ਸਾਡੀ ਪੰਜਾਬੀ ਮਾਂ ਬੋਲੀ ਸਾਡੇ ਤੋਂ ਦਿਨੋ-ਦਿਨ ਵਿਸਰਦੀ ਇਸ ਕਰਕੇ ਜਾ ਰਹੀ ਐ ਕਿ ਅਸੀਂ ਇਸਦੇ ਅਸਲੀ ਵਾਰਿਸ ਨਹੀਂ ਬਣਦੇ। ਅਸੀਂ ਮਾਤ ਭਾਸ਼ਾ ਛੱਡ ਕੇ ਅੰਗਰੇਜ਼ੀ ਜਾਂ ਹੋਰਨਾਂ ਭਾਸ਼ਾਵਾਂ ਨੂੰ ਅਪਨਾਉਣ ਲੱਗ ਪੈਨੇ ਐਂ, ਅਤੇ ਸਰਕਾਰੀ, ਗੈਰ-ਸਰਕਾਰੀ ਦਫਤਰ, ਵਿਦਿਅਕ ਸੰਸਥਾਵਾਂ ਜਾਂ ਕੋਈ ਹੋਰ ਸੰਸਥਾ ਹੈ ਵਿੱਚ ਜ਼ਿਆਦਾ ਤਰ ਪੰਜਾਬੀ ਨੂੰ ਛੱਡ ਕੇ ਦੂਸਰੀਆਂ ਭਾਸ਼ਾਵਾਂ ਦੀ ਵਰਤੋਂ ਜ਼ਿਆਦਾ ਦੇਖਣ-ਸੁਨਣ ਨੂੰ ਮਿਲਦੀ ਹੈ ਭਾਵੇਂ ਮਾਂ ਬੋਲੀ ਪੰਜਾਬੀ ਨੂੰ ਹਰੇਕ ਥਾਂ ਸਤਿਕਾਰ ਨਾਲ ਨਿਵਾਜ਼ਣ ਲਈ ਸਮੇਂ_ਸਮੇਂ ਦੀਆਂ ਸਰਕਾਰਾਂ ਵੱਲੋਂ ਮੀਡੀਏ ਰਾਹੀਂ ਦਮਗਜ਼ੇ ਮਾਰੇ ਜਾਂਦੇ ਹਨ ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਏ, ਜੇਕਰ ਸਾਡੀ ਨੌਜਵਾਨ ਪੀੜ੍ਹੀ ਚੋਂ ਕੋਈ ਮੁੰਡਾ-ਕੁੜੀ ਦੋ-ਚਾਰ ਸਾਲ ਵਿਦੇਸ਼ ਲਗਾ ਆਵੇ ਤਾਂ ਪਤੰਦਰ ਅੰਗਰੇਜ਼ੀ ਨੂੰ ਪੰਜਾਬ ਆ ਕੇ ਅਜਿਹੀ ਵਰਤੋਂ ਕਰਦੇ ਹਨ ਕਿ ਜਿਸ ਮਾਪਿਆਂ ਜਾ ਭੈਣ-ਭਰਾਵਾਂ ਨੇ ਆਪ ਕਰਜ਼ਾਈ ਹੋ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ 'ਚ ਆਪਣਾ-ਆਪ ਗੁਆ ਦਿੱਤਾ ਹੈ ਉਹ ਉਨ੍ਹਾਂ ਦੀ ਭਾਸ਼ਾ ਅੱਗੇ ਬੋਣਾ ਹੋ ਕੇ ਰਹਿ ਜਾਂਦੇ ਹਨ ਤੇ ਅਕਲ ਦੇ ਹੀਣੇ ਵਿਦੇਸ਼ੋ ਪਰਤੇ ਪਤੰਦਰ ਭੋਰਾ ਵੀ ਖਿਆਲ ਨਹੀਂ ਕਰਦੇ ਕਿ ਜਦੋਂ ਸਾਡੇ ਜਣਦੇ ਜਾਂ ਭੈਣ-ਭਾਈ ਉਸ ਬਾਰੇ ਜਾਣਦੇ ਹੀ ਨਹੀਂ ਤਾਂ ਉਹ ਉਨ੍ਹਾਂ ਦੀ ਗੱਲ ਦਾ ਜਵਾਬ ਵੀ ਕੀ ਦੇਣਗੇ ਤੇ ਕਈ ਪਤੰਦਰ ਅੰਗਰੇਜ਼ੀ ਭਾਸ਼ਾ ਬਾਰੇ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ ਹੁੰਦੇ ਤੇ ਉਹ ਐਵੇਂ ਹੀ ਫੁਕਰੀਆਂ ਜਿਹੀਆਂ ਮਾਰਦੇ ਹੋਏ ਵਿਦੇਸ਼ਾਂ ਭਾਸ਼ਾਵਾਂ ਦੀ ਪੰਜਾਬੀਆਂ ਨਾਲ ਖਿਚੜੀ ਅਜਿਹੀ ਬਣਾਉਂਦੇ ਰਹਿੰਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦੈ।
ਏਸੇ ਤਰ੍ਹਾਂ ਹੀ ਸਾਡੇ ਪਿੰਡ ਵਾਲੀ 'ਤਾਈ ਨਿਹਾਲੀ' ਦਾ ਮੁੰਡਾ ਜਦੋਂ ਦੋ ਕੁ ਸਾਲ ਵਿਦੇਸ਼ੋ ਪਰਤ ਕੇ ਘਰ ਆਇਆ ਅਸੀਂ ਵੀ ਉਨਾਂ ਦੇ ਘਰ ਬੈਠੇ ਸਾਂ, ਪਤੰਦਰ ਨੇ ਅਨਪੜ ਮਾਪਿਆਂ ਕੋਲ ਜੋ ਅੰਗਰੇਜ਼ੀ ਬੋਲਣ ਦੀ ਫੁਕਰੀ ਮਾਰੀ ਤੇ ਮਾਪਿਆਂ ਵੱਲੋਂ ਦਿੱਤੇ ਗਏ ਜਵਾਬ ਜੋ ਸਾਨੂੰ ਹਾਸੇ ਨਾਲ ਲੋਟ ਪੋਟ ਕਰਨਗੇ ਇਸ ਪ੍ਰਕਾਰ ਹਨ।
ਜਦੋਂ ਤਾਈ ਨਿਹਾਲੀ ਜਾਂ ਤਾਇਆ ਨਰੈਂਣਾ ਆਪਣੇ ਪੁੱਤਰ ਨੂੰ ਕੋਈ ਗੱਲ ਦੱਸਣ ਜਾਂ ਕਹਿਣ ਤਾਂ ਪਤੰਦਰ ਉਹ ਜਿਵੇਂ ਕਮਾਦ 'ਚ ਫਸਿਆ ਵਾ ਗਿੱਦੜ ਕਰਦਾ ਹੁੰਦਾ ਏ,
ਆਖਿਆ ਕਰੇ ਉ…ਆ, ਉ…ਆ…
ਇਸ ਸੁਣ ਕੇ ਨਿਹਾਲੀ ਨੇ ਸੋਚਿਆ ਸੀ ਕਿ ਮੁੰਡਾ ਸਫਰ ਚੋਂ ਆਇਆ ਏ, ਸਾਨੂੰ ਹਾਂ-ਹੂੰ ਕਰਨ ਦੀ ਬਜਾਏ ਉਆਂ…ਉਆ..ਜਿਹਾ ਕਰੀ ਜਾਂਦੈ,ਤਾਂ ਤਾਈ ਫਟਾ ਫਟ ਬਾਹਰੋਂ ਲੋਹੇ ਦਾ ਕੜਾਹੀਆ ਚੁੱਕ ਲਿਆਈ ਤੇ ਪੁੱਤ ਮੂਹਰੇ ਰੱਖ ਕਹਿਣ ਲੱਗੀ ਕਿ ਪੁੱਤ ਉਆਂ-ਉਆਂ ਕਰੀ ਜਾਨੈਂ, ਜੇ ਕੋਈ ਉਲਟੀ-ਆਲਟੀ ਆਉਂਦੀ ਹੋਈ ਤਾਂ ਕੜਾਹੀਏ 'ਚ ਕਰ ਲਵੀਂ……
