ਕੁਕਨੂਸ: ਤ੍ਰੈਕਾਲੀ ਚਿਤਰਪਟ
(ਕਵਿਤਾ)
1.
ਭੂਤ ਵਲਾਂ ਪਰਤਦਾ ਹਾਂ, ਤਾਂ
ਡਿਸਕ ਕਰੈਸ਼ ਹੋ ਜਾਂਦੀ ਹੈ।
ਰਿਸ਼ਤਿਆਂ, ਚਿਹਰਿਆਂ,
ਘਟਨਾਵਾਂ ਤੇ ਥਾਵਾਂ ਦੇ ਬਿੰਬ,
ਪਲਕ ਝਪਕ 'ਚ,
ਸ਼ੂਨਯ ਹੋ ਜਾਂਦੇ ਹਨ।
ਸੂਈਆਂ ਡਿਗ ਪੈਂਦੀਆਂ ਹਨ,
ਕਲਾਕ ਖੜੋ ਜਾਂਦੇ ਹਨ!!!
2
ਵਰਤਮਾਨ ਦੀ ਗੱਲ ਵੀ,
ਜੀਭ 'ਤੇ ਛਾਲਾ ਹੈ!
ਹਰ ਫਰਦ ਅਪਰਾਧੀ,
ਆਪਣਾ ਹੀ ਪਾਲਾ ਹੈ।
ਇਹ ਅਜਨਬੀ ਬਸਤੀ ਹੈ,
ਹਰ ਚਿਹਰਾ ਘੁਟਾਲਾ ਹੈ।
3.
ਭਲਕ ਵੱਲ ਵੀ, ਤਾਂ
ਸੰਘਣਾਂ ਅਨ੍ਹੇਰਾ ਹੈ।
ਸੁਫਨੇ ਨੇ ਮਰੇ ਹੋਏ,
ਗਿਰਝਾਂ ਦਾ ਡੇਰਾ ਹੈ।
4.
ਤ੍ਰੈ-ਕਾਲ ਇਹ ਮੇਰਾ? ਕਿ
ਸੱਭਿਅਤਾਵਾਂ ਦੀ ਵਿਥਿਆ ਹੈ???
ਇਹ ਸਫ਼ਰ ਹੈ ਅਰਥਾਂ ਦਾ,
ਇਹ ਸ਼ਬਦਾਂ ਨੇ ਕਥਿਆ ਹੈ!
5.
ਤ੍ਰੈ-ਕਾਲੀ ਚਿਤਰਪਟ ਦੀ,
ਹਰ ਬਾਤ ਬੁਝਾਰਤ ਹੈ!!!
ਕੁਕਨੂਸ ਨੂੰ ਮਰ, ਮਿਟਕੇ ਵੀ,
ਜਿਊ ਪੈਣ ਦੀ ਆਦਤ ਹੈ!!!