ਕਵਿਤਾ ਸੰਗ ਵਿਚਰਦਿਆਂ ਇਕ ਸ਼ਾਮ (ਖ਼ਬਰਸਾਰ)


ਡੈਲਟਾ --  ਹਰ ਮਹੀਨੇ ਵਾਂਗ ਸੰਨ 2013 ਦੇ ਜੂਨ ਮਹੀਨੇ ਦੇ ਤੀਜੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ, ਦੋ ਕਵੀਆਂ ਦੇ ਨਾਮ ਕੀਤੀ ਗਈ। ਇਸ ਕਾਵਿ ਸ਼ਾਮ ਦੇ ਨਾਮਵਰ ਸ਼ਾਇਰ ਸਨ ਅਜਮੇਰ ਰੋਡੇ ਅਤੇ ਚਰਨ ਸਿੰਘ ਵਿਰਦੀ। ਸਭ ਤੋਂ ਪਹਿਲਾਂ ਮੋਹਣ ਗਿੱਲ ਨੇ ਮੈਕੀ ਲਾਇਬ੍ਰੇਰੀ ਡੈਲਟਾ, ਕੇਂਦਰੀ ਲੇਖਕ ਸਭਾ ਉਤਰੀ ਅਮਰੀਕਾ ਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ, ਕਾਵਿ ਮਹਿਫਲ ਮਾਨਣ ਆਏ ਸਰੋਤਿਆਂ ਨੂੰ ਜੀ ਆਇਆਂ ਕਿਹਾ, ਫਿਰ ਜਰਨੈਲ ਸਿੰਘ ਸੇਖਾ ਨੇ ਅਜਮੇਰ ਰੋਡੇ ਦੇ ਸਾਹਿਤਕ ਸਫਰ ਬਾਰੇ ਜਾਣਕਾਰੀ ਸਾਂਝੀ ਕਰਨ ਉਪਰੰਤ ਉਹਨਾਂ ਨੂੰ ਸਟੇਜ 'ਤੇ ਆ ਕੇ ਕਵਿਤਾ ਦੀ ਮਹੱਤਤਾ ਬਾਰੇ ਗੱਲ ਕਰਨ ਅਤੇ ਸਰੋਤਿਆਂ ਨਾਲ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨ ਲਈ ਬੇਨਤੀ ਕੀਤੀ।
Photo
   ਅਜਮੇਰ ਰੋਡੇ ਨੇ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਕਵਿਤਾ ਸਾਡੇ ਕਣ ਕਣ ਵਿਚ ਵਸਦੀ ਹੈ। ਕਵਿਤਾ ਪੜ੍ਹਨ ਜਾਂ ਲਿਖਣ ਦਾ ਅਸਰ ਕੇਵਲ ਸਾਡੀ ਜ਼ਿੰਦਗੀ ਉਪਰ ਹੀ ਨਹੀਂ ਪੈਂਦਾ, ਇਹ ਸੁੱਤੇ ਜਜ਼ਬਾਤਾਂ ਨੂੰ ਵੀ ਜਗਾਉਂਦੀ ਹੈ। ਇਹੋ ਕਾਰਨ ਹੈ ਕਿ ਸਾਰੇ ਪੁਰਾਤਨ ਧਾਰਮਿਕ ਗਰੰਥ ਕਵਿਤਾ ਵਿਚ ਲਿਖੇ ਗਏ ਹਨ। ਆਧੁਨਿਕਤਾ ਦੇ ਰੰਗ ਵਿਚ ਰੰਗੀ ਕਵਿਤਾ ਪ੍ਰਵਾਨ ਨਹੀਂ ਚੜ੍ਹੀ। ਜਿੱਥੇ ਪਹਿਲਾਂ ਕਵਿਤਾ ਨਾਇਕਤਵ ਦੀ ਪ੍ਰਸੰਸਕ ਸੀ ਓਥੇ ਅਜੋਕੀ ਕਵਿਤਾ ਸਾਧਾਰਨ ਮਨੁੱਖ ਦੀ ਪ੍ਰਤੀਨਿਧਤਾ ਕਰਦੀ ਹੈ। ਕਵੀ ਦੀ ਦ੍ਰਿਸ਼ਟੀ ਕਿਸੇ ਹੱਦ ਬੰਨੇ ਵਿਚ ਬੱਝੀ ਨਹੀਂ ਹੋਣੀ ਚਾਹੀਦੀ।
