ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਇਸੇ ਕਰਕੇ ਇਨ੍ਹਾਂ ਮਹਾਨ ਗੁਰੂਆਂ ਨੇ ਜਿਥੇ ਕਿਤੇ ਵੀ ਆਪਣੇ ਪਵਿੱਤਰ ਚਰਨ ਪਾਏ।ਉਹੀ ਜਗ੍ਹਾ ਪੂਜਣਯੋਗ ਬਣ ਗਈ ਅਤੇ ਉਥੇ ਹੀ ਉਨ੍ਹਾਂ ਦੀ ਯਾਦਗਾਰਾਂ ਬਣ ਗਈਆਂ ਜਿਥੋਂ ਲੋਕਾਂ ਨੂੰ ਜੀਵਨ ਜਿਉਣ ਦੀ ਜਾਚ ਮਿਲਦੀ ਹੈ।ਉਂਝ ਵੀ ਵਿਦਵਾਨ ਕਹਿੰਦੇ ਹਨ ਕਿ ਆਪਣੇ ਗੁਰੂਆਂ, ਪੀਰਾਂ ਤੇ ਸਹੀਦਾਂ ਦੇ ਇਤਿਹਾਸ ਨੂੰ ਸਹੀ ਰੂਪ ਵਿਚ ਸੰਭਾਲਣਾ ਅਤੇ ਨਵੀਂ ਪੀੜੀ ਨੂੰ ਉਸ ਬਾਰੇ ਜਾਣਕਾਰੀ ਦੇਣੀ ਹਰ ਜਾਗਦੀ ਜਮੀਰ ਵਾਲੀ ਕੌਮ ਦਾ ਮੁੱਢਲਾ ਫਰਜ ਬਣਦਾ ਹੈ।ਸਿੱਖ ਧਰਮ ਵਿਚ ਭਗਤ ਧੰਨਾ ਜੱਟ ਜੀ ਦਾ ਵਿਸ਼ੇਸ ਥਾਂ ਹੈ ਜਿਨ੍ਹਾਂ ਨੇ ਪੱਥਰ ਵਿਚੋਂ ਪ੍ਰਮਾਤਮਾ ਨੂੰ ਪਾ ਲਿਆ ਸੀ।ਭਗਤ ਧੰਨਾ ਜੀ ਦਾ ਨਾਂਅ ਉਨ੍ਹਾਂ ਭਗਤਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।ਉਨ੍ਹਾਂ ਦਾ ਜਨਮ ਰਾਜਸਥਾਨ ਦੇ ਜਿਲਾ ਟਾਂਕ ਤਹਿਸੀਲ ਦਿਉਲੀ ਸਾਈਡ ਮੇਨ ਰੋਡ ਤੋਂ 6 ਕਿਲੋਮੀਟਰ ਪੂਰਬ ਸਾਈਡ ਤੇ ਪਿੰਡ ਧੂੰਆਂ ਕਲਾਂ ਵਿਖੇ ਜਨਮ 1415 ਈਸਵੀ ਵਿਚ ਸਤਿਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ 53 ਸਾਲ ਪਹਿਲਾਂ ਇਕ ਗਰੀਬ ਜੱਟ ਘਰਾਣੇ ਵਿਚ ਹੋਇਆ।ਉਨ੍ਹਾਂ ਦੇ ਮਾਂ ਬਾਪ ਖੇਤੀ ਅਤੇ ਪਸੂ ਪਾਲ ਕੇ ਗੁਜਾਰਾ ਕਰਦੇ ਸਨ।ਭਗਤ ਧੰਨਾ ਜੀ ਜਦੋਂ ਹੁਸਿਆਰ ਹੋਏ ਤਾਂ ਮਾਂ ਬਾਪ ਨਾਲ ਹੱਥ ਵਟਾਉਂਦੇ ਹੋਏ ਖੇਤੀਬਾੜੀ ਅਤੇ ਪਸੂ ਚਾਰਨ ਲੱਗ ਪਏ।