ਡੈਲਟਾ -- ਹਰ ਮਹੀਨੇ ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਸਾਹਿਤ ਨੂੰ ਸਮਰਪਤ ਮਨਾਈ ਜਾਂਦੀ ਕਾਵਿ-ਸ਼ਾਮ, ਅਪਰੈਲ ੨੦੧੫ ਦੇ ਤੀਜੇ ਮੰਗਲਵਾਰ ਵੀ ਧੂਮ ਧਾਮ ਨਾਲ ਮਨਾਈ ਗਈ। ਇਸ ਵਾਰ ਪੰਜਾਬੀ ਸਾਹਿਤ ਦੇ ਜਾਣੇ ਪਹਿਚਾਣੇ ਦੋ ਕਲਮਕਾਰਾਂ, ਜਗਜੀਤ ਸਿੰਘ ਸੰਧੂ ਤੇ ਜਤਿੰਦਰ ਲਸਾੜਾ ਨੂੰ ਸਰੋਤਿਆਂ ਦੇ ਰੂ ਬ ਰੂ ਕੀਤਾ ਗਿਆ।ਉਹਨਾਂ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਨਾਲ ਸਰੋਤਿਆਂ ਨਾਲ ਸਾਂਝ ਪੁਆਈ। ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਲੰਮੇ ਤੋਂ ਇਸ ਪ੍ਰੋਗਰਾਮ ਨਾਲ ਸਹਿਯੋਗ ਕਰਦੀਆਂ ਰਹਿਣ ਲਈ ਸਾਰੀਆਂ ਲੋਕਲ ਸਾਹਿਤ ਸਭਾਵਾਂ ਦਾ ਧੰਨਵਾਦ ਕੀਤਾ ਅਤੇ ਫਿਰ ਅੱਜ ਦੇ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦੇ ਕੇ ਜਤਿੰਦਰ ਲਸਾੜਾ ਨੂੰ ਆਪਣਾ ਕਲਾਮ ਪੇਸ਼ ਕਰਨ ਲਈ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ।
ਜਤਿੰਦਰ ਲਸਾੜਾ ਨੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਲਿਖਣ ਤਾਂ ਸਕੂਲ ਸਮੇਂ ਤੋਂ ਲੱਗ ਗਏ ਸਨ ਪਰ ਸਵਰਗਵਾਸੀ ਸਾਧੂ ਸਿੰਘ ਹਮਦਰਦ ਦੇ ਪਰਚੇ 'ਤਸਵੀਰ' ਨਾਲ ਜੁੜਨ ਸਮੇਂ ਪਿੰਗਲ, ਅਰੂਜ਼ ਤੇ ਗ਼ਜ਼ਲ ਦੇ ਸਿਧਾਂਤ ਬਾਰੇ ਜਾਣਕਾਰੀ ਹਮਦਰਦ ਸਹਿਬ ਕੋਲੋਂ ਪ੍ਰਾਪਤ ਹੋਈ। ਲਸਾੜਾ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਉਹਨਾਂ ਕੋਲ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਦਾ ਭੰਡਾਰ ਹੈ ਪਰ ਉਹ ਇਹਨਾਂ ਨੂੰ ਛਪਵਾਉਣ ਦਾ ਸਾਹਸ ਨਹੀਂ ਜੁਟਾ ਸਕੇ। ਹੁਣ ਉਹਨਾਂ ਨੇ ਆਪਣੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਦਾ ਸਰੋਤਿਆਂ ਨੂੰ ਯਕੀਨ ਦਵਾਇਆ ਤੇ ਫਿਰ ਉਹਨਾਂ ਗ਼ਜ਼ਲ ਸਿਨਫ ਦਾ ਮੁਜ਼ਾਹਰਾ ਕਰਦਿਆਂ ਕੁਝ ਮਹੱਤਵਪੂਰਨ ਸ਼ਿਅਰ ਤਰੰਨਮ ਵਿਚ ਕਹੇ ਜਿਸ ਨੂੰ ਸਰੋਤਿਆਂ ਵੱਲੋਂ ਤਾੜੀਆਂ ਰਾਹੀਂ ਖੂਬ ਦਾਦ ਮਿਲੀ।
