ਬਰੈਂਪਟਨ -- 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮੀਟਿੰਗ 30 ਮਈ, 2015 ਨੂੰ ਬਰੈਮਲੀ ਸਿਵਿਕ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਕਾਫ਼ਲਾ ਦੀ ਨਵੀਂ ਬਣੀ ਟੀਮ ਦੇ ਮੁੱਖ ਸੰਚਾਲਕ, ਕੁਲਵਿੰਦਰ ਖਹਿਰਾ ਨੇ ਮੀਟਿੰਗ ਸ਼ੁਰੂ ਕਰਦਿਆਂ ਕੁਝ ਦਿਨ ਪਹਿਲਾਂ ਪ੍ਰਿਤਪਾਲ ਸਿੰਘ ਬਿੰਦਰਾ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਸ਼ਰਧਾਂਜਲੀ ਵਜੋਂ ਇੱਕ ਮਿੰਟ ਦਾ ਮੌਨ ਧਾਰਨ ਦੀ ਬੇਨਤੀ ਕਰਦਿਆਂ ਦੱਸਿਆ ਕਿ ਜਿੱਥੇ ਬਿੰਦਰਾ ਜੀ ਕਾਫ਼ਲੇ ਸੀਨੀਅਰ ਮੈਂਬਰ ਅਤੇ ਕਹਾਣੀਕਾਰ ਸਨ ਓਥੇ ਉਨ੍ਹਾਂ ਨੇ ਗੁਰਬਾਣੀ 'ਤੇ ਵੀ ਬਹੁਤ ਸਾਰਾ ਕੰਮ ਕੀਤਾ ਅਤੇ ਕਿਤਾਬਾਂ ਲਿਖੀਆਂ।
ਅਗਲੇ ਸਾਲ ਕਾਫ਼ਲਾ ਦੀ ਰੂਪ-ਰੇਖਾ ਦਾ ਜ਼ਿਕਰ ਕਰਦਿਆਂ ਕੁਲਵਿੰਦਰ ਖਹਿਰਾ ਨੇ ਮੀਟਿੰਗ ਨੂੰ ਸਮੇਂ ਸਿਰ ਸ਼ੁਰੂ ਅਤੇ ਖ਼ਤਮ ਕਰਨ ਦੀ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਹਰ ਮਿਟੰਗ ਵਿੱਚ ਕਿਸੇ ਕਲਾਸਿਕ ਕਿਤਾਬ ਬਾਰੇ, ਕਵਿਤਾ ਦੀ ਸੇਧ ਲਈ, ਅਤੇ ਕਿਸੇ ਇੱਕ ਲੇਖਕ ਬਾਰੇ ਗੱਲ ਕੀਤੀ ਜਾਇਆ ਕਰੇਗੀ।
ਗੁਰਬਚਨ ਸਿੰਘ 'ਚਿੰਤਕ' ਦੀ ਸਵੈਜੀਵਨੀ "ਜੰਗ ਗੁਰਬਤ ਸੰਗ" ਰਲੀਜ਼ ਕਰਦਿਆਂ ਸਭ ਤੋਂ ਪਹਿਲਾਂ ਪੂਰਨ ਸਿੰਘ ਪਾਂਧੀ ਨੇ ਕਿਤਾਬ ਬਾਰੇ ਦੱਸਿਆ ਕਿ ਚਿੰਤਕ ਨੇ ਆਪਣੀ ਜ਼ਿੰਦਗੀ ਦੀ ਸੱਚਾਈ ਬਿਆਨ ਕੀਤੀ ਹੈ, ਜਿਸ 'ਚੋਂ ਉਸ ਸਮੇਂ ਦੇ ਹਾਲਾਤ ਦਾ ਪਤਾ ਚੱਲਦਾ ਹੈ। ਬਚਪਨ ਵਿੱਚੋਂ ਕੱਚਿਆਂ ਕੋਠਿਆਂ ਦਾ, ਛੱਪੜ ਦਾ ਜ਼ਿਕਰ ਉਸ ਸਮੇਂ ਦੇ ਸਭਿਆਚਾਰ ਦਾ ਦਰਪਨ ਬਣਦਾ ਹੈ। ਸ਼ਬਦਾਵਲੀ ਗੱਲ ਨੂੰ ਰੋਚਕ ਬਣਾਉਂਦੀ ਹੈ। ਮੁਹਾਵਰੇ ਵਾਰਤਿਕ ਦਾ ਸ਼ਿੰਗਾਰ ਹੁੰਦੇ ਨੇ ਤੇ ਸ਼ਬਦ ਬੀੜਨ ਦੀ ਕਲਾ ਹੁੰਦੀ ਹੈ ਜੋ ਚਿੰਤਕ ਦੀ ਕਿਤਾਬ ਵਿੱਚੋਂ ਸਾਫ਼ ਝਲਕਦੀ ਹੈ। ਅੁਨ੍ਹਾਂ ਕਿਹਾ ਕਿ ਚਿੰਤਕ ਨੇ ਨਿਸ਼ੰਗ ਹੋ ਕੇ ਸਵੈਜੀਵਨੀ ਲਿਖੀ ਹੈ।
ਪ੍ਰਿੰਸੀਪਲ ਸਰਵਣ ਸਿੰਘ ਨੇ ਦੱਸਿਆ ਕਿ ਚਿੰਤਕ ਨੇ ਕੈਨੇਡਾ ਵਿੱਚ ਆਉਣ ਤੋਂ ਪਹਿਲਾਂ ਤੱਕ ਦੀ ਜੀਵਨੀ ਹੀ ਲਿਖੀ ਹੈ ਜਿਸ ਨੂੰ ਪਹਿਲਾ ਭਾਗ ਕਹਿ ਸਕਦੇ ਹਾਂ, ਅਗਲੇ ਭਾਗ ਦੀ ਉਮੀਦ ਹੈ। ਕੈਨੇਡਾ ਆ ਕੇ ਚਿੰਤਕ ਨੇ ਬਹੁਤ ਲੋਕ-ਸੇਵਾ ਕੀਤੀ। ਕਿਤਾਬ ਵਿੱਚ ਵੱਡੇ ਪਰਿਵਾਰ ਦੀਆਂ ਮਾਇਕ ਤੰਗੀਆਂ ਅਤੇ ਦੁਸ਼ਵਾਰੀਆਂ ਬਾਰੇ ਖੁੱਲ੍ਹ ਕੇ ਲਿਖਿਆ ਹੈ।
ਜਗੀਰ ਸਿੰਘ ਕਾਹਲੋਂ ਦਾ ਕਹਿਣਾ ਸੀ ਕਿ ਛੋਟੇ ਹੁੰਦਿਆਂ ਗਰੀਬੀ 'ਚ ਪਲੇ ਚਿੰਤਕ ਨੂੰ ਹਾਲਾਤ ਨੇ ਹੋਰ ਵੀ ਤਕੜਿਆਂ ਕੀਤਾ ਅਤੇ ਹਿੰਮਤ ਦਿੱਤੀ। ਬਲਰਾਜ ਚੀਮਾ ਨੇ ਕਿਹਾ ਕਿ ਚਿੰਤਕ ਹੈਨਰੀ ਫੀਲਡਿੰਗ ਦੇ ਨਾਵਲ ਦੇ ਕਿਰਦਾਰ ਵਾਂਗ ਹੀ ਗਰੀਬੀ ਵਿੱਚੋਂ, ਅੱਤ ਦੇ ਸੰਕਟਾਂ ਵਿੱਚੋਂ ਨਿਕਲ ਕੇ ਆਇਆ ਹੈ। ਸ਼ਰਨਜੀਤ ਗਿੱਲ ਨੇ ਕਿਤਾਬ 'ਚ ਲਿਖੇ ਮੁੱਖਬੰਦ ਤੋਂ ਪ੍ਰਭਾਵਿਤ ਹੋਣ ਦੀ ਗੱਲ ਕੀਤੀ ਅਤੇ ਇਹ ਵੀ ਕਿਹਾ ਕਿ ਜਿਵੇਂ ਕਈ ਮਹਾਨ ਆਦਮੀ ਆਮ ਲੋਕਾਂ ਵਾਂਗ ਦਿਸਦੇ ਹਨ ਇਵੇਂ ਹੀ ਚਿੰਤਕ ਵਰਗੇ ਆਮ ਆਦਮੀ ਵੀ ਮਹਾਨ ਹੋ ਸਕਦੇ ਹਨ।
ਜਗੀਰ ਸਿੰਘ ਕਾਹਲੋਂ ਅਤੇ ਸੰਜੀਵ ਧਵਨ ਨੇ ਬਰੈਂਪਟਨ ਵਿੱਚ ਖੁਲ੍ਹੇ ਗੁਰੁ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਬਾਰੇ ਜਾਣਕਾਰੀ ਦਿੱਤੀ।
