ਕਾਲਜ਼ ਵਿੱਚ ਅੱਜ ਬਹੁਤ ਗਹਿਮਾ-ਗਹਿਮੀ ਸੀ। ਕਾਲਜ਼ ਵਿੱਚ ਇਨਾਮ ਵੰਡ ਸਮਾਰੋਹ ਹੋ ਰਿਹਾ ਸੀ। ਇਸ ਸਮਾਗਮ ਵਿੱਚ ਜਿੱਥੇ ਸਲਾਨਾ ਪੁਜ਼ੀਸ਼ਨਾ ਹਾਸ਼ਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣੇ ਸਨ। ਉੱਥੇ ਨਾਲ ਹੀ ਇਸ ਸਾਲ ਜੋ ਵਿਦਿਆਰਥੀਆਂ ਨੇ ਘਰੇਲੂ ਪ੍ਰੀਖਿਆਵਾਂ ਵਿੱਚ ਮੱਲਾਂ ਮਾਰੀਆਂ ਸਨ। ਉਹਨਾਂ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਸੀ।ਜਿਸ ਵਿੱਚ ਕੁਲਵੰਤ ਦਾ ਨਾਮ ਸਭ ਤੋਂ ਅੱਗੇ ਸੀ ਕਿਉਂਕਿ ਕੁਲਵੰਤ ਨੇ ਪਹਿਲੇ ਹੀ ਸਾਲ ਇਕਨਾਮਿਕਸ ਵਿੱਚ ਟਾਪ ਕੀਤਾ ਸੀ।ਜਿਸ ਦੀ ਹਰ ਪਾਸੇ ਚਰਚਾ ਸੀ। ਇੱਕ ਪੈਂਡੂ ਮੁੰਡੇ ਦਾ ਟਾਪ ਕਰਨਾ ਅਤੇ ਉਹ ਵੀ ਇਕਨਾਮਿਕਸ ਦੇ ਵਿਸ਼ੇ ਵਿੱਚ ਸਾਰੇ ਪੈਂਡੂ ਮੁੰਡੇ-ਕੁੜੀਆਂ ਕੁਲਵੰਤ ਨੂੰ ਵਧਾਈ ਦੇ ਰਹੇ ਸਨ।ਪਰ ਸਭ ਤੋਂ ਜ਼ਿਆਦਾ ਖ਼ੁਸ਼ੀ ਹਰਜੀਤ ਨੂੰ ਸੀ ਕਿਉਂ ਕਿ ਹਰਜੀਤ ਤੇ ਕੁਲਵੰਤ ਇੱਕ ਹੀ ਬੱਸ ਵਿੱਚ ਕਾਲਜ ਆਉਂਦੇ ਸਨ। ਹਰਜੀਤ ਦਾ ਪਿੰਡ ਕੁਲਵੰਤ ਦੇ ਪਿੰਡ ਤੋਂ 10 ਕੁ ਕਿਲੋਮੀਟਰ ਰਾਹ ਵਿੱਚ ਪੈਂਦਾ ਸੀ। ਭਾਵੇਂ ਹਰਜੀਤ ਕੁਲਵੰਤ ਨੂੰ ਪਸੰਦ ਕਰਦੀ ਸੀ ਅਤੇ ਉਸ ਨੂੰ ਚੋਰੀ-ਚੋਰੀ ਨਿਹਾਰਦੀ ਰਹਿੰਦੀ ਸੀ।ਪਰ ਕੁਲਵੰਤ ਇਸ ਪ੍ਰਤੀ ਬਿਲਕੁੱਲ ਬੇ-ਫਿਕਰ ਸੀ। ਉਸ ਦਾ ਜ਼ਿਆਦਾ ਧਿਆਨ ਆਪਣੀ ਪੜ੍ਹਾਈ ਵੱਲ ਹੀ ਰਹਿੰਦਾ। ਉਹ ਕਦੇ ਵੀ ਬੱਸ ਵਿੱਚ ਕਾਲਜ ਵਾਲੇ ਮੁੰਡਿਆ ਜਿਹਾ ਵਿਵਹਾਰ ਨਹੀ ਕਰਦਾ ਸੀ ।ਉਸ ਵਿੱਚ ਇੱਕ ਚੰਗੇ ਵਿਦਿਆਰਥੀ ਵਾਲੇ ਸਾਰੇ ਗੁਣ ਮੌਜੂਦ ਸਨ। ਇਸੇ ਕਰਕੇ ਹਰਜੀਤ ਨੂੰ ਕੁਲਵੰਤ ਚੰਗਾ-ਚੰਗਾ ਲਗਦਾ।
ਜਦੋਂ ਸਟੇਜ ਤੋਂ ਕੁਲਵੰਤ ਦਾ ਨਾਮ ਬੋਲਿਆ ਗਿਆ ਤਾਂ ਸਭ ਤੋਂ ਵੱਧ ਤਾੜੀਆਂ ਹਰਜੀਤ ਨੇ ਹੀ ਮਾਰੀਆਂ। ਉਸ ਦੀ ਖ਼ੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ ਸੀ।ਅੱਜ ਬੱਸ ਅੱਡੇ ਵਲ ਆਉਂਦੀ ਹਰਜੀਤ ਦੇ ਪੈਰ ਧਰਤੀ ਤੇ ਨਹੀ ਲੱਗ ਰਹੇ ਸਨ। ਉਸ ਨੂੰ ਹਰ ਪਾਸੇ ਖ਼ੁਸੀ -ਖ਼ੁਸੀ ਨਜ਼ਰ ਆ ਰਹੀ ਸੀ।ੳਹ ਮਨ ਵਿੱਚ ਮਨ ਵਿੱਚ ਸੋਚੀ ਜਾ ਰਹੀ ਸੀ ਕਿਸੇ ਨਾ ਕਿਸੇ ਤਰ੍ਹਾਂ ਉਹ ਕੁਲਵੰਤ ਨੂੰ ਅੱਜ ਵਧਾਈ ਜ਼ਰੂਰ ਦੇਵੇਗੀ।ਇਸ ਕਰਕੇ ਰੋਜ਼ ਜਾਣ ਵਾਲੀ ਬੱਸ ਤੁਰਨ ਤੱਕ ਜਦੋਂ ਕੁਲਵੰਤ ਨਹੀ ਆਇਆ ਤਾਂ ਉਹ ਫੇਰ ਵੀ ਇੰਤਜ਼ਾਰ ਕਰਦੀ ਰਹੀ।ਜਦੋਂ ਕਾਫ਼ੀ ਸਮਾਂ ਜ਼ਿਆਦਾ ਹੋ ਗਿਆ ਅੰਤ ਨੂੰ ਉਸ ਮਾਪਿਆਂ ਦੀ ਫ਼ਿਕਰ ਖਾਣ ਲੱਗੀ ਭਾਵੇਂ ਉਹ ਘਰ ਇਸ ਫ਼ੰਕਸ਼ਨ ਵਾਰੇ ਸਭ ਕੁੱਝ ਦੱਸ ਕੇ ਆਈ ਸੀ ਅਤੇ ਇਹ ਵੀ ਕਹਿ ਕੇ ਆਈ ਸੀ ਕਿ ਹੋ ਸਕਦਾ ਅੱਜ ਮੈਂ ਲੇਟ ਆਵਾਂ ।
