ਮੈਂ ਔਰਤ ਇਸ ਜੱਗ ਤੇ ਆਈ.
ਰੱਬ ਨੇ ਕੀ ਇਹ ਸੋਚ ਬਣਾਈ।
ਜੰਮੀ ਤੇ ਕੋਈ ਖੁਸ਼ ਨਾ ਹੋਇਆ,
ਨਾ ਕੋਈ ਹੱਸਿਆ ਨਾ ਕੋਈ ਰੋਇਆ।
ਪਲ ਗਈ ਬਸ ਰੁਲ ਖੁਲ ਕੇ ਮੈਂ,
ਪੜ੍ਹ ਗਈ ਕੁਝ ਰਲ ਮਿਲ ਕੇ ਮੈਂ।
ਤੋਰ ਦਿੱਤੀ ਫਿਰ ਸੁਹਰੇ ਘਰ,
ਲੱਭ ਕੇ ਮੇਰੇ ਲਈ ਕੋਈ ਵਰ।
ਆ ਗਈ ਚੁੱਪ ਚੁਪੀਤੀ ਸੁਹਰੇ,
ਕਦੇ ਪਿੱਛੇ ਕਦੇ ਲੱਗ ਕੇ ਮੂਹਰੇ।
ਲੱਗ ਕੇ ਸੱਸ, ਨਨਾਣਾਂ ਨਾਲ,
ਜੁੱਟ ਗਈ ਫਿਰ ਕੰਮ ਦੇ ਨਾਲ।
ਜਦ ਮੇਰੇ ਘਰ ਬੇਟਾ ਆਇਆ,
ਨੱਚ-ਨੱਚ ਟੱਬਰ ਕਮਲਾ ਹੋਇਆ।
ਕਦੇ ਦਿਵਾਲੀ ਕਦੇ ਮਨਾਉਂਦੇ ਲੋਹੜੀ,
ਬਹੁਤੀ ਖੁਸ਼ੀ ਵੀ ਲਗਦੀ ਥੋੜ੍ਹੀ।
ਜਦ ਮੇਰੇ ਘਰ ਬੇਟੀ ਹੋਈ,
ਸਭ ਨੂੰ ਸੀ ਹੈਰਾਨੀ ਹੋਈ।
ਦਿਲ ਤਾਂ ਕਰਦਾ ਸੀ ਕਿ ਪੁੱਛਾਂ,
ਹੁਣ ਕਾਹਦੀ ਪ੍ਰੇਸ਼ਾਨੀ ਹੋਈ।
ਘਰ ਵਿਚ ਸਾਰੇ ਘੁਸ-ਮੁਸ ਕਰਦੇ,
ਵਧ ਗਏ ਹੁਣ ਖਰਚੇ ਘਰ ਦੇ।
ਮੈਂ ਸੋਚਿਆ ਬੇਟੀ ਨੂੰ ਖੂਬ ਪੜਾਉਂਗੀ,
ਪਰੀਆਂ ਵਾਂਗ ਸਜਾਉਂਗੀ।
ਇਹਨੂੰ ਇਹਦਾ ਬਣਦਾ ਹੱਕ ,
ਮੈਂ ਜ਼ਰੂਰ ਦਿਵਾਉਂਗੀ।
ਫਿਰ ਡਰ ਜਾਂਦੀ ਮਨ ਸਮਝਾਦੀਂ,
'ਬਲਵਿੰਦਰ' ਦੁਨੀਆਂ ਫਿਰੇ ਡਰਾਉਂਦੀ।
ਕਿਉਂ ਔਰਤ ਨੂੰ ਔਰਤ ਮਰਵਾਉਂਦੀ।