ਮਾਂ ਪੰਜਾਬੀ ਤੋਂ ਬੇ-ਮੁੱਖ ਹੋਏ ਪੁੱਤਾਂ ਦੇ ਨਾਂ
(ਕਵਿਤਾ)
ਬਹੁਤ ਭਿਆਨਕ ਹੁੰਦਾ ਹੈ
ਜਿਸਮ ਦਾ ਗੁਲਾਮ ਹੋ ਜਾਣਾ
ਤਸੀਹਿਆਂ ਦਾ ਤੇਜ਼ਾਬ ਪੀ ਕੇ
ਮੁਸਕੁਰਾਉਣ ਦੀ ਅਦਾਕਾਰੀ ਕਰਨਾ
ਆਪਣੇ ਆਕਾ ਦੀ ਜੀਭ ਨੂੰ
ਆਪਣੇ ਖੱਖਰ-ਖਾਧੇ
ਪੋਪਲੇ ਮੂੰਹ ਵਿੱਚ ਰੱਖਣਾ
ਤੇ ਫਿਰ 'ਨਾਂਹ' ਨੂੰ 'ਹਾਂ' ਕਹਿਣਾ
'ਧੁੱਪ' ਨੂੰ 'ਛਾਂ' ਕਹਿਣਾ
ਹੋਰ ਵੀ ਭਿਆਨਕ ਹੁੰਦਾ ਹੈ
ਜ਼ੇਹਨ ਦਾ ਗੁਲਾਮ ਹੋ ਜਾਣਾ
ਆਪਣੀ 'ਹੀਨ-ਭਾਵਨਾ' ਨੂੰ ਕੱਜਣ ਲਈ
ਅਸਮਾਨ ਵੱਲ ਛਲਾਂਗਾਂ ਮਾਰ ਕੇ ਦਿਖਾਉਣਾ
ਧਰਤੀ ਨਾਲੋਂ ਸਕੀਰੀ ਤੋੜਨਾ
ਤੇ 'ਮੂੰਹ-ਪਰਨੇ' ਡਿੱਗਣ ਦੇ
ਅੰਜਾਮ ਨੂੰ ਵਿੱਸਰ ਜਾਣਾ
ਕਿਤੇ ਹੋਰ ਭਿਆਨਕ ਹੁੰਦਾ ਹੈ
ਆਪਣੀ ਹੀ ਸਕੀ 'ਮਾਂ' ਨੂੰ
ਧੱਫ਼ੇ ਮਾਰ ਕੇ ਡੇਗਣਾ
ਤੇ ਉਹਦੀ ਕੁੰਦਨ-ਕਾਇਆ ਉਤੇ
ਆਪਣੇ ਪੱਥਰ-ਪੱਬਾਂ ਨਾਲ ਚਿੱਬ ਪਾ ਕੇ
ਕਿਸੇ ਪਰਾਈ ਨੂੰ ਮਾਂ ਕਹਿਣਾ
ਤੇ ਅਸਲੋਂ ਹੀ ਵਿਸਰ ਜਾਣਾ
ਕਿ ਜਿਸ ਬਿਰਖ ਵਿੱਚੋਂ
ਜੜ੍ਹਾਂ ਮਨਫ਼ੀ ਹੋ ਜਾਂਦੀਆਂ ਨੇ
ਉਸ 'ਤੇ ਕੋਈ ਲਗਰ ਨਹੀਂ ਫੁੱਟਦੀ
ਕੋਈ ਪੰਛੀ ਨਹੀਂ ਚਹਿਕਦਾ
ਕੋਈ ਫੁੱਲ ਨਹੀਂ ਖਿੜਦਾ ।