buy antibiotic online
amoxicillin
uk ਸਾਡਾ ਭਾਰਤ ਲੋਕਤੰਤਰੀ ਦੇਸ਼ ਹੈ, ਜਿੱਥੇ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਸਰਕਾਰ ਬਣਦੀ ਹੈ। ਸਾਡੇ ਲੋਕੀਂ ਆਪਣੇ ਵੋਟ ਦੇ ਹੱਕ ਰਾਹੀਂ ਆਪਣੀ ਪਸੰਦ ਦਾ ਨੇਤਾ ਚੁਣ ਕੇ ਰਾਜ ਦੀ ਅਸੈਂਬਲੀ ਲਈ ਜਾਂ ਦੇਸ਼ ਦੀ ਸੰਸਦ ਲਈ ਚੁਣ ਕੇ ਭੇਜਦੇ ਹਨ। ਆਮ ਲੋਕੀਂ ਇਸ ਆਸ ਨਾਲ ਆਪਣਾ ਨੇਤਾ ਚੁਣ ਕੇ ਭੇਜਦੇ ਹਨ ਕਿ ਉਨ੍ਹਾਂ ਦੁਆਰਾ ਚੁਣਿਆ ਨੇਤਾ ਉਨ੍ਹਾਂ ਦੇ ਹੱਕਾਂ ਦੀ ਗੱਲ ਕਰੇਗਾ, ਉਨ੍ਹਾਂ ਨੂੰ ਬੁਨਿਆਦੀ ਲੋੜਾਂ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਵੇਗਾ। ਵੋਟਾਂ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਹੈ ਤਾਂ ਇਹ ਨੇਤਾ ਲੋਕਾਂ ਨਾਲ ਕੀਤੇ ਵਾਅਦੇ ਭੁਲਦੇ ਜਾਂਦੇ ਹਨ, ਆਪਣੇ ਨਿੱਜੀ ਸੁਆਰਥਾਂ ਲਈ ਸਮਝੌਤੇ ਕਰਨ ਲੱਗ ਜਾਂਦੇ ਹਨ। ਇੰਨੇ ਨੂੰ ਪੰਜ ਸਾਲ ਲੰਘ ਜਾਂਦੇ ਹਨ, ਮੁੜ ਵੋਟਾਂ ਆ ਜਾਂਦੀਆਂ ਹਨ, ਲੋਕੀਂ ਆਪਣਾ ਗੁੱਸਾ ਕੱਢਣ ਲਈ ਅਤੇ ਪਿਛਲੀਆਂ ਵੋਟਾਂ ਵਿੱਚ ਹਾਰੇ ਨੇਤਾ ਨੂੰ ਮੁੜ ਜਿੱਤਾ ਕੇ ਆਪਣਾ ਨੇਤਾ ਚੁਣਦੇ ਹਨ। ਸ਼ਾਇਦ ਮੁੜ ਉਹੀ ਨੇਤਾ ਉਨ੍ਹਾਂ ਦੀਆਂ ਆਸਾਂ ਤੇ ਉਮੀਦਾਂ ਤੇ ਪੂਰਾ ਉਤਰ ਜਾਵੇਗਾ। ਹਾਰ ਕੇ ਮੁੜ ਜਿੱਤਿਆ ਨੇਤਾ ਵੀ 'ਉਹੀ ਡਫਲੀ, ਉਹੀ ਰਾਗ' ਵਾਂਗ ਆਪਣੇ ਪੰਜ ਸਾਲ ਪੂਰੇ ਕਰਨ, ਆਪਣੇ ਨਿੱਜੀ ਪਾਲਣ ਵਿੱਚ ਲੱਗ ਜਾਂਦਾ ਹੈ। ਅਗਲੀਆਂ ਚੋਣਾਂ ਵਿੱਚ ਵੋਟਰ ਮੁੜ ਆਪਣਾ ਫਤਵਾ ਪਹਿਲੇ ਨੇਤਾ ਦੇ ਹੱਕ ਵਿੱਚ ਕਰ ਦਿੰਦੇ ਹਨ। ਇਹੀ ਲੜੀ ਸਾਡੇ ਭਾਰਤੀ ਲੋਕਤੰਤਰ ਅੰਦਰ ਚੱਲਦੀ ਆ ਰਹੀ ਹੈ। ਇਹ ਨੇਤਾ ਆਪਣੀ ਬੰਨ•ੀ ਹੋਈ ਵਾਰੀ ਮੁਤਾਬਿਕ ਪੰਜ ਸਾਲ ਆਪ, ਪੰਜ ਸਾਲ ਦੂਜੇ ਨੇਤਾ ਲਈ ਛੱਡ ਕੇ ਆਪਣੇ ਮਹਿਲ ਮੁਨਾਰੇ ਉੱਚੇ ਕਰੀ ਜਾ ਰਹੇ ਹਨ, ਜਾਇਦਾਦਾਂ ਵਿੱਚ ਬੇਹਿਸਾਬਾ ਵਾਧਾ ਕਰੀ ਜਾ ਰਹੇ ਹਨ ਅਤੇ ਆਪਣੀ ਅਗਲੀਆਂ ਪੀੜ•ੀਆਂ ਲਈ ਧੰਨ ਦੌਲਤ ਦੇ ਅੰਬਾਰ ਲਾ ਰਹੇ ਹਨ। ਆਮ ਲੋਕੀਂ ਬੁੱਧੂ ਬਣਕੇ ਇਨ੍ਹਾਂ ਪਿੱਛੇ ਲੱਗ ਕੇ ਆਪਣਾ, ਆਪਣੀਆਂ ਆਉਣ ਵਾਲੀਆਂ ਪੀੜ•ੀਆਂ ਅਤੇ ਆਪਣੇ ਦੇਸ਼ ਨੂੰ ਡੂੰਘੀ ਦਲਦਲ ਵਿੱਚ ਸੁਟ ਰਹੇ ਹਨ। ਜਿੱਥੋਂ ਹੁਣ ਨਿਕਲਣਾ ਬਹੁਤ ਹੀ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਲੱਗ ਰਿਹਾ ਹੈ। ਇਹ ਸਿਆਸੀ ਨੇਤਾ ਵੋਟਾਂ ਵੇਲੇ ਲੋਕਾਂ ਨਾਲ ਜੋ ਵਾਅਦੇ ਕਰਦੇ ਹਨ, ਬਾਅਦ ਵਿੱਚ ਉਸਦੇ ਉੱਲਟ ਚੱਲਦੇ ਹਨ, ਇਸ ਤਰ•ਾਂ ਇਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਜਿੰਨਾਂ ਫਰਕ ਹੈ।
ਜੇਕਰ ਇੱਥੇ ਇਮਾਨਦਾਰੀ ਦੀ ਪਰਿਭਾਸ਼ਾ ਦੇਣੀ ਪੈ ਜਾਵੇ ਤਾਂ ਕਿਹਾ ਜਾ ਸਕਦਾ ਹੈ, 'ਅੱਜ ਦੇ ਜਮਾਨੇ ਵਿੱਚ ਇਮਾਨਦਾਰ ਉਹ ਵਿਅਕਤੀ ਹੈ, ਜਿਸ ਦਾ ਕਿਤੇ ਵੀ ਹੱਥ ਨਹੀਂ ਪੈ ਰਿਹਾ।' ਜਦੋਂ ਕਿਸੇ ਦਾ ਵੀ ਕਿਤੇ ਹੱਥ ਪੈ ਜਾਂਦਾ ਹੈ ਤਾਂ ਉਹ ਦੇਸ਼ ਜਾਂ ਕੌਮ ਦੇ ਹਿੱਤ ਲਾਂਭੇ ਰੱਖ ਆਪੋ ਧਾਪੀ ਵਿੱਚ ਪੈ ਜਾਂਦਾ ਹੈ। ਇਮਾਨਦਾਰੀ ਦਾ ਸ਼ਬਦ ਮੁੜ ਕਦੀ ਉਸਦੀ ਜ਼ੁਬਾਨ ਤੇ ਨਹੀਂ ਆਉਂਦਾ। ਗੱਲ ਪੰਜਾਬ ਦੇ ਮੁੱਢਲੇ ਨੇਤਾਵਾਂ ਤੋਂ ਸ਼ੁਰੂ ਕੀਤੀ ਜਾਵੇ ਤਾਂ ਲੋਕਤੰਤਰੀ ਪ੍ਰਣਾਲੀ ਦੇ ਮੁੱਢਲੇ ਨੇਤਾ ਪਿੰਡਾਂ ਦੇ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਪੰਚ, ਸਰਪੰਚ ਆਉਂਦੇ ਹਨ। ਇਨ੍ਹਾਂ ਦਾ ਕਿਰਦਾਰ ਵੀ ਕੋਈ ਦੁੱਧ ਧੋਤਾ ਨਹੀਂ ਰਹਿੰਦਾ, ਪਿਛਲੇ ਦਿਨੀਂ ਸੂਚਨਾ ਅਧਿਕਾਰ ਐਕਟ ਰਾਹੀਂ ਇਸ ਗੱਲ ਦਾ ਖੁਲਾਸਾ ਹੋਇਆ ਕਿ 164 ਕਰੋੜ ਰੁਪਏ ਦੀ ਰਾਸ਼ੀ, ਜਿਨ੍ਹਾਂ ਵਿੱਚ ਗਰੀਬ ਲੋਕਾਂ ਦੀਆਂ ਪੈਨਸ਼ਨਾਂ ਸਨ, ਸਰਪੰਚ ਡਕਾਰ ਗਏ ਹਨ। ਜਿਵੇਂ ਜਿਵੇਂ ਇਨ੍ਹਾਂ ਨੇਤਾਵਾਂ ਦੇ ਅਹੁਦੇ ਵੱਡੇ ਹੁੰਦੇ ਜਾਂਦੇ ਹਨ ਤਾਂ ਗਬਨਾਂ ਦੀ ਰਾਸ਼ੀ ਦੀ ਪੰਡ ਵੀ ਭਾਰੀ ਹੁੰਦੀ ਜਾਂਦੀ ਹੈ। ਇਸ ਹਮਾਮ ਵਿੱਚ ਸਭ ਨੰਗੇ ਹਨ।
