ਗਰੀਬ ਤਾਰੇ ਅਤੇ ਅੱਥਰੂ
(ਕਵਿਤਾ)
ਸਾਫ਼ ਆਕਾਸ਼
ਸੁੰਨੇ ਰਸ਼ਤੇ
ਚੁੱਪ-ਚਾਪ
ਤਾਰਿਆਂ ਦੀਆਂ
ਝਮੱਕਦੀਆਂ ਅੱਖਾਂ
ਬੱਦਲ਼ੀ ਦਾ ਆਉਣਾ
ਝਮੱਕਦੀਆਂ ਅੱਖਾਂ 'ਚ
ਪਾਣੀ ਦਾ ਭਰ ਜਾਣਾ
ਉਸੇ ਤਰ੍ਹਾਂ
ਜਿਸ ਤਰ੍ਹਾਂ
ਫੁੱਟਪਾਥ 'ਤੇ ਪਏ
ਬੇ-ਪਰਵਾਹ ਲਾਲਾਂ ਵਰਗੇ ਬੱਚੇ
ਤੇ ਫਟੇ ਕੱਪੜਿਆਂ 'ਚ
ਉਨ੍ਹਾਂ ਦੀ ਮਾਂ
ਮੰਤਰੀ ਦੀ ਹੂਟਰ ਵਾਲ਼ੀ
ਕਾਰ ਨੂੰ ਲੰਘਾਉਣ ਲਈ
ਗਸ਼ਤ ਕਰਦੇ ਸਿਪਾਹੀਆਂ ਦਾ
ਉਨ੍ਹਾਂ ਮਾਂ ਪੁੱਤਾਂ ਨੂੰ
ਘੜੀਸ ਕੇ
ਖ਼ਤਾਨਾਂ ਵੱਲ ਸੁੱਟ ਜਾਣਾ
ਤੇ ਉਨ੍ਹਾਂ ਦਾ ਤਾਰਿਆਂ ਵਾਂਗ
ਝਮੱਕਦੀਆਂ ਅੱਖਾਂ 'ਚ
ਅੱਥਰੂ ਲੈ ਕੇ
ਚੁੱਪ ਹੋ ਜਾਣਾ
ਤੇ ਦੁਨੀਆਂ ਦੀ ਖ਼ੁਸ਼ੀ ਲਈ
ਆਪਣੀ ਹੋਂਦ ਨੂੰ ਮਿਟਾ ਦੇਣਾ
ਬੇ-ਪਰਵਾਹ ਹੋ ਕੇ
ਉਨ੍ਹਾਂ ਤਾਰਿਆਂ ਵਾਂਗ
ਜੋ ਦੁਨੀਆਂ ਦੀ ਤਰੱਕੀ ਲਈ
ਆਪਣੀ ਹੋਂਦ ਨੂੰ
ਮਿਟਾ ਦਿੰਦੇ ਨੇ
ਬੇ-ਪਰਵਾਹ ਹੋ ਕੇ।