ਬਚਪਨ ਤੋਂ ਹੀ ਭਗਤ ਧੰਨਾ ਜੀ ਦਾ ਲਗਾਓ ਪ੍ਰਮਾਤਮਾ ਨਾਲ ਜੁੜ ਗਿਆ।ਉਨ੍ਹਾਂ ਨੇ ਆਪਣੇ ਜੀਵਨ ਵਿਚ ਕਿਰਤ ਕਰਨਾ, ਨਾਮ ਜਪਣਾ ਆਦਿ ਨੂੰ ਮੁੱਖ ਰੱਖਿਆ ਅਤੇ ਸਾਰੀ ਜਿੰਦਗੀ ਪ੍ਰਭੂ ਦੀ ਭਗਤੀ ਨੂੰ ਸਮਰਪਿਤ ਕਰ ਦਿੱਤੀ।ਭਗਤ ਧੰਨਾ ਜੀ ਦਾ ਜੀਵਨ ਬਿਨ੍ਹਾਂ ਕਿਸੇ ਮੋਹ ਮਾਇਆਂ ਦੇ ਇਕਾਗਰ ਚਿੱਤ ਹੋ ਕੇ ਪ੍ਰਮਾਤਮਾ ਭਗਤੀ ਨੂੰ ਸਮਰਪਿਤ ਹੈ।ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਾ ਰਾਗ ਵਿਚ ਉਨ੍ਹਾਂ ਦੇ ਤਿੰਨ ਸਬਦ ਦਰਜ ਹਨ।ਚੌਥਾਂ ਸਬਦ ਧਨਾਸਰੀ ਰਾਗ ਵਿਚ ਹੈ।‘(ਆਰਤਾ) ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ’।ਉਨ੍ਹਾਂ ਦੇ ਮੁੱਖ ਵਿਚੋਂ ਉਚਾਰੇ ਸਬਦ
“ਭ੍ਰਮਤ ਫਿਰਤ ਬਹੁ ਜਨਮ ਬਿਲਾਨੇ
ਤਨੁ ਮਨੁ ਧਨੁ ਨਹੀਂ ਧੀਰੇ।।
ਲਾਲਚ ਬਿਖੁ ਕਾਮ ਲੁਬਧ ਰਾਤਾ
ਮਨਿ ਬਿਸਰੇ ਪ੍ਰਭ ਹੀਰੇ।।ਰਹਾਉ। (ਅੰਗ 487)
ਅਰਥ ਕਿ ਮਾਇਆ ਦੇ ਮੋਹ ਵਿਚ ਭਟਕਿਆ ਫਿਰਦਿਆਂ ਮਨੁੱਖ ਦੇ ਕਈ ਜਨਮ ਬੀਤ ਜਾਣੇ ਹਨ, ਇਸ ਦਾ ਤਨ, ਮਨ, ਧਨ ਕਦੇ ਕਾਇਮ ਨਹੀਂ ਰਹਿੰਦਾ।ਇਕ ਲੋਭੀ ਮਨੁੱਖ ਸੰਸਾਰ ਦੇ ਜਹਿਰ ਰੂਪੀ ਪਦਾਰਥਾਂ ਦੇ ਤੇ ਕਾਮ ਵਾਸਨਾ ਵਿਚ ਰੱਤਾ ਰਹਿੰਦਾ ਹੈ ਅਤੇ ਪ੍ਰਕਾਸ ਰੂਪੀ ਹੀਰੇ ਨੂੰ ਭੁਲਾਈ ਬੈਠਾ ਹੈ।ਭਗਤ ਜੀ ਦੀ ਯਾਦ ਵਿਚ ਪਿੰਡ ਧੂੰਆਨ ਕਲਾਂ ਦੇ ਵਿਚ ਇਕ ਮੰਦਿਰ ਵੀ ਖੇਤਾਂ ਵਿਚ ਬਣਿਆ ਹੋਇਆ ਹੈ।ਉਥੇ ਹੀ ਇਸ ਰਮਨੀਕ ਜਗ੍ਹਾ ਤੇ ਉਨ੍ਹਾਂ ਦੀ ਯਾਦ ਵਿਚ ਆਲੀਸਾਨ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ।ਜਿਸ ਵਿਚ ਦਰਬਾਰ ਸਾਹਿਬ , ਲੰਗਰ ਹਾਲ, 8 ਰਿਹਾਇਸੀ ਕਮਰੇ ਹਨ ਜਿਥੇ ਆਉਣ ਜਾਣ ਵਾਲੇ ਰਾਹਗੀਰ ਅਤੇ ਗੁਰੂ ਘਰ ਦੀ ਸਾਂਭ ਸੰਭਾਲ ਲਈ ਸਿੱਖ ਸਰਧਾਲੂ ਰਹਿ ਰਹੇ ਹਨ।ਭਗਤ ਧੰਨਾ ਯਾਦਗਾਰੀ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਹੇ ਮੁੱਖ ਸੇਵਾਦਾਰ ਬਾਬਾ ਸੇਰ ਸਿੰਘ ਪਿਛਲੇ 30 ਸਾਲ ਤੋਂ ਉਥੇ ਰਹਿ ਰਹੇ ਹਨ।ਉਨ੍ਹਾਂ ਨੇ ਭਗਤ ਧੰਨਾ ਜੀ ਦਾ ਪਹਿਲਾ ਪੁਰਾਤਨ ਖੂਹ ਲੱਭਿਆ ਅਤੇ ਰਾਜਸਥਾਨ ਦੇ ਮਾਲ ਰਿਕਾਰਡ ਵਿਭਾਗ ਵਿਚੋਂ ਉਨ੍ਹਾਂ ਦੇ ਨਾਮ ਬੋਲਦੀ ਜਮੀਨ ਲੱਭੀ।ਬਾਬਾ ਸ਼ੇਰ ਸਿੰਘ ਨੇ ਕਾਰ ਸੇਵਾ ਵਾਲੇ ਬਾਬਾ ਲੱਖਾ ਸਿੰਘ ਜੀ ਕੋਟੇ ਵਾਲਿਆਂ ਦੀ ਮਦਦ ਨਾਲ ਇਕ ਛੋਟਾ ਜਿਹਾ ਦਰਬਾਰ ਸਾਹਿਬ ਬਣਾ ਕੇ 1 ਮਾਰਚ 1996 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ ਉਥੇ ਕੀਤਾ ਸੀ।ਭਾਵੇਂ ਕਿ ਇਸ ਇਲਾਕੇ ਵਿਚ ਸਿੱਖਾਂ ਦੀ ਗਿਣਤੀ ਨਾ ਹੋਣ ਕਾਰਣ ਪਹਿਲਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਪਰ ਹੌਲੀ ਹੌਲੀ ਸਮਾਂ ਪਾ ਕੇ ਦੇਸਾਂ ਵਿਦੇਸਾਂ ਤੋਂ ਸਿੱਖ ਸੰਗਤਾਂ ਦਾ ਇਥੇ ਆਉਣਾ ਜਾਣਾ ਸੁਰੂ ਹੋ ਗਿਆ।ਹੁਣ ਇਸ ਰਮਣੀਕ ਤੇ ਰੂਹਾਨੀਅਤ ਨਾਲ ਸਿੰਜੀ ਧਰਤੀ ਉਤੇ ਹਰ ਗੁਰ ਸਿੱਖ ਦਾ ਦੁਬਾਰਾ ਆਉਣ ਨੂੰ ਮਨ ਲੋਚਦਾ ਹੈ।