ਸਤਿਕਾਰਯੋਗ ਭਾਰਤੀਓ, ਭਾਰਤੀ ਜੀਵਨ ਦੇ ਬੜੇ ਹੀ ਮਹੱਤਵਪੂਰਨ ਖੇਤਰਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਦਖਲ ਭਾਰਤ ਨੂੰ ਵੱਡੇ ਘਾਟੇ ਪਾ ਰਿਹਾ ਹੈ। ਇਸ ਦਖਲ ਦਾ ਸਭ ਤੋਂ ਵੱਡਾ ਕਾਰਣ ਕੁਝ ਭਰਮ ਹਨ ਜੋ ਸਾਡੇ ਦਿਲੋ-ਦਿਮਾਗ ਵਿੱਚ ਵੱਸ ਗਏ ਹਨ, ਜਾਂ ਵਸਾ ਦਿੱਤੇ ਗਏ ਹਨ। ਇਹ ਭਰਮ ਹਨ: 1. ਅੰਗਰੇਜ਼ੀ ਹੀ ਵਿਗਿਆਨ, ਤਕਨੀਕ ਅਤੇ ਉਚੇਰੇ ਗਿਆਨ ਦੀ ਭਾਸ਼ਾ ਹੈ; 2.ਅੰਗਰੇਜ਼ੀ ਹੀ ਅੰਤਰਰਾਸ਼ਟਰੀ ਅਦਾਨ-ਪ੍ਰਦਾਨ ਅਤੇ ਕਾਰੋਬਾਰ ਦੀ ਭਾਸ਼ਾ ਹੈ, ਅਤੇ; 3. ਭਾਰਤੀ ਭਾਸ਼ਾਵਾਂ ਵਿੱਚ ਸਮਰੱਥਾ ਨਹੀਂ ਹੈ ਕਿ ਉਹ ਉਚੇਰੇ ਗਿਆਨ ਲਈ ਸਿੱਖਿਆ ਦਾ ਮਾਧਿਅਮ ਬਣ ਸੱਕਣ।
ਪਰ ਤੱਥ ਦੱਸਦੇ ਹਨ ਕਿ ਇਹ ਸਭ ਭਰਮ ਮਾਤਰ ਹਨ ਅਤੇ ਇਹਨਾਂ ਲਈ ਕੋਈ ਸਬੂਤ ਹਾਸਲ ਨਹੀਂ ਹੈ। ਇਸ ਪਰਸੰਗ ਵਿੱਚ ਇਹ ਤੱਥ ਵਿਚਾਰਨਯੋਗ ਹਨ: 1.ਪਿਛਲੇ ਸਾਲ ਗਣਿਤ ਅਤੇ ਵਿਗਿਆਨਾਂ ਦੀ ਸਕੂਲ ਪੱਧਰ ਦੀ ਪੜ੍ਹਾਈ ਵਿੱਚ ਚੋਟੀ ਦੇ ਦਸ ਦੇਸਾਂ ਵਿੱਚੋਂ ਨੌਂ ਦੇਸ ਉਹ ਸਨ ਜਿਨ੍ਹਾਂ ਦੀ ਸਕੂਲੀ ਪੜ੍ਹਾਈ ਅੰਗਰੇਜ਼ੀ ਵਿੱਚ ਨਹੀਂ ਹੈ, ਤੇ ਪਿਛਲੇ ਦਸ ਸਾਲਾਂ ਤੋਂ ਇਹੀ ਰੁਝਾਨ ਹੈ; 2. ਏਸ਼ੀਆ ਦੀਆਂ ਪਹਿਲੀਆਂ ਪੰਜਾਹ ਯੂਨੀਵਰਸਿਟੀਆਂ ਵਿੱਚ ਇੱਕਾ-ਦੁੱਕਾ ਯੂਨੀਵਰਸਿਟੀ ਹੀ ਅਜਿਹੀ ਹੈ ਜਿੱਥੇ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿੱਚ ਕਰਾਈ ਜਾਂਦੀ ਹੈ ਤੇ ਭਾਰਤ ਦੀ ਇੱਕ ਵੀ ਯੂਨੀਵਰਸਿਟੀ ਇਹਨਾਂ ਪੰਜਾਹਵਾਂ ਵਿੱਚ ਨਹੀਂ ਆਉਂਦੀ; 3. ਸਤਾਰ੍ਹਵੀਂ ਸਦੀ ਵਿੱਚ (ਜਦੋਂ ਕੋਈ ਇੱਕ-ਅੱਧਾ ਭਾਰਤੀ ਹੀ ਅੰਗਰੇਜ਼ੀ ਜਾਣਦਾ ਹੋਵੇਗਾ) ਦੁਨੀਆ ਦੀ ਪੈਦਾਵਾਰ ਵਿੱਚ ਭਾਰਤ ਦਾ ਹਿੱਸਾ 22 (ਬਾਈ) ਫੀਸਦੀ ਸੀ ਜੋ ਹੁਣ ਸਿਰਫ 5 (ਪੰਜ) ਫੀਸਦੀ ਹੈ। 1950 ਵਿੱਚ ਦੁਨੀਆਂ ਦੇ ਵਪਾਰ ਵਿੱਚ ਭਾਰਤ ਦਾ ਹਿੱਸਾ 1.78 ਫੀਸਦੀ ਸੀ ਜੋ 1995 ਵਿੱਚ ਮਾਤਰ 0.6 ਫੀਸਦੀ ਰਹਿ ਗਿਆ (ਯਾਨੀ ਕਿ ਇੱਕ ਫੀਸਦੀ ਤੋਂ ਵੀ ਘੱਟ) । ਇਹਨਾਂ ਸਾਰੇ ਸਾਲਾਂ ਵਿੱਚ ਸਾਡੀ ਲਗਭਗ ਸਾਰੀ ਉੱਚ ਸਿੱਖਿਆ ਅੰਗਰੇਜ਼ੀ ਵਿੱਚ ਹੀ ਹੁੰਦੀ ਰਹੀ ਹੈ। 4.ਦੁਨੀਆਂ ਭਰ ਦੇ ਭਾਸ਼ਾ ਅਤੇ ਸਿੱਖਿਆ ਮਾਹਿਰਾਂ ਦੀ ਰਾਇ ਅਤੇ ਤਜ਼ਰਬਾ ਵੀ ਇਹੀ ਦੱਸਦਾ ਹੈ ਕਿ ਸਿੱਖਿਆ ਸਫਲਤਾ ਨਾਲ ਸਿਰਫ ਤੇ ਸਿਰਫ ਮਾਤ ਭਾਸ਼ਾ ਰਾਹੀਂ ਹੀ ਦਿੱਤੀ ਜਾ ਸੱਕਦੀ ਹੈ; 5. ਵੈਦਗੀ (ਡਾਕਟਰੀ) ਦੇ ਕੁਝ ਅੰਗਰੇਜ਼ੀ ਸ਼ਬਦ ਅਤੇ ਇਹਨਾਂ ਦੇ ਬਰਾਬਰ ਪੰਜਾਬੀ ਸ਼ਬਦ ਇਹ ਸਾਫ ਕਰ ਦੇਂਦੇ ਹਨ ਕਿ ਗਿਆਨ-ਵਿਗਿਆਨ ਦੇ ਕਿਸੇ ਖੇਤਰ ਲਈ ਵੀ ਸਾਡੀਆਂ ਭਾਸ਼ਾਵਾਂ ਵਿੱਚ ਸ਼ਬਦ ਹਾਸਲ ਹਨ ਜਾਂ ਸਹਿਜੇ ਹੀ ਘੜੇ ਜਾ ਸੱਕਦੇ ਹਨ: Haem - ਰੱਤ; Haemacyte - ਰੱਤ-ਕੋਸ਼ਕਾ; Haemagogue - ਰੱਤ-ਵਗਾਊ; Haemal - ਰੱਤੂ/ਰੱਤਾਵੀ; Haemalopia - ਰੱਤੂ-ਨੇਤਰ; Haemngiectasis - ਰੱਤ-ਵਹਿਣੀ-ਪਸਾਰ; Haemangioma - ਰੱਤ-ਮਹੁਕਾ; Haemarthrosis - ਰੱਤ-ਜੋੜ-ਵਿਕਾਰ; Haematemesis - ਰੱਤ-ਉਲਟੀ; Haematin - ਲੋਹ-ਰੱਤੀਆ; Haematinic - ਰੱਤ-ਵਧਾਊ; Haematinuria – ਰੱਤ-ਮੂਤਰ; Haematocele - ਰੱਤ-ਗਿਲਟੀ; Haematocolpos - ਰੱਤ-ਗਰਭਰੋਧ; Haematogenesis - ਰੱਤ-ਉਤਪਾਦਨ/ਵਿਕਾਸ; Haematoid - ਰੱਤ-ਰੂਪ/ਰੰਗ, ਰੱਤੀਆ; Haematology - ਰੱਤ-ਵਿਗਿਆਨ; Haematolysis - ਰੱਤ-ਹਰਾਸ; Haematoma - ਰੱਤ-ਗੰਢ। ਅਸਲ ਵਿੱਚ ਦੁਨੀਆਂ ਦੀ ਹਰ ਭਾਸ਼ਾ ਦੇ ਸਾਰੇ ਸ਼ਬਦ ਕੁਝ ਮੂਲ ਤੱਤਾਂ (ਧਾਤੂ ਅਤੇ ਵਧੇਤਰਾਂ) ਤੋਂ ਬਣੇ ਹਨ, ਜਿਵੇਂ ਉਤਲੇ ਸ਼ਬਦ Haem ਤੋਂ ਬਣੇ ਹਨ। ਇਹਨਾਂ ਮੂਲ ਤੱਤਾਂ ਦੀ ਗਿਣਤੀ ਪੱਖੋਂ ਭਾਸ਼ਾਵਾਂ ਵਿੱਚ ਕੋਈ ਅਜਿਹਾ ਅੰਤਰ ਨਹੀਂ ਹੈ ਕਿ ਕਿਸੇ ਭਾਸ਼ਾ ਵਿੱਚ ਕਿਸੇ ਖਿਆਲ ਲਈ ਕੋਈ ਸ਼ਬਦ ਹੋਵੇ ਪਰ ਦੂਜੀ ਭਾਸ਼ਾ ਵਿੱਚ ਉਹ ਖਿਆਲ ਦੱਸਿਆ ਨਾ ਜਾ ਸੱਕਦਾ ਹੋਵੇ। ਇਸ ਲਈ ਮਾਤ ਭਾਸ਼ਾਵਾਂ ਵਿੱਚ ਸਿੱਖਿਆ ਦੇਣ ਲਈ ਲੋੜੀਂਦੀ ਸਮੱਗਰੀ ਬੜੇ ਥੋੜੇ ਜਤਨਾਂ ਨਾਲ ਤਿਆਰ ਕੀਤੀ ਜਾ ਸੱਕਦੀ ਹੈ। ਦਸਵੀਂ ਪੱਧਰ ਦੀ ਇਹ ਸਮੱਗਰੀ ਤਾਂ ਪਹਿਲਾਂ ਹੀ ਹਾਸਲ ਹੈ।
ਭਾਰਤੀ ਸਿੱਖਿਆ ਸੰਸਥਾਵਾਂ ਦਾ ਦੁਨੀਆਂ ਵਿੱਚ ਮਾੜਾ ਦਰਜਾ, ਦੁਨੀਆਂ ਦੇ ਵਪਾਰ ਵਿੱਚ ਭਾਰਤ ਦਾ ਲਗਾਤਾਰ ਘਟਦਾ ਹਿੱਸਾ, ਭਾਸ਼ਾ ਦੇ ਮਾਮਲਿਆਂ ਬਾਰੇ ਮਾਹਿਰਾਂ ਦੀ ਰਾਇ, ਦੁਨੀਆਂ ਦਾ ਅਜੋਕਾ ਭਾਸ਼ਾਈ ਵਿਹਾਰ ਅਤੇ ਅਜੋਕੀ ਭਾਸ਼ਾਈ ਸਥਿਤੀ ਇਸ ਗੱਲ ਦੇ ਅਕੱਟ ਸਬੂਤ ਹਨ ਕਿ ਮਾਤ ਭਾਸ਼ਾਵਾਂ ਦੇ ਖੇਤਰ ਅੰਗਰੇਜ਼ੀ ਦੇ ਹਵਾਲੇ ਕਰ ਦੇਣ ਨਾਲ ਹੁਣ ਤੱਕ ਸਾਨੂੰ ਬੜੇ ਵੱਡੇ ਘਾਟੇ ਪਏ ਹਨ ਤੇ ਭਵਿੱਖ ਵਿੱਚ ਵੀ ਕੋਈ ਲਾਭ ਨਹੀਂ ਹੋਣ ਵਾਲਾ। ਕੋਰੀਆ, ਜਪਾਨ, ਚੀਨ ਆਦਿ ਦੇਸਾਂ ਤੋਂ ਭਾਰਤ ਦੇ ਪਿੱਛੇ ਰਹਿ ਜਾਣ ਦਾ ਇੱਕ ਵੱਡਾ ਕਾਰਣ ਭਾਰਤੀ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਦਖਲ ਹੈ।
ਇਹ ਸਹੀ ਹੈ ਕਿ ਅਜੋਕੇ ਸਮੇਂ ਵਿੱਚ ਵਿਦੇਸ਼ੀ ਭਾਸ਼ਾਵਾਂ ਦੀ ਮੁਹਾਰਤ ਜ਼ਰੂਰੀ ਹੈ।ਪਿਛਲੇ ਹਫਤੇ ਹੀ ਖਬਰ ਛਪੀ ਹੈ ਕਿ ਯੂਰਪੀ ਬੈਂਕ ਅੰਗਰੇਜ਼ਾਂ ਨੂੰ ਇਸ ਲਈ ਨੌਕਰੀਆਂ ਨਹੀਂ ਦੇ ਰਹੇ ਕਿ ਉਹਨਾਂ ਨੂੰ ਸਿਰਫ ਅੰਗਰੇਜ਼ੀ ਆਉਂਦੀ ਹੈ। ਇਹ ਵੀ ਖਬਰ ਛਪੀ ਹੈ ਕਿ ਬਰਤਾਨੀਆਂ ਨੂੰ ਚਾਰ ਲੱਖ ਕਰੋੜ ਰੁਪਏ ਦਾ ਇਸ ਲਈ ਘਾਟਾ ਪੈ ਰਿਹਾ ਹੈ ਕਿਉਂਕਿ ਉਹ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਨਹੀਂ ਜਾਣਦੇ। ਸੋ, ਦੁਨੀਆਂ ਲਈ ਬਹੁਭਾਸ਼ੀ ਹੋਣਾ ਜਰੂਰੀ ਹੈ। ਪਰ ਇੱਥੇ ਵੀ ਤਜ਼ਰਬਾ ਤੇ ਖੋਜ ਇਹੀ ਸਾਬਤ ਕਰਦੇ ਹਨ ਕਿ ਜੇ ਪੜ੍ਹਾਈ ਇੱਕੋ ਜਿਹੀ ਹੋਵੇ ਤਾਂ ਮਾਤ ਭਾਸ਼ਾ ਮਾਧਿਅਮ ਰਾਹੀਂ ਸਿੱਖਿਆ ਹਾਸਲ ਕਰਨ ਵਾਲਾ ਅਤੇ ਵਿਦੇਸ਼ੀ ਭਾਸ਼ਾ ਇੱਕ ਵਿਸ਼ੇ ਵੱਜੋਂ ਪੜ੍ਹਨ ਵਾਲਾ ਵਿਦਿਆਰਥੀ ਵਿਦੇਸ਼ੀ ਭਾਸ਼ਾ ਵੀ ਉਸ ਵਿਦਿਆਰਥੀ ਨਾਲੋਂ ਬਿਹਤਰ ਸਿੱਖਦਾ ਹੈ ਜਿਸ ਨੂੰ ਸ਼ੁਰੂ ਤੋਂ ਹੀ ਵਿਦੇਸ਼ੀ ਭਾਸ਼ਾ ਰਾਹੀਂ ਪੜ੍ਹਾਇਆ ਗਿਆ ਹੋਵੇ। ਇਸ ਪਰਸੰਗ ਵਿੱਚ ਯੂਨੈਸਕੋ ਦੀ 2008 ਵਿੱਚ ਛਪੀ ਪੁਸਤਕ (ਇਮਪਰੂਵਮੈਂਟ ਇਨ ਦ ਕੁਆਲਟੀ ਆਫ ਮਦਰ ਟੰਗ ਬੇਸਡ ਲਿਟਰੇਸੀ ਐਂਡ ਲਰਨਿੰਗ, ਪੰਨਾ 12) ਵਿੱਚੋਂ ਇਹ ਟੂਕ ਬੜੀ ਮਹੱਤਵਪੂਰਨ ਹੈ: ''ਸਾਡੇ ਰਾਹ ਵਿੱਚ ਵੱਡੀ ਰੁਕਾਵਟ ਭਾਸ਼ਾ ਤੇ ਸਿੱਖਿਆ ਬਾਰੇ ਕੁਝ ਅੰਧਵਿਸ਼ਵਾਸ ਹਨ ਤੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਇਹਨਾਂ ਅੰਧਵਿਸ਼ਵਾਸਾਂ ਦਾ ਭਾਂਡਾ ਭੰਨਣਾ ਚਾਹੀਦਾ ਹੈ। ਅਜਿਹਾ ਹੀ ਇੱਕ ਅੰਧਵਿਸ਼ਵਾਸ ਇਹ ਹੈ ਕਿ ਵਿਦੇਸ਼ੀ ਭਾਸ਼ਾ ਸਿੱਖਣ ਦਾ ਵਧੀਆ ਤਰੀਕਾ ਇਸ ਦੀ ਪੜ੍ਹਾਈ ਦੇ ਮਾਧਿਅਮ ਵੱਜੋਂ ਵਰਤੋਂ ਹੈ। (ਅਸਲ ਵਿੱਚ, ਹੋਰ ਭਾਸ਼ਾ ਨੂੰ ਇੱਕ ਵਿਸ਼ੇ ਵੱਜੋਂ ਪੜ੍ਹਨਾ ਵਧੇਰੇ ਕਾਰਗਰ ਹੁੰਦਾ ਹੈ)। ਦੂਜਾ ਅੰਧਵਿਸ਼ਵਾਸ ਇਹ ਹੈ ਕਿ, ਵਿਦੇਸ਼ੀ ਭਾਸ਼ਾ ਸਿੱਖਣ ਲਈ ਜਿੰਨਾ ਛੇਤੀ ਸ਼ੁਰੂ ਕੀਤਾ ਜਾਏ ਓਨਾ ਚੰਗਾ ਹੈ। (ਛੇਤੀ ਸ਼ੁਰੂ ਕਰਨ ਨਾਲ ਲਹਿਜਾ ਤਾਂ ਬਿਹਤਰ ਹੋ ਸਕਦਾ ਹੈ ਪਰ ਲਾਭ ਦੀ ਸਥਿਤੀ ਵਿੱਚ ਉਹ ਸਿੱਖਣ ਵਾਲਾ ਹੁੰਦਾ ਹੈ ਜੋ ਮਾਤ ਭਾਸ਼ਾ 'ਤੇ ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਹੋਵੇ)। ਤੀਜਾ ਅੰਧਵਿਸ਼ਵਾਸ ਇਹ ਹੈ ਕਿ ਮਾਤ ਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਾਹ ਵਿੱਚ ਰੁਕਾਵਟ ਹੈ। (ਮਾਤ ਭਾਸ਼ਾ ਵਿੱਚ ਮਜ਼ਬੂਤ ਨੀਂਹ ਨਾਲ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾਂਦੀ ਹੈ)। ਸਪਸ਼ਟ ਹੈ ਕਿ ਇਹ ਅੰਧਵਿਸ਼ਵਾਸ ਹਨ ਅਸਲੀਅਤ ਨਹੀਂ, ਪਰ ਫਿਰ ਵੀ ਇਹ ਨੀਤੀਘਾੜਿਆਂ ਦੀ ਇਸ ਸੁਆਲ 'ਤੇ ਅਗਵਾਈ ਕਰਦੇ ਹਨ ਕਿ ਭਾਰੂ ਭਾਸ਼ਾ ਕਿਵੇਂ ਸਿੱਖੀ ਜਾਵੇ।''
