ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਰੱਬ ਇੱਕ ਗੁੰਝਲਦਾਰ ਬੁਝਾਰਤ (ਲੇਖ )

    ਗੁਰਦੀਸ਼ ਗਰੇਵਾਲ   

    Email: gurdish.grewal@gmail.com
    Cell: +1403 404 1450, +91 98728 60488 (India)
    Address:
    Calgary Alberta Canada
    ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    "ਤੁਸੀਂ ਧਾਰਮਿਕ ਖਿਆਲਾਂ ਦੇ ਮਾਲਕ ਹੋ ਤੇ ਰੱਬ ਨੂੰ ਮੰਨਦੇ ਹੋ, ਮੈਡਮ- ਪਰ ਇਹ ਤਾਂ ਦੱਸੋ ਕਿ ਜੇ ਰੱਬ ਹੈ ਤਾਂ ਹੈ ਕਿਥੇ..?" ਵਿਦੇਸ਼ ਵਿੱਚ, ਤਰਕਸ਼ੀਲ ਸੁਸਾਇਟੀ ਨਾਲ ਸਬੰਧ ਰੱਖਣ ਵਾਲੇ, ਇੱਕ ਭੱਦਰ ਪੁਰਸ਼ ਨੇ, ਸਭਾ ਦੀ ਮੀਟਿੰਗ ਸਮਾਪਤ ਹੋਣ ਤੇ ਮੈਂਨੂੰ ਇਹ ਸਵਾਲ  ਕੀਤਾ। "ਮੈਂਨੂੰ ਤਾਂ ਹਰ ਪਾਸੇ ਦਿਸਦਾ ਹੈ, ਤੁਹਾਨੂੰ ਨਹੀਂ ਦਿਸਦਾ ਤਾਂ ਨਾ ਸਹੀ" ਮੈਂ ਬਹਿਸ ਕਰਨੀ ਠੀਕ ਨਾ ਸਮਝੀ। ਇਹ ਪ੍ਰਸ਼ਨ ਕੇਵਲ ਇੱਕ ਇਨਸਾਨ ਦਾ ਹੀ ਨਹੀਂ, ਸਗੋਂ ਬਹੁਤਿਆਂ ਨੂੰ ਰੱਬ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਹਨ। ਹਰ ਆਦਮੀ (ਕੁੱਝ ਕੁ ਨੂੰ ਛਡ ਕੇ) ਇਸ ਪ੍ਰਸ਼ਨ ਨੂੰ ਲੈ ਕੇ ਭੰਬਲਭੂਸੇ ਵਿੱਚ ਪਿਆ ਹੋਇਆ ਹੈ। ਪ੍ਰੋ. ਮੋਹਨ ਸਿੰਘ ਨੇ ਵੀ ਕਿਹਾ ਹੈ-
    "ਰਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖਧੰਦਾ।
    ਖੋਲ੍ਹਣ ਲੱਗਿਆਂ ਪੇਚ ਏਸ ਦੇ ,ਕਾਫਰ ਹੋ ਜਾਏ ਬੰਦਾ।
    ਕਾਫਰ ਹੋਣੋ ਡਰ ਕੇ ਜੀਵੀਂ, ਖੋਜੋਂ ਮੂਲ ਨਾ ਖੁੰਝੀ।
    ਲਾਈਲੱਗ ਮੋਮਨ ਦੇ ਨਾਲੋਂ, ਖੋਜੀ ਕਾਫਰ ਚੰਗਾ।
