ਕੁਝ ਲਾਈਨਾਂ ਲਿੱਖ ਕੇ ਚੱਲਾ ਗਿਆ
ਵਿੱਚ ਖਾਲੀ ਥਾਂ ਵੀ ਛਡ ਗਿਆ
ਢੁਕਵੇਂ ਅੱਖਰ ਲਭ ਲਵੀਂ
ਖਾਲੀ ਥਾਂ ਤੂੰ ਭਰ ਲਵੀਂ
ਜਾਂਦੀ ਵਾਰੀ ਕਹਿ ਗਿਆ ।
ਕੁਝ ਸਫਰ ਉਹ ਪੂਰਾ ਕਰ ਗਿਆ
ਕੁਝ ਸਫਰ ਵੀ ਬਾਕੀ ਛਡ ਗਿਆ
ਤੂੰ ਚਲਦਾ ਰਵੀੰ ਕਹਿ ਗਿਆ
ਰਸਤਾ ਪੂਰਾ ਕਰ ਲਵੀਂ
ਜੋ ਰਸਤਾ ਬਾਕੀ ਰਹਿ ਗਿਆ ।
ਗਗਨਾਂ ਵਲ ਉਸਦੀ ਨੀਝ ਸੀ
ਉਹ ਤਾਰਿਆਂ ਦਾ ਸ਼ੌਕੀਨ ਸੀ
ਇੱਕ ਤਾਰਾ ਟੁਟਦਾ ਦੇਖ ਕੇ
ਖੁਦ ਵੀ ਕਿਦਰੇ ਟੁੱਟ ਗਿਆ
ਉਹ ਵਗਦਾ ਪਾਣੀ ਵਹਿ ਗਿਆ ।
ਜਿੰਦਗੀ ਵਿੱਚ ਪੂਰਾ ਮਗਨ ਸੀ
ਸਾਹਾਂ ਨਾਲ ਪੂਰੀ ਲਗਨ ਸੀ
ਉਹ ਧੁੱਪਾਂ ਦੇ ਵਿੱਚ ਘੁੱਲ ਗਿਆ
ਚੜਦੇ ਵੱਲੋਂ ਚੜ ਕੇ
ਲਹਿੰਦੇ ਪਾਸੇ ਲਹਿ ਗਿਆ ।
ਫੁੱਲਾਂ ਦੀ ਖੇਤੀ ਕਰ ਗਿਆ
ਮਹਿਕਾਂ ਦਾ ਵਣਜ ਕਰ ਗਿਆ
ਇੱਕ ਬੁਲ੍ਹਾ ਗਰਮ ਹਵਾ ਦਾ
ਦੁਸ਼ਮਣ ਬਣ ਕੇ ਆ ਗਿਆ
ਅਤੇ ਫੁੱਲਾਂ ਦਾ ਘਰ ਢਹਿ ਗਿਆ ।