ਵੋਟਾਂ ਵੇਲੇ ਸਾਡੇ ਇਹ ਸਿਆਸੀ ਨੇਤਾ ਆਮ ਜਨਤਾ ਵਿੱਚ ਹੱਥ ਜੋੜ ਕੇ ਇਸ ਤਰ•ਾਂ ਵਿਚਰਦੇ ਹਨ, ਜਿਵੇਂ ਉਨ੍ਹਾਂ ਵਰਗਾ ਕੋਈ ਗਊ ਜਾਇਆ ਹੈ ਹੀ ਨਹੀਂ। ਆਪਣੇ ਭਾਸ਼ਣਾ ਵਿੱਚ ਲੋਕਾਂ ਨਾਲ ਵਾਅਦੇ ਇਸ ਤਰ•ਾਂ ਕਰਦੇ ਹਨ ਕਿ ਜਿਵੇਂ ਉਨ੍ਹਾਂ ਦੇ ਹੱਥ ਵਿੱਚ ਵਾਅਦੇ ਪੂਰੇ ਕਰਨ ਵਾਲੀ ਕੋਈ ਜਾਦੂਈ ਛੜੀ ਹੈ, ਵੋਟਾਂ ਜਿੱਤਣ ਤੋਂ ਬਾਅਦ ਬੱਸ ਘੁੰਮਾਉਣੀ ਹੀ ਹੈ, ਸਭ ਸਮੱਸਿਆਵਾਂ ਦਾ ਹੱਲ ਨਿਕਲ ਜਾਣਾ ਹੈ। ਆਜ਼ਾਦੀ ਤੋਂ ਬਾਅਦ ਹੁਣ ਤੱਕ ਇਨ੍ਹਾਂ ਦੀ ਇਹ ਜਾਦੂਈ ਛੜੀ ਆਮ ਲੋਕਾਂ ਨੂੰ ਕਦੀ ਨਹੀਂ ਦਿਖਾਈ ਦਿੱਤੀ, ਨਾ ਹੀ ਕੋਈ ਅਜੇ ਤੱਕ ਸੰਭਾਵਨਾ ਬਣੀ ਹੈ। ਅਸੀਂ ਸਾਰੇ ਆਮ ਲੋਕ ਇਨ੍ਹਾਂ ਦੀਆਂ ਲੂੰਬੜ ਚਾਲਾਂ ਵਿੱਚ ਆ ਕੇ ਮੁੜ ਇਨ੍ਹਾਂ ਨੂੰ ਨੇਤਾ ਚੁਣਨ ਵਿੱਚ ਆਪਣਾ ਯੋਗਦਾਨ ਪਾ ਕੇ ਪਾਪਾਂ ਦੇ ਭਾਗੀਦਾਰ ਬਣ ਰਹੇ ਹਾਂ।
ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਇਨ੍ਹਾਂ ਸਿਆਸੀ ਨੇਤਾਵਾਂ ਦਾ ਸਭ ਤੋਂ ਪਹਿਲਾਂ ਝੂਠਾ ਵਾਅਦਾ ਇਹੀ ਹੁੰਦਾ ਹੈ ਕਿ ਮੁਹੱਲੇ ਦੀਆਂ ਗਲ਼ੀਆਂ ਨਾਲੀਆਂ ਪੱਕੀਆਂ ਕਰ ਦਿੱਤੀਆਂ ਜਾਣਗੀਆਂ, ਸੜਕਾਂ ਦਾ ਸੁਧਾਰ ਕੀਤਾ ਜਾਵੇਗਾ, ਪੀਣ ਯੋਗ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਕੀ ਕਦੇ ਕਿਸੇ ਨੇ ਮੁੜ ਇਨ੍ਹਾਂ ਹੁਕਮਰਾਨਾਂ ਨੂੰ ਪੁਛਿਆ ਹੈ ਕਿ ਜਦੋਂ ਤੁਸੀਂ ਪਿਛਲੀ ਵਾਰੀ ਚੁਣੇ ਸੀ ਤਾਂ ਉਸ ਸਮੇਂ ਵੀ ਇਹੀ ਵਾਅਦੇ ਕੀਤੇ ਸਨ, ਹੁਣ ਵੀ ਇਹੀ ਕਰ ਰਹੇ ਹੋ? ਫਿਰ ਆਪਣੇ ਕਾਰਜਕਾਲ ਦੇ ਪੰਜ ਸਾਲਾਂ ਵਿੱਚ ਕੀਤਾ ਕੀ ਹੈ?