    ਆਦਿ ਕਾਲ ਤੋਂ ਹੀ ਮਨੁੱਖ ਇਸ ਪ੍ਰਸ਼ਨ ਦੇ ਉੱਤਰ ਦੀ ਖੋਜ ਵਿੱਚ ਲੱਗਾ ਹੋਇਆ ਹੈ। ਇਸ ਬਾਰੇ ਕੁੱਝ ਧਾਰਮਿਕ ਗ੍ਰੰਥਾਂ ਵਿੱਚ, ਇਕ ਬੜੀ ਹੀ ਦਿਲਚਸਪ ਕਹਾਣੀ ਦਿੱਤੀ ਹੋਈ ਹੈ, ਜੋ ਸਾਰਥਕ ਵੀ ਲਗਦੀ ਹੈ ਅਤੇ ਦਿਲ ਨੂੰ ਟੁੰਬਣ ਵਾਲੀ ਵੀ। ਸੋ ਪਹਿਲਾਂ ਮੈਂ ਉਹੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰ ਲੈਂਦੀ ਹਾਂ।
    ਕਹਿੰਦੇ ਹਨ ਕਿ: ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ, ਆਪਣੇ ਸਾਰੇ ਸਲਾਹਕਾਰ ਇਕੱਠੇ ਕਰਕੇ ਇੱਕ ਮੀਟਿੰਗ ਕੀਤੀ ਅਤੇ ਕਿਹਾ, "ਮੇਰਾ ਕੰਮ ਸੰਪੂਰਨ ਹੋ ਗਿਆ ਹੈ ਤੇ ਹੁਣ ਮੈਂ ਇਸ ਧਰਤੀ ਤੇ ਨਹੀਂ ਰਹਿਣਾ ਚਾਹੁੰਦਾ, ਕਿਉਂਕਿ ਧਰਤੀ ਦੇ ਜੀਵ ਆਪਣੀਆਂ ਸਮੱਸਿਆਵਾਂ ਦੱਸ ਕੇ ਮੈਨੂੰ ਪਰੇਸ਼ਾਨ ਕਰਦੇ ਰਹਿਣਗੇ। ਸੋ ਮੈਨੂੰ ਇਹ ਦੱਸੋ ਕਿ ਮੈਂ ਕਿੱਥੇ ਛੁਪਾਂ, ਤਾਂ ਕਿ ਮੈਨੂੰ ਕੋਈ ਲੱਭ ਨਾ ਸਕੇ।"
    ਇਕ ਸਲਾਹਕਾਰ ਨੇ ਪ੍ਰਮਾਤਮਾ ਨੂੰ ਕਿਹਾ, "ਤੁਸੀਂ ਚੰਦ ਉਪਰ ਛੁਪ ਜਾਉ, ਚੰਦ ਉਪਰ ਤੁਹਾਨੂੰ ਕੋਈ ਨਹੀਂ ਲੱਭ ਸਕਦਾ।" ਇਹ ਸੁਣ ਕੇ ਦੂਸਰੇ ਸਲਾਹਕਾਰ ਕਹਿਣ ਲੱਗੇ- "ਆਦਮੀ ਬਹੁਤ ਬੁੱਧੀਮਾਨ ਹੈ, ਇਹ ਇੱਕ ਨਾ ਇੱਕ ਦਿਨ ਚੰਦ ਉਪਰ ਜਰੂਰ ਪਹੁੰਚੇਗਾ। ਸੋ ਇਸ ਲਈ ਚੰਦ ਉਪਰ ਛੁਪਣਾ ਠੀਕ ਨਹੀਂ।" ਰੱਬ ਨੂੰ ਵੀ ਦਲੀਲ ਠੀਕ ਲੱਗੀ ਤੇ ਉਸ ਚੰਦ ਉਪਰ ਛੁਪਣ ਦਾ ਫੈਸਲਾ ਰੱਦ ਕਰ ਦਿੱਤਾ।
    ਇਕ ਹੋਰ ਮੈਂਬਰ ਨੇ ਸਲਾਹ ਦਿੱਤੀ, "ਤੁਸੀਂ ਮੰਗਲ ਗ੍ਰਹਿ ਉਪਰ ਚਲੇ ਜਾਉ, ਇਹ ਧਰਤੀ ਤੋਂ ਬਹੁਤ ਦੂਰ ਹੈ, ਉਥੇ ਕੋਈ ਨਹੀਂ ਪਹੁੰਚ ਸਕਦਾ।" ਪਰ ਦੂਸਰੇ ਸਲਾਹਕਾਰ ਕਹਿਣ ਲੱਗੇ, "ਜੇ ਆਦਮੀ ਚੰਦ ਉਪਰ ਪਹੁੰਚ ਗਿਆ ਤਾਂ ਉਹ ਮੰਗਲ ਗ੍ਰਹਿ ਤੇ ਵੀ ਜਰੂਰ ਪਹੁੰਚ ਜਾਏਗਾ। ਇਸ ਲਈ ਪ੍ਰਮਾਤਮਾ ਦਾ ਮੰਗਲ ਗ੍ਰਹਿ ਉਪਰ ਰਹਿਣਾ ਵੀ ਠੀਕ ਨਹੀਂ।"