ਚਾਹ ਪਾਣੀ ਦੀ ਬ੍ਰੇਕ ਤੋਂ ਬਾਅਦ, ਪੰਜਾਬ ਵਿੱਚੋਂ ਆਏ ਲੇਖਕ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀ ਕਮੇਟੀ ਦੇ ਕਨਵੀਨਰ ਅਮੋਲਕ ਸਿੰਘ ਬਾਰੇ ਵਰਿਆਮ ਸਿੰਘ ਸੰਧੂ ਨੇ ਜਾਣ ਪਛਾਣ ਕਰਵਾਈ ਕਿ ਉਹ ਪਲ਼ਸ ਦਾ ਮੁੱਖ ਆਗੂ ਹੈ ਅਤੇ ਉਨ੍ਹਾਂ ਦੇ ਸਭਿਆਚਾਰਕ ਮੰਚ ਵੱਲੋਂ ਭਾ ਜੀ ਗੁਰਸ਼ਰਨ ਸਿੰਘ ਅਤੇ ਅਜਮੇਰ ਔਲਖ ਨੂੰ ਸਨਮਾਨ ਕੀਤਾ ਗਿਆ ਹੈ।
ਅਮੋਲਕ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮਾਂ ਹੀ ਉਨ੍ਹਾਂ ਲਈ ਸਭ ਤੋਂ ਉੱਤਮ ਯੂਨੀਵਰਸਿਟੀ ਸੀ। ਉਨ੍ਹਾਂ ਨੇ ਲਿਤਾੜੇ ਗਏ ਲੋਕਾਂ ਦੀ ਗੱਲ ਕੀਤੀ, ਗਦਰੀਆਂ ਦੇ ਧਰਮ-ਨਿਰਪੱਖਤਾ ਵਾਲੇ ਵਿਚਾਰਾਂ ਬਾਰੇ ਦੱਸਿਆ। ਭਗਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਜਿਸ ਨੇ ਜ਼ਿੰਦਗੀ ਵਿੱਚ ਸਿਰਫ਼ ਇੱਕ ਵਾਰ ਗੋਲੀ ਚਲਾਈ, ਉਸ ਨੂੰ ਅੱਜਕਲ੍ਹ ਦੇ ਗੀਤਾਂ ਵਿੱਚ ਕਿਵੇਂ ਖਾੜਕੂ ਵਿਚਾਰਧਾਰਾ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਭਗਤ ਸਿੰਘ ਦੀ ਅਸਲੀ ਪਛਾਣ ਉਸਦੀਆਂ ਲਿਖਤਾਂ ਹਨ।
ਡਾ:ਬਲਜਿੰਦਰ ਸੇਖੋਂ ਨੇ 21 ਜੂਨ ਨੂੰ ਬਰੈਮਲੀ ਲਾਇਬ੍ਰੇਰੀ ਦੇ ਥੀਏਟਰ ਵਿੱਚ ਗ਼ਦਰ ਪਾਰਟੀ ਦੀ ਯਾਦ ਵਿੱਚ ਹੋ ਰਹੇ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਨੂੰ ਤਰਕਸ਼ੀਲ ਸੁਸਾਇਟੀ ਅਤੇ ਇੰਡੋ-ਕਨੱਡੀਅਨ ਐਸੋਸੀਏਸ਼ਨ ਕਰਵਾ ਰਹੇ ਹਨ।
ਕਵਿਤਾ ਦੇ ਦੌਰ ਵਿੱਚ ਮਕਸੂਦ ਚੌਧਰੀ ਨੇ ਪਾਕਿਸਤਾਨ ਦੇ ਹਾਲਾਤ ਬਾਰੇ ਕਵਿਤਾ ਕਹੀ। ਸੰਪੂਰਨ ਸਿੰਘ ਚਾਨੀਆ ਨੇ ਦਿਲਚਸਪ ਅੰਦਾਜ਼ ਵਿੱਚ ਪੁਰਾਣੇ ਸਮੇਂ ਦੇ ਵਿਆਹ ਦੇ ਰਸਮੋ ਰਿਵਾਜ ਬਾਰੇ ਦੱਸਿਆ। ਗਿਆਨ ਸਿੰਘ ਘਈ ਦੀ ਕਵਿਤਾ ਤੋਂ ਬਾਅਦ ਹਰਮੋਹਨ ਛਿੱਬੜ ਨੇ ਕੁਝ ਚੁਟਕਲੇ ਸਾਂਝੇ ਕੀਤੇ। ਗੁਰਦਾਸ ਮਿਨਹਾਸ ਦੀ ਹਾਸ-ਰਸ ਕਵਿਤਾ ਤੋਂ ਬਾਅਦ ਗੁਰਬਚਨ ਚਿੰਤਕ ਨੇ ਵੀ ਆਪਣੀ ਕਵਿਤਾ ਸੁਣਾਈ। ਰਾਜਪਾਲ ਬੋਪਾਰਾਏ ਨੇ ਆਪਣੀ ਕਵਿਤਾ 'ਚ ਪੁੱਤ ਨੂੰ ਪਰਦੇਸ ਭੇਜਣ ਵਕਤ ਮਾਂ ਦੀ ਉਦਾਸੀ ਦੀ ਗੱਲ ਕੀਤੀ ਅਤੇ ਕੁਲਵਿੰਦਰ ਖਹਿਰਾ ਨੇ ਆਪਣੀ ਗਜ਼ਲ "ਕਿਸੇ ਦੀ ਸੋਚ ਨੀਵੀਂ"ਵਿੱਚ ਦੇਸ਼ ਦੇ ਲੋਕਾਂ ਦੀ ਗੱਲ ਕੀਤੀ ਅਤੇ ਅੰਤ ਵਿੱਚ ਇਕਬਾਲ ਬਰਾੜ ਨੇ ਸ਼ਿਵ ਬਟਾਲਵੀ ਦਾ ਗੀਤ ਸੁਰ ਲੈਅ 'ਚ ਸੁਣਾਇਆ।
ਵਰਿਆਮ ਸਿੰਘ ਸੰਧੂ ਨੇ ਪ੍ਰਧਾਨਗੀ ਭਾਸ਼ਣ ਵਿੱਚ ਚਿੰਤਕ ਦੀ ਕਿਤਾਬ ਅਤੇ ਅਮੋਲਕ ਸਿੰਘ ਬਾਰੇ ਗੱਲ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮੀਟਿੰਗ ਬਰਖ਼ਾਸਤ ਹੋਈ।
ਇਸ ਵਾਰ ਮੀਟਿੰਗ ਦੀ ਭਰਵੀਂ ਹਾਜ਼ਰੀ ਵਿੱਚ ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਬਲਰਾਜ ਚੀਮਾ, ਜਰਨੈਲ ਸਿੰਘ ਕਹਾਣੀਕਾਰ, ਸੁਦਾਗਰ ਬਰਾੜ, ਕੁਲਦੀਪ ਕੌਰ ਗਿੱਲ, ਰਵਿੰਦਰ ਕੰਬੋ, ਗੁਰਜਿੰਦਰ ਸੰਘੇੜਾ, ਗੁਰਦੇਵ ਸਿੰਘ ਮਾਨ, ਪੰਕਜ ਸ਼ਰਮਾ, ਹਰਭਜਨ ਕੌਰ ਗਿੱਲ, ਜਸਪਾਲ ਢਿੱਲੋਂ, ਅਮਰਜੀਤ ਮਿਨਹਾਸ, ਗੁਰਜਿੰਦਰ ਸੰਘੇੜਾ, ਮਨਮੋਹਣ ਗੁਲਾਟੀ, ਬਿਕਰਮਜੀਤ ਗਿੱਲ, ਕੁਲਵੰਤ ਸਿੰਘ ਕਮੋ, ਜਗਤਾਰ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਸਰੋਤੇ ਸ਼ਾਮਿਲ ਹੋਏ।
ਬ੍ਰਜਿੰਦਰ ਗੁਲਾਟੀ