ਜੋ ਸੀ ਮਾਲਕ ਮੁਰੱਬੇ ਦਾ ਅੱਜ ਖੁਡ ਰਿਹਾ ਨਾ ਪੱਲੇ
ਕਿਸਮਤ ਚੰਦਰੀ ਧੋਖਾ ਕਰ ਗੀ ਜੋਰ ਕੋਈ ਨਾ ਚੱਲੇ
ਲੁੱਟੇ ਹੋਏ ਕਿਰਸਾਨ ਨੇ ਇੱਕ ਦਿਨ ਰੋ-ਰੋ ਹਾਲ ਸੁਣਾਇਆ
ਸਿਰ ਚੜ ਗਿਆ ਕਰਜਾ ਭਾਰਾ ਸੀ ਕਿੱਲਾ ਵੇਚਕੇ ਲਾਹਇਆ
ਕਰਦੇ ਰਹੇ ਕਮਾਈਆਂ ਮਾਪੇ ਇੱਕ ਦਿਨ ਮੰਜਾ ਮੱਲਿਆ
ਬੁੱਢੇ ਹੱਡ ਸੀ ਘੇਰੇ ਬਿਮਾਰੀ ਕਿਸੇ ਦਾ ਵੱਸ ਨਾ ਚੱਲਿਆ
ਸੰਗਰੂਰ ਤੋਂ ਲੈਕੇ ਚੰਡੀਗੜ ਤਕ ਸੀ ਬੜਾ ਇਲਾਜ ਕਰਾਇਆ
ਸਿਰ ਚੜ ਗਿਆ ਕਰਜਾ ...........
ਛੋਟੇ ਵੀਰ ਨੂੰ ਕਰਨ ਪੜਾਹ੍ਈ ਅਮਰੀਕਾ ਦੇ ਵਿਚ ਘੱਲਿਆ
ਪੜਹ੍ ਲਿਖਕੇ ਭੁਲ ਗਿਆ ਸਾਨੂੰ ਬਸ ਉੱਥੋਂ ਦਾ ਹੋ ਚੱਲਿਆ
ਖਬਰ ਨਹੀਂ ਕਿੰਨਾ ਉਸਦੇ ਪਿੱਛੇ ਪੈਸਾ ਪਾਣੀ ਵਾਂਗ ਬਹਾਇਆ
ਸਿਰ ਚੜਹ੍ ਗਿਆ ਕਰਜਾ ...........
ਕੋਠੇ ਜਿੱਡੀ ਭੈਣ ਛੋਟੀ ਫਿਰ ਥੋੜੇ ਸਮੇ ਵਿੱਚ ਹੋ ਗਈ
ਲਾਡਾਂ ਨਾਲ ਖਿਡਾਇਆ ਜਿਸਨੂੰ ਮੋਢਿਆਂ ਨੂੰ ਛੋਹ ਗਈ
ਮੂੰਹ ਮੰਗਿਆ ਦਾਜ ਮੈਂ ਦੇ ਕੇ ਖੁਦ ਹੱਥੀਂ ਆਪ ਵਿਆਹਿਆ
ਸਿਰ ਚੜਹ੍ ਗਿਆ ਕਰਜਾ ...........
ਘਰ ਵਾਲੀ ਕਰਮਾਂ ਵਾਲੀ ਜੋ ਹਰ ਗੱਲ 'ਚ ਭਰੇ ਹੁੰਗਾਰਾ
ਛੱਤ ਕਾਨਿਆਂ ਦੀ ਕੱਚੇ ਘਰ ਕਰੇ ਹਸਦੀ ਹੋਈ ਗੁਜਾਰਾ
'ਬੋਪਾਰਾਏ' ਗਰੀਬੀ ਮਾਰੇ ਨੇ ਉਹਦਾ ਸ਼ੌਂਕ ਨਾ ਕੋਈ ਪੁਗਾਇਆ
ਸਿਰ ਚੜਹ੍ ਗਿਆ ਕਰਜਾ ਭਾਰਾ ਸੀ ਕਿੱਲਾ ਵੇਚਕੇ ਲਾਹਇਆ