੂਦ-ਉਰ-ਰਹਿਮਾਨ ਛਿੱਬਰ ਓਸੇ ਮੁਸਲਮਾਨ ਬਣੇ ਬੱਚੇ ਦੀ ਔਲਾਦ ਵਿਚੋਂ ਸੀ ਜੋ ਕਦੇ ਹਿੰਦੂ ਤੋਂ ਮੁਸਲਮਾਨ ਹੋ ਗਏ ਸਨ। ਉਸ ਨੂੰ ਅਜੇ ਤਕ ਮਾਣ ਸੀ ਕਿ ਸਦੀਆਂ ਪਹਿਲਾਂ ਉਹਦਾ ਸਬੰਧ ਇਕ ਤਕੜੇ ਤੇ ਇਤਿਹਾਸਕ ਹਿੰਦੂ ਘਰਾਣੇ ਨਾਲ ਸੀ। ਪਿਛੋਂ ਉਸ ਇਹ ਵੀ ਦਸਿਆ ਕਿ ਉਸਦੀ ਬੀਵੀ ਉਸ ਨੂੰ ਵਧੀਆ ਮੁਸਲਮਾਨ ਨਹੀਂ ਮੰਨਦੀ ਸੀ। ਕੁਝ ਚਿਰ ਬਾਅਦ ਅਸੀਂ ਪੈਦਲ ਹੀ ਡੀਪਾਰਟਮੈਂਟ ਆਫ ਜਰਨਲਿਜ਼ਮ ਵੱਲ ਚੱਲ ਪਏ ਜਿਥੇ ਮੈਂ ਤੇ ਸਰਵਤ ਨੇ ਜਰਨਲਿਜ਼ਮ ਅਤੇ ਸਾਹਿਤ ਦੇ ਆਪਸੀ ਰਿਸ਼ਤੇ ਬਾਰੇ ਬੋਲਣਾ ਸੀ। ਮੇਰਾ ਇਹ ਲੈਕਚਰ ਬਹੁਤ ਕਾਮਯਾਬ ਰਿਹਾ ਅਤੇ ਸਟਾਫ ਤੇ ਵਿਦਿਆਰਥੀਆਂ ਨੇ ਮੇਰੇ ਨਾਲ ਫੋਟੋ ਖਿਚਵਾਈਆਂ ਅਤੇ ਸਵਾਲ ਜਵਾਬ ਦੇ ਸੈਸ਼ਨ ਵਿਚ ਵੀ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਬੜੇ ਚੰਗੇ ਢੰਗ ਨਾਲ ਦੇ ਕੇ ਉਹਨਾਂ ਨੂੰ ਸੰਤੁਸ਼ਟ ਕੀਤਾ। ਸਰਵਤ ਨੇ ਵੀ ਆਪਣੇ ਲੈਕਚਰ ਅਤੇ ਗੱਲਬਾਤ ਵਿਚ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ। ਬਾਅਦ ਵਿਚ ਡਾ: ਮਹਿਮੂਦ ਚੌਧਰੀ, ਪ੍ਰੋ: ਤਾਰਕ ਗੁੱਜਰ ਅਤੇ ਸਰਵਤ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਤੇ ਮੈਂ ਸ਼ਿਵ ਕੁਮਾਰ ਬਟਾਲਵੀ ਦੀਆਂ ਕੁਝ ਕਵਿਤਾਵਾਂ ਸੁਣਾ ਕੇ ਮੇਲਾ ਲੁੱਟ ਲਿਆ। ਵਿਦਿਆਰਥੀ ਅੰਤ ਤਕ ਸ਼ਿਵ ਨੂੰ ਹੋਰ ਸੁਣਨ ਦੀ ਜ਼ਿਦ ਕਰਦੇ ਰਹੇ। ਇਥੇ ਹੀ ਅਸੀਂ ਯੂਨੀਵਰਸਿਟੀ ਦੇ ਐਫ਼ ਐਮ. ਰੇਡੀਓ ਤੇ ਵੀ ਇੰਟਰਵਿਊ ਦਿਤੀ। ਲੰਚ ਤੋ ਬਾਅਦ ਅਸਾਂ ਹੈਡ ਮੁਰਾਲੇ ਨੂੰ ਚਲੇ ਜਾਣਾ ਸੀ ਜਿਥੇ ਸੰਤ ਪ੍ਰੇਮ ਸਿੰਘ ਮੁਰਾਲਾ ਵਾਲੇ ਦੇ ਡੇਰੇ ਦੀਆਂ ਫੋਟੋ ਖਿਚਣੀਆਂ ਸਨ ਜੋ ਉਹ 1947 ਦੀ ਵੰਡ ਵੇਲੇ ਛਡ ਕੇ ਪਿੰਡ ਬੇਗੋਵਾਲ ਜ਼ਿਲਾ ਕਪੂਰਥਲਾ ਜਾ ਵਸੇ ਸਨ। ਇਸ ਬਾਰੇ ਰੇਡੀਓ ਤੋਂ ਬਾਰ ਬਾਰ ਸਾਡੇ ਓਥੇ ਪਹੁੰਚਣ ਦੀਆਂ ਖਬਰਾਂ ਵੀ ਬਰਾਡਕਾਸਟ ਹੋ ਰਹੀਆਂ ਸਨ।

ਏਥੋਂ ਵਿਹਲੇ ਹੋ ਕੇ ਅਸੀਂ ਵਾਈਸ ਚਾਂਸਲਰ ਸਾਹਿਬ ਨਾਲ ਬਹੁਤ ਲਜ਼ੀਜ਼ ਲੰਚ ਕੀਤਾ ਤੇ ਦੋ ਕਾਰਾਂ ਵਿਚ ਸਾਡਾ ਕਾਫਲਾ ਹੈਡ ਮੁਰਾਲਾ ਲਈ ਰਵਾਨਾ ਹੋ ਗਿਆ। ਪ੍ਰੋ: ਤਾਰਕ ਗੁੱਜਰ, ਪ੍ਰੋ: ਸਈਅਦ ਵਜ਼ੀਮ ਰਜ਼ਾ, ਡਾਕਟਰ ਮਹਿਮੂਦ ਚੌਧਰੀ, ਫੋਟੋਗਰਾਫਰ ਅਤੇ ਸਿਕਿਓਰਟੀ ਸਾਡੇ ਨਾਲ ਸੀ। ਡਾ: ਅਜ਼ਹਰ ਮਹਿਮੂਦ ਚੌਧਰੀ ਨੇ ਓਥੋਂ ਪ੍ਰੈਕਟਿਸ ਕਰਦੇ ਆਪਣੇ ਕਲਾਸਫੈਲੋ ਡਾਕਟਰ ਨੂੰ ਸਾਡੇ ਪਹੁੰਚਣ ਦੀ ਇਤਲਾਹ ਪਹਿਲਾਂ ਹੀ ਦੇ ਦਿਤੀ ਸੀ।
