'ਬਾਲ ਪ੍ਰੀਤ' ਰਸਾਲੇ ਦਾ ਵਾਤਾਵਰਣ ਅੰਕ ਜਾਰੀ (ਖ਼ਬਰਸਾਰ)


ਪਟਿਆਲਾ --   ਬੱਚਿਆਂ  ਵਿੱਚ ਰਚਨਾਤਮਕ ਰੁਚੀਆਂ ਪੈਦਾ ਕਰਨ  ਅਤੇ ਉਨ੍ਹਾਂ ਨੂੰ ਮਿਆਰੀ ਸਾਹਿਤ  ਨਾਲ ਜੋੜਨ ਲਈ ਜ਼ਿਲ੍ਹਾ ਬਾਲ ਭਲਾਈ  ਕੌਂਸਲ ਪਟਿਆਲਾ ਦੇ ਪ੍ਰਬੰਧਾਂ ਹੇਠ  ਪ੍ਰਕਾਸ਼ਿਤ ਹੁੰਦੇ ਦੋ-ਮਾਸਿਕ ਬਾਲ  ਰਸਾਲੇ 'ਬਾਲ ਪ੍ਰੀਤ' ਦੇ ਤੀਜੇ ਅੰਕ ਨੂੰ ਅੱਜ ਕੌਂਸਲ ਦੇ ਸਰਪ੍ਰਸਤ-ਕਮ-ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਿਲੀਜ਼ ਕੀਤਾ ਗਿਆ। ਸ. ਜੀ. ਕੇ. ਸਿੰਘ ਨੇ ਕਿਹਾ ਕਿ ਬੱਚਿਆਂ ਖਾਸ ਕਰਕੇ ਵਿਦਿਆਰਥੀ ਵਰਗ ਵਿੱਚ ਇਸ ਰਸਾਲੇ 'ਚ ਰਚਨਾਵਾਂ ਪ੍ਰਕਾਸ਼ਿਤ ਕਰਵਾਉਣ ਲਈ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ ਜਿਸ ਤੋਂ ਸਪੱਸ਼ਟ ਹੈ ਕਿ ਇਹ ਰਸਾਲਾ ਬਾਲਾਂ ਦੀ ਪੜ੍ਹਨ ਰੁਚੀ ਵਿੱਚ ਯਕੀਨੀ ਤੌਰ 'ਤੇ ਵਾਧਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੱਚੇ ਸਾਡਾ ਭਵਿੱਖ ਅਤੇ ਕੌਮ ਦਾ ਖਜ਼ਾਨਾ ਹਨ ਇਸ ਲਈ ਇਨ੍ਹਾਂ ਨੂੰ ਚੰਗੇ ਰਾਹ 'ਤੇ ਤੋਰਨ ਲਈ ਮਿਆਰੀ ਸਾਹਿਤ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਬਾਲ ਪ੍ਰੀਤ' ਦਾ ਇਹ ਅੰਕ ਵਾਤਾਵਰਣ ਨਾਲ ਜੁੜੀਆਂ ਸਮੱਸਿਆਵਾਂ 'ਤੇ ਆਧਾਰਤ ਹੈ ਅਤੇ ਬੱਚਿਆਂ ਨੇ ਰਚਨਾਵਾਂ ਅਤੇ ਚਿੱਤਰਾਂ ਦੇ ਰਾਹੀਂ ਵਾਤਾਵਰਣ ਦੀ ਸਾਂਭ-ਸੰਭਾਲ ਕਰਨ, ਪਾਣੀ ਦੀ ਬੱਚਤ ਕਰਨ, ਅੰਨ੍ਹੇਵਾਹ ਰੁੱਖਾਂ ਦੀ ਕਟਾਈ ਨਾ ਕਰਨ, ਬੂਟੇ ਲਗਾ ਕੇ ਉਨ੍ਹਾਂ ਦੀ ਸਹੀ ਪਰਵਰਿਸ਼ ਕਰਨ ਸਮੇਤ ਹੋਰ ਅਹਿਮ ਵਿਸ਼ਿਆਂ ਨੂੰ ਆਪਣੀ ਸੋਚ ਸ਼ਕਤੀ ਨਾਲ ਬਾਖ਼ੂਬੀ ਪੇਸ਼ ਕੀਤਾ ਹੈ ਜਿਸ ਤੋਂ ਸਭ ਨੂੰ ਸੇਧ ਮਿਲਦੀ ਹੈ। ਇਸ ਮੌਕੇ ਉਨ੍ਹਾਂ ਰਸਾਲੇ ਦੇ ਸੰਪਾਦਕੀ ਬੋਰਡ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ 'ਬਾਲ ਪ੍ਰੀਤ' ਦਾ ਇਹ ਬੂਟਾ ਆਪਸੀ ਤਾਲਮੇਲ ਨਾਲ ਹੀ ਰੁੱਖ ਦਾ ਰੂਪ ਧਾਰਨ ਕਰ ਸਕਦਾ ਹੈ।  ਇਸ ਮੌਕੇ ਸ੍ਰੀ ਜੀ.ਕੇ. ਸਿੰਘ ਤੋਂ ਇਲਾਵਾ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਕਾਰਜਕਾਰੀ ਪ੍ਰਧਾਨ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਹਾਇਕ ਕਮਿਸ਼ਨਰ ਮਿਸ ਅਨੁਪ੍ਰਿਤਾ ਜੌਹਲ, ਰਸਾਲੇ ਦੇ ਅਵੇਤਨੀ ਸੰਪਾਦਕ ਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾ. ਹਰਸ਼ਿੰਦਰ ਕੌਰ ਵੱਲੋਂ ਸਾਂਝੇ ਤੌਰ 'ਤੇ 'ਬਾਲ ਪ੍ਰੀਤ' ਦਾ ਤੀਜਾ ਅੰਕ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਸਮਾਜ ਸੇਵਕ ਸ਼੍ਰੀ ਵਿਜੇ ਕੁਮਾਰ ਗੋਇਲ ਅਤੇ ਸ਼੍ਰੀ ਦਵਿੰੰਦਰ ਕੁਮਾਰ ਸਨੇਹ ਨੂੰ ਉਨ੍ਹਾਂ ਦੀਆਂ ਸਮਾਜਕ ਸੇਵਾਵਾਂ ਦੇ ਮੱਦੇਨਜ਼ਰ ਪ੍ਰਸ਼ੰਸ਼ਾ ਪੱਤਰ ਪ੍ਰਦਾਨ ਕੀਤੇ ਗਏ। ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਦੇ ਸੰਯੁਕਤ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀਮਤੀ ਬਲਬੀਰ ਕੌਰ ਗਿੱਲ, ਜ਼ਿਲ੍ਹਾ ਸਿਖਿਆ ਅਫਸਰ ਪ੍ਰਾਇਮਰੀ ਸ੍ਰੀਮਤੀ ਹਰਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਨਰੇਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ,  ਸੀ.ਡੀ.ਪੀ.ਓਜ਼ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Photo