ਫੇਰ ਵੀ , ਬੇ-ਜੀ ਦੀ ਕਹੀ ਹੋਈ ਗੱਲ ਉਸ ਨੂੰ ਯਾਦ ਆ ਗਈ, “ ਪੁੱਤਰ ! ਠੀਕ ਆ, ਕਿ ਕਾਲਜ਼ ਵਿੱਚ ਫੰਕਸ਼ਨ ਹੈ। ਪਰ ਫੇਰ ਵੀ ਪੁੱਤਰ ਜ਼ਿਆਦਾ ਲੇਟ ਹੋਣਾ ਠੀਕ ਨਹੀ”। ਲਾਸਟ ਵਾਲੀ ਬੱਸ ਲਈ ਤਾਂ ਹਰਜੀਤ ਨੂੰ ਉੱਕਾ ਹੀ ਮਨ੍ਹਾ ਕੀਤਾ ਹੋਇਆ ਸੀ। ਇਸ ਦਾ ਕਾਰਨ ਵੀ ਸੀ ਕਿਉਂਕਿ ਇਸ ਬੱਸ ਵਿੱਚ ਜ਼ਿਆਦਾਤਰ ਸ਼ਰਾਬੀ ਲੋਕ ਅਤੇ ਕੰਮਾਕਾਰਾਂ ਵਾਲੇ ਲੋਕਾਂ ਕਰਕੇ ਬੱਸ ਵਿੱਚ ਭੀੜ ਬਹੁਤ ਹੁੰਦੀ ਸੀ।ਇਸ ਕਰਕੇ ਹਰਜੀਤ ਨੇ ਪਿੰਡ ਵਾਲੀ ਲਾਸਟ ਬੱਸ ਤੋਂ ਪਹਿਲੀ ਬੱਸ ਵਿੱਚ ਜਾ ਕੇ ਸੀਟ ਤੇ ਬੈਠ ਗਈ ਪਰ ਉਸਦੀਆਂ ਅੱਖਾਂ ਅਜੇ ਵੀ ਦੂਰ ਤੱਕ ਭੀੜ ਵਿੱਚ ਕੁਲਵੰਤ ਨੂੰ ਹੀ ਲੱਭ ਰਹੀਆਂ ਸਨ।
ਉੱਧਰ ਸਨਮਾਨ ਪ੍ਰਾਪਤ ਕਰਨ ਦੀ ਖ਼ੁਸ਼ੀ ਵਿੱਚ ਆਪਣੇ ਦੋਸਤਾਂ ਨਾਲ ਪਾਰਟੀ ਮਨਾ ਰਿਹਾ ਸੀ।ਇਸ ਕਰਕੇ ਉਹ ਉਸ ਰਾਤ ਪਿੰਡ ਵੀ ਨਾ ਗਿਆ, ਸ਼ਹਿਰ ਵਿੱਚ ਹੀ ਆਪਣੇ ਇੱਕ ਦੋਸਤ ਦੇ ਘਰ ਸੌਂ ਗਿਆ।ਪਰ ਹਰਜੀਤ ਰਾਤ ਭਰ ਕੁਲਵੰਤ ਬਾਰੇ ਹੀ ਸੋਚਦੀ ਰਹੀ।
ਦੂਜੇ ਦਿਨ ਹਰਜੀਤ ਦਿਲ ਵਿੱਚ ਬਹੁਤ ਹੀ ਅਰਮਾਨ ਲੈ ਕੇ ਕਾਲਜ਼ ਗਈ। ਉਸ ਨੇ ਆਪਣਾ ਇਰਾਦਾ ਪੂਰੀ ਤਰ੍ਹਾਂ ਪੱਕਾ ਕਰ ਲਿਆ ਸੀ। ਉਹ ਕੁਲਵੰਤ ਨੂੰ ਵਧਾਈ ਤਾਂ ਦੇਵੇਗੀ ਹੀ ਨਾਲ ਦੀ ਨਾਲ ਉਹ ਆਪਣੇ ਦਿਲ ਦੀ ਗੱਲ ਕਹਿ ਦੇਵੇਗੀ। ਇਸ ਲਈ ਉਸ ਦੀਆਂ ਅੱਖਾਂ ਪਾਰਕ ਵਿੱਚ ਕੁਲਵੰਤ ਨੂੰ ਲੱਭ ਰਹੀਆਂ ਸਨ।ਪਰ ਕੁਲਵੰਤ ਉਸ ਨੁੰ ਕਿਧਰੇ ਵੀ ਨਜ਼ਰੀ ਨਹੀ ਪੈ ਰਿਹਾ ਸੀ। ਇਸ ਕਰਕੇ ਚਹਿਲ-ਪਹਿਲ ਭਰਿਆ ਕਾਲਜ਼ ਵੀ ਉਸ ਨੂੰ ‘ਰੋਹੀ-ਬੀਆਨ’ ਲੱਗ ਰਿਹਾ ਸੀ।
ਹਰਜੀਤ ਦੀ ਸਹੇਲੀ ਨੇ ਹਰਜੀਤ ਨੂੰ ਕਿਹਾ, “ ਹਰਜੀਤ , ਨਿਰਮਲ ਸਰ ਦੀ ਕਲਾਸ ਨਹੀਂ ਲਾਉਣ ਜਾਣਾ”। ਹਰਜੀਤ ਨੇ ਨਾ ਵਿੱਚ ਸਿਰ ਹਿਲਾ ਦਿੱਤਾ। ਉਸ ਦੀ ਸਹੇਲੀ ਨੂੰ ਸਮਝ ਨਾ ਪਵੇ ਕਿ ਹਰਜੀਤ ਨੇ ਤਾਂ ਅੱਜ ਤੱਕ ਨਿਰਮਲ ਸਰ ਦੀ ਕਲਾਸ ਕਦੇ ਵੀ ਮਿਸ ਨਹੀ ਕੀਤੀ, ਅੱਜ ਇਸ ਨੂੰ ਕੀ ਹੋ ਗਿਆ ? ਹਰਜੀਤ ਦੀ ਸਹੇਲੀ ਨੇ ਕੁੱਝ ਗੰਭੀਰ ਹੁੰਦੇ ਹੋਏ ਪੁੱਛਿਆ, “ ਹਰਜੀਤ ਕੀ ਗੱਲ ? ਤਬੀਅਤ ਤਾਂ ਠੀਕ ਹੈ”। “ ਹਾਂ…ਹਾਂ, ਸਭ ਠੀਕ ਹੈ” ਹਰਜੀਤ ਨੇ ਦੁਚਿਤੀ ਵਿੱਚ ਉੱਤਰ ਦਿੱਤਾ।ਜਦੋਂ ਕੋਈ ਗੱਲ ਤਣ ਪੱਤਣ ਨਾ ਲੱਗੀ ਤਾਂ ਹਰਜੀਤ ਦੀ ਸਹੇਲੀ ਕਲਾਸ ਲਾਉਣੀ ਲਈ ਚਲੀ ਗਈ।
