ਚੰਗਾ ਆਚਰਣ ਮਨੁੱਖਤਾ ਦਾ ਦਰਪਣ
(ਲੇਖ )
ਅੱਜ ਦੇ ਸਮਾਜ ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹਰ ਇੱਕ ਇਨਸਾਨ ਦੂਸਰਿਆ ਵਿੱਚ ਦੋਸ਼ ਲੱਭਣ ਵਿੱਚ ਆਪਣਾ ਕੀਮਤੀ ਸਮਾਂ ਅਜਾਈ ਗਵਾ ਰਿਹਾ ਹੈ। ਇਹ ਗੱਲ ਹਰ ਥਾਂ ਪ੍ਰਚੱਲਿਤ ਹੈ ਭਾਂਵੇ ਘਰ, ਸਰਕਾਰੀ ਮਹਿਕਮਾ, ਰਾਜਨੀਤੀ ਜਾਂ ਕੋਈ ਧਾਰਮਿਕ ਅਸਥਾਨ ਵੀ ਕਿਉਂ ਨਾ ਹੋਵੇ। ਇਨਸਾਨ ਕਿਸੇ ਵੀ ਮਾੜੀ ਘਟਨਾਂ ਲਈ ਦੂਸਰਿਆਂ ਨੂੰ ਜਿੰਮੇਵਾਰ ਦੱਸੇਗਾ। ਬੇਸ਼ੱਕ ਉਸ ਲਈ ਉਹ ਖੁਦ ਹੀ ਜਿੰਮੇਵਾਰ ਕਿਉਂ ਨਾ ਹੋਵੇ। ਚਾਹੀਦਾ ਹੈ ਕਿ ਜੇਕਰ ਕਿਸੇ ਦਾ ਕਸੂਰ ਹੈ ਵੀ, ਉਹ ਉਸ ਨੂੰ ਕਹਿਣ ਦੀ ਬਜਾਏ, ਖੁਦ ਹੀ ਉਸ ਕੰਮ ਦੇ ਨਤੀਜੇ ਨੂੰ ਆਪਣੇ ਉੱਪਰ ਲੈ ਲਵੇ ਤਾਂ ਝਗੜਾ ਆਪਣੇ ਆਪ ਹੀ ਖ਼ਤਮ ਹੋ ਜਾਂਦਾ ਹੈ। ਇਸ ਤਰ•ਾਂ ਕਰਨ ਨਾਲ ਦੋਸ਼ੀ ਵਿਅਕਤੀ ਆਪਣਾ ਕਸੂਰ ਵੀ ਮੰਨ ਲਵੇਗਾ ਅਤੇ ਸ਼ਰਮਿੰਦਾ ਵੀ ਹੋਵੇਗਾ। ਅੱਜ ਦੇ ਹਾਲਾਤ ਮੁਤਾਬਕ ਮਨੁੱਖ ਦੀ ਐਸੀ ਹੀ ਬਿਰਤੀ ਦੀ ਲੋੜ ਹੈ। ਗੱਲ ਸਿਰਫ ਆਪਣੇ ਆਪ ਨੂੰ ਪਛਾਨਣ ਦੀ ਹੈ। ਅਜਿਹੀ ਬਿਰਤੀ ਹੀ ਇਸ ਸਮਾਜ ਨੂੰ ਨਰੋਆ ਅਤੇ ਮਜਬੂਤ ਬਣਾਉਣ ਵਿੱਚ ਸਹਾਈ ਹਵੇਗੀ।
ਅਜੋਕੇ ਮਨੁੱਖ ਦੀ ਜਿੰਦਗੀ ਬਹੁਤ ਹੀ ਗੁੰਝਲਦਾਰ ਬਣੀ ਹੋਈ ਹੈ, ਅਤੇ ਸਮੱਸਿਆਵਾਂ ਵਿੱਚ ਜਕੜੀ ਹੋਈ ਮਹਿਸੂਸ ਹੁੰਦੀ ਹੈ। ਸਮਾਜ ਨਰੋਆ ਪ੍ਰਤੀਤ ਨਹੀ ਹੁੰਦਾ। ਮਨੁੱਖਤਾ ਵਿੱਚ ਆਪਸੀ ਭਾਈਚਾਰੇ ਅਤੇ ਸਹਿਯੋਗ ਦੀ ਘਾਟ ਹੈ। ਇਸ ਬਾਰੇ ਮਨੁੱਖ ਨੂੰ ਸੰਜੀਦਗੀ ਨਾਲ ਚਿੰਤਨ ਕਰਨ ਦੀ ਲੋੜ ਹੈ। ਸ਼ੇਖ ਫਰੀਦ ਜੀ ਨੇ ਦੁਨੀਆਂ ਦੀ ਐਸੀ ਹਾਲਤ ਵੇਖ ਕੇ ਹੀ ਓਸ ਵਾਹਿਗੁਰੂ ਨੂੰ ਕਿਹਾ ਸੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪੰਗਤੀ ਹੈ ‘‘ਫਰੀਦਾ ਚਿੰਤ ਖਟੋਲ ਵਾਣ ਦੁੱਖ ਬਿਰਹਾ ਬਿਛਾਵਣ ਲੇਖ ਏਹੋ ਹਮਾਰਾ ਜੀਵਨਾਂ ਤੂੰ ਸਾਹਿਬ ਸੱਚੇ ਵੇਖ’’ ਅਸਲ ਵਿੱਚ ਇਹ ਸਭ ਕਾਸੇ ਲਈ ਮਨੁੱਖ ਖੁਦ ਹੀ ਜਿੰਮੇਵਾਰ ਲੱਗਦਾ ਹੈ ਕਿਉਂਕਿ ਉਹ ਸਮੱਸਿਆਵਾਂ ਦੇ ਹੱਲ ਲਈ ਦੂਸਰਿਆਂ ਦੀ ਮੱਦਦ ਚਹੁੰਦਾ ਹੈ। ਅਜਿਹਾ ਕਰਨ ਨਾਲ ਉਹ ਖੁਸ਼ੀ ਹਾਸਿਲ ਨਹੀ ਕਰ ਸਕਦਾ। ਉਹ ਖੁਦ ਆਪਣੀਆਂ ਕਮਜ਼ੋਰੀਆਂ ਨਾ ਸਮਝਦਾ ਹੋਇਆ ਸਗੋਂ ਦੂਸਰਿਆਂ ਨੂੰ ਕਸੂਰਵਾਰ ਸਮਝਦਾ ਹੈ। ਜੇਕਰ ਮਨੁੱਖ ਖੁਦ ਆਪਣੀਆਂ ਕਮੀਆਂ ਮਹਿਸੂਸ ਕਰਕੇ ਉਹਨਾਂ ਨੂੰ ਸੁਧਾਰੇ ਤਾਂ ਦੂਸਰਿਆਂ ਦੇ ਨੁਕਸ ਕੱਢਣ ਦੀ ਲੋੜ ਨਹੀ ਪਵੇਗੀ। ਸਿਰਫ ਇਹੀ ਵੇਖੇ ਕਿ ਮੇਰੇ ਵਿੱਚ ਕਸੂਰ ਕੀ ਹਨ ਤੇ ਮੈਂ ਇਹਨਾਂ ਨੂੰ ਦੂਰ ਕਿਵੇਂ ਕਰਨਾ ਹੈ ਜਿੰਨੀ ਜਲਦੀ ਹੋ ਸਕੇ ਆਪਣੇ ਆਪ ਨੂੰ ਦੋਸ਼ ਰਹਿਤ ਬਣਾ ਕੇ ਨਿਰਮਲ ਬਣਾਵੇ। ਜੇਕਰ ਹਰ ਇੱਕ ਇਨਸਾਨ ਅਜਿਹਾ ਗੁਣ ਧਾਰਨ ਕਰ ਲਵੇ ਤਾਂ ਉਸ ਨੂੰ ਦੁਨੀਆਂ ਦਾ ਹਰੇਕ ਵਿਅਕਤੀ ਚੰਗਾ ਲੱਗੇਗਾ ਅਤੇ ਦੁਨੀਆਂ ਬਹੁਤ ਹੀ ਸਹੱਪਣ ਭਰਪੂਰ ਅਤੇ ਰਹਿਣਯੋਗ ਜਾਪੇਗੀ।
ਅਕਸਰ ਹੀ ਵੇਖਿਆ ਗਿਆ ਹੈ ਕਿ ਅੱਜ ਦਾ ਇਨਸਾਨ ਆਪਣੇ ਆਪ ਨੂੰ ਸੰਪੂਰਨ ਮਨੁੱਖ ਸਮਝਦਾ ਹੈ ਜੋ ਕਿ ਗਲਤ ਧਾਰਨਾ ਹੈ। ਆਪਣੇ ਆਪ ਵਿੱਚ ਸੰਪੂਰਨ ਤਾਂ ਖੁਦ ਪਰਮ ਪਿਤਾ ਪਰਮਾਤਮਾ ਹੀ ਹੈ। ਹਰਇੱਕ ਇਨਸਾਨ ਅਧੂਰਾ ਹੈ, ਹਰੇਕ ਇਨਸਾਨ ਵਿੱਚ ਕੋਈ ਨਾ ਕੋਈ ਕਮੀ ਜਰੂਰ ਹੁੰਦੀ ਹੈ। ਹਾਂ ਇਹ ਜਰੂਰ ਹੋਵੇਗਾ ਕਿ ਕਿਸੇ ਵਿੱਚ ਘੱਟ ਅਤੇ ਕਿਸੇ ਵਿੱਚ ਵੱਧ ਹੁੰਦੀ ਹੈ। ਅੱਜ ਦੀ ਮੁੱਖ ਲੋੜ ਹੈ ਕਿ ਮਨੁੱਖ ਆਪਣੀ ਪਰਖ਼ ਖੁਦ ਆਪ ਹੀ ਕਰੇ। ਅਜਿਹਾ ਕਰਨ ਨਾਲ ਉਸਨੂੰ ਆਪਣੇ ਗੁਣ ਅਤੇ ਔਗੁਣਾਂ ਦਾ ਮੁਲਾਂਕਣ ਕਰਨ ਦਾ ਖੁਦ ਅਵਸਰ ਮਿਲੇਗਾ ਅਤੇ ਆਪਣੇ ਆਪ ਨੂੰ ਸੁਧਾਰਨ ਦੀ ਸ਼ਕਤੀ ਪ੍ਰਬਲ ਹੋਵੇਗੀ। ਦੂਸਰੇ ਨੂੰ ਸੁਧਾਰਨ ਅਤੇ ਉਸਦੇ ਗੁਣ ਔਗੁਣਾਂ ਦੀ ਵਖਿਆਣ ਦੀ ਲੋੜ ਹੀ ਨਹੀਂ ਪਵੇਗੀ। ਹਰ ਮਨੁੱਖ ਕਿਸੇ ਦੂਸਰੇ ਨੂੰ ਨਹੀ ਸੁਧਾਰ ਸਕਦਾ ਹਾਂ ਆਪਣੇ ਆਪ ਨੂੰ ਸੁਧਾਰਨ ਦੀ ਸ਼ਕਤੀ ਜਰੂਰ ਰੱਖਦਾ ਹੈ। ਜੇਕਰ ਮਨੁੱਖ ਆਪਣੇ ਆਪ ਨੂੰ ਸੁਧਾਰ ਕੇ ਆਵਦੇ ਸਵੈ ਨੂੰ ਸੁਧਾਰ ਕੇ ਖੁਦ ਨੂੰ ਨਿਰਮਲ ਕਰ ਲਵੇ ਤਾਂ ਇਸ ਵਰਗੀ ਹੋਰ ਕੋਈ ਰੀਸ ਹੀ ਨਹੀ ਹੈ। ਅੱਜ ਦੇ ਹਲਾਤਾਂ ਵਿੱਚ ਘਰਾਂ ਮੁਹੱਲੇ ਅਤੇ ਸਰਵਜਨਕ ਥਾਵਾਂ ਤੇ ਇਹੀ ਝਗੜੇ ਤੇ ਬਹਿਸਾਂ ਵੇਖਣ ਨੂੰ ਮਿਲਦੀਆਂ ਹਨ ਕਿ ਫਲਾਣੇ ਵਿਅਕਤੀ ਦਾ ਵਿਹਾਰ ਫਲਾਣੇ ਦੀ ਆਦਤ ਅਤੇ ਫਲਾਣੇ ਦਾ ਚਾਲ ਚਲਣ ਠੀਕ ਨਹੀ ਹੈ। ਪਰ ਉਹੀ ਮਨੁੱਖ ਕਦੇ ਇਹ ਵੀ ਸੋਚੇ ਕਿ ਮੈਂ ਖੁਦ ਕਿੰਨਾਂ ਕੁ ਠੀਕ ਹਾਂ? ਚਾਹੀਦਾ ਇਹ ਹੈ ਕਿ ਉਹ ਖੁਦ ਨੂੰ ਹੀ ਠੀਕ ਕਰ ਲਵੇਂ ਤਾਂ ਆਪਣੇ ਆਪ ਹੀ ਸਭ ਠੀਕ ਲੱਗਣਗੇ। ਜੇਕਰ ਦੁਨੀਆਂ ਦੇ ਹਰ ਇਨਸਾਨ ਵਿੱਚ ਆਪਣੇ ਆਪ ਨੂੰ ਸੁਧਾਰਨ ਦੀ ਤਾਂਘ ਜਾਗਰੂਕਤ ਹੋਵੇ ਭਾਵ ਆਪਣੀਆਂ ਕਮਜ਼ੋਰੀਆਂ ਔਗੁਣਾਂ ਅਤੇ ਖੋਖਲੇਪਣ ਨੂੰ ਖ਼ਤਮ ਕਰ ਲਵੇ ਤਾਂ ਇਹ ਸਮਾਜ ਦੇਸ਼ ਤੇ ਦੁਨੀਆਂ ਦੀ ਸੁਹੱਪਣ ਬਹੁਤ ਹੀ ਨਿਰਾਲੀ ਹੋਵੇਗੀ। ਇਸ ਸੰਸਾਰ ਵਿੱਚ ਵਿੱਚਰਦੇ ਹੋਏ ਕਿਸੇ ਵੀ ਵਿਅਕਤੀ ਨੂੰ ਦੂਸਰਿਆਂ ਦੀਆਂ ਮਿਹਰਬਾਨੀਆਂ ਅਤੇ ਕੀਤੇ ਹੋਏ ਉਪਕਾਰਾਂ ਨੂੰ ਵਿਸਾਰ ਦੇਣ ਜਾਇਜ਼ ਨਹੀ ਠਹਿਰਾਇਆ ਜਾ ਸਕਦਾ। ਲੋੜ ਇਸ ਗੱਲ ਦੀ ਹੈ ਕਿ ਮਨੁੱਖ ਕਿਸੇ ਦੇ ਕੀਤੇ ਹੋਏ ਉਪਕਾਰਾਂ ਅਤੇ ਗੁਣਾਂ ਨੂੰ ਭੁੱਲੇ ਨਾ ਸਗੋਂ ਆਪਣੇ ਵੱਲੋਂ ਉਸ ਉੱਤੇ ਹੋਰ ਵੀ ਭਲਾਈ ਕਰੇ ਅਤੇ ਆਪਣੀ ਸਮਰੱਥਾ ਤੋਂ ਵੱਧ ਕਿ ਉਸ ਨੂੰ ਇਹ ਮਹਿਸੂਸ ਕਰਾਵੇ ਕਿ ਕਿਸੇ ਸਮੇਂ ਤੁਸੀ ਮੇਰੇ ਤੇ ਜੋ ਉਪਕਾਰ ਕੀਤੇ ਸਨ ਇਹ ਤਾਂ ਉਹਨਾਂ ਦੇ ਬਰਾਬਰ ਤੁੱਛ ਹਨ। ਜੇਕਰ ਕੋਈ ਇਨਸਾਨ ਕਿਸੇ ਦੇ ਕੀਤੇ ਪਰਉਪਕਾਰਾਂ ਨੂੰ ਭੁਲਾ ਦਿੰਦਾ ਹੈ ਤਾਂ ਉਸਨੂੰ ਨੇਕ ਇਨਸਾਨ ਨਹੀ ਕਿਹਾ ਜਾ ਸਕਦਾ। ਕਿਉਂਕਿ ਅਰੋਗ ਨੂੰ ਨੇਕ ਇਨਸਾਨਾਂ ਦੀ ਜਰੂਰਤ ਹੈ ਨਾ ਕਿ ਅਕ੍ਰਿਤਘਣ ਇਨਸਾਨਾਂ ਦੀ। ਇਸ ਲਈ ਚਾਹੀਦਾ ਹੈ ਕਿ ਜੋ ਮਨੁੱਖ ਕਿਸੇ ਲਈ ਹਿੱਤ ਰੱਖਦਾ ਹੈ ਉਸ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਉਹ ਵੀ ਉਸ ਦਾ ਬੁਰਾ ਨਾ ਚਿਤਵੇ ਭਾਵ ਉਸ ਲਈ ਰਹਿਮਦਿਲੀ ਦੀ ਭਾਵਨਾ ਆਪਣੇ ਅੰਦਰ ਸਮੋ ਕਿ ਰੱਖੇ, ਦੁਨੀਆਂ ਭਰ ਦੇ ਇਨਸਾਨਾਂ ਵਿੱਚ ਕਿਤੇ ਨਾ ਕਿਤੇ ਇਨਸਾਨੀਅਤ ਦੀ ਭਾਵਨਾ ਜਰੂਰ ਹੈ। ਲੋੜ ਹੈ ਉਸ ਭਾਵਨਾ ਨੂੰ ਉਜਾਗਰ ਕਰਨ ਅਤੇ ਜਗਾਉਣ ਦੀ। ਇਹ ਤਾਂ ਹੀ ਸੰਭਵ ਹੈ ਜੇਕਰ ਉਹ ਇਨਸਾਨ ਆਪਣੇ ਆਪ ਨੂੰ ਪਛਾਣੇ ਅਤੇ ਅੰਦਰੋਂ ਹੀ ਗਿਆਨ ਹਾਸਿਲ ਕਰੇ। ਹਰਇੱਕ ਇਨਸਾਨ ਇਹ ਸੋਚੇ ਕਿ ਮੇਰੇ ਕੀਤੇ ਹੋਏ ਕਿਸੇ ਵੀ ਕੰਮ ਨਾਲ ਕਿਸੇ ਦੂਸਰੇ ਨੂੰ ਕੋਈ ਨੁਕਸਾਨ ਤਾਂ ਨਹੀ ਹੋ ਰਿਹਾ, ਜਾਂ ਇਸ ਕੀਤੇ ਕੰਮ ਨਾਲ ਉਸਦੇ ਦਿਲ ਤੇ ਚੋਟ ਤਾਂ ਨਹੀ ਵੱਜੇਗੀ। ਤਾਂ ਨਿਰਸੰਦੇਹ ਉਹ ਸਮਾਜ ਸਹੀ ਸਮਾਜ ਹੋਵੇਗਾ। ਪਰ ਆਪਣੇ ਅੰਦਰ ਦੀ ਝਾਤ ਕੋਈ ਭਲੇ ਪੁਰਸ਼ ਹੀ ਪਾ ਸਕਦੇ ਹਨ, ਇਸ ਲਈ ਜਰੂਰੀ ਹੈ ਕਿ ਹਰ ਇਨਸਾਨ ਨੇਕ ਬਣੇ। ਇਹ ਕੰਮ ਕਰਨ ਲਈ ਉਸਨੂੰ ਆਪਣੀਆਂ ਬੁਰਾਈਆਂ ਨੂੰ ਤਿਆਗ ਕੇ ਦੂਸਰੇ ਦੀਆਂ ਚੰਗਿਆਈਆਂ ਨੂੰ ਗ੍ਰਹਿਣ ਕਰਨਾ ਪਵੇਗਾ। ਉਸਨੂੰ ਆਪਣੇ ਆਪ ਨੂੰ ਭੁੱਲ ਕੇ ਦੂਸਰਿਆਂ ਵਿੱਚੋਂ ਚੰਗੇ ਗੁਣ ਹੀ ਦਿਸਣ। ਜੇਕਰ ਉਹ ਆਪਣੀਆਂ ਕਮਜ਼ੋਰੀਆਂ ਤਿਆਗ ਕੇ ਆਪਣੇ ਆਪ ਨੂੰ ਸਰਲ ਅਤੇ ਸੰਜੀਦਗੀ ਵਾਲਾ ਜੀਵਨ ਦੇ ਕੇ ਜਿਉਣਾ ਚਹੁੰਦਾ ਹੈ ਤਾਂ ਹੀ ਉਸਦੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਐਸੀ ਕਿਰਪਾ ਹੋ ਸਕਦੀ ਹੈ। ਜਿਸ ਨਾਲ ਉਹ ਆਪਣੀਆਂ ਬੁਰਾਈਆਂ ਤੋਂ ਸਹਿਜੇ ਹੀ ਖਹਿੜਾ ਛੁਡਾ ਸਕਦਾ ਹੈ। ਜਿੰਨ•ਾਂ ਮਨੁੱਖਾਂ ਨੂੰ ਆਪਣੇ ਅੰਦਰ ਪ੍ਰਮਾਤਮਾ ਦੀ ਹੋਂਦ ਦਾ ਅਹਿਸਾਸ ਹੋਵੇਗਾ, ਉਹਨਾਂ ਨੂੰ ਕਦੇ ਵੀ ਕੋਈ ਦੁੱਖ ਨਹੀ ਆ ਸਕਦਾ, ਉਹ ਹਮੇਸ਼ਾਂ ਹੀ ਚੜ•ਦੀਕਲਾ ਵਿੱਚ ਰਹਿਣਗੇ। ਇਸ ਤੋਂ ਇਲਾਵਾ ਆਪਣੇ ਆਪ ਨੂੰ ਲੋਭ ਮੋਹ ਹੰਕਾਰ ਈਰਖਾ ਝੂਠ ਨਿੰਦਾ ਅਤੇ ਵੈਰ ਵਿਰੋਧ ਤੋਂ ਦੂਰ ਰੱਖੇ, ਉਸਦਾ ਚੰਗਾ ਆਚਰਣ ਹੀ ਉਸਨੂੰ ਸਹੀ ਸੋਚ ਅਤੇ ਸੱਚਾਈ ਦਾ ਧਾਰਨੀ ਬਣਾਉਂਦਾ ਹੈ। ਉਸਦਾ ਆਚਰਣ ਅੰਦਰੋਂ ਅਤੇ ਬਾਹਰੋਂ ਸ਼ੁੱਧ ਹੋਣਾ ਜਰੂਰੀ ਹੈ ਉਹ ਅਕਾਲ ਪੁਰਖ ਦੀ ਰਜ਼ਾ ਵਿੱਚ ਰਹੇ, ਉਸਦੇ ਭਾਣੇ ਅਨੁਸਾਰ ਸੇਵਾ, ਸਾਦਗੀ ਅਤੇ ਮਨੁੱਖੀ ਭਾਈਚਾਰੇ ਵਾਲਾ ਜੀਵਨ ਬਤੀਤ ਕਰੇ, ਦੁੱਖ ਸੁੱਖ ਨੂੰ ਇੱਕੋ ਜਿਹਾ ਮੰਨ•ੇ, ਆਪਸੀ ਪ੍ਰੇਮ ਪਿਆਰ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਵੇ, ਅਜਿਹੀ ਧਾਰਨਾ ਵਾਲਾ ਮਨੁੱਖ ਕਦੇ ਵੀ ਦੂਜਿਆਂ ਵਿੱਚ ਔਗੁਣ ਨਹੀ ਵੇਖਦਾ ਸਗੋਂ ਆਪਣੇ ਆਪ ਨੂੰ ਨਿਮਾਣਾ ਸਮਝ ਕੇ ਆਪਣੇ ਅੰਦਰ ਹੀ ਔਗੁਣਾਂ ਦੀ ਤਲਾਸ਼ ਕਰਕੇ ਉਹਨਾਂ ਨੂੰ ਹੀ ਦੂਰ ਕਰਦਾ ਹੈ। ਇਸ ਲਈ ਹਲੀਮੀ ਵਾਲਾ ਵਤੀਰਾ ਹੀ ਮਨੁੱਖ ਲਈ ਸਭ ਤੋਂ ਲਾਹੇਵੰਦ ਹੋ ਸਕਦਾ ਹੈ। ਹਲੀਮੀ ਕਾਰਨ ਹੀ ਉਹ ਆਪਣੇ ਆਪ ਨੂੰ ਸਮਾਜ ਵਿੱਚ ਸਹੀ ਢੰਗ ਨਾਲ ਵਿਚਰਣ ਦੇ ਕਾਬਲ ਬਣਾ ਸਕਦਾ ਹੈ। ਇਸ ਬਾਬਤ ਵੀ ਫ਼ਰੀਦ ਜੀ ਦਾ ਵਖਿਆਣ ਬਾਣੀ ਵਿੱਚ ਦਰਜ਼ ਹੈ ‘‘ਫ਼ਰੀਦਾ ਜੋ ਤੈਂ ਮਾਰਣ ਮੁੱਕੀਆਂ, ਤਿਨਾ ਨਾ ਮਾਰੇ ਘੁੰਮ। ਆਪ ਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ’’। ਫ਼ਰੀਦ ਜੀ ਲਿਖਦੇ ਹਨ ਕਿ ਬੁਰਾਈ ਦਾ ਖਾਤਮਾ ਬੁਰਾਈ ਕਰਕੇ ਹੀ ਨਹੀ ਸਗੋਂ ਭਲਾਈ ਨਾਲ ਹੀ ਸੰਭਵ ਹੈ ਅਜਿਹਾ ਕਰਨ ਵਾਲੇ ਮਨੁੱਖ ਦਾ ਖੁਦ ਆਪਣਾ ਵੀ ਭਲਾ ਹੀ ਹੁੰਦਾ ਹੈ। ‘‘ਫ਼ਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ। ਦੇਹੀ ਰੋਗ ਨਾਲ ਲੱਗਈ ਪੱਲੇ ਸਭ ਕੁਛ ਪਾਏ’’। ਆਪਣੀ ਪਛਾਣ ਲਈ ਮਨੁੱਖ ਵਿੱਚ ਸਬਰ ਸੰਤੋਖ ਦਾ ਹੋਣਾ ਲਾਜ਼ਮੀ ਹੈ। ਜੇਕਰ ਮਨੁੱਖ ਨੇ ਪ੍ਰਮਾਤਮਾ ਤੋਂ ਕੁਝ ਮੰਗਣਾ ਹੈ ਤਾਂ ਉਸ ਦੀ ਦਰਗਾਹ ਤੇ ਸਬਰ ਸੰਤੋਖ ਦੀ ਹੀ ਮੰਗ ਕਰੇ। ਸਬਰ ਸੰਤੋਖ ਨਾਲ ਮਨੁੱਖ ਦੂਸਰਿਆਂ ਦੀ ਬੁਰਾਈ ਕਦੇ ਨਹੀ ਲੋਚਦਾ, ਸਗੋਂ ਆਪਣੇ ਆਪ ਨੂੰ ਭਲੀ ਭਾਂਤੀ ਸ਼ੁੱਧ ਕਰ ਲੈਂਦਾ ਹੈ ਅਤੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਣ ਦਾ ਸਬੱਬ ਬਣਾ ਲੈਂਦਾ ਹੈ। ਮਨੁੱਖਤਾ ਅੰਦਰ ਸਰਬਸਾਂਝੀਵਾਲਤਾ ਦਾ ਗੁਣ ਹੋਣਾ ਅਤਿਅੰਤ ਜਰੂਰੀ ਹੈ ਤਾਂ ਹੀ ਉਹ ਦੂਸਰਿਆਂ ਬਾਰੇ ਚੰਗਾ ਸੋਚ ਸਕਦਾ ਹੈ। ਅਜਿਹਾ ਹੋਣ ਨਾਲ ਉਸਨੂੰ ਦੂਸਰਿਆਂ ਵਿੱਚ ਗੁਣ ਹੀ ਗੁਣ ਨਜ਼ਰ ਆਉਣਗੇ। ਕਿਸੇ ਨੂੰ ਫਿੱਕਾ ਬੋਲਣਾ, ਮਾੜਾ ਬੋਲਣਾ ਕਦੇ ਵੀ ਸ਼ੋਭਾ ਨਹੀ ਦਿੰਦਾ। ਇਸ ਬਾਰੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਵਿੱਚ ਫਰਮਾਉਂਦੇ ਹਨ ‘‘ਨਾਨਕ ਫਿੱਕਾ ਬੋਲੀਐ, ਤਨ ਮਨ ਫਿੱਕਾ ਹੋਏ’’। ਅਜੋਕੇ ਸੰਸਾਰ ਵਿੱਚ ਵਿਚਰ ਰਿਹਾ ਇਨਸਾਨ ਅੰਦਰੋਂ ਅਤੇ ਬਾਹਰੋਂ ਇੱਕ ਜੈਸਾ ਪ੍ਰਤੀਤ ਨਹੀ ਹੁੰਦਾ, ਲੋੜ ਹੈ ਕਿ ਮਨੁੱਖ ਆਪਣੇ ਆਪ ਨੂੰ ਐਨਾ ਪਵਿੱਤਰ ਕਰ ਲਵੇ ਕਿ ਅੰਦਰੋਂ ਅਤੇ ਬਾਹਰੋਂ ਇੱਕ ਜਿਹਾ ਪ੍ਰਤੀਤ ਹੋਵੇ। ਜੇਕਰ ਅਜਿਹਾ ਸੰਭਵ ਹੋ ਸਕੇ ਤਾਂ ਕਲਯੁਗ ਦੇ ਵਿੱਚ ਸਵਰਗ ਬਣ ਸਕਦਾ ਹੈ। ਜੇਕਰ ਮਨੁੱਖ ਆਪਣੇ ਆਪ ਨੂੰ ਪਛਾਣ ਲਵੇ ਤਾਂ ਉਹ ਸਭ ਕੁਝ ਪਾਉਣ ਦੀ ਸਮਰੱਥਾ ਵੀ ਰੱਖਦਾ ਹੈ। ਐਸਾ ਕਰਨ ਨਾਲ ਹੀ ਸਾਰਾ ਸੰਸਾਰ ਸੋਹਣਾ ਅਤੇ ਮਨੁੱਖੀ ਭਾਈਚਾਰੇ ਵਾਲਾ ਦਿਸੇਗਾ। ਅੱਜ ਦੁਨੀਆਂ ਭਰ ਵਿੱਚ ਹਰ ਪਾਸੇ ਅਸ਼ਾਂਤੀ, ਝਗੜਾ, ਈਰਖਾ, ਵੈਰ ਵਿਰੋਧ ਅਤੇ ਆਪਸੀ ਮੇਲ ਜੋਲ ਦੀ ਕਮੀ ਪਾਈ ਜਾਂਦੀ ਹੈ। ਹਰਇੱਕ ਮਨੁੱਖ ਇੱਕ ਦੂਸਰੇ ਨੂੰ ਹੀ ਕਸੂਰਵਾਰ ਸਮਝਦਾ ਹੈ, ਪਰ ਇਹ ਨਹੀ ਸੋਚਦਾ ਕਿ ਮੈਂ ਖੁਦ ਤਾਂ ਇਸ ਦਾ ਦੋਸ਼ੀ ਨਹੀ ਹਾਂ? ਕਿਸੇ ਦੂਸਰੇ ਤੇ ਦੋਸ਼ ਮੜ• ਦੇਣਾ ਹੀ ਸਹੀ ਇਲਾਜ ਨਹੀ ਹੈ। ਮਨੁੱਖ ਆਪਣੇ ਆਪ ਨੂੰ ਪਾਪ ਰਹਿਤ ਨਿਰਮਲ ਬਣਾਉਣ ਦੀ ਕੋਸ਼ਿਸ਼ ਕਰੇ। ਜੇਕਰ ਸੰਸਾਰ ਨੂੰ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਵਾਲਾ ਬਣਾਉਣਾ ਹੈ ਤਾਂ ਇਸ ਦੇ ਵਾਸੀਆਂ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਇਹ ਤਾਂ ਹੀ ਸੰਭਵ ਹੈ ਕਿ ਪਹਿਲਾਂ ਹਰ ਇਨਸਾਨ ਆਪਣੇ ਆਪ ਨੂੰ ਪੜਚੋਲੇ ਅਤੇ ਆਪਣੀਆਂ ਕਮੀਆਂ ਖੁਦ ਦੂਰ ਕਰੇ ਅਤੇ ਨੇਕ ਇਨਸਾਨ ਬਣੇ। ਦੂਸਰਿਆਂ ਵਿੱਚ ਨੁਕਸ ਕੱਢਣ ਦੀ ਬਜਾਏ ਇਹ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਕਰੇ ਇਹੀ ਬਿਹਤਰ ਹੋਵੇਗਾ। ਜੇਕਰ ਹਰ ਮਨੁੱਖ ਆਪਣੇ ਆਪ ਦਾ ਸਵੈ ਨਿਰੀਖਣ ਕਰਕੇ ਸਮਾਜ ਦੇ ਯੋਗ ਬਣਾਵੇ ਤਾਂ ਹੀ ਸਮਾਜ ਦੇਸ਼ ਅਤੇ ਦੁਨੀਆਂ ਨੂੰ ਅਰੋਗ ਬਣਾਇਆ ਜਾ ਸਕਦਾ ਹੈ ਦੁਨੀਆਂ ਇੱਕ ਭਾਈਚਾਰੇ ਦਾ ਨਮੂਨਾ ਬਣ ਸਕਦੀ ਹੈ।