ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
(ਖ਼ਬਰਸਾਰ)
ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਅਤੇ ਅਦਾਰਾ ‘ਸਰੋਕਾਰ` ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਖੁੱਲ੍ਹੇ ਵਿਹੜੇ ਵਿਚ ਪਰਵਾਸੀ ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ‘ਮੇਰੀ ਪਾਕਿਸਤਾਨੀ ਸਫ਼ਰਨਾਮਾ` (ਸਫ਼ਰਨਾਮਾ) ਅਤੇ ‘ਆਮ ਆਦਮੀ ਦਾ ਇਨਕਲਾਬ` (ਕਾਵਿ ਸੰਗ੍ਰਹਿ) ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਅਤੇ ਸਾਹਿਤਕ ਰਸਾਲੇ ‘ਸੰਖ` ਦੇ ਸੰਪਾਦਕ ਸਿੱਧੂ ਦਮਦਮੀ, ਅਦਾਰਾ ‘ਸਰੋਕਾਰ` ਦੇ ਪ੍ਰਬੰਧਕ ਡਾ. ਭੀਮਇੰਦਰ ਸਿੰਘ, ਰੰਗਕਰਮੀ ਪ੍ਰਾਣ ਸੱਭਰਵਾਲ ਅਤੇ ਗੀਤਕਾਰ ਗਿੱਲ ਸੁਰਜੀਤ ਸ਼ਾਮਲ ਸਨ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ‘ਆਸ਼ਟ` ਨੇ ਮੁੱਖ ਪ੍ਰਾਹੁਣੇ ਸੁਖਿੰਦਰ ਦੇ ਜੀਵਨ ਅਤੇ ਰਚਨਾ-ਸੰਸਾਰ ਬਾਰੇ ਹਾਜ਼ਰ ਸਰੋਤਿਆਂ ਨੂੰ ਭਰਵੀਂ ਵਾਕਫ਼ੀਅਤ ਕਰਵਾਉਂਦੇ ਹੋਏ ਚਾਨਣਾ ਪਾਇਆ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਚਿੰਤਨ ਦੇ ਪ੍ਰਸਿੱਧ ਵਿਦਵਾਨ ਡਾ. ਸੁਤਿੰਦਰ ਸਿੰਘ ਨੂਰ ਅਤੇ ਡਾ. ਗੁਰਭਗਤ ਸਿੰਘ ਦੇ ਭਰਾਤਾ ਸੁਖਿੰਦਰ ਹੋਰਾਂ ਨੇ ਕੈਨੇਡਾ ਵਿਚ ਜਾ ਕੇ ਆਪਣੀ ਮਾਂ ਬੋਲੀ ਦੇ ਵਿਕਾਸ ਵਿਚ ਪੰਜਾਬੀ ਕਵਿਤਾ, ਆਲੋਚਨਾ, ਵਾਰਤਕ, ਨਾਵਲਨਿਗਾਰੀ, ਸੰਪਾਦਨਾ ਅਤੇ ਵਿਗਿਆਨਕ ਸਾਹਿਤ ਦੀ ਰਚਨਾ ਨਾਲ ਨਿਰੰਤਰ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੁਆਰਾ ਸੰਪਾਦਿਤ ਕੀਤਾ ਜਾ ਰਿਹਾ ਸਾਹਿਤਕ ਰਸਾਲਾ ‘ਸੰਵਾਦ` ਅੱਜ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਪਛਾਣ ਰੱਖਦਾ ਹੈ। ਸ੍ਰੀ ਸਿੱਧੂ ਦਮਦਮੀ ਨੇ ਸੁਖਿੰਦਰ ਦੀ ਕਵਿਤਾ ਅਤੇ ਵਾਰਤਕ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਕਵੀ ਵੱਲੋਂ ਲਿਖਿਆ ਗਿਆ ਸਫ਼ਰਨਾਮਾ ਲੰਬੀ ਕਵਿਤਾ ਹੁੰਦਾ ਹੈ। ਇਹ ਸੁਖਿੰਦਰ ਦੇ ਸਫ਼ਰਨਾਮੇ ਬਾਰੇ ਸੱਚ ਹੈ। ਉਸਦੀ ਕਲਮ ਸਮਾਜ ਨੂੰ ਜਿਹੋ ਜਿਹਾ ਵੇਖਦੀ ਹੈ, ਹੂ ਬ ਹੂ ਉਸ ਦਾ ਯਥਾਰਥਕ ਚਿੱਤ੍ਰਣ ਕਰ ਦਿੰਦੀ ਹੈ।