ਬਰੈਂਪਟਨ -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮਾਰਚ 2015 ਦੀ ਮੀਟਿੰਗ 28 ਮਾਰਚ ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ ਵਕੀਲ ਕਲੇਰ ਹਾਜ਼ਿਰ ਸਨ ਪਰ ਮੀਟਿੰਗ ਦੀ ਕਾਰਵਾਈ ਮੀਡੀਆ ਸੰਚਾਲਕ, ਬ੍ਰਜਿੰਦਰ ਗੁਲਾਟੀ ਨੇ ਨਿਭਾਈ।ਸਭ ਦਾ ਸੁਆਗਤ ਕਰਦਿਆਂ ਵਰਲਡ ਥੀਏਟਰ ਡੇਅ ਮਨਾਏ ਜਾਣ ਅਤੇ ਮੁੱਖ ਮਹਿਮਾਨ, ਪੰਜਾਬ ਤੋਂ ਆਏ ਰੰਗਮੰਚ ਦੇ ਮਸ਼ਹੂਰ ਅਦਾਕਾਰ ਸੈਮੁਅਲ ਜੌਹਨ ਦੇ ਆਉਣ ਬਾਰੇ ਜਾਣਕਾਰੀ ਦਿੱਤੀ ਅਤੇ ਪਿੰਸੀਪਲ ਸਰਵਣ ਸਿੰਘ ਨੂੰ ਪ੍ਰਧਾਨਗੀ ਸੰਭਾਲਣ ਨੂੰ ਕਿਹਾ।
ਬ੍ਰਜਿੰਦਰ ਗੁਲਾਟੀ ਨੇ ਦੱਸਿਆ ਕਿ ਪਹਿਲੀ ਵਾਰ ਹੈਲਸਿੰਕੀ 'ਚ ਤੇ ਫੇਰ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਦੀ ਨੌਵੀਂ ਕਾਂਗਰਸ ਸਮੇਂ ਜੂਨ 1961 ਵਿੱਚ ਥੀਏਟਰ ਡੇਅ ਮਨਾਏ ਜਾਣ ਦਾ ਮਤਾ ਪੇਸ਼ ਹੋਇਆ ਅਤੇ 1962 ਤੋਂ ਇਹ ਦਿਨ ਮਨਾਇਆ ਜਾ ਰਿਹਾ ਹੈ। ਗ੍ਰੀਕ ਡਰਾਮੇ 525 ਬੀæਸੀæ ਤੋਂ ਖੇਡੇ ਜਾਂਦੇ ਰਹੇ ਅਤੇ ਇੰਡੀਆ ਵਿੱਚ ਭਾਰਤ ਮੁਨੀ ਨੇ ਨਾਟਯਸ਼ਾਸਤਰ ਦੀ ਰਚਨਾਕੀਤੀ। ਸੰਸਕ੍ਰਿਤ ਵਿੱਚ ਇਤਿਹਾਸਕ, ਮਿਥਿਹਾਸਕ ਨਾਟਕ ਖੇਡੇ ਜਾਂਦੇ ਰਹੇ ਜਿਵੇਂ ਰਾਮ-ਲੀਲਾ, ਹਰੀਸ਼ ਚੰਦਰ ਤਾਰਾਮਤੀ ਜਾਂ ਸ਼ਕੁੰਤਲਾ ਆਦਿ। ਕਵੀ ਕਾਲੀਦਾਸ ਦਾ ਨਾਂ ਸ਼ੇਕਸਪੀਅਰ, ਆਰਥਰ ਮਿੱਲਰ ਅਤੇ ਬਰਨਾਰਡ ਸ਼ਾਅ ਵਾਂਗ ਹੀ ਮਸ਼ਹੂਰ ਨਾਟਕਕਾਰਾਂ ਵਿੱਚ ਆਉਂਦਾ ਹੈ।
ਪੰਜਾਬੀ ਥੀਏਟਰ ਦਾ ਮੁੱਢ ਬੰਨ੍ਹਣ ਵਾਲੀ ਅਤੇ 'ਲੇਡੀ ਗਰੈਗਰੀ ਔਫ਼ ਪੰਜਾਬ' ਵਜੋਂ ਜਾਣੀ ਜਾਂਦੀ ਨੋਰਾਹ ਰਿਚਰਡ 1911 ਵਿੱਚ ਲਾਹੌਰ ਆਈ ਅਤੇ ਵਿਦਿਆਰਥੀਆਂ ਨੂੰ ਨਾਟਕ-ਕਲਾ ਸਿਖਾਉਣ ਲੱਗੀ। ਰੰਗਮੰਚ ਦੇ ਇੱਕ ਮੁਕਾਬਲੇ ਵਿੱਚ ਆਈæਸੀæਨੰਦਾ ਨੇ ਆਪਣੇ ਹੀ ਲਿਖੇ ਨਾਟਕ 'ਦੁਲਹਨ' ਲਈ ਇਨਾਮ ਵਜੋਂ ਗਿੰਨੀ ਜਿੱਤੀ ਸੀ। ਖੱਦਰ ਦਾ ਕੁੜਤਾ ਅਤੇ ਚੂੜੀਦਾਰ ਪਹਿਨਣ ਵਾਲੀ ਨੋਰਾਹ ਰਿਚਰਡ ਦੇ ਅੰਧਰੇਟੇ ਵਿੱਚ ਵਸੇਬੇ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਜਿਸ ਨੇ ਐਕਟਿੰਗ ਲਈ ਸਕੂਲ ਅਤੇ ਐਂਫ਼ੀ-ਥੀਏਟਰ ਵੀ ਬਣਾਇਆ।
ਆਈæਸੀæਨੰਦਾ ਤੋਂ ਬਾਅਦ ਹਰਚਰਨ ਸਿੰਘ, ਬਲਵੰਤ ਗਾਰਗੀ, ਆਤਮਜੀਤ, ਅਤੇ ਦਵਿੰਦਰ ਦਮਨ ਦੇ ਨਾਂ ਜਾਣੇ ਪਛਾਣੇ ਹਨ। ਪਿੰਡਾਂ ਵਿੱਚ ਰੰਗਮੰਚ ਰਾਹੀਂ ਜਾਗ੍ਰਿਤੀ ਲਿਆਉਣ ਲਈ ਭਾ ਜੀ ਗੁਰਸ਼ਰਨ ਸਿੰਘ ਹੁਰਾਂ ਬਹੁਤ ਕੁਝ ਕੀਤਾ। ਅਜਮੇਰ ਔਲਖ ਨੇ ਵੀ ਭਾ ਜੀ ਵਾਂਗ ਹੀ 'ਲੋਕ-ਪੱਖੀ' ਲੇਖਣੀ ਨਾਲ 100 ਤੋਂ ਵੱਧ ਨਾਟਕ ਖੇਡੇ।ਅੱਜਕਲ੍ਹ, ਪੰਜਾਬ ਵਿੱਚ ਸੈਮੂਅਲ ਜੌਹਨ ਵੀ ਪਿਛੜੇ ਵਰਗ ਦੇ ਵਿਹੜਿਆਂ ਵਿੱਚਨਾਟਕ ਕਰ ਰਹੇ ਹਨ। ਟੋਰੌਂਟੋ ਵਿੱਚ ਬਲਜਿੰਦਰ ਲੇਲ੍ਹਣਾ, ਜਸਪਾਲ ਢਿੱਲੋਂ, ਹੀਰਾ ਰੰਧਾਵਾ, ਨਾਹਰ ਸਿੰਘ ਔਜਲਾ, ਗੁਰਚਰਨ ਥੀਏਟਰ ਨਾਲ ਜੁੜੇ ਹੋਏ ਹਨ।