'ਕਦਮ ਦਰ ਕਦਮ' ਲੋਕ ਅਰਪਣ
(ਖ਼ਬਰਸਾਰ)
ਲੁਧਿਆਣਾ -- ਸ. ਸ਼ਰਨਜੀਤ ਸਿੰਘ ਢਿੱਲੋਂ, ਕੈਬਨਿਟ ਮੰਤਰੀ, ਪੰਜਾਬ ਨੇ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ ਲੁਧਿਆਣਾ ਵਿਖੇ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਦੀ ਨਵ ਪ੍ਰਕਾਸ਼ਿਤ ਪੁਸਤਕ 'ਕਦਮ ਦਰ ਕਦਮ' ਨੂੰ ਲੋਕ ਅਰਪਣ ਕਰਦਿਆਂ ਆਖਿਆ ਕਿ ਲੇਖਕ ਹੀ ਹਨ ਜੋ ਜਿੱਥੇ ਭਾਸ਼ਾ ਤੇ ਸਭਿਆਚਾਰ ਦੀ ਸੇਵਾ ਕਰਦੇ ਹਨ ਉਥੇ ਸਮਾਜ ਨੂੰ ਨਵੀਂ ਸੇਧ ਵੀ ਦਿੰਦੇ ਹਨ। ਢਿੱਲੋਂ ਸਾਹਿਬ ਅੱਜ ਸ਼ਹੀਦ ਸੁਖਦੇਵ ਥਾਪਰ ਨੂੰ ਯਾਦ ਕਰਨ ਲਈ ਵਿਸ਼ੇਸ਼ ਤੌਰ 'ਤੇ ਪੰਜਾਬੀ ਭਵਨ ਪਹੁੰਚੇ ਸਨ। ਉਨ੍ਹਾਂ ਦੇ ਨਾਲ ਸ. ਹਰਚਰਨ ਸਿੰਘ ਗੋਹਲਵੜੀਆ, ਮੇਅਰ, ਨਗਰ ਨਿਗਮ ਲੁਧਿਆਣਾ, ਪ੍ਰੋ. ਗੁਰਭਜਨ ਸਿੰਘ ਗਿੱਲ, ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ, ਸਕੱਤਰ ਸ੍ਰੀ ਸੁਰਿੰਦਰ ਰਾਮਪੁਰੀ ਪ੍ਰਧਾਨਗੀ ਮੰਡਲ ਵਿਚ ਹਾਜ਼ਰ ਸਨ।
ਇਸੇ ਸਮੇਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਮਿੰਨੀ ਕਹਾਣੀ ਜਿਥੇ ਆਪਣੇ ਆਪ ਵਿਚ ਇਕ ਵਿਲੱਖਣ ਵਿਧਾ ਹੈ ਉਥੇ ਇਹ ਪੁਸਤਕ ਬਕਾਇਦਾ ਕੈਲੇ ਜੀ ਦੀਆਂ ਮਿੰਨੀ ਕਹਾਣੀਆਂ ਦੀ ਸਿਰਜਨ ਪ੍ਰਕ੍ਰਿਆ ਅਤੇ ਸਮਾਲੋਚਨਾ ਇਕੋ ਥਾਂ ਇਕੱਠਿਆਂ ਪੇਸ਼ ਕਰਦੀ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਸ੍ਰੀ ਸੁਰਿੰਦਰ ਕੈਲੇ ਮਿੰਨੀ ਕਹਾਣੀ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਇਨ੍ਹਾਂ ਦੇ ਨਾਂ ਨੂੰ ਇਸ ਵਿਧਾ ਤੋਂ ਵੱਖਰਿਆਂ ਕਰਕੇ ਵੇਖਣਾ ਮੁਸ਼ਕਿਲ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਜੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਛਪਣ ਨਾਲ ਮਿੰਨੀ ਕਹਾਣੀ ਦਾ ਬਕਾਇਦਾ ਇਕ ਸ਼ਾਸਤਰ ਵਿਕਸਤ ਹੋਣ ਵੱਲ ਕਦਮ ਪੁੱਟਿਆ ਗਿਆ ਹੈ। ਅਕਾਡਮੀ ਦੇ ਸਕੱਤਰ ਸ੍ਰੀ ਸੁਰਿੰਦਰ ਰਾਮਪੁਰੀ ਜੀ ਨੇ ਖ਼ੁਦ ਕਹਾਣੀਕਾਰ ਵਜੋਂ ਟਿਪਣੀ ਕਰਦਿਆਂ ਕਿਹਾ ਕਿ ਕਦਮ ਦਰ ਕਦਮ ਪੁਸਤਕ ਦੇ ਲੇਖਕ ਨੇ ਬਿਰਤਾਂਤ ਦੀ ਵਿਧਾ ਦਾ ਨਵੇਂ ਤਜਰਬੇ ਕਰਦਿਆਂ ਵਿਲੱਖਣ ਤਰੀਕੇ ਨਾਲ ਵਿਕਾਸ ਕੀਤਾ ਹੈ।