'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ
(ਖ਼ਬਰਸਾਰ)
ਸਰ੍ਹੀ - ਬੀ. ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ ਨਿਊਟਨ ਲਾਇਬ੍ਰੇਰੀ ਸਰ੍ਹੀ ਵਿਖੇ, ਨਾਮਵਰ ਨਾਵਲਕਾਰ ਨਛੱਤਰ ਸਿੰਘ ਬਰਾੜ ਦੇ ਨਵੇਂ ਨਾਵਲ 'ਆਲਣ੍ਹੇ ਦੀ ਉਡਾਣ' ਦੇ ਰੀਲੀਜ਼ ਸਮਾਰੋਹ ਲਈ ਇਕ ਸਾਹਿਤਕ ਸਮਾਗਮ ਆਯੋਜਤ ਕੀਤਾ ਗਿਆ। ਸਭ ਤੋਂ ਪਹਿਲਾਂ ਜਰਨੈਲ ਸਿੰਘ ਸੇਖਾ ਨੇ ਸਮਾਗਮ ਵਿਚ ਆਏ ਸਰੋਤਿਆਂ ਨੂੰ 'ਜੀ ਆਇਆਂ' ਕਿਹਾ ਤੇ ਨਾਲ ਹੀ ਇਹ ਖੁਸ਼ੀ ਸਾਂਝੀ ਕੀਤੀ ਕਿ ਸਾਧੂ ਬਿਨਿੰਗ ਤੇ ਜਗਦੀਸ਼ ਕੌਰ ਬਿਨਿੰਗ ਦਾਦਾ ਦਾਦੀ ਬਣ ਗਏ ਹਨ। ਕੱਲ੍ਹ ਉਹਨਾਂ ਦੇ ਘਰ ਪੋਤਰੀ ਨੇ ਜਨਮ ਲਿਆ ਹੈ। ਅੱਜ ਸ਼ਾਇਰ ਮੋਹਨ ਗਿੱਲ ਤੇ ਢਿੱਲੋਂ ਜੋੜੀ ਦੀ ਲੜਕੀ ਦਾ ਜਨਮ ਦਿਨ ਹੈ। ਸਭ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ।
ਫਿਰ ਸ਼ਾਇਰ ਮੋਹਨ ਗਿੱਲ ਨੂੰ ਸਟੇਜ ਦੀ ਕਾਰਵਾਈ ਅਰੰਭ ਕਰਨ ਲਈ ਬੇਨਤੀ ਕੀਤੀ ਗਈ। ਮੋਹਨ ਗਿੱਲ ਨੇ ਨਛੱਤਰ ਸਿੰਘ ਬਰਾੜ ਦੇ ਜੀਵਨ ਤੇ ਉਸ ਦੀ ਲੇਖਣ ਪਰਕ੍ਰਿਆ ਬਾਰੇ ਸੰਖੇਪ ਜਾਣਕਾਰੀ ਦੇਣਮਗਰੋਂਜਰਨੈਲ ਸਿੰਘ ਸੇਖਾ, ਨਦੀਮ ਪਰਮਾਰ, ਮਹਿੰਦਰ ਸੂਮਲ ਤੇ ਨਛੱਤਰ ਸਿੰਘ ਬਰਾੜ ਨੂੰ ਪਰਧਾਨਗੀ ਮੰਡਲ ਵਿਚ ਸ਼ਸੋਭਤ ਹੋਣ ਲਈ ਕਿਹਾ। ਉਸ ਤੋਂ ਮਗਰੋਂਰੁਪਿੰਦਰ ਕੌਰ ਰੂਪੀ ਨੇ ਆਪਣੀ ਗ਼ਜ਼ਲ, "ਜੀਭ ਬੜੀ ਹੈ ਬੇਲਿਹਾਜ਼, ਕੀ ਕਰੀਏ! ਖੋਲ੍ਹ ਦਿੰਦੀ ਹੈ ਰਾਜ਼, ਕੀ ਕਰੀਏ!" ਗਾ ਕੇ ਕਾਰਵਾਈ ਦਾ ਆਗਾਜ਼ ਕੀਤਾ।
ਨਦੀਮ ਪਰਮਾਰ ਨੇ ਬੀ. ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਦਾ ਇਤਿਹਾਸ, ਉਸ ਵੱਲੋਂ ਕੀਤੇ ਗਏ ਕੰਮਾਂ ਤੇ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।ਫਿਰ ਆਲ੍ਹਣੇ ਦੀ ਉਡਾਣ ਨੂੰ ਰੀਲੀਜ਼ ਕੀਤਾ ਗਿਆ ਤੇ ਰੀਲੀਜ਼ ਕੀਤੀ ਪੁਸਤਕ ਫਾਊਂਡੇਸ਼ਨ ਦੀ ਡਾਰਾਇਕਟਰ ਸ੍ਰੀਮਤੀ ਚਰਨਜੀਤ ਕੌਰ ਗਿੱਲ ਨੂੰ ਭੇਟ ਕੀਤੀ ਗਈ।
ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਨੇ ਆਪਣੇ ਪਰਚੇ ਵਿਚ ਦੱਸਿਆ ਕਿ ਕੈਨੀਡੀਅਨ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਦੀ ਇਕ ਦਸਤਾਵੇਜ਼ ਹੈ ਨਾਵਲ 'ਆਲ੍ਹਣੇ ਦੀ ਉਡਾਣ'। ਪ੍ਰਿੰ. ਬਰਾੜ ਦਾ ਕਹਿਣਾ ਸੀ ਕਿ ਘਟਨਾਵਾਂ ਵਿਚ ਸੰਘਣਾਪਨ ਹੈ ਤੇ ਨਾਵਲ ਵਿਚ ਜੀਵਨ ਦੇ ਯਥਾਰਥ ਨੂੰ ਬਿਆਨ ਕੀਤਾ ਗਿਆ ਹੈ। ਨਾਵਲ ਦਾ ਨਾਮ ਵੀ ਬੜਾ ਢੁੱਕਵਾਂ ਹੈ। ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਪਿਛਲ਼ਝਾਤ ਰਾਹੀਂ ਕਹਾਣੀ ਨੂੰ ਬਿਆਨ ਕਰ ਕੇ ਨਾਵਲ ਵਿਚ ਸਸਪੈਂਸ ਪੈਦਾ ਕੀਤਾ ਗਿਆ ਹੈ। ਵਾਰਤਾਲਾਪ ਰਾਹੀਂ ਕਹਾਣੀ ਨੂੰ ਬਿਆਨ ਕਰਨਾ ਵੀ ਨਾਵਲ ਦੀ ਖੂਬੀ ਹੈ। ਜਰਨੈਲ ਸਿੰਘ ਆਰਟਿਸ਼ਟ ਨੇ ਕਿਹਾ ਕਿ ਨਾਵਲ ਦੋਹਾਂ ਦੇਸ਼ਾਂ (ਭਾਰਤ ਤੇ ਕੈਨੇਡਾ) ਦੀ ਝਲ਼ਕ ਪੇਸ਼ ਕਰਦਾ ਹੈ। ਲੋਕਾਂ ਵਿਚ ਪਹਿਲਾਂ ਤੋਂ ਬਣੇ ਕੈਨੇਡਾ ਦੇ ਅਕਸ ਨੂੰ ਇਸ ਵਿਚ ਨਵੇਂ ਪਹਿਲੂ ਤੋਂ ਪੇਸ਼ ਕਤਾ ਗਿਆ ਹੈ।
ਇੰਦਰਜੀਤ ਕੌਰ ਸਿੱਧੂ ਦਾ ਕਹਿਣ ਸੀ ਕਿ ਨਾਵਲ ਲਿਖਣਾ ਚੀਣਾ ਖਿਲਾਰ ਕੇ ਉਸ ਨੂੰ ਮੁੜ ਇਕੱਠਾ ਕਰਨ ਵਾਲਾ ਬੜਾ ਕਠਨ ਕੰਮ ਹੈ। ਇਸ ਲਈ ਨਾਵਲਕਾਰ ਵਧਾਈ ਦਾ ਪਾਤਰ ਹੈ। ਮੁਹਿੰਦਰ ਸੂਮਲ ਨੇ ਕਿਹਾ ਕਿ ਬਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਨਾਵਲ ਵਿਚ ਬਿਆਨ ਕਰ ਕੇ ਲੇਖਕ ਲੋਕਾਂ ਦਾ ਸਹੀ ਅਕਸ ਪੇਸ਼ ਕੀਤਾ ਹੈ। ਨਛੱਤਰ ਸਿੰਘ ਬਰਾੜ ਦੇ ਪੇਂਡੂ, ਕੈਪਟਨ ਜਰਨੈਲ ਸਿੰਘ ਚੀਮਾ ਨੇ ਕਿਹਾ ਕਿਹਾ ਬਰਾੜ ਸਾਹਿਬ ਨੇ ਸਾਡੇ ਪਿੰਡ ਦਾ ਇਤਹਾਸ 'ਥੇਹ ਵਾਲਾ ਪਿੰਡ ਜਨੇਰ' ਤੇ ਹੋਰ ਕਿਤਾਬਾਂ ਲਿਖ ਕੇ ਸਾਡੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ।
ਗੁਰਦਰਸ਼ਨ ਬਾਦਲ ਨੇ ਕਿਹਾ ਕਿ ਨਾਵਲ ਵਿਚ ਦ੍ਰਿਸ਼ ਵਰਨਣ ਕਮਾਲ ਦਾ ਹੈ। ਪਰ ਨਾਵਲ ਵਿਚ ਕੁਝ ਗ਼ਲਤੀਆਂ ਰੜਕਦੀਆਂ ਹਨ। ਅਜਮੇਰ ਰੋਡੇ ਨੇ ਕਿਹਾ ਕਿ ਏਥੇ ਪੰਜਾਬੀ ਸਭਿਆਚਾਰ ਦਾ ਵਿਸਤਾਰ ਹੈ। ਲੇਖਕਾਂ ਨੂੰ ਇਸ ਨੂੰ ਨਵੇਂ ਸੰਦਰਭਵਿਚ ਲੈਣਾ ਚਾਹੀਦਾ ਹੈ। ਸੁੱਚਾ ਸਿੰਘ ਕਲੇਰ ਨੇ ਨਾਵਲ ਨੂੰ ਪੜ੍ਹਨਯੋਗ ਕਿਹਾ ਤੇ ਨਿਰਮਲ ਕੌਰ ਗਿੱਲ ਨੇ ਕਿਹਾ,'ਨਾਵਲ ਪਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਪੇਸ਼ ਕਰਦਾ ਹੈ।' ਬਖਸ਼ਿੰਦਰ ਨੂੰ 'ਆਲ੍ਹਣੇ ਦੀ ਉਡਾਣ' ਨਾਮ ਠੀਕ ਨਹੀਂ ਸੀ ਲੱਗਾ। ਉਹਨਾਂ ਦੇ ਵਿਚਾਰ ਅਨੁਸਾਰ 'ਆਲ੍ਹਣੇ 'ਚੋਂ ਉਡਾਣ' ਹੋਣਾ ਚਾਹੀਦਾ ਸੀ।ਸਟੇਜ ਦੀ ਕਾਰਵਾਈ ਚਲਾਉਂਦਿਆਂ ਮੋਹਨ ਗਿੱਲ ਵੀ ਵਿਚ ਵਿਚਕਾਰ ਨਾਵਲ ਬਾਰੇ ਕੋਈ ਨਵੀਂ ਗੱਲ ਦੱਸ ਦਿੰਦਾ।
ਅਖੀਰ ਵਿਚ ਨਛੱਤਰ ਸਿੰਘ ਬਰਾੜ ਨੇ ਨਾਵਲ ਉਪਰ ਉਠਾਏ ਨੁਕਤਿਆਂ ਦਾ ਵਿਸਥਾਰ ਸਹਿਤ ਜਵਾਬ ਦਿੱਤਾ ਤੇ ਨਾਵਲ 'ਤੇ ਬੋਲਣ ਵਾਲੇ ਬੁਲਾਰਿਆਂ ਦਾ ਧੰਨਵਾਦ ਕਰਨ ਦੇ ਨਾਲਨਾਲ ਆਏ ਸਰੋਤਿਆਂ ਦਾ ਵੀ ਧੰਨਵਾਦ ਕੀਤਾ। ਨਦੀੰਮ ਪਰਮਾਰ ਨੇ ਬੀ ਸੀ ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ ਸਭ ਦਾ ਧੰਨਵਾਦ ਕੀਤਾ।