  ਕਵਿਤਾ ਦੀ ਮਹੱਤਤਾ 'ਤੇ ਗੱਲ ਕਰਨ ਮਗਰੋਂ ਅਜਮੇਰ ਰੋਡੇ ਨੇ ਆਪਣੀਆਂ ਕੁਝ ਕਵਿਤਾਵਾਂ ਸੁਣਾਈਆਂ ਪਹਿਲੀ ਕਵਿਤਾ ਦਾ ਭਾਵ ਸੀ ਕਿ ਕਵਿਤਾ ਕਵੀ ਤੋਂ ਉਚੇਰੀ ਹੁੰਦੀ ਹੈ। ਦੂਜੀ ਪ੍ਰਤੀਕਾਤਮਿਕ ਕਵਿਤਾ 'ਦੋਵੇਂ ਹੱਥ' ਵਾਤਾਵਰਣ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਬਾਰੇ ਸੀ। ਤੀਜੀ ਵਿਗਿਆਨਿਕ ਕਵਿਤਾ, 'ਸੁਰਤੀ' ਬ੍ਰਹਿਮੰਡ ਦੇ ਪਸਾਰੇ ਦੀ ਬਾਤ ਪਾਉਂਦੀ ਸੀ। ਚੌਥੀ ਕਵਿਤਾ 'ਬਾਬਾ ਮੱਕੜ' ਪ੍ਰਵਾਸ ਹੰਢਾਉਂਦੇ ਮਨੁੱਖ ਦੀ ਦਬਿਧਾ ਤੇ ਦੋ ਚਿੱਤੀਆਂ ਦੀ ਗੱਲ ਕਰਦੀ ਸੀ ਕਿ ਦੋ ਦੇਸ਼ਾਂ ਦਾ ਵਾਸੀ ਕਿਹੜੇ ਦੇਸ਼ ਨੂੰ ਅਪਣਾਵੇ! ਅਖੀਰਲੀ ਕਵਿਤਾ ਵਿਚ ਦੱਸਿਆ ਗਿਆ ਸੀ ਕਿ ਮਨੁੱਖ ਕੋਲ ਇਕੋ ਅਮੋਲਕ ਜੂੰਨੀ ਹੁੰਦੀ ਹੈ। ਇਹ ਉਸ ਦੇ ਹੀ ਹੱਥ ਵੱਸ ਹੁੰਦਾ ਹੈ ਕਿ ਉਸ ਨੇ ਇਸ ਨੂੰ ਕਿਵੇਂ ਸਾਰਥਿਕ ਬਣਾਉਣਾ ਹੈ? ਇਸ ਤੋਂ ਬਿਨਾਂ ਉਸ ਨੇ ਤਿੰਨ ਨਿੱਕੀਆਂ ਦਾਰਸ਼ਨਿਕ ਕਵਿਤਾਵਾਂ ਵੀ ਸੁਣਾਈਆਂ।
   ਦੂਜੇ ਕਵੀ ਚਰਨ ਸਿੰਘ ਵਿਰਦੀ ਦੀ ਜਾਣ ਪਹਿਚਾਣ ਮੋਹਨ ਗਿੱਲ ਨੇ ਕਰਵਾਈ। ਉਹਨਾਂ ਇਹ ਦੱਸ ਕੇ ਚਰਨ ਸਿੰਘ ਵਿਰਦੀ ਨੂੰ ਆਪਣੀ ਰਚਨਾ ਸਰੋਤਿਆਂ ਨਾਲ ਸਾਂਝੀ ਕਰਨ ਦਾ ਸੱਦਾ ਦਿੱਤਾ ਕਿ ਇਹ ੫੨ ਕਾਵਿ ਪੁਸਤਕਾਂ ਦੇ ਰਚੇਤਾ ਹਨ, ਜਿਨ੍ਹਾਂ ਵਿਚੋਂ ੩੪ ਪੁਸਤਕਾਂ ਛਪ ਚੁੱਕੀਆਂ ਹਨ ਅਤੇ ਅਠਾਰਾਂ ਛਪਾਈ ਅਧੀਨ ਹਨ। ਕੁਝ ਪੁਸਤਕਾਂ ਯੂਨੀਵਰਸਿਟੀਆਂ ਦੇ ਸਲੇਬਸ ਦਾ ਭਾਗ ਵੀ ਬਣੀਆਂ ਹਨ।
  ਆਪਣੀਆਂ ਕਵਿਤਾਵਾਂ ਦਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਚਰਨ ਸਿੰਘ ਵਿਰਦੀ ਨੇ ਵੀ ਕਵਿਤਾ ਦੀ ਸਾਰਥਿਕਤਾ ਬਾਰੇ ਚੰਦ ਸ਼ਬਦ ਕਹੇ, ਜਿਨ੍ਹਾਂ ਦਾ ਸਾਰ ਤੱਤ ਇਹ ਸੀ ਕਿ 'ਕਵਿਤਾ ਮੌਤ ਤੋਂ ਵੀ ਅਗਲੇਰੇ ਹਾਲਾਤ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਕਵਿਤਾ ਆਤਮ ਸੰਤੋਖ ਤੇ ਆਤਮ ਖੋਜ ਦੀ ਗੱਲ ਕਰਦੀ ਹੈ।' ਕਵਿਤਾ ਬਾਰੇ ਕੁਝ ਗੱਲਾਂ ਕਰਨ ਮਗਰੋਂ ਉਹਨਾਂ ਆਪਣਾ ਕਵਿਤਾ ਪਾਠ ਸ਼ੁਰੂ ਕੀਤਾ। ਪਹਿਲੀ ਕਵਿਤਾ 'ਕੈਦੀ' ਕੈਦੀਆਂ ਦੇ ਆਤਮ ਚਿੰਤਨ ਬਾਰੇ ਸੀ। ਦੂਜੀ ਕਵਿਤਾ 'ਭਰਮ' ਵਿਚ ਮਨੁੱਖ ਦੀ ਹੋਂਦ ਨੂੰ ਇਕ ਪ੍ਰਛਾਵੇਂ ਦਾ ਭਰਮ ਪਾਲਦੀ ਹੋਂਦ ਦਰਸਾਇਆ ਸੀ। 'ਪੱਥਰ' ਨਜ਼ਮ ਵਿਚ ਦੱਸਿਆ ਗਿਆ ਸੀ ਕਿ ਜੇ ਪੱਥਰ ਨੂੰ ਸਵੱਲੀ ਨਜ਼ਰ ਨਾਲ ਦੇਖ ਲਿਆ ਜਾਵੇ ਤਾਂ ਪੱਥਰ ਦੇ ਅੰਦਰ ਦੀ ਥਾਹ ਵੀ ਪਾਈ ਜਾ ਸਕਦੀ ਹੈ। 'ਸੰਘਰਸ਼' ਕਵਿਤਾ ਦਾ ਸਾਰ ਇਹ ਸੀ ਕਿ ਔਖਿਆਈਆਂ ਦੇ ਸੰਘਰਸ਼ ਵਿਚ ਤਪਦਾ ਹੋਇਆ ਆਪਾ, ਖੁਸ਼ਕ ਜੀਵਨ ਵਿਚ ਹਰਿਆਲੀ ਭਰ ਸਕਦਾ ਹੈ ਤੇ ਇਸ ਤਪਸ਼ ਨਾਲ ਸਹਿਰਾ ਵੀ ਸਾਗਰ ਦਾ ਰੂਪ ਧਾਰ ਸਕਦਾ ਹੈ। ਕਵਿਤਾ 'ਤਕਸੀਮ' ਅਜੋਕੇ ਮਨੁੱਖ ਦੀ ਵਿਖੰਡਤ ਹੋਣੀ ਦੀ ਬਾਤ ਪਾਉਂਦੀ ਸੀ। 'ਮੈਂ ਤੇ ਮੇਰੀ ਸਿਰਜਣਾ' ਕਵਿਤਾ ਵਿਚ ਕਿਹਾ ਗਿਆ ਸੀ ਕਿ ਜਦੋਂ ਅੰਤਰਮੁਖੀ ਹੋ ਕੇ ਹੀ ਸਿਰਜਣਾ ਕੀਤੀ ਜਾਂਦੀ ਹੈ ਤਾਂ ਆਪਣੇ ਅੰਦਰ ਬਹਿਸ਼ਤ ਦਾ ਅਹਿਸਾਸ ਹੁੰਦਾ ਹੈ। 'ਕਮਲ' ਕਵਿਤਾ ਵਿਚ ਕਿਹਾ ਗਿਆ ਕਿ ਜਿਵੇਂ ਚਿੱਕੜ ਵਿਚੋਂ ਕਮਲ ਦਾ ਫੁੱਲ ਖਿੜਾਇਆ ਜਾ ਸਕਦਾ ਹੈ ਤਿਵੇਂ ਕੋਹਝ ਵਿਚੋਂ ਸੁੰਦਰਤਾ ਰੂਪਮਾਨ ਕੀਤੀ ਜਾ ਸਕਦੀ ਹੈ। ਕਾਵਿ ਮਹਿਫਲ ਦੀ ਸਮਾਪਤੀ ਤੋਂ ਪਹਿਲਾਂ ਵਿਰਦੀ ਸਾਹਿਬ ਨੇ ਵੱਡੇ ਖਿਆਲ ਦੀਆਂ ਤਿੰਨ ਨਿੱਕੀਆਂ ਕਵਿਤਾਵਾਂ ਸਰੋਤਿਆ ਨਾਲ ਸਾਂਝੀਆਂ ਕੀਤੀਆਂ ਅਤੇ ੧੬ ਜੁਲਾਈ ੨੦੧੩ ਨੂੰ ਇਸੇ ਥਾਂ, ਦੋ ਕਵੀਆਂ ਸੰਗ, ਮੁੜ ਕਵਿ ਮਹਿਫਲ ਸਜਾਉਣ ਦਾ ਇਕਰਾਰ ਕਰ ਭਰੀ ਮਹਿਫਲ ਉਠਾ ਦਿੱਤੀ ਗਈ |