ਫੇਰ ਜਦੋਂ ਉਹਦੇ ਪਿਓ ਨਰੈਂਣੇ ਨੇ ਇੱਕ ਦੋ ਗੱਲਾਂ ਆਪਣੇ ਪੁੱਤਰ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਅੱਗੋਂ ਆਖਿਆ ਕਰੇ..ਯਾਯਾ..ਯਾਯਾ… ਤਾਂ ਇਹ ਸੁਣ ਤਾਈ ਉਸਨੂੰ ਕਹਿਣ ਲੱਗੀ ਕਿ ਪੁੱਤ ਹੈਂਅ ਨਹੀਂ ਆਖੀਦਾ ਹੁੰਦੈ, ਤੇਰਾ ਪਿਉ ਐ, ਸਾਡੀਆਂ ਤਾਂ ਤੈਨੂੰ ਉਡੀਕ ਦਿਆਂ ਦੀਆਂ ਅੱਖਾਂ ਪੱਕ ਗਈਆਂ, ਤੇ ਤੂੰ ਆਖੀ ਜਾਨੈ, ਜਾਹ-ਜਾਹ, ਜਾਹ-ਜਾਹ…
ਫੇਰ ਮੁੰਡਾ ਅੱਗੋਂ ਕਹਿੰਦਾ ਓ.ਕੇ, ਓ.ਕੇ…
ਤਾਂ ਨਿਹਾਲੀ ਆਪਣੇ ਨੱਕ ਅਤੇ ਕੰਨਾਂ ਤੇ ਹੱਥ ਮਾਰ ਕੇ ਕਹਿਣ ਲੱਗੀ ਕਿ ਪੁੱਤ ਜ਼ਮਾਨਾ ਬੜਾ ਖਰਾਬ ਐ, ਮੈਂ ਤਾਂ ਕੋਕੇ-ਕਾਕੇ ਸਭ ਲਾਹ ਕੇ ਰੱਖ ਦਿੱਤੇ ਨੇ, ਹੁਣ ਤਾਂ ਲੁਟੇਰੇ ਦਿਨ-ਦਿਹਾੜੇ ਹੱਥਾਂ ਤੇ ਹੱਥ ਮਾਰਦੇ ਫਿਰਦੇ ਨੇ…
ਫੇਰ ਮੁੰਡਾ ਨਿਹਾਲੀ ਨੂੰ ਆਪਣਾ ਰੁਮਾਲ ਧੌਣ ਲਈ ਫੜਾਉਣ ਸਮੇਂ ਕਹਿਣ ਲੱਗਾ, "ਮਾਈ ਹਿਨਕੀ ਵਾਸ਼"।
ਕਿ ਇਹ ਸੁਣ ਤਾਇਆ ਤਾਈ ਨੂੰ ਕਹਿਣ ਲੱਗਾ ਨਿਹਾਲੀਏ, ਛਿੰਦਾ ਕੀ ਹਿਣਕੀ-ਹਿਣਕੀ ਜਿਹੀ ਆਖੀ ਜਾਦੈਂ…।
ਨਰੈਣਿਆਂ, ਆਪਣੇ ਕੋਲ ਪਹਿਲਾਂ ਗਧੀ ਹੁੰਦੀ ਸੀ ਨਾ, ਉਹ ਹਿਣਕ ਦੀ ਹੁੰਦੀ ਸੀ ਤੇ ਇਹ ਮੈਨੂੰ ਅੰਗਰੇਜ਼ੀ 'ਚ ਪੁੱਛਦਾ ਏ ਵਈ ਹਿਣਕੀ-ਹਿਣਕੀ, ਕਿਉਂਕਿ ਨਰੈਣਿਆਂ ਆਪਾਂ ਅਨਪੜ੍ਹ ਐ,
'ਦਿਸ ਇਜ਼ ਮਾਈ ਫਰੈਂਡ'
ਮੁੰਡਾ ਸਾਡੇ ਵੱਲ ਹੱਥ ਕਰਕੇ ਆਪਣੇ ਮਾਪਿਆਂ ਨੂੰ ਦੱਸਣ ਲੱਗਾ,
ਤਾਂ ਅੱਗੋਂ ਤਾਈ ਕਹਿਣ ਲੱਗੀ, ਕੋਈ ਨੀਂ ਪੁੱਤ ਇਹ ਭਰਿੰਡ ਤਾਂ ਜੈ ਖਾਣੇ ਐਵੇਂ ਫਿਰਦੇ ਰਹਿੰਦੇ ਨੇ, ਆਪਣੀ ਨਿੰਮ ਤੇ ਇੰਨਾਂ ਦਾ ਖੱਗਾ ਲੱਗਾ ਐ, ਤੈਨੂੰ ਕੁਸ਼ ਨਹੀਂ ਕਹਿੰਦੇ ਐਵੇਂ ਡਰ ਨਾ…।