    ਇਸੇ ਤਰ੍ਹਾਂ ਇਕ ਹੋਰ ਸਲਾਹਕਾਰ ਨੇ ਕਿਹਾ, "ਤੁਸੀਂ ਸਪੇਸ ਵਿੱਚ ਚਲੇ ਜਾਉ, ਖਾਲੀ ਸਪੇਸ ਵਿੱਚ ਆਦਮੀ ਕਿਸੇ ਤਰ੍ਹਾਂ ਨਹੀਂ ਪਹੁੰਚ ਸਕਦਾ।" ਕੋਲੋਂ ਹੀ ਦੂਸਰੇ ਨੇ ਜਵਾਬ ਦਿੱਤਾ, "ਤੈਂਨੂੰ ਨਹੀਂ ਪਤਾ, ਵੀਹਵੀਂ ਸਦੀ ਤੱਕ ਆਦਮੀ, ਵਿਗਿਆਨ ਦੇ ਖੇਤਰ ਵਿੱਚ ਐਨੀ ਤਰੱਕੀ ਕਰ ਲਵੇਗਾ, ਕਿ ਉਹ ਰਾਕਟ ਬਣਾ ਕੇ, ਉਸ ਵਿੱਚ ਬੈਠ ਕੇ, ਰੱਬ ਨੂੰ ਲੱਭਣ ਲਈ ਸਪੇਸ ਵਿੱਚ ਵੀ ਜਰੂਰ ਘੁੰਮੇਗਾ।" ਪ੍ਰਮਾਤਮਾ ਨੂੰ ਉਸ ਦੀ ਗੱਲ ਵੀ ਠੀਕ ਲੱਗੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਉਥੇ ਛੁਪੇ ਜਿੱਥੋਂ ਉਸ ਨੂੰ ਕੋਈ ਵੀ ਲੱਭ ਨਾ ਸਕੇ।
    ਕੁਝ ਦੇਰ ਇਸੇ ਤਰ੍ਹਾਂ ਸਲਾਹ ਮਸ਼ਵਰਾ ਚਲਦਾ ਰਿਹਾ। ਆਖਿਰ ਇਕ ਸਿਆਣੇ ਸਲਾਹਕਾਰ ਨੇ ਪ੍ਰਮਾਤਮਾ ਨੂੰ ਕਿਹਾ, "ਮਹਾਰਾਜ, ਜੇ ਤੁਸੀਂ ਸੱਚਮੁਚ ਇਹ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਵੀ ਆਦਮੀ ਲੱਭ ਨਾ ਸਕੇ, ਤਾਂ ਦੁਸੀਂ ਆਦਮੀ ਦੇ ਸਰੀਰ ਅੰਦਰ ਹੀ ਪ੍ਰਵੇਸ਼ ਕਰ ਜਾਉ। ਅਦਮੀ ਹਰ ਜਗ੍ਹਾ ਤੁਹਾਨੂੰ ਲੱਭਣ ਦੀ ਕੋਸ਼ਿਸ਼ ਕਰੇਗਾ, ਪਰ ਉਹ ਆਪਣੇ ਅੰਦਰ ਕਦੇ ਵੀ ਝਾਤ ਨਹੀਂ ਮਾਰੇਗਾ। ਕਿਉਂਕਿ ਆਦਮੀ ਦਾ ਮਨ ਇਹ ਗੱਲ ਕਦੇ ਵੀ ਸੋਚ ਨਹੀਂ ਸਕਦਾ ਕਿ ਪ੍ਰਮਾਤਮਾ ਉਸ ਦੇ ਅੰਦਰ ਵੀ ਲੁਕ ਸਕਦਾ ਹੈ।" ਇਸ ਮਸ਼ਵਰੇ ਨਾਲ ਸਾਰੇ ਸਲਾਹਕਾਰ ਸਹਿਮਤ ਹੋ ਗਏ। ਪ੍ਰਮਾਤਮਾ ਨੂੰ ਵੀ ਇਹ ਰਾਏ ਠੀਕ ਲੱਗੀ। ਕਹਿੰਦੇ ਹਨ ਕਿ ਉਸ ਦਿਨ ਤੋਂ ਪ੍ਰਮਾਤਮਾ, ਆਦਮੀ ਦੇ ਸਰੀਰ ਅੰਦਰ ਹੀ ਪ੍ਰਵੇਸ਼ ਕਰ ਗਿਆ।
