ਦੁਨੀਆਂ ਚੰਦ ਤੋਂ ਅੱਗੇ ਪਹੁੰਚ ਗਈ
ਸੁਣੀਏ, ਪੜੀਏ ਇਹ ਕਹਾਣੀਆਂ ਨੂੰ
ਕੀ ਆਖੀਏ! ਉਹਨਾਂ ਲੋਕਾਂ ਤਾਈਂ
ਜੋ ਪੂਜਣ ਮੜ੍ਹੀਆਂ ਮਸਾਣੀਆਂ ਨੂੰ…………
ਬੰਦੇ ਵਿੱਚ ਬੰਦਾ ਫਿਰੇ ਵਜਦਾ
ਭਰੂਣ ਹੱਤਿਆ ਖਾ ਗਈ, ਨਿਆਣੀਆਂ ਨੂੰ
ਭਗਤ ਸਿੰਘ ਜਿਹਾ ਇੱਕੋ ਸ਼ੇਰ ਕਾਫੀ
ਕੀ ਕਰੀਏ, ਫਿਰਦੀਆਂ ਢਾਣੀਆਂ ਨੂੰ……………
ਹੱਡ ਭੰਨਵੀਂ ਮਿਹਨਤ ਨਾ ਸਕੂਨ ਦਿੰਦੀ
ਨਜ਼ਰ ਬੁਰੀ ਲੱਗੀ ਕਿਰਸਾਣੀਆਂ ਨੂੰ
ਥਕਾਵਟ ਉੱਤਰ ਜਾਂਦੀ ਸੀ , ਕਿਸਾਨ ਤਾਈਂ
ਚੌਂਕੇ ਚੜ੍ਹਦੀਆਂ ਵੇਖ ਸੁਆਣੀਆਂ ਨੂੰ…………………
ਪਿਆਰ ਛੱਡ ਪੈਸੇ ਦੀ ਹੋੜ ਲੱਗੀ
ਖੱਟੀ ਬਹੁਤੀ ਹੋ ਗਈ ਹਟਵਾਣੀਆਂ ਨੂੰ
ਦੁੱਧ ਦੋਸ਼ ਵਾਲਾ ਢੋਲਾਂ ਵਿੱਚ ਪੈਂਦਾ
ਕਿੱਲੇ ਟੰਗਿਆ ਪਿਆ ਮਧਾਣੀਆਂ ਨੂੰ……………
ਭਾਈਆ ਵਿੱਚ ਪਿਆਰ ਜਾਵੇ ਘਟਦਾ
ਖੂੰਝੇ ਲਾਈ ਜਾਂਦੀਆਂ ਦਰਾਣੀਆਂ-ਜੇਠਾਣੀਆਂ ਨੂੰ
‘ਬੁੱਕਣਵਾਲੀਆ’ ਸਭਿਆਚਾਰ ਦੀ ਤਸਵੀਰ ਵਿਗੜੀ
ਲ਼ੱਗੀ ਨਜ਼ਰ ਪੰਜਾਬ ਦੇ ਪੰਜਾਂ ਪਾਣੀਆਂ ਨੂੰ