ਡਾਲਰਾਂ ਦੇ ਅਗੇ ਮੁੱਲ ਘਟਿਆ ਰੁਪਈਆਂ ਦਾ।
ਪੈ ਗਿਆ ਪਟਾਕਾ ਸਾਡੇ ਭਰਮਾਂ ਦੇ ਪਹੀਆਂ ਦਾ।
ਚੱਬ ਜਾਊ ਸਾਨੂੰ ਮੰਡੀ ਆਲਮੀ ਦਾ ਦਿਉ-ਦੈਂਤ,
ਪਿਛੋਂ ਪਤਾ ਲਗਦੈ ਸਿਆਣੇ ਦੀਆਂ ਕਹੀਆਂ ਦਾ।
ਸੱਜਰੀ ਪਕਾ ਦੇਣ ਵਾਲੀ ਬੇਬੇ ਮਰ ਗਈ,
ਢੇਰ ਹੈ ਫਰਿਜ ਵਿਚ ਬੇਹੀਆ ਤਰ ਬੇਹੀਆਂ ਦਾ।
ਸਿੰਗ ਕਿਉਂ ਫਸਾਉਂਦੇ ਆਪੋ ਵਿਚ, ਕਹਿਣਾ ਪੰਡਤਾਂ ਦਾ,
ਦੁਧ ਪੀਣ ਵਾਲੇ ਅਸੀਂ ਜਿੰਨੇ ਪੁੱਤ ਮਹੀਆਂ ਦਾ।
ਘੜ ਨਾ ਬਹਾਨੇ ਤੁਰ ਕਾਫਲੇ ਦੇ ਨਾਲ ਨਾਲ,
ਬਣੀ ਨਾ ਪੁਜਾਰੀ ਵੀਰਾ, ਪਿਛੇ ਪੈੜਾਂ ਰਹੀਆਂ ਦਾ।
ਮੁੱਲ ਕਦੇ ਮੰਗਿਆ, ਸ਼ਹੀਦਾਂ ਨਾ ਮੁਰੀਦਾਂ ਨੇ,
ਕੀਤਾ ਨਾ ਵਿਖਾਵਾ ਸੱਟਾਂ ਮੌਰਾਂ ਉਤੇ ਸਹੀਆਂ ਦਾ।
ਅਕਲੇ ਨੀਂ ਅਕਲੇ ਤੂੰ ਰੋਕ ਨਾ ਦੀਵਾਨਗੀ ਤੋਂ,
ਮਕਤਲ ਵਿਚ ਮੁੱਲ ਕੀਹ ਏ ਤੇਰੇ ਜਹੀਆਂ ਦਾ।