ਰਾਤ ਹਨੇਰੀ ਬੱਦਲ ਛਾਏ ਦਿਸਦੇ ਤਾਰੇ ਟਾਵੇਂ ਟਾਵੇਂ ।
ਚਾਨਣ ਦੀ ਛਿੱਟ ਵੰਡਣ ਨਿਕਲੇ ਜੁਗਨੂੰ ਬਣਕੇ ਟਾਵੇਂ ਟਾਵੇਂ ।
ਜਦ ਬੇੜੀ ਡੁੱਬਣ ਤੇ ਆਵੇ ਅਪਣੀ ਅਪਣੀ ਪੈ ਜਾਂਦੀ ਹੈ ,
ਡੁਬਦੀ ਬੇੜੀ ਪਾਰ ਲਗਾਉਦੇ ਚੱਪੂ ਬਣਕੇ ਟਾਵੇਂ ਟਾਵੇਂ ।
ਜ਼ਰ, ਜ਼ੋਰੂ,ਜ਼ਮੀਨ ਦੀ ਖਾਤਰ ਸੀਸ ਬਥੇਰੇ ਵੱਡੀਦੇ ਨਿੱਤ ,
ਸੀਸ ਤਲੀ ਤੇ ਲੋਕਾਂ ਖਾਤਰ ਪਰ ਨੇ ਧਰਦੇ ਟਾਵੇਂ ਟਾਵੇਂ ।
ਸ਼ਾਹ ਘਟਾਵਾਂ ਲੰਘਣ ਸਿਰ ਤੋਂ ਚੜਕੇ 'ਵਾ ਕੰਧੇੜੀਂ,
ਪਿਆਸੀ ਧਰਤੀ ਦੀ ਹਿੱਕ ਠਾਰਨ ਬੱਦਲ ਵਰ੍ਹਕੇ ਟਾਵੇਂ ਟਾਵੇਂ ।
ਵਾਹ ਵਾਹ ਖੱਟਣ,ਸੋਲ੍ਹੇ ਗਾਵਣ ਸਰਕਾਰਾਂ ਦੇ ਰਾਜ ਕਵੀ,
ਜਾਲਮ ਜੋ ਫੋਲਣ ਪਰਦੇ , ਸੱਚ ਨੇ ਲਿਖਦੇ ਟਾਵੇਂ ਟਾਵੇਂ ।