ਦੂਜਾ ਝੂਠਾ ਵਾਅਦਾ ਇਹ ਹੁੰਦਾ ਹੈ ਕਿ ਸਮਾਜ ਨੂੰ ਨਸ਼ਿਆ ਤੋਂ ਮੁਕਤ ਕੀਤਾ ਜਾਵੇਗਾ। ਨਸ਼ੇ ਨਹੀਂ ਵਿਕਣ ਦਿੱਤੇ ਜਾਣਗੇ। ਜਦੋਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਸੂਬੇ ਵਿੱਚ ਸਰਕਾਰ ਨੂੰ ਸਭ ਵੱਧ ਆਮਦਨ ਸ਼ਰਾਬ ਤੋਂ ਹੀ ਹੁੰਦੀ ਹੈ। ਦੂਜੇ ਨਸ਼ੇ ਵੱਖ ਹਨ। ਚੋਣਾਂ ਵੇਲੇ ਇਹੀ ਨੇਤਾ ਸਾਰਾ ਦਿਨ ਨਸ਼ਿਆਂ ਖਿਲਾਫ ਭਾਸ਼ਣ ਦਿੰਦੇ ਹਨ, ਇੱਕ ਦੂਜੇ ਨੂੰ ਭੰਡਦੇ ਹਨ ਅਤੇ ਸ਼ਾਮ ਨੂੰ ਆਪ ਹੀ ਆਪਣੇ ਵਰਕਰਾਂ ਰਾਹੀਂ ਘਰ ਘਰ ਨਸ਼ਾ ਵੰਡਣ ਦੀਆਂ ਡਿਊਟੀਆਂ ਲਾਉਂਦੇ ਹਨ। ਇਹ ਨੇਤਾ ਵੀ ਸਾਡੇ ਲੋਕਾਂ ਦੀ ਔਕਾਤ ਸਮਝ ਚੁੱਕੇ ਹਨ ਕਿ ਚਾਰ ਦਿਨ ਸ਼ਰਾਬ ਪਿਲਾਉਣ ਜਾਂ ਨਸ਼ਾ ਵੰਡਣ ਨਾਲ ਵੋਟਾਂ ਪਵਾ ਕੇ, ਪੂਰੇ ਪੰਜ ਸਾਲ ਲੁੱਟਣਾ ਹੀ ਹੈ। ਸਾਡੇ ਲੋਕਾਂ ਦੀ ਕੀਮਤ ਵੀ ਸਿਰਫ 'ਸ਼ਰਾਬ ਦੀ ਬੋਤਲ' ਹੀ ਰਹਿ ਗਈ ਹੈ। ਕਰ ਤੇ ਆਬਕਾਰੀ ਵਿਭਾਗ ਪੰਜਾਬ ਤੋਂ ਸੂਚਨਾ ਅਧਿਕਾਰ ਤਹਿਤ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਬਹੁਤੇ ਸਿਆਸੀ ਧਿਰਾਂ ਦੇ ਆਗੂਆਂ ਨੇ ਆਪਣੇ ਘਰਾਂ ਵਿੱਚ ਸ਼ਰਾਬ ਦੀਆਂ 24 ਬੋਤਲਾਂ ਰੱਖਣ ਦੇ ਲਾਇਸੰਸ ਲਏ ਹੋਏ ਹਨ, ਕਈ ਆਗੂ ਤਾਂ ਅਜਿਹੇ ਹਨ ਜਿਨ੍ਹਾਂ ਨੇ ਜੀਵਨ ਭਰ ਲਈ ਲਾਇਸੰਸ ਲੈ ਕੇ ਰੱਖੇ ਹੋਏ ਹਨ। ਫਿਰ ਇਨ੍ਹਾਂ ਤੋਂ ਨਸ਼ਾ ਮੁਕਤੀ ਦੀ ਕੀ ਆਸ ਕੀਤੀ ਕੀਤੀ ਜਾ ਸਕਦੀ ਹੈ? ਇਨ੍ਹਾਂ ਵਿੱਚੋਂ ਬਹੁਤੇ ਆਗੂ ਉਹੀ ਹਨ ਜਿਹੜੇ 'ਨਸ਼ਾ ਮੁਕਤ ਪੰਜਾਬ' ਲਹਿਰ ਵਿੱਚ ਆਪਣਾ ਸਿਆਸੀ ਲਾਹਾ ਲੈਣ ਲਈ ਸੜਕਾਂ ਤੋਂ ਸ਼ੁਰੂ ਹੋ ਕੇ ਬਾਰਡਰ ਤੱਕ ਦੀਆਂ ਰੈਲੀਆਂ ਵਿੱਚ ਮੂਹਰੀ ਹੋ ਕੇ ਤੁਰੇ ਹਨ। ਇੱਥੇ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਕਿ ਸਾਡੇ ਸਾਰੇ ਹੁਕਮਰਾਨਾਂ ਦਾ ਕੰਮ ਹੀ 'ਠੇਕੇਦਾਰੀ' ਹੈ। ਉਹ ਸ਼ਰਾਬ, ਰੇਤਾ, ਬਜਰੀ ਆਦਿ ਤੋਂ ਇਲਾਵਾ ਕਿਸੇ ਨਾ ਕਿਸੇ ਚੀਜ ਦੀ ਠੇਕੇਦਾਰੀ ਨਾਲ ਜੁੜੇ ਹੋਏ ਹਨ। ਨਸ਼ਾਖੋਰੀ ਦੇ ਕੰਮ ਵਿੱਚ ਪੰਜਾਬ ਦੀ ਅਫਸਰਸ਼ਾਹੀ ਵੀ ਪਿੱਛੇ ਨਹੀਂ ਰਹੀ ਹੈ, ਬਹੁਤਿਆਂ ਨੇ ਇਨ੍ਹਾਂ ਆਗੂਆਂ ਵਾਂਗ ਸ਼ਰਾਬ ਰੱਖਣ ਦੇ ਲਾਇਸੰਸ ਲਏ ਹੋਏ ਹਨ, ਕਈਆਂ ਨੇ ਆਪਣੇ ਅਤੇ ਆਪਣੀਆਂ ਪਤਨੀਆਂ ਦੇ ਨਾਂ ਤੇ ਵੀ ਦੋ-ਦੋ ਲਾਇੰਸਸ ਲਏ ਹੋਏ ਹਨ। ਕਿੱਥੋਂ ਮੁਕਤ ਹੋ ਜਾਵੇਗਾ ਨਸ਼ਿਆਂ ਤੋਂ ਸਾਡਾ ਪੰਜਾਬ।
ਤੀਜਾ ਝੂਠਾ ਵਾਅਦਾ ਇਹ ਹੁੰਦਾ ਹੈ ਕਿ ਬੇਰੁਜ਼ਗਾਰੀ ਖਤਮ ਕੀਤੀ ਜਾਵੇਗੀ। ਜੇਕਰ ਇਨ੍ਹਾਂ ਦੇ ਇਨ੍ਹਾਂ ਵਾਅਦਿਆਂ ਵਿੱਚ ਕੋਈ ਦਮ ਹੁੰਦਾ ਤਾਂ ਸਾਡੇ ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਵਿਦੇਸ਼ੀ ਧਰਤੀ ਤੇ ਜਾਣ ਲਈ ਇੰਨੇ ਤਰਲੋਮੱਛੀ ਨਾ ਹੋਣ। ਬੇਰੁਜਗਾਰੀ ਖਤਮ ਲਈ ਕੋਈ ਸਿਸਟਮ ਹੀ ਨਹੀਂ ਬਣਾਇਆ ਗਿਆ। ਸਰਕਾਰੀ ਮਹਿਕਮਿਆਂ ਵਿੱਚ ਅਸਾਮੀਆਂ ਧੜਾਧੜ ਖਾਲੀ ਹੋ ਰਹੀਆਂ ਹਨ, ਇੱਕ ਕਰਮਚਾਰੀ ਪੰਜ ਕਰਮਚਾਰੀਆਂ ਦਾ ਕੰਮ ਇਕੱਲਾ ਕਰ ਰਿਹਾ ਹੈ। ਜਿਹੜੇ ਕਰਮਚਾਰੀ ਹਨ ਵੀ ਉਹ ਵੀ ਕੰਮ ਤੋਂ ਟਾਲਾ ਵੱਟ ਧੁੱਪ ਸੇਕ ਰਹੇ ਹੁੰਦੇ ਹਨ ਜਾਂ ਫਿਰ ਮੋਬਾਇਲ ਫੋਨ ਕਰਨ ਵਿੱਚ ਮਸ਼ਰੂਫ ਨਜ਼ਰ ਆਉਂਦੇ ਹਨ ਅਤੇ ਕੰਮ ਕਰਾਉਣ ਵਾਲਿਆਂ ਦੀਆਂ ਲਾਈਨ ਲੰਬੀ ਹੁੰਦੀ ਜਾਂਦੀ ਹੈ। ਸਾਰਾ ਢਾਂਚਾ ਹੀ ਤਹਿਸ ਨਹਿਸ ਹੋਇਆ ਪਿਆ ਹੈ।
ਚੌਥਾ ਝੂਠਾ ਵਾਅਦਾ ਹੁੰਦਾ ਹੈ ਕਿ ਰਿਸ਼ਵਤਖੋਰੀ ਨੂੰ ਨੱਥ ਪਾਈ ਜਾਵੇਗੀ। ਸਾਡੇ ਲੋਕਾਂ ਨੂੰ ਕਿਉਂ ਸਮਝ ਨਹੀਂ ਪੈਂਦੀ ਕਿ ਇਹ ਸਿਆਸੀ ਆਗੂ ਸ਼ਰੇਆਮ ਸਭ ਦੇ ਸਾਹਮਣੇ ਝੂਠ ਬੋਲੀ ਜਾ ਰਿਹਾ ਹੁੰਦਾ ਹੈ, ਅਸੀਂ ਬਿਨਾਂ ਸੁਣੇ ਉਸਦੇ ਝੂਠੇ ਵਾਅਦਿਆਂ ਨੂੰ ਤਾੜੀਆਂ ਦੀ ਗੂੰਜ ਨਾਲ ਉਤਸ਼ਾਹਿਤ ਕਰਦੇ ਹਾਂ ਤੇ ਉਹ ਆਗੂ ਆਪਣੇ ਮਨ ਅੰਦਰ ਇਹ ਜਰੂਰ ਸੋਚਦਾ ਹੋਵੇਗਾ ਕਿ ਇਹੋ ਜਿਹੇ ਮੂਰਖ ਲੋਕ ਕਿਤੇ ਮਿਲਣੇ ਹਨ। ਉਸਨੂੰ ਤਾੜੀਆਂ ਦੀ ਗੂੰਜ ਵਿੱਚ ਆਪਣੀ ਜਮਾਂ ਪੂੰਜੀ ਵਿੱਚ ਹੋਰ ਵਾਧਾ ਕਰਨ ਦੇ ਪੰਜ ਸਾਲ ਹੋਰ ਪੱਕੇ ਹੁੰਦੇ ਜਾਪਦੇ ਹਨ। ਜੇਕਰ ਪਿਛਲੇ ਸਮੇਂ ਵਿੱਚ ਝਾਤ ਮਾਰੀ ਜਾਵੇ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਉਸਨੇ ਬਿਨਾਂ ਰਿਸ਼ਵਤ ਦੇ ਕੋਈ ਕੰਮ ਕਰਵਾਇਆ ਹੈ। ਇੱਥੇ ਇੱਕ ਕਿੱਸਾ ਯਾਦ ਆਉਂਦਾ ਹੈ ਕਿ ਇੱਕ ਨੇਤਾ ਆਪਣੇ ਇਲਾਕੇ ਵਿੱਚ ਆਪਣੇ ਚਹੇਤੇ ਨੂੰ ਥਾਣੇਦਾਰ ਲਵਾ ਦਿੰਦਾ ਹੈ, ਥਾਣੇਦਾਰ ਅੜਬ ਬਹੁਤ ਸੀ, ਉਹ ਕੋਈ ਵੀ ਕੰਮ ਰਿਸ਼ਵਤ ਲਏ ਬਗੈਰ ਨਹੀਂ ਸੀ ਕਰਦਾ। ਜੇਕਰ ਕੋਈ ਵਿਅਕਤੀ ਉਸ ਕੋਲ ਸਿੱਧਾ ਕੰਮ ਕਰਾਉਣ ਲਈ ਜਾਂਦਾ ਤਾਂ ਉਸਤੋਂ ਆਪਣੀ ਮਰਜੀ ਨਾਲ ਪੈਸੇ ਲੈ ਕੇ ਕੰਮ ਕਰ ਦਿੰਦਾ। ਜੇਕਰ ਕੋਈ ਉਸ ਨੇਤਾ ਦੀ ਸਿਫਾਰਸ਼ ਲੈ ਕੇ ਜਾਂਦਾ ਤਾਂ ਉਸਦਾ ਰੇਟ ਡਬਲ ਹੋ ਜਾਂਦਾ, ਜੇਕਰ ਕੋਈ ਪੁੱਛ ਲੈਂਦਾ ਤਾਂ ਉਹ ਕਹਿੰਦਾ, 'ਅੱਧੇ ਪੈਸੇ ਤਾਂ ਉਸ ਨੇਤਾ ਦੇ ਹਨ, ਜਿਸਦੀ ਤੂੰ ਸਿਫਾਰਸ਼ ਲਗਵਾਈ ਹੈ।' ਕਦੇ ਕਿਸੇ ਨੇਤਾ ਨੇ ਤੁਹਾਡੇ ਵਿੱਚ ਆ ਕੇ ਕਿਹਾ ਹੈ ਕਿ ਫਲਾਣੇ ਮਹਿਕਮੇਂ ਵਿੱਚ ਰਿਸ਼ਵਤ ਤੋਂ ਬਗੈਰ ਹੋਵੇਗਾ, ਜੇਕਰ ਕੰਮ ਨਹੀਂ ਹੁੰਦਾ ਤਾਂ ਸਿੱਧਾ ਮੇਰੇ ਨਾਲ ਸੰਪਰਕ ਕਰੋ ਜਾਂ ਕਦੇ ਕਿਸੇ ਨੇਤਾ ਨੇ ਸ਼ਰੇਆਮ ਕਿਸੇ ਅਧਿਕਾਰੀ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਫੜਿਆ ਹੈ? ਜੇਕਰ ਫੜਿਆ ਹੈ ਤਾਂ ਉਸਨੂੰ ਕੀ ਸਜਾ ਮਿਲੀ ਹੈ? ਇੱਥੇ ਗੱਲ ਇਨ੍ਹਾਂ ਸਿਆਸੀ ਆਗੂਆਂ ਦੁਆਰਾ ਕੀਤੇ ਕਿਹੜੇ ਕਿਹੜੇ ਝੂਠੇ ਵਾਅਦਿਆਂ ਦੀ ਕੀਤੀ ਜਾਵੇ ਸਭ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਸਾਨੂੰ ਸਭ ਕੁਝ ਪਤਾ ਹੁੰਦੇ ਹੋਏ ਵੀ ਅਸੀਂ ਮੂਕ ਦਰਸ਼ਕ ਬਣੇ ਰਹਿੰਦੇ ਹਾਂ। ਸਾਡੀ ਮਾਨਸਿਕਤਾ ਇਨ੍ਹਾਂ ਹੁਕਮਰਾਨਾਂ ਨੇ ਏਨੀ ਖੂੰਡੀ ਕਰ ਦਿੱਤੀ ਹੈ, ਅਸੀਂ ਸਾਰੇ ਆਪਣੇ ਮਨ ਅੰਦਰ ਇਹ ਤਾਂ ਸੋਚਦੇ ਹਾਂ ਕਿ ਸਾਡੇ ਇਸ ਮਾੜੇ ਸਿਸਟਮ ਅੰਦਰ ਬਦਲਾਅ ਆਉਣਾ ਚਾਹੀਦਾ ਹੈ। ਪ੍ਰੰਤੂ ਬਦਲਾਅ ਲਿਆਉਣ ਲਈ ਪਹਿਲ ਕੋਈ ਹੋਰ ਹੀ ਕਰੇ।
ਪਿਛਲੇ ਦਿਨੀਂ ਇੱਕ ਕਿਸਾਨ ਆਗੂ ਦੀ ਪੋਤੀ ਦੇ ਵਿਆਹ ਦੀ ਖਬਰ ਪੰਜਾਬੀ ਦੇ ਅਖਬਾਰਾਂ ਦਾ ਸ਼ਿੰਗਾਰ ਬਣੀ ਸੀ ਜਿਸ ਵਿੱਚ ਉਸਨੇ ਆਪਣੀ ਪੋਤੀ ਦਾ ਵਿਆਹ ਕਿਸੇ ਵੱਡੇ ਸ਼ਹਿਰ ਦੇ ਸਭ ਤੋਂ ਮਹਿੰਗੇ ਪੈਲੇਸ ਵਿੱਚ ਕੀਤਾ। ਜਦੋਂ ਇਹ ਆਗੂ ਕਿਸਾਨਾਂ ਦੀ ਹੱਕਾਂ ਦੀ ਗੱਲ ਲੈ ਕੇ ਧਰਨੇ ਮਾਰਨ ਜਾਂਦੇ ਹਨ, ਉੱਥੇ ਆਪਣੇ ਲੱਛੇਦਾਰ ਭਾਸ਼ਣਾ ਵਿੱਚ ਕਹਿੰਦੇ ਹਨ ਕਿ ਅਸੀਂ ਵੀ ਕਿਸਾਨੀ ਅਤੇ ਧਰਤੀ ਨਾਲ ਜੁੜੇ ਹੋਏ ਲੋਕ ਹਾਂ, ਕਿਸਾਨਾਂ ਦੀਆਂ ਤਕਲੀਫਾਂ ਨੂੰ ਸਮਝਦੇ ਹਾਂ। ਅੱਜ ਦਾ ਕਿਸਾਨ ਕਰਜੇ ਦੇ ਜਾਲ ਹੇਠ ਬੁਰੀ ਤਰ•ਾਂ ਫਸਿਆ ਪਿਆ ਹੈ, ਜਿਸਦਾ ਕਰਜਾ ਮੁਆਫ ਹੋਣਾ ਚਾਹੀਦਾ ਹੈ। ਪਿੰਡਾਂ ਵਿੱਚ ਜਾ ਕੇ ਵੀ ਕਹਿੰਦੇ ਹਨ ਕਿ ਕਿਸਾਨਾਂ ਨੂੰ ਆਪਣੇ ਖਰਚੇ ਘਟਾਉਣੇ ਚਾਹੀਦੇ ਹਨ, ਵਿਆਹਾਂ ਵਿੱਚ ਕੀਤੇ ਜਾਂਦੇ ਫਜੂਲ ਖਰਚਿਆਂ ਕਾਰਨ ਉਨ੍ਹਾਂ ਸਿਰ ਕਰਜੇ ਦੀ ਪੰਡ ਭਾਰੀ ਹੋਈ ਜਾ ਰਹੀ। ਉਨ੍ਹਾਂ ਨੂੰ ਸਾਦੇ ਵਿਆਹ ਕਰਨੇ ਚਾਹੀਦੇ ਹਨ। ਉਲਟਾ ਇਹ ਆਪ ਆਪਣੀ ਸ਼ਾਨੋ ਸ਼ੌਕਤ ਦਿਖਾਉਣ ਲਈ ਵਿਆਹਾਂ ਤੇ ਏਨਾ ਜਿਆਦਾ ਖਰਚ ਕਰਦੇ ਹਨ ਕਿ ਦੇਖਣ ਵਾਲਾ ਸੋਚੀ ਪੈ ਜਾਂਦਾ ਹੈ ਕਿ ਇਹ ਆਗੂ ਆਪ ਲੋਕਾਂ ਵਿੱਚ ਕੀ ਕਹਿੰਦੇ ਹਨ ਤੇ ਕਰਦੇ ਕੀ ਹਨ। ਜੇਕਰ ਕੋਈ ਕਿਸਾਨ ਇਨ੍ਹਾਂ ਦੀ ਰੀਸ ਕਰਕੇ ਵਿਆਹ ਕਰੇਗਾ ਤਾਂ ਆਪਣਾ ਸਾਰਾ ਕੁਝ ਵੇਚਕੇ ਹੀ ਖਹਿੜਾ ਛੁਡਾਵੇਗਾ।
