ਕਦੇ ਕਦੇ ਤਾਂ ਅੱਗ ਦਾ ਸਾਗਰ ਤਰ ਜਾਂਦਾ ਹੈ ਬੰਦਾ।
ਕਦੇ ਕਦੇ ਪਰਛਾਵੇ ਤੋਂ ਹੀ ਡਰ ਜਾਂਦਾ ਹੈ ਬੰਦਾ ।
ਨਸ਼ਾ ਹਕੂਮਤ ਤੇ ਮਾਇਆ ਦਾ ਮੱਤ ਤੇ ਪਰਦਾ ਪਾਵੇ,
ਹਾਕਮ ਬਣਕੇ ਜੁਲਮ ਘਿਨਾਉਣੇ ਕਰ ਜਾਂਦਾ ਹੈ ਬੰਦਾ ।
ਜੀਵਨ ਦੇ ਵਿੱਚ ਕੁਝ ਘਟਨਾਵਾਂ ,ਏਸ ਤਰਾਂ੍ਹ ਘਟ ਜਾਵਣ,
ਜੀਂਦੇ ਜੀ ਹੀ ਇੱਕ ਤਰਾਂ੍ਹ ਬਸ ਮਰ ਜਾਂਦਾ ਹੈ ਬੰਦਾ।
ਫੁੱਲ ਮਿੱਤਰਾਂ ਦੇ ਵਿੰਨ੍ਹ ਦਿੰਦੇ ਨੇ ਮਨ ਦਾ ਪੋਟਾ ਪੋਟਾ
ਗੈਰਾਂ ਦੇ ਨੋਕੀਲੇ ਪੱਥਰ ਜਰ ਜਾਂਦਾ ਹੈ ਬੰਦਾ।
ਬ੍ਰਿਹੋਂ ਤਾਪ ਤਪਾਵੇ ਤਨ ਮਨ ਚੈਨ ਦਿਨੇ ਨਾ ਰਾਤੀਂ,
ਦਿਲ ਦਾਰਾਂ ਦੀ ਸੰਗਤ ਪਾ ਕ ਠਰ ਜਾਂਦਾ ਹੈ ਬੰਦਾ ।