ਜਿਉਂ ਜਿਉਂ ਘੜੀ ਦੀਆਂ ਸੂਈਆਂ ਅੱਗੇ ਨੂੰ ਵਧ ਰਹੀਆਂ ਸਨ ।ਸੂਰਜ ਦਾ ਜੋਸ਼ ਆਪਣੇ ਜੋਬਨ ਨੂੰ ਵਧ ਰਿਹਾ ਸੀ ਪਰ ਹਰਜੀਤ ਦਾ ਜੋਸ਼ ਠੰਡਾ ਪੈ ਰਿਹਾ ਸੀ। ਉਸ ਨੂੰ ਸਮਝ ਨਹੀ ਆ ਰਹੀ ਸੀ ਕਿ ਕੁਲਵੰਤ ਅੱਜ ਕਾਲਜ਼ ਕਿਉਂ ਨਹੀ ਆਇਆ ? ਇਸ ਲਈ ਉਹ ਕੋਮਨ ਰੂਮ ਦੀ ਖਿੜਕੀ ਵਿੱਚ ਦੀ ਵਾਰ-ਵਾਰ ਸਾਰੇ ਕਾਲਜ਼ ਨੂੰ ਛਾਨਣ ਦੀ ਕੋਸ਼ਿਸ਼ ਕਰਦੀ ਫੇਰ ਉਸ ਨੂੰ ਇੱਕ ਦਮ ਯਾਦ ਆ ਗਿਆ ਕਿ ਤੀਜੇ ਲ਼ੈਕਚਰ ਤੋਂ ਬਾਅਦ ਕੁਲਵੰਤ ਤੇ ਉਸ ਦੇ ਦੋਸਤ ਕੰਨਟੀਨ ਵਿੱਚ ਚਾਹ ਪੀਣ ਜਰੂਰ ਆਉਂਦੇ ਹਨ। ਇਸ ਕਰਕੇ ਉਹ ਆਪਣੇ ਨਵੇਂ ਖਰੀਦੇ ਪਰਸ ਨੂੰ ਚੁਕ ਕੇ ਕੰਨਟੀਨ ਵੱਲ ਨੂੰ ਜਿਵੇਂ ਇੱਕ ਤਰ੍ਹਾਂ ਦੋੜ ਹੀ ਪਈ।
ਕੰਨਟੀਨ ਵਿੱਚ ਕੁਲਵੰਤ ਦਾ ਦੋਸਤ ਬਿੱਟੂ ਬੈਠਾ ਇੱਕਲਾ ਹੀ ਚਾਹ ਪੀ ਰਿਹਾ ਸੀ।ਹਰਜੀਤ ਬਿੱਟੂ ਨੂੰ ਜਾਣਦੀ ਸੀ ਭਾਵੇਂ ਉਹ ਉਸ ਦੇ ਰੂਟ ਦਾ ਨਹੀ ਸੀ ਪਰ ਉਹਨਾਂ ਦੇ ਕਈ ਲੈਕਚਰ ਇੱਕਠੇ ਲਗਦੇ ਸਨ। ਹਰਜੀਤ ਪੜ੍ਹਨ ਵਿੱਚ ਕਾਫੀ ਚੰਗੀ ਸੀ ਇਸ ਕਰਕੇ ਬਿੱਟੂ ਵੀ ਹਰਜੀਤ ਨੂੰ ਜਾਣਦਾ ਸੀ ਅਤੇ ਹਰਜੀਤ ਵੀ।ਹਰਜੀਤ ਕੁੱਝ ਸਮੇਂ ਲਈ ਉੱਥੇ ਕੁਲਵੰਤ ਦਾ ਇੰਤਜ਼ਾਰ ਕਰਦੀ ਰਹੀ ਪਰ ਜਦੋਂ ਉਸ ਨੇ ਘੜੀ ਵੱਲ ਨਿਗਾਹ ਮਾਰੀ , ਪੰਜਵਾਂ ਲੈਕਚਰ ਸ਼ੁਰੂ ਹੋਣ ਵਿੱਚ ਸ਼ਿਰਫ ਦਸ ਮਿੰਟ ਹੀ ਬਾਕੀ ਸਨ। ਇਸ ਲਈ ਉਸ ਨੇ ਕੁਲਵੰਤ ਬਾਰੇ ਬਿੱਟੂ ਤੋਂ ਪੁੱਛਣ ਲਈ ਮਨ ਬਣਾ ਲਿਆ। ਉਹ ਚਾਹ ਦਾ ਕੱਪ ਵਿੱਚੇ ਹੀ ਛੱਡ ਕੇ ਬਿੱਟੂ ਦੇ ਮੇਜ਼ ਕੋਲ ਜਾ ਬੈਠੀ। ਬਿੱਟੂ , ਅੱਜ ਕਿਧਰ ਗਏ ਤੇਰੇ ਜੋਟੀਦਾਰ, ਕੀ ਗੱਲ ਇਕੱਲੇ ਹੀ ਚਾਹ ਪੀਈ ਜਾ ਰਹੇ ਹੋ, “ਉਅ………ਨਹੀ…………..ਨਹੀ………ਛੋਟੂ ਇੱਕ ਕੱਪ ਚਾਹ ਦਾ ਹੋਰ ਭੇਜੀ”।ਜਿਵੇਂ ਬਿੱਟੂ ਇੱਕ ਤਰ੍ਹਾਂ ਬੁਖਲਾ ਹੀ ਗਿਆ ਹੋਵੇ, ਉਸ ਨੂੰ ਸਮਝ ਹੀ ਨਾ ਆਵੇ, ਇਸ ਕਰਕੇ ਉਸ ਨੇ ਚਾਹ ਦੇ ਕੱਪ ਲਈ ਛੋਟੂ ਨੂੰ ਅਵਾਜ ਹੀ ਮਾਰੀ। “ ਨਹੀ, ਨਹੀ, ਮੈਂ ਚਾਹ………………………” ਅੱਧੇ ਸ਼ਬਦ ਹਰਜੀਤ ਨੇ ਆਪਣੇ ਮੂੰਹ ਵਿੱਚ ਰੱਖ ਲਏ ਜਿਵੇਂ ਉਹ ਚਾਹ ਨਾ ਚਾਹੁੰਦੀ ਹੋਈ ਵੀ ਪੀਣ ਲਈ ਹਾਂ ਕਰ ਗਈ। ਜਿਵੇਂ ਉਸ ਨੇ ਇਕਦਮ ਸੋਚ ਲਿਆ ਕਿ ਚਾਹ ਦੇ ਬਹਾਨੇ ਬਿੱਟੂ ਨਾਲ ਗੱਲ ਕਰਾਂਗੀ ਅਤੇ ਕੁਲਵੰਤ ਬਾਰੇ ਕੁੱਝ ਨਾ ਕੁੱਝ ਸ਼ੁਰਾਗ ਜਰੂਰ ਮਿਲ ਜਾਵੇਗਾ।