ਯੂਨੀਵਰਸਿਟੀ ਤੋਂ ਹੈੱਡ ਮੁਰਾਲਾ ਸੰਤ ਬਾਬਾ ਪ੍ਰੇਮ ਸਿੰਘ ਦੇ ਡੇਰੇ ਤੇ
ਲੁਬਾਣਾ ਕੌਮ ਵਿਚ ਸਿੱਖ ਕਮਿਉਨਿਟੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲਾ ਵਾਲਿਆਂ ਨੂੰ ਗੁਰੂ ਵਾਂਗ ਪੂਜਦੀ ਹੈ। ਆਪ ਪਾਕਿਸਤਾਨ ਬਨਣ ਤੋਂ ਪਹਿਲਾਂ ਜ਼ਿਲਾ ਗੁਜਰਾਤ ਵਿਚ ਅਤੇ ਵੰਡ ਪਿਛੋਂ ਪੰਜਾਬ ਦੇ ਐਮ. ਐਲ਼ ਏ. ਰਹਿ ਚੁਕੇ ਸਨ ਅਤੇ ਬੜੀ ਦੂਰ ਦ੍ਰਿਸ਼ਟੀ ਦੇ ਮਾਲਕ ਸਨ। ਲੁਬਾਣਾ ਕੌਮ ਨੂੰ ਸਿੱਖੀ ਨਾਲ ਜੋੜਨ, ਵਿਦਿਆ ਹਾਸਲ ਕਰਨ ਅਤੇ ਸਰਕਾਰੀ ਨੌਕਰੀਆਂ ਵਿਚ ਆਉਣ ਲਈ ਉਤਸ਼ਾਹਿਤ ਕਰਨਾ ਉਹਨਾਂ ਦੇ ਕਈ ਮਹਾਨ ਕੰਮਾਂ ਵਿਚੋਂ ਇਕ ਸੀ। ਬਾਬਾ ਜੀ ਨੂੰ ਸੰਤ ਬਿਸ਼ਨ ਸਿੰਘ ਨੇ 1907 ਵਿਚ ਡੇਰਾ ਹੈਡ ਮੁਰਾਲਾ ਦੀ ਗੱਦੀ ਬਖਸ਼ੀ ਸੀ। 1947 ਵਿਚ ਪਾਕਿਸਤਨ ਵਿਚ ਰਹਿ ਗਏ ਇਸ ਡੇਰੇ ਦੇ ਇਵਜ਼ ਵਿਚ ਬੇਗੋਵਾਲ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਨੇ ਆਣੀ ਲੰਮੀ ਸੋਚ ਨਾਲ ਪਾਕਿਸਤਾਨ ਵਿਚੋਂ ਉਜੜ ਕੇ ਆਈ ਲੁਬਾਣਾ ਕਮਿਉਨਿਟੀ ਨੂੰ ਬੇਗੋਵਾਲ ਦੇ ਆਲੇ ਦਵਾਲੇ ਵਸਾ ਦਿਤਾ ਸੀ ਅਤੇ ਡੇਰਾ ਹੈੱਡ ਮੁਰਾਲਾ ਨੂੰ ਡੇਰਾ ਬੇਗੋਵਾਲ ਵਜੋਂ ਆਬਾਦ ਕਰ ਦਿਤਾ ਸੀ ਜੋ ਇਸ ਵੇਲੇ ਬੀਬੀ ਜਾਗੀਰ ਕੌਰ ਦੀ ਦੇਖ ਰੇਖ ਹੇਠ ਹੈ। ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਜਾ ਵੱਸੀ ਲੁਬਾਣਾ ਕਮਿਉਨਿਟੀ ਸੰਤਾਂ ਦੇ ਹੈਡ ਮੁਰਾਲਾ ਵਾਲੇ ਡੇਰੇ ਨੂੰ ਬਹੁਤ ਯਾਦ ਕਰਦੀ ਹੈ। ਯਾਦ ਤਾਂ ਬਹੁਤ ਕਰਦੀ ਹੈ ਪਰ ਬਦਕਿਸਮਤੀ ਨਾਲ ਕਮਿਉਨਿਟੀ ਵਿਚੋਂ ਕਈ ਅਮੀਰ ਲੁਬਾਣੇ ਵੀ ਇਸ ਡੇਰੇ ਤਕ 1947 ਤੋਂ ਬਾਅਦ ਪੁਜਣ, ਇਸ ਦੀ ਵਰਤਮਾਨ ਹਾਲਤ ਦਾ ਅੰਦਾਜ਼ਾ ਲਾਉਣ ਜਾਂ ਇਸ ਦੀ ਫੋਟੋਜ਼ ਲੈਣ ਵਿਚ ਕੋਈ ਸਫਲਤਾ ਪ੍ਰਾਪਤ ਨਾ ਕਰ ਸਕੇ। ਟਰਾਂਟੋ ਦੇ ਦੋ ਪ੍ਰਸਿਧ ਲੁਬਾਣਾ ਸਿੱਖ ਕਮਲ ਸਿੰਘ ਅਤੇ ਬਾਵਾ ਅਜੀਤ ਸਿੰਘ ਅਕਸਰ ਇਸ ਇਤਿਹਾਸਕ ਡੇਰੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਪਾਕਿਸਤਾਨ ਦੇ ਕਈ ਟਰਾਂਟੋ ਆਏ ਕੁਝ ਮੁਸਲਮਾਨ ਦੋਸਤਾਂ ਨੂੰ ਮੈਂ ਇਸ ਡੇਰੇ ਬਾਰੇ ਜਾਣਕਾਰੀ ਹਾਸਲ ਕਰ ਕੇ ਭੇਜਣ ਲਈ ਕਿਹਾ ਰਹੇ ਪਰ ਵਾਅਦਾ ਪੂਰਾ ਕਿਸੇ ਨਾ ਕੀਤਾ।