ਸਮੇਂ ਸਮੇਂ, 'ਕਲਮਾਂ ਦਾ ਕਾਫ਼ਲਾ' ਦੇ ਮੇਜਰ ਮਾਂਗਟ, ਉਂਕਾਰਪ੍ਰੀਤ ਅਤੇ ਕੁਲਵਿੰਦਰ ਖਹਿਰਾ ਦੇ ਲਿਖੇ ਨਾਟਕ ਵੀ ਖੇਡੇ ਜਾਂਦੇ ਰਹੇ ਹਨ। ਨਾਟਕਕਾਰ ਹਰਚਰਨ ਸਿੰਘ ਦੀ ਪਤਨੀ, ਧਰਮ ਕੌਰ ਨਾਟਕ 'ਚ ਹਿੱਸਾ ਲੈਣ ਵਾਲੀ ਪਹਿਲੀ ਔਰਤ ਸੀ। ਜਸਪਾਲ ਭੱਟੀ ਨੇ ਚੰਡੀਗੜ੍ਹ ਵਿੱਚ ਨੁੱਕੜ ਨਾਟ-ਕਲਾ ਨਾਲ ਕਈ ਸਮਾਜਿਕ ਮੁੱਦਿਆਂ ਨੂੰ ਉਭਾਰਿਆ ।
ਕੁਲਵਿੰਦਰ ਖਹਿਰਾ ਨੇ ਦੱਸਿਆ ਕਿ ਪੰਜਾਬੀ ਨਾਟਕ ਹੁਣ ਇੰਟਰਨੈਸ਼ਨਨਲ ਪੱਧਰ 'ਤੇ ਪਹੁੰਚ ਚੁੱਕਾ ਹੈ। ਪਾਲੀ ਭੂਪਿੰਦਰ, ਨੀਲਮ ਮਾਨ ਸਿੰਘ ਵਰਗੇ ਜਾਣੇ ਮਾਣੇ ਨਾਟਕ ਕਲਾ ਨੂੰ ਹੋਰ ਉੱਪਰ ਲਿਜਾ ਰਹੇ ਹਨ। ਇਹਆਦਮੀ ਦੇ ਸਿੱਧਾ ਦਿਲ ਤੱਕਪਹੁੰਚਣ ਵਾਲੀ ਸੂਖਮ ਕਲਾ ਹੈ। ਲੋਕ-ਪੱਖੀ ਸੁਨੇਹੇ ਪਹੁੰਚਾਉਣ ਲਈ ਵਧੀਆ ਮਾਧਿਅਮ ਹੈ। ਮਨਸ਼ਾ ਨਾਟਕਾਂ ਵਿਚਲੇ ਲੋਕਾਂ ਦੀ ਗਿਣਤੀ ਵਧਾਉਣਾ ਨਹੀਂ, ਕਲਾ ਨੂੰ ਲੋਕਾਂ ਦੇ ਫ਼ਿਕਰ ਨਾਲ ਜੋੜਣਾ ਹੋਣਾ ਚਾਹੀਦਾ ਹੈ।
ਬਲਜਿੰਦਰ ਲੇਲ੍ਹਣਾ ਨੇ ਕਿਹਾ ਕਿਉਨ੍ਹਾਂ ਦਾ 'ਰਿਸ਼ਤਿਆਂ ਦਾ ਕੀ ਰੱਖੀਏ ਨਾਂ' ਨਾਟਕ ਬਹੁਤ ਪਸੰਦ ਕੀਤਾ ਗਿਆ ਸੀ ਪਰ ਕੁਝ ਲੋਕਾਂ ਕਿਹਾ, "ਨਾਟਕ ਬਹੁਤ ਵਧੀਆ ਸੀ ਪਰ ਸਾਡੇ ਬੱਚਿਆਂ ਦੇ ਪੱਲੇ ਕੁਝ ਨਹੀਂ ਪਿਆ"ਇਸ ਲਈ ਹੁਣ ਉਹ ਕਨੇਡੀਅਨ ਮਸਲਿਆਂ ਨੂੰ ਲੈ ਕੇ ਨਾਟਕ ਕਰਨ ਲੱਗ ਪਏ। ਜਸਪਾਲ ਢਿੱਲੋਂ ਨੇ ਕਿਹਾ ਕਿ ਚੰਗਾ ਸੁਨੇਹਾ ਦੇਣ ਵਾਲਾ ਨਾਟਕ ਹੋਣਾ ਚਾਹੀਦਾ ਹੈ। ਦਰਸ਼ਕਾਂ ਦੀ ਕਮੀ ਹੈ ਅਤੇ ਜ਼ਿਆਦਾਤਰ ਲੋਕ ਟਿਕਟ ਲੈ ਕੇ ਨਾਟਕ ਦੇਖਣਾ ਪਸੰਦ ਨਹੀਂ ਕਰਦੇ।