ਹਰਜੀਤ ਨੇ ਗੱਲ ਸ਼ੁਰੂ ਕਰਦੇ ਹੋਏ ਕਿਹਾ, “ ਬਿੱਟੂ ਕੀ ਗੱਲ ਹੋ ? ਅੱਜ ਬਾਕੀ ਤੇਰੇ ਸਾਥੀ ਕਿੱਥੇ ਨੇ ?ਸਭ ਸੁੱਖ – ਖੈੇਰ ਤਾਂ ਹੈ”? ਬਿੱਟੂ ਇੱਕ ਸਾਰੇ ਇੰਨੇ ਪ੍ਰਸ਼ਨ ਸੁਣ ਕੇ ਭਮੱਤਰ ਹੀ ਗਿਆ। ਉਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ, “ਹਰਜੀਤ, ਤੈਨੂੰ ਪਤਾ ਹੀ ਹੈ? ਕਿ ਕੱਲ੍ਹ ਕਾਲਜ ਵਿੱਚ ਸਮਾਗਮ ਸੀ। ਇਸ ਸਮਾਗਮ ਵਿੱਚ ਉਹ ਆਪਣੇ ਨਵੇਂ ਪਿੰਡ ਵਾਲੇ ਕੁਲਵੰਤ ਨੂੰ ਵੀ ਇਨਾਮ ਮਿਲਿਆ। ਇਸ ਕਰਕੇ ਉਸ ਤੋਂ ਰਾਤ ਸਾਰੇ ਦੋਸਤਾਂ ਨੇ ਪਾਰਟੀ ਲਈ , ਰਾਤ ਉਹ ਇੱਥੇ ਹੀ ਰਾਣੇ ਕੋਲ ਠਹਿਰ ਗਿਆ । ਉਹ ਵੀ ਸਵੇਰੇ ਗਿਆ ਘਰ ਨੂੰ ,ਰਾਤ ਦੇਰ ਰਾਤ ਤੱਕ ਮੋਜ ਮਸ਼ਤੀ ਕਰਦੇ ਰਹੇ ਇਸ ਕਰਕੇ ਅੱਜ ਤਾਂ ਮੈਂ ਇੱਕਲਾ ਹੀ ਆਇਆ ਕਾਲਜ, ਕੀ ਗੱਲ ਹਰਜੀਤ ? ਕੋਈ ਕੰਮ ਸੀ ਕਿਸੇ ਤੱਕ”।“ ਹਾਂ………ਹਾਂ ਉਹ ਤੁਹਾਡੇ ਪੜਾਕੂ ਦੋਸਤ ਕੁਲਵੰਤ ਤੋਂ ਨੋਟਿਸ ਲੈਣੇ ਸੀ ਇਕਨਾਮਿਕਸ ਦੇ ਮੈਂ ਵੀ ਦੇਖਾ ਉਸ ਨੇ ਕਿਹੋ ਜਿਹੇ ਨੋਟਿਸ ਪੜ੍ਹੇ ਨੇ ਜੋ ਟਾਪ ਕਰ ਗਿਆ”।ਹਰਜੀਤ ਨੇ ਗੱਲ ਖਿਚਦੇ ਹੋਏ ਜਿਵੇਂ ਅੱਧੀ ਕਹਾਣੀ ਗੱਲਾਂ ਗੱਲਾਂ ਵਿੱਚ ਬਿੱਟੂ ਨੂੰ ਕਹਿ ਦਿੱਤੀ ਹੋਵੇ।
ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆ ਦੋ ਛੁੱਟੀਆਂ ਆ ਗਈਆਂ। ਇਸ ਕਰਕੇ ਇਹ ਦੋ ਦਿਨ ਹਰਜੀਤ ਨੂੰ ਜੂਨ ਦੀਆਂ ਛੁੱਟੀਆਂ ਵਰਗੇ ਲੱਗ ਰਹੇ ਸਨ।ਹਰਜੀਤ ਦਾ ਨਾ ਪੜ੍ਹਾਈ ਵਿੱਚ, ਨਾ ਘਰ ਦੇ ਕਿਸੇ ਕੰਮ ਵਿੱਚ, ਮਨ ਨਹੀ ਲੱਗ ਰਿਹਾ ਸੀ, ਬੇ-ਜੀ ਜਿਸ ਕੰਮ ਨੂੰ ਕਹਿੰਦੇ ਜਾ ਤਾਂ ਹਰਜੀਤ ਕਰਦੀ ਹੀ ਨਾ ਜਾਂ ਉਸ ਨੂੰ ਉਲਟਾ ਕਰ ਦਿੰਦੀ। ਇਸ ਲਈ ਬੇ-ਜੀ ਉਸ ਨੂੰ ਵਾਰ ਵਾਰ ਪੁੱਛਦੇ, “ ਪੁੱਤਰਾ, ਚਿਤ ਤਾਂ ਠੀਕ ਆ ਤੇਰਾ ? ਹਰਜੀਤ ਹਾਂ……ਹਾਂ ਕਹਿ ਕੇ ਫਿਰ ਗੁਆਚ ਜਾਂਦੀ।
ਸੋਮਵਾਰ ਨੂੰ ਉਹ ਬਹੁਤ ਹੀ ਸਜ ਸਵਰ ਕੇ ਕਾਲਜ ਨੂੰ ਗਈ। ਬੱਸ ਵਿੱਚ ਹੀ ਉਸ ਨੂੰ ਕੁਲਵੰਤ ਦੇ ਦਰਸ਼ਨ ਹੋ ਗਏ ਪਰ ਬੱਸ ਵਿੱਚ ਭੀੜ ਬਹੁਤ ਜ਼ਿਆਦਾ ਹੋਣ ਕਰਕੇ , ਉਸ ਨੂੰ ਕੁਲਵੰਤ ਦੀ ਸਿਰਫ ਪਿੱਠ ਹੀ ਨਜ਼ਰ ਆਈ। ਪਰ ਹਰਜੀਤ ਵਿੱਚ ਇੱਕ ਵਖਰਾ ਹੀ ਜ਼ੋਸ ਆ ਗਿਆ।ਅੱਡੇ ਵਿੱਚ ਬੱਸ’ਚੋ ਉਤਰਨ ਸਾਰ ਉਸ ਨੇ ਕੁਲਵੰਤ ਨੂੰ ਬੁਲਾ ਲਿਆ।
“ ਕੁਲਵੰਤ, ਤੁਹਾਨੂੰ ਟਾਪ ਕਰਨ ਦੀਆਂ ਬਹੁਤ-ਬਹੁਤ ਮੁਬਾਰਕਾਂ, ਮੈਂ ਤੁਹਾਨੂੰ ਕਈ ਦਿਨ ਤੋਂ ਮੁਬਾਰਕਾਂ ਦੇਣਾ ਚਾਹੁੰਦੀ ਸੀ ਪਰ ਤੁਸੀਂ ਮੈਨੂੰ ਮਿਲੇ ਹੀ ਨਹੀ।ਦੂਸਰੀ ਤੁਹਾਨੂੰ ਇੱਕ ਬੇਨਤੀ ਹੈ ਕੀ ਮੈਨੂੰ ਇਕਨਾਮਿਕਸ ਦੇ ਨੋਟਿਸ ਮਿਲ ਸਕਦੇ ਹਨ”।
ਕੁਲਵੰਤ ਇੱਕ ਤਰ੍ਹਾਂ ਜਿਵੇਂ ਬੌਂਦਲ ਹੀ ਗਿਆ ਹੋਵੇ, ਕਿਉਂ ਕਿ ਉਸ ਨੇ ਕਦੇ ਵੀ ਕਿਸੇ ਕੁੜੀ ਨਾਲ ਗੱਲ ਨਹੀ ਕੀਤੀ ਸੀ, ਨਾ ਹੀ ਕਿਸੇ ਕੁੜੀ ਨੇ ਉਸ ਨੂੰ ਹਰਜੀਤ ਦੀ ਤਰ੍ਹਾਂ ਬੁਲਾਇਆ ਸੀ,ਫੇਰ ਵੀ ਉਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ, “ ਜੀ, ਬਹਤ-ਬਹੁਤ ਧੰਨਵਾਦ….ਮੈਂ ਕੱਲ੍ਹ ਨੂੰ ਤੁਹਾਨੂੰ ਇਕਨਾਮਿਕਸ ਦੇ ਨੋਟਿਸ ਲਿਆ ਦੇਵਾਂਗਾ” ਇਹਨਾਂ ਕਹਿੰਦਾ ਹੋਇਆ ਉਹ ਅੱਗੇ ਜਾ ਰਹੇ ਕਾਲਜ ਦੇ ਮੁੰਡਿਆਂ ਨਾਲ ਜਾ ਰਲਿਆ। ਹਰਜੀਤ ਨੇ ਤਾਂ ਜਿਵੇਂ ਜੰਗ ਹੀ ਜਿੱਤ ਲਈ ਹੋਵੇ, ਭਾਵੇਂ ਉਹ ਸਭ ਕੁੱਝ ਨਹੀ ਕਹਿ ਸਕੀ ਜੋ ਉਸ ਦੇ ਦਿਲ ਵਿੱਚ ਸੀ, ਫੇਰ ਵੀ ਉਸ ਨੂੰ ਬਹੁਤ ਸ਼ਕੂਨ ਸੀ ਕਿ ਉਸ ਨੇ ਕੁਲਵੰਤ ਨਾਲ ਗੱਲ ਤਾਂ ਕੀਤੀ।
ਅਗਲੇ ਦਿਨ ਕੁਲਵੰਤ ਨੇ ਨੋਟਿਸ ਹਰਜੀਤ ਨੂੰ ਦੇ ਦਿੱਤੇ। ਇਸ ਤਰ੍ਹਾਂ ਉਹਨਾਂ ਦੀ ਆਪਸੀ ਗੱਲਬਾਤ ਹੁੰਦੇ –ਹੁੰਦੇ ਨੇੜਤਾ ਵਧਦੀ ਗਈ।ਕਈ ਵਾਰ ਤਾਂ ਉਹ ਇੱਕੋ ਸੀਟ ਉਪਰ ਸਫ਼ਰ ਵੀ ਕਰ ਲੈਂਦੇ । ਵਹਿਲੇ ਲੈਕਚਰ ਦੋਰਾਨ ਉਹ ਪੜ੍ਹਾਈ ਸਬੰਧੀ ਵਿਚਾਰ ਵਿਟਾਂਦਰਾਂ ਵੀ ਕਰਦੇ। ਇਸ ਲਈ ਹਰਜੀਤ ਵਿੱਚ ਕੁਲਵੰਤ ਨੂੰ ਇੱਕ ਸਮਝਦਾਰ ਅਤੇ ਚੰਗੀ ਸੋਚ ਵਾਲੀ ਕੁੜੀ ਦੇ ਸਾਰੇ ਗੁਣ ਨਜ਼ਰ ਆਉਂਦੇ, ਅੰਦਰੋ ਅੰਦਰੀ ਉਸ ਨੂੰ ਹਰਜੀਤ ਬਹੁਤ ਹੀ ਸੋਹਣੀ ਲਗਦੀ। ਪਰ ਉਸ ਨੇ ਕਦੇ ਵੀ ਇਸ ਦਾ ਇਜ਼ਹਾਰ ਨਾ ਕੀਤਾ, ਇਹੀ ਹਾਲਤ ਹਰਜੀਤ ਦੀ ਸੀ। ਇਸ ਤਰ੍ਹਾਂ ਕਰਦੇ ਕਰਾਉਂਦੇ ਫਸਟ ਈਅਰ ,ਫਿਰ ਸੈਕੰਡ ਈਅਰ ਬੀਤ ਗਿਆ।
ਲ਼ਾਸਟ ਈਅਰ ਦੀ ਫੇਅਰਵਿਲ ਪਾਰਟੀ ਤੇ ਹਰਜੀਤ ਨੇ ਕੁੜੀਆਂ ਦੇ ਗਿੱਧੇ ਦੀ ਟੀਮ ਮੌਹਰੀ ਸੀ। ਉਸ ਨੇ ਗਿੱਧੇ ਵਿੱਚ ਬਹੁਤ ਹੀ ਰੰਗ ਬੰਨ੍ਹਿਆ।ਕੁਲਵੰਤ ਨੇ ਪਾਰਟੀ ਖਤਮ ਹੋਣ ਤੋਂ ਬਾਅਦ ਹਰਜੀਤ ਨੂੰ ਵਧਾਈਆਂ ਦਿੱਤੀਆਂ। ਹਰਜੀਤ ਨੇ ਕੁਲਵੰਤ ਨੂੰ ਪੁਛਿਆ,” ਕੁਲਵੰਤ ,ਤੁਹਾਡੇ ਪਰਿਵਾਰ ਵਿੱਚ ਕੋਣ-ਕੋਣ ਹੈ? ਕੁਲਵੰਤ ਨੇ ਮਜ਼ਾਕ ਨਾਲ ਕਿਹਾ, “ ਕੀ ਗੱਲ ਹਰਜੀਤ ? ਦੋ ਸਾਲ ਹੋ ਗਏ, ਅੱਗੇ ਤਾਂ ਇਹੋ ਜਿਹਾ ਸਵਾਲ ਤੁਸੀਂ ਕਦੇ ਨਹੀ ਕੀਤਾ, ਸਭ ਖੈਰ ਤਾਂ ਹੈ” “ ਖੈਰ ਹੀ ਤਾਂ ਨਹੀ, ਕਿਉਂ ਕਿ ਤੁਸੀਂ ਤਾਂ ਕੁੱਝ ਮੂੰਹੋਂ ਕਹਿਣਾ ਨਹੀ, ਇਸ ਲਈ ਮੈਂ ਸੋਚਿਆ ਕਿ ਚਲੋ ਮੈਂ ਹੀ ਪਹਿਲ ਕਰ ਲੈਂਨੀ ਆਂ, ਸ਼ਾਇਦ ਤੁਹਾਨੂੰ ਕੁੱਝ ਅਕਲ ਆ ਜਾਵੇ”।
“ਮੈਂ ਸਮਝਿਆ ਨਹੀ , ਹਰਜੀਤ, ਤੁਸੀਂ ਕਹਿਣਾ ਕੀ ਚਾਹੁੰਦੇ ਹੋ ?” ਕੁਲਵੰਤ ਨੇ ਬਿਲਕੁੱਲ ਅਨਭੋਲ ਬਣਦਿਆਂ ਕਿਹਾ, ਜਦੋਂ ਕਿ ਦਿਲ ਵਿੱਚ ਅੰਦਰੋ-ਅੰਦਰੀ ਉਹ ਲੱਡੂ ਭੋਰ ਰਿਹਾ ਸੀ। “ ਹਾਏ! ਰੱਬਾ ਕਿਹੋ ਜਿਹੇ ਪੜਾਕੂ, ਬੁੱਧੂ ਨਾਲ ਵਾਹ ਪੈ ਗਿਆ, ਕਿ ਜਿਸ ਨੂੰ ਕੁੱਝ ਵੀ ਸਮਝ ਨਹੀ ਆ ਰਹੀ।ਹਰਜੀਤ ਨੇ ਆਪਣੀ ਸਰੀਰ ਦੀ ਸਾਰੀ ਤਾਕਤ ਇੱਕਠੀ ਕਰਦਿਆਂ ਕਿਹਾ, “ ਬੁੱਧੂ ਮਹਾਰਾਜ ਜੀ, ਮੈਂ ਤੁਹਾਡੇ ਪਰਿਵਾਰ ਬਾਰੇ ਇਸ ਲਈ ਪੁੱਛ ਰਹੀ ਹਾਂ………ਕਿਉਂਕਿ ਮੈਂ ਉਸੇ ਪਰਿਵਾਰ ਵਿੱਚ ਜਾਣਾ ਚਾਹੁੰਦੀ ਹਾਂ” “ ਸੱਚ, ਸੱਚ……ਕਹਿੰਦੇ ਕੁਲਵੰਤ ਨੇ ਹਰਜੀਤ ਨੂੰ ਕਲਾਵਾ ਭਰ ਕੇ ਚੁੱਕ ਹੀ ਲਿਆ ਜਿਸ ਨੂੰ ਦੇਖ ਕੇ ਕਈ ਇਧਰ-ਉਧਰ ਟਹਿਲ ਰਹੇ ਮੁੰਡਿਆਂ-ਕੁੜੀਆਂ ਦਾ ਧਿਆਨ ਇਕਦਮ ਉਹਨਾਂ ਵਲ ਚਲਿਆ ਗਿਆ। ਪਰ ਕੁੱਝ ਪਲ ਉਹਨਾਂ ਲਈ ਉੱਥੇ ਕੋਈ ਨਹੀ ਸੀ।ਇਸ ਲਈ ਹੋਸ਼ ਵਿੱਚ ਆਉਂਦੀ ਹਰਜੀਤ ਨੇ ਕਿਹਾ, “ ਕੁਲਵੰਤ, ਸਭ ਦੇਖ ਰਹੇ ਹਨ”।
ਇਸ ਤੋਂ ਬਾਅਦ ਕੁਲਵੰਤ ਐਮ.ਏ ਕਰਨ ਲੱਗ ਗਿਆ। ਇਕ ਦਿਨ ਹਰਜੀਤ ਨੇ ਕੁਲਵੰਤ ਨੂੰ ਪੁੱਛਿਆ, “ ਕੁਲਵੰਤ, ਤਹੁਾਡੇ ਕੋਲ ਜ਼ਮੀਨ ਕਿੰਨੀ ਕੁ ਆ?”
“ਜ਼ਮੀਨ………ਜ਼ਮੀਨ………ਤਾਂ ਸਾਡੇ ਕੋਲ ਹੈ ਹੀ ਨਹੀ, ਇਸੇ ਕਰਕੇ ਤਾਂ ਦਿਨ ਰਾਤ ਮਿਹਨਤ ਕਰਕੇ ਕੁੱਝ ਬਣਨਾ ਚਾਹੁੰਦਾ ਹਾਂ। ਦੋ ਭਰਾ ਨੇ ਉਹ ਫੋਜ ਵਿੱਚ ਹਨ। ਉਹ ਵੀ ਆਪਣੀ ਮਿਹਨਤ ਸਦਕਾ ਫੋਜ ਵਿੱਚ ਭਰਤੀ ਹੋਏ ਨੇ………ਸਾਡੇ ਦਾਦਿਆਂ ਨੇ ਹੀ ਜ਼ਮੀਨ ਤਾਂ ਉਡਾ ਦਿੱਤੀ ਸੀ। ਹੁਣ ਤਾਂ ਅਸੀਂ ਸਿਰਫ਼ ਨਾ ਦੇ ਹੀ ਜੱਟ ਹਾਂ……ਮੈਂ ਤਾਂ ਸੋਚਦਾ ਕਿ ਜੇਕਰ ਕਿਸੇ ਹੋਰ ਜਾਤੀ ਨਾਲ ਸਬੰਧਤ ਹੁੰਦਾ। ਮੇਰੀ ਉਮੀਦ ਇਸ ਨਾਲ ਦੁਗਣੀ ਹੋ ਜਾਣੀ ਸੀ।ਮੇਰੀ ਮਿਹਨਤ ਨੇ ਜ਼ਲਦੀ ਰੰਗ ਲੈ ਆਉਣਾ ਸੀ। ਇਸ ਜੱਟ ਸ਼ਬਦ ਨੇ ਤਾਂ ਮੇਰਾ ਕਚੂੰਬਰ ਕੱਢਿਆ ਪਿਆ। ਜ਼ਮੀਨ ਤੋਂ ਬਿਨਾਂ ਕਾਹਦੇ ਜੱਟ……”।ਕੁੱਝ ਸ਼ਬਦ ਕੁਲਵੰਤ ਮੂੰਹ ਵਿੱਚ ਹੀ ਰੱਖ ਗਿਆ।
ਹਰਜੀਤ ਕਈ ਦਿਨ ਇਸੇ ਵਿਸ਼ੇ ਤੇ ਸੋਚਦੀ ਰਹੀ। ਉਸ ਨੇ ਆਪਣੇ ਦਿਲ ਦੀ ਸਾਰੀ ਗੱਲ ਆਪਣੀ ਬੇ-ਜੀ ਨੂੰ ਦੱਸ ਦਿੱਤੀ। ਉਸਦੀ ਬੇ-ਜੀ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ, “ ਦੇਖ, ਪੁੱਤਰ! ਮੈਂ ਤਾਂ ਤੈਨੂੰ ਅੱਜ ਤੱਕ ਇਸ ਕਰਕੇ ਨਹੀ ਰੋਕਿਆ-ਟੋਕਿਆ ਕਿ ਮੁੰਡੇ ਆਪਣੀ ਬਰਾਦਰੀ ਦਾ ਐ। ਦੂਸਰਾ ਪੜ੍ਹਨ ਵਿੱਚ ਤੂੰ ਦਸਦੀ ਸੀ ਕਿ ਬਹੁਤ ਹੁਸ਼ਿਆਰ ਹੈ।ਮੈਂ ਤਾਂ ਸੋਚਦੀ ਸੀ ਕਿ ਕਿਸੇ ਨਾ ਕਿਸੇ ਨੂੰ ਵਿੱਚ ਪਾ ਕੇ ਤਹੁਾਡਾ ਵਿਆਹ ਕਰਵਾ ਦਊਗੀ। ਪਰ ਪੁੱਤਰਾ ਤੇਰੀ ਬਾਪ ਨੇ ਤਾਂ ਹੁਣ ਉੱਕਾ ਹੀ ਰਾਜ਼ੀ ਨਹੀ ਹੋਣਾ, ਕਿ ਤੈਨੂੰ ਬੇ-ਜ਼ਮੀਨੇ ਦੇ ਘਰ ਭੇਜ ਦੇਵੇ।ਚਾਹੇ, ਪੜ੍ਹ ਕਿ ਉਹ ਡੀ.ਸੀ. ਵੀ ਬਣ ਜਾਵੇ ਪਰ ਪੁੱਤਰ ਜੇ ਉਸ ਕੋਲ ਜ਼ਮੀਨ ਹੀ ਨਹੀ ਹੈਗੀ, ਫੇਰ ਉਹ ਜੱਟ ਕਾਹਦੇ, ਪੁੱਤਰਾ, ਹੋਰ ਪਤਾ ਕਰ ਲੈਵੀਂ ਕਿਸ ਹੋਰ ਬਰਾਦਰੀ ਦਾ ਹੀ ਨਾ ਹੋਵੇ,ਫੇਰ ਵੀ ਪੁੱਤਰਾਂ ਮੈਂ ਤੇਰੇ ਪਿਤਾ ਨਾਲ ਗੱਲ ਕਰਾਂਗੀ”।