ਡਾ. ਭੀਮਇੰਦਰ ਸਿੰਘ ਦਾ ਕਹਿਣਾ ਸੀ ਕਿ ਸੁਖਿੰਦਰ ਪਰਵਾਸ ਹੰਢਾਉਂਦਾ ਹੋਇਆ ਵੀ ਆਪਣੀ ਜੰਮਣ ਭੋਇੰ, ਮਿੱਟੀ ਅਤੇ ਪੰਜਾਬੀ ਸਮਾਜ ਨੂੰ ਚਿੱਤ੍ਰਦਾ ਹੈ।ਇਸ ਮੌਕੇ ਤੇ ਸੁਖਿੰਦਰ ਨੇ ਆਪਣੀ ਤਾਜ਼ਾ ਲੋਕ ਅਰਪਿਤ ਪੁਸਤਕ ‘ਆਮ ਆਦਮੀ ਦਾ ਇਨਕਲਾਬ` ਵਿਚੋਂ ਔਰਤ ਦੀ ਦਵੰਦਾਤਮਕ ਅਤੇ ਤਰਸਯੋਗ ਹਾਲਤ ਦੇ ਨਾਲ ਨਾਲ ਉਸ ਦੀ ਖੁੱਦਾਰੀ ਨੂੰ ਬੁਲੰਦ ਕਰਦੀਆਂ ਕਵਿਤਾਵਾਂ ਤੋਂ ਇਲਾਵਾ ਵਰਤਮਾਨ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਨਜ਼ਮਾਂ ਸੁਣਾ ਕੇ ਵਾਹ ਵਾਹ ਖੱਟੀ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਜੁੜੇ ਲੇਖਕਾਂ ਵਿਚੋਂ ਰੰਗਕਰਮੀ ਪ੍ਰਾਣ ਸੱਭਰਵਾਲ, ਇੰਜੀਨੀਅਰ ਹਰਭਜਨ ਸਿੰਘ, ਨਵਦੀਪ ਸਿੰਘ ਮੁੰਡੀ, ਸੁਖਦੇਵ ਸਿੰਘ ਚਹਿਲ, ਦਵਿੰਦਰ ਪਟਿਆਲਵੀ, ਡਾ. ਅਰਵਿੰਦਰ ਕੌਰ, ਯੂ.ਐਸ.ਆਤਿਸ਼, ਬਲਵਿੰਦਰ ਸਿੰਘ ਭੱਟੀ ਨੇ ਸੁਖਿੰਦਰ ਹੋਰਾਂ ਦੀ ਸਾਹਿਤ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟਾਏ।ਕਵਿੰਦਰ ਚਾਂਦ, ਗੀਤਕਾਰ ਗਿੱਲ ਸੁਰਜੀਤ, ਅੰਮ੍ਰਿਤਪਾਲ ਸਿੰਘ ਸ਼ੈਦਾ ਅਤੇ ਐਸ.ਐਸ.ਭੱਲਾ ਆਦਿ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਸਮਾਗਮ ਵਿਚ ਸੁਖਿੰਦਰ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈਟ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿਚ ਭਾਸ਼ਾ ਵਿਭਾਗ ਦੇ ਖੋਜ਼ ਅਫਸਰ ਡਾ. ਢੋਟ, ਪ੍ਰੀਤਮਹਿੰਦਰ ਸੇਖੋਂ, ਰਮਿੰਦਰ ਸਿੰਘ, ਡਾ. ਲੱਛਮੀ ਨਾਰਾਇਣ ਭੀਖੀ, ਡਾ. ਸੰਤੋਖ ਸਿੰਘ ਸੁਖੀ,ਐਮ.ਐਸ.ਜੱਗੀ ਅਤੇ ਪੰਜਾਬੀ ਸਾਹਿਤ ਦੇ ਖੋਜਾਰਥੀ ਅਤੇ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ। ਅੰਤ ਵਿਚ ਡਾ. ਭੀਮਇੰਦਰ ਸਿੰਘ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ।

ਦਵਿੰਦਰ ਪਟਿਆਲਵੀ