ਗੁਰਦੁਆਰਾ ਸਾਹਿਬ ਦੇ ਨੇੜੇ ਪਿੰਡ ਧੂਆਨ ਕਲਾਂ, ਇੰਦੋਲਾ, ਕਲੰਦਪੁਰਾ ਕਮਰਪੁਰਾ, ਇਕਬਾਲ ਗੰਜ, ਹੰਡੋਤੀ, ਅਤੇ ਕਿਸਨਪੁਰਾ ਆਦਿ 7 ਪਿੰਡਾਂ ਦੀ ਸ਼ਾਂਝੀ ਪੰਚਾਇਤ ਹੈ ਜਿਸਦੇ ਚੌਧਰੀ ਬਨਵਾਰੀ ਲਾਲ ਇਸ ਵਾਰ ਚੋਣ ਜਿੱਤ ਕੇ ਸਰਪੰਚ ਬਣੇ ਹਨ ।ਇਨ੍ਹਾਂ 7 ਪਿੰਡਾਂ ਦੀ ਕੁੱਲ ਅਬਾਦੀ 5100 ਦੇ ਕਰੀਬ ਹੈ ਅਤੇ 3430 ਦੇ ਕਰੀਬ ਵੋਟਰ ਹਨ ਪਰ ਇੰਨੀ ਵਸੋਂ ਵਿਚੋਂ ਸਿਰਫ ਬਾਬਾ ਸੇਰ ਸਿੰਘ ਹੀ ਅੰਮ੍ਰਿਤਧਾਰੀ ਸਿੱਖ ਵੋਟਰ ਹਨ।ਸਰਪੰਚ ਅਨੁਸਾਰ ਪਿੰਡ ਵਿਚ ਭਗਤ ਧੰਨਾ ਜੀ ਦਾ ਪੁਰਾਣਾ ਮਕਾਨ ਤਾਂ ਮੌਜੂਦ ਸੀ ਪਰ ਉਥੇ ਲੋਕਾਂ ਦਾ ਕਬਜਾ ਹੋਣ ਕਾਰਣ ਅਨੇਕਾਂ ਨਵੇਂ ਮਕਾਨ ਬਣ ਗਏ ਹਨ।ਬਾਬਾ ਸੇਰ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ 30 ਏਕੜ ਜਮੀਨ ਵਿਚ ਖੇਤੀ ਕੀਤੀ ਜਾਂਦੀ ਹੈ ਅਤੇ ਪੁਰਾਤਨ ਮਰਯਾਦਾ ਅਨੁਸਾਰ ਲੰਗਰ ਵਿਚ ਦੁੱਧ ਦੀ ਵਰਤੋਂ ਦੇ ਲਈ ਦਰਜਨ ਦੇ ਕਰੀਬ ਗਊਆਂ ਵੀ ਰੱਖੀਆਂ ਹੋਈਆਂ ਹਨ।ਭਾਵੇਂ ਕਿ ਦੁਨੀਆਂ ਬਹੁਤ ਤੇਜ ਤਰਾਰ ਹੋ ਚੁੱਕੀ ਹੈ ਪਰ ਹਾਲੇ ਵੀ ਭਗਤ ਧੰਨਾ ਜੀ ਦੀ ਚਰਨ ਛੋਹ ਧਰਤੀ ਬਾਰੇ ਬਹੁਤੇ ਗੁਰੂ ਸਿੱਖਾਂ ਨੂੰ ਗਿਆਨ ਨਹੀਂ ਹੈ।ਭਗਤ ਧੰਨਾ ਜੀ ਜੱਟ ਘਰਾਣੇ ਨਾਲ ਸਬੰਧਿਤ ਸੀ ਪਰ ਸਾਇਦ ਪੰਜਾਬ ਵਿਚ ਥੋੜੇ ਹੀ ਜੱਟ ਸਿੱਖ ਹਨ ਜੋ ਭਗਤ ਧੰਨਾ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਇਸ ਚਰਨ ਛੋਹ ਧਰਤੀ ਤੋਂ ਜਾਣੂ ਹੋਣ।ਸੋ ਲੋੜ ਹੈ ਭਗਤ ਧੰਨਾ ਜੀ ਦੇ ਜੀਵਨ ਜਾਚ ਤੋਂ ਸਿੱਖ ਕੇ ਆਪਣਾ ਜਿੰਦਗੀ ਬਸਰ ਕਰੀਏ।