ਸਤਾਈ ਸਾਲਾਂ ਬਾਅਦ ਘਰ ਆਈਆਂ ਰੌਣਕਾਂ,
ਹੋਇਆ ਰੱਬ ਦਾ ਫ਼ਜ਼ਲ।
ਬੇਟੇ ਘਰ ਬੇਟੀ ਸਾਡੇ ਹੋਈ ਪੋਤਰੀ,
ਨਾਮ ਰਖਿਆ ਗ਼ਜ਼ਲ।
ਲਛਮੀ ਦਾ ਰੂਪ ਧੀਅ ਹੋਣ ਪਹਿਲੀਆਂ,
ਜ਼ਮਾਨਾ ਸੱਚ ਕਹਿੰਦਾ ਹੈ।
ਗੋਦੀ ਵਿਚ ਬੈਠ ਮਾਰੇ ਕਿਲਕਾਰੀਆਂ,
ਤਾਂ ਥਕੇਵਾਂ ਲਹਿੰਦਾ ਹੈ।
ਸ਼ੀਤ ਸ਼ੀਤ ਕਰ ਕੇ ਹਸਾਇਆਂ ਹਸਦੀ,
ਖੜਕੇ ਤੋਂ ਡਰਦੀ।
ਮਰਫ਼ੀ ਦੇ ਰੇਡੀਉ ਦੀ ਕਰੇ ਮਸ਼ਹੂਰੀ,
ਓਸ ਕਾਕੇ ਵਰਗੀ।
ਦੁਧ ਦੇਣ ਪਿਛੋਂ ਦੁਆਉਂਦੀ ਏ ਡਕਾਰ ਵੀ,
ਮੰਮਾ ਮੋਢੇ ਲਾਇ ਕੇ।
ਪੜਦਾਦੀ ਆਹਰੇ ਲੱਗੀ ਝੂਟੇ ਦੇਵੇ ਪੋਤੀ ਨੂੰ,
ਪੀਂਘੇ ਨੂੰ ਹਿਲਾਇ ਕੇ।
ਮੂਲ ਤੋਂ ਪਿਆਰਾ ਹੁੰਦਾ ਵਿਆਜ ਕਹਿਣ ਸਿਆਣੇ,
ਭਾਵ ਪੋਤੇ ਪੋਤੀਆਂ।
ਘਰ ਪਰਿਵਾਰ ਦੀ ਇਹ ਸ਼ਾਨ ਹੁੰਦੇ ਆ,
ਸਾਰੇ ਦੋਹਤੇ ਦੋਹਤੀਆਂ।
ਹੱਟੀਆਂ ਤੋਂ ਮੇਵੇ ਇਹ ਥਿਆਉਂਦੇ ਮੁੱਲ ਨਾ,
ਲੱਖ ਲਈਏ ਭਾਲ ਜੀ।
'ਪੈਰਿਸ' ਇਹ ਦਾਤ ਅਨਮੋਲ ਰੱਬ ਦੀ,
ਮਿਲੇ ਭਾਗਾਂ ਨਾਲ ਜੀ।