    ਸਾਡੇ ਧਾਰਮਿਕ ਗ੍ਰੰਥ ਵੀ ਇਹੀ ਕਹਿੰਦੇ ਹਨ ਕਿ ਪ੍ਰਮਾਤਮਾ ਸਾਡੇ ਅੰਦਰ ਵੱਸਦਾ ਹੈ। ਸੋ ਇਸ ਸਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਅਨੁਸਾਰ ਵੀ ਪ੍ਰਮਾਤਮਾ ਦਾ ਵਾਸਾ ਸਾਡੇ ਅੰਦਰ ਹੀ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਹਨ ਕਿ: 
    "ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ 
    "ਵਸੀ ਰਬ ਹਿਆਲੀਐ, ਜੰਗਲ ਕਿਆ ਢੂਢੇਹਿ।"
    ਪਰ ਅਜੇ ਵੀ ਮਨੁੱਖ ਕਦੇ ਪਹਾੜਾਂ ਤੇ ਜਾ ਕੇ ਭਗਤੀ ਕਰਦਾ ਹੈ, ਕਦੇ ਜੰਗਲਾਂ ਵਿੱਚ ਰੱਬ ਦੀ ਭਾਲ ਕਰਨ ਚਲਾ ਜਾਂਦਾ ਹੈ। ਕਦੇ ਗ੍ਰਹਿਸਤ ਤੋਂ ਦੂਰ ਭੱਜਦਾ ਹੈ ਤੇ ਕਦੇ ਤੀਰਥ ਅਸਥਾਨਾਂ ਤੇ ਲੱਭਣ ਤੁਰ ਪੈਂਦਾ ਹੈ। ਪਰ ਗੁਰਬਾਣੀ ਦਾ ਸਿਧਾਂਤ ਤਾਂ, ਰੱਬ ਨੂੰ ਲੱਭਣ ਲਈ ਘਰ ਬਾਰ ਤਿਆਗਣ ਦੀ ਸਲਾਹ ਨਹੀਂ ਦਿੰਦਾ ।
    ਬਾਬਾ ਬੁੱਲ੍ਹੇ ਸ਼ਾਹ ਦਾ ਵੀ ਕਲਾਮ ਹੈ:
    "ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਤਾਂ ਮਿਲਦਾ ਡੱਡੂਆਂ ਮੱਛੀਆਂ
    ਜੇ ਰੱਬ ਮਿਲਦਾ ਜੰਗਲ ਬੇਲੇ, ਤਾਂ ਮਿਲਦਾ ਗਊਆਂ ਵੱਛੀਆਂ....
    ਬੁਲ੍ਹਿਆਂ ਰੱਬ ਉਨ੍ਹਾਂ ਨੂੰ ਮਿਲਦਾ, ਨੀਤਾਂ ਜਿਨ੍ਹਾਂ ਦੀਆਂ ਸੱਚੀਆਂ"
    ਭਾਵ ਸਾਫ਼ ਨੀਤ ਵਾਲੇ ਤਾਂ ਘਰ ਬੈਠ ਕੇ ਵੀ ਰੱਬ ਦੇ ਨੇੜੇ ਪਹੁੰਚ ਜਾਂਦੇ ਹਨ ਜਦ ਕਿ ਬੁਰੇ ਕਰਮ ਕਰਨ ਵਾਲੇ ਕਦੇ ਤੀਰਥ ਇਸ਼ਨਾਨ ਕਰਦੇ ਹਨ, ਕਦੇ ਜੰਗਲ ਜਾਂ ਪਹਾੜਾਂ ਤੇ ਰੱਬ ਦੀ ਭਾਲ ਵਿੱਚ ਜਾਂਦੇ ਹਨ, ਤਾਂ ਵੀ ਰੱਬ ਦੇ ਨੇੜੇ ਨਹੀਂ ਢੁੱਕ ਸਕਦੇ। ਬੁੱਲੇ ਸ਼ਾਹ ਤਾਂ ਇਹ ਵੀ ਕਹਿੰਦੇ ਹਨ ਕਿ -
    "ਬੁੱਲ੍ਹਿਆ ਰੱਬ ਦਾ ਕੀ ਪਾਉਣਾ,
