ਮਾਨਵ ਆਪਣੀ ਕੀਤੀ ਤੇ ਕਦੀ ਭੁੱਬੀ ਭੱਬੀਂ ਰੋਵੇਗਾ
ਇੱਕ ਕਤਰਾ ਪਾਣੀ ਦਾ ਖੂੰਨ ਤੋ ਮਹਿੰਗਾ ਹੋਵੇਗਾ
ਔੜਾਂ ਮਾਰੀ ਧਰਤੀ ਇੱਕ ਦਿਨ ਬੰਜਰ ਹੋ ਜਾਣਾ
ਬਾਂਝ ਹੋਈ ਧਰਤੀ ਤੇ ਨਾ ਬੀਜ ਉੱਗ ਖਲੋਵੇਗਾ
ਕੁਦਰੱਤ ਨਾਲ ਖਿਲਵਾੜ ਕਰੇ ਜੰਗਲ ਬੇਲੇ ਛੱਡੇ ਨਾ
ਪਸ਼ੂ ਪੰਛੀਆਂ ਦੀ ਰੌਣਕ ਸੱਭ ਕੁੱਝ ਹੱਥੋਂ ਖੋਵੇਗਾ
ਰੁਖਾਂ ਸੜਦੇ ਸੜ ਜਾਣਾ ਮੁੱਕ ਜਾਣੀਆਂ ਛਾਵਾਂ ਵੀ
ਰੁੰਡ ਮੁੰਡ ਹੋਏ ਰੁਖਾਂ ਦੇ ਮਾਤਮ ਦੀ ਚੱਕੀ ਝੋਵੇਗਾ
ਪਾਣੀ ਦੇ ਸਰੋਤ ਬਿਨਾਂ ਪੰਛੀ ਪਿਆਸੇ ਮਰ ਜਾਣੇ
ਅਮ੍ਰਿਤ ਵੇਲੇ ਰੁਖਾਂ ਤੇ ਨਾ ਚਹਿ ਚਿਹਾਣਾ ਹੋਵੇਗਾ
ਤਾਂਬੇ ਰੰਗੀਆਂ ਧੁੱਪਾਂ 'ਚ ਤਪਦੀ ਲੂ ਨੇ ਵਗਣਾ ਹੈ
ਥੋਹਰਾਂ ਦੇ ਕੰਡਿਆਂ ਦਾ ਹਰ ਥਾਂ ਪਹਿਰਾ ਹੋਵੇਗਾ
ਪੈਰ ਸੜਣ ਬਿੱਲੀ ਦੇ ਬੱਚੇ ਪੈਰਾਂ ਥੱਲੇ ਲੈ ਲੈਦੀ
ਪਾਣੀ ਦੀ ਹਰ ਬੂੰਦ ਲਈ ਬੱਚੇ ਦਾ ਸੌਦਾ ਹੋਵੇਗਾ
ਰਿਸ਼ਤੇ ਫਿੱਕੇ ਪੈ ਜਾਣੇ ਜਾਨ ਆਪਣੀ ਸਾਂਭਣ ਲਈ
ਜਾਨ ਫਿਰ ਵੀ ਨਹੀਂ ਬਚਣੀ ਵਾਜਾਂ ਮਾਰਕੇ ਰੋਵੇਗਾ
ਫੜ ਭਾਂਡਾ ਪਾਣੀ ਲੈਣ ਲਈ ਜੇ ਦਰ ਕਿਸੇ ਜਾਵੇਗਾ
ਪਾਣੀ ਤੋਂ ਆਤਰ ਬੰਦਾ ਬੂਹਾ ਆਪਣਾ ਢੋਵੇਗਾ
ਘਰ ਘਰ ਗਰਾਂ ਗਰਾਂ ਦੂਰ ਦੂਰ ਦੀਆ ਜੂਹਾਂ ਤੱਕ
ਮ੍ਰਿਗ ਤ੍ਰਿਸ਼ਨਾ ਦੌੜੇਗੀ ਸਾਹਾਂ ਦਾ ਰਥ ਖਲੋਵੇਗਾ
ਬੀਤੇ ਤੋਂ ਸਬਕ ਸਿੱਖੇ ਛੱਡ ਦੇਵੇ ਬੀਤੇ ਦੀ ਗਲਤੀ
ਬੰਦਾ ਸੋਚੇ ਜੇ ਅੱਜ ਨੂੰ ਬਾਸੀ ਕੱਲ ਸੁਖਾਲਾ ਹੋਵੇਗਾ
ਜੰਗ ਲੜਾਈ ਤੋਂ ਬਿਨ ਕੁਦਰਤੀ ਆਫਤਾਂ ਦੱਬ ਲੈਣਾ
ਆਪਣੀ ਨਸਲ ਨੂੰ ਬਾਸੀ ਆਪਣੇ ਹੱਥੀਂ ਖੋਵੇਗਾ