ਨਾਟਕਕਾਰ ਹਰਚਰਨ ਸਿੰਘ ਦੇ ਬੇਟੇ ਅਮਰਜੀਤ ਬਣਵੈਤ ਨੇ 1937 ਵਿੱਚ ਹੋਏ ਨਾਟਕ "ਅਣਜੋੜ" ਵਿੱਚ ਆਪਣੇ ਪਿਤਾ ਦੇ ਪੋਰਸ ਦਾ ਰੋਲ ਨਿਭਾਉਣ ਬਾਰੇ ਗੱਲ ਕੀਤੀ ਜਿਸ ਵਿੱਚ ਉਨ੍ਹਾਂ ਦੀ ਮਾਤਾ, ਧਰਮ ਕੌਰ ਨੇ ਵੀ ਅਦਾਕਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਹਰਚਰਨ ਸਿੰਘ ਪਹਿਲਾਂ ਨਾਟਕ ਸਟੇਜ 'ਤੇ ਕਰਵਾਉਂਦੇ ਸਨ ਫਿਰ ਉਹ ਨਾਟਕ ਛਪਦਾ ਸੀ। ਉਹ ਖੁਸ਼ਦਿਲ, 90 ਸਾਲ ਦੀ ਉਮਰ ਤੱਕਰੰਗਮੰਚ ਨਾਲ ਜੁੜੇ ਰਹੇ।
ਮਨਦੀਪ ਔਜਲਾ ਨੇ ਦੁਨੀਆਂ ਵਿੱਚ ਪਾਣੀ ਦੀ ਹੋ ਰਹੀ ਕਮੀ ਅਤੇ ਆਪਣੀ ਸ਼ੌਰਟ ਫ਼ਿਲਮ "ਆਬ" ਬਾਰੇ ਗੱਲ ਕੀਤੀ। ਹਰਜੀਤ ਸਿੰਘ ਬੇਦੀ ਦਾ ਕਹਿਣਾ ਸੀ ਕਿ ਜੇ ਕਿਸੇ ਮਨਸ਼ੇ ਨੂੰ ਲੈ ਕੇ ਚੱਲੀਏ ਤਾਂ ਦੁਸ਼ਵਾਰੀਆਂ ਵੀ ਸਹਿਣੀਆਂ ਪੈਂਦੀਆਂ ਹਨ, ਹਿੰਮਤ ਨਹੀਂ ਹਾਰਨੀ ਚਾਹੀਦੀ। ਰਾਜਪਾਲ ਬੋਪਾਰਾਏ ਨੇ ਦੱਸਿਆ ਕਿਵੇਂਉਨ੍ਹਾਂ 80ਵੇਂ ਦੇ ਦਹਿਸ਼ਤ ਵਾਲੇ ਮਾਹੌਲ ਬਾਰੇ ਫੈਕਟਰੀ ਵਰਕਰਜ਼ ਨੂੰ ਲੈ ਨਾਟਕ ਕੀਤਾ। ਉਨ੍ਹਾਂ ਦੇ ਸੁਆਲ "ਕੀ ਵੱਡੇ ਹਾਲਾਂ ਵਿੱਚ ਡਰਾਮੇ ਕਰਵਾਉਣੇ ਜ਼ਰੂਰੀ ਹਨ?" ਦਾ ਜਵਾਬ ਜਸਪਾਲ ਢਿੱਲੋਂ ਨੇ ਦਿੱਤਾ ਕਿ ਛੋਟੇ ਹਾਲਾਂ ਵਿੱਚ ਲਾਈਟਿੰਗ ਵਰਗੀਆਂ ਕਈ ਸਹੂਲਤਾਂ ਦੀ ਕਮੀ ਰਹਿੰਦੀ ਹੈ।