    ਇੱਧਰੋਂ ਪੁੱਟਣਾ, ਓਧਰ ਲਾਉਣਾ"
    ਭਾਵ ਦੁਨਿਆਵੀ ਮੋਹ ਮਾਇਆ ਤੋਂ ਮਨ ਨੂੰ ਸੰਕੋਚ ਕੇ, ਪਰਮਾਰਥ ਵਾਲੇ ਪਾਸੇ ਲਾਉਣਾ ਹੈ। 
    ਰੱਬ ਦੀ ਯਾਦ ਵਿੱਚ ਜੁੜੇ ਹੋਏ ਲੋਕਾਂ ਨੂੰ, ਰੱਬ ਬਹੁਤ ਨੇੜੇ ਲਗਦਾ ਹੈ। ਪਰ ਜਿਹਨਾਂ ਤੇ ਦੁਨਿਆਵੀ ਮੋਹ ਮਾਇਆ ਹਾਵੀ ਹੈ ਅਤੇ ਜੋ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਕਿਧਰੇ ਵੀ ਰੱਬ ਦਾ ਰੂਪ ਨਜ਼ਰੀਂ ਨਹੀਂ ਪੈਂਦਾ। ਰੱਬ ਨੂੰ ਖੁਸ਼ ਕਰਨ ਲਈ ਅਸੀਂ ਲੋਕ ਤਰ੍ਹਾਂ ਤਰ੍ਹਾਂ ਦੇ ਅਡੰਬਰ ਕਰ ਰਹੇ ਹਾਂ ਪਰ ਉਹ ਫਿਰ ਵੀ ਰੀਝਦਾ ਨਹੀਂ। ਦਸ਼ਮੇਸ਼ ਪਿਤਾ ਤਾਂ ਕਹਿੰਦੇ ਹਨ-
    "ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ"
    ਭਾਵ- ਪ੍ਰੇਮ ਕਰਨ ਨਾਲ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਇੱਕ ਹੋਰ ਗੱਲ ਵੀ ਇਥੇ ਵਰਨਣਯੋਗ ਹੈ- ਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਮਦਦ ਕਰਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਬਹੁੜਦਾ ਹੈ। ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਤੇ ਹਰਨਾਖਸ਼ ਦਾ ਹੰਕਾਰ ਤੋੜਨ ਲਈ ਵੀ ਤਾਂ ਬਹੁੜਿਆ ਹੀ ਸੀ ਨਾ ਪ੍ਰਭੂ? ਦਰੋਪਤੀ ਦੀ ਇੱਜ਼ਤ ਬਚਾਉਣ ਵੀ ਤਾਂ ਆਇਆ ਹੀ ਸੀ ਨਾ ਭਗਵਾਨ? ਸੋ ਜਦੋਂ ਵੀ ਉਸ ਦਾ ਕੋਈ ਭਗਤ ਸੱਚੇ ਦਿਲੋਂ ਪੁਕਾਰ ਕਰਦਾ ਹੈ ਤਾਂ ਉਹ ਜਰੂਰ ਬਹੁੜਦਾ ਹੈ। ਲੋੜ ਹੈ ਉਸ ਨੂੰ ਪ੍ਰੇਮ ਨਾਲ ਯਾਦ ਕਰਨ ਦੀ।