ਉਸੀ ਰਾਤ ਬੇ-ਜੀ ਨੇ ਹਰਜੀਤ ਦੇ ਪਿਤਾ ਨੂੰ ਕਿਹਾ ਜਦੋਂ ਹਰਜੀਤ ਦਾ ਪਿਤਾ ਪਿਆ ਕੋਈ ਡੂੰਘੀਆਂ ਸੋਚਾਂ ਵਿੱਚ ਖੋਇਆ ਹੋਇਆ ਸੀ “ ਦਰਸ਼ਨ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਐ, ਪਰ ਗੱਲ ਬਹੁਤ ਹੀ ਜਰੂਰੀ ਐ, ਇਸ ਨੂੰ ਠੰਡੇ ਦਿਮਾਗ ਨਾਲ ਸੋਚੀ, ਫੇਰ ਕੋਈ ਫੈਸ਼ਲਾ ਲਈ”। ਦਰਸ਼ਨ ਨੇ ਵਿੱਚੋਂ ਹੀ ਗੱਲ ਕਟਦੇ ਹੋਏ ਕਿਹਾ, “ ਬੇ-ਜੀ ਤੁਸੀਂ ਬੁਝਾਰਤਾਂ ਜਿਹੀਆਂ ਕਿਉਂ ਪਾ ਰਹੇ ਹੋ, ਸਿੱਧੀ ਗੱਲ ਦੱਸੋ”।“ ਹਾਂ-ਹਾਂ, ਦਰਸ਼ਨ ਦੱਸਦੀ ਆਂ, ਗੱਲ ਇਸ ਤਰ੍ਹਾਂ ਕਿ ਕੋਈ ਮੁੰਡੇ ਗਾ ਆਪਣੇ ਨਾਲ ਦੇ ਪਿੰਡ ਦਾ ਜੋ ਆਪਣੀ ਹਰਜੀਤ ਨਾਲ ਪੜ੍ਹਦਾ ਗਾ, ਹਰਜੀਤ ਨੂੰ ਬਹੁਤ ਪਸੰਦ ਆ,ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਐ, ਹਰਜੀਤ ਦੱਸਦੀ ਸੀ ਕਿ ਹਰ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਐ।ਆਪਣੀ ਬਰਦਾਰੀ ਦਾ ਐ, ਪਰ ਪੁੱਤਰ ਉਸ ਕੋਲ ਜ਼ਮੀਨ ਦਾ ਇੱਕ ਸਿਆੜ ਵੀ ਨਹੀ”।ਬੇ-ਜੀ ਨੇ ਆਪਣੀ ਐਂਨਕ ਠੀਕ ਕਰਦੇ ਹੋਏ ਅਤੇ ਮਾਲਾ ਇੱਕ ਪਾਸੇ ਰੱਖਦੇ ਹੋਏ ਕਿਹਾ।
ਜਿਵੇਂ ਬੇ-ਜੀ ਦੀ ਗੱਲ ਸੁਣ ਕੇ ਦਰਸ਼ਨ ਭਟਕ ਹੀ ਗਿਆ ਹੋਵੇ, ਉਸ ਨੇ ਉੱਪਰ ਲਈ ਰਜ਼ਾਈ ਵਗਾ ਕੇ ਪਰੇ ਮਾਰਦੇ ਹੋਏ ,ਬੇ-ਜੀ ਨੂੰ ਝਈ ਲੈ ਕੇ ਪਿਆ ਅਤੇ ਅੱਗ ਬਬੂਲਾ ਹੁੰਦੇ ਬੋਲਿਆ, “ ਫੇਰ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਉਸ ਬੇ-ਜ਼ਮੀਨੇ ਨਾਲ ਹਰਜੀਤ ਦਾ ਵਿਆਹ ਕਰ ਦਵਾਂ”।ਪਿਤਾ ਦੀ ਉਚੀ ਅਵਾਜ਼ ਨੇ ਸਾਰੇ ਘਰ ਨੂੰ ਜਗ੍ਹਾ ਦਿੱਤਾ ਅਤੇ ਹਰਜੀਤ ਵੀ ਕੰਨ ਲਾ ਕੇ ਪਿਤਾ ਜੀ ਦੀਆਂ ਗੱਲਾਂ ਸੁਣਨ ਲੱਗੀ। “ ਇਸ ਕੁੜੀ ਦਾ ਕੱਲ ਤੋਂ ਕਾਲਜ ਜਾਣਾ ਕਰੋ ਬੰਦ, ਮੈਂ ਇਸ ਨੂੰ ਕਾਲਜ ਪੜ੍ਹਨ ਤੁਹਾਡੇ ਕਹਿਣ ਤੇ ਲਾਇਆ,ਮੈਂ ਇਸ ਦੇ ਟੋਟੇ ਕਰ ਦਿਊਂ, ਹੁਣ ਇਹ ਮੇਰੇ ਸਿਰ ਵਿੱਚ ਖੇ ਪਾਊ, ਮੇਰੀ ਪੱਗ ਨੂੰ ਰੋਲੂ ਸਾਰਿਆਂ ਵਿੱਚ, ਉਹਨੂੰ ਇੱਕ ਗੱਲ ਸਮਝਾ ਦਿਉ ਕਿ ਮੈਂ ਉਸ ਨੂੰ ਬੇ-ਜ਼ਮੀਨੇ ਦੇ ਘਰ ਨਹੀ ਵਿਆਹੁਣਾ, ਉਸ ਨੂੰ ਮੇਰੀ ਪੱਗ ਦਾ ਵਾਸਤਾ ਪਾਉਣਾ “।ਇਹ ਸਭ ਕਹਿ ਕੇ ਦਰਸ਼ਨ ਹਨ੍ਹੇਰੀ ਦੀ ਤਰ੍ਹਾਂ ਬਾਹਰ ਨਿਕਲ ਗਿਆ।