ਖਾਣਾ ਖਤਮ ਕਰਦਿਆਂ ਹੀ ਅਸੀਂ ਹੱੈਡ ਮੁਰਾਲਾ ਲਈ ਦੋ ਗੱਡੀਆਂ ਵਿਚ ਚੱਲ ਪਏ। ਵੀ. ਸੀ. ਸਾਹਿਬ ਵੱਲੋਂ ਗੱਡੀ, ਗੰਨਮੈਨ, ਯੂਨੀਵਰਸਿਟੀ ਦਾ ਫੋਟੋਗਰਾਫਰ ਅਲੀ ਮੁਹਮਦ ਅਰਸ਼ਦ, ਤੇ ਹੋਰ ਸਟਾਫ ਜਿਵੇਂ ਤਾਰਿਕ ਗੁੱਜਰ, ਡਾ: ਅਜ਼ਹਰ ਮਹਿਮੂਦ ਚੌਧਰੀ ਅਤੇ ਕੁਝ ਹੋਰ ਸਕਾਲਰ ਸਾਡੇ ਨਾਲ ਸਨ। ਮੇਰੇ ਸੁਪਨਿਆਂ ਦਾ ਦਰਿਆ ਚਨਾਬ ਜਿਸ ਨੂੰ ਝਨਾ ਵੀ ਕਹਿੰਦੇ ਹਨ ਸਾਡੇ ਸੱਜੇ ਹਥ ਨਾਲ ਨਾਲ ਵਗ ਰਿਹਾ ਸੀ। ਸੋਹਣੀ ਮਹੀਂਵਾਲ ਦੇ ਇਸ਼ਕ ਅਤੇ ਮੌਤ ਦੇ ਨਾਂ ਨਾਲ ਜੁੜੀ ਪਿਆਰ ਕਹਾਣੀ ਅਤੇ ਪ੍ਰੋ: ਮੋਹਨ ਸਿੰਘ ਦੇ ਗੀਤ ਮੇਰੇ ਫੁੱਲ ਝਨਾ ਵਿਚ ਪਾਣੇ ਵਾਲੇ ਦਰਿਆ ਝਨਾ ਦਾ ਵਗਦਾ ਪਾਣੀ ਮੇਰੇ ਦਿਲ ਅੰਦਰ ਝੁਨਝੁਣੀਆਂ ਪੈਦਾ ਕਰ ਰਿਹਾ ਸੀ। ਸ਼ਿਵ ਕੁਮਾਰ ਸ਼ਰਮਾ ਦੀ ਕਵਿਤਾ ਵੀ ਯਾਦ ਆ ਰਹੀ ਸੀ "ਇਸ਼ਕ ਡੁਬਾ ਨਾ ਸੋਹਣੀ ਡੁਬੀ, ਡੁਬ ਗਈ ਮੌਤ ਮਾਣੀ" ਡਾ: ਮਹਿਮੂਦ ਚੌਧਰੀ ਨੇ ਓਥੇ ਪ੍ਰੈਕਟਿਸ ਕਰਦੇ ਉਸ ਕਸਬੇ ਦੇ ਆਪਣੇ ਦੋਸਤ ਡਾਕਟਰ ਬਾਬਰ ਵਾਜ਼ਿਮ ਨੂੰ ਸਾਡੇ ਆਉਣ ਬਾਰੇ ਪਹਿਲਾਂ ਹੀ ਸੂਚਿਤ ਕਰ ਦਿਤਾ ਸੀ ਅਤੇ ਨਾਲ ਹੀ ਦਰਿਆ ਚਨਾਬ ਦੀ ਦੂਰ ਦੂਰ ਤਕ ਮਸ਼ਹੂਰ ਸਵਾਦੀ ਮਛੀ ਤਿਆਰ ਰੱਖਣ ਦਾ ਪਿਆਰਾ ਹੁਕਮ ਵੀ ਦੇ ਦਿਤਾ ਸੀ।
ਜਦ ਅਸੀਂ ਝਨਾ ਦਰਿਆ ਪਾਰ ਕਰ ਰਹੇ ਸਾਂ ਸੋਚ ਦੀ ਸੂਈ ਬਾਰ ਬਾਰ ਸੋਹਨੀ ਦੇ ਕੱਚੇ ਘੜੇ ਤੇ ਝਨਾ ਤਰਨ ਦੀ ਜੱਗ ਚਰਚਿਤ ਕਹਾਣੀ ਅਤੇ ਪ੍ਰੋ: ਮੋਹਨ ਸਿੰਘ ਦੀ ਕਵਿਤਾ "ਮੈਂ ਆਸ਼ਕ ਮੇਰੇ ਫੁੱਲ ਸੁਹਾਵੇ, ਗੰਗਾ ਬਾਹਮਣੀ ਕੀ ਜਾਣੇ, ਮੇਰੇ ਫੁੱਲ ਝਨਾ ਵਿਚ ਪਾਣੇ" ਨਾਲ ਅਖਾਂ ਅਗੇ ਆ ਜਾਂਦੀ ਸੀ। ਇਹ ਸੋਚ ਕੇ ਕਿ ਵਾਪਸ ਆ ਕੇ ਝਨਾ ਦਰਿਆ ਦੀਆਂ ਫੋਟੋਜ਼ ਖਿਚਾਂਗੇ, ਅਸੀਂ ਦਰਿਆ ਪਾਰ ਕਰ ਕੇ ਇਸ ਵਿਚੋਂ ਨਿਕਲਦੀਆਂ ਨਹਿਰਾਂ ਵਿਚੋਂ ਇਕ ਨਹਿਰ ਦੇ ਕੰਢੇ ਡਾ: ਬਾਬਰ ਵਾਜ਼ਿਮ ਦੀ ਦੁਕਾਨ ਤੇ ਪਹੁੰਚ ਗਏ ਜਿਥੇ ਮਰੀਜ਼ਾਂ ਦੀ ਭੀੜ ਲੱਗੀ ਹੋਈ ਸੀ। ਡਾਕਟਰ ਨੇ ਸਭ ਮਰੀਜ਼ਾਂ ਨੂੰ ਛੁੱਟੀ ਦੇ ਦਿਤੀ ਅਤੇ ਸਾਰੀ ਟੀਮ ਨੂੰ ਆਪਣੇ ਘਰ ਲੈ ਗਿਆ ਜਿਥੇ ਝਨਾ ਦੀ ਗਰਮ ਗਰਮ ਮੱਛੀ ਅਤੇ ਆਓ ਭਗਤ ਦਾ ਸਾਰਾ ਸਾਮਾਨ ਮੌਜੂਦ ਸੀ। ਉਸਦੀ ਸੱਸ ਅਤੇ ਸਾਲੀ ਜੋ ਬਰੈਂਪਟਨ ਰਹਿੰਦੀਆਂ ਹਨ, ਵੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਹੈਡ ਮੁਰਾਲਾ ਆਈਆਂ ਹੋਈਆਂ ਸਨ। ਇਥੇ ਹੀ ਸੰਤਾਂ ਹਥੋਂ ਪਰਸਾ.ਦ ਲੈਣ ਅਤੇ ਵੇਲੇ ਕੁਵੇਲੇ ਲੰਗਰ ਛਕਣ ਵਾਲੇ 86 ਸਾਲਾ ਬਜ਼ੁਰਗ ਹਫੀਜ਼ ਬੱਟ ਵੀ ਆ ਗਏ ਜਿਨ੍ਹਾਂ ਦਾ ਲੜਕਾ ਗੁਜਰਾਤ ਸਿਟੀ ਦਾ ਕੌਂਸਲਰ ਹੈ, ਬਜ਼ੁਰਗ ਨੇ ਦਸਿਆ ਕਿ ਸੰਤਾਂ ਦਾ ਡੇਰਾ ਦਰਿਆ ਝਨਾ ਦੇ ਐਨ ਕੰਢੇ ਹੱੈਡ ਮੁਰਾਲਾ ਵਿਖੇ ਓਸੇ ਤਰ੍ਹਾਂ ਅਜੇ ਵੀ ਕਾਇਮ ਹੈ ਅਤੇ ਕੈਨਾਲ ਮਹਿਕਮੇ ਨੇ ਇਸ ਪੁਰਾਤਣ ਇਮਾਰਤ ਦਾਵਲੇ ਕੰਡਿਆਲੀ ਤਾਰ ਲਾਈ ਹੋਈ ਹੈ। ਕੁਝ ਥਾਂ ਫੌਜ ਦੇ ਨੀਮ ਦਲਾਂ ਕੋਲ ਹੈ ਜਿਥੇ ਉਹਨਾਂ ਦੇ ਵਾਇਰਲੈਸ ਸਟੇਸ਼ਨ ਹਨ। ਰਾਤ ਨੂੰ ਜੰਮੂ ਦੀਆਂ ਲਾਈਟਾਂ ਓਥੋਂ ਦਿਸਦੀਆਂ ਹਨ। ਬਜ਼ੁਰਗ ਹਫੀਜ਼ ਬੱਟ ਜੋ ਖੁਦ ਹੈੱਡ ਮੁਰਾਲਾ ਤੋਂ ਜਮਾਦਾਰ ਬੋਟਮੈਨ ਰੀਟਾਇਰ ਹੋਇਆ ਹੈ, ਨੂੰ ਅਸਾਂ ਕਾਰ ਵਿਚ ਬਠਾਇਆ ਤੇ ਉਹ ਸਾਨੂੰ ਝਨਾ ਦੇ ਪੁਲ ਤੋਂ ਜਮੂੰ ਵਾਲੇ ਪਾਸੇ ਜਿਥੋਂ ਹੋਰ ਨਹਿਰਾਂ ਨਿਕਲਦੀਆਂ ਹਨ, ਦਰਿਆ ਦੇ ਕੰਢੇ ਬਣੀ ਪਟੜੀ ਤੇ ਡੇਰਾ ਹੈਡ ਮੁਰਾਲਾ ਦੀ 1902 ਵਿਚ ਬਣੀ ਬਹੁਤ ਵਡੀ ਪੁਰਾਣੀ ਤੇ ਖਾਮੋਸ਼ ਖੜ੍ਹੀ ਬਿਲਡਿੰਗ ਅਗੇ ਲੈ ਆਇਆ। ਇਸ ਦਵਾਲੇ ਕੰਡਿਆਲੀਆਂ ਤਾਰਾਂ ਵਲੀਆਂ ਹੋਈਆਂ ਸਨ। ਮੈਂ ਨਾਲ ਨਾਲ ਫੋਨ ਤੇ ਕੈਨੇਡਾ ਵਿਚ ਇਸ ਮੁਹਿੰਮ ਦੇ ਬਾਨੀ ਕਮਲ ਸਿੰਘ ਅਤੇ ਲੁਬਾਣਾ ਆਗੂ ਅਜੀਤ ਸਿੰਘ ਬਾਵਾ ਨਾਲ ਸੰਪਰਕ ਰੱਖ ਰਿਹਾ ਸਾਂ। ਉਹਨਾਂ ਨੂੰ ਡੇਰੇ ਦਾ ਅਖੀਂ ਡਿਠਾ ਹਾਲ ਦੱਸ ਰਿਹਾ ਸਾਂ ਅਤੇ ਤਾਰਿਕ ਗੁੱਜਰ ਤੇ ਯੂਨੀਵਰਸਿਟੀ ਦਾ ਫੋਟੋਗਰਾਫਰ ਅਲੀ ਮੁਹਮਦ ਅਰਸ਼ਦ ਸਭ ਪਾਸਿਆਂ ਤੋਂ ਡੇਰੇ ਦੀਆਂ ਫੋਟੋਜ਼ ਖਿਚ ਰਹੇ ਸਨ। ਹਨੇਰਾ ਪੈਣ ਕਾਰਨ ਫੋਟੋਜ਼ ਸਾਫ ਨਹੀਂ ਆ ਰਹੀਆਂ ਸਨ ਪਰ 1947 ਤੋਂ ਬਾਅਦ ਇਥੇ ਪਹੁੰਚਣ ਵਾਲੀ ਇਹ ਟੀਮ, ਸੰਤ ਬਿਸ਼ਨ ਸਿੰਘ ਦੇ ਵਰੋਸਾਏ ਸੰਤ ਬਾਬਾ ਪ੍ਰੇਮ ਸਿੰਘ ਦੇ ਡੇਰੇ ਬਾਰੇ ਜੋ ਵੀ ਬਾਹਰੋਂ ਦਿਸ ਰਿਹਾ ਸੀ, ਉਸਦੀ ਫੋਟੋਗਰਾਫੀ ਕਰ ਰਹੀਆਂ ਸਨ। ਡੇਰੇ ਦੇ ਪਿਛਲੇ ਪਾਸੇ ਬੱਚਿਆਂ ਦੇ ਖੇਡਣ ਲਈ ਪਾਰਕ ਬਣੀ ਹੋਈ ਸੀ ਅਤੇ ਬੱਚਿਆਂ ਦੇ ਖਾਣ ਪੀਣ ਲਈ ਕਨਟੀਨ ਬਣੀ ਹੋਈ ਸੀ। ਉਸਦੇ ਪਿਛੇ ਸੰਤਾਂ ਵੇਲੇ ਦਾ ਬਹੁਤ ਪੁਰਾਣਾ ਬੋੜ੍ਹ ਸੀ ਜਿਸ ਦੀਆਂ ਅਸੀਂ ਫੋਟੋਜ਼ ਖਿਚੀਆਂ ਅਤੇ ਪਿਛਲੇ ਪਾਸੇ ਫਿਰ ਜਿਥੇ ਉਰਦੂ ਵਿਚ ਦਾਖਲਾ ਮਮਨਹੂ ਹੈ, ਲਿਖਿਆ ਹੋਇਆ ਸੀ, ਦੀਆਂ ਫੋਟਜ਼ੋ ਵੀ ਖਿੱਚੀਆਂ। ਇਹਦੇ ਪਿਛਲੇ ਪਾਸੇ ਬਣੇ ਇਕ ਕਮਰੇ ਦੀਆਂ ਫੋਟੋਜ਼ ਵੀ ਖਿਚੀਆਂ। ਇਸ ਦੇ ਹੋਰ ਪਿਛੇ ਹਟਵੇਂ ਰਾਤ ਦੇ ਹਨੇਰੇ ਵਿਚ ਕੁਝ ਕਵਾਟਰਜ਼ ਬਣੇ ਦਿਸਦੇ ਸਨ। ਇਥੇ ਕੋਈ ਲਾਈਟ ਨਹੀਂ ਸੀ, ਏਨਾ ਪਤਾ ਲੱਗ ਰਿਹਾ ਸੀ ਕਿ ਇਹ ਥਾਂ ਡੇਰੇ ਦੀ ਸੀ ਅਤੇ ਹੁਣ ਇਸ ਉਤੇ ਨੀਮ ਦਲ ਫੌਜੀ ਭਾਵ ਵਾਇਰਲੈਸ ਵਾਲਿਆਂ ਦਾ ਅਧਿਕਾਰ ਸੀ। ਡੇਰੇ ਦੇ ਬਾਹਰ ਇਹ ਇਲਾਕਾ ਮਮਨੂਹ ਹੈ, ਬਾ-ਹੁਕਮ ਐਸ ਡੀ. ਓ. ਕੈਨਾਲਜ਼ ਹੈੱਡ ਵਰਕਸ ਮੁਰਾਲਾ ਲਿਖਿਆ ਹੋਇਆ ਸੀ। ਇਹ ਤਾਂ ਸੀ 1947 ਤੋਂ ਬਾਅਦ ਲੁਬਾਣਾ ਕਮਿਉਨਿਟੀ ਦੇ ਇਤਿਹਾਸਕ ਅਤੇ ਪਵਵਿਤਰ ਥਾਂ ਦੀ ਮੁਢਲੀ ਅੱਖੀਂ ਡਿਠੀ ਤਸਵੀਰ ਅਤੇ ਹਾਲਤ ਜੋ ਲੁਬਾਣਾ ਕੌਮ ਅਗੇ ਇਸ ਇਮਾਰਤ ਵਾਲੀ ਥਾਂ ਅਤੇ ਡੇਰੇ ਦੀ ਜਾਇਦਾਦ ਦੀ ਖੋਜ ਨੂੰ ਅਗੇ ਤੋਰਨ ਦੇ ਦਰਜਨਾਂ ਸਵਾਲ ਪੈਦਾ ਕਰਦੀ ਤੇ ਉਹਨਾਂ ਦਾ ਜਵਾਬ ਮੰਗਦੀ ਹੈ। ਜਿਵੇਂ ਯੂਨੀਵਰਸਿਟੀ ਪੱਧਰ ਤੇ ਇਸ ਦੀ ਖੋਜ ਕਰਵਾਣੀ ਕਿ 1947 ਤੋਂ ਬਾਅਦ ਇਸ ਇਤਹਾਸਕ ਥਾਂ ਨਾਲ ਕੀ ਕੀ ਬੀਤੀ? ਇਹਨੂੰ ਕਿਹੜੀਆਂ ਕਿਹੜੀਆਂ ਹਾਲਤਾਂ ਵਿਚੋਂ ਲੰਘਣਾ ਪਿਆ। ਪਾਕਿਸਤਾਨ ਸਰਕਾਰ ਦੇ ਮਹਿਕਮਾ ਹੈੱਡ ਵਰਕਸ ਕੈਨਾਲਜ਼ ਨੇ ਕਿਨ੍ਹਾਂ ਹਾਲਤਾਂ ਵਿਚ ਇਸਦੀ ਸੰਭਾਲ ਕਰਦਿਆਂ ਇਸ ਨੂੰ ਮਮਨੂਹ ਇਲਾਕਾ ਕਰਾਰ ਦੇ ਕੇ ਇਸ ਇਮਾਰਤ ਨੂੰ ਜ਼ਿੰਦਾ ਰਖਿਆ ਜਦ ਕਿ ਹੋਣਾ ਇਹ ਚਾਹੀਦਾ ਸੀ ਕਿ ਇਸ ਡੇਰੇ ਦੀ ਸਾਂਭ ਸੰਭਾਲ ਪਾਕਿਸਤਾਨ ਦੇ ਮਹਿਕਮਾ ਔਕਾਫ ਜਾਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰ ਕੇ ਇਥੇ ਕਮੇਟੀ ਦੇ ਬੰਦੇ ਇਸਦੀ ਦੇਖ ਭਾਲ ਲਈ ਨਿਯੁਕਤ ਕਰਦੀ। ਕਿਉਂ ਨਾ ਲੁਬਾਣਾ ਕਮਿਉਨਿਟੀ ਇਸ ਥਾਂ ਤੇ ਹਰ ਸਾਲ ਸੰਤਾਂ ਦਾ ਦਿਨ ਮਨਾਉਣ ਲਈ ਜਥੇ ਦੇ ਰੂਪ ਵਿਚ ਜਾਇਆ ਕਰੇ। ਇਸ ਥਾਂ ਤੇ ਜਥੇ ਦੇ ਰੂਪ ਵਿਚ ਜਾਣ ਲਈ ਪਾਕਿਸਤਾਨ ਸਰਕਾਰ ਨਾਲ ਮਨਜ਼ੂਰੀ ਲੈਣ ਲਈ ਲਿਖਾ ਪੜ੍ਹੀ ਕਰੇ। ਜਦ ਵੀ ਪਾਕਿਸਤਾਨ ਦਾ ਕੋਈ ਮੰਤਰੀ ਕੈਨੇਡਾ ਆਵੇ ਤਾਂ ਉਸ ਨਾਲ, ਹੈਡ ਮੁਰਾਲਾ ਇਲਾਕੇ ਦੇ ਐਮ. ਐਲ਼ ਏ. ਅਤੇ ਮੈਂਬਰ ਨੈਸ਼ਨਲ ਅਸੈਂਬਲੀ ਆਫ ਪਾਕਿਸਤਾਨ ਨਾਲ ਸੰਵਾਦ ਰਚਾਇਆ ਜਾਵੇ। ਡੇਰਾ ਹੈਡ ਮੁਰਾਲਾ ਦੀ ਜਾਇਦਾਦ ਬਾਰੇ ਰਕਬਾ ਮਾਲ ਵਿਚੋਂ ਵੰਡ ਤੋਂ ਬਾਅਦ ਦੀ ਹਿਸਟਰੀ ਅਤੇ ਰੀਕਾਰਡ ਦੀ ਤਲਾਸ਼ ਕੀਤੀ ਜਾਵੇ। ਓਸ ਸਾਰੀ ਜਾਇਦਾਦ ਦਾ ਵੀ ਪਤਾ ਲਾਇਆ ਜਾਵੇ ਜੋ ਸੰਤ ਬਾਬਾ ਮੁਰਾਲਾ ਵਾਲਾਆਂ ਦੇ ਇਸ ਡੇਰੇ ਦੇ ਨਾਂ ਤੇ ਸੀ।
ਪਾਕਿਸਤਾਨ ਦੇ ਪ੍ਰਸਿਧ ਪੰਜਾਬੀ ਲੇਖਕ ਅਤੇ ਖੋਜੀ ਜਨਾਬ ਇਕਬਾਲ ਕੈਸਰ ਜਿਸ ਨੇ ਪਾਕਿਸਤਾਨ ਵਿਚ ਰਹਿ ਗਏ ਸਾਰੇ ਗੁਰਦਵਾਰਿਆਂ ਦੀ ਫੋਟੋਗਰਾਫੀ ਅਤੇ ਇਤਿਹਾਸ ਲਿਖ ਕੇ ਬਹੁਤ ਵਡੀ ਕਿਤਾਬ ਛਾਪੀ ਹੈ ਅਤੇ ਪੰਜਾਬੀ ਬੋਲੀ, ਭਾਸ਼ਾ ਅਤੇ ਸਾਹਿਤ ਲਈ ਲਾਹੌਰ ਕਸੂਰ ਦੇ ਰਾਹ ਵਿਚ ਖੋਜਗੜ੍ਹ ਸਥਾਪਤ ਕੀਤਾ ਹੈ, ਨੇ ਦਸਿਆ ਕਿ ਉਸਨੂੰ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲਾਵਾਲਾ ਬਾਰੇ ਕਾਫੀ ਗਿਆਨ ਹੈ। ਜੇਕਰ ਲੁਬਾਣਾ ਕਮਿਉਨਿਟੀ ਇਸ ਬਾਰੇ ਖੋਜ ਕਰਵਾਣੀ ਚਾਹੇ ਤਾਂ ਉਸਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਗੌਰਮਿੰਟ ਕਾਲਜ ਫਾਰ ਵੁਮੈੱਨ ਗੁਜਰਾਤ ਦੇ ਸਾਲਾਨਾ ਮੁਸ਼ਾਇਰੇ ਵਿਚ
ਹੈੱਡ ਮੁਰਾਲੇ ਹੀ ਸਾਨੂੰ ਹਨੇਰਾ ਪੈ ਗਿਆ ਸੀ। ਗੌਰਮਿੰਟ ਕਾਲਜ ਫਾਰ ਵੁਮੈੱਨ ਗੁਜਰਾਤ ਵਿਚ ਕੁੜੀਆਂ ਦੇ ਕਾਲਜ ਦੇ ਸਾਲਾਨਾ ਮੁਸ਼ਾਇਰੇ ਵਿਚ ਸ਼ਾਮਲ ਹੋਣ ਲਈ ਪ੍ਰੋ: ਤਾਰਕ ਗੁੱਜਰ ਨੇ ਮੈਨੂੰ ਵਿਸ਼ੇਸ਼ ਤੌਰ ਤੇ ਇਸਲਾਮਾਬਾਦ ਵਿਚ ਹੀ ਕਹਾ ਦਿਤਾ ਸੀ। ਇਹ ਵੀ ਕਿਹਾ ਸੀ ਯੂਨੀਵਰਸਿਟੀ ਅਤੇ ਕਾਲਜ ਦੀਆਂ ਕੁੜੀਆਂ ਮੇਰੇ ਕੋਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸੁਣਨਾ ਪਸੰਦ ਕਰਨਗੀਆਂ। ਮੈਂ ਜਵਾਬ ਦਿਤਾ ਸੀ ਕਿ ਸ਼ਿਵ ਮੈਨੂੰ ਕਾਫੀ ਜ਼ਬਾਨੀ ਯਾਦ ਹੈ। ਜਦ ਅਸੀਂ ਮੁਸ਼ਾਇਰੇ ਦੇ ਪੰਡਾਲ ਵਿਚ ਪਹੁੰਚੇ ਤਾਂ ਸਾਰਾ ਪੰਡਾਲ ਕੁੜੀਆਂ ਨਾਲ ਭਰਿਆ ਪਿਆ ਸੀ ਅਤੇ ਸ਼ਾਇਰ ਲੋਕ ਆਪਣਾ ਕਲਾਮ ਪੜ੍ਹ ਰਹੇ ਸਨ। ਸਟੇਜ ਤੇ ਵਧੇਰੇ ਔਰਤਾਂ ਅਤੇ ਕੁਝ ਮਰਦ ਸ਼ਾਇਰ ਕੁਰਸੀਆਂ ਤੇ ਬੈਠੇ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਨਿਜ਼ਾਮਉਦ-ਦੀਨ ਪਹਿਲਾਂ ਹੀ ਪਹੁੰਚੇ ਹੋਏ ਸਨ ਅਤੇ ਮੁਸ਼ਾਇਰੇ ਦੀ ਸਦਾਰਤ ਕਰ ਰਹੇ ਸਨ। ਜਦ ਮੇਰੇ ਆਣ ਦੀ ਸਟੇਜ ਤੋਂ ਜਾਣਕਾਰੀ ਦਿਤੀ ਗਈ ਤਾਂ ਸਾਰੇ ਪੰਡਾਲ ਵਿਚ ਮੇਰਾ ਨਾਂ ਲੈ ਲੈ ਕੇ ਬੈਠੀਆਂ ਸਾਰੀਆਂ ਵਿਦਿਆਰਥਣਾਂ ਨੇ ਉਚੀ ਉਚੀ ਬਲਬੀਰ ਮੋਮੀ-ਬਲਬੀਰ ਮੋਮੀ- ਜੀ ਆਇਆਂ ਕਹਿ ਸਵਾਗਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ: ਸ਼ਾਹੀਨ ਮੁਫਤੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਮੇਰਾ ਸਵਾਗਤ ਕੀਤਾ ਅਤੇ ਸਟੇਜ ਤੇ ਪਈਆਂ ਕੁਰਸੀਆਂ ਉਤੇ ਇਕ ਕੁਸਰੀ ਤੇ ਮੈਨੂੰ ਬੜੇ ਅਦਬ ਨਾਲ ਬਠਾਇਆ ਗਿਆ। ਸਰਵਤ ਪਹਿਲਾਂ ਹੀ ਮੇਰੇ ਨਾਲ ਦੀ ਕੁਰਸੀ ਤੇ ਬੈਠੀ ਹੋਈ ਸੀ। ਮੈਂ ਸੋਚ ਰਿਹਾ ਸਾਂ ਕਿ ਔਰਤਾਂ ਦੇ ਕਾਲਜ ਵਿਚ ਕੁੜੀਆਂ ਨੇ ਪਹਿਲੀ ਵਾਰ ਇਕ ਪੱਗ ਵਾਲੇ ਸਰਦਾਰ ਨੂੰ ਵੇਖਿਆ ਸੀ। ਮੇਰਾ ਦਿਲ ਅੰਦਰੋਂ ਬੜਾ ਖੁਸ਼ ਸੀ ਅਤੇ ਮੇਰੇ ਲਈ ਇਹ ਇਕ ਇਤਿਹਾਸਕ ਘੜੀ ਸੀ ਜਦ ਮੈਂ ਚਨਾਬ ਦੇ ਕੰਡੇ ਵਸੇ ਗੁਜਰਾਤ ਸ਼ਹਿਰ ਵਿਚ ਜਿਸ ਦਾ ਸਬੰਧ ਲੇਖਕ ਫਖਰ ਜ਼ਮਾਨ ਅਤੇ ਸਲੀਮ ਪਾਸ਼ਾ ਨਾਲ ਸੀ, ਬੈਠਾ ਸਾਂ। ਮੇਰੀ ਇੰਟਰੋ ਪ੍ਰੋ: ਤਾਰਕ ਗੁਜਰ ਨੇ ਬੜੇ ਵਿਸਥਾਰ ਨਾਲ ਦਿਤੀ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਕਾਲਜ ਦੀ ਪ੍ਰਿੰਸੀਪਲ ਜੋ ਖੁਦ ਇਕ ਸ਼ਾਇਰਾ ਸੀ ਅਤੇ ਹੋਰ ਸਟਾਫ ਨੇ ਮੇਰੇ ਨਾਲ ਫੋਟੋਜ਼ ਖਿਚਵਾਈਆਂ। ਕਾਲਜ ਦੀ ਪ੍ਰਿੰਸੀਪਲ ਡਾ: ਸ਼ਾਹੀਨ ਮੁਫਤੀ ਨੇ ਆਪਣੀ ਉਰਦੂ ਸ਼ਾਇਰੀ ਦੀ ਕਿਤਾਬ "ਕਿਨਾਰਾ ਕਿਸ ਨੇ ਦੇਖਾ ਹੈ" ਭੇਟਾ ਕੀਤੀ। ਮੈਂ ਵੀ ਆਪਣੀ ਸਵੈ ਜੀਵਨੀ "ਕਿਹੋ ਜਿਹਾ ਸੀ ਜੀਵਨ" ਜੋ ਲਾਹੌਰ ਸ਼ਾਹਮੁਖੀ ਵਿਚ ਛਪੀ ਸੀ, ਦੀਆਂ ਕੁਝ ਕਾਪੀਆਂ ਵਾਈਸ ਚਾਂਸਲਰ ਡਾ: ਨਿਜ਼ਾਮਉਦ-ਦੀਨ, ਪ੍ਰਿੰਸੀਪਲ ਡਾ: ਸ਼ਾਹੀਨ ਮੁਫਤੀ ਅਤੇ ਹੋਰ ਸ਼ਾਇਰਾਂ ਅਤੇ ਕਵਿਤਰੀਆਂ ਨੂੰ ਪੇਸ਼ ਕੀਤੀਆਂ। ਸ਼ਿਵ, ਮੋਹਨ ਸਿੰਘ, ਸਫੀਰ, ਸ਼ਿਵ ਸ਼ਰਮਾ ਆਦਿ ਦੀਆਂ ਕੁਝ ਕਵਿਤਾਵਾਂ ਜੋ ਮੈਨੁੰ ਜ਼ਬਾਨੀ ਯਾਦ ਸਨ, ਸੁਣਾਈਆਂ ਪਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਭਾਰਤੀ ਗੂੜ੍ਹੀ ਪੰਜਾਬੀ ਕਵਿਤਾਵਾਂ ਨੂੰ ਪਾਕਿਸਤਾਨ ਦੀਆਂ ਕੁੜੀਆਂ ਪੂਰੀ ਤਰ੍ਹਾਂ ਸਮਝ ਨਹੀਂ ਰਹੀਆਂ ਸਨ ਅਤੇ ਮੇਰੀ ਸੋਚ ਦੀ ਪੁਸ਼ਟੀ ਓਸ ਵੇਲੇ ਹੋ ਗਈ ਜਦ ਪ੍ਰਿੰਸੀਪਲ ਡਾ: ਸ਼ਾਹੀਨ ਮੁਫਤੀ ਨੇ ਮੇਰਾ ਸ਼ੁਕਰੀਆ ਅਦਾ ਕਰਦਿਆਂ ਕਹਿ ਹੀ ਦਿਤਾ ਕਿ ਕਿ ਕਵਿਤਾਵਾਂ ਬਹੁਤ ਡੂੰਘੀਆਂ ਹਨ ਅਤੇ ਪੀਰੀ ਤਰ੍ਹਾਂ ਸਾਡੀ ਸਮਝ ਵਿਚ ਨਹੀਂ ਆਈਆਂ।
ਰਾਤ ਦੇ 11 ਵਜ ਗਏ ਸਨ ਅਤੇ ਮੁਸ਼ਾਇਰੇ ਦੇ ਅੰਤ ਵਿਚ ਕਾਲਜ ਵੱਲੋਂ ਨਾਲ ਲਗੇ ਸ਼ਾਮਿਅਨਿਆਂ ਹੇਠਾਂ ਸਭ ਲਈ ਬੜਾ ਸਵਾਦਲਾ ਡਿਨਰ ਸੀ ਜਿਸ ਵਿਚ ਸਬਜ਼ੀਆਂ ਅਤੇ ਦਾਲ ਤੋਂ ਇਲਾਵਾ ਕਈ ਪਰਕਾਰ ਦਾ ਲਜ਼ੀਜ਼ ਗੋਸ਼ਤ ਪਰੋਸਿਆ ਹੋਇਆ ਸੀ। ਡਿਨਰ ਤੋਂ ਵਿਹਲੇ ਹੋਏ ਤਾਂ ਡਾ: ਅਜ਼ਹਰ ਮਹਿਮੂਦ ਚੌਧਰੀ ਸਾਨੂੰ ਆਪਣੇ ਕਲਿਨਕ ਤੇ ਲੈ ਗਿਆ ਜਿਥੇ ਉਸ ਨੇ ਰਾਗਾਂ ਵਿਚ ਸਾਨੂੰ ਆਪਣਾ ਕਲਾਮ ਸੁਨਾਣਾ ਸੀ ਅਤੇ ਉਸ ਨੇ ਹੋਰ ਕਲਾਸੀਕਲ ਗਾਣ ਵਾਲੇ ਬੁਲਾਏ ਹੋਏ ਸਨ। ਇਥੇ ਰਾਤ ਦੇ ਦੋ ਵਜ ਗਏ। ਥਕੇਵੇਂ ਨਾਲ ਸਰੀਰ ਡਿਗੂੰ ਡਿਗੂੰ ਕਰ ਰਿਹਾ ਸੀ ਅਤੇ ਅੱਖਾਂ ਮਿਟਦੀਆਂ ਜਾ ਰਹੀਆਂ ਸਨ। ਸਰਵਤ ਵੀ ਮੇਰੇ ਵਾਂਗ ਸਵੇਰੇ 9 ਵਜੇ ਇਸਲਾਮਾਬਾਦ ਤੋਂ ਚਲੀ ਹੋਣ ਕਾਰਨ ਬਹੁਤ ਥਕ ਚੁਕੀ ਸੀ ਪਰ ਪਾਕਿਸਤਾਨ ਦੀ ਹੁਸੀਨ ਤੇ ਗਰੇਟ ਲੇਡੀ ਦੀ ਬੜੀ ਹਿੰਮਤ ਸੀ ਕਿ ਉਹ ਸਾਰਾ ਦਿਨ ਤੇ ਰਾਤ ਪੂਰੀ ਤਨਦਹੀ ਨਾਲ ਸਾਡੇ ਨਾਲ ਨਾਲ ਵਿਚਰਦੀ ਰਹੀ ਸੀ।
ਸਰਵਤ ਤੇ ਮੈਂ ਰਾਤ ਨੂੰ ਦੋ ਵਜੇ ਦੇ ਕਰੀਬ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਪੁਜੇ ਤਾਂ ਉਨੀਂਦਰਾ ਤੇ ਥਕਾਵਟ ਦਾ ਜ਼ੋਰ ਏਨਾ ਵਧ ਚੁਕਾ ਸੀ ਕਿ ਗੈਸਟ ਹਾਊਸ ਦੀ ਦੂਜੀ ਮੰਜ਼ਲ ਤੇ ਮਿਲੇ ਆਪੋ ਆਪਣੇ ਕਮਰਿਆਂ ਵਿਚ ਜਾ ਕੇ ਸੌਂ ਗਏ।
ਸਵੇਰੇ ਜਦ ਜਾਗ ਖੁਲ੍ਹੀ ਤਾਂ ਛੋਟੀਆਂ ਗੁਟਾਰਾਂ ਵਰਗੇ ਪੰਛੀਆਂ ਦੀਆਂ ਆਵਾਜ਼ਾਂ ਦਾ ਸ਼ੋਰ ਐਨਾ ਜ਼ਿਆਦਾ ਸੀ ਕਿ ਹੁਣ ਸੌਣ ਦਾ ਕੋਈ ਮਤਲਬ ਨਹੀਂ ਸੀ। ਤਿਆਰ ਹੋ ਕੇ ਜਦ ਮੈਂ ਥਲੇ ਕਿਚਨ ਵਿਚ ਆਇਆ ਤਾਂ ਸਰਵਤ ਆਪਣਾ ਬਰੇਕਫਾਸਟ ਖਤਮ ਕਰਨ ਦੇ ਨੇੜੇ ਸੀ। ਬਹਿਰੇ ਨੂੰ ਆਵਾਜ਼ ਦੇ ਕੇ ਉਸ ਮੇਰੇ ਲਈ ਅੰਡਿਆਂ ਦੇ ਆਮਲੇਟ ਅਤੇ ਬਟਰ ਲੱਗੀ ਬਰੱੈਡ ਤੋਂ ਇਲਾਵਾ ਗਰਮ ਗਰਮ ਦੁੱਧ ਦੇ ਗਲਾਸ ਦਾ ਆਰਡਰ ਕਰ ਦਿਤਾ।