    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਵੀ, ਸਾਰਾ ਜਗਤ, ਪ੍ਰਮਾਤਮਾ ਦੀ ਭਾਲ ਤੇ ਉਸ ਨੂੰ ਖੁਸ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਸੀ। ਵੱਖ ਵੱਖ ਦੇਵੀ ਦੇਵਤਿਆਂ ਦੀ ਪੂਜਾ ਕਰਨ ਅਤੇ ਦਾਨ ਪੁੰਨ ਕਰਨ ਵਿੱਚ ਆਪਣਾ ਧਨ ਤੇ ਸਮਾਂ ਅਜਾਈਂ ਗੁਆ ਰਿਹਾ ਸੀ, ਕਿਉਂਕਿ ਹਰ ਬੰਦਾ ਆਪੋ ਆਪਣੇ ਦੇਵਤੇ ਨੂੰ ਰੱਬ ਸਮਝੀ ਬੈਠਾ ਸੀ। ਉਸ ਸਮੇਂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਨੂੰ ਇਕ ਇਨਕਲਾਬੀ ਪੈਗਾਮ ਦਿੱਤਾ। ਇਕ ਓਂਕਾਰ ਦਾ ਨਾਅਰਾ ਲਾਇਆ ਉਹਨਾਂ। ਇਕ ਪ੍ਰਮਾਤਮਾ ਨੂੰ ਯਾਦ ਕਰਨ ਤੇ ਉਸ ਦੀ ਰਜ਼ਾ ਵਿੱਚ ਚਲਣ ਦਾ ਉਪਦੇਸ਼, ਉਹਨਾਂ ਲੋਕਾਈ ਨੂੰ ਦਿੱਤਾ। ਉਹਨਾਂ ਦਾ, "ਕਿਰਤ ਕਰੋ, ਨਾਮ ਜਪੋ, ਵੰਡ ਛਕੋ" ਦਾ ਸਿਧਾਂਤ ਇੰਨਾ ਸਰਲ ਹੈ ਕਿ ਜਿਸ ਤੇ ਅਮਲ ਕਰਨਾ ਕੋਈ ਔਖਾ ਕੰਮ ਨਹੀਂ ਹੈ। ਉਹਨਾਂ ਮਨ ਨੂੰ ਵੱਸ ਵਿੱਚ ਰੱਖਣ ਅਤੇ ਵਿਸ਼ੇ ਵਿਕਾਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ। ਉਹਨਾਂ ਅਨੁਸਾਰ- ਮਨ ਨੂੰ ਜਿੱਤਣਾ ਹੀ ਜੱਗ ਨੂੰ ਜਿੱਤਣਾ ਹੈ। ਜਪੁ ਜੀ ਸਾਹਿਬ ਵਿੱਚ ਆਪ ਫ਼ੁਰਮਾਉਂਦੇ ਹਨ- "ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥"
    ਸੋ ਜੇ ਅਸੀਂ ਮਨ ਨੂੰ ਜਿੱਤ ਲਈਏ, ਤਾਂ ਆਪਣੇ ਅੰਦਰੋਂ ਰੱਬ ਨੂੰ ਲੱਭਣਾ ਕੋਈ ਔਖਾ ਕੰਮ ਨਹੀਂ। ਸਾਡੀ ਆਤਮਾ, ਪਰਮਾਤਮਾਂ ਦਾ ਅੰਸ਼ ਹੈ। ਪਰ ਉਸ ਦੇ ਅੱਗੇ ਅਸੀਂ, ਵਿਸ਼ੇ ਵਿਕਾਰਾਂ ਅਤੇ ਹਉਮੈਂ ਦੀ ਇਕ ਕੰਧ ਉਸਾਰ ਲਈ ਹੈ, ਜੋ ਸਾਨੂੰ ਆਤਮਾ ਦੀ ਅਵਾਜ਼ ਸੁਣਨ ਹੀ ਨਹੀਂ ਦਿੰਦੀ। ਇਸ ਮਨ ਦਾ ਸੁਭਾਅ ਇਹ ਵੀ ਹੈ ਕਿ ਇਹ ਸਦਾ ਭੂਤ ਕਾਲ ਜਾਂ ਭਵਿੱਖ ਵਿੱਚ ਭਟਕਦਾ ਰਹਿੰਦਾ ਹੈ। ਇਹ ਵਰਤਮਾਨ ਵਿੱਚ ਨਹੀਂ ਰਹਿ ਸਕਦਾ। ਸੋ ਜੇ ਅਸੀਂ ਵਰਤਮਾਨ ਵਿੱਚ ਰਹਿਣਾ ਸਿੱਖ ਜਾਈਏ ਤਾਂ ਮਨ ਨੂੰ ਕਾਬੂ ਕਰਨ ਵਿੱਚ ਕਾਫੀ ਹੱਦ ਤੱਕ ਸਫਲਤਾ ਮਿਲ ਸਕਦੀ ਹੈ।