ਬੇ-ਜੀ ਨੇ ਜਿਵੇਂ ਕਿਵੇਂ ਕਰਕੇ ਦਰਸ਼ਨ ਨੂੰ ਮਨਾ ਲਿਆ ਕਿ ਕੁੜੀ ਨੂੰ ਪੜ੍ਹਨੋ –ਹਟਾਉਣ ਵਿੱਚ ਵੀ ਆਪਣੀ ਬੇਇੱਜ਼ਤੀ ਹੈ। ਲੋਕ ਕੀ ਸੋਚਣਗੇ ਕਿ ਇਹਨਾਂ ਵਧੀਆਂ ਪੜ੍ਹਦੀ ਕੁੜੀ ਨੂੰ ਇਹਨਾਂ ਨੇ ਕਿਉਂ ਹਟਾ ਲਿਆ।ਇਸ ਲਈ ਹਰਜੀਤ ਦਾ ਕਾਲਜ਼ ਜਾਣਾ ਬੰਦ ਨਾ ਹੋਇਆ।
ਬੇ-ਜੀੌ ਅਤੇ ਪਿਤਾ ਜੀ ਦੀਆਂ ਗੱਲਾਂ ਨੇ ਹਰਜੀਤ ਨੂੰ ਹੋਰ ਵੀ ਪ੍ਰੇਸ਼ਾਨੀ ਵਿੱਚ ਪਾ ਦਿੱਤਾ।ਹੁਣ ਹਰਜੀਤ ਹਰ ਪਲ ਸੋਚਦੀ ਰਹਿੰਦੀ ਕਿ ਸਾਡਾ ਪਿਆਰ ਕਿਸ ਤਰ੍ਹਾਂ ਸਿਰੇ ਚੜੂ।
ਇੱਕ ਦਿਨ ਹਰਜੀਤ ਨੇ ਕੁਲਵੰਤ ਨੂੰ ਬੇ-ਜੀ ਵਾਲੀ ਸਾਰੀ ਗੱਲ ਦੱਸ ਦਿੱਤੀ। ਕੁਲਵੰਤ ਨੇ ਤਰਲਾ ਕਰਦੇ ਹੋਏ ਕਿਹਾ, “ ਦੇਖ, ਹਰਜੀਤ ਵੈਸੇ ਤਾਂ ਪਿਆਰ ਰੱਬ ਦੀ ਰੂਹ ਹੈ। ਪਰ ਮੈਂ ਇਸ ਤੋਂ ਹਮੇਸ਼ਾ ਤੋਂ ਬਚਣਾ ਚਾਹੁੰਦਾ ਸੀ, ਤੁਸੀਂ ਮੇਰੇ ਅੰਦਰ ਸੁੱਤੀਆਂ ਕਲਾਂ ਨੂੰ ਜਗ੍ਹਾ ਨੂੰ ਜਗਾਇਆ। ਦੇਖੀ ਕਿਤੇ, ਮੈਨੂੰ ਅੱਧ ਵਿਚਕਾਰ ਹੀ ਨਾ ਛੱਡ ਜਾਈਂ, ਮੈਂ ਕਿਸੇ ਪਾਸੇ ਦਾ ਨਹੀ ਰਹਿਣਾ, ਜੇ ਇਸ ਤਰ੍ਹਾਂ ਦੀ ਗੱਲ ਸੀ, ਤਾਂ ਤੁਹਾਨੂੰ ਮੇਰੇ ਕੋਲੋਂ ਸਭ ਕੁੱਝ ਪਹਿਲਾਂ ਪੁੱਛ ਲੈਣਾ ਚਾਹੀਦਾ ਸੀ”।
“ ਨਹੀ, ਨਹੀ ਕੁਲਵੰਤ ਤੁਸੀਂ ਗਲਤ ਸੋਚਦੇ ਹੋ, ਮੇਰੇ ਅੰਦਰ ਇਸ ਤਰ੍ਹਾਂ ਦੀ ਕੋਈ ਗੱਲ ਨਹੀ। ਪਰ ਸਮਾਜ ਅਤੇ ਬਾਬਲ ਦੀ ਪੱਗ ਬਾਰੇ ਤਾਂ ਸੋਚਣਾ ਹੀ ਪੈਂਦਾ ਹੈ।ਇਸ ਲਈ ਮੈਂ ਸੋਚਦੀ ਆਂ ਕਿ ਤੁਸੀਂ ਕੋਈ ਜਲਦੀ ਤੋਂ ਜਲਦੀ ਇਸ ਤਰ੍ਹਾਂ ਦਾ ਕੰਮ ਸਿੱਖੋ ਜਿਸ ਨਾਲ ਤੁਸੀਂ ਕੁੱਝ ਕਮਾ ਸਕੋ,ਕਿਉਂ ਕਿ ਐਮ. ਏ.ਕਰਕੇ ਕਿਹੜਾ ਉਸੀ ਵਕਤ ਨੌਕਰੀ ਮਿਲ ਜਾਣੀ ਆ”।
“ ਠੀਕ, ਐ…ਮੈਂ ਪੜ੍ਹਾਈ ਦੇ ਨਾਲ ਕੋਈ ਕੰਮ ਵੀ ਸਿੱਖ ਲੈਨਾ।ਪਰ ਤੁਸੀਂ ਆਪਣੇ ਵਾਅਦੇ ਤੇ ਪੱਕੇ ਰਹਿਣਾ” ਕੁਲਵੰਤ ਨੇ ਲੈਬੋਰਾਟਰੀ ਦਾ ਕੰਮ ਸਿੱਖ ਲਿਆ। ਉਸ ਨੇ ਪਾਰਟ ਟਾਈਮ ਪੜ੍ਹਾਈ ਕਰਕੇ ਇਸ ਦਾ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ। ਪਰ ਉਸ ਦਾ ਬੇ-ਜ਼ਮੀਨੇ ਹੋਣ ਦਾ ਅੜਿੱਕਾ ਉਸ ਦੇ ਰਾਹ ਵਿੱਚੋਂ ਨਾ ਹਟਿਆ।
ਹਰਜੀਤ ਦਾ ਵਿਆਹ ਕਿਸੇ ਬਾਹਰਲੇ ਮੁੰਡੇ ਨਾਲ ਕਰ ਦਿੱਤਾ ਗਿਆ। ਉੱਧਰ ਕੁਲਵੰਤ ਨੂੰ ਇਸ ਦਾ ਬਹੁਤ ਵੱਡਾ ਝਟਕਾ ਲੱਗਾ । ਉਹ ਆਪਣਾ ਕੋਈ ਕੰਮ ਚੰਗੇ ਢੰਗ ਨਾਲ ਨਾ ਕਰ ਸਕਿਆ। ਉਸ ਨੇ ਬੇ-ਜ਼ਮੀਨੇ ਹੋਣ ਦੇ ਨਾਲ ਨਾਲ ਆਪਣੇ ਨਾਮ ਨਾਲ ਇੱਕ ਹੋਰ ਪਲੇਟ ਲਾ ਲਈ ਸ਼ਰਾਬੀ ਦੀ, ਇਸ ਤਰ੍ਹਾਂ ਇੱਕ ਹੋਣਹਾਰ ਵਿਦਿਆਰਥੀ ਦਾ ਬੇ-ਜ਼ਮੀਨੇ ਹੋਣ ਕਰਕੇ ਉਸ ਨੂੰ ਹਰ ਪਾਸਿਓ ਬੇ-ਅਬਾਦ ਕਰ ਗਿਆ।