ਅੱਜ ਦੇ ਮੁੱਖ ਮਹਿਮਾਨ,ਪੰਜਾਬੀ ਯੂਨੀਵਰਸਿਟੀ ਤੋਂ ਥੀਏਟਰ ਵਿੱਚ ਐਮæਏæ ਕਰਨ ਵਾਲੇ ਸੈਮੁਅਲ ਜੌਹਨ ਆ ਚੁੱਕੇ ਸਨ। ਬ੍ਰਜਿੰਦਰ ਨੇ ਉਨ੍ਹਾਂ ਦੀਆਂ ਫ਼ਿਲਮਾਂ, ਨਾਟਕਾਂ ਬਾਰੇ ਦੱਸਿਆ ਅਤੇ ਇਹ ਵੀ ਕਿ ਉਹ ਕਿਵੇਂ ਦੱਬੇ ਲਿਤਾੜੇ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ, ਉਨ੍ਹਾਂ ਦੀ ਆਵਾਜ਼ ਬਣ, ਛੋਟੇ ਛੋਟੇ ਵਿਹੜਿਆਂ ਵਿੱਚ ਨਾਟਕ ਕਰਦੇ ਹਨ। ਮਕਸੂਦ ਚੌਧਰੀ ਨੇ ਆਪਣੀ ਨਜ਼ਮ ਖ਼ਾਸ ਸੈਮੂਅਲ ਨੂੰ ਮੁਖ਼ਾਤਿਬ ਕਰ ਕੇ ਸੁਣਾਈ।
ਸੈਮੁਅਲ ਜੌਹਨ ਯੂæਬੀæਸੀ ਦੇ ਸੱਦੇ 'ਤੇ ਵੈਨਕੂਵਰ ਆਏ। ਉਨ੍ਹਾਂ ਕਲਮਾਂ ਨਾਲ ਜੁੜੇ ਲੋਕਾਂ ਕੋਲੋਂ ਪਿਆਰ ਮਿਲਣ 'ਤੇ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਕਿਹਾ "ਮੇਰਾ ਰੁਝਾਨ ਹੈ ਕਿ ਚੰਗੀਆਂ ਫ਼ਿਲਮਾਂ ਬਣਨ", ਬਹੁਤ ਲੋਕ ਹਨ ਜਿਨ੍ਹਾਂ ਨੂੰ ਇੱਕ ਰੋਟੀ ਵੀ ਮੁਸ਼ਕਿਲ ਨਾਲ ਜੁੜਦੀ ਹੈ।ਉਹ ਸੋਚਦੇ ਹਨ ਕਿ ਰੰਗ ਮੰਚ ਨੂੰ ਪੈਸੇ ਤੋਂ ਮੁਕਤ ਕਿਵੇਂ ਕਰਵਾਇਆ ਜਾ ਸਕੇ। ਸਰਕਾਰੀ ਸਕੂਲਾਂ ਵਿੱਚ ਆਮ ਤੌਰ 'ਤੇ ਸਿਰਫ਼ ਗਰੀਬ ਗੁਰਬੇ ਹੀ ਪੜ੍ਹਦੇ ਹਨ ਜਿਨ੍ਹਾਂ ਦੀਆਂ ਮੁਸ਼ਕਿਲਾਂ ਦੀ ਗੱਲ ਵੀ ਕੀਤੀ। ਸੈਮੁਅਲ ਦਾ ਕਹਿਣਾ ਸੀ ਕਿ ਜਦੋਂ ਅਸੀਂ ਆਵਾਜ਼ ਦੇ ਨਾਲ ਦਿਮਾਗ ਵੀ ਵਰਤਦੇ ਹਾਂ ਤਾਂ ਹੋਰ ਕੋਈ ਗੱਲ ਕਰਨ ਦੀ ਹਿੰਮਤ ਵੀ ਆਉਂਦੀ ਹੈ ਅਤੇ "ਮੈਂ ਸਿਲੇਬਸ ਵਿੱਚ ਕਹਾਣੀਆਂ ਨੂੰ ਨਾਟਕ 'ਚ ਬਦਲਾ ਕੇ ਖਿਡਵਾ ਲੈਂਦਾ ਹਾਂ"। ਇਨਕਲਾਬੀ ਧਾਰਾ ਦੇ ਲੋਕ ਨਾਟਕ ਕਰਵਾਉਂਦੇ ਨੇ, ਲੋਕ ਪੁੱਜਦਾ ਸਰਦਾ ਹਿੱਸਾ ਪਾਉਂਦੇ ਨੇ। ਉਹ ਹੁਣ ਵਿਹੜਿਆਂ ਤੋਂ ਸਿਕਲੀਗਰ ਲੋਕਾਂ ਦੀਆਂ ਝੋਂਪੜੀਆਂ ਵਿੱਚ ਨਾਟਕ ਕਰਨ ਦਾ ਸੋਚ ਰਹੇ ਨੇ।
ਨਾਹਰ ਸਿੰਘ ਔਜਲਾ ਅਨੁਸਾਰ ਨਾਟਕ ਲੋਕਾਂ ਵਿੱਚ ਆਪਣੀ ਗੱਲ ਲੈ ਕੇ ਜਾਣ ਦੀ ਵਿਧਾ ਹੈ। ਇਸ ਵਿੱਚ ਸਿਰਫ਼ ਕਾਮੇਡੀ ਨਹੀਂ ਹੋਣੀ ਚਾਹੀਦੀ। ਲੋਕਾਂ ਨਾਲ ਜੁੜਿਆ ਹੈ ਨਾਟਕ। ਉਨ੍ਹਾਂ ਵੱਲੋਂ ਬਰੈਂਪਟਨ ਵਿੱਚ ਕੀਤੇ ਨੁੱਕੜ ਨਾਟਕ ਨੂੰ ਚੰਗਾ ਹੁੰਗਾਰਾ ਮਿਲਿਆ ਸੀ।ਸੁਖਿੰਦਰ ਨੇ ਦੱਸਿਆ ਕਿ 1992 ਵਿੱਚ 'ਸੰਵਾਦ' ਟੀਮ ਵੱਲੋਂਪਹਿਲਾ ਰੰਗਮੰਚ ਮੇਲਾ ਅਤੇ ਕਾਨਫਰੰਸ ਕਰਵਾਈਗਈ ਜਿਸ ਵਿੱਚ ਐਲਬਰਟਾ, ਮੈਨੀਟੋਬਾ ਅਤੇ ਬੀæਸੀæ ਤੋਂ ਵੀ ਟੀਮਾਂ ਆਈਆਂ। ਉਨ੍ਹਾਂ ਸੁਝਾਅ ਦਿੱਤਾ ਕਿ ਕੈਨੇਡਾ-ਭਰ ਦਾਕੋਈ ਰੰਗਮੰਚ ਮੇਲਾ ਹੋਣਾ ਚਾਹੀਦਾ ਹੈ।
ਕਵਿਤਾਦਾ ਦੌਰ: ਹਰਭਜਨ ਗਿੱਲ ਨੇ ਕਵਿਤਾ ਰਾਹੀਂ ਰਾਜਸੀ ਨੇਤਾਵਾਂ ਦੇ ਵਤੀਰੇ 'ਤੇ ਵਿਅੰਗ ਕੱਸਿਆ। ਜੋਗਿੰਦਰ ਅਣਖੀਲਾ ਅਤੇ ਰਾਜਪਾਲ ਬੋਪਾਰਾਏ ਨੇ ਆਪਣੀਆਂ ਕਵਿਤਾਸੁਣਾਈਆਂ। ਹਰਜੀਤ ਬੇਦੀ ਦੀ ਕਵਿਤਾ ਸੀ - ਜੇ ਭਗਤ ਸਿੰਘ ਦਾ ਸੁਪਨਾ ਸੱਚ ਹੁੰਦਾ ਤਾਂ ਪੰਜਾਬ ਤੇ ਬੰਗਾਲ ਦੀ ਵੰਡ ਨਾ ਹੁੰਦੀ। ਜਗਜੀਤ ਰੈਹਸੀ ਨੇ ਮੁਹੰਮਦ ਰਫ਼ੀ ਦਾ ਗੀਤ ਸੁਣਾਇਆ। ਕੁਲਵਿੰਦਰ ਖਹਿਰਾ ਦੀ ਕਵਿਤਾਸ਼ਹੀਦਾਂ, ਖ਼ਾਸ ਕਰ ਪਾਸ਼ ਬਾਰੇ ਸੀ। ਸੁਰਜੀਤ ਕੌਰ ਦੀ ਕਵਿਤਾ - ਅਸੀਮ ਨੂੰ ਪੜ੍ਹਣਾ ਹੈ ਤਾਂ ਅੰਦਰ ਡੂੰਘਾ ਉਤਰਿਆ ਕਰ। ਪ੍ਰੀਤਮ ਅਟਵਾਲ ਦੀ ਕਵਿਤਾ ਸੀ - ਜਲ ਜਾਏਂਗਾ ਉਸੇ ਅੰਦਰ ਜਿਹੜੇ ਬਾਰੂਦਾਂ ਦੇ ਅੰਬਾਰਾਂ ਨੂੰ ਤੂੰ ਉਸਾਰਿਆ।
ਅੰਤ ਵਿੱਚ, ਪਿੰਸੀਪਲ ਸਰਵਣ ਸਿੰਘ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਸਾਰੀ ਸ੍ਰਿਸ਼ਟੀ ਹੀ ਨਾਟਕ ਹੈ ਅਤੇ ਸਾਰੇ ਨਛੱਤਰ ਆਪਣਾ ਰੋਲ ਨਿਭਾਉਂਦੇ ਨੇ। ਰੰਗਮੰਚ ਦਾ ਮਿਆਰ ਸਮੇਂ ਅਨੁਸਾਰ ਗੱਡੇ ਤੋਂ ਥੀਏਟਰ ਤੱਕ ਬਦਲਦਾ ਹੀ ਰਹਿਣਾ ਹੈ। ਜੋ ਦੱਬੇ ਹੋਏ ਲੋਕਾਂ ਦਾ ਜੀਵਨ ਬਣਾਵੇ, ਉਹੀ ਕਲਾ ਚੰਗੀ ਹੈ। ਸਭ ਦੇ ਧੰਨਵਾਦ ਨਾਲ ਸਭਾ ਦੀ ਕਾਰਵਾਈ ਸਮਾਪਤ ਹੋਈ।
ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਸੁਰਜੀਤ ਕੌਰ, ਗੁਰਜਿੰਦਰ ਸੰਘੇੜਾ, ਮਨਮੋਹਣ ਗੁਲਾਟੀ, ਬਿਕਰਮਜੀਤ ਗਿੱਲ, ਬਲਦੇਵ ਰਹਿਪਾ, ਸੁਖਚਰਨਜੀਤ ਕੌਰ, ਕ੍ਰਿਪਾਲ ਸਿੰਘ ਪੰਨੂੰ, ਬਲਰਾਜ ਚੀਮਾ, ਦਲਜੀਤ ਬਨਵੈਤ, ਸੰਤੋਸ਼ ਗਿਰਨ, ਰਣਬੀਰ ਗਿਰਨ, ਅਮਰ ਅਕਬਰਪੁਰੀ, ਭੂਪਿੰਦਰ ਸਿੰਘ ਜਸਵਾਲ ਅਤੇ ਸੁਮੀਤ ਬੈਂਸ ਵੀ ਸ਼ਾਮਿਲ ਹੋਏ। ਸਭ ਨੇ ਚਾਹ ਪਾਣੀ ਦਾ ਅਨੰਦ ਵੀ ਮਾਣਿਆ।
ਬ੍ਰਜਿੰਦਰ ਗੁਲਾਟੀ