ਤੂੰ ਅਲਜਬਰੇ ਦੇ ਸਵਾਲਾਂ ਜਿਹੀ
ਕੋਸ਼ਿਸ਼-ਦਰ-ਕੋਸ਼ਿਸ਼ ਵੀ
ਸਮਝ ਨਾ ਆਵੇਂ।
ਸਾਰਾ ਦਿਨ ਲੰਘ ਜਾਂਦਾ
ਤੇਰੇ ਵਾਦੇ ਤੇਰੇ ਲਾਰੇ
ਡੈਬਿਟ-ਕਰੈਡਿਟ
ਕਰਨ 'ਚ।
ਮੇਰੇ ਸੋਚਾਂ ਦੀ ਕਿਤਾਬ
ਭਰੀ ਪਈ ਇਤਿਹਾਸ ਦੀ ਕਿਤਾਬ ਵਾਕਰਾ
ਮੁਲਾਕਾਤਾਂ ਦੀਆਂ ਤਰੀਕਾਂ ਨਾਲ,
ਪਰ ਤੇਰਾ ਮੈਮਰੀ-ਸਿਸਟਮ
ਇੱਕਠਿਆ ਬਿਤਾਏ ਹਰ ਪਲ ਨੂੰ
ਫਾਈਲ-ਨਾਟ-ਅਵੈਲੀਬਲ ਦਸਦੈ।
ਕਦੇ ਆਰਥਿਕ ਥਿਉਰੀਆਂ ਛੱਡ
ਪਿਆਰ ਦੀ ਫਿਲਾਸਫੀ ਵੀ ਪੜ੍ਹ।
ਮੈਂ ਲੋਕਤੰਤਰ ,ਮੈਂ ਤੈਨੂੰ ਚੁਣਿਆ
ਤੂੰ ਕੁਲੀਨਸ਼ਾਹੀ ਸੋਚਾਂ ਵਾਲੀ
ਤੇਰੀਆਂ ਕੂਟਨੀਤੀਆ
ਸਮਝੋ ਬਾਹਰ ਦੀ ਗਲ
ਤੇਰਾ ਤਾਨਾਸ਼ਾਹੀ ਵਤੀਰਾ
ਕਹਿਰ ਕਮਾਂਦਾ ਪਿਆਰ 'ਤੇ।
ਕਾਸ਼ ਤੂੰ ਨਜ਼ਮ,
ਕਵਿਤਾ ਜਾਂ ਗਜ਼ਲ ਹੁੰਦੀ
ਤੈਨੂੰ ਪੜਦਾ ਤੇਰੇ ਅਹਿਸਾਸਾ
ਤੇਰੇ ਜਜ਼ਬਾਤਾਂ ਨੂੰ ਸਮਝਦਾ
ਤੇਰੇ ਨਾਲ ਇਕਮਿਕ ਹੁੰਦਾ।