ਜੇਕਰ ਸਾਡੇ ਲੋਕਾਂ ਦੁਆਰਾ ਚੁਣੇ ਜਾਂ ਹੋਰ ਜਥੇਬੰਦੀਆਂ ਦੇ ਆਗੂਆਂ ਦੇ ਪਿਛਲੇ ਦਿਨਾਂ ਤੇ ਝਾਤੀ ਮਾਰੀ ਜਾਵੇ ਤਾਂ ਇਹ ਆਮ ਮਾਮੂਲੀ ਆਦਮੀ ਦੀ ਜ਼ਿੰਦਗੀ ਬਸਰ ਕਰਦੇ ਪਾਏ ਜਾਂਦੇ ਹਨ, ਪ੍ਰੰਤੂ ਨੇਤਾ ਬਣਨ ਤੋਂ ਬਾਅਦ ਇਨ੍ਹਾਂ ਕੋਲ ਅਜਿਹੀ ਕਿਹੜੀ ਗਿੱਦੜਸਿੰਗੀ ਆ ਜਾਂਦੀ ਹੈ ਕਿ ਇਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣ ਜਾਂਦੇ ਹਨ।
ਸਾਡੇ ਸ਼ਹੀਦਾਂ ਦੁਆਰਾ ਖੂਨ ਡੋਲ ਕੇ ਪ੍ਰਾਪਤ ਕੀਤੀ ਇਹ ਆਜ਼ਾਦੀ, ਲਈ ਨਾ ਲਈ, ਇੱਕ ਬਰਾਬਰ ਹੈ। ਸਾਡੇ ਦੇਸ਼ ਭਗਤਾਂ ਨੇ ਤਾਂ ਸਾਨੂੰ ਲੁੱਟਣ ਵਾਲੇ ਗੋਰੇ ਅੰਗਰੇਜ਼ ਦੇਸ਼ ਵਿੱਚੋਂ ਭਜਾ ਦਿੱਤੇ ਸਨ। ਹੁਣ ਆਪਣਿਆਂ ਨੂੰ ਹੀ ਲੁੱਟਣ ਵਾਲੇ ਇਹ ਕਾਲੇ ਅੰਗਰੇਜ਼ਾਂ ਨੂੰ ਅਸੀਂ ਕਿੱਧਰ ਨੂੰ ਭਜਾਈਏ। ਜੇਕਰ ਇਹ ਹੁਕਮਰਾਨ ਸਾਡੇ ਪ੍ਰਤੀ ਇਸੇ ਤਰ•ਾਂ ਆਪਣੀ ਕਹਿਣੀ ਤੇ ਕਰਨੀ ਵਿੱਚ ਫਰਕ ਪਾ ਕੇ ਚੱਲਦੇ ਰਹੇ ਤਾਂ ਇਹ ਗੋਰੇ ਅੰਗਰੇਜ਼ਾਂ ਤੋਂ ਵੀ ਵੱਧ ਖਤਰਨਾਕ ਹਨ। ਇਨ੍ਹਾਂ ਦੇ ਮਨਸੂਬੇ ਸਾਡੇ ਲਈ ਤਾਂ ਘਾਤਕ ਹੈ ਹੀ, ਸਗੋਂ ਦੇਸ਼ ਲਈ ਉਸਤੋਂ ਵੀ ਵੱਧ ਦੇਸ਼ ਧ੍ਰੋਹੀ ਹਨ। ਹੁਣ ਸਾਨੂੰ ਸਭ ਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਇਸੇ ਤਰ•ਾਂ ਜ਼ਿੰਦਗੀ ਬਸਰ ਕਰਨੀ ਹੈ ਜਾਂ ਕੁਝ ਨਵਾਂ ਸਿਰਜਣਾ ਹੈ। ਸਾਨੂੰ ਸੁਪਨਮਈ ਦੁਨੀਆਂ ਛੱਡ ਕੇ ਜ਼ਮੀਨੀ ਹਕੀਕਤਾਂ ਪਛਾਣ ਕੇ ਅੱਗੇ ਵੱਧਣਾ ਪਵੇਗਾ। ਜੇਕਰ ਅਸੀਂ ਹੁਣ ਵੀ ਅਵੇਸਲੇ ਹੋ ਕੇ ਵੇਲਾ ਹੱਥੋਂ ਕੱਢ ਦਿੱਤਾ ਤਾਂ ਮੁੜ ਕਦੀ ਨਹੀਂ ਉਠ ਸਕਾਂਗੇ। ਆਓ ਇਨ੍ਹਾਂ ਹੁਕਮਰਾਨਾਂ ਦੀ ਕਹਿਣੀ ਤੇ ਕਰਨੀ ਇੱਕ ਕਰਨ ਲਈ ਇਨ੍ਹਾਂ ਵਿਰੁੱਧ ਲਾਮਬੰਦ ਹੋ ਕੇ ਇੱਕ ਸਬਕ ਆਪ ਪੜ•ੀਏ ਅਤੇ ਇਨ੍ਹਾਂ ਨੂੰ ਵੀ ਪੜ•ਾਈਏ।