-ਯਾਦਾਂ ਦੇ ਪਰਛਾਵੇਂ, ਉਮਰਾਂ ਢਲ ਗਈਆਂ, ਕਿੰਨੀਆਂ ਰੁੱਤਾਂ ਆ ਕੇ ਰੰਗ ਬਦਲ ਗਈਆਂ।
-ਕਦੇ ਅੱਖਰ ਨਹੀਂ ਮਿਲਦਾ, ਕਦੇ ਮਿਸਰਾ ਨਹੀਂ ਮਿਲਦਾ, ਗ਼ਜ਼ਲ ਦੇ ਹਾਣ ਦਾ ਕਦੇ ਜਜ਼ਬਾ ਨਹੀਂ ਮਿਲਦਾ।
ਨਾਮਵਰ ਗ਼ਜ਼ਲ ਗਾਇਕ ਸੈਮ ਸਿੱਧੂ ਨੇ ਵੀ ਲਸਾੜਾ ਦੀਆਂ ਦੋ ਗ਼ਜ਼ਲਾਂ ਗਾ ਕੇ ਸੁਣਾਈਆਂ ਤੇ ਸਰੋਤਿਆਂ ਵੱਲੋਂ ਭਰਪੂਰ ਦਾਦ ਪ੍ਰਾਪਤ ਕੀਤੀ।
ਜਰਨੈਲ ਸਿੰਘ ਆਰਟਿਸਟ ਨੇ ਦੂਸਰੇ ਸ਼ਾਇਰ ਜਗਜੀਤ ਸੰਧੂ ਦੇ ਜੀਵਨ ਤੇ ਉਸਦੀਆਂ ਤਿੰਨ ਪੁਸਤਕਾਂ, 'ਬਾਰੀ ਕੋਲ ਬੈਠਿਆਂ', 'ਤਰੁਤੀ' ਤੇ 'ਚੁੰਨੀ ਲੈ ਅਵਾਜ਼ਾਂ ਦੀ' ਬਾਰੇ ਜਾਣਕਾਰੀ ਦੇ ਕੇ ਉਸ ਨੂੰ ਸਰੋਤਿਆਂ ਦੇ ਰੂ ਬ ਰੂ ਕੀਤਾ। ਜਗਜੀਤ ਸੰਧੂ ਨੇ ਆਪਣੀ ਲੇਖਣ ਪਰਕ੍ਰਿਆ ਬਾਰੇ ਸੰਖੇਪ ਵਿਚ ਦੱਸ ਕੇ 'ਵੇਲ', 'ਸਾਡਾ ਸ਼ਹਿਰ', ਅੱਛਾ!' ਅਤੇ 'ਆ ਜਾ ਸਾਹ ਲਈਏ' ਵਰਗੀਆਂ ਖੁੱਲ੍ਹੀ ਕਵਿਤਾ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਉਸ ਤੋਂ ਮਗਰੋਂ ਉਸ ਨੇ ਤਰੰਨਮ ਵਿਚ ਕੁਝ ਗ਼ਜ਼ਲਾਂ ਦੇ ਸ਼ਿਅਰ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਜਿਵੇਂ;
-ਦੁਨੀਆਂ ਦੇ ਅਣਗਿਣਤ ਦੁਖੀ ਲੋਕਾਂ ਨੇ ਰੋਣਾ ਛੱਡ ਦਿੱਤੈ,
ਜਦ ਤੋਂ ਤੁਸੀਂ ਅਖੌਤ ਬਦਲ ਲਈ ਮਗਰਮੱਛ ਦੇ ਹੰਝੂਆਂ ਦੀ।
-ਮੈਂ ਕੀ ਦਿੱਤਾ ਹੈ ਉਸ ਨੂੰ ਜੋ ਉਹ ਪਰਤਾਉਣ ਆਉਂਦੀ ਹੈ।
'ਤੂੰ ਕੀ ਜੋਗੀ! ਜੋਗੀ ਤਾਂ ਦਰਿਆ ਹੁੰਦਾ ਹੈ'
ਕਵਿਤਾ ਸੁਣਾਉਣ ਤੋਂ ਮਗਰੋਂ ਗੁੱਝੀਆਂ ਟਕੋਰਾਂ ਲਾਉਂਦੀ ਇਕ ਕਵਿਤਾ 'ਵੈਲਨਟਾਈਨ' ਸੁਣਾਈ। ਸਰੋਤਿਆਂ ਦੀ ਫਰਮਾਇਸ਼ 'ਤੇ ਇਕ ਗੀਤ 'ਸੁਪਣੇ ਜੋਗੀ ਨੀਂਦਰ ਦੇ ਦੇ, ਨੀਂਦਰ ਜੋਗਾ ਨੇਰ੍ਹਾ ਦੇ ਦੇ' ਸੁਣਾ ਕੇ ਫਿਰ ਆਪਣੀ ਦਾਰਸ਼ਨਿਕ ਕਵੀਸ਼ਰੀ ਦਾ ਨਵੇਕਲਾ ਰੰਗ ਵੀ ਪੇਸ਼ ਕੀਤਾ। ਤਾੜੀਆਂ ਦੀ ਗੂੰਜ ਨਾਲ ਉਹਨਾ ਦੀ ਕਵਿਤਾ ਨੂੰ ਭਰਪੂਰ ਦਾਦ ਮਿਲੀ।
ਕੈਲੇਫੋਰਨੀਆ ਦੇ ਸ਼ਹਿਰ ਫਰਿਜ਼ਨੋਂ ਤੋਂ ਉਚੇਚੇ ਤੌਰ 'ਤੇ ਇਸ ਮਹਿਫਲ ਵਿਚ ਸ਼ਾਮਿਲ ਹੋਏ ਰੇਡੀਓ ਹੋਸਟ ਅਤੇ ਉਘੇ ਸ਼ਾਇਰ ਸੰਤੋਖ ਸਿੰਘ ਮਿਨਹਾਸ ਨੂੰ ਵੀ ਵਿਸ਼ੇਸ਼ ਤੌਰ 'ਤੇ ਆਪਣੀਆਂ ਇਕ ਦੋ ਕਵਿਤਾਵਾਂ ਸੁਣਾਉਣ ਲਈ ਬੇਨਤੀ ਕੀਤੀ ਗਈ। ਮਿਨਹਾਸ ਨੇ ਆਪਣੇ ਬਾਪੂ ਦੇ ਕਿਰਦਾਰ ਨੂੰ ਸਿਜਦਾ ਕਰਦੀ ਇਕ ਕਵਿਤਾ ਪੜ੍ਹੀ। ਇਕ ਕਵਿਤਾ ਵਿਚ ਮੀਰਾਂ ਦੇ ਕਿਰਦਾਰ ਨੂੰ ਬਾਂਵਰੀ, ਮਸਤਾਨੀ ਜੋਗਣ ਦਰਸਾਉਂਦਾ ਭਜਨ ਅਜੋਕੀ ਨੱਠ ਭੱਜ ਦੀ ਜ਼ਿੰਦਗੀ ਨਾਲ ਇਕ ਸੁਰ ਨਹੀਂ ਜਾਪਦਾ ਅਤੇ ਕਵੀ ਦੀ ਕਲਮ ਕਹਿ ਉਠਦੀ ਹੈ ਕਿ 'ਕੋਈ ਵਿਹਲਾ ਬੰਦਾ ਹੀ ਮਸਤਾਨਾ, ਬਾਂਵਰਾ ਜੋਗੀ ਹੋ ਸਕਦਾ ਹੈ।' ਇਹ ਕਵਿਤਾ ਕਵੀ ਦੀ ਨਵੇਕਲੀ ਸੋਚ ਦੀ ਪ੍ਰਤੀਕ ਸੀ। ਜਰਨੈਲ ਸਿੰਘ ਆਰਟਿਸਟ, ਜਰਨੈਲ ਸਿੰਘ ਸੇਖਾ ਤੇ ਮੋਹਨ ਗਿੱਲ ਨੇ ਅੱਜ ਦੇ ਸ਼ਾਇਰਾਂ ਨੂੰ ਵਧਾਈ ਦਿੱਤੀ ਅਤੇ ਇਸ ਮਹਿਫਲ ਵਿਚ ਆਉਣ ਲਈ ਸਰੋਤਿਆਂ ਦਾ ਵੀ ਧੰਨਵਾਦ ਕੀਤਾ।
ਅੱਜ ਦੀ ਮਹਿਫਲ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਵਾਲਿਆਂ ਵਿਚ ਸਨ; ਨਾਵਲਕਾਰ ਨਛੱਤਰ ਸਿੰਘ ਬਰਾੜ, ਸ਼ਾਇਰ ਬਖਸ਼ਿੰਦਰ, ਡਾ. ਮੇਜਰ ਸਿੰਘ ਰੰਧਾਵਾ, ਸਪਤਾਹਕ ਅਵਾਜ਼ ਦੀ ਸੰਪਾਦਕ ਸ਼ਰਨਜੀਤ ਕੌਰ, ਡਾ. ਜਸਮਲਕੀਤ ਕੌਰ, ਬਿੱਕਰ ਸਿੰਘ ਖੋਸਾ, ਗੁਰਚਰਨ ਟੱਲੇਵਾਲੀਆ, ਰਾਜਵੰਤ ਸਿੰਘ ਬਾਗੜੀ, ਹਰਦਮ ਸਿੰਘ ਮਾਨ। ੧੯ ਮਈ ਨੂੰ ਦੋ ਨਵੇਂ ਲੇਖਕਾਂ ਦੇ ਕਲਾਮ ਸੰਗ ਮੁੜ ਮਿਲਣ ਦੇ ਵਾਅਦੇ ਨਾਲ ਮਹਿਫਲ ਸਮਾਪਤ ਹੋ ਗਈ।