ਭਾਸ਼ਾ ਦੇ ਮਾਮਲੇ ਵਿੱਚ ਇਹ ਨੁਕਤੇ ਵੀ ਵਿਚਾਰਨੇ ਜ਼ਰੂਰੀ ਹਨ: 1. ਅੱਜ ਦੇ ਯੁੱਗ ਵਿੱਚ ਕਿਸੇ ਭਾਸ਼ਾ ਦੇ ਜਿਉਂਦੇ ਰਹਿਣ ਅਤੇ ਵਿਕਾਸ ਲਈ ਉਸ ਦਾ ਸਿੱਖਿਆ ਦਾ ਮਾਧਿਅਮ ਹੋਣਾ ਜ਼ਰੂਰੀ ਹੈ। ਉਹ ਹੀ ਭਾਸ਼ਾ ਜਿਉਂਦੀ ਰਹਿ ਸੱਕਦੀ ਹੈ ਜਿਸ ਦੀ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਅਤੇ ਵਿਸ਼ੇਸ਼ ਤੌਰ ‘ਤੇ ਸਿੱਖਿਆ ਦੇ ਮਾਧਿਅਮ ਵੱਜੋਂ ਵਰਤੋਂ ਹੁੰਦੀ ਰਹੇ। ਹਰ ਬੱਚਾ ਸਕੂਲ ਜਾ ਰਿਹਾ ਹੈ ਅਤੇ ਉਸ ਦੇ ਸਕੂਲ ਦੀ ਭਾਸ਼ਾ ਹੀ ਉਸ ਦੀ ਪਹਿਲੀ ਭਾਸ਼ਾ ਬਣ ਜਾਂਦੀ ਹੈ, ਕਿਉਂਕਿ ਬੱਚੇ ਦੀ ਉਸਦੇ ਸਕੁਲ ਦੀ ਭਾਸ਼ਾ ਵਿੱਚ ਸਮਰੱਥਾ ਹੋਰ ਭਾਸ਼ਾ ਨਾਲੋਂ ਵੱਧ ਹੋ ਜਾਂਦੀ ਹੈ। (ਭਾਸ਼ਾ ਕਦੋਂ ਖਤਰੇ ਵਿੱਚ ਹੁੰਦੀ ਹੈ, ਇਸ ਬਾਰੇ ਯੂਨੈਸਕੋ ਵੱਲੋਂ ਦੱਸੇ ਕਾਰਕਾਂ ਦੀ ਰੋਸ਼ਨੀ ਵਿੱਚ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਦੀ ਸਥਿਤੀ ਬਾਰੇ http://punjabiuniversity.academia.edu/JogaSingh/papers ਤੋਂ ਪੜ੍ਹੋ); 2.ਅੰਗਰੇਜ਼ੀ ਮਾਧਿਅਮ ਕਰਕੇ ਇੱਕ ਅਜਿਹੀ ਪੀੜ੍ਹੀ ਤਿਆਰ ਹੋ ਰਹੀ ਹੈ ਜਿਸ ਦੀ ਨਾ ਆਪਣੀ ਭਾਸ਼ਾ ਅਤੇ ਨਾ ਅੰਗਰੇਜ਼ੀ ਭਾਸ਼ਾ ‘ਤੇ ਚੰਗੀ ਮੁਹਾਰਤ ਹੈ; ਅਤੇ ਨਾ ਹੀ ਇਹ ਆਪਣੇ ਸੱਭਿਆਚਾਰ, ਵਿਰਸੇ, ਇਤਿਹਾਸ ਅਤੇ ਆਪਣੇ ਲੋਕਾਂ ਨਾਲ ਕੋਈ ਡੂੰਘੀ ਸਾਂਝ ਬਣਾ ਸੱਕਦੀ ਹੈ; 3. ਭਾਰਤੀ ਸੰਵਿਧਾਨ (ਜੋ ਅਜ਼ਾਦੀ ਲਈ ਲੜਨ ਵਾਲਿਆਂ ਦੀ ਸਮਝ ਦਾ ਸਿੱਟਾ ਹੈ) ਹਰ ਭਾਰਤੀ ਨੂੰ ਇਹ ਹੱਕ ਦੇਂਦਾ ਹੈ ਕਿ ਉਸਨੂੰ ਆਪਣੀ ਮਾਤ ਭਾਸ਼ਾ ਵਿੱਚ ਸਿੱਖਿਆ ਅਤੇ ਸੇਵਾਵਾਂ ਹਾਸਲ ਹੋਣ (ਵੇਖੋ ਧਾਰਾ 347 ਅਤੇ 350 ਏ)। 4. ਸੁਤੰਤਰਤਾ ਸੰਗਰਾਮ ਤੋਂ ਲੈ ਕੇ ਹੁਣ ਤੱਕ ਜਿੰਨੇ ਕਮਿਸ਼ਨ ਤੇ ਕਮੇਟੀਆਂ ਬਣੀਆਂ ਹਨ ਹਰੇਕ ਨੇ ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ਦੀ ਸਿਫਾਰਿਸ਼ ਕੀਤੀ ਹੈ। 5. ਲਗਭਗ ਸਾਰੇ ਦੇਸਾਂ ਵਿੱਚ ਵਿਦੇਸ਼ੀ ਭਾਸ਼ਾ ਬੱਚੇ ਦੀ 10 ਸਾਲ ਦੀ ਉਮਰ ਤੋਂ ਬਾਅਦ ਪੜ੍ਹਾਈ ਜਾਂਦੀ ਹੈ ਤੇ ਇਹਨਾਂ ਬੱਚਿਆਂ ਦੀ ਵਿਦੇਸ਼ੀ ਭਾਸ਼ਾ ਦੀ ਮੁਹਾਰਤ ਭਾਰਤੀ ਬੱਚਿਆਂ ਤੋਂ ਘੱਟ ਨਹੀਂ ਹੈ। ਹਰ ਦੇਸ ਨੂੰ ਅੰਗਰੇਜ਼ੀ ਦੀ ਲੋੜ ਭਾਰਤ ਜਿੰਨੀ ਹੀ ਹੈ ਤੇ ਇਹ ਬਹੁਤੇ ਦੇਸ ਸਿੱਖਿਆ ਦੇ ਮਾਮਲੇ ਵਿੱਚ ਸਾਥੋਂ ਸਿਆਣੇ ਤੇ ਅੱਗੇ ਹਨ।
ਉਪਰਲੇ ਤੱਥ ਦੱਸਦੇ ਹਨ ਕਿ ਭਾਰਤੀ ਸਿੱਖਿਆ ਨੂੰ ਤੁਰਤ ਮਾਤ ਭਾਸ਼ਾਵਾਂ ਵਿੱਚ ਕਰਨ ਦੀ ਲੋੜ ਹੈ ਅਤੇ ਮਾਤ ਭਾਸ਼ਾ ਮਾਧਿਅਮ ਸਿੱਖਿਆ ਨੁੰ ਮਜਬੂਤ ਕਰਨ ਦੀ ਲੋੜ ਹੈ। ਜੇ ਮੌਜੂਦਾ ਅਮਲ ਇਵੇਂ ਹੀ ਜਾਰੀ ਰਿਹਾ ਤਾਂ ਭਾਰਤ ਦੀ ਹੋਰ ਵੀ ਵੱਡੀ ਸਰਬਪੱਖੀ ਤਬਾਹੀ ਨਿਸਚਤ ਹੈ। ਭਾਸ਼ਾ ਦੇ ਮਾਮਲਿਆਂ ਬਾਰੇ ਦੁਨੀਆਂ ਭਰ ਦੀ ਖੋਜ, ਮਾਹਿਰਾਂ ਦੀ ਰਾਇ ਅਤੇ ਅੱਜ ਦੀ ਦੁਨੀਆਂ ਦੀ ਭਾਸ਼ਾਈ ਸਥਿਤੀ ਬਾਰੇ ਵਿਸਤਾਰ ਵਿੱਚ ਜਾਣਨ ਲਈ ਡਾ. ਜੋਗਾ ਸਿੰਘ ਦਾ ਦਸਤਾਵੇਜ 'ਭਾਸ਼ਾ ਨੀਤੀ ਬਾਰੇ ਅੰਤਰਰਾਸ਼ਟਰੀ ਖੋਜ: ਮਾਤ ਭਾਸ਼ਾ ਖੋਲ੍ਹਦੀ ਹੈ ਸਿੱਖਿਆ, ਗਿਆਨ ਅਤੇ ਅੰਗਰੇਜ਼ੀ ਸਿੱਖਣ ਦੇ ਦਰਵਾਜ਼ੇ' ਪੰਜਾਬੀ, ਹਿੰਦੀ, ਡੋਗਰੀ, ਤਾਮਿਲ, ਤੇਲੁਗੂ, ਕੰਨੜ, ਮੈਥਿਲੀ, ਉਰਦੂ ਅਤੇ ਅੰਗਰੇਜ਼ੀ ਵਿੱਚ http://punjabiuniversity.academia.edu/JogaSingh/papers ਪਤੇ ਤੋਂ ਪੜ੍ਹਿਆ ਜਾ ਸੱਕਦਾ ਹੈ। ਭਾਸ਼ਾ ਦੇ ਮਾਮਲਿਆਂ ਬਾਰੇ ਤਿੰਨ ਵੀਡੀਓ ਪੰਜਾਬੀ ਵਿੱਚ http://www.youtube.com/watch?v=a8w6xNrCP88 http://www.youtube.com/watch?v=Ux8Bg95BSRg http://www.youtube.com/watch?v=w4njNvR4UI0&feature=share ਪਤਿਆਂ ਤੋਂ, ਇੱਕ ਅੰਗ੍ਰੇਜ਼ੀ ਵਿੱਚ https://www.youtube.com/watch?v=Xaio_TyWAAY&feature=youtu.be ਪਤੇ ਤੋਂ ਅਤੇ ਇੱਕ ਹਿੰਦੀ ਵਿੱਚ https://www.youtube.com/watch?v=tHUfdRS2MWE&feature=youtu.be ਪਤੇ ਤੋਂ ਵੇਖੇ ਜਾ ਸੱਕਦੇ ਹਨ। ਸਾਡੀ ਪੁਰਜ਼ੋਰ ਬੇਨਤੀ ਹੈ ਕਿ ਇਥੇ ਅਤੇ ਸਬੰਧਤ ਦਸਤਾਵੇਜ ਵਿੱਚ ਬਿਆਨ ਕੀਤੇ ਤੱਥ ਜਿਸ ਤਰ੍ਹਾਂ ਵੀ ਸੰਭਵ ਹੋਵੇ ਹੋਰ ਭਾਰਤੀਆਂ ਤੱਕ ਵੀ ਪੁੱਜਦੇ ਕਰਕੇ ਭਾਰਤੀ ਭਾਸ਼ਾਵਾਂ ਲਈ ਸੰਘਰਸ਼ ਵਿੱਚ ਯੋਗਦਾਨ ਪਾਓ। ਮਾਂ ਬੋਲੀਆਂ ਜਿੰਦਾਬਾਦ!