ਥੋੜਾ ਚਿਰ ਬਾਅਦ ਜਿਉਂ ਹੀ ਉਨਾਂ ਦੇ ਕੋਠੇ ਤੇ ਬੈਠਾ ਮੋਰ ਕਿਊਂ-ਕਿਊਂ ਕਰਕੇ ਬੋਲਣ ਲੱਗਾ ਤਾਂ ਵਿਦੇਸ਼ੀ ਮੁੰਡਾ ਆਪਣੇ ਮਾਪਿਆਂ ਨੂੰ ਦੱਸਣ ਲੱਗਾ, 'ਅਖੇ ਪੀਕੋਕ, ਦਿਸ਼ ਇਜ਼ ਪੀਕੋਕ'
ਮੁੰਡੇ ਦੇ ਏਨਾ ਕਹਿਣ ਦੀ ਦੇਰ ਸੀ ਕਿ ਤਾਈ ਨੇ ਸਾਡੇ ਵਾਸਤੇ ਆਪਣੀ ਫਰਿਜ਼ ਚੋਂ ਕੋਕ ਦੇ ਗਲਾਸ ਮੂੰਹ ਤੱਕ ਭਰ ਲਿਆਂਦੇ
ਜਦੋਂ ਅਸੀਂ ਕੋਕ ਪੀਣ ਤੋਂ ਥੋੜੀ ਜਿਹੀ ਨਾਂਹ ਜਿਹੀ ਕੀਤੀ ਤਾਂ ਉਹਨੇ ਫੇਰ ਅੰਗਰੇਜ਼ੀ ਨੂੰ ਮੂੰੂਹ ਮਾਰਿਆ, ਕਹਿੰਦਾ ਡੌਟ ਵਰੀ, ਤਾਂ ਕੋਲ ਖੜੀ ਤਾਈ ਕਹਿੰਦੀ ਕਿ ਪੁੱਤ ਵਰੀ-ਵੁਰੀ ਦਾ ਫਿਕਰ ਨਾ ਕਰ, ਤੇਰਾ ਵਿਆਹ ਚਾਵਾਂ ਨਾਲ ਕਰਾਂਗੇ, ਵਰੀ ਬਹੂ ਵਾਸਤੇ ਵਧੀਆ ਬਣਾ ਕੇ ਲਿਆਵਾਂਗੇ,
ਤਾਂ ਮੁੰਡਾ ਫੇਰ ਅੱਗੋਂ ਕਹਿੰਦਾ, ਟੂ ਮੱਚ, ਟੂ ਮੱਚ
ਤਾਂ ਏਨਾ ਸੁਣ ਉਹਦਾ ਪਿਉ ਨਰੈਂਣਾ ਉਹਦੇ ਵੱਲ ਗਹਿਰੀਆਂ ਜਿਹੀਆਂ ਅੱਖਾਂ ਕੱਢ ਆਖਣ ਲੱਗਾ, ਇਹ ਵਿਚਾਰੀ ਕਾਹਤੋਂ ਮੱਚੇ, ਮੱਚਣ ਸਾਡੇ ਦੁਸ਼ਮਣ…
ਤਾਂ ਮੁੰਡਾ ਕਹਿੰਦਾ, ਵੈਰੀ ਗੁਡ-ਵੈਰੀ ਗੁਡ
ਤਾਂ ਏਨਾ ਸੁਣ ਤਾਈ ਵਿਚਾਰੀ ਭੱਜ ਕੇ ਤਿੰਨ-ਚਾਰ ਗੁੜ ਦੇ ਡਲੇ ਲਿਆਈ ਤੇ ਕੌਲੀ 'ਚ ਪਾ ਕੇ ਮੁੰਡੇ ਦੇ ਮੂਹਰੇ ਰੱਖ ਦਿੱਤੇ।
ਤਾਂ ਮੁੰਡਾ ਫੇਰ ਕਹਿੰਦਾ, ਥੈਂਕਯੂ, ਥੈਂਕਯੂ
ਤਾਂ ਤਾਈ ਕਹਿੰਦੀ ਕਿ ਭਾਈ ਜੇ ਥੁੱਕ ਆਉਂਦਾ ਐ, ਤਾਂ ਹੁਣ ਹੰਭਲਾ ਮਾਰ ਤੇ ਬਾਹਰ ਨਾਲੀ 'ਚ ਥੁੱਕ ਆ……
ਏਨੇ ਨੂੰ ਨਰੈਂਣਾ ਮੰਜੇ ਤੋਂ ਉੱਠ ਕੇ ਜਦੋਂ ਆਪਣੀ ਪੱਗ ਬਾਰੇ ਨਿਹਾਲੀ ਨੂੰ ਆਵਾਜ਼ ਮਾਰ ਕੇ ਪੁੱਛਣ ਲੱਗਾ ਤਾਂ
ਕੋਲ ਬੈਠਾ ਮੁੰਡਾ ਕਹਿਣ ਲੱਗਾ ਕਿ, "ਮੌਮ ਟਰਬਨ…ਟਰਬਨ…"।
ਤਾਂ ਨਿਹਾਲੀ ਕਹਿਣ ਲੱਗੀ ਕਿ ਸਰਬਨ ਤਾਂ ਖੇਤੋਂ ਪੱਠੇ ਲੈਣ ਗਿਆ ਹੋਇਐ।
ਨਿਹਾਲੀਏ, ਕੀ ਕਹਿੰਦਾ ਮੁੰਡਾ ਮੈਨੂੰ ਸਮਝ ਨੀਂ ਆਉਂਦੀ।
ਨਰੈਂਣਿਆ.. ਆਪਣੇ ਸੀਰੀ ਸਰਬਨ ਨੂੰ ਯਾਦ ਕਰਦੈ।
ਹੁਣ ਜਿਉਂ ਹੀ ਨਰੈਣੇ ਨੇ ਆਪਣੇ ਸਿਰ ਤੇ ਪੱਗ ਨੂੰ ਵਧੀਆ ਜਿਹੇ ਢੰਗ ਨਾਲ ਸਿਰ ਤੇ ਬੰਨ ਲਿਆ।
ਤਾਂ ਮੁੰਡਾ ਫੇਰ ਬੋਲ ਪਿਆ। ਅਖੇ, "ਵੈਰੀ ਗੁੱਡ, ਵੈਰੀ ਗੁੱਡ"।
ਨਰੈਂਣੇ ਨੇ ਕਿਹਾ, " ਨਿਹਾਲੀਏ, ਕੀ ਕਹਿੰਦਾ ਮੁੰਡਾ ਮੈਨੂੰ ਸਮਝ ਨੀਂ ਆਉਂਦੀ"।
ਨਰੈਂਣਿਆ, ਇਹ ਤਾਂ ਪਿੰਡ ਆ ਕੇ ਵੀ ਆਪਣੇ ਕਨੇਡਾ ਵਾਲੇ ਕੰਮ ਨੂੰ ਹੀ ਬੁੜ-ਬੜਾਈ ਜਾਂਦੈ, ਵਿਚਾਰਾ ਉੱਥੇ ਬੇਰੀਆਂ ਤੋਂ ਬੇਰ ਤੋੜਦਾ ਐ, ਤਾਂਹੀ ਕਹਿੰਦੈ, ਬੇਰੀ ਗੁੱਡ, ਬੇਰੀ ਗੁੱਡ। ਵੇਖ ਖਾਂ ਵਿਚਾਰੇ ਦੇ ਹੱਥਾਂ ਤੇ ਕਿਵੇਂ ਬੇਰੀ ਦੇ ਕੰਡੇ ਵੱਜ-ਵੱਜ ਕੇ ਝਰੀਟਾਂ ਪਈਆਂ ਹੋਈਆਂ ਨੇ…
ਐਨੇ ਨੂੰ ਬਿਜਲੀ ਚਲੀ ਗਈ ਤਾਂ ਮੁੰਡਾ ਫਿਰ ਆਵਾਜ਼ ਮਾਰਦਾ ਹੋਇਆ ਜਲਦੀ-ਜਲਦੀ ਕਹਿਣ ਲੱਗਾ, "ਮੌਮ ਕੈਂਡਲ, ਕੈਂਡਲ..ਕੈਂਡਲ,ਕੈਂਡਲ.."।
ਤਾਂ ਫਿਰ ਜਿਉਂ ਹੀ ਉਸਦੀ ਬੇਬੇ ਬਾਹਰੋਂ ਵਿਹੜੇ ਚੋਂ ਸੈਂਡਲ ਚੁੱਕ ਕੇ ਜਦ ਸਾਡੇ ਵੱਲ ਭੱਜ ਕੇ ਆਈ ਤਾਂ ਅਸੀਂ ਤਾਂ ਡਰਦਿਆਂ ਨੇ ਉੱਥੋਂ ਸ਼ੂਟ ਖਿੱਚ ਦਿੱਤੀ। ਤੇ ਬਾਅਦ ਵਿੱਚ ਵਿਚਾਰੇ ਸਾਡੇ ਦੋਸਤ ਦਾ ਪਤਾ ਨਹੀਂ ਕੀ ਬਣਿਆ ਹੋਵੇਗਾ…?