    ਕਈ ਵਾਰੀ ਦੇਖਣ ਵਿੱਚ ਆਉਂਦਾ ਹੈ ਕਿ ਭਾਵੇਂ ਅਸੀਂ ਕਿਸੇ ਬੰਦ ਕਮਰੇ ਵਿੱਚ, ਇਕਾਂਤ ਜਗ੍ਹਾ ਤੇ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਵੀ ਪਾਠ ਕਰਦਿਆਂ, ਸਾਡਾ ਮਨ ਕਿਤੇ ਦਾ ਕਿਤੇ ਚਲਾ ਜਾਂਦਾ ਹੈ, ਸਾਡਾ ਮਨ ਸਾਡਾ ਧਿਆਨ ਹੀ ਨਹੀਂ ਲੱਗਣ ਦਿੰਦਾ। ਪਰ ਰੱਬ ਨੂੰ ਅੰਦਰੋਂ ਲੱਭਣ ਲਈ ਧਿਆਨ ਜਾਂ ਮੈਡੀਟੇਸ਼ਨ ਦੀ ਲੋੜ ਹੈ। ਜੋ ਵੀ ਕੰਮ ਕਰੀਏ, ਪੂਰੇ ਧਿਆਨ ਨਾਲ ਕਰੀਏ, ਇਕਾਗਰਤਾ ਨਾਲ ਕਰੀਏ ਤੇ ਉਸ ਵੇਲੇ ਮਨ ਨੂੰ ਹੋਰ ਕਿਧਰੇ ਭੱਜਣ ਨਾ ਦੇਈਏ। ਇਕਾਗਰਤਾ ਹਰ ਕੰਮ ਲਈ ਜ਼ਰੂਰੀ ਹੈ। ਅੱਜ ਤੱਕ ਸਾਇੰਸ ਦੇ ਜੋ ਵੀ ਚਮਤਕਾਰ ਹੋਏ ਹਨ, ਉਹ ਵੀ ਮਨ ਨੂੰ ਇਕਾਗਰ ਕਰ ਕੇ ਹੀ ਹੋਏ ਹਨ। ਪੂਰਾ ਧਿਆਨ ਲਾਉਣ ਨਾਲ ਉਸ ਦੇ ਅੱਗੇ ਤੋਂ ਅੱਗੇ ਰਹੱਸ ਖੁੱਲਦੇ ਜਾਂਦੇ ਹਨ। ਸੋ ਮਨ ਨੂੰ ਹਰ ਵੇਲੇ ਫਜ਼ੂਲ ਹੀ ਦੌੜਦੇ ਰਹਿਣ ਤੋਂ ਰੋਕਣਾ ਹੈ। ਜੇ ਸਾਡਾ ਮਨ ਇਸ ਤਰ੍ਹਾਂ ਕਾਬੂ ਆ ਗਿਆ, ਤਾਂ ਅਸੀਂ ਆਪਣੀ ਆਤਮਾ ਦੀ ਆਵਾਜ਼ ਸੁਣਨ ਦੇ ਕਾਬਿਲ ਹੋ ਜਾਵਾਂਗੇ, ਜੋ ਸਾਨੂੰ ਹਮੇਸ਼ਾ ਸਹੀ ਦਿਸ਼ਾ ਦਿਖਾਏਗੀ, ਤੇ ਇਹੀ ਰੱਬ ਦੀ ਅਵਾਜ਼ ਹੋਏਗੀ। ਇਹ ਸਾਨੂੰ ਸੁੱਚੀ ਕਿਰਤ ਕਰਨ, ਸੱਚ ਬੋਲਣ, ਨੇਕੀ ਕਰਨ ਅਤੇ ਸਰਬੱਤ ਦਾ ਭਲਾ ਮੰਗਣ ਲਈ ਪ੍ਰੇਰਨਾ ਦਿੰਦੀ ਰਹੇਗੀ ਤਾਂ ਸਾਨੂੰ ਰੱਬ ਸਿਰਫ ਆਪਣੇ ਅੰਦਰ ਹੀ ਨਹੀਂ, ਸਗੋਂ ਪ੍ਰਮਾਤਮਾ ਦੇ ਬਣਾਏ ਹਰ ਜੀਵ ਵਿੱਚ ਅਤੇ ਬ੍ਰਹਿਮੰਡ ਦੇ ਹਰ ਕਣ ਵਿੱਚ ਨਜ਼ਰੀਂ ਆਏਗਾ।